ਬਲਜੀਤ ਬਾਸੀ
ਤਖਾਣ ਟੈਕਨੀਕਲ ਨਾ ਹੋਵੇ ਤਾਂ ਹੋਰ ਜਟਕਾ ਹੋਵੇ, ਉਸ ਦਾ ਪੇਸ਼ਾ ਹੀ ਅਜਿਹਾ ਹੈ, ਆਪਣੇ ਕਰ ਕਮਲਾਂ ਤੇ ਪੂਜਨੀਕ ਸੰਦਾਂ ਨਾਲ ਲੱਕੜੀ ਨੂੰ ਸੁੰਦਰ, ਕਲਾਮਈ ਤੇ ਉਪਯੋਗੀ ਵਸਤਾਂ ਵਿਚ ਪਲਟਣਾ। ਹਮਾਤੜ ਤਾਂ ਆਰੀ ਚਲਾਉਣ ਲੱਗਾ ਆਪਣਾ ਅੰਗੂਠਾ ਹੀ ਵਢਾ ਬੈਠੇ। ਬਚਪਨ ਵਿਚ ਮੈਂ ਜਦ ਕਦੇ ਵਿਹਲਾ ਹੁੰਦਾ, ਆਪਣੀ ਪੱਤੀ ਦੇ ਤਖਾਣਾਂ ਦੇ ਕਰਖਾਨੇ ਚਲਾ ਜਾਂਦਾ। ਕਰਖਾਨੇ ਵਿਚ ਕੰਮ ਕਰਦਿਆਂ ਨੂੰ ਹਲ, ਸੰਦੂਕ, ਚਰਖੇ, ਦਾਤੀਆਂ-ਰੰਬਿਆਂ ਦੇ ਦਸਤੇ, ਪੀੜੀਆਂ, ਅਟੇਰਨ ਤੇ ਹੋਰ ਲੱਲੜ-ਪੱਲੜ ਬਣਾਉਂਦੇ ਦੇਖਦਾ, ਤੇ ਬੱਸ ਦੇਖਦਾ ਹੀ ਰਹਿ ਜਾਂਦਾ।
ਮੈਨੂੰ ਕੰਮ ਕਰਦੇ ਤਖਾਣਾਂ ਦੇ ਸਰੀਰ ਵਿਚੋਂ ਆਉਂਦੀ ਬੂਰੇ ਦੀ ਖੁਸ਼ਬੂ ਬਹੁਤ ਸੁਖਾਉਂਦੀ ਸੀ। ਮੇਰੇ ਧਿਆਨ ਵਿਚ ਆਇਆ ਕਿ ਉਹ ਆਰੀ, ਤੇਸਾ, ਕਮਾਨੀ ਜਾਂ ਰੰਦਾ ਚਲਾਉਂਦੇ ਲੱਕੜੀ ਵੱਲ ਹਮੇਸ਼ਾ ਟੇਢਾ-ਟੇਢਾ ਝਾਕਦੇ। ਹਰ ਕਲਾਕਾਰ ਆਪਣੀ ਵਸਤੂ ਵੱਲ ਟੇਢਾ ਹੀ ਝਾਕਦਾ ਹੈ, ਕਲਾ ਟੇਢੀ ਖੀਰ ਹੀ ਤਾਂ ਹੈ।
ਕਈ ਵਾਰੀ ਕਰਖਾਨੇ ਜਾਣ ਲਈ ਵੀ ਬਹਾਨੇ ਚਾਹੀਦੇ ਸਨ, ਗੁੱਲੀ ਘੜਾਉਣੀ, ਪੀੜ੍ਹੀ ਠੁਕਾਉਣੀ ਜਾਂ ਛੱਲੀਆਂ ਕਢਣ ਵੇਲੇ ਕਿੰਨੀਆਂ ਸਾਰੀਆਂ ਕੀਲੀਆਂ ਘੜਾਉਣੀਆਂ। ਮੈਂ ਹੈਰਾਨ ਵੀ ਹੁੰਦਾ ਕਿ ਕਿਵੇਂ ਇਹ ਲੋਕ ਸਭ ਕੁਝ ਮੁਫਤ ਵਿਚ ਹੀ ਕਰੀ ਜਾ ਰਹੇ ਹਨ। ਪਰ ਫਿਰ ਪਤਾ ਲੱਗਾ ਕਿ ਇਹ ਸੇਪੀ ‘ਤੇ ਕੰਮ ਕਰਦੇ ਹਨ ਅਰਥਾਤ ਆਪਣੇ ਜਜਮਾਨਾਂ ਤੋਂ ਸਾਲ ਛਿਮਾਹੀਂ ਬੱਝਵੇਂ ਦਾਣੇ ਲੈਂਦੇ ਹਨ। ਬਾਅਦ ‘ਚ ਪਤਾ ਲੱਗਾ ਕਿ ਸੇਪੀ ਸ਼ਬਦ ਸ਼ਿਲਪ ਦਾ ਹੀ ਵਿਗੜਿਆ ਰੂਪ ਹੈ। ਇਕ ਵਾਰੀ ਚੌਥੀ ਜਮਾਤ ਦੇ ਸਾਡੇ ਅਧਿਆਪਕ ਨੇ ਕੰਮ ਦਿੱਤਾ ਕਿ ਕਲ੍ਹ ਨੂੰ ਸਾਰੇ ਤਰਖਾਣ ਸੰਦਾਂ ਦੇ ਨਾਂ ਲਿਖ ਕੇ ਲਿਆਉ। ਆਪਾਂ ਨੂੰ ਤਾਂ ਕਰਖਾਨੇ ਜਾਣ ਦਾ ਬਹਾਨਾ ਚਾਹੀਦਾ ਸੀ। ਕਰਖਾਨੇ ਵਾਲਿਆਂ ਨੇ ਬੜੇ ਸ਼ੌਕ ਨਾਲ ਸਾਰੇ ਸੰਦਾਂ ਦੇ ਨਾਂ ਲਿਖਵਾਏ ਜੋ ਮੈਨੂੰ ਸਾਰੀ ਉਮਰ ਨਹੀਂ ਭੁਲ ਸਕਦੇ। ਮੈਨੂੰ ਸਭ ਤੋਂ ਦਿਲਚਸਪ ਸ਼ਬਦ ਲੱਗਾ ਸੀ ‘ਗਿਰਮਟ’। ਇਹ ਇੱਕ ਲੰਬੂਤਰਾ ਜਿਹਾ ਵਰਮਾ ਹੈ ਜਿਸ ਨੂੰ ਆਸੇ ਪਾਸੇ ਘੁਮਾ ਕੇ ਲੱਕੜੀ ਵਿਚ ਛੇਕ ਕੀਤਾ ਜਾਂਦਾ ਹੈ। ਵੱਡੇ ਹੋ ਕੇ ਪਤਾ ਲੱਗਾ ਕਿ ਇਹ ਅੰਗਰੇਜ਼ੀ ਸ਼ਬਦ ਘਮਿਲeਟ ਦਾ ਪੰਜਾਬੀ ਰੂਪ ਹੈ।
ਏਥੇ ਇਹ ਦੱਸਣਯੋਗ ਹੈ ਕਿ ਲਿਖਣ ਵਿਚ ਭਾਵੇਂ ਤਰਖਾਣ ਹੀ ਆਉਂਦਾ ਹੈ ਪਰ ਆਮ ਲੋਕ ਤਖਾਣ ਹੀ ਬੋਲਦੇ ਹਨ। ਸੱਚੀ ਗੱਲ ਇਹ ਹੈ ਕਿ ਅਸਲ ਸ਼ਬਦ ਆਮ ਲੋਕਾਂ ਵਾਲਾ ਤਖਾਣ ਹੀ ਹੈ। ḔਰḔ ਧੁਨੀ ਦੀ ਤਾਂ ਬਾਅਦ ਵਿਚ ਫਾਲਤੂ ਘੁਸਪੈਠ ਹੋਈ ਹੈ। ਇਸ ਘੁਸਪੈਠ ਬਾਰੇ ਕਦੇ ਫਿਰ ਲਿਖਾਂਗਾ। ਇਸ ਸ਼ਬਦ ਦਾ ਇਕ ਰੂਪ ਦਖਾਣ ਵੀ ਹੈ। ਪੰਜਾਬੀ ਤੋਂ ਬਿਨਾ ਕੁਝ ਹੋਰ ਭਾਸ਼ਾਵਾਂ ਵਿਚ ਵੀ ਇਹ ਸ਼ਬਦ ḔਦḔ ਧੁਨੀ ਨਾਲ ਬੋਲਿਆ ਜਾਂਦਾ ਹੈ।
ਤਖਾਣ ਸ਼ਬਦ ਭਾਵੇਂ ਅੱਜ ਕਲ੍ਹ ਕਿਸੇ ਵੀ ਲੱਕੜੀ ਦਾ ਸ਼ਿਲਪੀ ਕੰਮ ਕਰਨ ਵਾਲੇ ਵਿਅਕਤੀ ਦਾ ਬੋਧਕ ਹੈ ਪਰ ਰਵਾਇਤੀ ਤੌਰ ‘ਤੇ ਸਾਡੇ ਜਾਤੀਗਤ ਸਮਾਜ ਵਿਚ ਕੋਈ ਵੀ ਕਿੱਤਾ ਕਿਸੇ ਜਾਤੀ ਨਾਲ ਸਬੰਧ ਰਖਦਾ ਹੈ। ਇਸ ਲਈ ਤਖਾਣ ਇਕ ਜਾਤੀ ਵੀ ਹੈ ਜਿਸ ਦਾ ਜਮਾਂਦਰੂ ਕਿੱਤਾ ਲੱਕੜੀ ਦਾ ਕੰਮ ਹੈ। ਪੀੜ੍ਹੀ ਦਰ ਪੀੜ੍ਹੀ ਲੱਕੜੀ ਦਾ ਹੀ ਕੰਮ ਕਰਦੇ ਇਹ ਲੋਕ ਜਨਮ ਤੋਂ ਹੀ ਟੈਕਨੀਕਲ ਹੋ ਜਾਂਦੇ ਹਨ। ਸਾਡੇ ਜਾਤੀਗਤ ਸਮਾਜ ਵਿਚ ਹਰ ਜਾਤੀ ਲਈ ਤ੍ਰਿਸਕਾਰਮਈ ਸ਼ਬਦ ਵੀ ਚਲਦੇ ਹਨ। ਪਿੰਡਾਂ ਵਿਚ ਤਖਾਣਾਂ ਨੂੰ ਹੋਰ ਜਾਤੀ ਦੇ ਲੋਕ ਤਖਾਣਵਾਧਾ ਜਾਂ ਗੁੱਲੀ-ਘਾੜੇ ਵੀ ਆਖਦੇ ਹਨ। ਅਜਿਹੇ ਸ਼ਬਦ ਵਰਤ ਕੇ ਹਰ ਜਾਤੀ ਆਪਣੀ ਹਉਮੈ ਨੂੰ ਹੀ ਪੱਠੇ ਪਾਉਂਦੀ ਹੈ। ਉਂਜ ਹੈਰਾਨੀ ਵਾਲੀ ਗੱਲ ਹੈ ਕਿ ਜੋ ਤਖਾਣ ਅਖੌਤੀ ਉਚ ਜਾਤੀ ਲੋਕਾਂ ਲਈ ਉਨ੍ਹਾਂ ਦੀ ਰੋਜ਼ੀ ਰੋਟੀ ਨਾਲ ਸਬੰਧਤ ਅਤੇ ਘਰੇਲੂ ਵਰਤੋਂ ਵਿਚ ਆਉਂਦੀਆਂ ਵੱਡੀਆਂ ਤੋਂ ਵੱਡੀਆਂ ਵਸਤਾਂ ਜਿਵੇਂ ਸੰਦੂਕ, ਗੱਡਾ, ਤਖਤਪੋਸ਼ ਆਦਿ ਦਾ ਨਿਰਮਾਤਾ ਹੈ, ਉਸ ਨੂੰ ਉਨ੍ਹਾਂ ਦੀਆਂ ਨਜ਼ਰਾਂ ਵਿਚ ਸਿਰਫ ਗੁੱਲੀ-ਘਾੜੇ ‘ਤੇ ਹੀ ਘਟਾ ਦਿੱਤਾ ਗਿਆ ਹੈ। ‘ਕੋਠਾ ਉਸਰਿਆ, ਤਖਾਣ ਵਿਸਰਿਆ’ ਕਹਾਵਤ ਤੋਂ ਵੀ ਉਚ ਜਾਤੀ ਦੇ ਲੋਕਾਂ ਵਲੋਂ ਤਖਾਣਾਂ ਪ੍ਰਤੀ ਗੈਰ-ਲਿਹਾਜੀ ਵਤੀਰੇ ਦੀ ਟੋਹ ਮਿਲਦੀ ਹੈ।
ਇਹ ਵੀ ਧਿਆਨਯੋਗ ਹੈ ਕਿ ਦੋ ਪਿੰਡਾਂ ਦੇ ਨਾਂਵਾਂ ਅਰਥਾਤ ਤਖਾਣਮਾਜਰਾ ਅਤੇ ਤਖਾਣਮਜਾਰਾ ਵਿਚ ਤਖਾਣ ਸ਼ਬਦ ਝਲਕਦਾ ਹੈ। ਸੰਭਵ ਹੈ ਇਹ ਪਿੰਡ ਤਖਾਣਾਂ ਨੇ ਹੀ ਵਸਾਏ ਹੋਣ ਜਾਂ ਏਥੇ ਪਹਿਲੇ ਪਹਿਲ ਤਖਾਣ ਖੇਤੀ ਕਰਨ ਲੱਗੇ ਹੋਣ। ਖੈਰ, ਮੈਂ ਤਖਾਣ ਨੂੰ ਟੈਕਨੀਕਲ ਕਿਉਂ ਕਹਿੰਦਾ ਹਾਂ, ਇਸ ਦੀ ਖਾਸ ‘ਨਿਰੁਕਤਕਾਰੀ’ ਵਜ੍ਹਾ ਹੋਰ ਹੈ ਜੋ ਅੱਗੇ ਜਾ ਕੇ ਸਮਝ ਵਿਚ ਆ ਜਾਵੇਗੀ।
ਤਖਾਣ ਸ਼ਬਦ ਸੰਸਕ੍ਰਿਤ ਦੇ Ḕਤਕਸ਼Ḕ ਤੋਂ ਬਣਿਆ ਹੈ ਜਿਸ ਦਾ ਅਰਥ ਕੱਟ-ਵੱਢ ਕਰ ਕੇ ਬਣਾਉਣਾ ਹੈ। ਇਸ ਕੱਟ-ਵੱਢ ਦੀ ਕਿਰਿਆ ਵਿਚ ਰੰਦਣਾ, ਸੱਕ ਲਾਹੁਣਾ, ਖਰੋਚਣਾ, ਬਣਾਉਣਾ, ਸਿਰਜਣਾ, ਘੜਨਾ, ਤਰਾਸ਼ਣਾ ਆਦਿ ਸ਼ਮਲ ਹਨ। ਸੰਸਕ੍ਰਿਤ ਵਿਚ ਤਖਾਣ ਲਈ ਇਕ ਸ਼ਬਦ ਤਕਸ਼ਕ ਹੈ ਜਿਸ ਵਿਚ ਲੱਕੜਹਾਰੇ ਦੇ ਭਾਵ ਵੀ ਨਿਹਿਤ ਹਨ। ਸ਼ਿਲਪ ਦੇਵਤਾ ਵਿਸ਼ਵਕਰਮਾ ਦਾ ਇਕ ਨਾਮ ਤਕਸ਼ਕ ਵੀ ਹੈ ਤੇ ਤਕਸ਼ਕ ਇਕ ਨਾਗ ਦਾ ਨਾਂ ਵੀ ਹੈ ਜੋ ਪਤਾਲ ਵਿਚ ਰਹਿੰਦਾ ਹੈ। ਸੰਸਕ੍ਰਿਤ ਵਿਚ ਤਖਾਣ ਲਈ ਤਕਸ਼ਨ ਸ਼ਬਦ ਵੀ ਮੌਜੂਦ ਹੈ। ਪੰਜਾਬੀ ਤਖਾਣ ਇਸੇ ਤਕਸ਼ਨ ਦਾ ਵਿਉਤਪਤ ਰੂਪ ਹੈ। ਸੰਸਕ੍ਰਿਤ ਦੀ Ḕਕਸ਼Ḕ ਧੁਨੀ ਆਮ ਤੌਰ ‘ਤੇ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਆ ਕੇ ḔਖḔ ਜਾਂ ḔਛḔ ਵਿਚ ਬਦਲ ਜਾਦੀ ਹੈ, ਕੁਝ ਹਾਲਤਾਂ ਵਿਚ Ḕਸ਼Ḕ ਵਿਚ ਵੀ। ਮਿਸਾਲ ਵਜੋਂ ਪਕਸ਼ੀ ਸ਼ਬਦ ਪੰਜਾਬੀ ਵਿਚ ਪੰਖੀ ਜਾਂ ਪੰਛੀ ਹੈ। ਸੋ, ਤਕਸ਼ਨ ਦਾ ਪ੍ਰਾਕ੍ਰਿਤ ਰੂਪ ਤਖਾਣ ਹੈ ਤੇ ਸਿੰਧੀ ਤੇ ਪੰਜਾਬੀ ਤਰਖਾਣ ਅਤੇ ਤਖਾਣ। ਕਸ਼ ਪਿਛੋਂ ਦਾ ਲਘੂ ਸਵਰ ਪੰਜਾਬੀ ਵਿਚ ਆ ਕੇ ਲਮਕ ਗਿਆ ਹੈ ਅਰਥਾਤ ḔਆḔ ਬਣ ਗਿਆ ਹੈ। ਪਾਲੀ ਵਿਚ ਤਖਾਣ ਨੂੰ ਤਛਕ ਵੀ ਆਖਦੇ ਹਨ।
ਤਕਸ਼ ਤੋਂ ਹੋਰ ਵੀ ਕਈ ਸ਼ਬਦ ਬਣੇ ਹਨ। ਪੰਜਾਬੀ ਦਾ ਠੇਠ ਸ਼ਬਦ ਹੈ ਤੱਛਣਾ ਜਿਸ ਦਾ ਅਰਥ ਹੈ ਕੁਹਾੜੇ ਜਾਂ ਤੇਸੇ ਨਾਲ ਲੱਕੜੀ ਤੋਂ ਸੱਕ ਲਾਹੁਣਾ, ਛਿੱਲਣਾ ਜਾਂ ਲਾਖਣਿਕ ਤੌਰ ‘ਤੇ ਛਿੱਲ ਲਾਹੁਣਾ, ਬੁਰੀ ਤਰ੍ਹਾਂ ਵਲੂੰਧਰਨਾ। ਨਜਾਬਤ ਰਚਿਤ ‘ਨਾਦਰ ਸ਼ਾਹ ਦੀ ਵਾਰ’ ਵਿਚ ਇਸ ਸ਼ਬਦ ਦੀ ਵਰਤੋਂ ਦੇਖੋ:
ਧ੍ਰੱਗਾਂ ਦਿਆਂ ਧ੍ਰੈਵਾਣਾਂ, ਮਾਰੂ ਵੱਜਿਆ।
ਘੂਕਰ ਘੱਤੀ ਬਾਣਾਂ, ਰਣ ਵਿਚ ਆਣ ਕੇ।
ਹਥਿਆਰ ਵਡਾ ਜਰਵਾਣਾ, ਬੇਹੱਦ ਮਖੌਲੀਆ।
ਉਹ ਅਹਿਰਣ ਵਾਂਗ ਵਦਾਣਾਂ, ਸਿਰ ‘ਤੇ ਕੜਕਿਆ।
ਜਿਵੇਂ ਢਾਹੇ ਬਾਗ਼ ਤ੍ਰਖਾਣਾਂ, ਤੱਛਣ ਗੇਲੀਆਂ।
ਉਡ ਜਾਂਦੇ ਨੈਣ ਪਰਾਣਾਂ, ਮੁਣਸਾਂ ਘੋੜਿਆਂ।
ਤੱਛ ਨਾਲ ਮੁਛ ਲੱਗ ਕੇ ਬਣੇ ਤਛਾਮੁੱਛ ਸ਼ਬਦ-ਜੁੱਟ ਦਾ ਅਰਥ ਹੈ, ਕੱਟ ਕੇ ਕੀਤਾ ਟੁਕੜਾ, ਵੱਢ-ਟੁੱਕ, Ḕਤਛਾਮੁੱਛ ਤਰਵਾਰਨ ਕਰਕੇ।Ḕ ਅਸਲ ਵਿਚ ਭਾਵੇਂ ਤਕਸ਼ ਤੋਂ ਬਣੇ ਬਹੁਤੇ ਸ਼ਬਦਾਂ ਦਾ ਸਬੰਧ ਲੱਕੜੀ ਦੇ ਤਰਾਸ਼ਣ ਨਾਲ ਹੀ ਹੈ ਪਰ ਸ਼ਿਲਪਕਾਰੀ ਦੇ ਹੋਰ ਪ੍ਰਸੰਗਾਂ ਵਿਚ ਵੀ ਇਸ ਦੀ ਖੂਬ ਵਰਤੋਂ ਹੁੰਦੀ ਹੈ। ਪ੍ਰਾਚੀਨ ਕਾਲ ਵਿਚ ਲੱਕੜ ਦੀ ਬਹੁਤ ਮਹੱਤਤਾ ਹੁੰਦੀ ਸੀ। ਘਰਾਂ ਦੀਆਂ ਛੱਤਾਂ ਤੇ ਕੰਧਾਂ ਵੀ ਲੱਕੜੀ ਨਾਲ ਬਣਾਈਆਂ ਜਾਂਦੀਆਂ ਸਨ। ਤਕਸ਼ਕ ਦੇ ਨਾਂ ਨਾਲ ਜਾਣਿਆ ਜਾਂਦਾ ਵਿਸ਼ਵਕਰਮਾ ਕੇਵਲ ਤਰਖਾਣਾ-ਕੰਮ ਦਾ ਹੀ ਨਹੀਂ ਸਮੁੱਚੇ ਸ਼ਿਲਪ, ਦਸਤਕਾਰੀ, ਵਸਤੂਕਲਾ ਦਾ ਦੇਵਤਾ ਸੀ। ਸਭ ਤਰ੍ਹਾਂ ਦੇ ਸ਼ਿਲਪ ਵਿਚ ਤਰਾਸ਼ਣ ਦੀ ਕਿਰਿਆ ਪ੍ਰਮੁੱਖ ਹੈ। ਏਥੇ ਆ ਕੇ ਅਸੀਂ ਚਰਚਿਤ ਧਾਤੂ ਦੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਨਾਲ ਸਬੰਧ ਦੀ ਗੱਲ ਕਰਦੇ ਹਾਂ। ਭਾਸ਼ਾ ਮਾਹਰਾਂ ਨੇ ਇਕ ਭਾਰੋਪੀ ਮੂਲ ਕਲਪਿਆ ਹੈ ਠeਕਸ ਜਿਸ ਵਿਚ ਬੁਣਨ, ਘੜਨ, ਸੰਰਚਨ, ਨਿਰਮਾਣ ਆਦਿ ਦੇ ਭਾਵ ਹਨ। ਇਸ ਤੋਂ ਗਰੀਕ ਭਾਸ਼ਾ ਦੇ ਸੰਯੁਕਤਕਾਰੀ ਜੁਜ ਠeਕਹਨe ਬਣਿਆ ਜਿਸ ਵਿਚ ਕਲਾ, ਦਸਤਕਾਰੀ, ਕੌਸ਼ਲਤਾ, ਕਾਰੀਗਰੀ, ਸੁਘੜਤਾ ਦੇ ਭਾਵ ਹਨ। ਇਸ ਦੇ ਲਾਤੀਨੀ ਰੂਪ ਤੋਂ ਅੰਗਰੇਜ਼ੀ ਅਗੇਤਰ ਠeਚਹਨੋ ਬਣਿਆ। ਇਸ ਅਗੇਤਰ ਨਾਲ ਮਿਲ ਕੇ ਹੋਰ ਅਨੇਕਾਂ ਅੰਗਰੇਜ਼ੀ ਸ਼ਬਦ ਬਣੇ ਹਨ ਜਿਨ੍ਹਾਂ ਵਿਚੋਂ ਆਮ ਜਣਿਆ ਜਾਂਦਾ ਸ਼ਬਦ ਹੈ, ਟੈਕਨਾਲੋਜੀ। ਪੰਜਾਬੀ ਵਿਚ ਅਸੀਂ ਇਸ ਨੂੰ ਤਕਨਾਲੋਜੀ ਬਣਾ ਲਿਆ ਹੈ। ਕੁਝ ਹੋਰ ਬਣੇ ਸ਼ਬਦ ਗਿਣਾਉਂਦੇ ਹਾਂ, ਟੈਕਨੀਕ (ਤਕਨੀਕ), ਟੈਕਨੋਕਰੇਸੀ, ਟੈਕਨੋਕਰਿਟਿਕ, ਟੈਕਨੋਗੀਕ ਆਦਿ। ਮੇਰੇ ਸ਼ਹਿਰ ਡਿਟਰਾਇਟ (ਮਿਸ਼ੀਗਨ) ਵਿਚ ਟੈਕਨੋ ਨਾਂ ਦਾ ਇਕ ਇਲੈਕਰਾਨਿਕ ਡਾਂਸ ਮਿਊਜ਼ਿਕ ਵਿਕਸਿਤ ਹੋਇਆ ਹੈ। ਹੁਣ ਪਾਠਕ ਸਮਝ ਹੀ ਗਏ ਹੋਣਗੇ ਕਿ ਤਖਾਣ ਨੂੰ ਮੈਂ ਨਿਰੁਕਤਕ ਦ੍ਰਿਸ਼ਟੀ ਤੋਂ ਟੈਕਨੀਕਲ ਨਾਲ ਕਿਉਂ ਨਿਵਾਜਿਆ ਹੈ।
ਇਥੇ ਹੀ ਬੱਸ ਨਹੀਂ, ਭਾਰੋਪੀ ਮੂਲ ਠeਕਸ ਤੋਂ ਕੁਝ ਹੋਰ ਸ਼ਬਦ ਵੀ ਬਣੇ ਹਨ। ਲਾਤੀਨੀ ਅਤੇ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਇਕ ਸ਼ਬਦ ਆਇਆ ਠeਣਟੁਰe ਜਿਸ ਦਾ ਅਰਥ ਹੁੰਦਾ ਹੈ, ਬੁਣਤੀ, ਤਾਣਾ-ਬਾਣਾ, ਬਨਾਵਟ, ਢਾਂਚਾ, ਸੁਘੜਤਾ ਆਦਿ। ਇਹ ਸ਼ਬਦ ਠeਕਸ ਮੂਲ ਤੋਂ ਬਣੇ ਠeਣeਰe ਜਿਸ ਦਾ ਅਰਥ ਬੁਣਨਾ ਹੈ, ਤੋਂ ਵਿਉਤਪਤ ਹੋਇਆ। ਇਸੇ ਦਾ ਇਕ ਹੋਰ ਰੂਪ ਹੈ ਠeਣਟ ਜਿਸ ਵਿਚ ਮੁਢਲੇ ਭਾਵ ਹਨ, ਠੀਕ ਤਰ੍ਹਾਂ ਸੰਜੋਏ ਸ਼ਬਦ ਅਰਥਾਤ ਲੇਖਕ ਆਦਿ ਦਾ ਅੰਤਮ ਖਰੜਾ। ਅੱਜ ਮੋਬਾਇਲ ਫੋਨਾਂ ਦੇ ਜ਼ਮਾਨੇ ਵਿਚ ਟੈਕਸਟਿੰਗ ਦਾ ਅਰਥ ਹੋ ਗਿਆ ਹੈ, ਲਿਖਤੀ ਸੰਦੇਸ਼ ਦੇਣਾ। ਇਸੇ ਦੇ ਨਾਲ ਜੁੜਦਾ ਸ਼ਬਦ ਹੈ, ਠeਣਟਲਿe ਜਿਸ ਦਾ ਭਾਵ ਬੁਣਤੀ ਕਲਾ ਤੋਂ ਅੱਗੇ ਵਧਦਾ ਇਸ ਤੋਂ ਤਿਆਰ ਮਾਲ ਅਰਥਾਤ ਕਪੜੇ, ਵਸਤਰ ਵੀ ਹੋ ਗਿਆ ਹੈ। ਟੈਕਸਟ ਦੇ ਅੱਗੇ ਛੋ ਅਗੇਤਰ ਲੱਗ ਕੇ ਸ਼ਬਦ ਬਣਿਆ ਛੋਨਟeਣਟ ਜਿਸ ਵਿਚ ਪ੍ਰਸੰਗ, ਸੰਦਰਭ ਆਦਿ ਦੇ ਭਾਵ ਹਨ।
ਇਸੇ ਭਾਰੋਪੀ ਮੂਲ ਤੋਂ ਗਰੀਕ ਸ਼ਬਦ ਠeਕਟੋਨ (ਤਰਖਾਣ), ਕਰੋਸ਼ੀਅਨ ਤਸਕ (ਤਰਖਾਣ), ਓਲਡ ਚਰਚ ਸਲੈਵਾਨਿਕ ਤੇਸਲਾ (ਕੁਹਾੜਾ), ਲਿਥੂਏਨੀਅਨ ਤਸਾਉ (ਘੜਨਾ, ਤਰਾਸ਼ਣਾ, ਖੁਣਨਾ, ਨੱਕਾਸ਼ੀ ਕਰਨਾ) ਬਣੇ ਹਨ। ਹੋਰ ਭਾਸ਼ਾਵਾਂ ਵਿਚ ਇਸ ਤੋਂ ਨਿਰਮਿਤ ਸ਼ਬਦਾਂ ਦੇ ਅਰਥ ਰਾਜ, ਇਮਾਰਤਸਾਜ਼ ਆਦਿ ਵੀ ਹਨ। ਇਸੇ ਤੋਂ ਅਵੇਸਤਾ ਦਾ ਸ਼ਬਦ ਬਣਿਆ ਤਸ਼ਾ (ਕੁਹਾੜਾ), ਇਹ ਫਾਰਸੀ ਵਿਚ ਆ ਕੇ ਤੇਸ਼ਾ ਤੇ ਪੰਜਾਬੀ ਵਿਚ ਤੇਸਾ ਬਣ ਗਿਆ। ਫੱਟਾ ਜਾਂ ਬੂਹਾ ਦੇ ਅਰਥਾਂ ਵਾਲਾ ਤਖਤਾ ਸ਼ਬਦ ਤਕਸ਼ ਦਾ ਹੀ ਫਾਰਸੀ ਸੁਜਾਤੀ ਹੈ ਜਿਸ ਦਾ ਸਿਧਾ ਅਰਥ ਹੈ, ਤਰਾਸ਼ਿਆ। ਤਖਤਾ ਛਿਲਿਆ ਤਰਾਸ਼ਿਆ ਫੱਟਾ ਹੀ ਤਾਂ ਹੈ। ਤਖਤ ਯਾਨਿ ਚੌਕੀ ਜਾਂ ਰਾਜ ਸਿੰਘਾਸਨ ਵੀ ਤਖਸ਼ ਦਾ ਸੁਜਾਤੀ ਹੈ। ਫੱਟੀ ਨੂੰ ਤਖਤੀ ਆਖਦੇ ਹਨ। ਬਲੈਕ ਬੋਰਡ ਨੂੰ ਉਰਦੂ ਵਿਚ ਤਖਤਾ ਸਿਆਹ ਕਹਿੰਦੇ ਹਨ। ਤਖਤ ਮੁਢਲੇ ਤੌਰ ‘ਤੇ ਇਕ ਫੱਟਾ ਹੀ ਹੈ ਜੋ ਕੱਟ ਤਰਾਸ਼ ਕੇ ਬਣਾਇਆ ਜਾਦਾ ਹੈ। ਜ਼ੈਂਦ ਵਿਚ ਇਸ ਦਾ ਰੂਪ ‘ਥਵਾਕਸ਼ਤ’ ਮਿਲਦਾ ਹੈ। ਇਸੇ ਤੋਂ ਅੱਗੇ ਤਖਤੇ-ਤਊਸ ਬਣਿਆ ਜਿਸ ਦਾ ਅਰਥ ਹੈ, ਮੋਰ ਦੀ ਸ਼ਕਲ ਦਾ ਤਖਤ। ਤਖਤੇ ਜਿੱਡੀਆ ਲੰਮੀਆਂ ਤੇ ਇਕੋ ਤੁਕਾਂਤ ਵਾਲੀਆਂ ਅਨੇਕਾਂ ਤੁਕਾਂ ਵਾਲੀ ਕਵਿਤਾ ਲਿਖਣ ਵਾਲੇ ਪੰਜਾਬੀ ਕਵੀ ਦਾ ਨਾਂ ਸੀ, ਤਖਤ ਸਿੰਘ। ਤਖਤ ਦਾ ਅਰਥ ਵੱਡਾ, ਜੇਠਾ ਵੀ ਹੁੰਦਾ ਹੈ। ਸਿੱਖਾਂ ਦੇ ਤਖਤਾਂ ਦਾ ਅਰਥ ਹੈ, ਗੁਰੂ ਸਾਹਿਬਾਨ ਦੇ ਸਿੰਘਾਸਨ। ਅਕਾਲ ਤਖਤ ਸਮੇਤ ਇਨ੍ਹਾਂ ਦੀ ਗਿਣਤੀ ਪੰਜ ਹੈ। ਜਿਲਾ ਸ਼ਾਹਪੁਰ ਵਿਚ ਝਨਾਂ ਦਰਿਆ ਦੇ ਕੰਢੇ ਇੱਕ ਛੋਟਾ ਜਿਹਾ ਨਗਰ ਹੈ, ਤਖਤ ਹਜ਼ਾਰਾ, ਜੋ ਹੀਰ ਦੇ ਪ੍ਰੇਮੀ ਰਾਂਝੇ ਦਾ ਨਿਵਾਸ ਅਸਥਾਨ ਸੀ। ਤਖਤਿਆਂ ਨਾਲ ਢਕੀ ਹੋਈ ਵੱਡੀ ਚੌਕੀ ਨੂੰ ਤਖਤਪੋਸ਼ ਆਖਦੇ ਹਨ। ਇਸ ਉਤੇ ਵੱਡੇ ਲੋਕ ਬੈਠਦੇ ਸਨ। ‘ਤਖਤ ਜਾਂ ਤਖਤਾ’ ਮੁਹਾਵਰੇ ਦਾ ਅਰਥ ਹੈ, ਜਾਂ ਸਭ ਕੁਝ ਜਾਂ ਕੁਝ ਵੀ ਨਹੀਂ।