ਸ਼ਿਕਾਗੋ (ਬਿਊਰੋ): ਪੰਜਾਬ ਟਾਈਮਜ਼ ਦੀ 16ਵੀਂ ਵਰ੍ਹੇਗੰਢ ਇਥੇ ਕੋਟਿਲੀਅਨ ਬੈਂਕੁਇਟ ਹਾਲ, ਪੈਲਾਟਾਈਨ ਵਿਖੇ ਲੰਘੀ 26 ਮਾਰਚ ਨੂੰ ਮਨਾਈ ਗਈ। ਜ਼ਿਕਰਯੋਗ ਹੈ ਕਿ ਪੰਜਾਬ ਟਾਈਮਜ਼ ਅਖਬਾਰ ਪਹਿਲੀ ਜਨਵਰੀ ਸੰਨ 2000 ਨੂੰ ਸ਼ਿਕਾਗੋ ਤੋਂ ਸ਼ੁਰੂ ਕੀਤਾ ਗਿਆ ਸੀ। ਸਮਾਗਮ ਵਿਚ ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਅਤੇ ਪੱਕੇ ਸਮਰਥਕਾਂ ਤੇ ਪ੍ਰਸ਼ੰਸਕਾਂ ਤੋਂ ਇਲਾਵਾ ਮਿਡਵੈਸਟ ਦੀਆਂ ਧਾਰਮਕ, ਸਿਆਸੀ, ਸਭਿਆਚਾਰਕ ਅਤੇ ਖੇਡ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਡੀ ਗਿਣਤੀ ਵਿਚ ਹਾਜਰ ਸਨ। ਸਮਾਗਮ ਨੂੰ ਜਿਥੇ ਵਖ ਵਖ ਬੁਲਾਰਿਆਂ ਨੇ ਸੰਬੋਧਨ ਕੀਤਾ, ਉਥੇ ਗੀਤ-ਸੰਗੀਤ ਦਾ ਦੌਰ ਵੀ ਚਲਿਆ।
ਸਮਾਗਮ ਦਾ ਅਰੰਭ ਸ਼ਿਕਾਗੋ ਦੇ ਸਭਿਆਚਾਰਕ ਹਲਕਿਆਂ ਵਿਚ ਜਾਣੀ-ਪਛਾਣੀ ਸ਼ਖਸੀਅਤ ਠਾਕਰ ਸਿੰਘ ਬਸਾਤੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕੀਤਾ। ਪੰਜਾਬ ਟਾਈਮਜ਼ ਦੇ 16 ਸਾਲ ਦੇ ਸਫਰ ‘ਤੇ ਝਾਤੀ ਮਾਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ, ਜਦੋਂ ਇਹ ਅਖਬਾਰ ਮੈਗਜੀਨ ਸਾਈਜ਼ ਵਿਚ ਥੋੜੇ ਜਿਹੇ ਪੰਨਿਆਂ ਨਾਲ ਨਿਕਲਿਆ ਸੀ। ਸਾਨੂੰ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ਅਜ ਨਾ ਸਿਰਫ ਇਸ ਦਾ ਆਕਾਰ ਹੀ ਵਡਾ ਹੈ, ਪੰਨੇ ਹੀ ਵੱਧੇ ਹਨ, ਸਗੋਂ ਅਜ ਇਸ ਦੇ-ਸ਼ਿਕਾਗੋ, ਕੈਲੀਫੋਰਨੀਆ ਅਤੇ ਨਿਊ ਯਾਰਕ ਤਿੰਨ ਐਡੀਸ਼ਨ ਹਨ। ਅਮਰੀਕਾ ਵਿਚ ਛਪਦੇ ਪੰਜਾਬੀ ਅਖਬਾਰਾਂ ਵਿਚੋਂ ਕਿਸੇ ਵੀ ਹੋਰ ਅਖਬਾਰ ਦੇ ਤਿੰਨ ਐਡੀਸ਼ਨ ਨਹੀਂ ਹਨ। ਇਸੇ ਕਰਕੇ ਹੈਰਾਨੀ ਦੀ ਗੱਲ ਨਹੀਂ ਕਿ ਇਸ ਦੇ ਪਾਠਕਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਸਿੱਖ ਰਿਲੀਜੀਅਸ ਸੁਸਾਇਟੀ, ਸ਼ਿਕਾਗੋ (ਗੁਰਦੁਆਰਾ ਪੈਲਾਟਾਈਨ) ਦੀ ਮੁਖ ਸੇਵਾਦਾਰ ਡਾæ ਜਸਬੀਰ ਕੌਰ ਸਲੂਜਾ ਨੇ ਕਿਹਾ ਕਿ ਪੰਜਾਬ ਟਾਈਮਜ਼ ਦੀ ਸਿਫਤ ਇਹ ਹੈ ਕਿ ਇਸ ਵਿਚ ਹਰ ਵਰਗ ਦੇ ਪਾਠਕ ਲਈ ਮਿਆਰੀ ਪੜ੍ਹਨ ਸਾਮਗਰੀ ਹੁੰਦੀ ਹੈ, ਪੰਜਾਬ ਟਾਈਮਜ਼ ਸਾਡੇ ਸ਼ਹਿਰ ਤੋਂ ਨਿਕਲਦਾ ਹੈ ਅਤੇ ਸਾਡਾ ਆਪਣਾ ਅਖਬਾਰ ਹੈ। ਉਨ੍ਹਾਂ ਪੰਜਾਬ ਟਾਈਮਜ਼ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਹਿੰਮਤ ਦੀ ਦਾਦ ਦਿੰਦਿਆਂ ਵਾਹਿਗੁਰੂ ਅਗੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਆਪਣੀ ਤਰਫੋਂ ਅਖਬਾਰ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੰਦਿਆਂ ਸਭ ਨੂੰ ਇਸ ਦੇ ਨਾਲ ਖੜ੍ਹੇ ਹੋਣ ਲਈ ਅਪੀਲ ਕੀਤੀ।
ਖਾਲਸਾ ਕਾਲਜ ਜਲੰਧਰ ਵਿਚ ਲੰਮਾ ਸਮਾਂ ਅਧਿਆਪਕ ਰਹੇ ਅਤੇ ਹੁਣ ਇੰਡੀਅਨਐਪੋਲਿਸ ਵਸਦੇ ਪ੍ਰੋæ ਨਿਰੰਜਨ ਸਿੰਘ ਢੇਸੀ ਨੇ ਪੰਜਾਬ ਟਾਈਮਜ਼ ਦੇ ਮਿਆਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦਾ ਸਬੂਤ ਇਸ ਨਾਲ ਜੁੜੇ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁਲਰ, ਵਰਿਆਮ ਸਿੰਘ ਸੰਧੂ, ਡਾæ ਗੁਰਨਾਮ ਕੌਰ ਅਤੇ ਪ੍ਰੋæ ਹਰਪਾਲ ਸਿੰਘ ਪੰਨੂੰ ਜਿਹੇ ਲੇਖਕਾਂ ਤੋਂ ਮਿਲਦਾ ਹੈ। ਇਸ ਦੇ ਮਿਆਰ ਤਕ ਪਹੁੰਚਣ ਲਈ ਹੋਰਨਾਂ ਪੰਜਾਬੀ ਅਖਬਾਰਾਂ ਨੂੰ ਲੰਮਾ ਸਫਰ ਤੈਅ ਕਰਨਾ ਪਵੇਗਾ।
ਪੰਜਾਬ ਟਾਈਮਜ਼ ਨਾਲ ਦਿਲੋਂ ਜੁੜੇ ਹੋਏ ਸਿਨਸਿਨੈਟੀ, ਓਹਾਇਓ ਰਹਿੰਦੇ ਅਵਤਾਰ ਸਿੰਘ ਸਪਰਿੰਗਫੀਲਡ ਨੇ ਅਦਾਰੇ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਇਕ ਕਵਿਤਾ ਰਾਹੀਂ ਜਾਹਰ ਕੀਤੀਆਂ।
ਪੰਜਾਬ ਟਾਈਮਜ਼ ਵਿਚ ਗੁਰਬਾਣੀ ਤੇ ਗੁਰਮਤਿ ਬਾਰੇ ਪਿਛਲੇ ਕਈ ਸਾਲਾਂ ਤੋਂ ਲਿਖਦੇ ਆ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾæ ਗੁਰਨਾਮ ਕੌਰ, ਜੋ ਟੋਰਾਂਟੋ ਤੋਂ ਪਰਿਵਾਰ ਸਮੇਤ ਪਹੁੰਚੇ ਸਨ, ਨੇ ਸੰਪਾਦਕ ਅਮੋਲਕ ਸਿੰਘ ਨਾਲ ਜੁੜੀਆਂ ਯਾਦਾਂ ਸੰਖੇਪ ਸ਼ਬਦਾਂ ਵਿੱਚ ਸਾਂਝੀਆਂ ਕਰਦਿਆਂ ਦੱਸਿਆ ਕਿ ਉਨ੍ਹਾਂ ਪਹਿਲਾਂ ਕਿਸੇ ਅਖਬਾਰ ਲਈ ਕਦੇ ਲਗਾਤਾਰ ਨਹੀਂ ਸੀ ਲਿਖਿਆ ਪਰ ਅਮੋਲਕ ਸਿੰਘ ਦੀ ਪ੍ਰੇਰਣਾ ਨਾਲ ਹੁਣ ਕਈ ਸਾਲਾਂ ਤੋਂ ਪੰਜਾਬ ਟਾਈਮਜ਼ ਲਈ ਲਿਖਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਅਮਰੀਕਾ ਵਿਚ ਅਖਬਾਰ ਤਾਂ ਹੋਰ ਵੀ ਬਹੁਤ ਸਾਰੇ ਨਿਕਲਦੇ ਹਨ, ਪਰ ਪੱਤਰਕਾਰੀ ਦੇ ਮਿਆਰਾਂ ਪੱਖੋਂ ਪੰਜਾਬ ਟਾਈਮਜ਼ ਦੇ ਤੁਲ ਕੋਈ ਵੀ ਨਹੀਂ। ਪਿਛਲੇ ਸਮੇਂ ਵਿਚ ਉਨ੍ਹਾਂ ਨੂੰ ਨਿਊ ਯਾਰਕ, ਕੈਲੀਫੋਰਨੀਆ, ਟੈਕਸਸ ਅਤੇ ਅਮਰੀਕਾ ਦੀਆਂ ਕਈ ਹੋਰ ਸਟੇਟਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੂੰ Ḕਪੰਜਾਬ ਟਾਈਮਜ਼’ ਦੀ ਮਕਬੂਲੀਅਤ ਜਾਣ ਕੇ ਬੇਹੱਦ ਖੁਸ਼ੀ ਹੋਈ।
ਕੈਲਮਜ਼ੂ, ਮਿਸ਼ੀਗਨ ਤੋਂ ਆਪਣੇ ਸਾਥੀਆਂ ਕੁਲਵਿੰਦਰ ਸਿੰਘ ਗਿੱਲ, ਸ਼ ਅਵਤਾਰ ਸਿੰਘ, ਸਿਕੰਦਰ ਸਿੰਘ, ਰਣਬੀਰ (ਲਾਲੀ) ਧਾਲੀਵਾਲ ਅਤੇ ਸੁਖਬੀਰ ਸੋਹੀ ਨਾਲ ਪਹੁੰਚੇ ਸਾਬਕਾ ਹਾਕੀ ਕੋਚ ਸ਼ ਦਲਬਾਰਾ ਸਿੰਘ ਮਾਂਗਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦੋਂ ਉਨ੍ਹਾਂ ਪਹਿਲੀ ਵਾਰ Ḕਪੰਜਾਬ ਟਾਈਮਜ਼’ ਵੇਖਿਆ ਤਾਂ ਉਦੋਂ ਹੀ ਉਹ ਇਸ ਦੇ ਪੱਤਰਕਾਰੀ ਮਿਆਰ ਅਤੇ ਇਸ ਦੀ ਪਹੁੰਚ ਦੇ ਕਾਇਲ ਹੋ ਗਏ ਸਨ। ਅਜ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਮਰੀਕਾ ਵਿਚ ਹੋਰ ਕੋਈ ਵੀ ਪੰਜਾਬੀ ਅਖਬਾਰ ਇਸ ਦੇ ਤੁਲ ਨਹੀਂ ਖੜੋਂਦਾ। ਉਨ੍ਹਾਂ ਇਸ ਗੱਲ ‘ਤੇ ਤਸੱਲੀ ਜ਼ਾਹਿਰ ਕੀਤੀ ਕਿ Ḕਪੰਜਾਬ ਟਾਈਮਜ਼’ ਕਿਸੇ ਵੀ ਕਿਸਮ ਦੀ ਰਾਜਨੀਤਕ ਵਿਚਾਰਧਾਰਕ ਜਾਂ ਭਾਈਚਾਰਕ ਸੰਕੀਰਨਤਾ ਤੋਂ ਮੁਕਤ ਰਿਹਾ ਹੈ ਅਤੇ ਇਸ ਨੇ ਬਿਨਾ ਕਿਸੇ ਭਿੰਨ-ਭੇਦ ਤੋਂ ਹਰ ਤਰ੍ਹਾਂ ਦੇ ਅਕੀਦੇ ਵਾਲੇ ਵਿਦਵਾਨਾਂ ਅਤੇ ਕਾਲਮ ਨਵੀਸਾਂ ਨੂੰ ਜਗ੍ਹਾ ਦਿੱਤੀ ਹੈ। ਇਸ ਵਿਚ ਛਪਦੀ ਸਾਹਿਤਕ ਸਾਮਗਰੀ ਵੀ ਕਾਬਿਲੇ-ਤਾਰੀਫ ਹੈ। ਵਖੋ-ਵਖ ਵਿਸ਼ਿਆਂ ‘ਤੇ ਲਿਖਣ ਵਾਲੇ ਸਥਾਈ ਕਾਲਮਨਵੀਸ, ਜਿਵੇਂ ਤਰਲੋਚਨ ਸਿੰਘ ਦੁਪਾਲਪੁਰ, ਐਸ ਅਸ਼ੋਕ ਭੌਰਾ, ਬਲਜੀਤ ਬਾਸੀ, ਬੀਬੀ ਸੁਰਜੀਤ ਕੌਰ, ਮੇਜਰ ਸਿੰਘ ਕੁਲਾਰ, ਦਲਜੀਤ ਅਮੀ, ਬੂਟਾ ਸਿੰਘ ਆਦਿ ਇਸ ਅਖਬਾਰ ਨਾਲ ਜੁੜੇ ਹੋਏ ਹਨ।
ਮਿਡਵੈਸਟ ਦੀ ਜਾਣੀ-ਪਛਾਣੀ ਸ਼ਖਸੀਅਤ ਰਾਜਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਪੰਜਾਬ ਟਾਈਮਜ਼ ਇਕ ਚੰਦਰਮਾ ਦੀ ਤਰ੍ਹਾਂ ਹੈ, ਜਿਸ ਦੁਆਲੇ ਜੁੜੇ ਸਿਤਾਰੇ ਯਾਨਿ ਕਾਲਮਨਵੀਸ ਤੇ ਲੇਖਕ ਨਾ ਸਿਰਫ ਸਾਨੂੰ ਗਿਆਨ ਦੀ ਰੋਸ਼ਨੀ ਦਿੰਦੇ ਹਨ, ਸਗੋਂ ਸਾਡੀ ਜੰਮਣ ਭੁਮੀ ਨਾਲ ਵੀ ਜੋੜਦੇ ਹਨ।
ਪੰਜਾਬ ਟਾਈਮਜ਼ ਦੇ ਸ਼ੁਰੂ ਤੋਂ ਨਿਕਟ ਸਹਿਯੋਗੀ ਰਹੇ ਗੁਰਦਿਆਲ ਸਿੰਘ ਬੱਲ ਨੇ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਵਿਚ ਅਮੋਲਕ ਸਿੰਘ ਨਾਲ ਗੁਜ਼ਾਰੇ ਪਲਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਅਖਬਾਰ ਦਾ ਅਸੀਂ ਤਸਵਰ ਕੀਤਾ ਸੀ, ਪੰਜਾਬ ਟਾਈਮਜ਼ ਕਾਫੀ ਹੱਦ ਉਸ ‘ਤੇ ਪੂਰਾ ਉਤਰਦਾ ਹੈ।
ਪ੍ਰੋæ ਰਮਦੇਵ ਨੇ ਆਪਣੇ ਸੰਖੇਪ ਭਾਸ਼ਣ ਵਿਚ ਪੰਜਾਬ ਟਾਈਮਜ਼ ਨਾਲ ਆਪਣੀ ਸਾਂਝ ਦੀ ਗੱਲ ਕਰਦਿਆਂ 16ਵੀਂ ਵਰ੍ਹੇਗੰਢ ਦੀ ਵਧਾਈ ਦਿਤੀ।
ਇਸ ਮੌਕੇ ਪਟਿਆਲੇ ਦੇ ‘ਭੂਤਵਾੜਾ’ ਵਰਤਾਰੇ ਬਾਰੇ ਲਿਖੀ ਡਾæ ਤਰਸ਼ਿਦਰ ਕੌਰ ਦੀ ਕਿਤਾਬ ‘ਭੂਤਵਾੜੇ ਦੇ ਭੂਤਾਂ ਦੀ ਕਥਾ’ ਰਿਲੀਜ਼ ਕੀਤੀ ਗਈ ਅਤੇ ਇਹ ਰਸਮ ਪ੍ਰੋæ ਜੋਗਿੰਦਰ ਸਿੰਘ ਰਮਦੇਵ, ਪ੍ਰੋæ ਨਿਰੰਜਨ ਸਿੰਘ ਢੇਸੀ ਅਤੇ ਗੁਰਨਾਮ ਕੌਰ ਨੇ ਨਿਭਾਈ। ਜ਼ਿਕਰਯੋਗ ਹੈ ਕਿ 1960ਵਿਆਂ ਵਿਚ ਪਟਿਆਲਾ ਸ਼ਹਿਰ ਵਿਚ ਕਾਲਜ ਦੇ ਪੜ੍ਹਾਕੂਆਂ ਦਾ ਇਕ ਜੁਟ ਭੂਤਵਾੜੇ ਕਰਕੇ ਮਸ਼ਹੂਰ ਹੋਇਆ ਸੀ। ਇਹ ਸਾਰੇ ਇਕ ਕੋਠੀ ਵਿਚ ਰਹਿੰਦੇ ਸਨ ਅਤੇ ਪੜ੍ਹਨ ਵਿਚ ਇਨੇ ਗੁਮ ਰਹਿੰਦੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਭੂਤ ਤੇ ਕੋਠੀ ਨੂੰ ਭੂਤਵਾੜਾ ਕਹਿਣਾ ਸ਼ੁਰੂ ਕਰ ਦਿਤਾ। ਡਾæ ਸਤਿੰਦਰ ਸਿੰਘ ਨੂਰ, ਡਾæ ਗੁਰਭਗਤ ਸਿੰਘ, ਨਵਤੇਜ ਭਾਰਤੀ, ਲਾਲੀ ਬਾਬਾ, ਹਰਿੰਦਰ ਸਿੰਘ ਮਹਿਬੂਬ ਇਨ੍ਹਾਂ ਵਿਚੋਂ ਕੁਝ ਸਨ। ਡਾæ ਦਲੀਪ ਕੌਰ ਟਿਵਾਣਾ ਅਤੇ ਪ੍ਰੋ ਪ੍ਰੀਤਮ ਸਿੰਘ ਮਹਿੰਦਰ ਕਾਲਜ ਇਨ੍ਹਾਂ ਦੇ ਅਧਿਆਪਕ ਹੋਇਆ ਕਰਦੇ ਸਨ।
ਇਸ ਸ਼ਾਮ ਦੇ ਸੰਗੀਤਕ ਦੌਰ ਦਾ ਅਰੰਭ ਜਸਦੇਵ ਸਿੰਘ ਦੇ ਇਕ ਗੀਤ ਨਾਲ ਹੋਇਆ, ਜਿਸ ਵਿਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਉਤੇ ਕੀਤੀਆਂ ਗਈਆਂ ਤਿਖੀਆਂ ਟਿਪਣੀਆਂ ਨੇ ਸਰੋਤਿਆਂ ਦੀ ਪੂਰੀ ਤਵੱਜੋ ਹਾਸਲ ਕੀਤੀ। ਡਾæ ਹਰਜਿੰਦਰ ਸਿੰਘ ਖਹਿਰਾ, ਜਗਮੀਤ ਸਿੰਘ ਜੈਸੀ ਅਤੇ ਨਿੰਮਾ ਡੱਲੇਵਾਲਾ ਨੇ ਵੀ ਇਕ ਇਕ ਗੀਤ ਪੇਸ਼ ਕਰਕੇ ਹਾਜਰੀ ਲਵਾਈ।
ਫਿਰ ਵਾਰੀ ਆਈ ਮਿਲਵਾਕੀ ਵਸਦੀ ਪੂਜਾ ਧਾਲੀਵਾਲ ਦੀ, ਜਿਸ ਨੇ ਰੂਹ ਨੂੰ ਸਰਸ਼ਾਰ ਕਰਨ ਵਾਲੇ ਕਲਾਸੀਕਲ ਅੰਦਾਜ਼ ਵਿਚ ਗੀਤ ਪੇਸ਼ ਕੀਤਾ, ਬੋਲ ਸਨ:
ਹਵਾ ਤੇਰੇ ਸ਼ਹਿਰ ਵੱਲੋਂ ਹੋ ਕੇ ਲੰਘਦੀ ਰਹੀ
ਤੇਰੀ ਮਹਿਕ ਤੇਰੇ ਆਸ਼ਕਾਂ ਨੂੰ ਵੰਡਦੀ ਰਹੀ।
ਪੂਜਾ ਨੂੰ ਸ਼ਬਦਾਂ ਨਾਲ ਸੁਰ ਅਤੇ ਤਾਲ ਉਪਰ ਕਮਾਲ ਦਾ ਆਬੂਰ ਹਾਸਲ ਹੈ। ਰਵਾਇਤੀ ਪੰਜਾਬੀ ਸੰਗੀਤ ਦੇ ਪ੍ਰੇਮੀਆਂ ਦੇ ਕੰਨਾਂ ਵਿਚ ਉਦੋਂ ਜਿਵੇਂ ਮਿਸ਼ਰੀ ਘੁਲ ਗਈ, ਜਦੋਂ ਉਸ ਨੇ ਮਿਰਜ਼ੇ ਦੀ ਸੱਦ ਲਾਈ,
ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਥੰਮ
ਵੇ ਮੈਂ ਕਦੇ ਨਾ ਦਿਓਰ ਵੰਗਾਰਿਆ ਜੱਟਾ ਕਦੇ ਨਾ ਆਇਓਂ ਕੰਮ।
ਬੀਬਾ ਮਨਮੀਤ ਨੇ ਸਹਿਜ ਸੰਗੀਤ ਦੀ ਲੈਅ ਵਿਚ ਗੀਤ ਪੇਸ਼ ਕੀਤੇ। ਇਕ ਗੀਤ ਦੇ ਬੋਲ ਸਨ:
ਮੈਂ ਤੈਨੂੰ ਸਮਝਾਵਾਂ ਕੀ,
ਤੇਰੇ ਬਾਝੋਂ ਲਗਦਾ ਨਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ
ਤੂੰ ਦਿਲ ਤੂਹੀਓਂ ਜਾਨ ਮੇਰੀæææ।
ਸਿਨਸਿਨੈਟੀ ਤੋਂ ਆਏ ਲਖਵਿੰਦਰ ਮਾਵੀ ਨੇ ਉਚੀ ਹੇਕ ਵਿਚ ਇਕ ਗੀਤ ਪੇਸ਼ ਕਰਕੇ ਸਰੋਤਿਆਂ ਦਾ ਧਿਆਨ ਖਿਚਿਆ। ਮਨਦੀਪ ਨੇ ਪਹਿਲਾਂ ਵਖਰਿਆਂ ਅਤੇ ਫਿਰ ਪ੍ਰੋਗਰਾਮ ਦੇ ਸਟਾਰ ਗਾਇਕ ਤਾਰਾ ਮੁਲਤਾਨੀ ਨਾਲ ਮਿਲ ਕੇ ਕਈ ਗੀਤ ਪੇਸ਼ ਕੀਤੇ।
ਪ੍ਰੋਗਰਾਮ ਦਾ ਸ਼ਿਖਰ ਸੀ ਤਾਰਾ ਮੁਲਤਾਨੀ, ਜਿਸ ਨੇ ਮਾਈਕ ਫੜਦਿਆਂ ਹੀ ਸਰੋਤਿਆਂ ਦੇ ਮਨਾਂ ਵਿਚ ਇਕ ਤਰੰਗ ਛੇੜ ਦਿਤੀ ਅਤੇ ਝੱਟ ਹੀ ਉਸ ਦੇ ਕੀਲੇ ਭੰਗੜੇ ਦੇ ਸ਼ੁਕੀਨ ਡਾਂਸ ਫਲੋਰ ‘ਤੇ ਆਉਣ ਲਗੇ। ਉਸ ਨੇ ਛੱਲਾ ਵੀ ਗਾਇਆ ਅਤੇ ਬੋਲੀਆਂ ਵੀ ਪਾਈਆਂ। ਸਰੋਤਿਆਂ ਦੀ ਫਰਮਾਇਸ਼ ‘ਤੇ Ḕਪਟਿਆਲਾ ਪੈਗ ਲਾ ਛੱਡੀਦਾ’ ਅਤੇ ‘ਤੂੰ ਤਾਂ ਭੁੱਲ ਗਿਆ ਹੋਣਾ, ਹੋਰ ਕਿਸੇ ਤੇ ਡੁੱਲ ਗਿਆ ਹੋਣਾ’ ਗੀਤ ਪੇਸ਼ ਕੀਤੇ। ਜਿਸ ਤਰ੍ਹਾਂ ਦਾ ਹੁੰਗਾਰਾ ਉਸ ਨੂੰ ਸਰੋਤਿਆਂ ਵਲੋਂ ਮਿਲਿਆ, ਕਿਹਾ ਜਾ ਸਕਦਾ ਹੈ ਕਿ ਉਹ ਮੇਲਾ ਲੁਟ ਕੇ ਲੈ ਗਿਆ।
ਪੂਰੇ ਵਜ਼ਦ ਵਿਚ ਆਇਆ ਗੁਰਬਖਸ਼ ਰਾਹੀ ਵਿਚ ਵਿਚ ਦੀ ਮਾਈਕ ਫੜ੍ਹ ਕੇ ਆਪਣੀ ਹਾਜਰੀ ਲਵਾ ਜਾਂਦਾ। ਉਸ ਨੇ ‘ਸੁਣ ਸੋਨੇ ਦਿਆ ਕੰਗਣਾ ਵੇ ਸੌਦਾ ਇਕੋ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇਕੋ ਜਿਹਾ’ ਗੀਤ ਸਮੇਤ ਸ਼ਾਇਰੀ ਦੇ ਕਈ ਨਮੂਨੇ ਪੇਸ਼ ਕੀਤੇ।
ਇਸ ਸ਼ਾਮ ਪੰਜਾਬ ਟਾਈਮਜ਼ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾæ ਨਵਦੀਪ ਕੌਰ ਸੰਧੂ, ਨਿੱਕੀ ਸੇਖੋਂ, ਪ੍ਰੋæ ਜੋਗਿੰਦਰ ਸਿੰਘ ਰਮਦੇਵ, ਡਾæ ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਓਲ, ਡਾæ ਹਰਗੁਰਮੁਖਪਾਲ ਸਿੰਘ, ਜੈਦੇਵ ਸਿੰਘ ਭੱਠਲ ਅਤੇ ਮਨਦੀਪ ਸਿੰਘ ਭੂਰਾ ਪਹੁੰਚੇ ਹੋਏ ਸਨ ਜਦੋਂਕਿ ਸਵਰਨਜੀਤ ਸਿੰਘ ਢਿਲੋਂ, ਅਯੁਧਿਆ ਸਲਵਾਨ, ਦਰਸ਼ਨ ਸਿੰਘ ਗਰੇਵਾਲ, ਡਾæ ਤੇਜਿੰਦਰ ਸਿੰਘ ਮੰਡੇਰ, ਅਮੋਲਕ ਸਿੰਘ ਗਾਖਲ, ਜਸਵਿੰਦਰ ਸਿੰਘ ਗਿੱਲ, ਜਗਦੀਸ਼ਰ ਸਿੰਘ ਕਲੇਰ, ਬਲਵਿੰਦਰ ਸਿੰਘ (ਬਾਬ) ਸੰਧੂ, ਦਰਸ਼ਨ ਸਿੰਘ ਦਰੜ, ਹਰਜੀਤ ਸਿੰਘ ਸਾਹੀ, ਰਾਜਿੰਦਰ ਸਿੰਘ ਬੈਂਸ, ਸਰਵਣ ਸਿੰਘ ਟਿਵਾਣਾ ਅਤੇ ਸਰਬਜੀਤ ਸਿੰਘ ਥਿਆੜਾ ਨਿਜੀ ਰੁਝੇਵਿਆਂ ਕਾਰਣ ਇਸ ਵਾਰ ਪਹੁੰਚ ਨਾ ਸਕੇ। ਗੁਰਿੰਦਰ ਸਿੰਘ ਗਿੱਲ, ਜੋ ਪਿਛਲੇ ਸਾਲ ਸੰਖੇਪ ਜਿਹੀ ਬਿਮਾਰੀ ਪਿਛੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦੀ ਗੈਰਹਾਜਰੀ ਰੜਕਦੀ ਰਹੀ। ਉਨ੍ਹਾਂ ਦੇ ਪਰਿਵਾਰ ਨੇ ਭਰੋਸਾ ਪ੍ਰਗਟਾਇਆ ਕਿ ਉਹ ਮਰਹੂਮ ਗਿੱਲ ਦੀ ਯਾਦ ਵਿਚ ਪੰਜਾਬ ਟਾਈਮਜ਼ ਦੀ ਮਦਦ ਨਿਰੰਤਰ ਜਾਰੀ ਰਖਣਗੇ।
ਨਿਊ ਯਾਰਕ ਤੋਂ ਗੁਰਦੁਆਰਾ ਸੰਤ ਸਾਗਰ ਦੇ ਮੁਖ ਸੇਵਾਦਾਰ ਭਾਈ ਸੱਜਣ ਸਿੰਘ (ਸਾਬਕਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ) ਅਤੇ ਓਰੇਗਾਨ ਤੋਂ ਪੰਜਾਬ ਟਾਈਮਜ਼ ਦੇ ਬਹੁਤ ਹੀ ਸੁਹਿਰਦ ਪਾਠਕ ਕੁਲਵੰਤ ਸਿੰਘ ਜੌਹਲ ਨੇ ਆਪਣੀਆਂ ਦੁਆਵਾਂ ਵੀ ਭੇਜੀਆਂ ਤੇ ਨਾਲ ਹੀ ਮਾਲੀ ਮਦਦ ਵੀ। ਨਿਊ ਯਾਰਕ ਤੋਂ ਹੀ ਕੁਲਵੰਤ ਸਿੰਘ ਦਿਓਲ ਨੇ ਵੀ ਹਾਜਰੀ ਲਵਾਈ।
ਸ਼ਿਕਾਗੋਲੈਂਡ ਦੀਆਂ ਕਰੀਬ ਸਾਰੀਆਂ ਸੰਸਥਾਵਾਂ-ਪੰਜਾਬੀ ਕਲਚਰਲ ਸੁਸਾਇਟੀ ਦੇ ਅਹੁਦੇਦਾਰ ਪੰਜਾਬੀ ਹੈਰੀਟੇਜ਼ ਸੁਸਾਇਟੀ, ਪੰਜਾਬੀ ਅਮੈਰੀਕਨ ਆਰਗੇਨਾਈਜੇਸ਼ਨ, ਪੰਜਾਬ ਸਪੋਰਟਸ ਕਲੱਬ ਮਿਡਵੈਸਟ (ਸ਼ਿਕਾਗੋ), ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਅਤੇ ਸਿਆਸੀ ਪਾਰਟੀਆਂ-ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪ੍ਰੋਗਰਾਮ ਵਿਚ ਹਾਜਰੀ ਲਵਾਉਣ ਲਈ ਪਹੁੰਚੇ ਹੋਏ ਸਨ।
ਗੁਰਦੁਆਰਾ ਪੈਲਾਟਾਈਨ ਦੇ ਕਾਰਜਕਾਰੀ ਸਕੱਤਰ ਕੇ ਜੇ ਐਸ ਮਹਿਤਾ, ਧਾਰਮਿਕ ਸਕੱਤਰ ਗਿਆਨ ਸਿੰਘ ਸੀਹਰਾ, ਸਾਬਕਾ ਪ੍ਰਧਾਨ ਇਕਬਾਲ ਸਿੰਘ ਚੋਪੜਾ, ਡਾæ ਬਲਵੰਤ ਸਿੰਘ ਹੰਸਰਾ, ਅੰਮ੍ਰਿਤਪਾਲ ਸੰਘਾ, ਲਖਵੰਤ ਸਿੰਘ ਕੋਮਲ, ਸਾਬਕਾ ਬੋਰਡ ਮੈਂਬਰ ਸਰਵਣ ਸਿੰਘ ਰਾਜੂ ਤੋਂ ਇਲਾਵਾ ਕਾਰ ਸੇਵਾ ਪ੍ਰਾਜੈਕਟ ਦੇ ਇੰਚਾਰਜ ਸਤਨਾਮ ਸਿੰਘ ਔਲਖ ਆਪਣੀ ਟੀਮ ਸਮੇਤ ਪੰਜਾਬ ਟਾਈਮਜ਼ ਪ੍ਰਤੀ ਆਪਣੀ ਸੁਹਿਰਦਤਾ ਪ੍ਰਗਟਾਉਣ ਲਈ ਪਹੁੰਚੇ ਹੋਏ ਸਨ।
ਡੇਅਟਨ, ਓਹਾਇਓ ਤੋਂ ਡਾæ ਦਰਸ਼ਨ ਸਿੰਘ ਸੈਬੀ, ਜੋ ਸਿੱਖਾਂ ਦੀ ਅਮਰੀਕਾ ਵਿਚ ਪਛਾਣ ਬਣਾਉਣ ਲਈ ਅਮਰੀਕੀ ਸਿਆਸਤਦਾਨਾਂ, ਪ੍ਰਸ਼ਾਸਨ ਅਤੇ ਸਮਾਜਕ ਜਥੇਬੰਦੀਆਂ ਨਾਲ ਰਾਬਤਾ ਬਣਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ, ਆਪਣੇ ਪਰਿਵਾਰ ਸਮੇਤ ਉਚੇਚੇ ਪਹੁੰਚੇ।
ਸਿਨਸਿਨੈਟੀ, ਓਹਇਓ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ, ਕੈਸ਼ੀਅਰ ਸੁਰਜੀਤ ਸਿੰਘ ਮਾਵੀ, ਗੁਰਮਿੰਦਰ ਸੰਧੂ, ਅਵਤਾਰ ਸਿੰਘ ਟਿਵਾਣਾ, ਬਲਬੀਰ ਬਾਠ ਅਤੇ ਉਨ੍ਹਾਂ ਦੇ ਸਾਥੀ; ਪੰਜਾਬੀ ਕਲਚਰਲ ਸੁਸਾਇਟੀ ਆਫ ਮਿਸ਼ੀਗਨ ਦੀ ਤਰਫੋਂ ਪਲਵਿੰਦਰ ਸਿੰਘ ਬਾਠ (ਪ੍ਰਧਾਨ), ਕੁਲਦੀਪ ਸਿੰਘ ਗਿੱਲ, ਮਨਰਾਜ ਸਿੰਘ ਗਰੇਵਾਲ, ਮਾਈਕ ਸਿੰਘ ਬੱਲ, ਮੁਖਤਿਆਰ ਸਿੰਘ ਖਹਿਰਾ, ਕਰਮਜੀਤ ਸਿੰਘ, ਭਗਵੰਤ ਸਿੰਘ ਸੰਧੂ, ਜੋਗਿੰਦਰ ਸਿੰਘ ਸਾਹੀ ਅਤੇ ਰਾਜਬੀਰ ਸਿੰਘ ਬੋਪਾਰਾਏ; ਇੰਡੋ ਅਮੈਰੀਕਨ ਸੀਨੀਅਰ ਸੁਸਾਇਟੀ, ਇੰਡੀਅਨਐਪੋਲਿਸ ਦੇ ਚੇਅਰਮੈਨ ਮਲਕੀਤ ਸਿੰਘ, ਵਾਈਸ ਚੇਅਰਮੈਨ ਰਣਜੀਤ ਸਿੰਘ ਦਿਓਲ, ਪ੍ਰਧਾਨ ਹਰਦੇਵ ਸਿੰਘ ਗਿੱਲ, ਸਕੱਤਰ ਨਿਰੰਜਨ ਸਿੰਘ ਢੇਸੀ, ਗੁਰਦਿਆਲ ਸਿੰਘ ਕੌਂਸਲਰ, ਕੈਪਟਨ ਪ੍ਰੀਤਮ ਸਿੰਘ, ਮਨਜਿੰਦਰ ਸਿੰਘ, ਕੈਪਟਨ ਸੁਖਦੇਵ ਸਿੰਘ ਤੇ ਮੰਗਲ ਸਿੰਘ; ਇੰਡੀਅਨਐਪਲਿਸ ਤੋਂ ਹੀ ਗੁਰਬਖਸ਼ ਰਾਹੀ ਤੇ ਉਨ੍ਹਾਂ ਦੇ ਸਾਥੀ ਮਨਜਿੰਦਰ ਸਿੰਘ ਸੰਧੂ, ਹਰਮੀਤ ਸੇਖੋਂ, ਅਰਸ਼ਦੀਪ, ਸੰਦੀਪ ਢੋਟ, ਸੋਨੂੰ, ਸੁਖਜਿੰਦਰ ਸਿੰਘ, ਪ੍ਰਿਤਪਾਲ ਰਾਮਗੜ੍ਹੀਆ ਅਤੇ ਸੋਨੂੰ ਬਾਬਾ ਬਕਾਲਾ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਸ਼ਿਕਾਗੋ ਦੀਆਂ ਸੰਸਥਾਵਾਂ ਵਿਚੋਂ ਪੀ ਸੀ ਐਸ ਵਲੋਂ ਚੇਅਰਮੈਨ ਹਰਕੇਵਲ ਸਿੰਘ ਲਾਲੀ, ਪ੍ਰਧਾਨ ਗੁਰਮੀਤ ਸਿੰਘ ਢਿਲੋਂ, ਬਲਵਿੰਦਰ ਗਿਰਨ, ਸੁਰਜੀਤ ਸਿੰਘ ਚੇਰਾ, ਸੰਨੀ ਕੁਲਾਰ, ਪ੍ਰਦੀਪ ਦਿਓਲ, ਸੁਖਮੇਲ ਸਿੰਘ ਅਟਵਾਲ, ਸੁਰਿੰਦਰ ਸਿੰਘ ਸੰਘਾ, ਵਿਕ ਸਿੰਘ, ਉਂਕਾਰ ਸਿੰਘ ਸੰਘਾ, ਰਾਜਿੰਦਰ ਸਿੰਘ ਮਾਗੋ ਤੇ ਬਿਕਰਮ ਸਿੰਘ ਚੌਹਾਨ; ਪੰਜਾਬੀ ਅਮੈਰੀਕਨ ਆਰਗੇਨਾਈਜੇਸ਼ਨ ਵਲੋਂ ਗੁਲਜ਼ਾਰ ਸਿੰਘ ਮੁਲਤਾਨੀ, ਜਗਮੀਤ ਸਿੰਘ, ਜਸਵੀਰ ਸਿੰਘ ਸੂਗਾ ਅਤੇ ਹੈਪੀ ਮੁਲਤਾਨੀ; ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਦੇ ਗੁਰਦੇਵ ਸਿੰਘ ਗਿੱਲ (ਪ੍ਰਧਾਨ), ਅਮਰਦੇਵ ਬਦੇਸ਼ਾ, ਰਛਪਾਲ ਸਿੰਘ ਖੰਗੂੜਾ ਤੇ ਬਲਵਿੰਦਰ ਸਿੰਘ ਚੱਠਾ, ਅਤੇ ਪੰਜਾਬ ਸਪੋਰਟਸ ਕਲੱਬ ਮਿਡਵੈਸਟ ਵਲੋਂ ਮਨਜੀਤ ਸਿੰਘ ਧਨੋਆ, ਸਤਿੰਦਰ ਸਿੰਘ ਸੁਸਾਣਾ, ਦਵਿੰਦਰ ਸਿੰਘ ਰੰਗੀ, ਬਿਕਰਮ ਸਿੰਘ ਸਿੱਧੂ, ਨਿਰਭੈਅ ਸਿੰਘ ਧਨੋਆ ਤੇ ਮਿੱਕੀ ਕਾਹਲੋਂ ਸ਼ਾਮਲ ਹੋਏ।
ਸ਼ਿਕਾਗੋ ਦੀਆਂ ਸਿਆਸੀ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਕਰਨ ਸਿੰਘ, ਅਮਰੀਕ ਸਿੰਘ; ਕਾਂਗਰਸ ਪਾਰਟੀ ਦੇ ਅਜੈਬ ਸਿੰਘ ਲੱਖਣ, ਅਜਮੇਰ ਸਿੰਘ ਪੰਨੂੰ, ਸੰਤੋਖ ਸਿੰਘ ਡੀ ਸੀ ਅਤੇ ਆਮ ਆਦਮੀ ਪਾਰਟੀ ਵਲੋਂ ਮਤ ਸਿੰਘ ਢਿਲੋਂ, ਲਖਬੀਰ ਸਿੰਘ ਸੰਧੂ ਨੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
ਮਿਲਵਾਕੀ ਤੋਂ ਕੁਲਵਿੰਦਰ ਧਾਲੀਵਾਲ, ਬਿਕਰਮਜੀਤ ਸਿੰਘ ਸੇਖੋਂ, ਜਸਜੀਤ ਸਿੰਘ ਸਿੱਧੂ, ਲਖਵਿੰਦਰ ਸਿੰਘ ਸੇਖੋਂ ਅਤੇ ਹਰਿੰਦਰ ਸਿੰਘ ਧਾਲੀਵਾਲ ਹਾਜਰ ਸਨ।
ਹੋਰ ਮੁਅਜ਼ਜ਼ ਮਹਿਮਾਨਾਂ ਵਿਚ ਵਿਸਕਾਨਸਿਨ ਤੋਂ ਅਮਰਜੀਤ ਢੀਂਡਸਾ, ਮਿਸ਼ੀਗਨ ਤੋਂ ਦਵਿੰਦਰ ਗਰੇਵਾਲ, ਹਰਪ੍ਰੀਤ ਸਿੰਘ (ਵਰਲਡਵਾਈਡ), ਰਾਜ ਸਿਆਨ ਤੇ ਪਰਿਵਾਰ; ਸ਼ਿਕਾਗੋ ਤੋਂ ਹਰਜਿੰਦਰ ਸਿੰਘ ਸੰਧੂ, ਨਿੱਕ ਗਾਖਲ, ਸਰਬਜੀਤ ਸਿੰਘ ਭੰਡਾਲ, ਬਲਵਿੰਦਰ ਨਿੱਕ, ਸਵਰਨ ਸਿੰਘ ਸੇਖੋਂ, ਲੇਖਿਕਾ ਕ੍ਰਿਪਾਲ ਕੌਰ, ਭੁਪਿੰਦਰ ਸਿੰਘ ਬਾਵਾ, ਕੰਵਲਜੀਤ ਸਿੰਘ ਵਿਰਦੀ, ਮਰਹੂਮ ਸ਼ਿਵ ਕੁਮਾਰ ਬਟਾਲਵੀ ਦੀ ਧੀ ਅਤੇ ਉਸ ਦਾ ਪਤੀ ਜੈਦੇਵ ਸ਼ਰਮਾ, ਜਗਵਿੰਦਰ ਸਿੰਘ ਭੱਠਲ, ਗੁਰਬਚਨ ਸਿੰਘ, ਸ਼ਵਿੰਦਰ ਸਿੰਘ ਬਰਾੜ, ਰਵੀ (ਆਰ ਕੇ ਕਾਰਪੈਟ), ਹਰਭਜਨ ਸਿੰਘ ਗਿੱਲ, ਸੰਤੋਖ ਸਿੰਘ, ਸੁਖਦੇਵ ਸਿੰਘ, ਓਂਕਾਰ ਸਿੰਘ ਢਿਲੋਂ, ਗੁਦਰਸ਼ਨ ਸਿੰਘ ਬੈਨੀਪਾਲ, ਮੁਹਿੰਦਰਜੀਤ ਸਿੰਘ ਰਕਾਲਾ ਅਤੇ ਬਲਵਿੰਦਰ ਸਿੰਘ ਗਿੱਲ ਸ਼ਾਮਲ ਸਨ।
ਸ਼ਿਕਾਗੋ ਤੋਂ ਕ੍ਰਿਪਾਲ ਸਿੰਘ ਰੰਧਾਵਾ, ਗੁਰਚਰਨ ਸਿੰਘ ਝੱਜ ਤੇ ਭੁਪਿੰਦਰ ਸਿੰਘ ਹੁੰਦਲ ਜਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਆਪਣੀਆਂ ਸ਼ੁਭ ਕਾਮਨਾਵਾਂ ਅਤੇ ਮਾਲੀ ਮਦਦ ਭੇਜੀ।
ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਨੇ ਕੀਤਾ। ਸਮੁਚਾ ਪ੍ਰੋਗਰਾਮ ਜੈਰਾਮ ਸਿੰਘ (ਨੀਟੂ) ਕਾਹਲੋਂ ਅਤੇ ਡਾæ ਹਰਗੁਰਮੁਖਪਾਲ ਸਿੰਘ ਨੇ ਉਲੀਕਿਆ। ਸੁਖਪਾਲ ਗਿੱਲ (ਢੋਲ ਰੇਡੀਓ) ਅਤੇ ਹਰਜੰਟ ਸਿੰਘ ਨੇ ਪੂਰਾ ਸਹਿਯੋਗ ਦਿਤਾ।