ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2016-17 ਲਈ 10æ64 ਅਰਬ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ। ਸ਼੍ਰੋਮਣੀ ਕਮੇਟੀ ਨੇ ਬਜਟ ਵਿਚ ਸਮਾਜ ਸੇਵਾ, ਸਿਹਤ ਸੇਵਾਵਾਂ, ਧਰਮ ਪ੍ਰਚਾਰ ਅਤੇ ਵਿਦਿਅਕ ਮਾਮਲਿਆਂ ਨੂੰ ਤਰਜੀਹ ਦਿੱਤੀ ਹੈ। ਇਹ ਬਜਟ ਪਿਛਲੇ ਵਰ੍ਹੇ ਦੇ ਬਜਟ ਨਾਲੋਂ 7æ13 ਫੀਸਦੀ ਵਧੇਰੇ ਹੈ।
ਸਾਲਾਨਾ ਬਜਟ ਨੂੰ ਪਾਸ ਕਰਨ ਲਈ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਚ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬਜਟ ਵਿਚ ਵਿਦਿਅਕ ਅਦਾਰਿਆਂ ਵਾਸਤੇ 2æ18 ਅਰਬ ਰੁਪਏ ਰੱਖੇ ਗਏ ਹਨ। ਧਰਮ ਪ੍ਰਚਾਰ ਕਮੇਟੀ ਲਈ 70 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨ ਕੀਤਾ ਹੈ।
ਸਿੱਖ ਗੁਰਦੁਆਰਾ ਐਕਟ ਹੇਠ ਆਉਂਦੇ ਸੈਕਸ਼ਨ 85 ਦੇ ਗੁਰਦੁਆਰਿਆਂ ਵਾਸਤੇ ਤਕਰੀਬਨ 620 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਪ੍ਰਿੰਟਿੰਗ ਪ੍ਰੈਸਾਂ ਲਈ 8æ09 ਕਰੋੜ ਜਦਕਿ ਹੋਰਨਾਂ ਗੁਰਦੁਆਰਿਆਂ ਲਈ 6æ84 ਕਰੋੜ ਰੁਪਏ ਰੱਖੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਅਮਲੇ ਅਤੇ ਹੋਰਨਾਂ ਵਾਸਤੇ ਜਨਰਲ ਬੋਰਡ ਫੰਡ ਹੇਠ 61æ50 ਕਰੋੜ, ਟਰੱਸਟ ਫੰਡ ਵਾਸਤੇ 46æ52 ਕਰੋੜ ਤੇ ਵਿਦਿਅਕ ਫੰਡ ਵਾਸਤੇ 32æ68 ਕਰੋੜ ਰੁਪਏ ਰੱਖੇ ਹਨ।
2011 ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤਾ ਜਾ ਰਿਹਾ ਹੈ। ਜਦੋਂਕਿ ਇਸ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ ਮੁਤਾਬਕ ਇਹ ਸਾਲਾਨਾ ਬਜਟ ਹਰ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਪਾਸ ਕੀਤਾ ਜਾਂਦਾ ਸੀ, ਪਰ 2011 ਦੇ ਚੁਣੇ ਹੋਏ ਸਦਨ ਦੀ ਹੋਂਦ ਬਾਰੇ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੋਣ ਕਰਕੇ ਪਿਛਲੇ ਪੰਜ ਸਾਲਾਂ ਤੋਂ ਅੰਤ੍ਰਿੰਗ ਕਮੇਟੀ ਵੱਲੋਂ ਹੀ ਬਜਟ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ।
ਸਾਲਾਨਾ ਬਜਟ ਵਿਚ ਹਰਿਆਣਾ ਸਥਿਤ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਚਲਾਉਣ ਵਾਸਤੇ 104 ਕਰੋੜ ਰੁਪਏ ਰੱਖੇ ਗਏ ਹਨ। ਸੰਸਥਾ ਵੱਲੋਂ ਕੈਂਸਰ ਪੀੜਤਾਂ ਲਈ 8æ6 ਕਰੋੜ ਰੁਪਏ ਰੱਖੇ ਗਏ ਹਨ। ਸਕੂਲਾਂ ਕਾਲਜਾਂ ਦੀਆਂ ਉਸਾਰੀ ਅਧੀਨ ਇਮਾਰਤਾਂ ਅਤੇ ਹੋਰਨਾਂ ਵਾਸਤੇ 15æ64 ਕਰੋੜ ਰੁਪਏ ਰੱਖੇ ਗਏ ਹਨ। ਤਿੰਨ ਹਾਕੀ ਅਕੈਡਮੀਆਂ ਲਈ 1æ40 ਕਰੋੜ ਰੱਖੇ ਹਨ, ਜਿਸ ਨਾਲ ਐਸਟਰੋਟਰਫ ਵਿਛਾਉਣ ਦੀ ਵੀ ਯੋਜਨਾ ਹੈ। ਧਰਮੀ ਫੌਜੀਆਂ ਦੀ ਭਲਾਈ ਲਈ 1æ5 ਕਰੋੜ ਰੁਪਏ, ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਵਾਸਤੇ 1æ40 ਕਰੋੜ, ਧਾਰਮਿਕ ਵਿਦਿਆ ਦੇ ਪਾਸਾਰ ਲਈ 1æ2 ਕਰੋੜ, ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫੇ ਦੇਣ ਲਈ 2æ75 ਕਰੋੜ, ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ 350 ਸਾਲਾ ਸ਼ਤਾਬਦੀ ਸਮਾਗਮਾਂ ਲਈ 2æ5 ਕਰੋੜ, ਕੁਦਰਤੀ ਆਫਤਾਂ ਵਾਸਤੇ 49 ਲੱਖ ਰੁਪਏ ਜਦਕਿ ਪੰਜਾਬ ਅਤੇ ਹੋਰਨਾਂ ਰਾਜਾਂ ਵਿਚ ਸਥਾਪਤ ਸਿੱਖ ਮਿਸ਼ਨਾਂ ਲਈ 1æ10 ਕਰੋੜ ਰੁਪਏ ਰੱਖੇ ਹਨ। ਗੁਰਦੁਆਰਿਆਂ ਦੇ ਬਜਟ ਵਿਚ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਕ੍ਰਮਵਾਰ 242 ਕਰੋੜ, 58 ਕਰੋੜ ਤੇ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
________________________________________________
ਫਿਲਮ ‘ਚਾਰ ਸਾਹਿਬਜ਼ਾਦੇ’ ਦੀ ਖਰੀਦ ਬਾਰੇ ਸਵਾਲ
ਅੰਮ੍ਰਿਤਸਰ: ਬਜਟ ਦੌਰਾਨ ਵਿਰੋਧੀ ਧਿਰ ਦੇ ਅੰਤ੍ਰਿੰਗ ਕਮੇਟੀ ਮੈਂਬਰਾਂ ਭਜਨ ਸਿੰਘ ਅਤੇ ਮੰਗਲ ਸਿੰਘ ਨੇ ਧਰਮ ਪ੍ਰਚਾਰ ਵਾਸਤੇ ਫਿਲਮਾਂ ਅਤੇ ਵਾਹਨਾਂ ਦੀ ਖਰੀਦ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ‘ਚਾਰ ਸਾਹਿਬਜ਼ਾਦੇ’ ਫ਼ਿਲਮ ਵਧੇਰੇ ਸਿੱਖ ਦੇਖ ਚੁੱਕੇ ਹਨ, ਇਸ ਲਈ ਉਸ ਦੀ ਖਰੀਦ ਵਾਸਤੇ 4 ਕਰੋੜ ਰੁਪਏ ਖਰਚ ਕਰਨੇ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਦੀ ਥਾਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਜਾਂ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ।
______________________________________________
ਸ਼੍ਰੋਮਣੀ ਕਮੇਟੀ ਉਤੇ ਹੇਰਾਫੇਰੀ ਦੇ ਦੋਸ਼
ਫਤਿਹਗੜ੍ਹ ਸਾਹਿਬ: ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਬਡਾਲਾ, ਭਾਈ ਬਲਵਿੰਦਰ ਸਿੰਘ ਪੁੜੈਣ, ਭਾਈ ਇਕਬਾਲ ਸਿੰਘ, ਭਾਈ ਪਰਮਜੀਤ ਸਿੰਘ ਭੁੱਲਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਾਸ ਮੌਜੂਦਾ ਸਮੇਂ 526 ਏਕੜ ਜ਼ਮੀਨ ਹੈ ਜਿਸ ਵਿਚੋਂ 114 ਏਕੜ ਜ਼ਮੀਨ ਠੇਕੇ ‘ਤੇ ਦਿੱਤੀ ਜਾਂਦੀ ਹੈ ਤੇ ਹੋਰ ਜ਼ਮੀਨ ਖਰੀਦਣ ਦੀ ਲੋੜ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਖਰੌੜਾ ਵਿਚ ਜਿਥੇ ਦੋ ਸਾਲ ਪਹਿਲਾਂ 38 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ 3 ਏਕੜ ਜ਼ਮੀਨ ਵਿਕੀ ਹੈ, ਸ਼੍ਰੋਮਣੀ ਕਮੇਟੀ ਵੱਲੋਂ 51 ਕਿੱਲੇ 46 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦਣ ਲਈ ਬਿਆਨਾ ਕਰ ਲਿਆ ਗਿਆ ਹੈ ਜਿਸ ਨਾਲ ਕਰੋੜਾਂ ਰੁਪਏ ਦਾ ਘਪਲਾ ਹੋ ਰਿਹਾ ਹੈ। ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਪ੍ਰੋਗਰਾਮ ਕਥਿਤ ਝੂਠ ਦਾ ਸਹਾਰਾ ਲੈ ਕੇ ਸੰਗਤਾਂ ਨੂੰ ਗੁਮਰਾਹ ਕਰਨਾ ਹੈ।
ਨਾਮਧਾਰੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ
ਲੁਧਿਆਣਾ: ਨਾਮਧਾਰੀ ਸੰਪਰਦਾਇ ਦੇ ਮਰਹੂਮ ਮੁਖੀ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਭੈਣੀ ਸਾਹਿਬ ਵਿਚ ਦੋ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਉਨ੍ਹਾਂ ਦੀ ਹੱਤਿਆ ਦੀ ਖਬਰ ਸੁਣ ਕੇ ਪੂਰੇ ਨਾਮਧਾਰੀ ਸਮਾਜ ਵਿਚ ਸੋਗ ਦੀ ਲਹਿਰ ਦੌੜ ਗਈ। ਨਾਮਧਾਰੀ ਸੰਸਥਾ ਦੇ ਮੌਜੂਦਾ ਮੁਖੀ ਠਾਕੁਰ ਉਦੈ ਸਿੰਘ ਘਟਨਾ ਸਮੇਂ ਬੰਗਲੌਰ ਵਿਚ ਸਨ ਤੇ ਸੂਚਨਾ ਮਿਲਦਿਆਂ ਹੀ ਉਹ ਉਥੋਂ ਭੈਣੀ ਸਾਹਿਬ ਲਈ ਰਵਾਨਾ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਮਾਤਾ ਚੰਦ ਕੌਰ ਨਾਮਧਾਰੀ ਦਰਬਾਰ ਦੇ ਪਿੱਛੇ ਬਣੀ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ‘ਚ ਬੱਚਿਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਮਾਗਮ ਵਿਚ ਹਿੱਸਾ ਲੈਣ ਲਈ ਆਪਣੀ ਬੈਟਰੀ ਨਾਲ ਚੱਲਣ ਵਾਲੀ ਕਲੱਬ ਕਾਰ ਵਿਚ ਗਏ ਸਨ। ਬਾਅਦ ਵਿਚ ਉਹ ਗਊਸ਼ਾਲਾ ਵਲ ਜਾਣ ਲਈ ਜਿਉਂ ਹੀ ਅਕੈਡਮੀ ਤੋਂ ਬਾਹਰ ਨਿਕਲੇ ਤਾਂ ਬਾਹਰ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਖੜ੍ਹੇ ਦੋ ਕੇਸਧਾਰੀ ਨੌਜਵਾਨਾਂ ਨੇ ਉਨ੍ਹਾਂ ਨੂੰ ਪਹਿਲਾਂ ਮੱਥਾ ਟੇਕਿਆ ਤੇ ਫਿਰ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਉਨ੍ਹਾਂ ਸਿਰ ਅਤੇ ਦੂਜੀ ਦਿਲ ਦੇ ਥੱਲੇ ਵੱਜੀ, ਜਦੋਂਕਿ ਤੀਜੀ ਕੋਲੋਂ ਨਿਕਲ ਗਈ। ਰੌਲਾ ਪੈਣ ‘ਤੇ ਹਤਿਆਰੇ ਫਰਾਰ ਹੋ ਗਏ। ਅਕੈਡਮੀ ‘ਚ ਮੌਜੂਦ ਲੋਕ ਬਾਹਰ ਆਏ ਅਤੇ ਉਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ (ਐਸ਼ਪੀæਐਸ਼) ਹਸਪਤਾਲ ਲੈ ਕੇ ਗਏ।
ਘਟਨਾ ਦੀ ਖਬਰ ਸੁਣਦੇ ਹੀ ਭੈਣੀ ਸਾਹਿਬ ‘ਚ ਤਣਾਅ ਪੈਦਾ ਹੋ ਗਿਆ। ਪਿੰਡ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਚਾਰੇ ਪਾਸੇ ਸੁੰਨਸਾਨ ਅਤੇ ਰੋਸ ਪਸਰ ਗਿਆ। ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਅਣਪਛਾਤੇ ਕਾਤਲਾਂ ਖਿਲਾਫ਼ ਕਤਲ ਕੇਸ ਦਰਜ ਕਰ ਕੇ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿਚ ਕਈ ਪਹਿਲੂਆਂ ‘ਤੇ ਕੰਮ ਕਰ ਰਹੀ ਹੈ।
_____________________________________
ਗੱਦੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
ਲੁਧਿਆਣਾ: ਚੰਡੀਗੜ੍ਹ ਰੋਡ ਸਥਿਤ ਭੈਣੀ ਸਾਹਿਬ ਦੀ ਗੱਦੀ ਨੂੰ ਲੈ ਕੇ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ‘ਖੂਨੀ ਜੰਗ’ ਚੱਲ ਰਹੀ ਹੈ। ਮਾਤਾ ਚੰਦ ਕੌਰ ਦੇ ਪਤੀ ਅਤੇ ਨਾਮਧਾਰੀ ਸਮੁਦਾਇ ਦੇ ਮੁਖੀ ਜਗਜੀਤ ਸਿੰਘ 13 ਦਸੰਬਰ, 2012 ਨੂੰ ਅਕਾਲ ਚਲਾਣਾ ਕਰ ਗਏ ਸਨ। ਉਦੋਂ ਤੋਂ ਹੀ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਗੱਦੀ ਲਈ ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਵਿਚਕਾਰ ਵਿਵਾਦ ਸ਼ੁਰੂ ਹੋਇਆ, ਤਾਂ ਨਾਮਧਾਰੀ ਸੰਗਤਾਂ ਨੇ ਗੱਦੀਨਸ਼ੀਨ ਦਾ ਨਾਂ ਤੈਅ ਕਰਨ ਦਾ ਅਧਿਕਾਰ ਮਾਤਾ ਨੂੰ ਦਿੱਤਾ ਸੀ, ਜਿਨ੍ਹਾਂ ਠਾਕੁਰ ਉਦੈ ਸਿੰਘ ਨੂੰ ਮੁਖੀ ਬਣਾਇਆ ਸੀ। ਉਦੋਂ ਤੋਂ ਹੀ ਦੋਵੇਂ ਧੜਿਆਂ ‘ਚ ਟਕਰਾਅ ਚਲਿਆ ਆ ਰਿਹਾ ਹੈ। ਇਸੇ ਦੌਰਾਨ 12 ਅਪਰੈਲ, 2011 ਨੂੰ ਸਤਿਗੁਰੂ ਜਗਜੀਤ ਸਿੰਘ ਦੇ ਸਮਰਥਕ ਅਵਤਾਰ ਸਿੰਘ ਤਾਰੀ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।
______________________________
ਠਾਕੁਰ ਉਦੈ ਸਿੰਘ ‘ਤੇ ਵੀ ਹੋਇਆ ਸੀ ਹਮਲਾ
ਚੰਡੀਗੜ੍ਹ: 11 ਅਗਸਤ, 2013 ਵਿਚ ਇੰਗਲੈਂਡ ਵਿਚ ਸਮਾਗਮ ਦੌਰਾਨ ਠਾਕੁਰ ਉਦੈ ਸਿੰਘ ‘ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ। ਬੀਤੇ ਦਸੰਬਰ ਵਿਚ ਤਾਂ ਜਲੰਧਰ ਵਿਖੇ ਖ਼ੁਦਕੁਸ਼ ਬੰਬ ਵੱਲੋਂ ਠਾਕੁਰ ਉਦੈ ਸਿੰਘ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਘੜੇ ਜਾਣ ਦਾ ਪਤਾ ਲੱਗਾ ਸੀ, ਪਰ ਬੰਬ ਪਹਿਲਾਂ ਹੀ ਕਾਰ ਵਿਚ ਫਟ ਗਿਆ। ਬਾਅਦ ਵਿਚ ਪੁਲਿਸ ਨੇ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਨਾਮਧਾਰੀ ਦਰਬਾਰ ਭੈਣੀ ਸਾਹਿਬ ਦੇ ਪ੍ਰੈਸ ਸਕੱਤਰ ਲਖਬੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਨਾਮਧਾਰੀ ਸਮਾਜ ਨਾਲ ਦੇਸ਼-ਵਿਦੇਸ਼ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਜੁੜੀ ਹੋਈ ਹੈ, ਜਿਸ ਵਿਚ ਮਾਤਾ ਚੰਦ ਕੌਰ ਨੂੰ ਲੈ ਕੇ ਖਾਸਾ ਲਗਾਅ ਸੀ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭੈਣੀ ਸਾਹਿਬ ਦੇ ਸਮਾਜਿਕ ਕੰਮ ਮਾਤਾ ਚੰਦ ਕੌਰ ਹੀ ਕਰਦੀ ਸੀ। ਸਮਾਜ ਦੀ ਦੇਸ਼-ਵਿਦੇਸ਼ ਵਿਚ ਅਰਬਾਂ ਰੁਪਏ ਦੀ ਜਾਇਦਾਦ ਹੈ। ਚਰਚਾ ਹੈ ਕਿ ਇਸ ਜਾਇਦਾਦ ਲਈ ਵੀ ਵਿਵਾਦ ਚੱਲ ਰਿਹਾ ਹੈ।
