ਸੁਖਬੀਰ ਬਾਦਲ ਦੇ ਜਲਦ ਮੁੱਖ ਮੰਤਰੀ ਬਣਨ ਦੀ ਚਰਚਾ!

ਚੰਡੀਗੜ੍ਹ: ਪੰਜਾਬ ਵਿਚ ਕਮਲ ਸ਼ਰਮਾ ਦੇ ਭਾਜਪਾ ਦਾ ਪ੍ਰਧਾਨ ਬਣ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਸਮੀਕਰਨ ਬਦਲ ਗਏ ਹਨ ਹਾਲਾਂਕਿ ਭਾਜਪਾ ਹਾਈ ਕਮਾਂਡ ਕਿਸੇ ਤਬਦੀਲੀ ਦੇ ਪੱਖ ਵਿਚ ਨਹੀਂ ਪਰ ਇਸ ਦੇ ਬਾਵਜੂਦ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪ੍ਰਦੇਸ਼ ਭਾਜਪਾ ਦੇ ਕੁਝ ਮੰਤਰੀਆਂ ਦੇ ਖੰਭ ਕੁਤਰੇ ਜਾ ਸਕਦੇ ਹਨ। ਦੂਜੇ ਪਾਸੇ ਚਰਚਾ ਜ਼ੋਰਾਂ ‘ਤੇ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਜਟ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਬਣ ਸਕਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਕਿ ਸੁਖਬੀਰ ਬਾਦਲ ਨੂੰ ਆਖ ਚੁੱਕੇ ਹਨ ਕਿ ਉਹ ਉਸ ਦੇ ਮੋਢਿਆਂ ਦਾ ਭਾਰ ਖੁਦ ਚੁੱਕ ਲਵੇ।
ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਵਿਚ ਇਕ ਸਾਲ ਤੋਂ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਅੰਦਰਖਾਤੇ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰ ਲਈ ਹੈ ਤਾਂ ਜੋ ਉਹ ਮੁੱਖ ਮੰਤਰੀ ਵਜੋਂ ਆਪਣੀ ਯੋਗਤਾ ਇਕ ਸਾਲ ਵਿਚ ਸਾਬਤ ਕਰ ਸਕੇ। ਇਹ ਵੀ ਸੰਭਾਵਨਾ ਹੈ ਕਿ ਜੇਕਰ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਵਜੋਂ ਬਜਟ ਤੋਂ ਪਹਿਲਾਂ ਤਾਜਪੋਸ਼ੀ ਹੋ ਜਾਂਦੀ ਹੈ ਤਾਂ ਉਸ ਸਮੇਂ ਭਾਜਪਾ ਹਾਈ ਕਮਾਂਡ ਆਪਣੇ ਮੰਤਰੀਆਂ ਬਾਰੇ ਵਿਚਾਰ ਕਰ ਸਕਦੀ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਜੇਕਰ ਸੁਖਬੀਰ ਬਾਦਲ ਮੁੱਖ ਮੰਤਰੀ ਬਣਦੇ ਹਨ ਤਾਂ ਅਕਾਲੀ ਮੰਤਰੀਆਂ ਦੇ ਵਿਭਾਗਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।
ਦੂਜੇ ਪਾਸੇ ਕਮਲ ਸ਼ਰਮਾ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੀ ਅੰਦਰੂਨੀ ਜੰਗ ਪੂਰੀ ਤੇਜ਼ ਹੋ ਗਈ ਹੈ। ਹੁਣ ਅਸ਼ਵਨੀ ਸ਼ਰਮਾ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਮੰਤਰੀ ਮੰਡਲ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ ਜਦ ਕਿ ਭਾਜਪਾ ਹਾਈ ਕਮਾਂਡ ਫਿਲਹਾਲ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰਨ ਦੇ ਮੂਡ ਵਿਚ ਨਹੀਂ ਹੈ ਕਿਉਂਕਿ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਹੋਣੀ ਬਾਕੀ ਹੈ।
ਇਸ ਤੋਂ ਇਲਾਵਾ ਮੋਗਾ ਜ਼ਿਮਨੀ ਚੋਣ ਵੀ ਨੇੜੇ ਹੈ ਜਿਸ ਤੋਂ ਬਾਅਦ ਬਜਟ ਸੈਸ਼ਨ ਸ਼ੁਰੂ ਹੋ ਜਾਵੇਗਾ। ਇਸ ਲਈ ਭਾਜਪਾ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ। ਸੂਤਰਾਂ ਮੁਤਾਬਕ ਭਾਜਪਾ ਪ੍ਰਧਾਨ ਕਮਲ ਸ਼ਰਮਾ ਨਹੀਂ ਚਾਹੁੰਦੇ ਕਿ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕੀਤੀ ਜਾਵੇ ਕਿਉਂਕਿ ਕੁਝ ਮੰਤਰੀ ਉਨ੍ਹਾਂ ਦੇ ਖੇਮੇ ਦੇ ਹਨ।

Be the first to comment

Leave a Reply

Your email address will not be published.