ਝੂਠੇ ਪੁਲਿਸ ਮੁਕਾਬਲੇ ਨੇ ਅੱਲੇ ਜ਼ਖਮ ਉਚੇੜੇ

ਲਖਨਊ (ਗੁਰਵਿੰਦਰ ਸਿੰਘ ਵਿਰਕ): ਢਾਈ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਏ ਝੂਠੇ ਪੁਲਿਸ ਮੁਕਾਬਲੇ ਦੇ ਫੈਸਲੇ ਨੇ ਅੱਲੇ ਜ਼ਖਮ ਇਕ ਵਾਰ ਫਿਰ ਉਚੇੜ ਦਿੱਤੇ ਹਨ। ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਨੇ 11 ਸਿੱਖ ਸ਼ਰਧਾਲੂਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲੇ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਢਾਈ ਦਹਾਕਿਆਂ ਦੌਰਾਨ ਇਸ ਕੇਸ ਵਿਚ ਕਈ ਪੜਾਅ ਆਏ, ਪਰ ਆਖਰਕਾਰ ਇਹ ਫੈਸਲਾ ਸਾਹਮਣੇ ਆਇਆ।

ਇਹ ਘਟਨਾ 12 ਜੁਲਾਈ, 1991 ਦੀ ਹੈ, ਜਦੋਂ 11 ਤੀਰਥ ਯਾਤਰੀਆਂ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਤਿੰਨ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਸੀ। ਇਹ ਯਾਤਰੀ ਨੈਨੀਤਾਲ ਦੇ ਨਾਨਕ ਮਤਾ ਗੁਰਦੁਆਰੇ ਅਤੇ ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਸਨ ਜਿਨ੍ਹਾਂ ਨੂੰ ਬੱਸ ਤੋਂ ਉਤਾਰ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਇਹ ਖ਼ਬਰ ਛਪੀ ਜਿਸ ਦੇ ਆਧਾਰ ‘ਤੇ ਪ੍ਰਸਿੱਧ ਵਕੀਲ ਆਰæਐਸ਼ ਸੋਢੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੀæਬੀæਆਈæ ਤੋਂ ਕਰਵਾਈ ਜਾਵੇ। ਸੁਪਰੀਮ ਕੋਰਟ ਨੇ ਇਹ ਮਾਮਲਾ ਸੀæਬੀæਆਈæ ਨੂੰ ਸੌਂਪ ਦਿੱਤਾ। ਸੁਪਰੀਮ ਕੋਰਟ ਨੇ 15 ਮਈ, 1992 ਨੂੰ ਮਾਮਲੇ ਦੀ ਜਾਂਚ ਸੀæਬੀæਆਈæ ਨੂੰ ਸੌਂਪੀ ਸੀ ਅਤੇ ਸੀæਬੀæਆਈæ ਨੇ ਤਿੰਨ ਸਾਲ ਮਗਰੋਂ 12 ਜੂਨ, 1995 ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਪੜਤਾਲ ਵਿਚ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਅਤਿਵਾਦੀ ਦੱਸ ਕੇ ਮਾਰੇ ਗਏ ਇਹ 11 ਤੀਰਥ ਯਾਤਰੀ ਹੋਰ ਲੋਕਾਂ ਨਾਲ ਧਾਰਮਿਕ ਯਾਤਰਾ ‘ਤੇ ਆਏ ਹੋਏ ਸਨ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਲੰਬੀ ਕਾਨੂੰਨੀ ਕਾਰਵਾਈ ਸ਼ੁਰੂ ਹੋਈ।
ਅਦਾਲਤ ਨੇ 181 ਸਫ਼ਿਆਂ ਦੇ ਫੈਸਲੇ ਵਿਚ ਕਿਹਾ ਕਿ ਦੋਸ਼ੀਆਂ ਨੇ ਉਸ ਵਕਤ ਪੰਜਾਬ ਵਿਚ ਝੁੱਲ ਰਹੀ ਦਹਿਸ਼ਤਗਰਦੀ ਦੀ ਹਨ੍ਹੇਰੀ ਦਾ ਲਾਹਾ ਲੈਂਦਿਆਂ ਤਰੱਕੀਆਂ ਹਾਸਲ ਕਰਨ ਲਈ ਇਹ ਘਿਨਾਉਣਾ ਜੁਰਮ ਕੀਤਾ ਸੀ। ਸੀæਬੀæਆਈæ ਮੁਤਾਬਕ 12 ਜੁਲਾਈ ਨੂੰ ਸ਼ਰਧਾਲੂਆਂ ਦੀ ਭਰੀ ਬੱਸ ਜਦੋਂ ਪੀਲੀਭੀਤ ਜਾ ਰਹੀ ਸੀ ਤਾਂ ਪੁਲਿਸ ਨੇ ਇਸ ਨੂੰ ਕਚਲਾਪੁਲ ਘਾਟ ਉਤੇ ਰੋਕ ਕੇ 11 ਮਰਦ ਸ਼ਰਧਾਲੂਆਂ ਨੂੰ ਜਬਰੀ ਲਾਹ ਲਿਆ। ਇਹ ਸ਼ਰਧਾਲੂ ਗੁਰਦੁਆਰਾ ਪਟਨਾ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਪੁਲਿਸ ਨੇ ਬਸ ਵਿਚ ਬਾਕੀ ਬਚੇ ਬੱਚਿਆਂ ਤੇ ਔਰਤਾਂ ਨੂੰ ਪੀਲੀਭੀਤ ਦੇ ਗੁਰਦੁਆਰੇ ਭੇਜ ਦਿੱਤਾ ਤੇ 11 ਮਰਦ ਸ਼ਰਧਾਲੂਆਂ ਨੂੰ ਵੱਖਰੇ ਵਾਹਨ ਵਿਚ ਬਿਠਾ ਲਿਆ ਸੀ। ਬਾਅਦ ਵਿਚ ਉਨ੍ਹਾਂ ਨਾਲ ਹੋਰ ਪੁਲਿਸ ਫੋਰਸ ਆਣ ਰਲੀ ਤੇ ਸਿੱਖ ਸ਼ਰਧਾਲੂਆਂ ਨੂੰ ਤਿੰਨ ਟੋਲੀਆਂ ਵਿਚ ਵੰਡ ਦਿੱਤਾ ਗਿਆ। ਫਿਰ ਉਨ੍ਹਾਂ ਨੂੰ 12 ਤੇ 13 ਜੁਲਾਈ ਦੀ ਰਾਤ ਨੂੰ ਪੀਲੀਭੀਤ ਦੇ ਤਿੰਨ ਪੁਲਿਸ ਥਾਣਿਆਂ- ਬਿਲਸੰਦਾ, ਨਿਊਰੀਆ ਤੇ ਪੂਰਨਪੁਰ ਦੇ ਜੰਗਲਾਂ ਵਿਚ ਲਿਜਾ ਕੇ ਤਿੰਨ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ। ਅਗਲੇ ਦਿਨ ਪੁਲਿਸ ਨੇ ਦਸ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦਾ ਉਸੇ ਦਿਨ ਅਣਪਛਾਤੇ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਸੀ। ਇਕ ਸ਼ਰਧਾਲੂ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਸਕਿਆ। ਇਸ ਮਾਮਲੇ ਵਿਚ ਕੁੱਲ 57 ਪੁਲਿਸ ਮੁਲਾਜ਼ਮਾਂ ‘ਤੇ ਦੋਸ਼ ਲਾਏ ਗਏ ਸਨ, ਪਰ ਦਸ ਪੁਲਿਸ ਮੁਲਾਜ਼ਮਾਂ ਦੀ ਮੌਤ ਫੈਸਲਾ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਹੈ।
______________________________________
ਪੀੜਤ ਪਰਿਵਾਰਾਂ ਨੇ ਦੋਸ਼ੀਆਂ ਲਈ ਫਾਂਸੀ ਮੰਗੀ
ਬਟਾਲਾ: ਪਿੰਡ ਸਤਕੋਹਾ, ਅਰਜਨਪੁਰਾ, ਰੌੜ ਖੈਹਿਰਾ, ਮੀਰ ਕਚਾਣਾ ਤੇ ਮਾਨੇਪੁਰ ਨਾਲ ਸਬੰਧਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਮਰ ਕੈਦ ਦੀ ਥਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਿੰਡ ਰੌੜ ਖੈਹਿਰਾ ਦੇ ਮੁਖਵਿੰਦਰ ਸਿੰਘ, ਕਰਤਾਰ ਸਿੰਘ, ਜਸਵੰਤ ਸਿੰਘ, ਮੀਰ ਕਚਾਣਾ, ਅਰਜਨਪੁਰ ਦੇ ਬਲਜੀਤ ਸਿੰਘ ਪੱਪੂ, ਸੁਰਜਨ ਸਿੰਘ, ਜਸਵੰਤ ਸਿੰਘ ਜੱਸਾ, ਸਤਕੋਹਾ ਦਾ ਹਰਮਿੰਦਰ ਸਿੰਘ ਮਿੰਟਾ ਅਤੇ ਪਿੰਡ ਮਾਨੇਪੁਰ ਦੇ ਇਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਅਦਾਲਤੀ ਫੈਸਲੇ ਅਤੇ 14-14 ਲੱਖ ਰੁਪਏ ਸਹਾਇਤਾ ਰਾਸ਼ੀ ਨੂੰ ਨਾਕਾਫੀ ਦੱਸਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਅਤੇ ਵੱਧ ਹਰਜਾਨੇ ਦੀ ਮੰਗ ਕੀਤੀ ਹੈ।