ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਹੈ ‘ਨੂਰੀ’

ਐਸ਼ ਅਸ਼ੋਕ ਭੌਰਾ
ਫੋਨ: 510-415-3315
ਯਸ਼ ਚੋਪੜਾ ਨੇ 1979 ਵਿਚ ‘ਨੂਰੀ’ ਫਿਲਮ ਬਣਾ ਕੇ ਪੂਨਮ ਢਿੱਲੋਂ ਦੇ ਸਲਵਾਰ ਕਮੀਜ਼ ਤਾਂ ਇਕ ਤਜ਼ਰਬੇ ਵਜੋਂ ਪੁਆਈ ਸੀ ਪਰ ਸਲਵਾਰ ਕਮੀਜ਼ ਪਹਿਨਣਾ ਮਰਦਾਂ ਲਈ ਸ਼ੌਕ ਬਣ ਗਿਆ, ਬਸ਼ਰਤੇ ਕਿ ਧਾਰਮਿਕ ਨਜ਼ਰੀਏ ਨੂੰ ਛੱਡ ਲਈਏ। ਉਂਜ ਇਹ ਫਾਰਮੂਲਾ ਫਿਲਮ ਦੇ ਹਿੱਟ ਹੋਣ ਦਾ ਇਕ ਰਾਜ਼ ਬਣ ਗਿਆ ਸੀ। ਪਰ ਜਿਸ ਨੂਰੀ ਦੀ ਮੈਂ ਗੱਲ ਕਰਨ ਲੱਗਾ ਹਾਂ, ਹੈ ਤਾਂ ਉਹ ਵੀ ਫਿਲਮਾਂ ਵਾਲੀ ਨੂਰੀ ਪਰ ਇਸ ਨੂਰੀ ਦੇ ਨਾਂ ਨਾਲ ਅਮਰ ਵੀ ਲੱਗਾ ਹੋਇਆ ਹੈ। ਸੋ ਗੱਲ ਆਪਾਂ ਇਥੇ ਅਮਰ ਨੂਰੀ ਦੀ ਕਰਨ ਲੱਗੇ ਹਾਂ।

ਘੜੀ ਦੀਆਂ ਘੁੰਮਦੀਆਂ ਸੂਈਆਂ ਵਕਤ ਨਹੀਂ ਹੁੰਦਾ, ਵਕਤ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਕੀ ਹੁੰਦਾ ਹੈ ਜਦੋਂ ਰਾਤ ਸਿਰ ‘ਤੇ ਹੋਵੇ, ਹੜ੍ਹ ਨਾਲ ਰਸਤੇ ਬੰਦ ਹੋਣ ਤੇ ਬੰਦਾ ਮਰਦਾ ਜਾਂਦਾ ਹੋਵੇ, ਡਾਕਟਰ ਕੋਲ ਲੈ ਕੇ ਜਾਣ ਦਾ ਕੋਈ ਹੀਲਾ ਵਸੀਲਾ ਨਾ ਰਵੇ, ਉਦੋਂ ਲੱਗਦਾ ਹੈ ਕਿ ਗੁੱਟ ‘ਤੇ ਲੱਗੀ ਘੜੀ ਸੱਚੀਂ ਮੁੱਚੀਂ ਹੀ ਰੁਕ ਗਈ ਹੈ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਪੰਜਾਬੀ ਗਾਇਕੀ ਵਿਚ ਦੋ ਅਜਿਹੀਆਂ ਅਵਾਜ਼ਾਂ ਆਈਆਂ-ਸਰਦੂਲ ਸਿਕੰਦਰ ਅਤੇ ਅਮਰ ਨੂਰੀ, ਜੋ ਪਹਿਲਾਂ ਅਲੱਗ ਅਲੱਗ ਗਾਉਂਦੇ ਸਨ ਫਿਰ ਇਕੱਠੇ ਗਾਉਣ ਲੱਗ ਪਏ ਤੇ ਫਿਰ ਨਿਕਾਹ ‘ਚ ਵੀ ਬੱਝ ਗਏ।
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਇਕ ਤਾਂ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਸੀ ਤੇ ਦੂਜੇ ਨੂੰ ਆਪਣਾ ਗੁਰਦਾ ਆਪਣੇ ਸਿਰ ਦੇ ਸਾਈਂ ਨੂੰ ਬਚਾਉਣ ਲਈ ਕੁਰਬਾਨ ਕਰਨਾ ਪਿਆ। ਅਮਰ ਨੂਰੀ ਗਾਉਂਦੀ ਹੀ ਨਹੀਂ ਰਹੀ ਬਲਕਿ ਉਹਨੇ ਸੱਚ ਕਰਕੇ ਦਿਖਾਇਆ ਹੈ ਕਿ ‘ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।’ ਅਮਰ ਨੂਰੀ ਨਾਲ ਹਾਲ ਹੀ ਵਿਚ ਮੈਂ ਆਪਣੇ ਗੁੱਸੇ ਤੇ ਨਰਾਜ਼ਗੀ ਦਾ ਪ੍ਰਗਟਾਵਾ ਪਹਿਲਾਂ ਕਰਨ ਲੱਗਾ ਹਾਂ। ਇਹ ਹੋ ਅਸਲ ‘ਚ ਇਸ ਕਰਕੇ ਗਿਆ ਕਿ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਬਾਤ ਪਾਉਣ ਵਾਲਾ ਸੁੱਤਾ ਹੈ ਕਿ ਹੁੰਗਾਰਾ ਭਰਨ ਵਾਲਾ। ਸਤੰਬਰ ਮਹੀਨੇ ਟੋਰਾਂਟੋ ਗਿਆ, ਅਮਰ ਨੂਰੀ ਨੂੰ ਮਿਲਣ ਦੀ ਇੱਛਾ ਇਸ ਕਰਕੇ ਵੀ ਵੱਧ ਸੀ ਕਿ ਉਹ ਮੈਨੂੰ ਕਈ ਸਾਲਾਂ ਬਾਅਦ ਮਿਲੇਗੀ। ਇਸ ਕਰਕੇ ਵੀ ਕਿ ਉਹਦੇ ਦੋਵੇਂ ਪੁੱਤਰ ਵੀ ਨਾਲ ਨੇ, ਇਸ ਕਰਕੇ ਵੀ ਕਿ ਉਨ੍ਹਾਂ ਦਾ ਹੁਣ ਆਪਣਾ ਘਰ ਹੈ ਟੋਰਾਂਟੋ ‘ਚ। ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਮਿਲੀ ਸੀ ਤਾਂ ਦੋਵਾਂ ਨੇ ਬੜੇ ਚਾਅ ਨਾਲ ਦੱਸਿਆ ਸੀ ਕਿ ਅਸੀਂ ਹੁਣ ਪੱਕੇ ਕੈਨੇਡੀਅਨ ਹੋ ਗਏ ਹਾਂ। ਟੋਰਾਂਟੋ ਮੈਂ ਇਕ ਹਫਤਾ ਰਿਹਾ ਤਾਂ ਨੂਰੀ ਨੂੰ ਫੋਨ ਕੀਤਾ, ਕਹਿਣ ਲੱਗੀ, ‘ਮੈਂ ਕਿਸੇ ਵਿਆਹ ‘ਤੇ ਹਾਂ।’ ਮੈਂ ਕਿਹਾ, ‘ਅੱਜ ਬੁੱਧਵਾਰ ਹੈ, ਵਿਆਹ ਬੁੱਧਵਾਰ ਨੂੰ ਨਹੀਂ ਹੁੰਦੇ।’ ਉਹਨੇ ਗੱਲ ਬਦਲੀ, ‘ਅੱਜ ਮਾਈਆਂ ਹੈ।’ ਮੈਂ ਕਿਹਾ, ‘ਤੂੰ ਚਾਲੀ ਮੀਲ ‘ਤੇ ਹੀ ਹੈਂ, ਮੈਂ ਆ ਜਾਨਾਂ।’ ਉਹਨੇ ਫਿਰ ਬਹਾਨਾ ਲਾ ਦਿੱਤਾ, ‘ਨਹੀਂ ਮੈਂ ਕੱਲ ਫੋਨ ਕਰਾਂਗੀ।’ ਇਉਂ ਮੈਂ ਅੰਦਰੋ ਅੰਦਰੀ ਟੁੱਟ ਵੀ ਰਿਹਾ ਸੀ ਕਿ ਜਿਸ ਨੂਰੀ ਨਾਲ ਪਿਛਲੇ ਪੈਂਤੀ ਸਾਲਾਂ ਤੋਂ ਮੇਰੀ ਸਾਂਝ ਹੈ, ਸਰਦੂਲ ਤੇ ਨੂਰੀ ਦੇ ਮੈਂ ਦੁੱਖਾਂ ‘ਚ ਸ਼ਰੀਕ ਰਿਹਾ ਹਾਂ, ਉਹ ਮੈਨੂੰ ਮਿਲਣ ਤੋਂ ਪਾਸਾ ਕਿਉਂ ਵੱਟ ਰਹੀ ਹੈ?
ਕੁਝ ਮਹੀਨਿਆਂ ਪਿਛੋਂ ਪਤਾ ਲੱਗਾ ਕਿ ਉਹ ਆਪਣਾ ਘਰ ਬਾਰ ਵੇਚ ਕੇ ਆਪਣੇ ਦੋਵੇਂ ਪੁੱਤਰਾਂ- ਅਲਾਪ ਅਤੇ ਸਾਰੰਗ ਨੂੰ ਨਾਲ ਲੈ ਕੇ ਟੋਰਾਂਟੋ ਤੋਂ ਖੰਨੇ ਚਲੇ ਗਈ ਹੈ। ਮੈਂ ਇਹ ਵੀ ਦੁੱਖ ਨਾਲ ਹੀ ਕਹਾਂਗਾ ਕਿ ਹਾਲੇ ਕੁਝ ਦੇਰ ਪਹਿਲਾਂ ਤਾਂ ਮੈਨੂੰ ਕਹਿ ਰਹੀ ਸੀ ਕਿ ਅਸੀਂ ਪੀ ਆਰ ਮਿਲਣ ਦਾ ਟਾਈਮ ਪੂਰਾ ਕਰ ਰਹੇ ਹਾਂ। ਪਰ ਹੁਣ ਜਦੋਂ ਖੰਨੇ ਤੋਂ ਖਬਰ ਆਈ ਕਿ ਸਰਦੂਲ ਦੇ ਗੁਰਦੇ ਖਰਾਬ ਸਨ ਤੇ ਆਪਣੇ ਸੁਰੀਲੇ ਖਾਵੰਦ ਨੂੰ ਜ਼ਿੰਦਗੀ ਦੇਣ ਲਈ ਨੂਰੀ ਨੇ ਆਪਣਾ ਇਕ ਗੁਰਦਾ ਆਪਣੇ ਪਤੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਭੇਟ ਕਰ ਦਿੱਤਾ ਹੈ ਤਾਂ ਸਾਰੇ ਗੁੱਸੇ ਗਿਲੇ ਮੈਂ ਭੁੱਲ ਗਿਆ।
ਦੁੱਖ ਪੀਣ ਦੀ ਕਹਾਣੀ ਮੈਂ ਇਸ ਕਰਕੇ ਵੀ ਕੀਤੀ ਹੈ ਕਿ ਹਾਲ ਹੀ ਵਿਚ ਜਦੋਂ ਕੁਲਦੀਪ ਮਾਣਕ ਦੀ ਮਜ਼ਾਰ ‘ਤੇ ਲੱਗੇ ਮੇਲੇ ਵਿਚ ਮੇਰੀ ਪਤਨੀ ਕਸ਼ਮੀਰ ਕੌਰ ਤੇ ਬੇਟੇ ਮਨਵੀਰ ਨੂੰ ਸਰਦੂਲ ਮਿਲਿਆ ਤਾਂ ਉਹਨੇ ਆਪਣਾ ਦੁੱਖ ਦੱਸਣ ਦੀ ਥਾਂ ਦੋਹਾਂ ਨੂੰ ਪੁੱਛਿਆ, ‘ਸਾਡੇ ਅਸ਼ੋਕ ਦਾ ਕੀ ਹਾਲ ਹੈ, ਹੁਣ ਠੀਕ ਠਾਕ ਹੈ, ਪਿੱਛੇ ਜਿਹੇ ਸਿਹਤ ਖਰਾਬ ਰਹਿਣ ਲੱਗ ਪਈ ਸੀ?’ ਅਸਲ ਵਿਚ ਸਰਦੂਲ ਵਰਗੇ ਗਾਇਕ ਹੀ ਪੈਦਾ ਨਹੀਂ ਹੁੰਦੇ ਸਗੋਂ ਉਹ ਇਕ ਅਜਿਹਾ ਇਨਸਾਨ ਹੈ ਜੋ ਆਪ ਵੀ ਦੂਜਿਆਂ ਲਈ ਕੁਰਬਾਨ ਹੋਣ ਵਾਲਿਆਂ ਦੀ ਸੂਚੀ ‘ਚ ਸਭ ਤੋਂ ਮੂਹਰੇ ਰਿਹਾ ਹੈ, ਉਹ ਦੂਜਿਆਂ ਲਈ ਮਰ ਮਿਟਣ ਵਾਲਾ ਸ਼ਖਸ ਵੀ ਸਾਬਤ ਹੋਇਆ ਹੈ। ਸ਼ੂਗਰ ਦੀ ਬਿਮਾਰੀ ਨੇ ਉਹਦੇ ਗੁਰਦੇ ਖਾ ਲਏ ਨੇ ਤੇ ਇਕ ਮਹਾਨ ਕਲਾਕਾਰ ਉਸ ਪੌੜੀ ‘ਤੇ ਜ਼ਿੰਦਗੀ ਦਾ ਸਫਰ ਤੈਅ ਕਰਨ ਲੱਗ ਪਿਆ ਹੈ ਜਿਸ ਦੇ ਪੌਡੇ ਰੱਸੀਆਂ ਨਾਲ ਗੰਢ-ਤੁੱਪ ਕਰਕੇ ਬੰਨ੍ਹ ਦਿੱਤੇ ਗਏ ਨੇ। ਮੈਨੂੰ ਯਾਦ ਹੈ, ਸਰਦੂਲ ਦਾ ਵੱਡਾ ਭਰਾ ਭਰਪੂਰ ਅਲੀ ਅਤੇ ਮੈਂ ਕਦੇ ਕਦੇ ਖੰਨੇ ‘ਕੱਠੇ ਹੁੰਦੇ ਤਾਂ ਪਿਆਲਾ ਸਾਂਝਾ ਕਰ ਲੈਂਦੇ। ਉਨ੍ਹਾਂ ਦੇ ਵਿਆਹ ਪਿੱਛੋਂ ਇਕ ਵਾਰ ਗਲਾਸੀ ਖੜਕਾਉਣ ਲੱਗੇ ਤਾਂ ਨੂਰੀ ਨੇ ਸਰਦੂਲ ਨੂੰ ਕਿਹਾ, ‘ਵੇਖੋ, ਅਸ਼ੋਕ ਭਾਜੀ ਫਿਰ ਸ਼ਰਾਬ ਪੀ ਰਹੇ ਨੇ।’ ਸਰਦੂਲ ਖਫਾ ਹੋਇਆ ਆਇਆ, ਗਲਾਸੀ ਚੁੱਕੀ ‘ਤੇ ਆਪ ਕਦੇ ਵੀ ਮੂੰਹ ਨੂੰ ਨਾ ਲਾਉਣ ਵਾਲੇ ਇਨਸਾਨ ਨੇ ਇਹ ਕਹਿ ਕੇ ਡੋਲ ਦਿੱਤੀ ਕਿ ਸਾਨੂੰ ਤੇਰੀ ਬੜੀ ਲੋੜ ਹੈ। ਇਹ ਸ਼ਰਾਬ ਗੁਰਦੇ ਖਰਾਬ ਕਰ ਦਿੰਦੀ ਹੈ।’ ਇਹ ਰੱਬ ਦੀ ਰਜ਼ਾ ਹੀ ਹੈ ਕਿ ਜ਼ਿੰਦਗੀ ‘ਚ ਕਦੇ ਵੀ ਕਿਸੇ ਨਸ਼ੇ ਨੂੰ ਹੱਥ ਨਾ ਲਾਉਣ ਵਾਲੇ ਇਸ ਮਹਾਨ ਗਾਇਕ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਹਨ। ਦੋਵਾਂ ਦੀ ਜ਼ਿੰਦਗੀ ‘ਚ ਹੀ ਮੇਰੀ ਦਖਲ ਅੰਦਾਜ਼ੀ ਨਹੀਂ ਰਹੀ ਸਗੋਂ ਮੈਂ ਦਾਅਵੇ ਨਾਲ ਕਹਾਂਗਾ ਕਿ ਦੋਹਾਂ ਦਾ ਮੇਰੇ ਨਾਲ ਇੱਕੋ ਜਿਹਾ ਪਿਆਰ ਹੀ ਨਹੀਂ ਰਿਹਾ ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਸਾਵਾਂ ਤੁਲਵਾਂ ਰੱਖਣ ਲਈ ਮੈਂ ਕਈ ਥਾਂ ਚੰਗਾ ਰੋਲ ਵੀ ਨਿਭਾਉਂਦਾ ਰਿਹਾ ਹਾਂ। ਇਸ ਦੀ ਇਕ ਮਿਸਾਲ ਵੀ ਪੇਸ਼ ਕਰਾਂਗਾ। ਜਦੋਂ ਅਮਰ ਨੂਰੀ ਦੇ ਪਿਤਾ ਰੌਸ਼ਨ ਸਾਗਰ ਨੂੰ ਪਤਾ ਲੱਗਾ ਕਿ ਦੋਵੇਂ ਪਿਆਰ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਰੋਪੜ ਉਚੇ ਖੇੜੇ ਆਪਣੇ ਘਰ ਦੀ ਘਾਟੀ ਚੜ੍ਹਦਿਆਂ ਉਹ ਮੈਨੂੰ ਪੁੱਛਣ ਲੱਗਾ, ‘ਅਸ਼ੋਕ ਤੇਰਾ ਕੀ ਖਿਆਲ ਹੈ, ਮੈਨੂੰ ਨੂਰੀ ਦਾ ਵਿਆਹ ਸਰਦੂਲ ਨਾਲ ਕਰ ਦੇਣਾ ਚਾਹੀਦਾ ਹੈ?’ ਤੇ ਨਾਲ ਹੀ ਹੱਸ ਕੇ ਬੋਲਿਆ ‘ਗੱਲ ਤਾਂ ਤੂੰ ਸਰਦੂਲ ਦੇ ਪੱਖ ਦੀ ਹੀ ਕਰਨੀ ਹੈ।’ ਫੌਜੀਆਂ ਦੀ ਹਰਡਲ ਰੇਸ ਵਾਂਗ ਅੜਿੱਕਾ ਬਣਨ ਵਾਲਾ ਤੇ ਦਾਣੇ ਭੁੰਨ੍ਹਣ ਵਾਲੀ ਭੱਠੀ ਦੀ ਤਪਦੀ ਰੇਤ ਵਾਂਗ ਹੌਲੀ ਹੌਲੀ ਠੰਡਾ ਹੋਣ ਵਾਲਾ ਅਸੀਂ ਸਾਰਿਆਂ ਨੇ ਰਲ ਕੇ ਰੌਸ਼ਨ ਸਾਗਰ ਲੀਹੇ ਪਾ ਹੀ ਲਿਆ। ਮੈਂ ਉਸੇ ਰੌਸ਼ਨ ਸਾਗਰ ਦੀ ਗੱਲ ਕਰ ਰਿਹਾ ਹਾਂ ਜਿਹੜਾ ਨੂਰੀ ਦਾ ਪਿਓ ਹੀ ਨਹੀਂ ਸੀ ਸਗੋਂ ‘ਮੇਰਾ ਡੋਰੀਆ ਹਵਾ ਦੇ ਵਿਚ ਉਡ ਲੈਣ ਦੇ’ ਅਤੇ ‘ਗੋਰੇ ਰੰਗ ‘ਤੇ ਝਰੀਟਾਂ ਆਈਆਂ’ ਆਦਿ ਹਿੱਟ ਗੀਤਾਂ ਦਾ ਗਾਇਕ ਵੀ ਰਿਹਾ ਹੈ। ਹਰਭਜਨ ਟਾਣਕ ਦੀ ਪੁਸ਼ਪਾ ਨਾਲ ਉਹਨੇ ਗਾਇਆ ਹੈ ਤੇ ਕਿਤੇ ਕਿਤੇ ਗਾਇਕਾਵਾਂ ਨਾਲ਼ææ।
ਅਮਰ ਨੂਰੀ ਬਾਰੇ ਮੈਂ ਕੁਝ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਉਹਦਾ ਜਨਮ ਦਿਨ ਤੇਈ ਮਈ ਨੂੰ ਆਉਂਦਾ ਹੈ, ਉਹ ਕਿੰਨਿਆ ਸਾਲਾਂ ਦੀ ਹੋ ਗਈ ਹੈ ਇਹ ਮੈਨੂੰ ਨਹੀਂ ਪਤਾ, ਕਿੰਨੀ ਪੜ੍ਹੀ ਲਿਖੀ ਹੈ, ਇਹ ਵੀ ਨਹੀਂ ਪਤਾ। ਇਹ ਜ਼ਰੂਰ ਪਤੈ ਕਿ ਇਕ ਵਾਰ ਉਹਨੂੰ ਦਸਵੀਂ ਦਾ ਪ੍ਰਾਈਵੇਟ ਇਮਤਿਹਾਨ ਦਵਾਉਣ ਲਈ ਮੈਂ ਆਪਣੇ ਸਕੂਲ ਦੀਆਂ ਸੇਵਾਵਾਂ ਜ਼ਰੂਰ ਪੇਸ਼ ਕੀਤੀਆਂ ਸਨ, ਕਈ ਸਾਲ ਨੂਰੀ ਦਾ ਭਾਰ 48 ਕਿੱਲੋ ਤੋਂ ਨਹੀਂ ਵਧਿਆ, ਨੂਰੀ ਦੀ ਛੋਟੀ ਭੈਣ ਜ਼ਾਹਿਦਾ ਪ੍ਰਵੀਨ ਉਸ ਤੋਂ ਵੀ ਕਈ ਗੁਣਾ ਵੱਧ ਸੋਹਣੀ ਸੀ, ਨੂਰੀ ਦਾ ਵੱਡਾ ਭਰਾ ਕਰਮਦੀਨ ਭੇਟਾਂ ਗਾਉਂਦਾ ਹੈ, ਨੂਰ ਮੁਹੰਮਦ ਨਾਲ ਡਰੰਮ ਸੈਟ ਵਜਾਉਂਦਾ ਰਿਹਾ ਹੈ, ਛੋਟਾ ਤਾਰੀ ਕੋਰਸ ਬੋਲਦਾ ਰਿਹਾ ਹੈ ਤੇ ‘ਮੁਹੰਮਦਾਂ’ ਦੇ ਪਰਿਵਾਰ ਵਿਚ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਦਰਜਾ ਚਾਰ ਦੀ ਨੌਕਰੀ ਕਰਨ ਵਾਲੀ ਨੂਰੀ ਦੀ ਮਾਂ ਦਾ ਨਾਂ ਬਿਮਲਾ ਦੇਵੀ ਸੀ, ਦੇਵੀ ਕਿਉਂ ਸੀ? ਮੈਨੂੰ ਨਹੀਂ ਪਤਾ। ਜਿੱਦਣ ਦੀਦਾਰ ਸੰਧੂ ਨਾਲ ਨੂਰੀ ਦਾ ਸੈਟ ਬਣਿਆ ਤਾਂ ਪੰਜਾਬੀ ਗਾਇਕੀ ਵਿਚ ਵੱਡੀ ਹਲਚਲ ਹੋਈ। ‘ਫਾਟਕ ਕੋਟ ਕਪੂਰੇ ਦਾ’, ‘ਜ਼ਰਾ ਛੇਤੀਂ ਕੰਮ ਨਬੇੜ’, ‘ਜੈ ਵੱਡੀ ਦਾ ਦਾਰੂ ਪੀ ਕੇ’ ਆਦਿ ਅਨੇਕਾਂ ਅਜਿਹੇ ਰੋਮਾਂਟਿਕ ਗੀਤ ਸਨ ਜੋ ਦੀਦਾਰ ਤੇ ਨੂਰੀ ਦੀਆਂ ਪੰਜਾਬੀ ਦੋਗਾਣਾ ਸ਼ੈਲੀ ਦੀਆਂ ਅਮਰ ਰਚਨਾਵਾਂ ਕਹੀਆਂ ਜਾ ਸਕਦੀਆਂ ਹਨ। ਮਾਣੀ ਖੇੜੇ ਨੇੜੇ ਜਗਜੀਤ ਦੀ ‘ਗੱਭਰੂ ਪੰਜਾਬ ਦਾ’ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਸ਼ਮਸ਼ੇਰ ਤੇ ਮੈਂ ਵੀ ਹਾਜ਼ਰ ਸਾਂ। ਬੋਲੀਆਂ ਫਿਲਮਾਈਆਂ ਜਾ ਰਹੀਆਂ ਸਨ। ਨੂਰੀ ਤੇ ਦੀਦਾਰ ਉਤੇ ‘ਭਰਤਾ ਭਰਤਾ ਭਰਤਾ, ਹੱਸਦੀ ਨੇ ਦਿਲ ਮੰਗਿਆ ਅਸੀਂ ਕੱਢ ਕੇ ਤਲੀ ਦੇ ਉਤੇ ਧਰ’ਤਾ।’ ਉਦੋਂ ਅਦਾਕਾਰੀ ਪੱਖੋਂ ਵੀ ਨੂਰੀ ਦਾ ਨਾਮ ਚਰਚਿਤ ਹੋ ਗਿਆ ਸੀ। ਦੀਦਾਰ ਦੀ ਉਸ ਸਟੇਜ ‘ਤੇ ਕਹੀ ਗੱਲ ਮੈਨੂੰ ਕਦੇ ਨਹੀਂ ਭੁੱਲਦੀ, ਉਹ ਆਪਣੇ ਸੁਭਾਅ ਮੁਤਾਬਿਕ ਹੌਲੀ ਹੌਲੀ ਸਟੇਜ ਤੋਂ ਕਹਿਣ ਲੱਗਾ ‘ਜਿੱਦਣ ਹਵਾ ਤੇਜ਼ ਚੱਲਦੀ ਹੋਵੇ ਉਦਣ ਮੈਂ ਨਾਲ ਗਾਉਣ ਲਈ ਊਸ਼ਾ ਕਿਰਨ ਨੂੰ ਲੈ ਜਾਂਦਾ ਹਾਂ ਜਾਂ ਕੁਲਦੀਪ ਕੌਰ ਨੂੰ।’
ਢੋਲ ਵਜਾਉਣ ਵਾਲਾ ਪੁੱਛਣ ਲੱਗਾ, ‘ਉਹ ਕਿਉਂ?’ ਉਹ ਹੌਲੀ ਦੇਣੀ ਬੋਲਿਆ, ‘ਇਹ ਫੁੱਲਾਂ ਵਰਗੀ ਨੂਰੀ ਕਿਤੇ ਵਾਅ ਦੇ ਬੁੱਲ੍ਹੇ ‘ਚ ਉਡ ਗਈ ਤਾਂ ਨੇੜੇ ਤੇੜੇ ਥਿਆਉਣੀ ਵੀ ਨਹੀਂ।’ ਸਾਰੇ ਹੱਸ ਪਏ। ਅਸਲ ‘ਚ ਦੀਦਾਰ ਸੰਧੂ ਅਤੇ ਅਮਰ ਨੂਰੀ ਦੀ ਗਾਇਕੀ ਦਾ ਫਲਸਫਾ ਆਪਣੇ ਆਪ ਵਿਚ ਇਕ ਇਤਿਹਾਸ ਬਣਿਆ ਰਹੇਗਾ। ‘ਭਾਬੀ ਮੇਰੀ ਗੁੱਤ ਕਰ ਦੇ’, ‘ਗਿੱਧੇ ਵਿਚ ਮੈਂ ਨੱਚਦੀ ਮੇਰੇ ਖੇਤਾਂ ਵਿਚ ਨੱਚਦੀ ਬਹਾਰ’ ਅਤੇ ‘ਚੌਂਕ ਵਿਚ ਖੋਲ੍ਹੀ ਬੈਠਾ ਰੀਲ੍ਹਾਂ ਦੀ ਦੁਕਾਨ’ ਵਰਗੇ ਸਰਦੂਲ ਨਾਲ ਗਾਏ ਦੋਗਾਣੇ ਚੇਤਿਆਂ ਵਿਚੋਂ ਮਨਫੀ ਨਹੀਂ ਹੋਣਗੇ। ਨੂਰੀ ਦੀ ਆਪਣੀ ਥਾਂ ਹੈ ਅਤੇ ਗਾਇਕੀ ‘ਚ ਉਂਜ ਉਹਦੀ ਇਹ ਪਛਾਣ ਦੋ ਨੰਬਰ ‘ਤੇ ਰਹੇਗੀ ਕਿ ਉਹ ਸਰਦੂਲ ਸਿਕੰਦਰ ਦੀ ਪਤਨੀ ਹੈ। ਉਹ ਪਹਿਲਾਂ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਤੇ ਅਦਾਕਾਰਾ ਹੈ। ਨੂਰੀ ਤੇ ਸਰਦੂਲ ਦੇ ਵਿਆਹ ਦੀਆਂ ਧੁੰਮਾਂ ਬੜੀਆਂ ਪਈਆਂ, ਅਖਬਾਰਾਂ ਨੇ ਪਹਿਲੇ ਪੰਨਿਆਂ ‘ਤੇ ਫੋਟੋਆਂ ਲਾਈਆਂ, ਬਰਾਤ ਖੰਨੇ ਤੋਂ ਰੋਪੜ ਸਜ ਧਜ ਕੇ ਗਈ ਤੇ ‘ਚੰਡੀਗੜ੍ਹ ਰਹਿਣ ਵਾਲੀਏ’ ਮਾਸਟਰ ਹਰੀਦੇਵ ਨੂੰ ਉਸਤਾਦ ਕਹਿਣ ਵਾਲੀ ਅਮਰ ਨੂਰੀ ਉਸ ਦਿਨ ਚਰਨਜੀਤ ਆਹੂਜਾ ਨੂੰ ‘ਗੁਰੂ ਜੀ ਗੁਰੂ ਜੀ’ ਇਸ ਕਰਕੇ ਕਹਿ ਰਹੀ ਸੀ ਕਿ ਨਿਕਾਹ ਤਾਂ ਭਾਵੇਂ ਮੌਲਵੀ ਨੇ ਪੜ੍ਹਿਆ ਹੋਵੇ ਪਰ ਨਿਕਾਹ ਦਾ ਮਹੌਲ ਪੈਦਾ ਕਰਨ ਲਈ ਚਰਨਜੀਤ ਆਹੂਜਾ ਨੇ ਰਸਤਾ ਕਾਫੀ ਸਾਫ ਕਰ ਦਿੱਤਾ ਸੀ।
ਬਲਕਰਨ ਬੜਿੰਗ ਦੀ ‘ਉਡੀਕਾਂ ਸਾਉਣ ਦੀਆਂ’ ਫਿਲਮ ਦੀ ਸ਼ੂਟਿੰਗ ਫਰੀਦਕੋਟ ‘ਚ ਰਾਜੇਆਣਾ ਵਿਖੇ ਹੋ ਰਹੀ ਸੀ। ਜੂਨ ਮਹੀਨਾ, ਮੈਂ ਇਸ ਸ਼ੂਟਿੰਗ ‘ਤੇ ਕਈ ਦਿਨ ਰਿਹਾ। ਨੂਰੀ ਦਾ ਪਿਓ ਰੌਸ਼ਨ ਸਾਗਰ, ਨੂਰੀ ਤੇ ਮੈਂ ਇੱਕੋ ਤਖਤਪੋਸ਼ ਵਰਗੇ ਵੱਡੇ ਮੰਜੇ ‘ਤੇ ਸੌਂਦੇ ਰਹੇ। ਇਹ ਫਿਲਮ ਭਾਵੇਂ ਨਾ ਚੱਲੀ ਹੋਵੇ ਪਰ ਅਦਾਕਾਰੀ ਨੂਰੀ ਨੇ ਵਧੀਆ ਦਿਖਾਈ ਸੀ। ਕਈਆਂ ਨੂੰ ਉਹਦੀ ‘ਬਦਲਾ ਜੱਟੀ ਦਾ’ ਚੰਗੀ ਲੱਗਦੀ ਹੈ, ਕਈਆਂ ਨੂੰ ਉਹਦੀਆਂ ਹੋਰ ਫਿਲਮਾਂ। ਜਦੋਂ ਜਲੰਧਰ ਦੂਰਦਸ਼ਨ ‘ਤੇ ‘ਇਹੋ ਹਮਾਰਾ ਜੀਵਣਾ’ ਲੜੀਵਾਰ ਸੀਰੀਅਲ ਹਿੱਟ ਹੋਇਆ ਤਾਂ ਇਸ ਲੜੀਵਾਰ ਦੀ ਮੁੱਖ ਕਿਰਦਾਰ ਅਮਰ ਨੂਰੀ ਦਾ ‘ਭਾਨੋ’ ਵਾਲਾ ਰੋਲ ਉਹਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਪੰਜਾਬੀਆਂ ਦੇ ਚੇਤਿਆਂ ‘ਚ ਅਦਾਕਾਰ ਵਜੋਂ ਵੀ ਵਸ ਗਿਆ ਸੀ। ਕਿਹਾ ਜਾਣ ਲੱਗ ਪਿਆ ਸੀ, ‘ਕਰੇਲਾ ਤਾਂ ਨਿੰਮ ‘ਤੇ ਚੜ੍ਹਦਾ ਵੇਖਿਐ, ਪਰ ਦੁੱਧ ‘ਚ ਚਿੱਟਾ ਗੁਲਾਬ ਡਿੱਗਦਾ ਦੇਖ ਕੇ ਸੁਆਦ ਹੀ ਵੱਖਰਾ ਆ ਰਿਹਾ ਹੈ।’ ਉਨ੍ਹੀਂ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ‘ਚ ਦਲੀਪ ਕੌਰ ਟਿਵਾਣਾ ਮਿਲੀ, ਮੈਂ ਵਧਾਈ ਦਿੱਤੀ ਕਿ ਤੁਹਾਡੇ ਨਾਵਲ ਨੂੰ ਪੜ੍ਹ ਕੇ ਨਹੀਂ, ਲੋਕਾਂ ਨੇ ਜਲੰਧਰ ਦੂਰਦਰਸ਼ਨ ਤੋਂ ਵੇਖ ਕੇ ਨਾਵਲ ਦਾ ਸਮੁੱਚਾ ਬਿਰਤਾਂਤ ਆਪਣੇ ਅੰਦਰ ਵਸਾ ਲਿਆ ਹੈ। ਦਲੀਪ ਕੌਰ ਦੀ ਆਖੀ ਇਕ ਸਤਰ ਮੈਨੂੰ ਅੱਜ ਵੀ ਯਾਦ ਹੈ, ਉਹ ਕਹਿਣ ਲੱਗੀ ‘ਇਸ ਨਾਵਲ ਨੂੰ ਅਮਰ ਕਰਨ ਵਾਲੀ ਵੀ ਅਮਰ ਨੂਰੀ ਹੈ, ਫਿਲਮਾਂ ਤੋਂ ਵੀ ਵਧੀਆ ਕਿਰਦਾਰ ਅਮਰ ਨੂਰੀ ਨੇ ਇਸ ਨਾਟਕ ਵਿਚ ਕਰ ਦਿਖਾਇਆ ਹੈ, ਦਿਲਸਚਪ ਗੱਲ ਇਹ ਹੈ ਕਿ ਉਹ ਕਿਸੇ ਥਿਏਟਰ ਨਾਲ ਵੀ ਨਹੀਂ ਜੁੜੀ ਰਹੀ।’
ਗੱਲ ਸਹੀ ਹੈ ਕਿ ਅਮਰ ਨੂਰੀ ਸੁਨੱਖੀ ਵੀ ਸੀ, ਵਧੀਆ ਗਾਇਕਾ ਅਤੇ ਅਦਾਕਾਰਾ ਵੀ ਸੀ, ਸਰਦੂਲ ਨਾਲ ਵਿਆਹ ਹੋਣਾ ਦੋ ਮਹਾਨ ਸੁਰਾਂ ਨੂੰ ‘ਕੱਠੀ ਗੰਢ ਦੇਣ ਵਰਗਾ ਵੀ ਸੀ। ਹਾਲਾਂਕਿ ਉਹਦੇ ਸੁਭਾਅ ਕਰਕੇ ਕਈ ਵਾਰੀ ਸਰਦੂਲ ਦਾ ਪਰਿਵਾਰ ਉਪਰ ਥੱਲੇ ਵੀ ਹੁੰਦਾ ਰਿਹਾ ਹੈ।
1989 ‘ਚ ਮੇਰਾ ਜਦੋਂ ਵਿਆਹ ਹੋਇਆ, ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਸਨ, ਪਰਮਿੰਦਰ ਸੰਧੂ, ਅਮਰ ਨੂਰੀ ਤੇ ਮਨਜੀਤ ਰਾਹੀ ਨਾਲ ‘ਕੈਂਠੇ ਵਾਲਾ ਭਾਈ’ ਗਾਉਣ ਵਾਲੀ ਦਲਜੀਤ ਕੌਰ ਸਾਡੇ ਘਰ ਵਿਆਹ ਤੋਂ ਪਹਿਲਾਂ ਅਤੇ ਬਾਅਦ ਕਈ ਦਿਨ ‘ਕੱਠੀਆਂ ਰਹੀਆਂ। ਉਦੋਂ ਬਲਾਚੌਰ ਦਾ ਇਕ ਕਾਮਰੇਡ ਜੋ ਮੇਰਾ ਰਿਸ਼ਤਾ ਕਿਤੇ ਹੋਰ ਕਰਾਉਣਾ ਚਾਹੁੰਦਾ ਸੀ, ਮਖਸੂਸਪੁਰ ਮੇਰੇ ਸਹੁਰੀਂ ਜਾ ਕੇ ਕਹਿੰਦਾ ਰਿਹਾ, ‘ਤੁਸੀਂ ਫਸ ਗਏ, ਗਾਉਣ ਵਾਲੀਆਂ ‘ਚ ਰਹਿਣ ਵਾਲੇ ਨੇ ਤੁਹਾਡੀ ਕੁੜੀ ਕਿੱਥੇ ਵਸਾ ਲੈਣੀ ਆ?’ ਸੱਚ ਇਹ ਹੈ ਕਿ ਇਖਲਾਕੀ ਤੌਰ ‘ਤੇ ਪੰਜਾਬੀ ਗਾਇਕੀ ਵਿਚ ਜਿਹੜੀ ਮੇਰੀ ਸਾਂਝ ਅਤੇ ਥਾਂ ਬਣੀ ਹੋਈ ਹੈ, ਉਹ ਅਸਲ ਵਿਚ ਰਿਸ਼ਤਿਆਂ ਦੀ ਪਵਿੱਤਰਤਾ ਦੀ ਹੀ ਧੂਫ ਬੱਤੀ ਹੈ ਤੇ ਇਹ ਗੱਲ ਮੈਂ ਇੱਥੇ ਕਹਿਣ ਵਿਚ ਗੁਸਤਾਖੀ ਵੀ ਨਹੀ ਸਮਝਦਾ ਤੇ ਕੁਤਾਹੀ ਵੀ ਨਹੀਂ।
ਹੁਣ ਦਾ ਤਾਂ ਮੈਨੂੰ ਨਹੀਂ ਪਤਾ ਕਿ ਸਰਦੂਲ ਨੂੰ ਗੁਰਦਾ ਦੇਣ ਤੋਂ ਬਾਅਦ ਨੂਰੀ ਦੀ ਸੁੰਦਰਤਾ ਦਾ ਰੂਪ ਕੀ ਹੈ ਪਰ ਕੁਝ ਸਮਾਂ ਪਹਿਲਾਂ ਤੱਕ ਉਸ ਨੂੰ ਦੇਖਣ ਵਾਲੇ ਇਸ ਗੱਲ ਨੂੰ ਤਸਦੀਕ ਕਰ ਦਿੰਦੇ ਹਨ ਕਿ ਇਹ ਨੂਰੀ ਉਹ ਅਮਰ ਨੂਰੀ ਨਹੀਂ ਹੈ ਜਿਸ ਦੇ ਦੋਵੇਂ ਪੁੱਤਰ ਹੁਣ ਵਿਆਹੁਣ ਵਾਲੇ ਨੇ। ਅਸਲ ‘ਚ ਗਾਇਕੀ ਵਾਲੇ ਪਾਸਿਓਂ ਭਾਵੇਂ ਨੂਰੀ ਨੇ ਪੱਲਾ ਢਿੱਲਾ ਕਰ ਦਿੱਤਾ ਹੋਵੇ ਪਰ ਜੁਆਨੀ ਨੂੰ ਉਹਨੇ ਖਿੱਚ ਕੇ ਤੇ ਕੱਸ ਕੇ ਫੜਿਆ ਹੋਇਆ ਹੈ। ਪੰਜਾਬੀ ਗਾਇਕੀ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਜਦੋਂ ਮੁਹੰਮਦ ਸਦੀਕ ਦੀ ਚੜ੍ਹਾਈ ਸੀ ਤਾਂ ਬੜੀਆਂ ਅਫਵਾਹਾਂ ਫੈਲਦੀਆਂ ਰਹੀਆਂ ਕਿ ਉਹਦੇ ਸੱਜੇ ਹੱਥ ਦੀ ਪਹਿਲੀ ਉਂਗਲੀ ਕਿਸੇ ਨੇ ਵੱਢ’ਤੀ ਹੁਣ ਉਹ ਤੂੰਬੀ ਨਹੀਂ ਵਜਾ ਸਕੇਗਾ, ਇਵੇਂ ਈ ਜਦੋਂ ਨੂਰੀ ਦੀ ‘ਇਹੋ ਹਮਾਰਾ ਜੀਵਣਾ’ ਅਤੇ ‘ਭਾਬੀ ਮੇਰੀ ਗੁੱਤ ਕਰ ਦੇ’ ਨਾਲ ਚੜ੍ਹਾਈ ਹੋਈ ਤਾਂ ਪੰਜਾਬੀ ਗਾਇਕੀ ‘ਚ ਅੰਦਰਖਾਤੇ ਅਫਵਾਹਾਂ ਉਡਦੀਆਂ ਰਹੀਆਂ, ‘ਨੂਰੀ ਤਾਂ ਬਿਮਾਰ ਰਹਿੰਦੀ ਹੈ, ਇਹਨੂੰ ਤਾਂ ਬਹੁਤ ਖਤਰਨਾਕ ਬਿਮਾਰੀ ਹੈ’ ਤੇ ਜਦੋਂ ਸਰਦੂਲ ਨਾਲ ਵਿਆਹ ਦੀ ਚਰਚਾ ਚੱਲਣ ਲੱਗ ਪਈ ਤਾਂ ਕਈ ਨੇੜਿਓਂ ਜਾਣਨ ਵਾਲੇ ਵੀ ਕਹਿਣ ਲੱਗ ਪਏ ਸਨ, ‘ਸਰਦੂਲ ਨੇ ਕਿੱਥੇ ਵਿਆਹ ਕਰਵਾਉਣਾ, ਨੂਰੀ ਤਾਂ ਢਿੱਲੀ ਮੱਠੀ ਰਹਿੰਦੀ ਐ।’ ਤੇ ਸਰਦੂਲ ਦੇ ਭਰਾ ਵੀ ਕਹਿ ਦਿੰਦੇ ਸਨ ਕਿ ਨੂਰੀ ਤੰਦਰੁਸਤ ਨਹੀਂ ਹੈ ਜਦੋਂਕਿ ਅਜਿਹਾ ਕੁਝ ਵੀ ਨਹੀਂ ਸੀ। ਜਿਸ ਦਿਨ ਸਰਦੂਲ ਦਾ ਗੁਰਦਾ ਬਦਲਣ ਦੀ ਖਬਰ ਆਈ, ਤਦ ਮੈਂ ਉਸ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਫੋਨ ਕੀਤਾ। ਜਜ਼ਬਾਤੀ ਹੋਇਆ ਸਰਦੂਲ ਦਾ ਵੱਡਾ ਭਰਾ ਭਰਪੂਰ ਅਲੀ ਜੋ ਆਪ ਵੀ ਬਾਈਪਾਸ ਸਰਜ਼ਰੀ ਤੋਂ ਬਾਅਦ ਜਿਊਂ ਰਿਹਾ ਹੈ, ਦਰਦ ਭਰੀ ਅਵਾਜ਼ ਵਿਚ ਬੋਲਿਆ ‘ਸਰਦੂਲ ਨੂੰ ਪਿਸ਼ਾਬ ਆ ਗਿਆ ਹੈ।’ ਇਹ ਗੱਲ ਉਸ ਨੇ ਇਓਂ ਦੱਸੀ ਜਿਵੇਂ ਕੋਈ ਆਖ ਰਿਹਾ ਹੋਵੇ ਕਿ ਜੰਮੂ ਕਸ਼ਮੀਰ ਵਿਚ ਸ਼ਾਂਤੀ ਹੋ ਗਈ ਹੈ। ਅਸਲ ਵਿਚ ਉਹ ਕਹਿਣਾ ਚਾਹੁੰਦਾ ਸੀ ਕਿ ਸਰਦੂਲ ਅੰਦਰ ਫਿੱਟ ਕੀਤਾ ਗੁਰਦਾ ਕੰਮ ਕਰਨ ਲੱਗ ਪਿਆ ਹੈ। ਪਰਿਵਾਰਕ ਉਲਝਣਾਂ ਕਰਕੇ ਸ਼ਾਇਦ ਉਦੋਂ ਤੱਕ ਭਰਪੂਰ ਨੂੰ ਨਹੀਂ ਪਤਾ ਸੀ ਕਿ ਇਹ ਗੁਰਦਾ ਅਮਰ ਨੂਰੀ ਨੇ ਹੀ ਦਿੱਤਾ ਸੀ।
ਮੇਰੇ ਦੇਖਦਿਆਂ ਦੇਖਦਿਆਂ ਸਰਦੂਲ ਤੇ ਨੂਰੀ ਲਲਹੇੜੀ ਰੋਡ ‘ਤੇ ਖੰਨੇ ਫਾਟਕ ਕੋਲ ਰਹਿੰਦੇ ਰਹੇ, ਪਹਿਲਾਂ ਕਿਰਾਏ ‘ਤੇ ਫਿਰ ਘਰ ਖਰੀਦ ਲਿਆ। ਹੁਣ ਕੁਝ ਏਕੜਾਂ ‘ਚ ਜਿਹੜਾ ਉਨ੍ਹਾਂ ਨੇ ਵੱਡਾ ਘਰ ਬਣਾਇਆ ਹੈ, ਉਥੇ ਮਲੇਸ਼ੀਆ ਤੋਂ ਲਿਆ ਕੇ ਲਗਾਏ ਬੂਟੇ ਦੱਸਦੇ ਹਨ ਕਿ ਉਨ੍ਹਾਂ (ਬੂਟਿਆਂ) ਦੀਆਂ ਉਮਰਾਂ ਕਾਫੀ ਲੰਬੀਆਂ ਹਨ। ਪਰ ਇਸ ਆਲੀਸ਼ਾਨ ਬੰਗਲੇ ‘ਚ ਵਸਣ ਵਾਲੀ ਇਸ ਜੋੜੀ ਲਈ ਦੁਆ ਕਰਾਂਗਾ ਕਿ ਇਨ੍ਹਾਂ ਦੀਆਂ ਉਮਰਾਂ ਸੱਚੀਂ ਮੁੱਚੀਂ ਹੀ ਲੋਕ ਗੀਤਾਂ ਜਿੱਡੀਆਂ ਲੰਮੀਆਂ ਹੋਣ ਕਿਉਂਕਿ ਕਈ ਵਾਰ ਜੇ ਕੁਦਰਤ ਮਿਹਰਬਾਨ ਹੋ ਜਾਵੇ ਤਾਂ ਹੜ੍ਹ ਦੀ ਮਾਰ ਤੋਂ ਬਾਅਦ ਵੀ ਫਸਲਾਂ ਭਾਰੀ ਝਾੜ ਦੇ ਜਾਂਦੀਆਂ ਹਨ।
ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਤੇ ਮੈਂ ਨੂਰੀ ਅਤੇ ਸਰਦੂਲ ਦੇ ਵਿਚਾਲੇ ਖੜ੍ਹ ਕੇ ਇਸ ਕਰਕੇ ਸੋਚਦਾ ਹਾਂ ਕਿ ਵਕਤ ਏਦਾਂ ਨਾ ਹੀ ਆਵੇ ਕਿਉਂਕਿ ਉਹ ਦੋਵੇਂ ਹੀ ਮੇਰੇ ਤੋਂ ਕਦੀ ਦੂਰ ਨਹੀਂ ਰਹੇ। ਉਨ੍ਹਾਂ ਦਾ ਦੁੱਖ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਤਾਪ ਹੁਣ ਉਨ੍ਹਾਂ ਨੂੰ ਚੜ੍ਹਿਆ ਹੈ ਤੇ ਹੂੰਗਾ ਮੈਨੂੰ ਲੱਗ ਰਿਹਾ ਹੈ।
ਅਮਰ ਨੂਰੀ ਸੱਚੀਂ ਮੁੱਚੀਂ ਹੀ ਨੂਰ ਹੈ ਅਤੇ ਪੰਜਾਬੀ ਗਾਇਕੀ ਦਾ ਇਹ ਨੂਰ ਅਤੇ ਅਦਾਕਾਰੀ ਦਾ ਚਮਕਦਾ ਸੂਰਜ ਹੋਰ ਵੀ ਮਘਦਾ ਰਹੇ। ਜਿਨ੍ਹਾਂ ਨੇ ਨੂਰੀ ਦੇ ਹੱਥ, ਪੈਰ ਅਤੇ ਚਿਹਰਾ ਨੇੜੇ ਤੋਂ ਤੱਕਿਆ ਹੈ, ਉਹ ਇਸ ਗੱਲ ਨੂੰ ਮੰਨ ਹੀ ਲੈਣਗੇ ਕਿ ਇਹ ਨੈਣ ਨਕਸ਼ ਤੇ ਬਣਤਰ ਰੱਬ ਨੇ ਉਦੋਂ ਬਣਾਈ ਹੋਵੇਗੀ ਜਦੋਂ ਉਹ ਕੋਈ ਹੋਰ ਕੰਮ ਨਹੀਂ ਕਰ ਰਿਹਾ ਹੋਵੇਗਾ।
ਯਸ਼ ਚੋਪੜਾ ਦੀ ਫਿਲਮ ‘ਚ ਨੂਰੀ ‘ਚ ਕਲਪਿਤ ਨੂਰੀ ਸੀ ਤੇ ਪੰਜਾਬੀ ਗਾਇਕੀ ਦੀ ਅਸਲ ਨੂਰੀ ਦੀ ਗੱਲ ਕਰਦਿਆਂ ਮੈਨੂੰ ਕਾਫੀ ਚੰਗਾ ਚੰਗਾ ਲੱਗ ਰਿਹਾ ਹੈ।