‘ਪੰਜਾਬ ਟਾਈਮਜ਼’ ਦਾ ਸਾਲਾਨਾ ਸਮਾਗਮ ਐਤਕੀਂ ਵੀ ਖੂਬ ਭਰਿਆ ਹੋਵੇਗਾ। ਸੰਜੀਦਾ ਵਿਚਾਰਾਂ ਹੋਈਆਂ ਹੋਣਗੀਆਂ ਅਤੇ ਸੁਆਦਲੇ ਪਕਵਾਨਾਂ ਤੇ ਮਧੁਰ ਗੀਤ-ਸੰਗੀਤ ਦਾ ਭਰਵਾਂ ਅਨੰਦ ਮਾਣਿਆ ਹੋਵੇਗਾ। ਮੁਬਾਰਕ। ਅਫ਼ਸੋਸ਼ææਰਿਸ਼ਤੇਦਾਰੀ ਵਿਚ ਹੋਏ ਹਾਦਸੇ ਕਾਰਨ ਸ਼ਿਕਾਗੋ ਪਹੁੰਚ ਕੇ ਵੀ ਮੈਂ ਇਸ ਤੋਂ ਵਾਂਝਾ ਰਹਿ ਗਿਆ। ਅਗਲੇ ਸਾਲ ਵਾਲੇ ਸਮਾਗਮ ਦੀ ਆਸ ਨਾਲ ਮੁੜ ਮੁਬਾਰਕ ਤੇ ਨਾਲ ਤੁਹਾਡੇ ਸਿਰੜ, ਸਿਦਕਦਿਲੀ, ਮਿਹਨਤ ਤੇ ਸਿਆਣਪ ਨੂੰ ਸਲਾਮ। ਸਮਾਗਮ ਵਿਚ ਭਾਵੇਂ ਜਿਸਮਾਨੀ ਤੌਰ ‘ਤੇ ਸ਼ਾਮਲ ਨਹੀਂ ਹੋ ਸਕਿਆ, ਪਰ ਮਨ ਦੀਆਂ ਤਾਰਾਂ ਸਮਾਗਮ ਦੀ ਕਲਪਨਾ ਨਾਲ ਟੁਣਕਦੀਆਂ ਰਹੀਆਂ।
ਪੱਤਰਕਾਰੀ ਦੇ ਕਿੱਤੇ ਨਾਲ ਮੇਰਾ ਵਾਹ-ਵਾਸਤਾ ਤੇ ਮੋਹ ਹੋਣ ਕਰ ਕੇ ਪੱਤਰਕਾਰੀ, ਪੰਜਾਬੀ ਪੱਤਰਕਾਰੀ ਦੇ ਇਤਿਹਾਸ, ਭਵਿੱਖ ਅਤੇ ਪੰਜਾਬ ਤੇ ਦੁਨੀਆਂ ਦੀ ਪੱਤਰਕਾਰੀ ਬਾਰੇ ਅਨੇਕਾਂ ਖਿਆਲ ਉਪਜੇ। ਭਾਸ਼ਾ ਲਈ ਲਿਪੀ ਦਾ ਈਜਾਦ ਹੋਣਾ; ਲਿਖਣ ਲਈ ਕੰਧਾਂ, ਪੱਥਰਾਂ ਤੇ ਪੱਤਿਆਂ ਤੋਂ ਹੁੰਦਿਆਂ ਕਾਗਜ਼ ਦੀ ਕਾਢ ਤੱਕ ਦਾ ਸਫਰ; ਏਸ਼ੀਆ ਤੇ ਮੱਧ ਪੂਰਵ ਤੋਂ ਹੁੰਦੀ ਹੋਈ ਪੱਤਰਕਾਰੀ ਯੂਰਪ ਅਤੇ ਅੱਗਿਉਂ ਉਤਰੀ ਤੇ ਦੱਖਣੀ ਅਮਰੀਕਾ ਪੁੱਜੀ, ਜਿਥੋਂ ਇਸ ਨੂੰ ਨਵਾਂ ਮੁਹਾਂਦਰਾ ਮਿਲਿਆ।
ਜੇ ਸਿਰਫ ਪੰਜਾਬੀ ਪੱਤਰਕਾਰੀ ਦੀ ਗੱਲ ਕਰਨੀ ਹੋਵੇ ਤਾਂ ਇਹ ‘ਉਲਟੀ ਗੰਗਾ ਪਿਹੋਏ ਨੂੰ’ ਵਾਲੀ ਹੈ। ਦੁਨੀਆਂ ਦੀ ਪੱਤਰਕਾਰੀ ਦਾ ਆਗਾਜ਼ ਹੋਇਆ ਏਸ਼ੀਆ ਮੱਧ ਪੂਰਬ ਵਿਚੋਂ। ਪੰਜਾਬ, ਏਸ਼ੀਆ ਅਤੇ ਮੱਧ ਪੂਰਬ ਦੇ ਸਭ ਤੋਂ ਜ਼ਰਖੇਜ਼ ਖਿੱਤਿਆਂ ਵਿਚੋਂ ਹੈ, ਪਰ ਪੰਜਾਬੀ ਪੱਤਰਕਾਰੀ ਦਾ ਆਗਾਜ਼ ਅਮਰੀਕੀ ਪਾਦਰੀਆਂ ਨੇ ਕੀਤਾ। ਜਦ ਸਤਲੁਜ ਪਾਰ ਦਾ ਮਾਲਵਾ ਇਲਾਕਾ ਟੇਢੇ ਢੰਗ ਨਾਲ ਅੰਗਰੇਜ਼ਾਂ ਅਧੀਨ ਆ ਗਿਆ ਤਾਂ ਈਸਾਈ ਪਾਦਰੀਆਂ ਨੇ ਪੰਜਾਬ ਵਿਚ ਈਸਾਈਅਤ ਦਾ ਪ੍ਰਚਾਰ ਕਰਨ ਲਈ ਲੁਧਿਆਣਾ ਨੂੰ ਆਪਣਾ ਧੁਰਾ ਬਣਾ ਲਿਆ। ਆਲੀਸ਼ਾਨ ਚਰਚ ਬਣਾਉਣ ਦੇ ਨਾਲ-ਨਾਲ ਆਧੁਨਿਕ ਵਿਦਿਅਕ ਅਦਾਰੇ ਤੇ ਹਸਪਤਾਲ ਵਗੈਰਾ ਵੀ ਉਸਾਰੇ। ਅਮਰੀਕੀ ਪਾਦਰੀਆਂ ਨੇ ਲੱਕੜ ਦੇ ਅੱਖਰਾਂ ਵਾਲਾ ਛਾਪਾਖਾਨਾ ਲਿਜਾ ਕੇ ਲੁਧਿਆਣਾ ਤੋਂ ਹੀ ‘ਲੁਧਿਆਣਾ ਗਜ਼ਟ’ ਨਾਂ ਦਾ ਪਹਿਲਾ ਪੰਜਾਬੀ ਅਖਬਾਰ ਚਾਲੂ ਕੀਤਾ। ਇਸ ਦਾ ਮਕਸਦ ਸਿਰਫ਼ ਈਸਾਈਅਤ ਦਾ ਪ੍ਰਚਾਰ ਸੀ।
1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਰਫ ਦਸ ਸਾਲ ਯਾਨਿ 1849 ਵਿਚ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਆ ਗਿਆ। ਈਸਾਈਅਤ ਤੇਜ਼ੀ ਨਾਲ ਵਧਣ ਲੱਗੀ। ਈਸਾਈਅਤ ਖਿਲਾਫ਼ ਆਰੀਆ ਸਮਾਜ, ਸਿੰਘ ਸਭਾ ਲਹਿਰ ਅਤੇ ਇਸਲਾਮੀਆ ਸਮਾਜ ਵਰਗੀਆਂ ਲਹਿਰਾਂ ਉਠੀਆਂ। ਦੂਜਾ ਪਰਚਾ ਚਾਲੂ ਹੋਇਆ ਹਿੰਦੂ ਕੱਟੜ ਲੋਕਾਂ ਵਲੋਂ ਹਰਿਮੰਦਰ ਸਾਹਿਬ ਦੇ ਨਾਂ ‘ਤੇ, ‘ਗੋਲਡਨ ਟੈਂਪਲ ਨਿਊਜ਼।’ ਇਹ ਪਰਚਾ ਦੇਖਣ ਨੂੰ ਸਿੱਖ ਪਰਚਾ ਲਗਦਾ, ਪਰ ਇਹ ਪਿਛਾਖੜੀ ਹਿੰਦੂ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਸੀ। ਦੇਖਾ-ਦੇਖੀ ਅਨੇਕਾਂ ਹੋਰ ਧਾਰਮਿਕ ਪਰਚੇ ਨਿਕਲਣ ਲੱਗੇ, ਪਰ ਆਪੋ-ਆਪਣੇ ਫਿਰਕਿਆਂ ਦੇ ਪ੍ਰਚਾਰ ਲਈ। ਇਸ ਤਰ੍ਹਾਂ ਪੰਜਾਬੀ ਪੱਤਰਕਾਰੀ ਦਾ ਜਨਮ ਹੀ ਫ਼ਿਰਕਾਪ੍ਰਸਤੀ ਵਿਚੋਂ ਹੋਇਆ ਜੋ ਅਜੇ ਵੀ ਕਿਸੇ ਹੱਦ ਤੱਕ ਇਸ ਦੀ ਜਕੜ ਵਿਚ ਹੈ।
ਉਹ ਦੌਰ ਵੀ ਆਇਆ ਜਦੋਂ ਅੰਗਰੇਜ਼ਾਂ ਦੇ ਨਵੇਂ ਬਣੇ ਰਾਜਸੀ ਤੇ ਆਰਥਿਕ ਕਾਨੂੰਨਾਂ ਨੇ ਪੰਜਾਬ ਵਿਚ ਅਫਰਾ-ਤਫ਼ਰੀ ਪੈਦਾ ਕੀਤੀ। ਪੰਜਾਬੀ ਦੇਸ਼ ਛੱਡ ਵਿਦੇਸ਼ਾਂ ਵੱਲ ਨਿਕਲਣ ਲੱਗੇ ਅਤੇ ਅਮਰੀਕਾ-ਕੈਨੇਡਾ ਪਹੁੰਚੇ। ਹਾਲਾਤ ਬਹੁਤੇ ਸੁਖਾਵੇਂ ਨਾ ਹੋਣ ਕਰ ਕੇ ਆਪਣੇ ਦੇਸ਼ ਨੂੰ ਹੀ ਅਮਰੀਕਾ-ਕੈਨੇਡਾ ਵਰਗਾ ਆਜ਼ਾਦ ਦੇਸ਼ ਬਣਾਉਣ ਦੇ ਸੁਪਨੇ ਉਪਜੇ। ਫਿਰ ਲਹਿਰ ਬਣੀ। ਅਖਬਾਰ ਸ਼ੁਰੂ ਹੋਏ, ਸਭ ਭਾਸ਼ਾਵਾਂ ਵਿਚ। ਅੰਗਰੇਜ਼ੀ ਦਾ ਅਖਬਾਰ ਸੀ, ‘ਹਿੰਦੁਸਤਾਨ ਟਾਈਮਜ਼’ (ਜੋ ਭਾਰਤ ਵਿਚ ਹੁਣ ਵੀ ਛਪਦਾ ਹੈ, ਦਾ ਸਬੰਧ ਗਦਰ ਪਾਰਟੀ ਨਾਲ ਹੈ) ਅਤੇ ਦੂਜੇ ‘ਗਦਰ’ ਪੰਜਾਬੀ ਅਖਬਾਰ ਦੇ ਨਾਂ ‘ਤੇ ਹੀ ਗਦਰ ਲਹਿਰ ਮਕਬੂਲ ਹੋਈ। ‘ਗਦਰ’ ਅਖਬਾਰ ਵੀ ਭਾਵੇਂ ਗਦਰੀਆਂ ਦੇ ਪ੍ਰਚਾਰ ਲਈ ਕੱਢੀ ਗਈ ਸੀ, ਪਰ ਇਸ ਨੂੰ ਮਾਡਰਨ ਪੰਜਾਬੀ ਪ੍ਰਿੰਟ ਮੀਡੀਆ ਦੀ ਸੈਕੂਲਰ ਤੇ ਅਗਾਂਹਵਧੂ ਮਾਂ ਅਖਬਾਰ ਕਿਹਾ ਜਾ ਸਕਦਾ ਹੈ।
ਫਿਰ ਦੇਸ਼ ਆਜ਼ਾਦ ਹੋਇਆ, ਪੰਜਾਬ ਦੀ ਵੰਡ ਹੋਈ ਅਤੇ ਇਸ ਦੇ ਨਾਲ ਹੀ ਪੰਜਾਬੀ ਪੱਤਰਕਾਰੀ ਮੌਲਣ ਲੱਗੀ। ਜਲੰਧਰ ਪੰਜਾਬੀ ਪੱਤਰਕਾਰੀ ਦਾ ਧੁਰਾ ਬਣ ਕੇ ਉਭਰਿਆ, ਪਰ ਇਹ ਵਿਰਾਸਤ ਵਿਚ ਮਿਲੀ ਫ਼ਿਰਕਾਪ੍ਰਸਤੀ ਦੀ ਕਾਲਖ ਨਾਲ ਕਲੰਕਤ ਹੁੰਦੀ ਰਹੀ। ਆਜ਼ਾਦੀ ਦਾ ਉਤਸ਼ਾਹ ਮੱਠਾ ਪੈਣ ਲੱਗਾ ਅਤੇ ਪੰਜਾਬੀ ਮੁੜ ਪਰਵਾਸ ‘ਤੇ ਤੁਰ ਪਏ। ਨਾਲ ਹੀ ਪਰਵਾਸੀ ਪੰਜਾਬੀ ਪੱਤਰਕਾਰੀ ਦਾ ਆਗਾਜ਼ ਹੋਇਆ।
ਕਿਸੇ ਸਮੇਂ ਪਰਵਾਸੀ ਪੰਜਾਬੀ ਪੱਤਰਕਾਰੀ ਨੇ ਪੰਜਾਬੀ ਪੱਤਰਕਾਰੀ ਨੂੰ ਨਵਾਂ ਮਾਰਗ ਦਰਸ਼ਨ ਦਿੱਤਾ ਸੀ, ਹੁਣ ਪਰਵਾਸੀ ਪੱਤਰਕਾਰੀ ਪੀਲੀ ਪੱਤਰਕਾਰੀ ਦੇ ਰਾਹ ਤੁਰ ਪਈ ਹੈ। ਨਾਮਵਰ ਪਰਵਾਸੀ ਪੱਤਰਕਾਰ ਆਪੇ ਲਾਈ ਅੱਗ ਵਿਚ ਝੁਲਸੇ ਗਏ ਹਨ।
ਜੇ ਅੱਜ ਵੀ ਸਮੁੱਚੀ ਪੰਜਾਬੀ ਪੱਤਰਕਾਰੀ ਦੀ ਗੱਲ ਕਰਨੀ ਹੋਵੇ ਤਾਂ ਇਹ ਹੁਣ ਅਸਲੋਂ ਵੱਖਰੀ ਹੈ। ਅੱਜ ਦੀ ਪੱਤਰਕਾਰੀ ਨਿੱਤ ਵਾਪਰਦੀਆਂ ਘਟਨਾਵਾਂ, ਜਾਣਕਾਰੀਆਂ ਜਾਂ ਸੂਚਨਾਵਾਂ ਦੀ ਮੁਥਾਜ ਨਹੀਂ। ਪਿਛਲੇ ਡੇਢ-ਦੋ ਦਹਾਕਿਆਂ ਵਿਚ ਸੰਚਾਰ ਸਾਧਨਾਂ ਵਿਚ ਇੰਨਾ ਵੱਡਾ ਇਨਕਲਾਬ ਆਇਆ ਹੈ ਕਿ ਰੋਜ਼ਾਨਾ ਅਖਬਾਰਾਂ ਵੀ ਸੂਚਨਾਵਾਂ ਤੇ ਖਬਰਾਂ ਦੇ ਮਾਮਲੇ ਵਿਚ ਫਾਡੀ ਰਹਿ ਗਈਆਂ।
ਹਫਤਾਵਾਰੀ ਅਖਬਾਰਾਂ ਦੀ ਗੱਲ ਹੀ ਵੱਖਰੀ ਹੈ। ਸੋਸ਼ਲ ਮੀਡੀਆ ਨੇ ਨਵੀਂ ਤਰ੍ਹਾਂ ਦੀ ਪੱਤਰਕਾਰੀ ਨੂੰ ਜਨਮ ਦਿੱਤਾ। ਅਮਰੀਕਾ ਦੀਆਂ ਰੋਜ਼ਾਨਾ ਕੌਮੀ ਅਖਬਾਰਾਂ ਵੀ ਦੋ-ਢਾਈ ਪੰਨੇ ਸੋਸ਼ਲ ਮੀਡੀਆ ਦੀ ਤਾਜ਼ਾ ਜਾਣਕਾਰੀ ਲਈ ਖਰਚ ਕਰ ਰਹੀਆਂ ਹਨ। ਕਹਿਣ ਦਾ ਭਾਵ, ਅਖਬਾਰਾਂ ਖਾਸ ਕਰ ਕੇ ਹਫ਼ਤਾਵਾਰੀ ਅਖਬਾਰਾਂ ਦਾ ਕਾਰਜ ਪੇਤਲੀ ਖਬਰੀ ਜਾਣਕਾਰੀ ਮੁਹੱਈਆ ਕਰਵਾਉਣਾ ਨਹੀਂ, ਸਗੋਂ ਆਪਣੇ ਪਾਠਕ ਵਰਗ ਜਾਂ ਭਾਈਚਾਰੇ ਦੀਆਂ ਸਮੱਸਿਆਵਾਂ ਉਘਾੜਨਾ, ਉਨ੍ਹਾਂ ਦੇ ਹੱਲ ਤੇ ਸੰਭਾਵੀ ਸਮੱਸਿਆਵਾਂ ਬਾਰੇ ਅਗਾਊਂ ਚੌਕਸ ਕਰਨਾ ਅਤੇ ਆਪਣੇ ਵਿਰਸੇ, ਸਾਹਿਤ, ਸੰਗੀਤ ਜਾਂ ਸਮੁੱਚੇ ਸਭਿਆਚਾਰ ਨੂੰ ਉਭਾਰਨ, ਪ੍ਰਚਾਰਨ ਦਾ ਕਾਰਜ ਹੈ। ਇਹ ਕਾਰਜ ਹਫਤਾਵਾਰੀ ‘ਪੰਜਾਬ ਟਾਈਮਜ਼’ ਸਿਦਕਦਿਲੀ ਨਾਲ ਕਰ ਰਿਹਾ ਹੈ।
ਇਥੇ ਇਕ ਗੱਲ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ। ਸ਼ਾਇਦ ਇਹ ਵਾਜਬ ਵੀ ਹੈ ਤੇ ਇਸ ਕਿੱਤੇ ਨਾਲ ਜੁੜਿਆ ਹੋਣ ਕਰ ਕੇ ਮੇਰਾ ਫਰਜ਼ ਵੀ ਬਣਦਾ ਹੈ। ਹਰ ਭਾਈਚਾਰੇ ਵਿਚ ਵਖਰੇਵੇਂ ਹੁੰਦੇ ਹਨ। ਇਨ੍ਹਾਂ ਵਖਰੇਵਿਆਂ ਨੂੰ ਜੇ ਸੁਣੀਏ, ਵਿਚਾਰੀਏ ਤੇ ਸਮਝੀਏ ਤਾਂ ਸਮੁੱਚਾ ਭਾਈਚਾਰਾ ਵਿਕਾਸ ਕਰਦਾ ਹੈ, ਪਰ ਸਾਡੇ ਭਾਈਚਾਰੇ ਵਿਚ ਸਾਡੀ ਭਾਸ਼ਾ ਦੇ ਅਨੇਕਾਂ ਅਖਬਾਰ ਹਨ ਜੋ ਵਿਰੋਧੀ ਧੜੇ ਨੂੰ ਆਪਣੇ ਅਖਬਾਰ ਵਿਚ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੰਦੇ, ਜਾਂ ਅਗਲੇ ਦੀ ਗੱਲ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਗਲਤ ਤੱਥਾਂ ਨਾਲ ਅਗਲੇ ਨੂੰ ਗਲਤ ਸਾਬਤ ਕਰਨ ਤੱਕ ਜਾਂਦੇ ਹਨ। ਨਿਜੀ ਮੁਫ਼ਾਦ ਪਾਕਿ ਪੱਤਰਕਾਰੀ ਉਤੇ ਭਾਰੂ ਪੈ ਗਏ ਹਨ। ਇਹ ਸਭ ਕੁਝ ਨਵੀਂ ਕਿਸਮ ਦੀ ਪੀਲੀ ਪੱਤਰਕਾਰੀ ਬਣ ਕੇ ਉਭਰ ਰਿਹਾ ਹੈ। ਮੈਂ ‘ਪੰਜਾਬ ਟਾਈਮਜ਼’ ਦੀ ਸਮੁੱਚੀ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦੀ ਹਾਂ ਤੇ ਮੁਬਾਰਕ ਵੀ ਦਿੰਦਾ ਹਾਂ ਕਿ ਉਹ ਆਪਣੇ ਸੀਮਤ ਆਰਥਿਕ, ਸਮਾਜਿਕ ਅਤੇ ਮਨੁੱਖੀ ਸਾਧਨਾਂ ਤੇ ਸ਼ਕਤੀ ਦੇ ਬਾਵਜੂਦ ਉਸਾਰੂ ਰੋਲ ਨਿਭਾ ਰਹੇ ਹਨ। ਪੰਜਾਬ ਅੱਜ ਪੰਜ ਦਰਿਆਵਾਂ ਦੀ ਵਲਗਣ ਵਿਚ ਨਹੀਂ ਵਸਦਾ। ਇਹ ਬ੍ਰਹਿਮੰਡ ਵਿਚ ਵਸਦਾ ਹੈ। ‘ਪੰਜਾਬ ਟਾਈਮਜ਼’ ਅਮਰੀਕਾ ਦਾ ਮੋਹਰੀ ਪੰਜਾਬੀ ਹਫ਼ਤਾਵਰ ਨਹੀਂ, ਸਗੋਂ ਕੌਮਾਂਤਰੀ ਪੰਜਾਬੀ ਭਾਈਚਾਰੇ ਦਾ ਪਰਚਾ ਹੈ। ਪਿਛਲੇ ਸਮੇਂ ਵਿਚ ਜਿਵੇਂ ਪੰਜਾਬ ਟਾਈਮਜ਼ ਨੇ ਹਰ ਵਰਗ ਦੇ ਵਿਚਾਰਾਂ ਵਾਲਿਆਂ ਨੂੰ ਪਰਚੇ ਵਿਚ ਯੋਗ ਥਾਂ ਦੇ ਕੇ ਪੰਜਾਬ, ਪੰਜਾਬੀਅਤ ਅਤੇ ਕੌਮਾਂਤਰੀ ਪੰਜਾਬੀ ਭਾਈਚਾਰੇ ਦੀਆਂ ਰਾਜਸੀ, ਸਭਿਆਚਾਰਕ, ਆਰਥਿਕ ਤੇ ਸਮਾਜਿਕ ਸਮੱਸਿਆਵਾਂ ਨੂੰ ਉਭਾਰਿਆ ਹੈ, ਪੰਜਾਬੀ ਸਭਿਆਚਾਰ ਤੇ ਇਤਿਹਾਸ ਨੂੰ ਪ੍ਰਚਾਰਿਆ ਅਤੇ ਪੰਜਾਬੀਅਤ ਤੇ ਧਰਮ ਦੇ ਨਾਂ ‘ਤੇ ਨਿਜੀ ਮੁਫ਼ਾਦਾਂ ਲਈ ਲੋਕਾਂ ਨੂੰ ਵੰਡਣ ਵਾਲਿਆਂ ਨੂੰ ਨੰਗਿਆਂ ਕੀਤਾ ਹੈ, ਉਸ ਲਈ ਸਮਾਜ ਪੰਜਾਬ ਟਾਈਮਜ਼ ਦਾ ਰਿਣੀ ਰਹੇਗਾ। ਅੰਤ ਵਿਚ ਇਕ ਬੇਨਤੀ ਭਾਈਚਾਰੇ ਨੂੰ, ਕਿ ਅੱਜ ਦੇ ਆਧੁਨਿਕ ਮੀਡੀਆ ਦੇ ਯੁੱਗ ਵਿਚ ਹਫਤਾਵਾਰੀ ਜਾਂ ਮਾਸਿਕ ਉਸਾਰੂ ਪਰਚੇ ਭਾਈਚਾਰੇ ਦੇ ਸਹਾਰੇ ਬਿਨਾਂ ਚਲਾਉਣੇ ਔਖੇ ਨਹੀਂ, ਸਗੋਂ ਅਸੰਭਵ ਹਨ। ਸੋ, ਆਪਾਂ ਸਭ ਨੂੰ ਆਪਣੇ ਅਗਾਂਹਵਧੂ, ਉਸਾਰੂ ਪਰਚਿਆਂ ਨਾਲ ਜੁੜਨਾ ਚਾਹੀਦਾ ਹੈ।
-ਹਰਜਿੰਦਰ ਦੁਸਾਂਝ
ਯੂਬਾ ਸਿਟੀ, ਕੈਲੀਫੋਰਨੀਆ।