ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀæਜੀæਪੀæ (ਜੇਲ੍ਹਾ) ਸ਼ਸ਼ੀਕਾਂਤ ਵੱਲੋਂ ਪੰਜਾਬ ਵਿਚ ਨਸ਼ੇ ਦੇ ਧੰਦੇ ਵਿਚ ਗ੍ਰਸਤ ਸਿਆਸੀ ਆਗੂਆਂ ਦੇ ਨਾਵਾਂ ਦੀ ਸੌਂਪੀ ਗਈ ਰਿਪੋਰਟ ਦੇ ਮਾਮਲੇ ਵਿਚ ਹਾਈ ਕੋਰਟ ਵਿਚ ਸੂਬਾ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ। ਸਰਕਾਰ ਨੇ ਕਿਹਾ ਕਿ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ‘ਤੇ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ ਕਿ ਕੋਈ ਅਜਿਹੀ ਸੂਚੀ ਹੈ ਜਾਂ ਨਹੀਂ।
ਸ਼ਸ਼ੀਕਾਂਤ ਵੱਲੋਂ ਇਸ ਵੱਡੇ ਖੁਲਾਸੇ ਵਾਲੀ ਰਿਪੋਰਟ ਸੌਂਪਣ ਦੇ ਦਾਅਵੇ ਤੋਂ ਬਾਅਦ ਇਹ ਰਿਪੋਰਟ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਸੀ,
ਪਰ ਨਿਆਂ ਅਤੇ ਗ੍ਰਹਿ ਸਕੱਤਰ ਨੇ ਇਸ ਨੂੰ ਗੁਪਤ ਦੱਸਦਿਆਂ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਬਾਰੇ ਸੰਦੀਪ ਕੁਮਾਰ ਗੁਪਤਾ ਨੇ ਐਡਵੋਕੇਟ ਸਰਦਵਿੰਦਰ ਗੋਇਲ ਦੇ ਜ਼ਰੀਏ ਹਾਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕਰਦੇ ਦੱਸਿਆ ਕਿ ਇਹ ਰਿਪੋਰਟ ਨਿਆਂ ਅਤੇ ਗ੍ਰਹਿ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਸੀ।
ਇੰਟੈਲੀਜੈਂਸ ਵਿੰਗ ਨੇ ਜਵਾਬ ਦਿੱਤਾ ਸੀ ਕਿ ਇਹ ਗੁਪਤ ਜਾਣਕਾਰੀ ਹੈ, ਇਸ ਲਈ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਇੰਟੈਲੀਜੈਂਸੀ ਦੇ ਇਸ ਜਵਾਬ ਨੂੰ ਸੂਚਨਾ ਕਮਿਸ਼ਨ ਕੋਲ ਚੁਣੌਤੀ ਦਿੱਤੀ ਗਈ। ਸੂਚਨਾ ਕਮਿਸ਼ਨ ਨੇ ਵੀ ਇਹ ਕਹਿ ਕੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਕਿ ਇਹ ਗੁਪਤ ਜਾਣਕਾਰੀ ਹੈ। ਇਸ ਜਵਾਬ ਤੋਂ ਬਾਅਦ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਕੋਈ ਵੀ ਜਾਣਕਾਰੀ ਲੁਕਾਈ ਨਹੀਂ ਜਾ ਸਕਦੀ। ਦੱਸਿਆ ਗਿਆ ਕਿ ਬੈਂਚ ਨੇ ਕਮਿਸ਼ਨ ਨੂੰ ਇਸ ਮਾਮਲੇ ‘ਚ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਸੀ। ਇਸ ‘ਤੇ ਕਮਿਸ਼ਨ ਨੇ ਸੁਣਵਾਈ ਕੀਤੀ, ਪਰ ਗ੍ਰਹਿ ਅਤੇ ਨਿਆਂ ਵਿਭਾਗ ਕਮਿਸ਼ਨ ਨੂੰ ਕਿਹਾ ਕਿ ਇਹ ਰਿਪੋਰਟ ਆਨ ਰਿਕਾਰਡ ਨਹੀਂ ਹੈ। ਇਸ ਲਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਜੇਕਰ ਇਹ ਰਿਪੋਰਟ ਆਨ ਰਿਕਾਰਡ ਨਹੀਂ ਹੈ ਤਾਂ ਇਹ ਜਾਣਕਾਰੀ ਉਸ ਵਿਭਾਗ ਤੋਂ ਮੁਹੱਈਆ ਕਰਵਾਈ ਜਾਵੇ, ਜਿਸ ਨੂੰ ਸ਼ਸ਼ੀਕਾਂਤ ਨੇ ਰਿਪੋਰਟ ਸੌਂਪੀ ਸੀ। ਇਸ ਬਾਰੇ ਹੀ ਹਾਈ ਕੋਰਟ ਨੇ ਸਰਕਾਰ ਤੋਂ ਜਵਾਬ ਮੰਗਿਆ ਸੀ।
____________________________________
ਔਰਤਾਂ ਨੇ ਦਿੱਤੀ ਪੈੱਗ ਲਾਉਣ ਦੀ ਧਮਕੀ
ਯਮੁਨਾਨਗਰ: ਹਰਿਆਣੇ ਦੀਆਂ ਔਰਤਾਂ ਨੇ ਪ੍ਰਸ਼ਾਸਨ ਨੂੰ ਪੈੱਗ ਲਾਉਣ ਦੀ ਧਮਕੀ ਦਿੱਤੀ ਹੈ। ਯਮੁਨਾਨਗਰ ਦੀਆਂ ਇਹ ਔਰਤਾਂ ਇਲਾਕੇ ਵਿਚ ਦੋ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਔਰਤਾਂ ਨੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਦਾ ਅਨੋਖਾ ਤਰੀਕਾ ਲੱਭਿਆ ਹੈ। ਠੇਕਾ ਬੰਦ ਕਰਵਾਉਣ ਲਈ ਇਲਾਕੇ ਦੀਆਂ ਸਾਰੀਆਂ ਮਹਿਲਾਵਾਂ ਇਕੱਠੀਆਂ ਹੋਈਆਂ ਤੇ ਇਨ੍ਹਾਂ ਨੇ ਠੇਕੇ ਅੱਗੇ ਬੈਠ ਕੇ ਭਜਨ ਬੰਦਗੀ ਸ਼ੁਰੂ ਕਰ ਦਿੱਤੀ। ਭਜਨ ਬੰਦਗੀ ਦੇ ਨਾਲ-ਨਾਲ ਮਹਿਲਾਵਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੇ ਬਾਵਜੂਦ ਠੇਕੇ ਤੋਂ ਦਾਰੂ ਵਿਕੀ ਤਾਂ ਉਹ ਖਰੀਦ ਕੇ ਆਪ ਪੀਣ ਲਈ ਮਜਬੂਰ ਹੋਣਗੀਆਂ। ਅਸਲ ਵਿਚ ਯਮੁਨਾਗਰ ਦੇ ਜਗਾਧਰੀ ਸਥਿਤ ਦੁਰਗਾ ਗਾਰਡਨ ਕਾਲੋਨੀ ਵਿਚ ਇਕ ਨਹੀਂ ਸਗੋਂ ਦੋ ਠੇਕੇ ਇਕੱਠੇ ਖੁੱਲ੍ਹ ਰਹੇ ਹਨ। ਇਕ ਠੇਕਾ ਅੰਗਰੇਜ਼ੀ ਦਾਰੂ ਦਾ ਤੇ ਦੂਜਾ ਦੇਸੀ ਦਾ। ਘਰਾਂ ਨੇੜੇ ਖੁੱਲ੍ਹ ਰਹੇ ਇਨ੍ਹਾਂ ਠੇਕਿਆਂ ਦਾ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮਹਿਲਾਵਾਂ ਨੇ ਠੇਕੇ ਨੂੰ ਮੰਦਰ ਦਾ ਰੂਪ ਦੇਣ ਦੀ ਵੀ ਚਿਤਾਵਨੀ ਦਿੱਤੀ।
__________________________________
ਕੈਨੇਡਾ ਵਿਚ ਵੀ ਨਸ਼ਿਆਂ ਦੇ ਕਾਰੋਬਾਰ ਨੇ ਪੈਰ ਪਸਾਰੇ
ਵੈਨਕੂਵਰ : ਕੈਨੇਡਾ ਵਿਚ ਪੰਜਾਬੀਆਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਸਰੀ ਪੁਲਿਸ ਨੇ ਪ੍ਰਦੀਪ ਹੇਅਰ ਨਾਂ ਦੇ ਵਿਅਕਤੀ ਤੋਂ 45 ਲੱਖ ਡਾਲਰ ਦੇ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜੀ ਹੈ। ਪੁਲਿਸ ਮੁਤਾਬਕ ਸ਼ੱਕ ਦੇ ਆਧਾਰ ਉਤੇ ਜਦੋਂ ਇਕ ਵਿਅਕਤੀ ਦੀ ਕਾਰ ਰੋਕੀ ਤਾਂ ਉਸ ਵਿਚੋਂ ਕਰੋੜਾਂ ਰੁਪਏ ਦਾ ਨਸ਼ਾ ਬਰਾਮਦ ਹੋਇਆ। ਕਾਰ ਚਾਲਕ ਦੀ ਪਛਾਣ ਐਬਸਫੋਰਡ ਦੇ ਰਹਿਣ ਵਾਲੇ ਪ੍ਰਦੀਪ ਹੇਅਰ ਵਜੋਂ ਹੋਈ। ਪ੍ਰਦੀਪ ਦੀ ਕਾਰ ਵਿਚੋਂ ਹੈਰੋਇਨ, ਸਮੈਕ, ਮੈਥਾਫੈਟਾਮਾਈਨ, ਫੈਟਾਨਿਲ ਅਤੇ ਨਸ਼ੇ ਵਜੋਂ ਵਰਤੇ ਜਾਣ ਵਾਲੇ ਹੋਰ ਪਾਬੰਦੀ ਸ਼ੁਦਾ ਪਦਾਰਥ ਮਿਲੇ। ਇਸ ਤੋਂ ਇਲਾਵਾ ਸਰੀ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵੀ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗੋਲੀਬਾਰੀ ਦੀਆਂ ਘਟਨਾਵਾਂ ਪਿੱਛੇ ਨਸ਼ਾ ਕਾਰੋਬਾਰ ਕਰਨ ਵਾਲਿਆਂ ਦੀ ਗੈਂਗਵਾਰ ਹੈ। ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਗੋਲੀਬਾਰੀ ਦੀਆਂ 15 ਘਟਨਾਵਾਂ ਹੋ ਚੁੱਕੀਆਂ ਹਨ।