ਗੱਲ ਇਕ ਗੱਲ ਦੀ

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਵਧੇ ਤਣਾਅ ਨੇ ਕਈ ਜਿੰਦੜੀਆਂ ਦੇ ਜ਼ਖਮ ਉਚੇੜ ਦਿੱਤੇ ਹਨ। ਇਨ੍ਹਾਂ ਜ਼ਖਮਾਂ ਵਿਚ ਜੰਗ ਵਿਚ ਮਾਰੇ ਗਏ ਪੁੱਤਾਂ ਦਾ ਦਰਦ ਹੈ, ਵੰਡ ਵੇਲੇ ਲੁੱਟੀਆਂ ਗਈਆਂ ਧੀਆਂ ਦੀ ਪੀੜ ਹੈ ਅਤੇ ‘ਆਪਣੀ’ ਹਕੂਮਤ ਹੱਥੋਂ ਜਲੀਲ ਹੋ ਰਹੇ ਨਿਤਾਣੇ ਬੰਦੇ ਦੀ ਬੇਵਸੀ ਝਲਕਦੀ ਹੈ। ਲਹਿੰਦੇ ਪੰਜਾਬ ਦੇ ਲੇਖਕ ਫ਼ਰਜ਼ੰਦ ਅਲੀ ਦੀ ਕਹਾਣੀ ‘ਗੱਲ ਇਕ ਗੱਲ ਦੀ’ ਵਿਚ ਸੋਚਣ-ਵਿਚਾਰਨ ਵਾਲੀਆਂ ਬਥੇਰੀਆਂ ਗੱਲਾਂ ਹਨ, ਪਰ ਕਹਾਣੀ ਦਾ ਮੁੱਖ ਪਾਤਰ ਕਰਮਾਂ ਮਾਰਿਆ ਕਰਮੂੰ, ਸਾਡੇ ਆਲੇ-ਦੁਆਲੇ ਵਿਚ ਵੱਸਦਾ ਕੋਈ ਕਰਮ ਦੀਨ, ਕਰਮ ਚੰਦ ਜਾਂ ਕਰਮ ਸਿੰਘ ਹੀ ਜਾਪਦਾ ਹੈ। -ਸੰਪਾਦਕ

ਫ਼ਰਜ਼ੰਦ ਅਲੀ
‘ਸੋਹਣਾ, ਸੋਹਣਾ ਈ ਹੁੰਦਾ ਏ। ਇਹ ਸੋਹਣਾ ਆਪਣਾ ਹੋਵੇ ਭਾਵੇਂ ਪਰਾਇਆ, ਮਨ ਖਿੱਚਵਾਂ ਤੇ ਦਿਲ ਖੁੱਭਵਾਂ ਜ਼ਰੂਰ ਹੁੰਦਾ ਏ, ਪਰ ਫੱਬ ਜਾਏ ਤਾਂ ਪੌਂ-ਬਾਰਾਂ। ਜੇ ਨਾ ਫੱਬੇ ਤਾਂ ਤਿੰਨ-ਕਾਣੇ।’ ਉਸ ਥਾਣੇ ਦੀ ਪੱਕੀ ਕੰਧ ਨਾਲ ਧੁੱਪੇ ਬੈਠਿਆਂ-ਬੈਠਿਆਂ ਸੋਚਿਆ। ਸੁੱਜੇ ਜੁੱਸੇ ਅਤੇ ਜ਼ਖ਼ਮਾਂ ਤੋਂ ਹੁੰਦੀ ਪੀੜ ਭੁੱਲ ਕੇ ਉਹਦੀ ਸੋਚ ਕਈ ਸਾਲ ਪਿਛਲੇ ਬੀਤੇ ਸਮੇਂ ਨੂੰ ਵੇਖਣ ਲੱਗ ਪਈ।
ਉਸ ਸ਼ਾਮੀਂ ਘਰ ਵੜਦਿਆਂ ਆਖਿਆ ਸੀ, “ਭਾਗਾਂ, ਛੇਤੀ-ਛੇਤੀ ਅੰਨ-ਪਾਣੀ ਤੋਂ ਵਿਹਲੀ ਹੋ ਕੇ ਜ਼ਰੂਰੀ ਸਾਮਾਨ ਬੰਨ੍ਹ ਲਵੀਂ। ਉਹ ਨਾ ਹੋਵੇ, ਛਿੱਤਰ-ਪੌਲਾ ਇਕੱਠਾ ਕਰ ਕੇ ਭਾਰ ਬਣਾ ਲਵੇਂ। ਸਿਆਣੇ ਆਖਦੇ ਨੇ: ਹੌਲਾ ਭਾਰ ਸਾਥ ਦਾ ਮੋਹਰੀ।”
ਉਹਦੀ ਘਰਵਾਲੀ ਭਾਗਾਂ ਉਹਦੀ ਗੱਲ ਸੁਣ ਕੇ ਹੈਰਾਨ ਹੋਈ ਤੇ ਬੋਲੀ, “ਭੋਲੇ ਦੇ ਅੱਬਾ! ਸਾਡਾ ਇਥੇ ਗੁਜ਼ਾਰਾ ਨਹੀਂ ਹੋ ਸਕਦਾ?”
“ਗੁਜ਼ਾਰੇ ਦੀ ਨਹੀਂ ਗੱਲ”, ਕਰਮੂੰ ਨੇ ਸਮਝਾਇਆ, “ਭਲੀਏ! ਆਪਣੀ ਸ਼ੈਅ ਆਪਣੀ ਹੁੰਦੀ ਏ, ਤੇ ਬਿਗਾਨੀ ਸ਼ੈਅ ਬਿਗਾਨੀ। ਅਖੇ-ਕਿਸੇ ਦਾ ਘਰ, ਬੁੱਕ ਦਾ ਵੀ ਡਰ।”
“ਮੈਂ ਆਖਦੀ ਆਂ, ਘਰ ਕਿਹੜੇ ਰੋਜ਼ ਰੋਜ਼ ਬਣਾਏ ਜਾਂਦੇ ਨੇ।” ਭਾਗਾਂ ਤਰਲਾ ਮਾਰਿਆ ਸੀ। ਸਬਰ-ਸ਼ੁਕਰ ਨਾਲ ਅੱਧੀ ਵੀ ਲੱਭ ਜਾਵੇ ਤੇ ਸੇਜ ਵਲਾਈਆਂ, ਝੇੜ ਭਲਾ ਕੋਈ ਨਹੀਂ। ਵੇਖੇਂ ਨਾ ਅੜਿਆ, ਆਪਣੇ ਆਲ੍ਹਣੇ ਤੇ ਚਿੜੀਆਂ ਵੀ ਨਹੀਂ ਛੱਡਦੀਆਂ। ਸਾਡੇ ਫਿਰ ਇਥੇ ਵੱਡ-ਵਡੇਰੇ ਰਹੇ ਨੇ, ਇਥੇ ਈ ਉਨ੍ਹਾਂ ਦੀਆਂ ਢੇਰੀਆਂ ਨੇ। ਕਿਹਨੂੰ ਕਿਹਨੂੰ ਛੱਡਾਂਗੇ? ਮੇਰੀ ਮੰਨ, ਤੇ ਉਜਾੜਾ ਨਾ ਪਾ। ਜਦ ਅਸਾਂ ਕਰ ਕੇ ਈ ਖਾਣਾ ਏ, ਇਥੇ ਕੀ, ਤੇ ਉਥੇ ਕੀ? ਐਵੇਂ ਕਮਲਾ ਨਾ ਬਣ।”
“ਛੱਡ, ਝੱਲੀ ਨਾ ਹੋਵੇ।” ਕਰਮੂੰ ਨੇ ਝਾੜ ਪਾਈ, “ਸਿਆਣੇ ਸੱਚ ਆਖਦੇ ਨੇ, ਜਨਾਨੀਆਂ ਦੀ ਮੱਤ ਖੁਰੀ ਪਿੱਛੇ ਹੁੰਦੀ ਏ। ਅਖੇ, ਵੱਡ-ਵਡੇਰਿਆਂ ਦੀਆਂ ਕਬਰਾਂ ਇਥੇ ਨੇ। ਭਲਾ ਬੰਦਾ ਪੁੱਛੇ ਭਈ, ਤੂੰ ਵਡੇਰਿਆਂ ਦੀਆਂ ਹੱਡੀਆਂ ਦਾ ਸੁਰਮਾ ਬਣਾਉਣਾ ਏ ਜਾਂ ਵਡੇਰੇ ਤੈਨੂੰ ਦਾਣੇ ਘੱਲਦੇ ਨੇ? ਅਖੇ-ਸੌ ਸਿਆਣੇ ਦੀ ਇੱਕੋ ਮਤ ਤੇ ਮੂਰਖ ਵੇਖੂ, ਦੁੱਖ।”
“ਤੈਨੂੰ ਸਮਝ ਨਹੀਂ ਆਉਂਦੀ,” ਭਾਗਾਂ ਝਾੜ ਖਾ ਕੇ ਚੁੱਪ ਕਰ ਗਈ। ਉਹ ਜਾਣਦੀ ਸੀ, ਇਹ ਆਪਣੀ ਆਈ ਤੇ ਆਇਆ ਕੁਝ ਨਹੀਂ ਸੋਚਦਾ। ਮਾਂ ਦੇ ਗੋਡੇ ਕੋਲ ਬੈਠੀ ਜ਼ੋਰਾਂ ਨੇ ਚਲੇ ਜਾਣ ਦਾ ਸੁਣ ਕੇ ਮਾਂ ਕੋਲੋਂ ਪੁੱਛਿਆ, “ਬੇਬੇ, ਤੂੰ ਆਖੇਂ ਤੇ ਮੈਂ ਭੱਜ ਕੇ ਸੁਰਿੰਦਰ ਕੌਰ ਕੋਲੋਂ ਗੁੱਡੀ ਲੈ ਆਵਾਂ ਜਿਹੜੀ ਅੱਜ ਈ ਮੈਂ ਉਹਦੇ ਗੁੱਡੇ ਨਾਲ ਵਿਆਹੀ ਸੀ?”
ਮਾਂ ਆਪਣੇ ਖਿਆਲਾਂ ਵਿਚ ਚੁੱਪ ਸੀ। ਜ਼ੋਰਾਂ ਮਾਂ ਦੀ ਚੁੱਪ ਨੂੰ ਇਜਾਜ਼ਤ ਸਮਝ ਕੇ ਬੂਹਿਓਂ ਬਾਹਰ ਜਾਣ ਵਾਲੀ ਹੀ ਸੀ ਕਿ ਕਰਮੂੰ ਨੇ ਰੋਕ ਦਿੱਤਾ, “ਕੁੜੇ! ਇਸ ਵੇਲੇ ਕਿਧਰੇ ਬਾਹਰ ਨਾ ਜਾਵੀਂ, ਵੇਲਾ ਥੋੜ੍ਹਾ ਏ। ਚੱਲ ਆਪਣੀ ਮਾਂ ਨਾਲ ਮਿਲ ਕੇ ਚੱਲਣ ਦੀ ਤਿਆਰੀ ਕਰੋ। ਅੱਜ ਕਾਫ਼ਲੇ ਤੋਂ ਵਿਛੜਗੇ, ਤੇ ਫਿਰ ਮੁਸ਼ਕਿਲ ਹੋ ਜਾਵੇਗੀ।”
ਉਹਦੀ ਆਵਾਜ਼ ਨਾਲ ਪਰਤ ਕੇ ਜ਼ੋਰਾਂ ਫਿਰ ਮਾਂ ਕੋਲ ਆਣ ਬੈਠੀ। ਮੰਜੀ ‘ਤੇ ਪਿਉ ਦੇ ਕੋਲ ਬੈਠਾ ਅੱਠਾਂ-ਦਸਾਂ ਸਾਲਾਂ ਦਾ ਭੋਲਾ ਜਿਹੜਾ ਹੁਣ ਤੀਕ ਸਾਰਿਆਂ ਦੀਆਂ ਗੱਲਾਂ ਚੁੱਪ ਕਰ ਕੇ ਸੁਣਦਾ ਪਿਆ ਸੀ, ਉਹਨੇ ਲਾਡ ਨਾਲ ਬਾਪੂ ਦੇ ਮੂੰਹ ਨੂੰ ਠੋਡੀਓਂ ਫੜ ਕੇ ਆਪਣੇ ਵੱਲ ਕੀਤਾ ਤੇ ਪੁੱਛਿਆ, “ਅੱਬਾ! ਇਹ ਸਾਡਾ ਘਰ ਨਹੀਂ?”
“ਨਹੀਂ ਪੁੱਤਰ।” ਕਰਮੂੰ ਨੇ ਉਹਦਾ ਮੂੰਹ ਚੁੰਮ ਕੇ ਦੱਸਿਆ ਪਈ, ਅਸਾਡਾ ਘਰ ਤੇ ਉਧਰ ਏ ਬੜਾ ਈ ਸੋਹਣਾ, ਬਿਲਕੁਲ ਸਾਹਿਬਾਂ ਦੇ ਬੰਗਲੇ ਵਰਗਾ। ਇਹ ਕਿਸੇ ਦਾ ਏ।
ਝੱਟ ਕੁ ਭੋਲਾ ਚੁੱਪ ਰਿਹਾ ਤੇ ਫਿਰ ਬੋਲਿਆ, “ਅੱਬਾ ਸਾਡੇ ਮੁਰੱਬੇ ਦੀਆਂ ਬੇਰੀਆਂ ਤੇ ਉਥੇ ਵੀ ਹੋਣਗੀਆਂ?”
“ਹੋਣਗੀਆਂ, ਜ਼ਰੂਰ ਹੋਣਗੀਆਂ।” ਕਰਮੂੰ ਨੇ ਦਿਲਾਸਾ ਦਿੱਤਾ, “ਨਾਲੇ ਬਹੁਤੀਆਂ ਵੀ।”
“ਹੂੰਅ! ਉਨ੍ਹਾਂ ਦੇ ਬੇਰ ਤੇ ਇੰਨੇ ਮਿੱਠੇ ਨਹੀਂ ਹੋਣੇ?” ਭੋਲੇ ਸੱਚ-ਮੁੱਚ ਬੇਰਾਂ ਦਾ ਸਵਾਦ ਲੈਣ ਦੇ ਅੰਦਾਜ਼ ਵਿਚ ਪੁੱਛਿਆ।
“ਬਿਲਕੁਲ ਸ਼ਹਿਦ ਵਰਗੇ ਮਿੱਠੇ ਹੋਣਗੇ।” ਕਰਮੂੰ ਨੇ ਦੱਸਿਆ, “ਸਾਰਾ ਕੁਝ ਈ ਆਪਣਾ ਹੋਵੇਗਾ। ਜਿਥੋਂ ਜੀ ਕਰੇ ਤੇ ਜਿੰਨੇ ਮਰਜ਼ੀ ਖਾਂਦਾ ਫਿਰੀਂ। ਕੋਈ ਹਟਕਣ-ਹੋੜਨ ਵਾਲਾ ਨਹੀਂ ਹੋਣਾ।”
“ਪਰ, ਮੇਰੇ ਕਬੂਤਰ ਕਿਵੇਂ ਜਾਣਗੇ?” ਭੋਲੇ ਨੇ ਫਿਕਰ ਜਿਹੇ ਨਾਲ ਆਖਿਆ। “ਬਾਪੂ ਜਿਹੜਾ ਮੇਰਾ ਚੀਨਾ ਕਬੂਤਰ ਏ ਨਾ, ਬੜੀਆਂ ਉਚੀਆਂ ਉਡਾਰੀਆਂ ਮਾਰਦਾ ਏ। ਨਾਲੇ ਬਾਜੀਆਂ ਵੀ ਬਹੁਤ ਲਾਉਂਦਾ ਏ। ਉਹ ਈ ਜਿਹੜਾ ਮੇਰੇ ਬੇਲੀ ਪਾਲ ਸਿੰਘ ਨੇ ਮੈਨੂੰ ਵਿਸਾਖੀ ਵਾਲੇ ਦਿਨ ਦਿੱਤਾ ਸੀ।”
ਕਰਮੂੰ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਫਿਰ ਉਸ, ਉਹਨੂੰ ਉਰਾਂ-ਪਰ੍ਹਾਂ ਦੀਆਂ ਮਾਰ ਕੇ ਤਸੱਲੀ ਦਿੰਦਿਆਂ ਆਖਿਆ, “ਤੂੰ ਪੁੱਤਰ ਫਿਕਰ ਨਾ ਕਰæææਕਬੂਤਰ ਤੇ ਚਿੜੀ ਜਨੌਰ ਬੜੇ ਸਿਆਣੇ ਹੁੰਦੇ ਨੇ। ਅਸੀਂ ਜਿੱਥੇ ਵੀ ਜਾਵਾਂਗੇ, ਆਪੇ ਲੱਭ ਕੇ ਆ ਜਾਣਗੇ। ਇਹ ਆਪਣੇ ਮਾਲਕਾਂ ਨੂੰ ਸਿਆਣ ਲੈਂਦੇ ਹੁੰਦੇ ਨੇ।”
“ਸੱਚ ਅੱਬਾ!” ਭੋਲੇ ਖੁਸ਼ ਹੋ ਕੇ ਪਿਉ ਦੇ ਗਲ ਨੂੰ ਬਾਹਾਂ ਪਾ ਕੇ ਬੂਆ ਲਿਆ।
ਉਹਨੂੰ ਯਾਦ ਆਇਆ, ਕਿੰਜ ਉਹ ਚਾਰ ਜੀਅ ਆਪਣੇ ਘਰੋਂ ਚੋਰਾਂ ਵਾਂਗ ਚੁੱਪ-ਚਾਪ ਨਿਕਲੇ ਸੀ। ਪਿੰਡੋਂ ਲਹਿੰਦੇ ਪਾਸੇ ਦੋ ਕੁ ਮੁਰੱਬਿਆਂ ਦੀ ਵਿੱਥ ‘ਤੇ ਖੂਹ ਸੀ। ਖੂਹ ਵਗਦਾ ਪਿਆ ਸੀ। ਰੀਂ-ਰੀਂ, ਰੂੰ-ਰੂੰ ਤੇ ਚੰਨ ਦੀ ਚਾਨਣੀ ਸੁਹਾਣੀ ਠੰਢ ਰਾਤ ਵੇਲੇ ਗਾਧੀ ‘ਤੇ ਬੈਠਾ ਕੋਈ ਭੋਲੇ ਦਾ ਹਾਣੀ, ਆਪਣੀ ਲੈਅ ਵਿਚ ਗਾ ਰਿਹਾ ਸੀ:
ਮੇਰੀ ਜੁਗਨੀ ਦੇ ਧਾਗੇ ਚਾਰ
ਚੱਲੇ ਵਿਛੜ ਜਿਨ੍ਹਾਂ ਦੇ ਯਾਰ
ਉਹੋ ਰੋਵਣ ਜ਼ਾਰੋ-ਜ਼ਾਰ
ਉਹ ਸਾਈਂ ਮੇਰਿਆ ਜੁਗਨੀæææ
ਪਤਾ ਨਹੀਂ ਭੋਲੇ ਦੇ ਦਿਲ ਨੂੰ ਕੀ ਖਿੱਚ ਪਈ, ਜਵਾਬ ਦੇਣ ਲਈ ਬੋਲ ਪਿਆ:
ਮੇਰੀ ਜੁਗਨੀ ਦੇ ਧਾਗੇ ਤੇਤੀ
ਅਸਾਡੀ ਸਾਂਝ ਦਿਲਾਂ ਦੀ ਖੇਤੀ
ਜਿਉਂਦੇ ਰਹੇ ਮਿਲਾਂਗੇ ਛੇਤੀ
ਉਹ ਸਾਈਂ ਮੇਰਿਆ ਜੁਗਨੀæææ
ਕਰਮੂੰ ਛੇਤੀ ਨਾਲ ਉਹਦੇ ਮੂੰਹ ਤੇ ਹੱਥ ਰੱਖ ਕੇ ਗੁੱਸੇ ਹੋਇਆ, “ਉਏ ਚੁੱਪ ਕਰ ਝਾਂਬੜਾ, ਕਿਧਰੇ ਕੋਈ ਹੋਰ ਮੁਸੀਬਤ ਪਾਨਾਂ ਏਂ।” ਭੋਲਾ ਉਹਦੇ ਝਿੜਕਣ ਨਾਲ ਤ੍ਰਭਕ ਕੇ ਚੁੱਪ ਕਰ ਗਿਆ। ਉਹਦੇ ਭਾਣੇ ਕੋਈ ਸੱਚ-ਮੁੱਚ ਈ ਉਹ ਕੁਝ ਗਲਤ ਆਖ ਬੈਠਾ ਹੈ। ਚਾਰੇ ਜਾਣੇ ਉਸ ਵੱਟ ‘ਤੇ ਬੈਠੇ ਕਾਫ਼ਲੇ ਨੂੰ ਉਡੀਕ ਰਹੇ ਸਨ। ਕਰਮੂੰ ਨੇ ਇਕ ਅਖੀਰਲੀ ਨਜ਼ਰ ਪਿੰਡ ਵੱਲ ਮਾਰੀ। ਰਾਤ ਦੇ ਹਨੇਰੇ ਵਿਚ ਪਿੰਡ ਸਾਫ਼ ਨਹੀਂ ਸੀ ਦਿਸਦਾ। ਬਸ, ਪਿੰਡ ਵਿਚ ਤੇ ਪਿੰਡ ਦੁਆਲੇ ਉਗੇ ਹੋਏ ਰੁੱਖਾਂ ਦਾ ਝੌਲਾ ਜਿਹਾ ਪੈਂਦਾ ਸੀ। ਨੀਵੀਂ ਪਾਈ ਜਿਵੇਂ ਆਖਦੇ ਹੋਣ, ‘ਅੱਛਾ ਬੇਲੀਆæææਰੱਬ ਰਾਖਾ!’ ਕਰਮੂੰ ਨੇ ਘਬਰਾ ਕੇ ਮੂੰਹ ਦੂਜੇ ਪਾਸੇ ਕਰ ਲਿਆ।
ਦੂਰ ਪਨਿਆਲ (ਪਾਣੀ ਲਿਆਉਣ ਵਾਲਾ) ਬੰਨ੍ਹੇ ‘ਤੇ ਖਲੋਤਿਆਂ ਚੜ੍ਹਦੇ ਚੰਨ ਵੱਲ ਵੇਖ ਕੇ ਸੁਰ ਲਾਈ:
ਚੜ੍ਹ ਚੜ੍ਹ ਚੰਨਾਂ,
ਤੂੰ ਚੜ੍ਹ ਕਰੀਂ ਰੁਸ਼ਨਾਈਆਂ।
ਸੱਜਣ ਉੱਠ ਗੁਆਂਢੋਂ ਚੱਲੇ,
ਲੱਗਾ ਤੀਰ ਜੁਦਾਈਆਂ।
ਭਾਗਾਂ ਦੇ ਹੌਲੀ ਜਿਹੀ ਬੁਸਕਣ ਦੀ ਆਵਾਜ਼ ਨਿਕਲੀ, ਪਰ ਛੇਤੀ ਈ ਚੁੱਪ ਹੋ ਗਈ। ਉਧਰ ਕਾਫ਼ਲਾ ਆਉਣ ਦੀ ਭਿਣਕ ਵੀ ਕੰਨੀਂ ਪੈਣ ਲੱਗ ਪਈ ਸੀ ਤੇ ਕਰਮੂੰ ਕੁਝ ਖ਼ੁਸ਼ ਹੋਇਆ ਸੀ। ਕਾਫ਼ਲੇ ਆਉਂਦੇ ਦੇ ਨਾਲ ਹੀ ਰਲ ਕੇ ਇਹ ਟੁਰ ਪਏ।
ਕਾਫ਼ਲੇ ਦੇ ਅੱਗੇ ਪਿੱਛੇ ਤੇ ਸੱਜੇ ਖੱਬੇ ਜਵਾਨ ਬੰਦੇ ਸਨ ਤੇ ਬੁੱਢੇ-ਠੇਰੇ, ਔਰਤਾਂ ਤੇ ਬੱਚੇ ਵਿਚਕਾਰ ਚੁੱਪ-ਚਾਪ ਤੁਰੇ ਜਾ ਰਹੇ ਸਨ। ਸੈਂਕੜਿਆਂ ਦਾ ਜਥਾ ਚੋਰਾਂ ਵਾਂਗ ਬਿਨਾਂ ਖੜਾਕ ਕੀਤਿਆਂ ਪਹਿਲੀ ਵਾਰ ਇਉਂ ਜਾਂਦਾ ਵੇਖਿਆ ਸੀ। ਜਦ ਕੋਈ ਬਾਲ-ਨਿਆਣਾ ਰੋ ਪਵੇ ਤਾਂ ਉਹਦੀ ਮਾਂ ਛੇਤੀ ਈ ਆਪਣੀ ਛਾਤੀ ਨਾਲ ਲਾ ਕੇ, ਦੁੱਧ ਪਿਆਉਣ ਦਾ ਦਿਲਾਸਾ ਦੇ ਕੇ ਚੁੱਪ ਕਰਾ ਦੇਵੇ, ਪਰ  ਬੁੱਢੇ ਖਾਂਘੜਾਂ ਦੀ ਖੰਘ, ਰਾਤ ਦਾ ਸੀਨਾ ਚੀਰ ਦਿੰਦੀ ਤੇ ਸਾਰਾ ਕਾਫ਼ਲਾ ਖਾਮੋਸ਼ ਨਫ਼ਰਤ ਨਾਲ ਨਿੰਦਿਆ ਕਰਦਾ!
ਅਚਨਚੇਤ ਲੋਟੂਆਂ ਦੇ ਟੋਲੇ ਨੇ ਕਾਫ਼ਲਾ ਘੇਰ-ਘੇਰ ਮਾਰਨਾ-ਕੁੱਟਣਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ। ਕਾਫ਼ਲੇ ਵਿਚ ਹਰ ਕਿਸੇ ਨੂੰ ਆਪੋ-ਆਪਣੀ ਪੈ ਗਈ। ਕਈ ਮਾਰੇ ਗਏ ਤੇ ਕਈ ਵੱਢੇ-ਟੁੱਕੇ ਗਏ, ਕਾਫ਼ਲਾ ਖਿੰਡ-ਖਿੱਲਰ ਗਿਆ।
ਲੋਟੂਆਂ ਨੇ ਸਾਮਾਨ ਦੇ ਨਾਲ-ਨਾਲ ਮੁਟਿਆਰਾਂ ਵੀ ਲੁੱਟ ਲਈਆਂ। ਜਿਸ ਕੁੜੀ ਨੇ ਲੁੱਟੇ ਜਾਣ ਤੋਂ ਇਨਕਾਰ ਕੀਤਾ, ਉਹ ਆਪਣੇ ਸਕਿਆਂ ਦੇ ਸਾਹਮਣੇ ਹਮੇਸ਼ਾ ਲਈ ਢੇਰ ਕਰ ਦਿੱਤੀ ਗਈ ਤੇ ਕਰਮੂੰ ਦੀ ਜ਼ੋਰਾਂ ਵੀ ਬਾਪ ਦੇ ਸਾਹਮਣੇ ਰੱਤੋ-ਰੱਤ ਨਹਾ ਗਈ ਸੀ। ਫਿਰ ਰਹਿੰਦਾ-ਖੂੰਹਦਾ ਕਾਫ਼ਲਾ ਚੁੱਪ-ਚਾਂ ਦੀ ਥਾਂ ਰੋਂਦਾ-ਚੀਕਦਾ, ਮਿੱਥੀ ਹੋਈ ਲਕੀਰ ਟੱਪ ਆਇਆ ਸੀ। ਫੱਟ ਖਾ ਕੇ ਵੀ ਕਰਮੂੰ ਨੇ ਮੁਹਾਜਰ ਕੈਂਪ ਪੁੱਜ ਕੇ ਸ਼ੁਕਰ ਕੀਤਾ ਸੀ। ਆਪਣੀ ਧਰਤੀ ਨੂੰ ਚੁੰਮਿਆ, ਹਵਾ ਵਿਚ ਲੰਮੇ-ਲੰਮੇ ਸਾਹ ਲਏ। ਉਹਦੀ ਸਵਾਣੀ, ਭਾਗਾਂ ਨੇ ਵੈਣ ਛੋਹੇ ਹੋਏ ਸਨ। ਹੋਰ ਮਾਂਵਾਂ ਵੀ ਇਉਂ ਹੀ ਰੋਈਆਂ ਸਨ। ਕਈ ਯਤੀਮ ਉਦਾਸ, ਕਈ ਸੁਹਾਗਣਾਂ ਬੇਵਾ, ਕਈ ਗੱਭਰੂ ਸ਼ਰਮਸਾਰ ਸਨ। ਸਾਹਮਣੇ ਕਈ ਮਹੱਲਾਂ ਵਿਚ ਰੰਗ ਵੀ ਸਨ, ਖੁਸ਼ੀਆਂ ਵੀ ਤੇ ਖੇਡ-ਤਮਾਸ਼ੇ ਵੀ ਸਨ। ਮੁਹਾਜਰ ਕੈਂਪ ਵਿਚ ਕਰਮੂੰ ਨੇ ਵੀ ਆਪਣਾ ਨਾਂ ਲਿਖਵਾਇਆ। ਉਦੋਂ ਉਹ ਆਪਣੇ-ਆਪ ਨੂੰ ਸੱਚ-ਮੁੱਚ ਕਰਮ ਦੀਨ ਸਮਝ ਰਿਹਾ ਸੀ।
ਫਿਰ ਇਕ ਦਿਨ ਉਹ ਮੁਹਾਜਰ ਕੈਂਪ ਵੀ ਉਜੜ ਗਿਆ। ਮੁਹਾਜਰਾਂ ਨੂੰ ਆਰਜ਼ੀ ਅਲਾਟਮੈਂਟ ਦੇ ਕੇ ਵੱਖੋ-ਵੱਖ ਥਾਂਵਾਂ ‘ਤੇ ਖਪਾਇਆ ਗਿਆ। ਕਰਮ ਦੀਨ ਨੂੰ ਦੂਰ-ਦੁਰਾਡੇ ਕਿਸੇ ਪਿੰਡ ਵਿਚ ਕੁਝ ਸਰਕਾਰੀ ਜ਼ਮੀਨ ਵਾਹੀ ਵਾਸਤੇ ਆਰਜ਼ੀ ਅਲਾਟ ਹੋਈ। ਜ਼ਮੀਨ ਵੀ ਜੰਗਲ ਹੀ ਜੰਗਲ ਸੀ। ਉਚੀ ਨੀਵੀਂ, ਟੋਏ-ਟਿੱਬੇ, ਝਾੜੀ-ਬੂਟੇ, ਸੱਪਾਂ ਵਾਂਗਰ। ਕਰਮ ਦੀਨ ਨੇ ਬੜੀ ਖੇਚਲ ਨਾਲ ਭੋਂਇ ਬੀਜਣ ਦੇ ਕਾਬਲ ਬਣਾਈ। ਸਿਰ ਤੋੜ ਮਿਹਨਤ ਨਾਲ ਵਸਣ ਦਾ ਮੂੰਹ ਸਿਰ ਬਣਾਇਆ। ਕੁਝ ਵੇਲਾ ਹੋਰ ਲੰਘ ਗਿਆ, ਪਰ ਵੇਲੇ ਨਾਲ ਜਿਥੇ ਭੋਲਾ ਜਵਾਨ ਹੋਇਆ, ਉਥੇ ਭਾਗਾਂ ਵੀ ਹੋਰ ਉਦਾਸ ਹੁੰਦੀ ਗਈ। ਮੂੰਹ ‘ਤੇ ਚੁੱਪ, ਚਿਹਰੇ ‘ਤੇ ਝੁਰੜੀਆਂ ਉਦਾਸੀਆਂ, ਰੂਹ ਵਿਚ ਅੱਗ। ਇਕ ਦਿਨ ਉਹ ਰੋਟੀ ਲੈ ਕੇ ਖੇਤਾਂ ਨੂੰ ਗਈ ਜਿਥੇ ਕਰਮ ਦੀਨ ਤੇ ਭੋਲਾ ਕੰਮ ਕਰ ਰਹੇ ਸਨ। ਬੇਰੀ ਦੀ ਛਾਂਵੇਂ, ਭੱਤਾ-ਵੇਲਾ ਕਰਦਿਆਂ ਭੋਲੇ ਨੇ ਉਤਾਂਹਾਂ ਬੇਰੀ ਵੱਲ ਧਿਆਨ ਕਰ ਕੇ ਆਖਿਆ, “ਅੱਬਾ, ਜੇ ਇਸ ਬੇਰੀ ਨੂੰ ਬੇਰ ਲੱਗੇ ਤਾਂ ਬਹੁਤ ਮਿੱਠੜੇ ਹੋਣਗੇ।” ਭੋਲੇ ਦੀ ਗੱਲ ਸੁਣ ਕੇ ਉਹਦੀ ਮਾਂ ਦੇ ਤਾਂ ਅੱਥਰੂ ਡਿੱਗ ਪਏ ਜਿਹੜੇ ਉਹਨੇ ਮੈਲੀ ਤੇ ਪਾਟੀ ਚਾਦਰ ਨਾਲ ਪੂੰਝ ਕੇ ਸਾਫ ਕੀਤੇ ਤੇ ਕਰਮ ਦੀਨ ਹੌਲੀ ਜਿਹੀ ਬੋਲਿਆ, “ਆਖਰ ਤਾਂ ਬੰਦਾ ਆਸ ਨੂੰ ਹੀ ਜਿਉਂਦਾ ਏ। ਸਾਰੀ ਦੁਨੀਆਂ ਉਮੀਦ ‘ਤੇ ਈ ਕਾਇਮ ਏ।” ਫਿਰ ਕਿੰਨਾ ਚਿਰ ਈ ਸਾਰੇ ਚੁੱਪ ਰਹੇ ਸਨ।
ਫਿਰ ਜੰਗ ਦੇ ਦਿਨਾਂ ਵਿਚ ਭੋਲਾ ਵੀ ਜੰਗ ਵਿਚ ਸ਼ਾਮਲ ਹੋ ਗਿਆ। ਉਹਦੀ ਮਾਂ ਨੇ ਬੜਾ ਸਮਝਾਇਆ, “ਕਾਕਾ ਤੂੰ ਨਹੀਂ ਜਾਣਦਾ, ਜੰਗ ਕਾਹਦੇ ਵਾਸਤੇ ਲੜੀ ਜਾਂਦੀ ਏ।”
“ਜਦ ਕੋਈ ਵੈਰੀ ਲਲਕਾਰੇ ਤਾਂ ਫਿਰ ਲੁਕਣਾ ਨਹੀਂ ਚਾਹੀਦਾ।” ਇਹ ਖੌਰੇ ਉਹਦੇ ਅੰਦਰ ਕਿਹੜੀ ਅੱਗ ਸੀ?
ਫਿਜ਼ਾ ਵਿਚ ਤੋਪਾਂ ਦੇ ਗੋਲਿਆਂ ਦੀ ਠਾਹ-ਠਾਹ ਦੇ ਨਾਲ-ਨਾਲ ‘ਮੇਰਿਆ ਢੋਲ ਸਿਪਾਹੀਆ, ਤੈਨੂੰ ਰੱਬ ਦੀਆਂ ਰੱਖਾਂ’ ਵਾਲੇ ਗੀਤ ਵੀ ਉਭਰੇ। ਕਹਿਰ ਵਰਤਾ ਕੇ ਫਿਰ ਜੰਗ ਬੰਦ ਹੋ ਗਈ। ਕਰਮ ਦੀਨ ਨੂੰ ਕੁਝ ਪਤਾ ਨਾ ਲੱਗਾ, ਜੰਗ ਹੋਈ ਕਿਵੇਂ, ਤੇ ਫਿਰ ਬੰਦ ਕਿਵੇਂ ਹੋਈ? ਨਤੀਜਾ ਨਿਕਲਿਆ ਬਈ, ਭੋਲਾ ਸ਼ਹੀਦ ਹੋ ਗਿਆ ਸੀ। ਭੋਲੇ ਦੀ ਮਾਂ ਦੇ ਅੱਥਰੂ ਵੀ ਮੁੱਕ ਗਏ ਸਨ। ਉਹ ਭੋਲੇ ਦੀ ਮੌਤ ‘ਤੇ ਬਿਲਕੁਲ ਨਹੀਂ ਰੋਈ।
ਆਰਜ਼ੀ ਅਲਾਟਮੈਂਟ ਟੁੱਟ ਕੇ ਭੋਂਇ ਕਿਸੇ ਹੋਰ ਦੇ ਨਾਂ ਹੋ ਗਈ। ਕਰਮ ਦੀਨ ਨੇ ਬਥੇਰਾ ਰੌਲਾ ਪਾਇਆ, ਜ਼ਿਲ੍ਹੇ ਕਚਹਿਰੀ ਫਰਿਆਦ ਵੀ ਕੀਤੀ, ਪਰ ਕਿਸੇ ਨਾ ਸੁਣੀ। ਥੱਕ ਹਾਰ ਕੇ ਕਿਸੇ ਹੋਰ ਕੋਲੋਂ ਹਿੱਸੇ ‘ਤੇ ਜ਼ਮੀਨ ਲੈ ਕੇ ਵਾਹੀ। ਉਹ ਕਰਮ ਦੀਨ ਤੋਂ ਮਹਾਜਰ, ਤੇ ਫਿਰ ਮੁਜਾਰਾ ਸੱਦੀਵਣ ਲੱਗ ਪਿਆ। ਮੁਹਾਜਰ ਮੁਜਾਰਾ ਮਿਹਨਤੀ ਸੀ, ਇਸੇ ਕਰ ਕੇ ਪਿੰਡ ਦੇ ਚੌਧਰੀ ਨੇ ਆਪਣੀ ਕੱਲਰ ਜ਼ਮੀਨ ਵਾਹੁਣ ਵਾਸਤੇ ਦੇ ਦਿੱਤੀ।
ਮੁਹਾਜਰ ਮੁਜਾਰਾ ਉਥੇ ਈ ਦਿਲ ਲਾ ਕੇ ਮਿਹਨਤ ਕਰਦਾ ਰਿਹਾ। ਭੋਂਇ ਆਬਾਦ ਹੋਈ, ਨਾਲ ਈ ਫ਼ਸਲਾਂ ਦੇ ਭਾਅ ਵਧਦੇ ਰਹੇ। ਖੂਬ ਤਰੱਕੀ ਹੋਈ। ਚੌਧਰੀ ਨੇ ਟਰੈਕਟਰ ਲੈ ਆਂਦਾ ਤੇ ਮੁਹਾਜਰ ਮਜਾਰਾ ਵਿਹਲਾ ਹੋ ਗਿਆ। ਮੁਹਾਜਰ ਮੁਜਾਰਾ ਜਿਹੜਾ ਹੁਣ ਤੀਕ ਚੁੱਪ ਸੀ, ਇਕ ਦਿਨ ਭਾਂਬੜ ਬਣ ਗਿਆ। ਉਸ ਚੌਧਰੀ ਨੂੰ ਆਖਿਆ, “ਉਹ ਦਿਨ ਗਏæææਜਦ ਚੌਧਰੀ ਆਪਣੇ ਢਿੱਡ ‘ਤੇ ਹੱਥ ਮਾਰਦੇ ਹੁੰਦੇ ਸਨ। ਹੁਣ ਤਾਂ ਹਕੂਮਤ ਏ ਵੰਡ ਖਾਣ ਦੀ। ਤੂੰ ਮੈਨੂੰ ਭੋਂਇ ਤੋਂ ਬੇਦਖਲ ਨਹੀਂ ਕਰ ਸਕਦਾ।” ਕਰਮੂੰ ਨੇ ਭੋਂਇ ‘ਤੇ ਕਬਜ਼ਾ ਕਰ ਲਿਆ ਸੀ।
ਚੌਧਰੀ ਕਬਜ਼ੇ ਦਾ ਨਾਂ ਸੁਣ ਕੇ ਪਹਿਲਾਂ ਤਾਂ ਮੁਹਾਜਰ ਦੀ ਬੇਵਕੂਫੀ ‘ਤੇ ਹੱਸਿਆ। ਫਿਰ ਗੁੱਸੇ ਨਾਲ ਬੋਲਿਆ, “ਅੱਛਾ ਕਰਮਾਂ ਮਾਰਿਆ ਕਰਮੂੰ! ਤੈਨੂੰ ਤੇ ਤੇਰੀ ਹਕੂਮਤ ਨੂੰ ਕੁਝ ਵਿਖਾਣਾ ਪਵੇਗਾ।”
ਚੌਧਰੀ ਨੇ ਮੁਹਾਜਰ ‘ਤੇ ਕੇਸ ਕਰ ਦਿੱਤਾ ਜੀਹਦੇ ਵਿਚ ਦਾਅਵਾ ਕੀਤਾ ਕਿ ਉਹਦੇ ਮੁਜਾਰੇ ਨੇ ਉਹਨੂੰ ਦੋ ਸਾਲ ਤੋਂ ਹਿੱਸਾ ਨਹੀਂ ਦਿੱਤਾ।
ਅਦਾਲਤ ਨੇ ਮੁਜਾਰੇ ਨੂੰ ਸੱਦ ਕੇ ਪੁੱਛਿਆ, “ਤੂੰ ਹਿੱਸਾ ਕਿਉਂ ਨਹੀਂ ਦਿੱਤਾ?”
ਮੁਜਾਰੇ ਨੇ ਜਵਾਬ ਵਿਚ ਆਖਿਆ, “ਸਰਕਾਰ ਮੈਂ ਤਾਂ ਹਿੱਸਾ ਦਿੰਦਾ ਰਿਹਾ ਵਾਂ।”
ਅਦਾਲਤ ਰਸੀਦ ਪੁੱਛੀ।
“ਰਸੀਦ ਤਾਂ ਸਾਰੇ ਪਿੰਡ ਵਿਚ ਕੋਈ ਲੈਂਦਾ-ਦਿੰਦਾ ਨਹੀਂ।” ਕਰਮੂੰ ਵਜ਼ਾਹਤ ਕੀਤੀ।
“ਫਿਰ ਗਵਾਹ ਲਿਆ ਕੋਈ।” ਅਦਾਲਤ ਹੁਕਮ ਦਿੱਤਾ।
ਮੁਹਾਜਰ ਨਾਲ ਕੋਈ ਗਵਾਹ ਨਾ ਗਿਆ। ਉਲਟਾ, ਅਦਾਲਤੀ ਹੁਕਮ ਨਾਲ ਘਰ ਦੀ ਕੁਰਕੀ ਹੋ ਗਈ। ਘਰ ਦੀ ਕੁਰਕੀ ‘ਤੇ ਭਾਗਾਂ ਰੋਈ-ਪਿੱਟੀ, ਗਸ਼ ਖਾ ਕੇ ਡਿੱਗੀ ਤੇ ਫਿਰ ਨਾ ਉਠੀ। ਕਰਮੂੰ ਹਾਲੀ ਜਿਉਂਦਾ ਸੀ! ਪਿੰਡੋਂ ਨਿਕਲ ਕੇ ਬਣਦੀ ਨਵੀਂ ਬਿਲਡਿੰਗ ਵਿਚ ਚੌਕੀਦਾਰ ਹੋ ਗਿਆ। ਰਾਤ ਦਿਨ ਦਾ ਚੌਕੀਦਾਰ। ਇਕ ਦਿਨ ਬਿਲਡਿੰਗ ਦਾ ਸਰੀਆ ਚੋਰੀ ਹੋ ਗਿਆ, ਤੇ ਸ਼ੱਕ ਕਰਮੂੰ ‘ਤੇ ਜਾ ਪਿਆ।
ਬਿਲਡਿੰਗ ਦੇ ਮਾਲਕਾਂ ਮਾਰਿਆ ਕੁੱਟਿਆ ਤੇ ਥਾਣੇ ਦੇ ਦਿੱਤਾ। ਥਾਣੇਦਾਰ ਨੇ ਕਰਮੂੰ ਦੀ ਸ਼ਕਲ ਵੇਖ ਕੇ ਆਖਿਆ, “ਪੱਕਾ ਚੋਰ ਲਗਦਾ ਏ।” ਕਰਮੂੰ ਹੱਥ ਜੋੜ ਆਖਿਆ, “ਮੋਤੀਆਂ ਵਾਲਿਆ! ਮੈਨੂੰ ਤਾਂ ਕੁਝ ਵੀ ਪਤਾ ਨਹੀਂ ਲਗਦਾæææਕਿਹੜਾ ਮਾਲਕ ਏ, ਕਿਹੜਾ ਮੁਲਾਜ਼ਮ ਏ? ਆਪੇ ਸਰੀਆ ਲੈ ਜਾਂਦੇ ਸਨ ਤੇ ਆਪੇ ਈ ਰੱਖ ਲੈਂਦੇ ਸਨ।”
“ਕਿੰਨਾ ਭੋਲਾ ਬਣਦਾ ਆ, ਸੂਰ ਦੀ ਬੂਥੀ ਵਾਲਾ।” ਥਾਣੇਦਾਰ ਨੇ ਥੱਪੜ ਮਾਰਿਆ। ਫਿਰ ਠੁੱਡੇ ਮਾਰ-ਮਾਰ ਕੇ ਡਾਂਗਾਂ ਵੀ ਮਾਰੀਆਂ ਤੇ ਪੁੱਛਿਆ, “ਬਾਕੀ ਦੇ ਸਾਥੀ ਕਿੱਥੇ ਨੇ? ਦੱਸ, ਨਹੀਂ ਤਾਂ ਮਾਰ ਦਿਆਂਗਾ।æææਨਾ ਹੋਵੇ। ਕੁਝ ਬਕਦਾ ਈ ਨਹੀਂ।”
ਕਰਮੂੰ ਚੁੱਪ ਵੱਟ ਲਈ। ਥਾਣੇਦਾਰ ਨੂੰ ਸਾਹ ਚੜ੍ਹਿਆ ਹੋਇਆ ਸੀ। ਉਹਨੇ ਇਕ ਸਿਪਾਹੀ ਨੂੰ ਆਖਿਆ, “ਫੜ ਉਇ ਇਸ ਕੰਜਰ ਨੂੰ, ਬਿਠਾ ਜ਼ਰਾ ਧੁੱਪੇ ਕੰਧ ਨਾਲ। ਇਹਦੀ ਅਕਲ ਟਿਕਾਣੇ ਆਵੇ, ਫਿਰ ਪੁੱਛਦਾ ਵਾਂ ਇਹਨੂੰæææ।” ਮੋਟੀ ਸਾਰੀ ਗਾਲ੍ਹ ਕੱਢ ਕੇ, “ਭਲਾ ਇਸ ਬੇ-ਗੈਰਤ ਨੂੰ ਕਿਹਨੇ ਆਖਿਆ ਸੀ, ਇਧਰ ਆਵੇ? ਇਹਦੇ ਕੋਲੋਂ ਉਧਰ ਨਹੀਂ ਸਨ ਚੋਰੀਆਂ ਕੀਤੀਆਂ ਜਾਂਦੀਆਂ? ਚੋਰ ਦਾ ਪੁੱਤਰ।” ਥਾਣੇਦਾਰ ਦੇ ਜੋ ਮੂੰਹ ਆਇਆ, ਬਕੀ ਗਿਆ। “ਇਹਨੇ ਸੋਚਿਆ ਹੋਣਾ ਏ, ਚਲਦੇ ਆਂæææਭੋਲਿਆਂ ਲੋਕਾਂ ਦੇ ਦੇਸ਼æææਵਾਹਵਾ ਟੰਡੂ ਅੜਿਆ ਰਹੇਗਾ। ਪਰ ਮੈਂ ਤਾਂ ਇਹਦੇ ਕੋਲੋਂ ਅਗਲਾ-ਪਿਛਲਾ ਖਾਧਾ-ਪੀਤਾ ਸਭ ਹਿਸਾਬ ਲੈ ਕੇ ਛੱਡਾਂਗਾ।” ਥਾਣੇਦਾਰ ਦਾ ਜੁੱਸਾ ਗੁੱਸੇ ਨਾਲ ਵੱਸ ਵਿਚ ਨਹੀਂ ਸੀ। ਫੁੱਲੀ ਹੋਈ ਗੋਗੜ ਤੋਂ ਖਿਸਕਦੀ ਪੈਂਟ ਨੂੰ ਉਹਨੇ ਖਿੱਚ ਕੇ ਉਤਾਂਹ ਕੀਤਾ। ਥਾਣੇਦਾਰ ਦਾ ਹੁਕਮ ਸੁਣ ਸਿਪਾਹੀ ਨੇ ਜ਼ਖ਼ਮੀ ਕਰਮ ਦੀਨ ਨੂੰ ਲੱਤ ਤੋਂ ਫੜ ਕੇ ਧਰੀਕਦਿਆਂ ਧੁੱਪੇ ਕੰਧ ਨਾਲ ਲਿਆ ਸੁੱਟਿਆæææਜਿਵੇਂ ਕਮੇਟੀ ਵਾਲੇ ਬੇਦਰਦੀ ਨਾਲ ਮੋਏ ਕੁੱਤੇ ਸੁੱਟ ਦਿੰਦੇ ਨੇ।
ਕਰਮ ਦੀਨ ਕੋਲ ਹੁਣ ਨਾ ਕਰਮ ਸੀ, ਤੇ ਨਾ ਦੀਨ। ਬੱਸ, ਗੁਜ਼ਾਰੇ ਵਕਤ ਦਾ ਖਿਆਲ ਸੀ। ਹੁਣ ਤਾਂ ਉਹ ਵੀ ਅੱਗਿਓਂ ਮੁੱਕ ਗਿਆ। ਉਹਨੇ ਜ਼ਮੀਨ ਖੋਤਰਦਿਆਂ ਲੰਮਾ ਸਾਹ ਭਰਿਆ। ਕੰਨਾਂ ਵਿਚ ਬੂਟਾਂ ਦੀ ਠੱਪ-ਠੱਪ ਦੀ ਆਵਾਜ਼ ਨੇੜੇ ਪਈ ਸੁਣ ਕੇ ਉਹਨੂੰ ਕੰਬਣੀ ਜਿਹੀ ਆਈ। ਉਸ ਘਬਰਾ ਕੇ ਉਤਾਂਹ ਅਸਮਾਨ ਵੱਲ ਖੁਦਾ ਨੂੰ ਵੇਖਿਆ। ਉਥੇ ਉਹਨੂੰ ਖੁਦਾ ਤਾਂ ਨਜ਼ਰ ਨਾ ਆਇਆ, ਪਰ ਉਥੇ ਇਕ ਚਿੱਟਾ ਕਬੂਤਰ ਚੀਨਾ, ਨਿਰਾ-ਪੁਰਾ ਜੌਂ-ਸਿਰਾ, ਵਿਸਾਖੀ ਦੇ ਮੇਲੇ ਵਰਗਾ, ਪੁੱਠੀਆਂ-ਸਿੱਧੀਆਂ ਬਾਜ਼ੀਆਂ ਲਾ ਰਿਹਾ ਸੀ।

Be the first to comment

Leave a Reply

Your email address will not be published.