-ਅਮਨਦੀਪ ਹਾਂਸ
ਸੱਥਰ ਸ਼ਬਦ ਹੀ ਬੜਾ ਭੈੜਾ ਹੈ। ਕੋਈ ਨਹੀਂ ਚਾਹੁੰਦਾ ਕਿ ਰੰਗੀਂ ਭਾਗੀਂ ਵਸਦੇ ਘਰ ‘ਚ ਸੱਥਰ ਵਿਛੇ। ਪਰ ਕੁਦਰਤ ਦਾ ਦਸਤੂਰ ਹੈ ਕਿ ਸਾਹਾਂ ਦੀ ਤੰਦ ਟੁੱਟਣੀ ਹੀ ਹੈ, ਅੱਜ, ਕੱਲ੍ਹ, ਪਰਸੋਂ, ਨਰਸੋਂæææਕਦੇ ਵੀ। ਕੋਈ ਵੀ ਅਮਰ ਨਹੀਂ। ਅੱਜ ਮੇਰੀ ਵਾਰੀ, ਕੱਲ੍ਹ ਤੇਰੀ ਵਾਰੀæææਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਘੜੀ ਇਸ ਜਹਾਨ ਤੋਂ ਸਦੀਵੀ ਵਿਛੋੜਾ ਪੈ ਜਾਵੇ।
ਜਿੰਨੀ ਸੱਚੀ ਮੌਤ ਹੈ, ਓਨਾ ਹੀ ਵੱਡਾ ਸੱਚ ਇਹ ਵੀ ਹੈ ਕਿ ਸਿਰਫ ਮੌਤ ਹੀ ਹੈ ਜੋ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਕੋਈ ਵੱਡਾ-ਛੋਟਾ, ਅਮੀਰ-ਗ਼ਰੀਬ ਨਹੀਂ ਵੇਖਦੀ। ਪਰ ਹੈਰਾਨੀ ਹੋਈ ਇਹ ਜਾਣ ਕੇ ਕਿ ਸਾਡੇ-ਤੁਹਾਡੇ ਮਾਣਮੱਤੇ ਪੰਜਾਬ ‘ਚ ਮੌਤ ਵਰਗੇ ਮੁੱਦੇ ਨੂੰ ਵੀ ਸਰਕਾਰ ਇਸ ਤਰ੍ਹਾਂ ਵਰਤ ਰਹੀ ਹੈ ਕਿ ਵਿਤਕਰਾ ਸਪੱਸ਼ਟ ਨਜ਼ਰੀਂ ਪੈ ਰਿਹਾ ਹੈ।
ਆਪਣੇ ਪਿਆਰਿਆਂ ਦੇ ਸਦੀਵੀ ਵਿਛੋੜੇ ਸਬੰਧੀ ਜਾਂ ਅੰਤਿਮ ਅਰਦਾਸ ਸਬੰਧੀ ਕਈ ਪਰਿਵਾਰ ਅਖ਼ਬਾਰਾਂ ‘ਚ ਇਸ਼ਤਿਹਾਰ ਦਿੰਦੇ ਨੇ। ਇਸ ਦੇ ਦੋ ਕਾਰਨ ਸਮਝੇ ਜਾ ਸਕਦੇ ਨੇ-ਇਕ ਤਾਂ ਸਭ ਜਾਣੂਆਂ ਤੱਕ ਸ਼ੋਕ ਸੁਨੇਹਾ ਆਸਾਨੀ ਨਾਲ ਪੁੱਜ ਜਾਵੇਗਾ ਤੇ ਦੂਜਾ ਜਾਣੂਆਂ ‘ਚ ‘ਠੁੱਕ ਬੱਝਣ’ ਵਾਲੀ ਮਾਨਸਿਕਤਾ ਵੀ ਇਸ ਵਰਤਾਰੇ ਪਿੱਛੇ ਕੰਮ ਕਰਦੀ ਸਮਝੀ ਜਾ ਸਕਦੀ ਹੈ। ਅਖ਼ਬਾਰਾਂ ‘ਚ ਮਰਨਿਆਂ ਦੇ ਭੋਗਾਂ ਸਬੰਧੀ ਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਇਸ਼ਤਿਹਾਰਾਂ ਦਾ ਇਕ ਹੋਰ ਰੂਪ ਵੀ ਹੈ, ਜਿਸ ਨੂੰ ਅਖ਼ਬਾਰੀ ਭਾਸ਼ਾ ‘ਚ ‘ਸਪਲੀਮੈਂਟ’ ਕਿਹਾ ਜਾਂਦਾ ਹੈ। ਪਰ ਇਹ ਸ਼ਰਧਾਂਜਲੀ ਸਪਲੀਮੈਂਟ ਕਰੀਮੀ ਲੇਅਰ ‘ਚ ਆਉਂਦੇ ਪਰਿਵਾਰਾਂ ਦੇ ਜੀਆਂ ਦੇ ਮਰਨਿਆਂ ਨਾਲ ਸਬੰਧਤ ਹੁੰਦੇ ਨੇ। ਕਿਸੇ ਪਾਰਟੀ ਦੇ ਲੀਡਰ, ਸੀਨੀਅਰ ਵਰਕਰ, ਕੋਈ ਵੱਡਾ ਸਮਾਜ ਸੇਵੀ ਜਾਂ ਉੱਘੀ ਸ਼ਖ਼ਸੀਅਤ ਆਦਿ ਦੀ ਮੌਤ ‘ਤੇ ਇਹ ਸਪਲੀਮੈਂਟ ਨਿਕਲਦੇ ਨੇ। ਸਬੰਧਤ ਅਖ਼ਬਾਰਾਂ ਤੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰ ਵਾਹਵਾ ਕਮਾਈ ਕਰ ਲੈਂਦੇ ਨੇ। ਇਹ ਵੱਖਰਾ ਮੁੱਦਾ ਹੈ। ਇੱਥੇ ਛੋਹਿਆ ਜਾ ਰਿਹਾ ਮੁੱਦਾ ਇਹ ਹੈ ਮਰਨਿਆਂ ਨੂੰ ਵੀ ਮੌਜੂਦਾ ਸਰਕਾਰ ‘ਵੋਟ ਬੈਂਕ’ ਵਜੋਂ ਚਤੁਰਾਈ ਨਾਲ ਇਸ ਤਰ੍ਹਾਂ ਵਰਤ ਰਹੀ ਹੈ ਕਿ ਮੇਰੇ ਭੋਲੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ।
ਅਸਲ ‘ਚ ਕੀ ਹੋ ਰਿਹਾ ਹੈ?
ਲਗਾਤਾਰ ਦੂਜੀ ਵਾਰ ਪੰਜਾਬ ਦੀ ਸੱਤਾ ਸਾਂਭਦਿਆਂ ਉਤਸ਼ਾਹਤ ਹੋਈ ਬਾਦਲ ਸਰਕਾਰ ਨੇ ਮਈ 2012 ਤੋਂ ਇਕ ਅਣਛੋਹਿਆ ਮੁੱਦਾ ਛੋਹ ਲਿਆ। ਆਮ ਲੋਕਾਂ ਨਾਲ ਨੇੜਤਾ ਵਧਾਉਣ ਦਾ ਆਸਾਨ ਤਰੀਕਾ ਕਿਸੇ ਨੇ ਸੁਝਾਅ ਦਿੱਤਾ ਤੇ ਉਸ ‘ਤੇ ਝੱਟਪੱਟ ਅਮਲ ਹੋਇਆ। ਲੋਕ ਸੰਪਰਕ ਵਿਭਾਗ ਦੇ ਚੋਣਵੇਂ ਅਫਸਰਾਂ ਦੀ ਡਿਊਟੀ ਲਾਈ ਹੋਈ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਖ਼ਬਾਰਾਂ ਛਪਦੀਆਂ ਨੇ ਉਨ੍ਹਾਂ ‘ਚ ਛਪਦੇ ਅੰਤਿਮ ਅਰਦਾਸਾਂ ਵਾਲੇ ਇਸ਼ਤਿਹਾਰਾਂ ਦੀ ਸੂਚੀ ਨਿੱਤ ਦਿਨ ਬਣੇ ਤੇ ‘ਵੱਡੀ ਸਰਕਾਰ ਜੀ’ ਵੱਲੋਂ ਇਨ੍ਹਾਂ ਦੇ ਪਤਿਆਂ ‘ਤੇ ਸ਼ੋਕ ਸੁਨੇਹਾ ਘੱਲਿਆ ਜਾਵੇ, ਤਾਂ ਜੋ ਆਪਣੇ ਪਿਆਰਿਆਂ ਦੇ ਸਦੀਵੀ ਵਿਛੋੜੇ ਦਾ ਸੱਲ ਝੱਲ ਰਹੇ ਦੁਖੀ ਪਰਿਵਾਰਾਂ ਨੂੰ ਮਹਿਸੂਸ ਹੋ ਸਕੇ ਕਿ ‘ਸਰਕਾਰ ਜੀ’ ਵੀ ਉਨ੍ਹਾਂ ਦੇ ਦੁੱਖ ‘ਚ ਬਰਾਬਰ ਸ਼ਰੀਕ ਹੋ ਰਹੇ ਨੇ।
ਸਿਆਣੇ ਆਂਹਦੇ ਨੇ ਕਿਸੇ ਦੀ ਖੁਸ਼ੀ ‘ਚ ਸ਼ਰੀਕ ਹੋਣਾ ਭਾਵੇਂ ਖੁੰਝਾ ਦਿਓ, ਪਰ ਗ਼ਮੀ ‘ਚ ਜ਼ਰੂਰ ਸ਼ਰੀਕ ਹੋਵੋ। ਸਰਕਾਰ ਜੀ ਦਾ ਇਹ ਕਾਰਜ ਨਿੰਦਿਆ ਨਹੀਂ ਜਾਣਾ ਚਾਹੀਦਾ, ਪਰ ਮੈਂ ਇਹ ਗ਼ੁਸਤਾਖ਼ੀ ਕਰਨ ਦੀ ਜੁਰਅਤ ਕਰ ਰਹੀ ਹਾਂ। ਇਸ ਦੇ ਕਈ ਕਾਰਨ ਨੇ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਦੇ ਵਿਛੋੜੇ ਬਾਬਤ ਜਾਂ ਸ਼ਰਧਾਂਜਲੀ ਬਾਬਤ ਇਸ਼ਤਿਹਾਰ ਛਪਵਾਉਣੇ ਹੁੰਦੇ ਨੇ, ਉਨ੍ਹਾਂ ਦੀ ਕਿੰਨੀ ਕੁ ਗਿਣਤੀ ਹੈ ਆਖ਼ਰ? ਸ਼ਾਇਦ ਜ਼ਿਆਦਾ ਨਹੀਂ ਕਿਉਂਕਿ ਇਹ ਕਾਰਜ ਵੀ ‘ਸੰਪੰਨ ਆਰਥਿਕਤਾ’ ਨਾਲ ਜੁੜਿਆ ਹੈ। ਜਿਹੜੇ ਮ੍ਹਾਤੜ-ਤਮ੍ਹਾਤੜ ਇਸ ਸੋਚ ‘ਚ ਹੁੰਦੇ ਨੇ ਕਿ ਮਕਾਣਾਂ ਤੇ ਭੋਗ ਦਾ ਖ਼ਰਚਾ ਕਿਹੜੀ ਖੁੰਜ ਫਰੋਲ ਕੇ ਕੱਢਣਾ ਹੈ, ਉੁਹ ਇਸ਼ਤਿਹਾਰਾਂ ਲਈ ਹਜ਼ਾਰਾਂ ਰੁਪਏ ਕਿੱਥਂੋ ਕੱਢਣਗੇ? ਤੇ ਇਹੋ ਜਿਹੇ ਮਰਨਿਆਂ ‘ਤੇ ਸਰਕਾਰ ਜੀ ਵੱਲੋਂ ਕੋਈ ਸ਼ੋਕ-ਰੁੱਕਾ ਨਹੀਂ ਆਉਂਦਾ, ਕਿਉਂਕਿ ‘ਭੋਲੀ ਸਰਕਾਰ’ ਨੂੰ ਕੋਈ ਦੱਸਦਾ ਹੀ ਨਹੀਂ ਕਿ ਕਾਲਾ, ਕੈਲਾ, ਕੈਲੂ, ਬੰਸਾ, ਬੰਸੋ, ਤਾਰੂ, ਤਾਰੀ, ਨੱਥਾ, ਨੱਥੂæææਦਮੇ, ਕੈਂਸਰ, ਕਾਲਾ ਪੀਲੀਆ, ਗੁਰਦੇ/ਦਿਲ ਦੇ ਫੇਲ੍ਹ ਹੋਣ ਜਾਂ ਹੋਰ ਕਿਸੇ ਬਿਮਾਰੀ ਕਰਕੇ ਜਾਂ ਕਰਜ਼ੇ ਕਰਕੇ ਜਾਂ ਫਿਰ ਆਪਣੇ ਸੁਆਸ ਭੋਗ ਇਸ ਰੰਗਲੀ ਦੁਨੀਆਂ ਨੂੰ ਛੱਡ ਗਿਆ ਹੈ। ਉਸ ਦਾ ਸੱਥਰ ਮਖ਼ਮਲੀ ਗੱਦੇ ਨਹੀਂ, ਪਾਟੀਆਂ ਪੱਲੀਆਂ ਝੱਲ ਰਹੀਆਂ ਨੇ ਤੇ ਜਦੋਂ ਸਰਕਾਰ ਜੀ ਤੱਕ ਇਨ੍ਹਾਂ ਮੌਤਾਂ ਦਾ ਸੁਨੇਹਾ ਹੀ ਨਹੀਂ ਪੁੱਜੇਗਾ ਤਾਂ ਫਿਰ ਇਨ੍ਹਾਂ ਮਰਨਿਆਂ ਦੇ ਬੋੜੇ ਦਰਵਾਜ਼ਿਆਂ ਲਈ ਸਰਕਾਰ ਜੀ ‘ਸ਼ੋਕ-ਰੁੱਕਾ’ ਕਿਵੇਂ ਭੇਜੂ?
ਸਰਕਾਰ ਜੀ ਤੱਕ ਤਾਂ ਇਹੋ ਸੁਨੇਹਾ ਪੁੱਜਦੈ ਕਿ ਫਲਾਣਾ ‘ਸਰਦਾਰ’, ‘ਸਰਦਾਰਨੀ’, ‘ਸ਼੍ਰੀਮਾਨ’, ‘ਸ਼੍ਰੀਮਤੀ’, ‘ਮਿਸਟਰ’æææ(ਨਾਲ ਕਈ ਹੋਰ ਵਿਸ਼ੇਸ਼ਣ ਵੀ ਲੱਗੇ ਹੁੰਦੇ ਨੇ) ਸਦੀਵੀ ਵਿਛੋੜਾ ਦੇ ਗਏ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈæææਨੂੰ ਅੰਤਿਮ ਅਰਦਾਸ ਕਰਵਾਈ ਜਾਣੀ ਹੈ।
ਸਰਕਾਰ ਵਲੋਂ ਭੇਜੇ ਜਾ ਰਹੇ ‘ਸ਼ੋਕ-ਰੁੱਕੇ’ ਕਿਹੜੇ ‘ਵਰਗ’ ਲਈ ਨੇ, ਇਹ ਤਾਂ ਸਪੱਸ਼ਟ ਹੈ। ਜਿਹੜੇ ਪਰਿਵਾਰ ਇਸ਼ਤਿਹਾਰ ਛਪਵਾਉਂਦੇ ਨੇ, ਸਰਕਾਰ, ਤੇ ਉਹ ਵੀ ਵੱਡੀ ਸਰਕਾਰ ਦੇ ਦਸਤਖ਼ਤਾਂ ਵਾਲਾ ਸ਼ੋਕ-ਰੁੱਕਾ ਉਨ੍ਹਾਂ ਨੂੰ ‘ਵੱਡਿਆਂ’ ਨਾਲ ਨੇੜਤਾ ਦਾ ਅਹਿਸਾਸ ਕਰਵਾਉਂਦਾ ਹੈ। ਇਹ ਚਿੱਠੀਆਂ ਸਾਂਭੀਆਂ ਜਾਂਦੀਆਂ ਨੇ, ਆਲੇ-ਦੁਆਲੇ ‘ਚ ਵਿਖਾ-ਸੁਣਾ ਕੇ ਸਰਕਾਰੇ-ਦਰਬਾਰੇ ਆਪਣੀ ਪਹੁੰਚ ਦਾ ਰੋਅਬ ਮਾਰਨ ਦਾ ਯਤਨ ਹੁੰਦਾ ਹੈ। ਇਸ ਸ਼ੋਕ-ਰੁੱਕੇ ਦਾ ਕਈ ਪਰਿਵਾਰਾਂ ਨੇ ਤਾਂ ਏਨਾ ਮਾਣ-ਰੱਖਿਆ ਕਿ ਪਾਰਟੀ ਨੂੰ ਫੰਡਿੰਗ ਵੀ ਕਰ ਦਿੱਤੀ, ਮੈਂਬਰੀ ਵੀ ਪੱਕੀ ਕਰਵਾ ਲਈ ਹੋਣੀ ਐ।
ਇਹ ਲੋਕ ਸ਼ਾਇਦ ਨਹੀਂ ਜਾਣਦੇ ਕਿ ‘ਵੱਡੀ ਸਰਕਾਰ’ ਨੂੰ ਤਾਂ ਪਤਾ ਹੀ ਨਹੀਂ ਕਿ ਉਹ ਕੌਣ ਸੀ “ਜੋ ਮਰ ਗਿਆ, ਮੰਜੀ ਖ਼ਾਲੀ ਕਰ ਗਿਆ।” ਸਰਕਾਰ ਵੱਲੋਂ ਦੋ ਤਰ੍ਹਾਂ ਦੀਆਂ ਚਿੱਠੀਆਂ ਟਾਈਪ ਕਰਵਾਈਆਂ ਗਈਆਂ ਹਨ (ਦੋਵਾਂ ਦੀਆਂ ਤਸਵੀਰਾਂ ਪਾਠਕਾਂ ਲਈ ਸਕੈਨ ਕਰਕੇ ਪਾਈਆਂ ਹਨ)। ਇਕ ਚਿੱਠੀ ਤਾਂ ਪਰਿਵਾਰ ਦੇ ਬਜ਼ੁਰਗ ਦੀ ਮੌਤ ਦੇ ਸੋਗ ਲਈ ਹੈ ਤੇ ਦੂਜੀ ਕਿਸੇ ਜਵਾਨ ਦੀ ਮੌਤ ਸਬੰਧੀ। ਦੋਵਾਂ ਸ਼ੋਕ-ਰੁੱਕਿਆਂ ‘ਚ ਕੁਝ ਸ਼ਬਦੀ ਹੇਰ-ਫੇਰ ਸਥਿਤੀ ਮੁਤਾਬਕ ਕੀਤਾ ਗਿਆ ਹੈ, ਨਾਂ ਦੀ ਜਗ੍ਹਾ ਖ਼ਾਲੀ ਛੱਡੀ ਗਈ ਹੈ, ਜੋ ‘ਮੌਕਾ-ਏ-ਵਾਰਦਾਤ’ ਉਤੇ ਹੀ ਭਰਿਆ ਜਾਂਦਾ ਹੈ, ਤੇ ਹੇਠਾਂ ਵੱਡੀ ਸਰਕਾਰ ਦੇ ਠੱਪਾ ਦਸਤਖ਼ਤ (ਸਟੈਂਪ ਸਾਈਨ) ਕੀਤੇ ਹੋਏ ਹਨ।
ਦੋਵੇਂ ਸ਼ੋਕ-ਰੁੱਕੇ ਇੰਨ-ਬਿੰਨ ਪਾਠਕਾਂ ਲਈ :
(A) ਬਜ਼ੁਰਗਾਂ ਦੇ ਚਲਾਣੇ ‘ਤੇ ਭੇਜਿਆ ਜਾਣ ਵਾਲਾ ਸ਼ੋਕ-ਰੁੱਕਾ
ਮਿਤੀæææ
ਪਰਕਾਸ਼ ਸਿੰਘ ਬਾਦਲ (ਪੰਜਾਬ ਸਰਕਾਰ ਦੀ ਮੋਹਰ) ਮੁੱਖ ਮੰਤਰੀ, ਪੰਜਾਬ
ਪਰਮ ਸਤਿਕਾਰਯੋਗ
ਮੈਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਪਿਛਲੇ ਦਿਨੀਂ ਆਪ ਜੀ ਦੇæææਅਕਾਲ ਚਲਾਣਾ ਕਰ ਗਏ ਹਨ। ਮੈਨੂੰ ਇਸ ‘ਤੇ ਡੂੰਘਾ ਅਫਸੋਸ ਹੋਇਆ ਹੈ ਅਤੇ ਮੈਂ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦਾ ਹਾਂ।
ਮੇਰੀ ਦਿਲੀ ਇੱਛਾ ਸੀ ਕਿ ਮੈਂ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇæææਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ, ਪਰ ਕੁਝ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਮੈਂ ਹਾਜ਼ਰ ਨਹੀਂ ਹੋ ਸਕਿਆ।
ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ, ਰਿਸ਼ਤੇਦਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
(ਠੱਪਾ ਦਸਤਖ਼ਤ)
(ਪਰਕਾਸ਼ ਸਿੰਘ ਬਾਦਲ)
—-
(ਅ) ਭਰ ਜਵਾਨੀ ‘ਚ ਵਿਛੋੜਾ ਦੇ ਗਏ ਜੀਅ ਦੇ ਪਰਿਵਾਰ ਨੂੰ ਭੇਜਿਆ ਜਾਣ ਵਾਲਾ ਸ਼ੋਕ-ਰੁੱਕਾ
ਮਿਤੀæææ
ਪਰਕਾਸ਼ ਸਿੰਘ ਬਾਦਲ (ਪੰਜਾਬ ਸਰਕਾਰ ਦੀ ਮੋਹਰ) ਮੁੱਖ ਮੰਤਰੀ, ਪੰਜਾਬ
ਪਰਮ ਸਤਿਕਾਰਯੋਗ
ਮੈਨੂੰ ਇਹ ਜਾਣ ਕੇ ਬਹੁਤ ਹੀ ਗਹਿਰਾ ਸਦਮਾ ਪਹੁੰਚਿਆ ਹੈ ਕਿ ਪਿਛਲੇ ਦਿਨੀਂ ਆਪ ਜੀ ਦੇæææਭਰ ਜਵਾਨੀ ਵਿਚ ਅਕਾਲ ਚਲਾਣਾ ਕਰ ਗਏ ਹਨ। ਕਿਸੇ ਵਿਅਕਤੀ ਦੇ ਜਵਾਨ ਅਵਸਥਾ ਵਿਚ ਸਦਾ ਲਈ ਵਿਛੜ ਜਾਣ ਨਾਲ ਪਰਿਵਾਰ, ਨੇੜਲੇ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਝੱਲਣੀ ਪੈਂਦੀ ਪੀੜ ਦਾ ਮੈਨੂੰ ਤੀਬਰ ਅਹਿਸਾਸ ਹੈ।
ਮੇਰੀ ਦਿਲੀ ਇੱਛਾ ਸੀ ਕਿ ਇਸ ਸ਼ਦੀਦ ਦੁੱਖ ਦੀ ਘੜੀ ਵਿਚ ਮੈਂ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਪਰਿਵਾਰ ਦੇ ਗ਼ਮ ਵਿਚ ਸ਼ਰੀਕ ਹੁੰਦਾ। ਪਰ ਕੁਝ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਮੈਂ ਹਾਜ਼ਰ ਨਹੀਂ ਹੋ ਸਕਿਆ।
ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ, ਰਿਸ਼ਤੇਦਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
(ਠੱਪਾ ਦਸਤਖ਼ਤ)
(ਪਰਕਾਸ਼ ਸਿੰਘ ਬਾਦਲ)
ਹੁਣੇ ਜਿਹੇ ਲੋਹੜੀ ਦਾ ਤਿਉਹਾਰ ਲੰਘਿਆ ਹੈ। ਨੰਨ੍ਹੇ-ਮੁੰਨ੍ਹੇ ਬੀਹੀਆਂ-ਬਜ਼ਾਰਾਂ ‘ਚ ਗਾਉਂਦੇ ਫਿਰਦੇ ਸਨ,
ਸੁੰਦਰੀਏ ਮੁੰਦਰੀਏ-ਹੋ।
ਤੇਰਾ ਕੌਣ ਵਿਚਾਰਾ-ਹੋ।
ਦੁੱਲਾ ਭੱਟੀ ਵਾਲਾ-ਹੋ।
ਪੰਜਾਬ ਦੇ ‘ਖ਼ਾਸਮਖ਼ਾਸ ਲੋਕ ਵਰਗ’ ਨੂੰ ਛੱਡ ਕੇ, ਬਾਕੀਆਂ ਦੇ ਜੋ ਹਾਲ ਦੀਂਹਦੇ ਨੇ, ਉਸ ਬਾਰੇ ਸੋਚਦਿਆਂ ਜਾਗਦੀਆਂ ਜ਼ਮੀਰਾਂ ‘ਚੋਂ ਹਉਕੇ ਨਹੀਂ ਹੁਣ ਚੀਕਾਂ ਨਿਕਲਦੀਆਂ ਨੇ,
ਸੁੰਦਰੀਏ ਮੁੰਦਰੀਏ
ਵਿਚਾਰਾ ਕੌਣ ਤੇਰਾ
ਨਾ! ਬਈ ਕੋਈ…ਨਾ ਕੋਈ
Leave a Reply