ਸਿੱਖ ਕੈਪਟਨ ਨੇ ਜਿੱਤੀ ਧਾਰਮਿਕ ਆਜ਼ਾਦੀ ਦੀ ਜੰਗ

ਵਾਸ਼ਿੰਗਟਨ: ਇਤਿਹਾਸਕ ਫੈਸਲੇ ਤਹਿਤ ਅਮਰੀਕੀ ਫੌਜ ਨੇ ਸਿੱਖ ਅਧਿਕਾਰੀ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖ ਕੇ ਫੌਜ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅਮਰੀਕੀ ਫੌਜ ਦੇ ਇਸ ਫੈਸਲੇ ਨਾਲ ਕੈਪਟਨ ਸਿਮਰਤਪਾਲ ਸਿੰਘ (28) ਪਹਿਲੇ ਸਿੱਖ ਜਵਾਨ ਬਣ ਗਏ ਹਨ ਜੋ ਡਿਊਟੀ ‘ਤੇ ਤਾਇਨਾਤੀ ਦੌਰਾਨ ਦਸਤਾਰ ਅਤੇ ਦਾੜ੍ਹੀ ਵਿਚ ਸਜੇ ਰਹਿਣਗੇ।

ਕੈਪਟਨ ਸਿਮਰਤਪਾਲ ਸਿੰਘ ਨੇ ਪਿਛਲੇ ਮਹੀਨੇ ਰੱਖਿਆ ਮਹਿਕਮੇ ਨੂੰ ਅਦਾਲਤ ‘ਚ ਘੜੀਸਦਿਆਂ ਆਖਿਆ ਸੀ ਕਿ ਦਸਤਾਰ ਅਤੇ ਦਾੜ੍ਹੀ ਰੱਖਣ ਕਰ ਕੇ ਉਸ ਨਾਲ ਕੁਝ ਮਾਮਲਿਆਂ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਅਮਰੀਕੀ ਫੌਜ ਨੇ 31 ਮਾਰਚ ਦੇ ਆਪਣੇ ਫੈਸਲੇ ‘ਚ ਉਸ ਨੂੰ ਲੰਬੇ ਸਮੇਂ ਤੱਕ ਧਾਰਮਿਕ ਸਹੂਲਤ ਦੀ ਪ੍ਰਵਾਨਗੀ ਦੇ ਦਿੱਤੀ ਜਿਸ ਤਹਿਤ ਪਗੜੀ ਬੰਨ੍ਹਣ ਅਤੇ ਦਾੜ੍ਹੀ ਰੱਖਣ ਤੇ ਅਕੀਦਤ ਨਾਲ ਸਬੰਧਤ ਵਸਤਾਂ ਨੂੰ ਧਾਰਨ ਕਰ ਕੇ ਦੇਸ਼ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਫੌਜ ਦੇ ਇਸ ਫੈਸਲੇ ਤੋਂ ਬਾਅਦ ਕੈਪਟਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਕਈ ਹੋਰ ਫੌਜੀਆਂ ਵਾਂਗ ਉਨ੍ਹਾਂ ਦਾ ਧਰਮ ‘ਤੇ ਵਿਸ਼ਵਾਸ ਹੈ ਅਤੇ ਉਹ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਹੁਣ ਧਰਮ ਅਤੇ ਦੇਸ਼ ਦੀ ਸੇਵਾ ਵਿਚੋਂ ਕਿਸੇ ਇਕ ਨੂੰ ਨਹੀਂ ਚੁਣਨਾ ਪਏਗਾ।
____________________________________
ਕੈਨੇਡਾ ਵਿਚ ਦਸਤਾਰਧਾਰੀ ਸਿੱਖ ‘ਤੇ ਨਸਲੀ ਹਮਲਾ
ਟੋਰਾਂਟੋ: ਕੈਨੇਡਾ ਵਿਚ ਟੋਰਾਂਟੋ ਵਾਸੀ ਸੁਪਨਿੰਦਰ ਸਿੰਘ ਖਹਿਰਾ ‘ਤੇ ਕਿਊਬਕ ਸਿਟੀ ਵਿਚ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸ਼ ਖਹਿਰਾ ਦੀ ਦਸਤਾਰ ਵੱਲ ਇਸ਼ਾਰਾ ਕਰਕੇ ਨਫਰਤ ਵਾਲੀਆਂ (ਅੰਗਰਜ਼ੀ ਅਤੇ ਫਰੈਂਚ ਵਿਚ) ਟਿੱਪਣੀਆਂ ਕੀਤੀਆਂ। ਕਾਰ ਸਵਾਰਾਂ ਨੇ ਸੜਕ ਦੇ ਦੂਜੇ ਪਾਸਿਓਂ ਆ ਕ ਟੈਕਸੀ ਲਈ ਸੜਕ ‘ਤੇ ਖੜ੍ਹੇ ਸ਼ ਖਹਿਰਾ ‘ਤੇ ਹਮਲਾ ਕੀਤਾ। ਕੈਨੇਡਾ ਵਿਚ ਸੀæਸੀæ ਟੀæਵੀæ ‘ਤੇ ਜਾਰੀ ਹੋਈ ਘਟਨਾ ਦੀ ਵੀਡੀਓ ਵਿਚ ਤਿੰਨ ਹਮਲਾਵਰ ਸ਼ ਖਹਿਰਾ ਨੂੰ ਹੂਰੇ ਅਤੇ ਠੁੱਡੇ ਮਾਰ ਕੇ ਜ਼ਮੀਨ ‘ਤੇ ਸੁੱਟਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਡਿੱਗੇ ਪਏ ਸ਼ ਖਹਿਰਾ ਨੂੰ ਕੁੱਟਣਾ ਜਾਰੀ ਰੱਖਿਆ। ਘਟਨਾ ਮੌਕੇ ਸ਼ ਖਹਿਰਾ ਦੀ ਦਸਤਾਰ ਵੀ ਉਤਰ ਗਈ। ਮੌਕੇ ਉਤੇ ਪੁੱਜੀ ਪੁਲਿਸ ਵੱਲੋਂ ਦੋ 20/22 ਕੁ ਸਾਲ ਦੇ ਹਮਲਾਵਰ ਫੜੇ ਗਏ ਸਨ ਜਿਨ੍ਹਾਂ ਵਿਚੋਂ ਇਕ ਛੱਡ ਦਿੱਤਾ ਗਿਆ। ਸ਼ ਖਹਿਰਾ ਨੇ ਕਿਹਾ ਕਿ ਇਸ ਘਟਨਾ ਤੋਂ ਉਹ ਘਬਰਾਏ ਨਹੀਂ, ਉਹ ਭਵਿੱਖ ‘ਚ ਵੀ ਕਿਊਬਕ ਜਾਣਗੇ ਅਤੇ ਦਸਤਾਰ ਸਜਾਉਣ ਤੋਂ ਨਹੀਂ ਹਟਣਗੇ ਕਿਉਂਕਿ ਉਨ੍ਹਾਂ ਨੂੰ ਦਸਤਾਰ ਅਤੇ ਕੈਨੇਡਾ ‘ਤੇ ਮਾਣ ਹੈ। ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਨਫਰਤ ਅਤੇ ਹਿੰਸਾ ਦੀ ਕੈਨੇਡੀਅਨ ਅਤੇ ਹੋਰ ਭਾਈਚਾਰਿਆਂ ‘ਚ ਕੋਈ ਥਾਂ ਨਹੀਂ ਹੈ।
____________________________________
ਭਾਰਤ ਦੌਰੇ ‘ਤੇ ਆਉਣਗੇ ਜਸਟਿਨ ਟਰੂਡੋ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅੰਤਰਰਾਸ਼ਟਰੀ ਪਰਮਾਣੂ ਸੰਮੇਲਨ ਮੌਕੇ ਵਾਸ਼ਿੰਗਟਨ (ਅਮਰੀਕਾ) ਵਿਚ ਮੁਲਾਕਾਤ ਹੋਈæ ਇਸ ਸਦਭਾਵਨਾ ਮਿਲਣੀ ਦੌਰਾਨ ਸ੍ਰੀ ਮੋਦੀ ਨੇ ਜਸਟਿਨ ਟਰੂਡੋ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੇ ਦਫਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਟਰੂਡੋ ਨੇ ਇਹ ਸੱਦਾ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਰਤ ਫੇਰੀ ਇਸ ਸਾਲ ਵਿਚ ਹੋਣ ਦੀ ਸੰਭਾਵਨਾ ਹੈ।