ਸਾਹਿਤ ਦੀ ਸਰਪ੍ਰਸਤੀ

ਜਗਜੀਤ ਸਿੰਘ ਸੇਖੋਂ
ਅੱਧੀ ਸਦੀ ਪਹਿਲਾਂ 10 ਕੁ ਵਰ੍ਹਿਆਂ ਦਾ ਬਰਜਿੰਦਰ ਸਿੰਘ ਜਦੋਂ ਆਪਣੇ ਪਿਤਾ ਬੁੱਧ ਸਿੰਘ ਢਾਹਾਂ ਨਾਲ ਕੈਨੇਡਾ ਦੀ ਧਰਤੀ ਉਤੇ ਪੁੱਜਾ ਸੀ, ਤਾਂ ਉਸ ਦੇ ਇਹ ਚਿੱਤ-ਚੇਤੇ ਵੀ ਨਹੀਂ ਸੀ ਕਿ ਉਹ ਕਦੀ ਆਪਣੀ ਮਾਂ-ਬੋਲੀ ਨੂੰ ਇੰਝ ਘੁੱਟ ਕੇ ਮੁੜ ਗਲਵੱਕੜੀ ਪਾਏਗਾ! ਦੋ ਸਾਲ ਪਹਿਲਾਂ ਬਰਜਿੰਦਰ ਸਿੰਘ ਜੋ ਹੁਣ ਕੈਨੇਡਾ ਵਿਚ ਬਾਰਜ ਢਾਹਾਂ ਵਜੋਂ ਸਫਲ ਕਾਰੋਬਾਰੀ ਵਜੋਂ ਆਪਣਾ ਡੰਕਾ ਵਜਾ ਚੁੱਕਾ ਹੈ, ਨੇ ਆਪਣੀ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਜਗਤ ਲਈ ਬਹੁਤ ਉਚੀ ਉਡਾਣ ਭਰੀ ਹੈ।

ਉਸ ਨੇ ਕੌਮਾਂਤਰੀ ਪੱਧਰ ਦਾ ਅਜਿਹਾ ਇਨਾਮ ਆਰੰਭ ਕੀਤਾ ਹੈ ਜੋ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਆਪਣੇ ਕਲਾਵੇ ਵਿਚ ਲੈ ਰਿਹਾ ਹੈ। ਆਪਣੇ ਪਿੰਡ ਢਾਹਾਂ ਦੇ ਨਾਂ ਉਤੇ ਉਹਨੇ ਕੌਮਾਂਤਰੀ ਪੱਧਰ ਦੇ ਇਸ ਸਾਹਿਤ ਇਨਾਮ ਦਾ ਨਾਂ ਰੱਖਿਆ ਹੈ।
ਬਾਰਜ ਢਾਹਾਂ ਦੇ ਪਿਤਾ ਬੁੱਧ ਸਿੰਘ ਢਾਹਾਂ 1967 ਵਿਚ ਕੈਨੇਡਾ ਪੁੱਜੇ ਸਨ ਅਤੇ ਉਨ੍ਹਾਂ ਨੇ 1980ਵਿਆਂ ਵਿਚ ਪੰਜਾਬ ਪੁੱਜ ਕੇ ਕੈਨੇਡਾ ਵਾਲੀਆਂ ਸਿਹਤ ਸਹੂਲਤਾਂ ਪੰਜਾਬ ਦੇ ਪੇਂਡੂ ਖੇਤਰ ਵਿਚ ਸ਼ੁਰੂ ਕਰਨ ਦਾ ਤਹੱਈਆ ਕੀਤਾ ਸੀ। ਇਸੇ ਮਨਸ਼ੇ ਨਾਲ ਉਨ੍ਹਾਂ ਆਪਣੇ ਪਿੰਡ ਢਾਹਾਂ ਵਿਚ ਚੈਰੀਟੇਬਲ ਹਸਪਤਾਲ ਸ਼ੁਰੂ ਕੀਤਾ। ਹੁਣ ਇਹ ਸੰਸਥਾ ਨਰਸਿੰਗ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਨੇ ਪੇਂਡੂ ਅਵਾਮ ਨੂੰ ਨਵੇਂ ਦਿਸਹੱਦੇ ਦਿਖਾਏ ਹਨ ਅਤੇ ਇਲਾਕੇ ਵਿਚ ਨਵੀਆਂ ਪੈੜਾਂ ਪਾਈਆਂ ਹਨ। ਆਪਣੇ ਪਿਤਾ ਦੇ ਨਕਸ਼-ਏ-ਕਦਮ ਉਤੇ ਚੱਲਦਿਆਂ ਬਾਰਜ ਢਾਹਾਂ ਨੇ 2011 ਵਿਚ ਕੌਮਾਂਤਰੀ ਸਾਹਿਤ ਇਨਾਮ ਬਾਰੇ ਸੋਚਿਆ। ਇਹ ਇਨਾਮ ਸਾਲ 2014 ਤੋਂ ਆਰੰਭ ਹੋ ਚੁੱਕਾ ਹੈ। ਇਹ ਇਨਾਮ ਪੰਜਾਬੀ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਲਈ ਦਿੱਤਾ ਜਾਂਦਾ ਹੈ। ਪਹਿਲਾ ਇਨਾਮ 25 ਹਜ਼ਾਰ ਕੈਨੇਡੀਅਨ ਡਾਲਰ ਰੱਖਿਆ ਗਿਆ ਹੈ। ਦੂਜੇ ਦੋ ਇਨਾਮ ਰੱਖੇ ਗਏ ਹਨ ਅਤੇ ਇਨ੍ਹਾਂ ਲਈ 5-5 ਹਜ਼ਾਰ ਕੈਨੇਡੀਅਨ ਡਾਲਰ ਮੁਕੱਰਰ ਕੀਤੇ ਗਏ ਹਨ। ਇਹ ਇਨਾਮ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚ ਛਪਦੀਆਂ ਪੰਜਾਬੀ ਰਚਨਾਵਾਂ ਨੂੰ ਦਿੱਤਾ ਜਾਂਦਾ ਹੈ। ਬਾਕਾਇਦਾ ਪ੍ਰਬੰਧ ਕੀਤਾ ਗਿਆ ਹੈ ਕਿ ਇਨਾਮ ਲਈ ਗੁਰਮੁਖੀ ਅਤੇ ਸ਼ਾਹਮੁਖੀ ਦੀ ਘੱਟੋ-ਘੱਟ ਇਕ ਕਿਤਾਬ ਜ਼ਰੂਰ ਚੁਣੀ ਜਾਵੇ। ਇਸ ਇਨਾਮ ਉਤੇ ਸਾਲਾਨਾ ਇਕ ਲੱਖ ਡਾਲਰ ਦਾ ਖਰਚ ਆ ਰਿਹਾ ਹੈ। ਬਾਰਜ ਢਾਹਾਂ ਇਸ ਪ੍ਰਸੰਗ ਵਿਚ ਕੈਨੇਡਾ ਦੇ ਗਿਲਰ ਇਨਾਮ ਦਾ ਉਚੇਚਾ ਜ਼ਿਕਰ ਕਰਦੇ ਹਨ ਜਿਹੜਾ ਸਾਹਿਤ ਦੇ ਖੇਤਰ ਵਿਚ ਹੁਣ ਸੰਸਾਰ ਪੱਧਰ Ḕਤੇ ਨਾਮਣਾ ਖੱਟ ਚੁੱਕਾ ਹੈ। ਉਹ ਚਾਹੁੰਦੇ ਹਨ ਕਿ ਪੰਜਾਬੀ ਦੀ ਚਰਚਾ ਵੀ ਇਸੇ ਪੱਧਰ Ḕਤੇ ਹੋਵੇ। ਇਹ ਇਨਾਮ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਏਸ਼ੀਅਨ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਆਰੰਭ ਹੋਇਆ ਹੈ।
ਇਸ ਇਨਾਮ ਲਈ ਚੋਣ ਕਰਨ ਵਾਲੀ ਜਿਊਰੀ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਇਨਾਮ ਬਾਰੇ ਬਣਾਈ ਸਲਾਹਕਾਰ ਕਮੇਟੀ ਪਹਿਲਾਂ ਗੁਰਮੁਖੀ ਅਤੇ ਸ਼ਾਹਮੁਖੀ ਲਈ ਦੋ ਜਿਊਰੀਆਂ ਬਣਾਉਂਦੀ ਹੈ। ਇਹ ਜਿਊਰੀਆਂ ਆਪੋ-ਆਪਣੀ ਰਾਏ ਮੁਤਾਬਕ ਕਿਤਾਬਾਂ ਛਾਂਟਦੀਆਂ ਹਨ ਜੋ ਅਗਾਂਹ ਵਿਚਾਰ ਹਿਤ ਕੇਂਦਰੀ ਜਿਊਰੀ ਕੋਲ ਜਾਂਦੀਆਂ ਹਨ। ਫਿਰ ਇਹ ਕੇਂਦਰੀ ਜਿਊਰੀ ਹੀ ਅੰਤਿਮ ਫੈਸਲਾ ਕਰਦੀ ਹੈ। ਜਿਊਰੀ ਵਿਚ ਕੌਣ-ਕੌਣ ਹਨ, ਇਨਾਮ ਦੇ ਐਲਾਨ ਤੋਂ ਬਾਅਦ ਹੀ ਪਤਾ ਲੱਗਦਾ ਹੈ। ਮਕਸਦ ਉਮਦਾ ਰਚਨਾ ਨੂੰ ਇਨਾਮ ਨਾਲ ਨਿਵਾਜਣਾ ਅਤੇ ਉਤਮ ਸਾਹਿਤ ਦੀ ਸਹੀ ਸਰਪ੍ਰਸਤੀ ਕਰਨਾ ਹੈ।
______________________________
ਪਿੰਡ ਅਤੇ ਪੰਜਾਬੀ ਦੀ ਮਹਿਮਾ
ਬਾਰਜ ਢਾਹਾਂ ਨੇ ਇਨਾਮ ਦਾ ਨਾਂ ਆਪਣੇ ਪਿੰਡ ਦੇ ਨਾਂ ਉਤੇ ਰੱਖਿਆ ਹੈ। ਉਨ੍ਹਾਂ ਦਾ ਦਾਈਆ ਇਹੀ ਹੈ ਕਿ ਸੰਸਾਰ ਦੇ ਕਿਸੇ ਵੀ ਖਿੱਤੇ ਵਿਚ ਵੱਸਦੇ ਪੰਜਾਬੀ ਨੂੰ ਸਾਹਿਤ ਰਾਹੀਂ ਇਕ ਕੜੀ ਵਿਚ ਪਰੋਣਾ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਪਹਿਲੀ ਪੂਣੀ ਕੱਤ ਲਈ ਹੈ ਅਤੇ ਉਨ੍ਹਾਂ ਦੇ ਇਸ ਉੱਦਮ ਨੂੰ ਖੂਬ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦਾ ਸੁਫਨਾ ਹੈ ਕਿ ਪੰਜਾਬੀ ਸੰਸਾਰ ਭਰ ਵਿਚ ਆਪਣੀ ਹੋਂਦ ਜ਼ਾਹਿਰ ਕਰੇ।