ਜੈਸ਼ ਮੁਖੀ ਮਸੂਦ ਅਜ਼ਹਰ ‘ਤੇ ਨਰਮੀ ਤੋਂ ਭਾਰਤ ਗਰਮ

ਨਵੀਂ ਦਿੱਲੀ: ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਅਤਿਵਾਦੀ ਸੂਚੀ ਵਿਚ ਸ਼ਾਮਲ ਨਾ ਕਰਨ ਉਤੇ ਭਾਰਤ ਭੜਕਿਆ ਹੈ। ਭਾਰਤ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ (ਯੂæਐਨæ) ਵੱਲੋਂ ਮਸੂਦ ‘ਤੇ ਤਕਨੀਕੀ ਪੱਖ ਦਾ ਸਹਾਰਾ ਲੈ ਕੇ ਉਸ ਨੂੰ ਅਤਿਵਾਦੀ ਲਿਸਟ ਵਿਚ ਨਹੀਂ ਰੱਖਿਆ ਗਿਆ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਨੇ ਯੂæਐਨæ ਦੇ ਇਸ ਫੈਸਲੇ ਦਾ ਸਖਤ ਦਾ ਵਿਰੋਧ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਹੈ ਕਿ ਯੂæਐਨæ ਦੇ ਇਸ ਫੈਸਲੇ ਨੇ ਦੁਨੀਆਂ ਭਰ ਨੂੰ ਫਿਰਕਮੰਦੀ ਵਿਚ ਪਾਇਆ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਲੋਕ ਅਤਿਵਾਦ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਨ ਤੇ ਇਸ ਲਈ ਮਸੂਦ ਜਿਹੇ ਅਤਿਵਾਦੀ ਖਿਲਾਫ ਸਖਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਮਸੂਦ ਦੁਨੀਆਂ ਦਾ ਮੰਨਿਆ ਪ੍ਰੰਨਿਆ ਅਤਿਵਾਦੀ ਹੈ ਤੇ ਇਹ ਕਈ ਭਿਆਨਕ ਅਤਿਵਾਦੀ ਕਾਰਿਆਂ ਨੂੰ ਅੰਜ਼ਾਮ ਦੇ ਚੁੱਕਾ ਹੈ।
ਦੱਸਣਯੋਗ ਹੈ ਕਿ ਚੀਨ ਨੇ ਦਹਿਸ਼ਤਗਰਦ ਮੌਲਾਨਾ ਮਸੂਦ ਅਜ਼ਹਰ ਦਾ ਸਾਥ ਦੇ ਕੇ ਇਕ ਵਾਰ ਫਿਰ ਆਪਣਾ ਭਾਰਤ ਵਿਰੋਧੀ ਚਿਹਰਾ ਦਿਖਾਇਆ ਸੀ। ਅਸਲ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਸੰਘ ਵਿਚ ਜੈਸ਼-ਏ-ਮੁਹੰਮਦ ਮੁਖੀ ਮੌਲਾਨਾ ਮਸੂਦ ਅਜ਼ਹਰ ਉੱਤੇ ਪਾਬੰਦੀ ਲਾਉਣ ਦਾ ਪ੍ਰਸਤਾਵ ਰੱਖਿਆ ਸੀ, ਪਰ ਚੀਨ ਨੇ ਇਸ ਦਾ ਵਿਰੋਧ ਕਰ ਕੇ ਪ੍ਰਸਤਾਵ ਨੂੰ ਪਾਸ ਨਹੀਂ ਹੋਣ ਦਿੱਤਾ। ਦੋ ਜਨਵਰੀ ਨੂੰ ਪਠਾਨਕੋਟ ਵਿਚ ਏਅਰ ਬੇਸ ਉੱਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਮਸੂਦ ਉਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਸ ਬਾਰੇ ਭਾਰਤ ਨੇ ਪੁਖ਼ਤਾ ਸਬੂਤ ਵੀ ਸੰਯੁਕਤ ਰਾਸ਼ਟਰ ਨੂੰ ਭੇਜੇ ਸਨ। ਇਸ ਹਮਲੇ ਵਿਚ ਸੱਤ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਸਨ। ਭਾਰਤ ਵੱਲੋਂ ਸੰਯੁਕਤ ਰਾਸ਼ਟਰ ਨੂੰ ਕੀਤੀ ਗਈ ਅਪੀਲ ਤੋਂ ਕੁਝ ਦੇਰ ਬਾਅਦ ਚੀਨ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਉਤੇ ਪਾਬੰਦੀ ਲਗਾਏ ਜਾਣ ਦਾ ਵਿਰੋਧ ਕੀਤਾ ਸੀ। ਜਾਣਕਾਰੀ ਅਨੁਸਾਰ ਚੀਨ ਨੇ ਇਹ ਕਦਮ ਪਾਕਿਸਤਾਨ ਨਾਲ ਮਿਲ ਚੁੱਕਿਆ ਸੀ।
________________________________________
ਉੱਤਰੀ ਕੋਰੀਆ ਨੂੰ ਘੇਰਨ ਲਈ ਲਾਮਬੰਦੀ
ਵਾਸ਼ਿੰਗਟਨ: ਉੱਤਰੀ ਕੋਰੀਆ ਖਿਲਾਫ਼ ਅਮਰੀਕਾ ਦੇ ਨਾਲ ਚੀਨ ਅਤੇ ਜਪਾਨ ਸਣੇ ਕਈ ਸਹਿਯੋਗੀ ਦੇਸ਼ ਆ ਗਏ ਹਨ। ਇਥੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗਵੇਨ ਨਾਲ ਮੁਲਾਕਾਤ ਕੀਤੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉੱਤਰੀ ਕੋਰੀਆ ਨੇ ਮੁੜ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਤਾਂ ਉਸ ਨੂੰ ਹੋਰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਬਾਅਦ ਸ੍ਰੀ ਓਬਾਮਾ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦਾ ਤਿਆਗ ਕਰ ਦੇਵੇ।
_________________________________________
ਪਰਮਾਣੂ ਪਸਾਰ ਸਭ ਤੋਂ ਵੱਡਾ ਖਤਰਾ: ਓਬਾਮਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਪਰਮਾਣੂ ਹਥਿਆਰਾਂ ਦੇ ਪਸਾਰ ਅਤੇ ਉਨ੍ਹਾਂ ਦੀ ਸੰਭਾਵਿਤ ਵਰਤੋਂ ਆਲਮੀ ਸੁਰੱਖਿਆ ਤੇ ਸ਼ਾਂਤੀ ਲਈ ਸਭ ਤੋਂ ਵੱਡਾ ਖਤਰਾ ਹੈ। ਸ੍ਰੀ ਓਬਾਮਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ 50 ਤੋਂ ਵੱਧ ਮੁਲਕਾਂ ਦੇ ਆਗੂ ਇਥੇ ਪਰਮਾਣੂ ਸੁਰੱਖਿਆ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਜੁੜਨੇ ਸ਼ੁਰੂ ਹੋ ਗਏ ਹਨ ਜਿਸ ਦਾ ਉਦੇਸ਼ ਦਹਿਸ਼ਤਗਰਦਾਂ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਅਤੇ ਉਨ੍ਹਾਂ ਦੀ ਵਰਤੋਂ ਨੂੰ ਰੋਕਣਾ ਹੈ।