ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਭਾਈ ਗੁਰਦਾਸ ਦੇ ਹਵਾਲੇ ਨਾਲ ਰਿਗ ਵੇਦ ਨਾਲ ਨਿਆਏ ਸ਼ਾਸਤਰ ਦੇ ਸਬੰਧ ਬਾਰੇ ਚਰਚਾ ਕੀਤੀ ਗਈ ਸੀ। ਦਸਵੀਂ ਪਉੜੀ ਵਿਚ ਭਾਈ ਗੁਰਦਾਸ ਨੇ ਦੱਸਿਆ ਹੈ ਕਿ ਯਜੁਰ ਵੇਦ ਦਾ ਮੰਥਨ ਕਰਕੇ ਜੈਮਿਨੀ ਰਿਖੀ ਨੇ ਮੀਮਾਂਸਾ ਦਰਸ਼ਨ ਤਿਆਰ ਕੀਤਾ ਸੀ। ਹਥਲੇ ਲੇਖ ਵਿਚ ਇਸੇ ਦੀ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਥੇ ਮੈਨੂੰ ਇਕ ਘਟਨਾ ਯਾਦ ਆ ਗਈ ਹੈ ਜੋ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗੀ। ਕਈ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਮੈਂ ‘ਪੰਜਾਬ ਟਾਈਮਜ਼’ ਵਿਚ ‘ਜਾਪੁ ਸਾਹਿਬ’ ਅਤੇ ‘ਅਕਾਲ ਉਸਤਤਿ’ ‘ਤੇ ਕੁੱਝ ਲੇਖ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਇਨ੍ਹਾਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਮਾਤਰ ਸੀ। ਸਿੱਖ ਧਰਮ ਦਾ ਮੁੱਖ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਇਹ ਸਾਡੇ ਲਈ ਆਖਰੀ ਪਰਮਾਣ ਵੀ ਹੈ। ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਹੋਰ ਰਚਨਾ ਨੂੰ ਪਰਖਣ ਲਈ ਕਿ ਉਹ ਸਿੱਖ ਸਿਧਾਂਤਾਂ ਦੇ ਅਨੁਕੂਲ ਹੈ ਜਾਂ ਨਹੀਂ ਸਾਡੇ ਕੋਲ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜੋ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਸਿਧਾਂਤਾਂ ਅਨੁਸਾਰ ਨਹੀਂ ਹੈ, ਉਹ ਪ੍ਰਵਾਨ ਕਰਨ ਯੋਗ ਨਹੀਂ ਹੈ, ਬੇਸ਼ੱਕ ਉਸ ਰਚਨਾ ਦੇ ਪਿੱਛੇ ਮਕਸਦ ਕੋਈ ਵੀ ਹੋਵੇ।
ਟੋਰਾਂਟੋ ਵਿਚ ਇੱਕ ਲੋਕ ਜਾਗ੍ਰਤੀ ਮੰਚ ਬਣਿਆ ਸੀ (ਭਾਵੇਂ ਉਸ ਮੰਚ ਦਾ ਹਾਲ ਵੀ ਉਹੋ ਜਿਹਾ ਹੀ ਹੋ ਗਿਆ ਜੋ ਆਮ ਤੌਰ ‘ਤੇ ਮੈਂਬਰਾਂ ਦੀ ਹਉਮੈ ਕਾਰਨ ਸਾਂਝੇ ਅਦਾਰਿਆਂ ਦਾ ਹੋਇਆ ਕਰਦਾ ਹੈ)। ਉਸ ਮੰਚ ਦੇ ਇੱਕ ਵੱਡੇ ਸੰਮੇਲਨ ਸਮੇਂ ਸ਼ ਸੁਰਜੀਤ ਸਿੰਘ ਝਬੇਲਵਾਲੀ ਨੇ ਕੁੱਝ ਗੁਰਮੁਖ ਬੰਦਿਆਂ ਨਾਲ ਮੇਰਾ ਤੁਆਰਫ ਕਰਾਇਆ। ਉਹ ਗੁਰਮੁਖ ਫਤਿਹ ਬੁਲਾਉਣ ਤੋਂ ਬਾਅਦ ਇੱਕ ਦਮ ਬੋਲੇ, ‘ਅਸੀਂ ਪੰਜਾਬ ਟਾਈਮਜ਼ ਪੜ੍ਹਦੇ ਹੁੰਦੇ ਹਾਂ। ਤੁਸੀਂ ਤਾਂ ਦਸਮ ਗ੍ਰੰਥ ਦੇ ਮੁਦੱਈ ਹੋ।’ ਇਹ ਘਟਨਾ ਮੈਂ ਇਸ ਲਈ ਸਾਂਝੀ ਕੀਤੀ ਹੈ, ਮਤਾਂ ਹੁਣ ਵੀ ਪਾਠਕਾਂ ਨੂੰ ਇਸ ਕਿਸਮ ਦਾ ਕੋਈ ਸ਼ੁਬ੍ਹਾ ਨਾ ਹੋ ਜਾਵੇ।
ਗੁਰੂ ਸਾਹਿਬਾਨ ਨੇ ਉਸਾਰੂ ਖੋਜ ਨੂੰ ਉਤਸ਼ਾਹਿਤ ਕੀਤਾ ਹੈ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ ਕਿ ਬਿਰਤੀ ਸੇਵਾ ਵਿਚ ਲਾ ਕੇ ਮਨ ਦੇ ਟਿਕਾਉ ਨਾਲ ਤੇਰੇ ਗੁਣ ਗਾਵਾਂ ਅਤੇ ਗੁਰੂ ਦੁਆਰਾ ਗਿਆਨ ਨੂੰ ਵਿਚਾਰਾਂ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਵਿਚਾਰਵਾਨ ਮਨੁੱਖ ਤਰ ਜਾਂਦਾ ਹੈ ਅਤੇ ਝਗੜਾਲੂ ਅਰਥਾਤ ਵਾਦ-ਵਿਵਾਦ ਵਿਚ ਪੈਣ ਵਾਲਾ ਨਾਸ ਹੁੰਦਾ ਹੈ; ਮੈਂ ਗੁਰੂ ਕਰਤਾਰ ਤੋਂ ਬਲਿਹਾਰੇ ਜਾਂਦਾ ਹਾਂ। ਅਸੀਂ ਨੀਚ, ਨੀਵੀਂ ਮਤ ਵਾਲੇ-ਬੇਸਮਝ, ਝੂਠੇ ਹਾਂ ਤੇ ਤੂੰ ਅਕਾਲ ਪੁਰਖ ਸ਼ਬਦ ਦੀ ਵੀਚਾਰ ਰਾਹੀਂ ਸਾਨੂੰ ਸਵਾਰਨ ਵਾਲਾ ਹੈਂ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਥੇ ਆਤਮ ਚੀਨਿਆ ਜਾਂਦਾ ਹੈ ਅਰਥਾਤ ਆਤਮਾ ਨੂੰ ਸਮਝਿਆ ਜਾਂਦਾ ਹੈ, ਉਥੇ ਹੇ ਤਾਰਣਯੋਗ ਅਕਾਲ ਪੁਰਖ! ਤੂੰ ਹਾਜ਼ਰ ਹੁੰਦਾ ਹੈਂ:
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨ ਬੀਚਾਰਾ॥
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥
ਹਮ ਨੀਚ ਹੋਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ॥
ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ॥੩॥ (ਪੰਨਾ ੧੨੫੫)
ਕਈਆਂ ਅਨੁਸਾਰ ਵੇਦ ਗਿਣਤੀ ਵਿਚ ਤਿੰਨ ਹੀ ਹਨ: ਰਿਗ ਵੇਦ, ਸਾਮ ਵੇਦ ਤੇ ਯਜੁਰ ਵੇਦ। ਉਨ੍ਹਾਂ ਅਨੁਸਾਰ ਅਥਰਵ ਵੇਦ ਨੂੰ ਯਜੁਰ ਵੇਦ ਵਿਚ ਹੀ ਸ਼ਾਮਲ ਕਰ ਲੈਣਾ ਚਾਹੀਦਾ ਹੈ। ਆਮ ਤੌਰ ‘ਤੇ ਵੇਦਾਂ ਦੀ ਗਿਣਤੀ ਚਾਰ ਹੀ ਮੰਨੀ ਜਾਂਦੀ ਹੈ- ਰਿਗ ਵੇਦ, ਸਾਮ ਵੇਦ, ਯਜੁਰ ਵੇਦ ਅਤੇ ਅਥਰਵ ਵੇਦ। ਪਹਿਲੇ ਤਿੰਨ ਵੇਦ ਪਰਸਪਰ ਸਮਾਨ ਹਨ, ਨਾ ਕੇਵਲ ਆਪਣੇ ਨਾਮ, ਅਕ੍ਰਿਤੀ (ਸ਼ਕਲ) ਅਤੇ ਬੋਲੀ ਵਿਚ ਹੀ ਬਲਕਿ ਆਪਣੇ ਵਿਸ਼ੇ-ਵਸਤੂ ਕਾਰਨ ਵੀ। ਰਿਗ ਵੇਦ ਪ੍ਰਧਾਨ ਵੇਦ ਹੈ। ਇਸ ਵਿਚ ਉਨ੍ਹਾਂ ਦੈਵੀ ਗੀਤਾਂ ਦਾ ਸੰਗ੍ਰਿਹ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਰੀਆ ਲੋਕ ਆਪਣੀ ਮਾਤ-ਭੂਮੀ ਤੋਂ ਨਾਲ ਲੈ ਕੇ ਆਏ ਸਨ। ਪਰ ਕੁਝ ਵਿਦਵਾਨਾਂ ਅਨੁਸਾਰ ਜਦੋਂ ਆਰੀਆ ਲੋਕ ਭਾਰਤ ਵਿਚ ਆਏ ਤਾਂ ਉਨ੍ਹਾਂ ਨੂੰ ਇਥੇ ਕੁਦਰਤਿ ਦੇ ਖੁਲ੍ਹੇ ਨਜ਼ਾਰੇ ਮਾਣਨ ਨੂੰ ਮਿਲੇ ਅਤੇ ਇਸ ਤਰ੍ਹਾਂ ਆਪ ਮੁਹਾਰੇ ਕੁਦਰਤ ਦੇ ਸੰਪਰਕ ਵਿਚ ਆਉਣ ਤੇ ਵਿਸਮਾਦੀ ਅਸਰ ਹੇਠ ਉਨ੍ਹਾਂ ਨੇ ਰਿਗ ਵੇਦ ਦੇ ਮੰਤਰਾਂ ਦੀ ਰਚਨਾ ਕੀਤੀ। ਰਿਗ ਵੇਦ ਤੇ ਸਾਮ ਵੇਦ ਦੇ ਮੰਤਰਾਂ ਦਾ ਮੂਲ ਪਾਠ ਆਪਸ ਵਿਚ ਬਹੁਤ ਮਿਲਦਾ ਜੁਲਦਾ ਹੈ। ਸਾਮ ਵੇਦ ਕਰਮ-ਕਾਂਡ ਸਬੰਧੀ ਸੰਗ੍ਰਿਹ ਹੈ। ਇਸ ਵਿਚ ਰਿਗ ਵੇਦ ਦੇ ਬਹੁਤ ਸਾਰੇ ਸੂਕਤਾਂ ਦਾ ਦੁਹਰਾਉ ਹੈ। ਸਾਮ ਵੇਦ ਦੀ ਤਰ੍ਹਾਂ ਯਜੁਰ ਵੇਦ ਦਾ ਮਹੱਤਵ ਵੀ ਕਰਮ ਕਾਂਡ ਲਈ ਹੀ ਹੈ। ਕਰਮ ਕਾਂਡ ਸਬੰਧੀ ਧਰਮ ਦੀ ਮੰਗ ਨੂੰ ਪੂਰਾ ਕਰਨ ਲਈ ਹੀ ਇਸ ਵੇਦ ਦਾ ਸੰਗ੍ਰਿਹ ਕੀਤਾ ਗਿਆ।
ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਯਜੁਰਵੇਦ ਯਜ ਅਤੇ ਵਿਦ- ਦੋ ਧਾਤੂਆਂ ਤੋਂ ਬਣਿਆ ਹੈ, ਜਿਸ ਦਾ ਭਾਵ ਹੈ, ਬਲੀ ਜਾਂ ਪੂਜਣਾ ਅਤੇ ਜਾਣਨਾ, ਜੋ ਕਿ ਯੱਗ ਅਤੇ ਪੂਜਾ ਦਾ ਗਿਆਨ ਹੈ। ਇਹ ਵੇਦਾਂ ਵਿਚ ਦੂਸਰੇ ਨੰਬਰ ‘ਤੇ ਆਉਂਦਾ ਹੈ। ਇਸ ਵੇਦ ਵਿਚ ਬਹੁਤ ਕੁੱਝ ਉਹ ਹੈ ਜਿਸ ਦਾ ਅਰੰਭ ਬੜਾ ਪੁਰਾਣਾ ਹੈ ਪਰ ਵਰਤਮਾਨ ਸਮੇਂ ਇਸ ਦਾ ਜੋ ਪ੍ਰਕਾਸ਼ਿਤ ਰੂਪ ਪ੍ਰਾਪਤ ਹੈ, ਉਸ ਵਿਚ ਜਾਤੀ ਪ੍ਰਥਾ ਦਾ ਵਿਕਾਸ, ਵਿਗਿਆਨ, ਕਲਾ, ਵਪਾਰæ ਹੱਥ-ਕਿਰਤਾਂ, ਕਿੱਤੇ ਆਦਿ ਦੀ ਉਨਤੀ ਇਸ ਨੂੰ ਅਥਰਵ ਵੇਦ ਤੋਂ ਪਿੱਛੋਂ ਦਾ ਸਾਬਤ ਕਰਦੀ ਹੈ। ਯਜੁਰਵੇਦ, ਇਸ ਦੇ ਬਹੁਤ ਹੀ ਪਹਿਲੇ ਅਚਾਰੀਆ ਅਤੇ ਚੇਲਿਆਂ ਦੇ ਸੰਪਰਦਾਇਕ ਵਖਰੇਵੇਂ ਕਾਰਨ ਦੋ ਸੰਗ੍ਰਿਹਾਂ ਵਿਚ ਵੰਡਿਆ ਗਿਆ ਜਿਨ੍ਹਾਂ ਨੂੰ ਸ਼ਾਇਦ ਉਨ੍ਹਾਂ ਰਿਸ਼ੀਆਂ ਦੇ ਨਾਂ ਕਰਕੇ ਜਿਨ੍ਹਾਂ ਨੇ ਇਨ੍ਹਾਂ ਦਾ ਸੰਗ੍ਰਿਹ ਕੀਤਾ- ਤੈਤਰੀਆ ਅਤੇ ਵਾਜਸਨਾਇਆ ਜਾਂ ਵਾਜਸਨਾਈ ਕਿਹਾ ਜਾਂਦਾ ਹੈ। ਪਹਿਲਾ ਤੇ ਪੁਰਾਣਾ, ਜਿਸ ਦਾ ਨਾਂ ਕ੍ਰਿਸ਼ਨ ਯਜੁਰਵੇਦ ਜਾਂ ਕਾਲਾ ਯਜੁਰਵੇਦ ਵੀ ਹੈ, ਪੂਜਾ ਮੰਤਰਾਂ ਅਤੇ ਵਿਧੀਆਂ ਦਾ ਸੰਗ੍ਰਿਹ ਹੈ। ਪਿਛਲਾ ਸ਼ੁਕਲ ਜਾਂ ਚਿੱਟਾ ਯਜੁਰਵੇਦ ਕਿਹਾ ਜਾਂਦਾ ਹੈ, ਜੋ ਸੋਧਿਆ ਹੋਇਆ ਨਿਯਮਬੱਧ ਅਤੇ ਸਪੱਸ਼ਟ ਪਾਠਾਂ ਅਤੇ ਵਿਧੀਆਂ ਦਾ ਸੰਗ੍ਰਿਹ ਹੈ। ‘ਯਜੁਰ’ ਅਤੇ ‘ਯਗ’ ਇਨ੍ਹਾਂ ਦੋਹਾਂ ਸ਼ਬਦਾਂ ਦਾ ਸਬੰਧ ਇਕ ਹੀ ਧਾਤੂ ‘ਯਜ’ ਨਾਲ ਹੈ। ਯਜੁਰਵੇਦ ਦੇ ਮੰਤਰਾਂ ਦੀ ਅੰਤਰਗਤ ਲੜੀ ਵੀ ਯੱਗ ਦੀ ਪਰੰਪਰਾ ਦੇ ਆਧਾਰ ‘ਤੇ, ਯੋਗਿਕ ਕਰਮਾਂ ਦੀ ਲੜੀ ਅਨੁਸਾਰ ਹੀ ਰੱਖੀ ਗਈ ਹੈ। ਕੇਵਲ ਦੋ ਤਿੰਨ ਅਧਿਆਇ ਖਾਸ ਕਰਕੇ 40ਵਾਂ ਅਧਿਆਇ ਕਰਮਕਾਂਡ ਨਾਲ ਸਬੰਧਤ ਨਾ ਹੋ ਕੇ ਉਪਨਿਸ਼ਦ ਕਾਂਡ ਜਾਂ ਆਤਮ ਗਿਆਨ ਨਾਲ ਸਬੰਧਤ ਹੈ। ਯਜੁਰਵੇਦ ਅਨੁਸਾਰ ਯੱਗ ਕਰਮ ਹੀ ਪਰਮ ਪਦ ਦੀ ਪ੍ਰਾਪਤੀ ਦਾ ਸਾਧਨ ਹੈ; ਯੱਗ ਕਰਮ ਰਾਹੀਂ ਹੀ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਮੀਮਾਂਸਾ ਨੂੰ ਧਰਮ ਮੀਮਾਂਸਾ ਵੀ ਕਿਹਾ ਜਾਂਦਾ ਹੈ, ਕਰਮ ਮੀਮਾਂਸਾ ਵੀ ਅਤੇ ਪੂਰਬ ਮੀਮਾਂਸਾ ਵੀ। ਮੀਮਾਂਸਾ ਦਾ ਅਰਥ ਹੈ ਵਿਵੇਚਨਾ, ਸਮਾਲੋਚਨਾਤਮਕ ਵਿਆਖਿਆ। ਮੀਮਾਂਸਾ ਦਾ ਸਾਰਾ ਕੰਮ ਇਸ ਅਰਥ ਨਾਲ ਪੂਰੀ ਤਰ੍ਹਾਂ ਢੁੱਕਦਾ ਹੈ। ਮੀਮਾਂਸਾ ਸ਼ਬਦ ਦਾ ਧਾਤੂ ‘ਮਨ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ, “ਸੋਚਣਾ, ਜਾਣਨਾ, ਸਮਝਣਾ।” ਮੀਮਾਂਸਾ ਦਾ ਵਿਸ਼ਾ ਵਸਤੂ ‘ਧਰਮ’ ਹੈ। ਮੀਮਾਂਸਾ ਧਰਮ ਦੇ ਵਿਚਾਰ ਨੂੰ ਕਰਮ ਨਾਲ ਜੋੜਦਾ ਹੈ। ਮੀਮਾਂਸਾ ਵਿਚ ਵੇਦਾਂ, ਧਾਰਮਿਕ ਪੁਸਤਕਾਂ ਦੇ ਸਹੀ ਵਿਵੇਚਨ ਦਾ ਢੰਗ ਦੱਸਿਆ ਹੋਇਆ ਹੈ। ਵਿਦਵਾਨਾਂ ਅਨੁਸਾਰ ਇਸ ਦਾ ਨਾਮ ਪੂਰਬ ਮੀਮਾਂਸਾ ਇਸ ਲਈ ਹੋਇਆ ਕਿਉਂਕਿ ਇਹ ਉਤਰ ਮੀਮਾਂਸਾ ਤੋਂ ਪਹਿਲਾਂ ਆਉਂਦਾ ਹੈ; ਭਾਵੇਂ ਇਤਿਹਾਸਕ ਕਾਲ ਕ੍ਰਮ ਦੀ ਦ੍ਰਿਸ਼ਟੀ ਤੋਂ ਓਨਾ ਨਹੀਂ ਜਿੰਨਾ ਕਿ ਤਾਰਕਿਕ ਅਰਥਾਂ ਵਿਚ। ਪੂਰਬ ਮੀਮਾਂਸਾ ਦਾ ਮੁੱਖ ਵਿਸ਼ਾ ਕਰਮ ਕਾਂਡ ਹੈ ਜਦ ਕਿ ਉਤਰ ਮੀਮਾਂਸਾ ਦਾ ਮੁੱਖ ਵਿਸ਼ਾ ਵਸਤੂਆਂ ਦਾ ਸਤਿ ਗਿਆਨ ਪ੍ਰਾਪਤ ਕਰਨਾ ਹੈ।
ਮੀਮਾਂਸਾ ਦਾ ਸ਼ੁਰੂ ਇਸ ਸੂਤਰ ਤੋਂ ਹੁੰਦਾ ਹੈ “ਅਥਾਤੋ ਧਰਮ ਜਗਿਆਸਾ” ਹੁਣ ਇਥੋਂ ਧਰਮ ਨੂੰ ਜਾਣਨ ਦੀ ਇੱਛਾ ਹੁੰਦੀ ਹੈ। ਕਰਤਾ ਸਾਨੂੰ ਦੱਸਦਾ ਹੈ ਕਿ ਵੇਦਾਂ ਦਾ ਵਿਸ਼ਾ ਵਸਤੂ ਇੱਕੋ ਹੈ, ਅਸੀਂ ਉਸ ਨੂੰ ਇਸ ਰੌਸ਼ਨੀ ਵਿਚ ਸਮਝ ਸਕਦੇ ਹਾਂ, ਜੇ ਕਰ ਅਸੀਂ ਉਨ੍ਹਾਂ ਦੀ ਵਿਆਖਿਆ ਦਾ ਸਹੀ ਢੰਗ ਅਪਨਾਈਏ। ਮੀਮਾਂਸਾ ਯੱਗ ਰੂਪ ਕਰਮ ‘ਤੇ ਜ਼ੋਰ ਦਿੰਦਾ ਹੈ ਅਤੇ ਖਾਸ ਕਰਕੇ ਧਰਮ ਦੀ ਸਮੱਸਿਆ ਨੂੰ ਲੈਂਦਾ ਹੈ। ਧਰਮ ਯੱਗ ਕਰਮ ਤੋਂ ਪੈਦਾ ਹੁੰਦਾ ਹੈ। ਇਸ ਕਰਕੇ ਮੀਮਾਂਸਾ ਯੱਗਾਂ ਦੀ ਵਿਆਖਿਆ ਕਰਦਾ ਹੈ। ਕਰਮ ਦਾ ਕਾਰਨ ਉਦੇਸ਼ ਅਤੇ ਇੱਛਾ ਹੈ। ਇੱਛਾ ਹਰ ਇੱਕ ਕਰਮ ਦਾ ਆਧਾਰ ਹੈ ਅਤੇ ਇਸ ਦਾ ਸਬੰਧ ਗਿਆਨ ਨਾਲ ਹੈ। ਮੀਮਾਂਸਾ ਅਪੂਰਬ ਦੇ ਸਿਧਾਂਤ ਨੂੰ ਮੰਨ ਕੇ ਚੱਲਦਾ ਹੈ; ਜਿਸ ਅਨੁਸਾਰ ਅਸੀਂ ਜਦੋਂ ਕੋਈ ਕੰਮ ਕਰ ਰਹੇ ਹੁੰਦੇ ਹਾਂ, ਉਦੋਂ ਤਾਂ ਉਸ ਦਾ ਫਲ ਨਾਲ ਨਹੀਂ ਹੁੰਦਾ, ਫਲ ਪਿੱਛੋਂ ਮਿਲਦਾ ਹੈ। ਕਰਮ ਕਾਰਨ ਬਣ ਜਾਂਦੇ ਹਨ, ਇਸ ਲਈ ਉਨ੍ਹਾਂ ਦਾ ਫਲ ਹੈ ਅਤੇ ਇਹੀ ਧਰਮ ਹੈ। ਮੀਮਾਂਸਾ ਈਸ਼ਵਰ ਨੂੰ ਨਹੀਂ ਮੰਨਦਾ। ਈਸ਼ਵਰ ਵਿਅਕਤੀਗਤ ਇਸ਼ਟ ਹੈ। ਇਸ ਲਈ ਉਹ ਵੀ ਪੱਖਪਾਤੀ ਹੁੰਦਾ ਹੈ। ਮੀਮਾਂਸਾ ਅਨੁਸਾਰ ਸਮਾਜ ਵੀ ਕਰਤਵ ਨੂੰ ਦੱਸ ਨਹੀਂ ਸਕਦਾ ਕਿਉਂਕਿ ਸਮਾਜ ਮਨੁੱਖਾਂ ਤੋਂ ਬਣਦਾ ਹੈ ਅਤੇ ਮਨੁੱਖੀ ਗਿਆਨ ਸੀਮਤ ਹੁੰਦਾ ਹੈ। ਇਸ ਲਈ ਮੀਮਾਂਸਾ ਵੇਦ ਨੂੰ ਹੀ ਕਰਮ ਨੂੰ ਜਾਣਨ ਦਾ ਸਾਧਨ ਮੰਨਦਾ ਹੈ।
ਭਾਈ ਗੁਰਦਾਸ ਨੇ ਜੈਮਿਨੀ ਰਿਖੀ ਦੇ ਮੀਮਾਂਸਾ ਦਰਸ਼ਨ ਅਤੇ ਯਜੁਰਵੇਦ ਦੇ ਸਬੰਧ ਦੀ ਜੋ ਵਿਆਖਿਆ ਕੀਤੀ ਹੈ, ਉਹ ਬਿਲਕੁਲ ਸਹੀ ਹੈ। ਭਾਈ ਗੁਰਦਾਸ ਨੇ ਦੱਸਿਆ ਹੈ ਕਿ ਜੈਮਿਨੀ ਰਿਖੀ ਨੇ ਯਜੁਰਵੇਦ ਦਾ ਮੰਥਨ ਕਰਕੇ ਮੀਮਾਂਸਾ ਦਰਸ਼ਨ ਤਿਆਰ ਕੀਤਾ। ਪ੍ਰੋਫੈਸਰ ਮੈਕਸਮੂਲਰ ਦਾ ਵਿਚਾਰ ਹੈ ਕਿ ਜਿਸ ਤਰ੍ਹਾਂ ਵਾਦਰਾਇਣ ਰਿਸ਼ੀ ਨੇ ਉਪਨਿਸ਼ਦਾਂ ਵਿਚ ਵਿਵਸਥਾ ਲਿਆਂਦੀ ਅਤੇ ਉਨ੍ਹਾਂ ਨੂੰ ਇੱਕ ਪ੍ਰਣਾਲੀ ਦੇ ਰੂਪ ਵਿਚ ਸਥਾਪਤ ਕੀਤਾ, ਉਸੇ ਤਰ੍ਹਾਂ ਜੈਮਿਨੀ ਰਿਸ਼ੀ ਨੇ ਬਾਕੀ ਵੇਦਾਂ ਵਿਚ, ਕਰਮ ਕਾਂਡ, ਯੱਗ ਜੋ ਕਿ ਬ੍ਰਾਹਮਣ ਗ੍ਰੰਥਾਂ ਵਿਚ ਦੱਸੇ ਗਏ ਹਨ, ਨੂੰ ਇੱਕ ਪੱਧਤੀ ਦੇ ਰੂਪ ਵਿਚ ਬੰਨਿਆ ਅਤੇ ਯਜੁਰਵੇਦ ਹੈ ਹੀ ਯੱਗ ਕਰਮ ਬਾਰੇ। ਯਜੁਰਵੇਦ ਵੇਦਾਂ ਦਾ ਕਰਮ ਕਾਂਡ ਭਾਗ ਹੈ। ਜਿਸ ਤਰ੍ਹਾਂ ਦਰਸ਼ਨ ਦੀ ਹੋਂਦ ਉਪਨਿਸ਼ਦਾਂ ਤੋਂ ਸੁਤੰਤਰ ਰੂਪ ਵਿਚ ਵੀ ਸੀ ਪਰ ਵਾਦਰਾਇਣ ਰਾਹੀਂ ਉਹ ਉਪਨਿਸ਼ਦਾਂ ਨਾਲ ਇਕਸੁਰ ਹੋਇਆ, ਇਸੇ ਤਰ੍ਹਾਂ ਯੱਗਾਂ ਦੀ ਹੋਂਦ ਬ੍ਰਾਹਮਣ ਗ੍ਰੰਥਾਂ ਤੋਂ ਸੁਤੰਤਰ ਰੂਪ ਵਿਚ ਵੀ ਸੀ ਅਤੇ ਜੈਮਿਨੀ ਰਿਖੀ ਨੇ ਇਨ੍ਹਾਂ ਦੀ ਸੂਤਰ-ਬਧ ਵਿਆਖਿਆ ਕੀਤੀ। ਮੀਮਾਂਸਾ ਕਰਮ-ਕਾਂਡ ਨੂੰ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਬਿਆਨ ਕਰਦਾ ਹੈ। ਪੂਰਬ ਮੀਮਾਂਸਾ ਦਰਸ਼ਨ ਦੇ ਕਰਮ ਦੇ ਸਿਧਾਂਤ ਬੀਜ ਰੂਪ ਵਿਚ ਯਜੁਰਵੇਦ ਵਿਚ ਮਿਲਦੇ ਹਨ। ਪੂਰਬ ਮੀਮਾਂਸਾ ਵਿਚ ਵਰਣਨ ਕੀਤੇ ਦੇਵਤਿਆਂ ਦਾ ਸਮਾਨ ਵਿਚਾਰ ਸਾਨੂੰ ਯਜੁਰਵੇਦ ਵਿਚ ਮਿਲਦਾ ਹੈ। ਭਾਈ ਗੁਰਦਾਸ ਦਾ ਕਥਨ ਹੈ ਕਿ ਜੈਮਿਨੀ ਰਿਖੀ ਦੇ ਦਰਸ਼ਨ ਸਿਧਾਂਤ ਅਨੁਸਾਰ ਜੀਵ ਸਰੀਰਕ ਰੂਪ ਧਾਰ ਕੇ ਜੋ ਕਰਮ ਕਰਦਾ ਹੈ, ਉਸੇ ਦਾ ਫਲ ਭੋਗਦਾ ਹੈ। ਫੈਸਲਾ ਕਰਮਾਂ ਉਤੇ ਹੋਵੇਗਾ:
ਫਿਰਿ ਜੈਮਨਿ ਰਿਖੁ ਬੋਲਿਆ ਜੁਜਰਿ ਵੇਦਿ ਮਥਿ ਕਥਾ ਸੁਣਾਵੈ।
ਕਰਮਾ ਉਤੇ ਨਿਬੜੈ ਦੇਹੀ ਮਧਿ ਕਰੇ ਸੋ ਪਾਵੈ।
ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸੁ ਕਰਿ ਆਵੈ ਜਾਵੈ।
ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰਿ ਭਰਮਿ ਭੁਲਾਵੈ।
ਕਰਮਿ ਵਰਤਣਿ ਜਗਤਿ ਕੀ ਇਕੋ ਮਾਇਆ ਬ੍ਰਹਮ ਕਹਾਵੈ।
ਜੁਜਰਿ ਵੇਦਿ ਕੋ ਮਥਨਿ ਕਰਿ ਤਤ ਬ੍ਰਹਮੁ ਵਿਚਿ ਭਰਮੁ ਮਿਲਾਵੈ।
ਕਰਮ ਦ੍ਰਿੜਾਇ ਜਗਤ ਵਿਚਿ ਕਰਮ ਬੰਧਿ ਕਰਿ ਆਵੈ ਜਾਵੈ।
ਸਤਿਗੁਰ ਬਿਨਾ ਨ ਸਹਸਾ ਜਾਵੈ॥੧੦॥
ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਮੀਮਾਂਸਾ ਦਰਸ਼ਨ ਅਪੂਰਬ ਦੇ ਸਿਧਾਂਤ ਨੂੰ ਮੰਨ ਕੇ ਚੱਲਦਾ ਹੈ। ਕਰਮ ਦਾ ਫਲ ਕਾਰਨ ਅਤੇ ਕਾਰਜ ਦੇ ਆਧਾਰ ‘ਤੇ ਨਿਰਧਾਰਤ ਹੈ। ਕਰਮ ਕਾਰਨ ਬਣ ਜਾਂਦੇ ਹਨ, ਇਸ ਲਈ ਉਨ੍ਹਾਂ ਦਾ ਫਲ ਹੈ। ਕੋਈ ਵੀ ਅਪੂਰਬ ਕਰਮ ਬਿਨਾ ਫਲ ਦਿੱਤੇ ਨਸ਼ਟ ਨਹੀਂ ਹੁੰਦਾ। ਭਾਈ ਗੁਰਦਾਸ ਅਨੁਸਾਰ ਜੈਮਿਨੀ ਰਿਖੀ ਨੇ ਜਗਤ ਵਿਚ ਕਰਮ ਨੂੰ ਪ੍ਰਧਾਨ ਬਣਾ ਦਿੱਤਾ, ਕਰਮ ਦੀ ਇੱਛਾ ਕਰਕੇ ਜੀਵ ਜਨਮ ਲੈਂਦਾ ਅਤੇ ਮਰਦਾ ਹੈ। ਭਾਈ ਗੁਰਦਾਸ ਦਾ ਇਹ ਕਥਨ, ਜਿਵੇਂ ਅਸੀਂ ਮੀਮਾਂਸਾ ਦੀ ਵਿਆਖਿਆ ਕਰਦੇ ਦੇਖ ਚੁੱਕੇ ਹਾਂ, ਬਿਲਕੁਲ ਠੀਕ ਹੈ। ਮੀਮਾਂਸਾ ਦਰਸ਼ਨ ਵਿਚ ਕਰਮ ਨੂੰ ਪ੍ਰਧਾਨ ਮੰਨਿਆ ਹੈ ਅਤੇ ਦੱਸਿਆ ਗਿਆ ਹੈ ਕਿ ਕਰਮ ਜੀਵ ਦੇ ਜੀਵਨ ਦਾ ਹਿੱਸਾ ਹੈ, ਇਸ ਨੂੰ ਤਿਆਗਿਆ ਨਹੀਂ ਜਾ ਸਕਦਾ। ਕਰਮ ਅਨਾਦੀ ਹੈ ਅਤੇ ਸਰਬ-ਵਿਆਪੀ ਹੈ। ਕਰਮ ਦਾ ਫਲ ਜ਼ਰੂਰ ਮਿਲਦਾ ਹੈ; ਇਸ ਲਈ ਮਨੁੱਖ ਫਲ ਨੂੰ ਭੋਗਣ ਲਈ ਜਨਮ ਲੈਂਦਾ ਹੈ ਅਤੇ ਮਰਦਾ ਹੈ। ਮੀਮਾਂਸਾ ਦਰਸ਼ਨ ਵਿਚ ਦੱਸਿਆ ਹੈ ਕਿ ਕਰਮ ਦਾ ਕਾਰਨ ਇੱਛਾ ਹੈ। ਇੱਛਾ ਹਰ ਇੱਕ ਕਰਮ ਦਾ ਆਧਾਰ ਹੈ। ਪਰ ਜੈਮਿਨੀ ਰਿਖੀ ਮੀਮਾਂਸਾ ਦਰਸ਼ਨ ਵਿਚ ਨਾਲ ਇਹ ਵੀ ਦੱਸਦਾ ਹੈ ਕਿ ਇਸ ਦਾ ਸਬੰਧ ਗਿਆਨ ਨਾਲ ਹੈ। ਯੱਗ ਦੀ ਭਾਵਨਾ ਵਿਚ ਕੀਤਾ ਕਰਮ ਸ੍ਰੇਸ਼ਟ ਕਰਮ ਹੈ। ਇਸ ਭਾਵਨਾ ਨਾਲ ਕੀਤਾ ਕਰਮ ਬੰਧਨ ਦਾ ਕਾਰਨ ਨਹੀਂ ਬਣਦਾ। ਇਹ ਮੁਕਤੀ ਦਾ ਸਾਧਨ ਹੈ। ਸ਼ੁਕਲ ਯਜੁਰ ਵੇਦ ਦੇ 40ਵੇਂ ਅਧਿਆਇ ਵਿਚ ਵੀ ਇਸੇ ਭਾਵਨਾ ਦਾ ਸਲੋਕ ਦਿੱਤਾ ਗਿਆ ਹੈ। ਇਸ ਤਰ੍ਹਾਂ ਮੀਮਾਂਸਾ ਅਨੁਸਾਰ ਮਹਾਨ ਯੱਗ ਦੇ ਰੂਪ ਵਿਚ ਕੀਤਾ ਕਰਮ ਹੀ ਧਰਮ ਹੈ ਅਤੇ ਵੇਦ ਦਾ ਸਾਰਾ ਗਿਆਨ ਕਰਮ ਲਈ ਹੈ। ਇਸ ਤਰ੍ਹਾਂ ਆਦਮੀ ਵੇਦਾਂ ਦੁਆਰਾ ਦੱਸੇ ਹੋਏ ਵਿਧੀ ਬਚਨਾਂ ਅਨੁਸਾਰ ਕਰਮ ਕਰਕੇ ਮੁਕਤੀ ਪ੍ਰਾਪਤ ਕਰਦਾ ਹੈ।
ਪਹਿਲਾਂ ਕੀਤੇ ਕਰਮ ਦਾ ਫਲ ਮਨੁੱਖ ਦੇ ਨਾਲ ਰਹਿੰਦਾ ਹੈ। ਇਸ ਲਈ ਉਸ ਦੇ ਮਨ ਤੋਂ ਕਰਮ ਦਾ ਪ੍ਰਭਾਵ ਖਤਮ ਨਹੀਂ ਹੁੰਦਾ ਅਤੇ ਪਹਿਲੇ ਕਰਮ ਦੇ ਕਾਰਨ ਮਨੁੱਖ ਜਨਮ ਮਰਨ ਦੇ ਭਰਮ ਵਿਚ ਪਿਆ ਰਹਿੰਦਾ ਹੈ। ਕਰਮ ਦਾ ਸਿਧਾਂਤ ਕਾਰਨ ਅਤੇ ਕਾਰਜ ਦੇ ਸਿਧਾਂਤ ਅਨੁਸਾਰ ਚਲਦਾ ਹੈ। ਸੰਸਾਰ ਦਾ ਸਾਰਾ ਪਸਾਰਾ ਕਰਮ ਦੇ ਸਿਧਾਂਤ ਕਾਰਨ ਹੈ। ਜੈਮਿਨੀ ਰਿਖੀ ਸਿੱਟਾ ਇਹ ਕੱਢਦਾ ਹੈ ਕਿ ਸ੍ਰਿਸ਼ਟੀ ਰਚਨਾ ਦੀ ਕਿਰਿਆ (ਕਰਮ) ਹੀ ਦਿਸਦੇ ਜਗਤ ਦਾ ਸਾਰ-ਤੱਤ ਅਤੇ ਅੰਤਮ ਕਾਰਨ ਹੈ।
ਭਾਈ ਗੁਰਦਾਸ ਨੇ ਮੀਮਾਂਸਾ ਦਰਸ਼ਨ ਦੀ ਵਿਆਖਿਆ ਬਿਲਕੁਲ ਸਹੀ ਕੀਤੀ ਹੈ। ਮਾਇਆ ਅਤੇ ਬ੍ਰਹਮ ਇੱਕ ਹੈ, ਉਹੀ ਇੱਕ ਸੰਸਾਰ ਦੇ ਰੂਪ ਵਿਚ ਪਸਰਿਆ ਹੋਇਆ ਹੈ। ਪਰ ਇਹ ਸੰਕਲਪ ਉਪਨਿਸ਼ਦ ਦਾ ਹੈ, ਪੂਰਬ ਮੀਮਾਂਸਾ ਦਾ ਨਹੀਂ। ਪਰ ਇਹ ਸੰਕਲਪ ਯਜੁਰ ਵੇਦ ਵਿਚ ਮਿਲਦਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਅਗਨੀ, ਅਦਿਤੀ, ਵਾਯੂ ਆਦਿ ਭਿੰਨ ਭਿੰਨ ਦੇਵਤਾ ਉਸੇ ਇੱਕ ਪਰਮਾਤਮ-ਤੱਤ ਦੀਆਂ ਵਿਭੂਤੀਆਂ ਹਨ। ਭਾਈ ਗੁਰਦਾਸ ਅਨੁਸਾਰ ਜੈਮਿਨੀ ਰਿਖੀ ਨੇ ਕਰਮ ਦੇ ਸਿਧਾਂਤ ਨੂੰ ਪੱਕਾ ਕੀਤਾ, ਸੰਸਾਰ ਦਾ ਪਸਾਰਾ ਕਰਮ ਕਾਰਨ ਹੈ ਪਰ ਕਰਮ ਹੀ ਬੰਧਨ ਦਾ ਕਾਰਨ ਹੈ, ਕਰਮ ਕਾਰਨ ਹੀ ਮਨੁੱਖ ਜਨਮ ਮਰਨ ਦੇ ਚੱਕਰ ਵਿਚ ਆਉਂਦਾ ਹੈ। ਪਰ ਮੀਮਾਂਸਾ ਸਾਨੂੰ ਕਰਮ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਦੱਸਦਾ। ਕਰਮ ਕਿੰਨਾ ਵੀ ਉਚਾ ਕਿਉਂ ਨਾ ਹੋਵੇ ਉਸ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ ਅਤੇ ਫਲ ਭੋਗਣ ਲਈ ਮਨੁੱਖ ਨੂੰ ਜਨਮ ਲੈਣਾ ਪੈਂਦਾ ਹੈ। ਇਸ ਵਿਚੋਂ ਨਿਕਲਣ ਦਾ ਰਸਤਾ ਸਾਨੂੰ ਗੁਰਬਾਣੀ ਦੱਸਦੀ ਹੈ। ਗੁਰਬਾਣੀ ਅਧਿਆਤਮਕ ਫਲਸਫੇ ਦਾ ਸਿਖਰ ਹੈ। ਭਾਈ ਗੁਰਦਾਸ ਅਨੁਸਾਰ ਭਰਮ-ਮੁਕਤ ਹੋਣ ਲਈ ਗੁਰੂ ਦਾ ਓਟ-ਆਸਰਾ ਲੈਣਾ ਜ਼ਰੂਰੀ ਹੈ। ਦਵੈਤ ਨੂੰ ਖਤਮ ਕਰਨ ਦਾ ਰਸਤਾ ਗੁਰੂ ਤੋਂ ਪਤਾ ਲਗਦਾ ਹੈ। ਸਤਿਗੁਰ ਤੋਂ ਬਿਨਾ ਮਨੁੱਖ ਨੂੰ ਅਸਲੀਅਤ ਦੀ ਸੋਝੀ ਨਹੀਂ ਹੁੰਦੀ, ਉਸ ਦਾ ਮਨ ਭਰਮ ਨਿਵਿਰਤ ਨਹੀਂ ਹੁੰਦਾ।