ਸਾਲ 2010 ਤੋਂ 2014 ਤਕ ਮੈਂ ਹਰ ਸਾਲ ਬਸੰਤ ਰੁੱਤੇ ਪੰਜਾਬ ਜਾਂਦਾ ਸਾਂ, ਆਪਣੀ ਜਨਮਦਾਤੀ ਮਾਂ ਦੇ ਦਰਸ਼ਨ ਕਰਨ ਲਈ। ਉਂਜ ਇਨ੍ਹਾਂ ਫੇਰੀਆਂ ਦੌਰਾਨ ਪਰਿਵਾਰ ਦੇ ਹੋਰ ਜੀਆਂ ਨਾਲ ਵੀ ਮੇਲ ਮਿਲਾਪ ਹੁੰਦਾ। ਪਰ ਲੋਚਾ ਉਚੇਚਾ ਬੀਜੀ ਨੂੰ ਮਿਲਣ ਦੀ ਹੀ ਹੁੰਦੀ। ਹੁਣ ਬੀਜੀ ਨਹੀਂ ਰਹੇ। ਉਹ 2014 ਦੀ ਸਰਦੀ ਰੁੱਤੇ ਇਸ ਫਾਨੀ ਸੰਸਾਰ ਨੂੰ 90 ਸਾਲ ਦੀ ਉਮਰ ਭੋਗ ਕੇ ਅਲਵਿਦਾ ਕਹਿ ਗਏ। ਮੇਰੇ ਬੀਜੀ ਮੇਰੇ ਵੱਡੇ ਭਰਾ ਕੌਲ ਐਸ ਬਲਾਕ ਨੰਗਲ ਟਾਊਨਸ਼ਿਪ ਰਹਿੰਦੇ ਸਨ। ਨੰਗਲ ਟਾਊਨਸ਼ਿਪ ਮੇਰੇ ਬਚਪਨ ਦਾ ਸ਼ਹਿਰ ਹੈ।
ਸਤਲੁਜ ਦਰਿਆ ਅਤੇ ਇਸ ਵਿਚੋਂ ਕੱਢੀਆਂ ਨਹਿਰਾਂ ਇਸ ਵਿਚ ਦੀ ਵਹਿੰਦੀਆਂ ਹਨ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਦੋ ਇਤਿਹਾਸਕ ਗੁਰੂਦੁਆਰੇ ਵੀ ਦਰਿਆ ਦੇ ਆਰ-ਪਾਰ ਸੁਸ਼ੋਭਿਤ ਹਨ। ਇਕ ਗੁਰੂਦੁਆਰਾ ਘਾਟ ਸਾਹਿਬ ਅਤੇ ਦੂਜਾ ਭਿੰਬੌਰ ਸਾਹਿਬ।
ਚਾਹੇ ਮੈਂ ਪਿਛਲੇ 32 ਸਾਲ ਤੋਂ ਅਮਰੀਕਾ ਰਹਿ ਰਿਹਾਂ ਹਾਂ, ਪਰ ਅਜ ਵੀ ਮੇਰੀ ਆਤਮਾ ਨੰਗਲ ਟਾਊਨਸ਼ਿਪ ਦਾ ਭਰਮਣ ਕਰਦੀ ਰਹਿੰਦੀ ਹੈ। ਮੈਨੂੰ ਅਮਰੀਕਾ ਦੇ ਮਿਸੀਸਿਪੀ ਵਰਗੇ ਦਰਿਆ ਵੀ ਸਤਲੁਜ ਅੱਗੇ ਫਿਕੇ ਜਾਪਦੇ ਹਨ ਅਤੇ ਇਹ ਪਰਦੇਸੀ ਦਰਿਆ ਮੈਨੂੰ ਮੋਹ ਨਹੀਂ ਸਕੇ।
2011 ਦੀ ਮਾਰਚ ਨੂੰ ਮੇਰੀ ਇੰਡੀਆ ਫੇਰੀ ਵੇਲੇ ਮੇਰਾ ਇੱਕ ਪੁਰਾਣਾ ਦੋਸਤ, ਜੋ ਖਾਲਸਾ ਕਾਲਜ, ਅੰਮ੍ਰਿਤਸਰ 1972-76 ਦੇ ਨਾਨ-ਮੈਡੀਕਲ ਬੈਚ ਵਿਚ ਮੇਰਾ ਜਮਾਤੀ ਸੀ, ਵੀ ਮਿਲਣ ਆ ਗਿਆ। ਫਿਰ ਕੀ ਸੀ, ਕਹਿੰਦਾ ਹੁਣ ਤਾਂ ਮੈਂ ਕੁਲਦੀਪ ਦੀ ਅਮਰੀਕਾ ਵਾਪਸੀ ‘ਤੇ ਦਿੱਲੀ ਜਹਾਜ ਚੜ੍ਹਾਉਣ ਤਕ ਨਾਲ ਹੀ ਰਹਾਗਾਂ। ਉਂਜ ਸੁਰਜੀਤ ਨੂੰ ਕਿਸੇ ਨਾਲ ਕਿਵੇਂ ਰਹਿਣਾ ਹੈ, ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਸਵੇਰੇ ਉਠ ਕੇ ਉਹ ਮੇਰੇ ਵੱਡੇ ਭਰਾ ਨੂੰ ਮੱਥਾ ਟੇਕਦਾ ਅਤੇ ਨਾਲ ਹੀ ਉਸ ਅਗੇ ਅਰਜ਼ੋਈ ਕਰ ਦਿੰਦਾ ਕਿ ਉਹ ਸਾਰੇ ਦਿਨ ਲਈ ਉਸ ਅਵਗੁਣਹਾਰੇ ਦੇ ਔਗੁਣਾਂ ਦੇ ਕੋਈ ਪੌਤੜੇ ਨਾ ਫੋਲੇ। ਭਾਜੀ ਨੂੰ ਉਸ ਬਾਰੇ ਪਤਾ ਸੀ ਕਿ ਉਹ ਗਪੌੜ ਸੰਖ ਹੈ। ਪੰਜਾਬ ਫੇਰੀ ਵੇਲੇ ਮੇਰੇ ਪੰਜਾਬੀ ਕੁੜਤੇ ਪੰਜਾਮੇ ਦ ਪਹਿਰਾਵੇ ਵਿਚ ਅਤੇ ਮੇਰੀ ਬਿਲਕੁਲ ਸਾਦ ਮੁਰਾਦੀ ਰਹਿਣੀ-ਬਹਿਣੀ ਤੋਂ ਕੋਈ ਵੀ ਇਹ ਪਛਾਣ ਨਹੀਂ ਸੀ ਸਕਦਾ ਕਿ ਮੈਂ ਐਨ-ਆਰ-ਆਈ ਹਾਂ। ਨੰਗਲ ਰਹਿੰਦਿਆਂ ਮੈਂ ਸਵੇਰੇ ਉਠ ਕੇ ਸਭ ਤੋਂ ਪਹਿਲਾਂ ਬੀਜੀ ਨੂੰ ਮੱਥਾ ਟੇਕਦਾ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦਾ। ਫਿਰ ਇਸ਼ਨਾਨ ਕਰਕੇ ਥੋੜੇ ਸੁਕੇ ਮੇਵੇ ਖਾ ਕੇ ਮੈਂ ਅਤੇ ਸੁਰਜੀਤ ਸਿੰਘ ਸਭਾ ਗੁਰਦੁਆਰਾ (ਮੇਨ ਮਾਰਕੀਟ) ਪਹੁੰਚ ਜਾਂਦੇ। ਸਾਰੀਆਂ ਪੁਰਾਣੀਆਂ ਜਾਣੀਆਂ ਪਛਾਣੀਆਂ ਰੂਹਾਂ ਉਥੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਇੱਕਠੀਆਂ ਹੁੰਦੀਆਂ ਸਨ। ਗੁਰੂਦੁਆਰੇ ਸਵੇਰੇ ਸਾਢੇ ਸਤ ਵਜੇ ਆਸਾ ਦੀ ਵਾਰ ਅਤੇ ਨਿੱਤਨੇਮ ਦੀਆਂ ਬਾਣੀਆਂ ਉਪਰੰਤ ਅਰਦਾਸ ਕਰਨ ਦਾ ਸਮਾਂ ਮਜਦੂਰਾਂ ਨੂੰ ਭਾਖੜਾ ਡੈਮ ਨੂੰ ਲਿਜਾਣ ਵਾਲੀ ਗੱਡੀ ਦੇ ਲੇਬਰ ਹੱਟ ਸਟੇਸ਼ਨ ਤੋਂ ਤੁਰਨ ਦੇ ਸਮੇਂ ਨਾਲ ਬੱਝਾ ਸੀ। ਗੁਰੂਦੁਆਰੇ ਤੋਂ ਅਸੀਂ ਸਤਲੁਜ ਦਰਿਆ (ਗੁਰੂਦੁਆਰਾ ਭਿੰਬੋਰ ਸਾਹਿਬ ਦੇ ਸਾਹਮਣੇ, ਨੰਗਲ ਵਾਲੇ ਪਾਸੇ) ਆ ਜਾਂਦੇ। ਦਰਿਆ ਕੰਢੇ ਇਕਾਂਤ ਮਾਹੌਲ ਵਿਚ ਸਿਮਰਨ ਕਰਨ ਨੂੰ ਜੀਅ ਕਰ ਆਉਂਦਾ।
ਇੱਕ ਦਿਨ ਅਸੀਂ ਉਸੇ ਪੱਤਣ ਤੋਂ ਕਿਸ਼ਤੀ ਰਾਹੀਂ ਦੂਜੇ ਪਾਸੇ ਪਹੁੰਚੇ। ਕੀ ਦੇਖਦੇ ਹਾਂ ਕਿ ਸਵਾਮੀਪੁਰ ਪਿੰਡ ਦੇ ਡੇਰੇ ਦੇ ਸਿੱਖ ਬਾਬੇ ਆਪਣੇ ਕਿਸੇ ਮਰਹੂਮ ਮਹਾਂਪੁਰਸ਼ ਦੇ ਵਗਦੇ ਦਰਿਆ ਦੇ ਸਥਾਨ ‘ਤੇ, ਜਿੱਥੇ ਕਿਤੇ ਉਸ ਦੀ ਦੇਹ ਜਲ-ਪਰਵਾਹ ਕੀਤੀ ਹੋਵੇਗੀ, ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹੋਏ ਸਨ। ਜਦੋਂ ਵਾਪਸੀ ਲਈ ਉਨ੍ਹਾਂ ਦੀ ਮਿੰਨੀ ਬਸ ਸਵਾਮੀਪੁਰ ਨੂੰ ਮੁੜਨ ਲੱਗੀ, ਅਸੀਂ ਡੇਰੇ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਉਨ੍ਹਾਂ ਦੀ ਬਸ ਵਿਚ ਹੀ ਚੜ੍ਹ ਗਏ।
ਡੇਰੇ ਪਹੁੰਚ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਪ੍ਰਸ਼ਾਦ ਲਿਆ। ਦਿਨ ਦੇ 11 ਵਜ ਚੁੱਕੇ ਸਨ। ਸਵੇਰ ਦਾ ਖਾਸ ਨਾਸ਼ਤਾ ਨਾ ਕਰਨ ਕਰਕੇ ਸਾਡੇ ਢਿੱਡੀਂ ਚੂਹੇ ਨੱਚ ਰਹੇ ਸਨ।
ਇੱਕ ਸੇਵਾਦਾਰ, ਜੋ ਬਸ ਵਿਚ ਸਾਡੇ ਨਾਲ ਹੀ ਪਰਤਿਆ ਸੀ, ਅਸੀਂ ਨਿਮਰਤਾ ਸਹਿਤ ਲੰਗਰ ਛਕਣ ਦੀ ਬੇਨਤੀ ਕੀਤੀ। ਹੈਰਾਨੀ ਦੀ ਗੱਲ ਕਿ ਉਹ ਤਾਂ ਸਾਡੇ ‘ਤੇ ਅਗ-ਬਬੂਲਾ ਹੋ ਕੇ ਵਰ੍ਹ ਪਿਆ, “ਤੁਸੀਂ ਕਿਥੋ ਆ ਜਾਂਦੇ ਹੋ, ਆਉਂਦੇ ਪਿਛੋਂ, ਲੰਗਰ ਪਹਿਲਾਂ ਮੰਗਣ ਲਗ ਪੈਂਦੇ ਹੋ?” ਅਸੀਂ ਬੇਨਤੀ ਕੀਤੀ ਕਿ ਲੰਗਰ ਛਕਣ ਦੀ ਇੱਛਾ ਪ੍ਰਗਟ ਕਰਨ ਦੀ ਸਾਡੇ ਤੋਂ ਭੁੱਲ ਹੋ ਗਈ, ਸਾਨੂੰ ਮੁਆਫ ਕਰ ਦਿਉ, ਅਤੇ ਉਥੋਂ ਪਤਰਾ ਵਾਚ ਗਏ।
ਦਿਲ ਬਹੁਤ ਉਦਾਸ ਹੋਇਆ ਪਰ ਸੁਰਜੀਤ ਨਾਲ ਹੋਵੇ ਤਾਂ ਤਰਕੀਬਾਂ ਆਪਣੇ ਆਪ ਸੁਝ ਪੈਂਦੀਆਂ ਹਨ। ਅਸੀਂ ਉਸ ਪਿੰਡ ਤੋਂ ਜਾਣੂ ਨਹੀਂ ਸਾਂ ਅਤੇ ਨਾ ਹੀ ਉਸ ਦੂਰ-ਦੂਰੇਡੇ ਪਿੰਡ ਵਿਚ ਕੋਈ ਦੁਕਾਨ ਜਾਂ ਢਾਬਾ ਸੀ। ਅਸੀਂ ਤਾਂ ਵੋਕੇਸ਼ਨ ‘ਤੇ ਸਾਂ, ਸਾਨੂੰ ਕਿਹੜਾ ਕੋਈ ਕਾਹਲੀ ਸੀ। ਪਿੰਡ ਸਵਾਮੀਪੁਰ ਦੀਆਂ ਗਲੀਆਂ ਗਾਹ ਕੇ ਨੰਗਲ ਪਰਤਣ ਦਾ ਫੈਸਲਾ ਕੀਤਾ।
ਕੀ ਵੇਖਿਆ, ਇਕ ਹਿੰਦੂ ਕਿਸਾਨ ਆਪਣੇ ਘਰ (ਚਾਰਦੁਆਰੀ ਦੀਆਂ ਕੰਧਾਂ ਤੋਂ ਬਿਨ੍ਹਾਂ) ਪਰਸ਼ਾਦਾ ਛਕ ਰਿਹਾ ਸੀ। ਉਸ ਦੀ ਘਰਵਾਲੀ ਗਰਮ-ਗਰਮ ਫੁਲਕੇ ਲਾਹ ਰਹੀ ਸੀ। ਮੈਂ ਉਸ ਅਜਨਬੀ ਨੂੰ ਸਤਿ ਸ੍ਰੀ ਅਕਾਲ ਜਾ ਬੁਲਾਈ ਅਤੇ ਨਾਲ ਹੀ ਬੇਨਤੀ ਕਰ ਦਿੱਤੀ ਕਿ ਲੋਹ-ਲੰਗਰ ਵਿਚੋਂ ਸਾਨੂੰ ਪ੍ਰਸ਼ਾਦਾ ਛਕਾਇਆ ਜਾਵੇ ਅਤੇ ਦੱਸਿਆ ਕਿ ਅਸੀਂ ਨੰਗਲ ਟਾਊਨਸ਼ਿਪ ਤੋਂ ਸਵੇਰ ਦੇ ਬਿਨਾ ਕੁਝ ਖਾਧਿਆਂ ਨਿਕਲੇ ਹਾਂ। ਸਾਨੂੰ ਭੁੱਖ ਨੇ ਅਵਾਜ਼ਾਰ ਕੀਤਾ ਹੋਇਆ ਹੈ। ਬੇਨਤੀ ਕਰਨ ਦੀ ਦੇਰ ਸੀ ਕਿ ਉਸ ਨੂੰ ਚਾਅ ਚੜ੍ਹ ਗਿਆ। ਉਸ ਨੇ ਆਪਣਾ ਖਾਣਾ ਵਿਚਾਲੇ ਹੀ ਛੱਡ ਦਿੱਤਾ ਤੇ ਬੈਠਣ ਲਈ ਮੰਜਾ ਡਾਹ ਦਿੱਤਾ, ਮੰਜੇ ‘ਤੇ ਚਾਦਰ ਵਿਛਾ ਕੇ ਸਾਨੂੰ ਬੈਠਣ ਲਈ ਕਿਹਾ। ਫਿਰ ਪਤਨੀ ਨੂੰ ਸਾਡੇ ਲਈ ਭੋਜਨ ਦੀਆਂ ਦੋ ਥਾਲੀਆਂ ਤਿਆਰ ਕਰਨ ਲਈ ਕਹਿ ਦਿੱਤਾ।
ਪੰਜਾਬ ਦੇ ਪਿਛਲੇ ਸਮੇਂ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ, ਮੇਰੇ ਮਨ ਵਿਚ ਫੁਰਨਾ ਆਇਆ ਕਿ ਇਹ ਸਾਡੇ ਦੋਵਾਂ ਦੇ ਸਿੱਖੀ ਸਰੂਪ ਨੂੰ ਵੇਖ ਕੇ ਕਿਤੇ ਡਰ ਨਾ ਜਾਵੇ। ਇਹ ਸੋਚ ਕੇ ਮੈਂ ਮੰਜੇ ‘ਤੇ ਬੈਠ ਕੇ ਮੂੰਹ ਜਬਾਨੀ ਜਪੁ ਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਨਿਹਚਲ ਵੇਖ ਕੇ ਉਸ ਨੇ ਕੋਈ ਭੈ-ਭੀਤ ਹੋਣ ਦਾ ਸੰਕੇਤ ਨਾ ਦਿੱਤਾ। ਪਰਿਵਾਰ ਨੇ ਜੋ ਵੀ ਦਾਲ-ਸਬਜੀ ਬਣੀ ਹੋਈ ਸੀ, ਉਸ ਨਾਲ ਗਰਮ-ਗਰਮ ਪਰਸ਼ਾਦੇ ਸਾਨੂੰ ਛਕਾਏ। ਅਸੀਂ ਪ੍ਰੀਤੀ ਭੋਜਨ ਛਕ ਕੇ ਤ੍ਰਿਪਤ ਹੋ ਗਏ। ਬਾਅਦ ਵਿਚ ਉਸ ਨੇ ਸਾਨੂੰ ਚਾਹ ਵੀ ਪੱਛੀ। ਅਸੀਂ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਦੀ ਨਾ ਲੈਣ ਦੀ ਜਿੱਦ ਦੇ ਉਲਟ ਯਥਾ-ਸ਼ਕਤੀ ਕੁਝ ਨਗਦੀ ਅਤੇ ਆਪਣੀ ਇਕ ਜੈਕਟ ਪ੍ਰੇਮ ਭੇਟਾ ਵਜੋਂ ਦਿਤੀ।
ਪਰਿਵਾਰ ਕੋਲੋਂ ਵਿਦਾਇਗੀ ਲੈ ਕੇ ਅਸੀਂ ਨੰਗਲ ਟਾਊਨਸ਼ਿਪ ਨੂੰ ਪਰਤ ਰਹੇ ਸਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਇੱਕ ਸਲੋਕ ਯਾਦ ਆ ਗਿਆ, “ਨਕਿ ਨਥ ਖਸਮ ਹਥ ਕਿਰਤ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥”
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ