ਆਮ ਆਦਮੀ ਪਾਰਟੀ ਨੇ ਸਬੂਤਾਂ ਸਮੇਤ ਮਜੀਠੀਆ ਨੂੰ ਘੇਰਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਨਸ਼ਾ ਤਸਕਰੀ ਨੇ ਮਾਮਲੇ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੁਫੇਰਿਓਂ ਘੇਰ ਲਿਆ ਹੈ। ‘ਆਪ’ ਆਗੂਆਂ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਸ਼ ਮਜੀਠੀਆ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਿਪਾਰਟਮੈਂਟ (ਈæਡੀæ) ਦੇ ਕਈ ਦਸਤਾਵੇਜ਼ ਵੀ ਜਾਰੀ ਕੀਤੇ ਜਿਨ੍ਹਾਂ ਵਿਚ ਮਜੀਠੀਆ ਦਾ ਨਾਂ ਆਇਆ ਹੈ।

‘ਆਪ’ ਆਗੂ ਆਸ਼ੀਸ਼ ਖੇਤਾਨ ਅਤੇ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਈæਡੀæ ਦੇ ਦਸਤਾਵੇਜ਼ਾਂ ਮੁਤਾਬਕ ਮਾਲ ਮੰਤਰੀ ਵੱਲੋਂ ਪੰਜਾਬ ਵਿਚ ਸਮਗਲਰਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ। ਈæਡੀæ ਨੂੰ ਦਿੱਤੇ ਬਿਆਨਾਂ ਦੇ ਅਧਾਰ ਉਤੇ ਪੰਜਾਬ ਦੇ ਇਸ ਮੰਤਰੀ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਕੇਂਦਰ ਦੀ ਐਨæਡੀæਏæ ਸਰਕਾਰ ‘ਚ ਭਾਈਵਾਲ ਹੋਣ ਕਰ ਕੇ ਕੇਂਦਰੀ ਏਜੰਸੀ ਨੇ ਵੀ ਅੱਖਾਂ ਬੰਦ ਕਰਨ ਲਈਆਂ ਹਨ ਤੇ ਪੰਜਾਬ ਪੁਲਿਸ ਪਹਿਲਾਂ ਹੀ ਮੰਤਰੀ ਖਿਲਾਫ਼ ਕੁਝ ਕਰਨ ਲਈ ਤਿਆਰ ਨਹੀਂ ਸੀ। ‘ਆਪ’ ਨੇਤਾਵਾਂ ਨੇ ਅਦਾਲਤੀ ਹਿਰਾਸਤ ਅਧੀਨ ਚੱਲ ਰਹੇ ਜਗਦੀਸ਼ ਭੋਲਾ, ਮਨਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਵੱਲੋਂ ਈæਡੀ ਨੂੰ ਦਿੱਤੇ ਬਿਆਨ ਦੀ ਕਾਪੀ ਵੀ ਪੱਤਰਕਾਰਾਂ ਨੂੰ ਦਿੱਤੀ ਜਿਸ ਵਿਚ ਮਾਲ ਮੰਤਰੀ ਦੀ ਸਮਗਲਰਾਂ ਨਾਲ ਸਾਂਝ ਦੀ ਗੱਲ ਕਹੀ ਹੈ।
ਈæਡੀæ ਦੇ ਰਿਕਾਰਡ ਅਨੁਸਾਰ ਬਹੁ-ਕਰੋੜੀ ਨਸ਼ਾ ਤਸਕਰੀ ਨਾਲ ਮਜੀਠੀਆ ਦੇ ਸਬੰਧ ਹਨ। ਪੰਜਾਬ ਕੈਬਨਿਟ ਵਿਚ ਇਹ ਸ਼ਕਤੀਸ਼ਾਲੀ ਮੰਤਰੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਾਲਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ ਜਿਸ ਕਾਰਨ ਪੰਜਾਬ ਪੁਲਿਸ ਨੇ ਉਸ ਦੇ ਡਰੱਗ ਤਸਕਰਾਂ ਨਾਲ ਸਬੰਧਾਂ ਨੂੰ ਸਾਬਤ ਕਰਨ ਵਾਲੇ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਪੰਜਾਬ ਪੁਲਿਸ ਨੇ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਤਾਂ ਫੁਰਤੀ ਦਿਖਾਈ, ਪਰ ਮਜੀਠੀਆ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਮੰਤਰੀ ਵੱਲੋਂ ਤਸਕਰਾਂ ਨੂੰ ਪੰਜਾਬ ਪੁਲਿਸ ਦੇ ਗੰਨਮੈਨ, ਸਰਕਾਰੀ ਗੱਡੀਆਂ, ਘਰ ਅਤੇ ਰਾਜਨੀਤਕ ਸਰਪ੍ਰਸਤੀ ਦਿੱਤੀ ਜਿਸ ਕਾਰਨ ਸਾਰਾ ਕੁੱਝ ਸ਼ੱਕੀ ਹੈ। ਉਨ੍ਹਾਂ ਮਾਲ ਮੰਤਰੀ ਵੱਲੋਂ ਕਈ ਵਾਰ ਕੈਨੇਡਾ ਜਾਣ ਦੌਰਾਨ ਹਵਾਲਾ ਰਾਹੀਂ ਧਨ ਇਧਰ ਉਧਰ ਕਰਨ ਤੇ ਜਾਇਦਾਦ ਬਣਾਉਣ ਦੇ ਦੋਸ਼ ਵੀ ਲਾਏ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਜੀਠੀਆ 2007 ਤੋਂ ਬਾਅਦ ਕਦੇ ਕੈਨੇਡਾ ਨਹੀਂ ਗਏ।
__________________________________________
ਦਸਤਾਵੇਜ਼ ਬੋਲਦੇ ਹਨæææ
ਜਗਜੀਤ ਸਿੰਘ ਚਹਿਲ ਤੋਂ ਪੁੱਛਗਿੱਛ
ਈæਡੀæ- ਅੰਮ੍ਰਿਤਸਰ ‘ਚ ਸੰਯੋਗ ਹੋਟਲ ਦੇ ਮਾਲਕ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਜਾਣਦੇ ਹੋ?
ਚਹਿਲ- ਬਿੱਟੂ ਔਲਖ ਨੂੰ 10 ਸਾਲ ਤੋਂ ਜਾਣਦਾ ਹਾਂ।
ਈæਡੀæ- ਸਤਪ੍ਰੀਤ ਸਿੰਘ ਸੱਤਾ ਕੌਣ ਹੈ? ਕਿਥੇ ਰਹਿੰਦਾ ਹੈ? ਉਸ ਨੂੰ ਕਿੰਨੀ ਵਾਰੀ ਮਿਲੇ ਹੋ?
ਚਹਿਲ- ਸੱਤਾ ਕੈਨੇਡਾ ਦਾ ਰਹਿਣ ਵਾਲਾ ਹੈ। ਮਜੀਠੀਆ ਦੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਵਾਲੇ ਘਰ ‘ਚ ਰਹਿੰਦਾ ਸੀ। ਬਿੱਟੂ ਔਲਖ ਤੇ ਮਜੀਠੀਆ ਨਾਲ ਸੱਤਾ ਨੂੰ ਮਿਲਿਆ ਹਾਂ।
ਈæਡੀæ- ਲਾਡੀ, ਪਿੰਦੀ ਤੇ ਸੱਤਾ ਪੰਜਾਬ ਪੁਲਿਸ ਦੀ ਸੁਰੱਖਿਆ ‘ਚ ਆਉਂਦੇ ਸਨ?
ਚਹਿਲ- ਸਿਰਫ ਸੱਤੇ ਨੂੰ ਮਜੀਠੀਆ ਨੇ ਆਪਣੇ ਸੁਰੱਖਿਆ ਗਾਰਡ ਦਿੱਤੇ ਸਨ। ਬਾਕੀ ਬਿਨਾ ਸੁਰੱਖਿਆ ਦੇ ਆਉਂਦੇ ਸਨ।
ਈæਡੀæ- ਬਿਕਰਮ ਮਜੀਠੀਆ ਨਾਲ ਤੁਹਾਡੇ ਕੀ ਸਬੰਧ ਸਨ? ਕੀ ਉਹ ਤੁਹਾਡੇ ਘਰ ਆਉਂਦੇ ਸਨ?
ਚਹਿਲ- ਮਜੀਠੀਆ ਜਾਣਕਾਰ ਤੇ ਪਰਿਵਾਰਕ ਤੌਰ ‘ਤੇ ਮੇਰੇ ਘਰ ਆਉਂਦੇ ਸਨ।
ਈæਡੀæ- ਕੀ ਮਜੀਠੀਆ ਨੇ ਸਤਪ੍ਰੀਤ ਸੱਤਾ ਨੂੰ ਕੋਈ ਗੱਡੀ ਦਿੱਤੀ ਸੀ?
ਚਹਿਲ- ਮਜੀਠੀਆ ਨੇ ਸੱਤਾ ਨੂੰ ਗੰਨਮੈਨ, ਡਰਾਈਵਰ ਤੇ ਇਨੋਵਾ ਗੱਡੀ ਦਿੱਤੀ ਸੀ।
ਈæਡੀæ – ਸੱਤਾ, ਪਿੰਦੀ ਤੇ ਲਾਡੀ ਭਾਰਤ ਆਉਂਦੇ ਤਾਂ ਕਿੱਥੇ ਰਹਿੰਦੇ ਸਨ?
ਚਹਿਲ- ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ 43, ਗ੍ਰੀਨ ਐਵੇਨਿਊ ਤੇ ਚੰਡੀਗੜ੍ਹ ਦੇ ਸੈਕਟਰ-39 ਵਾਲੀ ਸਰਕਾਰੀ ਕੋਠੀ ਵਿਚ।
ਈæਡੀæ- ਤਿੰਨੇ ਮਜੀਠੀਆ ਦੇ ਘਰ ਕਿਉਂ ਰੁਕਦੇ ਸਨ? ਕੀ ਕੰਮ ਕਰਦੇ ਸਨ?
ਚਹਿਲ- ਤਿੰਨੇ ਸੂਡੋ ਐਫੇਡ੍ਰਾਈਨ ਕੈਨੇਡਾ ਲੈ ਕੇ ਜਾਂਦੇ ਸਨ। ਮਜੀਠੀਆ ਦੇ ਸ਼ਾਮਲ ਹੋਣ ਬਾਰੇ ਨਹੀਂ ਪਤਾ।
ਈæਡੀæ- ਕੀ ਮਜੀਠੀਆ ਨੇ ਤੁਹਾਨੂੰ ਕੈਨੇਡਾ ਵਾਸੀ ਪਿੰਦੀ ਤੇ ਸੱਤਾ ਨੂੰ ਡੇਢ ਕਰੋੜ ਦੀ ਸੂਡੋ ਐਫੇਡ੍ਰਾਈਨ ਵੇਚਣ ਲਈ ਕਿਹਾ ਸੀ? ਤੁਸੀਂ ਵੇਚੀ ਜਾਂ ਨਹੀਂ?
ਚਹਿਲ- ਮਜੀਠੀਆ ਨੇ ਕਿਹਾ ਸੀ, ਪਰ ਮੈਂ ਨਹੀਂ ਵੇਚੀ। ਉਸ ਵੇਲੇ ਸਾਡੇ ਕੋਲ ਕੋਟਾ ਨਹੀਂ ਸੀ।
ਈæਡੀæ- ਬਿਕਰਮ ਮਜੀਠੀਆ ਇਨ੍ਹਾਂ ਲੋਕਾਂ ਨੂੰ ਕੈਨੇਡਾ ਵਿਚ ਮਿਲਦੇ ਸਨ?
ਚਹਿਲ- ਮਜੀਠੀਆ ਕੈਨੇਡਾ ਵਿਚ ਸਤਪ੍ਰੀਤ ਸੱਤਾ ਨੂੰ ਮਿਲਦੇ ਸਨ।
ਈæਡੀæ- ਮਜੀਠੀਆ ਕੈਨੇਡਾ ‘ਚ ਸੱਤਾ ਤੇ ਪਿੰਦੀ ਤੋਂ ਪੈਸੇ ਲੈਂਦੇ ਸਨ?
ਚਹਿਲ- ਮੈਨੂੰ ਪਤਾ ਹੈ ਕਿ ਮਜੀਠੀਆ ਕੈਨੇਡਾ ਜਾ ਕੇ ਲੋਕਾਂ ਤੋਂ ਪੈਸੇ ਲੈਂਦੇ ਸਨ।
ਈæਡੀæ- ਕੀ ਮਜੀਠੀਆ ਪਿੰਦੀ, ਸੱਤਾ ਤੇ ਲਾਡੀ ਨੂੰ ਭਾਰਤ ‘ਚ ਪ੍ਰੋਟੈਕਸ਼ਨ ਦਿੰਦੇ ਸਨ?
ਚਹਿਲ- ਮਜੀਠੀਆ ਸਾਹਿਬ ਨੇ ਸੱਤਾ ਜੋ ਉਨ੍ਹਾਂ ਦੇ ਘਰ ਰਹਿੰਦਾ ਸੀ, ਨੂੰ ਸਰਕਾਰੀ ਗੰਨਮੈਨ ਦਿੱਤੇ ਸਨ।
ਈæਡੀæ- ਮਜੀਠੀਆ, ਸੱਤਾ, ਪਿੰਦੀ ਤੇ ਲਾਡੀ ਦੀਆਂ ਭਾਰਤ ‘ਚ ਕਿਹੜੀਆਂ ਜਾਇਦਾਦਾਂ ਹਨ?
ਚਹਿਲ- ਲਾਡੀ ਦੀ ਅੰਮ੍ਰਿਤਸਰ ਦੀ ਛੇਹਰਟਾ ਦੇ ਸੰਧੂ ਕਲੋਨੀ ‘ਚ ਕੋਠੀ ਹੈ। ਵਡਾਲੀ ਭਰਾਵਾਂ ਨਾਲ ਵਾਲੀ ਕੋਠੀ। ਬਾਕੀਆਂ ਬਾਰੇ ਨਹੀਂ ਪਤਾ।
ਈæਡੀæ- ਕੈਨੇਡਾ ‘ਚ ਰਹਿ ਰਹੇ ਇਨ੍ਹਾਂ ਤਿੰਨਾਂ ਲੋਕਾਂ ਨੂੰ ਤੁਸੀਂ ਕਿਉਂ ਮਿਲਦੇ ਸੀ?
ਚਹਿਲ- ਮੈਂ ਇਨ੍ਹਾਂ ਨੂੰ ਬਿੱਟੂ ਔਲਖ ਨਾਲ ਤਿੰਨ ਵਾਰ ਮਿਲਿਆ। ਇਹ ਲੋਕ ਮੇਰੇ ਕੋਲ ਸੂਡੋ ਐਫੇਡ੍ਰਾਈਨ ਲੈਣ ਆਏ ਸਨ ਤੇ ਬਿੱਟੂ ਔਲਖ ਨੇ ਕਿਹਾ ਸੀ ਕਿ ਮਜੀਠੀਆ ਨੇ ਕਿਹਾ ਹੈ ਕਿ ਇਨ੍ਹਾਂ ਦੀ ਮਦਦ ਕਰਨੀ ਹੈ।
ਈæਡੀæ- ਕੀ ਤੁਸੀਂ ਮਜੀਠੀਆ ਨੂੰ ਕੋਈ ਰਕਮ ਦਿੱਤੀ? ਜੇਕਰ ਹਾਂ ਤਾਂ ਕਿਉਂ?
ਚਹਿਲ- 2007 ਤੋਂ 2012 ਤੱਕ ਮਜੀਠੀਆ ਨੂੰ ਤਕਰੀਬਨ 35 ਲੱਖ ਦਿੱਤੇ। ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਲੋੜ ਸੀ। ਸੱਤ-ਅੱਠ ਵਾਰ ਈæਡੀæ- ਗ੍ਰੀਨ ਐਵੇਨਿਊ ਵਾਲੇ ਘਰ ਜਾ ਕੇ ਡਰਾਇੰਗ ਰੂਮ ‘ਚ ਦਿੱਤੇ। ਸਰਕਾਰੀ ਪੀæਏæ ਕਰਤਾਰ ਸਿੰਘ ਨੂੰ ਫੋਨ ਕਰ ਕੇ ਜਾਂਦਾ ਸੀ।
ਬਿੱਟੂ ਔਲਖ ਤੋਂ ਪੁੱਛਗਿੱਛ
ਈæਡੀæ- ਸਤਪ੍ਰੀਤ ਸੱਤਾ ਕੈਨੇਡਾ ਤੋਂ ਭਾਰਤ ਆਉਂਦਾ ਤਾਂ ਕਿਥੇ ਰੁਕਦਾ ਸੀ?
ਬਿੱਟੂ ਔਲਖ- ਜਦੋਂ ਵੀ ਮੈਂ ਮਜੀਠੀਆ ਦੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਵਾਲੇ ਘਰ ਜਾਂਦਾ ਤਾਂ ਸੱਤਾ ਮਜੀਠੀਆ ਦੇ ਘਰ ਹੀ ਹੁੰਦਾ ਸੀ।
ਈæਡੀæ- ਸਤਪ੍ਰੀਤ ਸੱਤਾ ਕਿਹੜੇ ਸਮਿਆਂ ‘ਚ ਮੰਤਰੀ ਬਿਕਰਮ ਮਜੀਠੀਆ ਦੇ ਘਰ ਰਹਿੰਦਾ ਸੀ?
ਬਿੱਟੂ ਔਲਖ- 2007 ਤੋਂ 2010 ਦੌਰਾਨ ਸੱਤਾ ਜਦੋਂ ਵੀ ਭਾਰਤ ਆਇਆ ਤਾਂ ਉਹ ਅੰਮ੍ਰਿਤਸਰ ‘ਚ ਮਜੀਠੀਆ ਦੇ ਘਰ ਵਿਚ ਹੀ ਰੁਕਦਾ ਸੀ।