ਬੀæਐਡæ ਵਿਚ ਦਾਖਲੇ ਦੀ ਸਾਖੀ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੇਰੇ ਦੋ ਬੇਟੇ ਹਨ, ਪੜ੍ਹ ਲਿਖ ਕੇ ਦੋਵੇਂ ਬਾਹਰਲੇ ਦੇਸਾਂ ਵਿਚ ਜਾ ਕੇ ਨੌਕਰੀਆਂ ਕਰਨ ਲਗੇ। ਕਦੀ ਉਹ ਮਿਲ ਜਾਂਦੇ ਕਦੀ ਅਸੀਂ ਮਿਲ ਆਉਂਦੇ। ਦੋਵੇਂ ਅਕਸਰ ਕਿਹਾ ਕਰਦੇ, ਪਾਪਾ ਇਕ ਦਿਨ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ ਹੈ। ਇਥੇ ਆ ਕੇ ਹੋ ਸਕਦੈ ਕੰਮ ਕਰਨ ਬਗੈਰ ਤੁਹਾਡਾ ਦਿਲ ਨਾ ਲੱਗੇ। ਤੁਹਾਡੀ ਕਮਾਈ ਨਾਲ ਹੀ ਗੁਜ਼ਾਰਾ ਚਲੇਗਾ, ਗੱਲ ਇਹ ਨਹੀਂ, ਵਿਹਲੇ ਬੈਠੇ ਬੰਦੇ ਦਾ ਦਿਨ ਨਹੀਂ ਲੰਘਦਾ। ਅਧਿਆਪਨ ਤੋਂ ਬਗੈਰ ਹੋਰ ਕੋਈ ਕੰਮ ਤੁਸੀਂ ਕੀਤਾ ਨਹੀਂ। ਇਥੇ ਯੂਨੀਵਰਸਿਟੀ ਵਿਚ ਤਾਂ ਨੌਕਰੀ ਮਿਲਣੀ ਔਖੀ ਹੈ, ਸਕੂਲ ਵਿਚ ਮਿਲ ਜਾਏਗੀ।

ਇਥੇ ਖਾਲਸਾ ਸਕੂਲ ਬੜੇ ਹਨ। ਹਰੇਕ ਗੁਰਦੁਆਰੇ ਨਾਲ ਸਕੂਲ ਅਟੈਚ ਹੈ। ਇਨ੍ਹਾਂ ਸਕੂਲਾਂ ਦੇ ਪ੍ਰਬੰਧਕ ਤੁਹਾਨੂੰ ਜਾਣਦੇ ਹਨ। ਪ੍ਰਿੰਸੀਪਲ ਲਾ ਦੇਣਗੇ। ਚਾਹੇ ਮਾਸਟਰ ਲੱਗਣਾ ਹੋਵੇ ਚਾਹੇ ਪ੍ਰਿੰਸੀਪਲ, ਨੌਕਰੀ ਦੀ ਸ਼ਰਤ ਬੀæਐਡæ ਹੋਣੀ ਜਰੂਰੀ ਹੈ। ਤੁਸੀਂ ਬੀæਐਡ ਕਰ ਲਉ।
ਕੁਝ ਸਮਾਂ ਸੋਚਦਿਆਂ ਲੰਘਾ ਦਿੱਤਾ। ਫਿਰ ਸੋਚਿਆ ਡਿਸਟੈਂਸ ਐਜੂਕੇਸ਼ਨ ਮੇਰੀ ਪੰਜਾਬੀ ਯੂਨੀਵਰਸਿਟੀ ਵਿਚ ਹੈ ਹੀ, ਕੀ ਮੁਸ਼ਕਲ ਹੈ, ਕਰ ਲੈਂਦਾ ਹਾਂ। ਪਤਾ ਕੀਤਾ, ਪੰਦਰਾਂ ਸੌ ਰੁਪਏ ਦਾਖਲਾ ਟੈਸਟ ਫੀਸ ਭਰ ਕੇ ਟੈਸਟ ਦਿਉ। ਟੈਸਟ ਦੀ ਰੂਪ ਰੇਖਾ ਪੁੱਛੀ, ਤਿੰਨ ਘੰਟਿਆਂ ਦਾ ਪੇਪਰ ਹੋਵੇਗਾ, ਜਿਸਦੇ ਤਿੰਨ ਭਾਗ ਹੋਣਗੇ-ਅੰਗਰੇਜ਼ੀ, ਦਿਮਾਗੀ ਕੁਸ਼ਲਤਾ ਅਤੇ ਚਲੰਤ ਮਾਮਲਿਆਂ ਦਾ ਜਨਰਲ ਨਾਲਜ। ਅੰਗਰੇਜ਼ੀ ਦਾ ਕੰਮ ਤਾਂ ਹੋ ਜਾਵੇਗਾ ਪਰ ਦਿਮਾਗ? ਜਨਰਲ ਨਾਲਜ? ਇਸ ਵੇਲੇ ਮੈਂ ਦਸਵੀਂ ਦੇ ਇਮਤਿਹਾਨ ਵਿਚ ਬੈਠ ਜਾਵਾਂ ਤਾਂ ਫੇਲ ਹੋਜਾਂ। ਉਹ ਵੇਲੇ ਲੰਘ ਗਏ ਜਦੋਂ ਮੈਰਿਟ ਵਿਚ ਆਇਆ ਸੀ।
ਦੁਕਾਨ ਤੋਂ ਦਿਮਾਗੀ ਕੁਸ਼ਲਤਾ ਅਤੇ ਆਮ ਗਿਆਨ ਦੀ ਕਿਤਾਬ ਲੈਣ ਗਿਆ। 800 ਪੰਨਿਆਂ ਦੀ ਕਿਤਾਬ ਮੇਰੇ ਹੱਥ ਫੜਾ ਕੇ 800 ਰੁਪਏ ਮੰਗ ਲਏ। ਮੈਂ ਕਿਹਾ, ਓ ਭਾਈ ਮੈਂ ਕਿਹੜਾ ਆਈæਏæਐਸ ਕਰਨੀ ਹੈ। ਛੋਟੀ ਮੋਟੀ ਕਿਤਾਬ ਦੇ ਦੇਹ ਕੰਮ ਚਲਾਊ ਜਿਹੀ। ਉਸ ਨੇ 70 ਪੰਨਿਆਂ ਦੀ ਕਿਤਾਬ 50 ਰੁਪਏ ਵਿਚ ਦੇ ਦਿੱਤੀ। ਫੀਸ ਭਰ ਦਿੱਤੀ, ਕਿਤਾਬ ਪੜ੍ਹ ਦਿੱਤੀ। ਪੇਪਰ ਕਿਹੋ ਜਿਹਾ ਹੋਵੇਗਾ? ਪਤਾ ਨਹੀਂ।
ਵੱਡਾ ਡਰ ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵਡੀ ਮੋਟੀ ਖਬਰ ਛਪੇਗੀ, ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਡੀਨ ਰਿਸਰਚ ਬੀæਐਡæ ਦਾਖਲਾ ਪ੍ਰੀਖਿਆ ਵਿਚੋਂ ਫੇਲ੍ਹ।
ਬੀæਐਡæ ਕਰਨ ਵਾਲਿਆਂ ਵਿਰੁੱਧ ਬਥੇਰੇ ਮਜ਼ਾਕ ਘੜਿਆ ਕਰਦੇ ਸਾਂ। ਦੋਸਤ ਨੂੰ ਮਿਲਦਿਆਂ ਇਕ ਜਣਾ ਕਹਿਣ ਲੱਗਾ, ਵਧਾਈ ਹੋਵੇ ਤੁਹਾਡੀ ਬੀਵੀ ਨੇ ਬੀæਐਡæ ਕਰ ਲਈ ਹੈ। ਦੋਸਤ ਨੇ ਪੁੱਛਿਆ, ਹਾਂ, ਤੁਹਾਨੂੰ ਕਿਸ ਨੇ ਦੱਸਿਆ? ਕਿਸੇ ਨੇ ਨਹੀਂ। ਕੱਲ੍ਹ ਸਬਜੀ ਮੰਡੀ ਵਿਚ ਦੇਖੀ। ਬੈਗ ਵਿਚ ਪਹਿਲਾਂ ਕਿਲੋ ਟਮਾਟਰ ਪੁਆ ਲਏ, ਬਾਦ ਵਿਚ ਉਨ੍ਹਾਂ ਉਪਰ ਪੰਸੇਰੀ ਆਲੂ ਪੁਆਏ ਤਾਂ ਮੈਂ ਉਦੀਂ ਸਮਝ ਗਿਆ ਕਿ ਬੀæਐਡæ ਹੋ ਚੁਕੀ ਹੈ ਪੂਰੀ।
ਬੀæਐਡæ ਪਾਸ ਕਰਨ ਵਾਲਿਆਂ ਨੂੰ ਮਜ਼ਾਕ ਕਰਨ ਵਾਲੇ ਤੋਂ ਦਾਖਲਾ ਟੈਸਟ ਪਾਸ ਨਾ ਹੋਇਆ ਫੇਰ? ਆਪਣੇ ਆਪ ਨੂੰ ਕਿਹਾ, ਮੈਂ ਕਿਹੜਾ ਕਿਸੇ ਨੂੰ ਦੱਸਣੈ। ਚੁਪ ਕਰਕੇ ਪੇਪਰ ਦੇ ਆਵਾਂਗਾ। ਰਿਜਲਟ ਪਤਾ ਕਰਨ ਲਈ ਵੀ ਕਿਸੇ ਹੋਰ ਨੂੰ ਭੇਜਾਂਗਾ।
ਡੀਨ ਅਕਾਦਮਿਕ ਮਾਮਲੇ ਅਤੇ ਵਾਈਸ ਚਾਂਸਲਰ ਤੋਂ ਪ੍ਰਵਾਨਗੀ ਚੁਪਚਾਪ ਦਸਤੀ ਲੈ ਲਈ ਤਾਂਕਿ ਫਾਈਲਾਂ ਵਿਚ ਨਾ ਅਰਜੀਆਂ ਚੜ੍ਹ ਜਾਣ। ਇਮਤਿਹਾਨ ਦੇ ਦਿਨ ਐਤਵਾਰ ਨੂੰ ਜਦੋਂ ਚੁਪਚਾਪ ਨੀਵੀਂ ਪਾਈ ਅੰਦਰ ਲੰਘਿਆ ਤਾਂ ਸਾਰਾ ਡਿਊਟੀ ਸਟਾਫ ਸਤਿਕਾਰ ਵਜੋਂ ਖੜ੍ਹਾ ਹੋ ਗਿਆ। ਸਮਝੇ ਕਿ ਪ੍ਰੋਫੈਸਰ ਸੈਂਟਰ ਚੈਕ ਕਰਨ ਆਇਆ ਹੈ। ਬੇੜਾ ਗਰਕ। ਇਕ ਨਵੀਂ ਲੈਕਚਰਾਰ ਕੁੜੀ ਨੂੰ ਇਕ ਪਾਸੇ ਲਿਜਾ ਕੇ ਮੈਂ ਕਿਹਾ, ਮੈਨੂੰ ਮੇਰੀ ਸੀਟ ਦੱਸ, ਆਹ ਫੜ ਮੇਰਾ ਰੋਲ ਨੰਬਰ। ਪੇਪਰ ਦੇਣੈ। ਕਿਸੇ ਨੂੰ ਦੱਸੀ ਨਾਂ। ਉਹ ਖੂਬ ਹੱਸੀ। ਆਪਣੀ ਹਥੇਲੀ ‘ਤੇ ਮੇਰਾ ਰੋਲ ਨੰਬਰ ਲਿਖ ਕੇ ਬੋਲੀ, ਸਭ ਤੋਂ ਪਹਿਲਾਂ ਰਿਜ਼ਲਟ ਮੈਂ ਦੇਖੂੰਗੀ।
ਮੈਨੂੰ ਜ਼ਿੰਦਗੀ ਵਿਚ ਇਮਤਿਹਾਨ ਦੇਣ ਤੋਂ ਕਦੀ ਡਰ ਨਹੀਂ ਲੱਗਾ ਕਿਉਂਕਿ ਤਿਆਰੀ ਵਿਚ ਕਸਰ ਨਹੀਂ ਹੁੰਦੀ ਸੀ। ਇਥੇ ਇਮਤਿਹਾਨ ਤੋਂ ਵੀ ਡਰ ਤੇ ਫੇਲ੍ਹ ਹੋਣ ਪਿਛੋਂ ਬਦਨਾਮੀ ਦੇ ਕਲੰਕ ਦਾ ਵੀ ਡਰ।
ਪੇਪਰ ਵੰਡੇ ਗਏ। ਪੜ੍ਹਿਆ ਤਾਂ ਮਾਮੂਲੀ ਕੁ ਡਰ ਘਟਿਆ। ਬਹੁਤੇ ਔਖੇ ਸਵਾਲ ਨਹੀਂ ਸਨ। ਫਿਰ ਵੀ ਦਿਮਾਗੀ ਕੁਸ਼ਲਤਾ ਵਾਲੇ ਸਵਾਲ ਟੇਢੇ ਸਨ। ਅੰਗਰੇਜ਼ੀ ਅਤੇ ਆਮ ਵਾਕਫੀ ਦਾ ਪੇਪਰ ਠੀਕ ਠੀਕ ਹੋ ਗਿਆæææਸੋæææਸੋ। ਦਿਮਾਗੀ ਕੁਸ਼ਲਤਾ ਦੇ ਅੱਧੇ ਤੋਂ ਵੱਧ ਸਵਾਲ ਨਹੀਂ ਆਏ, ਖਾਲੀ ਛਡ ਦਿੱਤਾ। ਪੇਪਰ ਕੰਪਿਊਟਰ ਨੇ ਦੇਖਣੇ ਸਨ। ਹਫਤੇ ਬਾਦ ਰਿਜ਼ਲਟ ਆ ਗਿਆ।
ਦਿਲ ਧੜਕਣ ਲੱਗਾ। ਸਕੀਮ ਸੁੱਝੀ, ਟੈਲੀਫੋਨ ਕਰਕੇ ਪੁੱਛਦੇ ਹਾਂ। ਫੋਨ ਕੀਤਾ। ਰੋਲ ਨੰਬਰ ਦੱਸ ਕੇ ਰਿਜ਼ਲਟ ਪੁੱਛਿਆ। ਮੁਲਾਜ਼ਮ ਨੇ ਦੱਸਿਆ, ਮੈਰਿਟ ਵਿਚ ਛੇਵਾਂ ਨੰਬਰ ਹੈ ਜੀ ਇਸ ਉਮੀਦਵਾਰ ਦਾ। ਮੈਂ ਪੁੱਛਿਆ, ਪਾਸ ਹੈ? ਉਹ ਕਹਿੰਦਾ, ਪਾਸ? ਬਹੁਤ ਨੰਬਰ ਨੇ ਜੀ।
ਕਰਾਮਾਤ ਹੋ ਗਈ! ਦਾਖਲਾ ਫੀਸ ਭਰਨ ਗਿਆ। ਕਲਰਕ ਨੇ ਕਿਹਾ, ਤੁਹਾਨੂੰ ਦਾਖਲਾ ਨਹੀਂ ਮਿਲ ਸਕਦਾ। ਕਾਰਨ ਪੁੱਛਣ ‘ਤੇ ਬੋਲਿਆ, ਸਕੂਲ ਵਿਚ ਪੜ੍ਹਾਉਣ ਦਾ ਘੱਟੋ ਘੱਟ ਦੋ ਸਾਲ ਦਾ ਤਜਰਬਾ ਚਾਹੀਦੈ। ਮੈਂ ਕਿਹਾ, ਪਰ ਮੇਰਾ 35 ਸਾਲ ਦਾ ਤਜ਼ਰਬਾ ਹੈ ਤੇ ਸਰਟੀਫਿਕੇਟ ਨੱਥੀ ਹੈ। ਉਸ ਨੇ ਕਿਹਾ, ਆਹ ਦੇਖੋ ਜੀ ਕੀ ਲਿਖਿਐ। ਉਹੋ ਲਿਖਿਆ ਸੀ ਜੋ ਕਲਰਕ ਨੇ ਦੱਸਿਆ। ਮੈਂ ਪੁੱਛਿਆ, ਇਹ ਕਿਉਂ ਇਹੋ ਜਿਹੀ ਬਕਵਾਸ ਸ਼ਰਤ ਲਾਈ ਹੈ? ਮੇਰੇ ਕੋਲ ਕੁਝ ਵਧ ਹੀ ਹੈ ਘੱਟ ਤਾਂ ਨਹੀਂ। ਜਵਾਬ ਸੀ, ਇਹ ਕੋਰਸ ਹੈ ਈ ਸਕੂਲ ਮਾਸਟਰਾਂ ਦੀ ਸਹਾਇਤਾ ਵਾਸਤੇ।
ਵਿਭਾਗ ਦੇ ਮੁਖੀ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਵਾਈਸ ਚਾਂਸਲਰ ਸਭ ਨੂੰ ਮਿਲਿਆ ਤੇ ਦੱਸਿਆ ਕਿ ਬੀæਐਡæ ਕਰਨ ਦੀ ਪ੍ਰਵਾਨਗੀ ਲਈ ਹੋਈ ਹੈ। ਸਭ ਨੇ ਉਤਰ ਦਿੱਤਾ, ਬੀæਐਡæ ਕਰਨ ਦੀ ਪ੍ਰਵਾਨਗੀ ਤਾਂ ਹੈ, ਯੋਗਤਾ ਹੈ ਕਿ ਨਹੀਂ, ਇਹ ਤਾਂ ਦਾਖਲਾ ਕਮੇਟੀ ਦੇਖੇਗੀ। ਕਮੇਟੀ ਨੇ ਦੇਖ ਲਿਐ, ਤੁਸੀਂ ਯੋਗ ਨਹੀਂ। ਮੰਦਰ ਵਿਚ ਅਕਲ ਦੀ ਗੱਲ ਨਹੀਂ ਸੁਣੀ ਜਾਏਗੀ ਜੋ ਪੁਜਾਰੀ ਕਹੇਗਾ, ਮੰਨੀ ਜਾਏਗੀ। ਕਲਰਕ ਸਰਕਾਰ ਦਾ ਪੁਜਾਰੀ ਹੈ। ਇਸ ਪੁਜਾਰੀ ਦੀ ਕਿਰਪਾ ਸਦਕਾ ਮੈਂ ਪ੍ਰੋਫੈਸਰ ਤੋਂ ਮਾਸਟਰ ਬਣਦਾ ਬਣਦਾ ਰਹਿ ਗਿਆ। ਘਰ ਆ ਕੇ ਪਤਨੀ ਨੂੰ ਸਾਰਾ ਸਾਕਾ ਸੁਣਾਇਆ। ਉਹ ਬੋਲੀ, ਹੁਣ ਕੀ ਕਰੋਗੇ? ਮੈਂ ਕਿਹਾ, ਉਹੀ ਕਰਾਂਗਾ, ਜੋ ਧ੍ਰੂ ਅਤੇ ਪ੍ਰਹਿਲਾਦ ਨੇ ਕੀਤਾ ਸੀ:
ਰਾਮ ਜਪਉ ਜੀਅ ਐਸੇ ਐਸੇ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥