ਗੁਲਜ਼ਾਰ ਸਿੰਘ ਸੰਧੂ
ਉਂਜ ਤਾਂ ਪੰਜਾਬ ਦੇ ਕਾਲੇ ਦਿਨ ਦੀ ਨੀਂਹ 1978 ਦੀ ਵਿਸਾਖੀ ਵਾਲੇ ਦਿਨ ਹੀ ਰੱਖੀ ਗਈ ਸੀ, ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਟੋਲੇ ਵੱਲੋਂ ਤੇਰਾਂ ਵਿਰੋਧ ਪ੍ਰਦਰਸ਼ਨ ਕਰਦੇ ਸਿੱਖਾਂ ਦੀ ਹੱਤਿਆ ਉਪਰੰਤ। ਪਰ ਫਿਰ ਇਸ ਵਿਚ ਪੰਜਾਬ ਨੂੰ ਪਾਣੀਆਂ ਦੀ ਲੋੜ ਨੂੰ ਦੁਰਕਾਰਦਿਆਂ ਹਰਿਆਣਾ ਤੇ ਹਿਮਾਚਲ ਦੇ ਵਸਨੀਕਾਂ ਨੇ ਆਪਣੇ ਹਿੱਸੇ ਦਾ ਪਾਣੀ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦਾ ਸਭ ਤੋਂ ਭਿਆਨਕ ਰੂਪ ਪਹਿਲੀ ਜੂਨ 1984 ਨੂੰ ਹਰਿਮੰਦਰ ਸਾਹਿਬ ਵਿਖੇ ਨੀਲਾ ਤਾਰਾ ਅਪ੍ਰੇਸ਼ਨ ਸੀ।
ਇਸ ਤੋਂ ਪਿਛੋਂ ਸਿਖਰ ਦੇਸ਼ ਦੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕੀਤੀ ਗਈ ਹੱਤਿਆ ਸੀ ਜਿਸ ਪਿਛੋਂ ਨਿਹੱਥੇ ਸਿੱਖਾਂ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਸਿੱਖ ਕਤਲੇਆਮ ਦੇ ਰੂਪ ਵਿਚ ਭੁਗਤਣੇ ਪਏ। ਚੇਤੇ ਰਹੇ, ਇੰਦਰਾ ਗਾਂਧੀ ਸਿੱਖਾਂ ਦੀ ਦਿਲੋਂ ਕਦਰ ਕਰਦੀ ਸੀ ਪਰ ਉਸ ਦੀ ਸਿੱਖ ਇਤਿਹਾਸ ਦੇ ਭਾਵੁਕ ਤੇ ਜੁਝਾਰੂ ਪਿਛੋਕੜ ਉਤੇ ਪੂਰੀ ਪਕੜ ਨਹੀਂ ਸੀ। ਉਸ ਨੂੰ ਅਰੁਣ ਨਹਿਰੂ ਵਰਗੇ ਸਲਾਹਕਾਰਾਂ ਨੇ ਇਤਿਹਾਸ ਦੇ ਹਨੇਰੇ ਵਿਚ ਹੀ ਨਹੀਂ ਧੱਕੀ ਰੱਖਿਆ, ਇਸ ਦੀ ਬਲਦੀ ਦੇ ਬੂਥੇ ਵਿਚ ਵੀ ਝੋਕਿਆ।
ਪੰਜਾਬ ਦੇ ਕਾਲੇ ਦਿਨਾਂ ਦੀ ਇਸ ਗਾਥਾ ਬਾਰੇ ਪਿਛਲੇ ਦਿਨਾਂ ਵਿਚ ਦੋ ਪੁਸਤਕਾਂ ਮਾਰਕੀਟ ਵਿਚ ਆਈਆਂ। ਤੱਥਾਂ ਤੇ ਮਿਤੀਆਂ ਨਾਲ ਭਰਪੂਰ ਕੇਂਦਰ ਦੀ ਰਾਜਧਾਨੀ ਦੇ ਜਾਣੇ-ਪਛਾਣੇ ਹਸਤਾਖਰ ਜੀæ ਏæ ਚਾਵਲਾ ਦੀ Ḕਬਲੱਡ ਸ਼ੈਡ ਇਨ ਪੰਜਾਬḔ ਅਤੇ ਸਿੱਖ ਸੋਚ ਨੂੰ ਪ੍ਰਣਾਏ ਪੱਤਰਕਾਰ ਹਰਬੀਰ ਭੰਵਰ ਦੀ Ḕਪੰਜਾਬ ਦਾ ਤੀਸਰਾ ਘੱਲੂਘਾਰਾ।Ḕ
ਜੀæ ਏæ ਚਾਵਲਾ ਦਾ ਕਹਿਣਾ ਹੈ ਕਿ ਪੰਜਾਬ ਦੇ ਕਾਲੇ ਦਿਨਾਂ ਦੇ ਕੌੜੇ ਸੱਚ ਨੇ ਸਿੱਖੀ ਦੇ ਪ੍ਰਚਾਰਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਏਨੇ ਖਤਰਨਾਕ ਰੂਪ ਵਿਚ ਉਭਾਰਿਆ ਕਿ ਗਿਆਨੀ ਜ਼ੈਲ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਉਸ ਦੇ ਉਸਰੱਈਆਂ ਨਾਲੋਂ ਵੀ ਕਿਤੇ ਵੱਧ ਸ਼ਕਤੀਸ਼ਾਲੀ ਤੇ ਕੱਦ-ਬੁੱਤ ਵਾਲਾ ਹੋ ਨਿਬੜਿਆ। ਉਸ ਦੇ ਨਤੀਜੇ ਕੀ ਨਿਕਲੇ? ਸਭ ਦੇ ਸਾਹਮਣੇ ਹਨ।
ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਚਾਣਚੱਕ ਰਾਜਨੀਤਕ ਰੰਗਤ ਦੇਣ ਤੇ ਭਾਰਤ ਦੇਸ਼ ਦੇ ਆਮ ਵਸਨੀਕ ਹੀ ਨਹੀਂ ਦੇਸ਼ ਦੀ ਉਚਤਮ ਅਦਾਲਤ ਵੱਲੋਂ ਵੀ ਬਰੇਕਾਂ ਲਾਉਣ ਦੀ ਬੜੀ ਲੋੜ ਅਨੁਭਵ ਕੀਤੀ ਗਈ ਹੈ। ਇਸ ਗੱਲ ਦੇ ਸੰਦਰਭ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਟ੍ਰਿਬਿਊਨ ਦੇ ਇਕ ਸੰਪਾਦਕੀ ਨਾਲ ਆਢਾ ਲੈਂਦਿਆਂ ਪਿਛਲੇ ਹਫਤੇ ਤੱਥਾਂ ਮਿਤੀਆਂ ਦੇ ਨਾਲ ਭਰਪੂਰ ਬਹੁਤ ਹੀ ਗੁਸੈਲੀ ਇਕ ਚਿੱਠੀ ਲਿਖੀ ਹੈ। ਇਸ ਦਾ ਮੂਲ ਮੰਤਵ ਪੰਜਾਬ ਤੋਂ ਪਾਣੀ ਦੀ ਮੰਗ ਕਰਨ ਵਾਲਿਆਂ ਨੂੰ ਚੇਤੇ ਕਰਾਉਣਾ ਹੈ ਕਿ ਪੰਜਾਬ ਖੇਤੀ ਉਪਜ ਸਦਕਾ ਸਮੁੱਚੇ ਦੇਸ਼ ਦਾ ਅੰਨਦਾਤਾ ਹੈ ਪਰ ਇਸ ਦੀ ਕਿਸਾਨੀ ਨੂੰ ਆਏ ਦਿਨ ਸਰਕਾਰ ਦਾ ਕਰਜ਼ਾ ਮੋੜਨ ਦੇ ਅਸਮਰਥ ਹੋਣ ਕਾਰਨ ਆਤਮ ਹੱਤਿਆਵਾਂ ਦੇ ਮਾਰਗ ਪੈਣਾ ਪੈ ਗਿਆ ਹੈ। ਇਥੇ ਹੀ ਬੱਸ ਨਹੀਂ, ਪੰਜਾਬ ਦੀ ਨਵੀਂ ਪੀੜ੍ਹੀ ਰੋਜ਼ਗਾਰ ਲਈ ਦਰ-ਦਰ ਭਟਕਦੇ ਰਹਿਣ ਪਿਛੋਂ ਨਸ਼ਾਖੋਰੀ ਦੇ ਰਾਹ ਤੁਰ ਪਈ ਹੈ, ਜਿਸ ਦੇ ਪ੍ਰਭਾਵ ਹੋਰ ਭਿਆਨਕ ਹਨ। ਚਾਵਲਾ ਤੇ ਭੰਵਰ ਦੀਆਂ ਪੁਸਤਕਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਧਿਆਨ ਮੰਗਦੀ ਹੈ।
ਅੰਤਿਕਾ: (ਗੁਮਨਾਮ)
ਵੋਹ ਦਿਨ ਭੀ ਦੇਖੇ ਹੈਂ, ਤਵਾਰੀਖ ਕੀ ਘੜੀਉਂ ਨੇ
ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।