ਰਾਮਦੇਵ ਦਾ ਸੰਵਿਧਾਨ ਅਤੇ ਬੇਲਾ ਭਾਟੀਆ ਦੇ ਹਕੂਕ

ਦਲਜੀਤ ਅਮੀ
ਫੋਨ: +91-97811-21873
ਭਾਰਤ ਦੀ ਕੇਂਦਰ ਸਰਕਾਰ ਅਤੇ ਭਾਜਪਾਈ ਜਥੇਬੰਦੀਆਂ ਨੇ ਵਿਰੋਧੀਆਂ ਲਈ ਚੌਖਟਾ ਬਣਾ ਲਿਆ ਹੈ। ਇਸ ਚੌਖਟੇ ਵਿਚ ਉਹ ਆਪਣੇ ਹਰ ਤਰ੍ਹਾਂ ਦੇ ਵਿਰੋਧੀਆਂ ਜਾਂ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਨਿਰਪੱਖਤਾ ਨਾਲ ਪਾਉਂਦੇ ਹਨ। ਹੁਣ ਦੇਸ਼ ਧਰੋਹੀ, ਹਿੰਦੂ ਵਿਰੋਧੀ, ਨਕਸਲਵਾਦੀ ਅਤੇ ਅਤਿਵਾਦੀ ਦੇ ਚੌਖਟੇ ਵਿਚ ਜੀਨ ਡ੍ਰੀਜ਼ ਅਤੇ ਬੇਲਾ ਭਾਟੀਆ ਆਏ ਹਨ। ਇਹ ਦੋਵੇਂ ਛਤੀਸਗੜ੍ਹ ਦੇ ਬਸਤਰ ਇਲਾਕੇ ਵਿਚ ਆਦਿਵਾਸੀਆਂ ਨਾਲ ਕੰਮ ਕਰਦੇ ਹਨ। ਦੋਵੇਂ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਆਪਣੀ ਯੋਗਤਾ ਦੁਨੀਆਂ ਭਰ ਵਿਚ ਸਾਬਤ ਕਰ ਚੁੱਕੇ ਹਨ ਅਤੇ ਹੁਣ ਸਾਦਗੀ ਨਾਲ ਛਤੀਸਗੜ੍ਹ ਵਿਚ ਕਬਾਇਲੀ ਲੋਕਾਂ ਨਾਲ ਕੰਮ ਕਰਦੇ ਹਨ।
ਜੀਨ ਡ੍ਰੀਜ਼ ਬੈਲਜੀਅਮ ਦਾ ਜੰਮਪਲ ਅਰਥ ਸ਼ਾਸਤਰੀ ਹੈ ਅਤੇ 37 ਸਾਲਾਂ ਤੋਂ ਭਾਰਤ ਵਿਚ ਹੈ।

ਉਸ ਨੇ ਬੈਲਜੀਅਮ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਲਈ ਹੋਈ ਹੈ। ਉਹ ਰਾਂਚੀ ਯੂਨੀਵਰਸਿਟੀ ਵਿਚ ਮਹਿਮਾਨ ਅਧਿਆਪਕ (ਵਿਜ਼ਿਟਿੰਗ ਫੈਕਲਟੀ) ਵਜੋਂ ਅਤੇ ਦਿੱਲੀ ਸਕੂਲ ਆਫ਼ ਇਕਨੌਮਿਕਸ ਵਿਚ ਅਰਥ ਸ਼ਾਸਤਰ ਪੜ੍ਹਾਉਂਦੇ ਹਨ। ਭੁੱਖ, ਅਕਾਲ, ਲਿੰਗ ਬਰਾਬਰੀ, ਬਾਲ ਸਿਹਤ ਅਤੇ ਸਿੱਖਿਆ ਵਰਗੇ ਵਿਸ਼ਿਆਂ ਉਤੇ ਉਨ੍ਹਾਂ ਦਾ ਕੰਮ ਆਲਮੀ ਪਛਾਣ ਰੱਖਦਾ ਹੈ ਤੇਅਰਥ ਸ਼ਾਸਤਰੀ ਅੰਮ੍ਰਿਤਯਾ ਸੇਨ ਦਾ ਕਰੀਬੀ ਹੈ। ਭਾਰਤ ਵਿਚ ਪਿਛਲੀ ਸਰਕਾਰ ਦੌਰਾਨ ਉਹ ਕੌਮੀ ਸਲਾਹਕਾਰ ਕੌਂਸਲ ਦਾ ਮੈਂਬਰ ਰਿਹਾ। ਸੂਚਨਾ ਦਾ ਅਧਿਕਾਰ, ਕੌਮੀ ਖ਼ੁਰਾਕ ਸੁਰੱਖਿਆ ਐਕਟ ਅਤੇ ਲਾਜ਼ਮੀ ਤੇ ਮੁਫ਼ਤ ਸਿੱਖਿਆ ਵਰਗੇ ਕਾਨੂੰਨ ਬਣਾਉਣ ਵਿਚ ਉਹਦੀ ਅਹਿਮ ਭੂਮਿਕਾ ਹੈ। ਮੌਜੂਦਾ ਦੌਰ ਦੇ ਸਬਸਿਡੀ, ਸਿਹਤ ਅਤੇ ਸਿੱਖਿਆ ਵਰਗੇ ਮਸਲਿਆਂ ਉਤੇ ਉਹਨੇ ਸਰਕਾਰਾਂ ਦੀ ਬਣਦੀ ਆਲੋਚਨਾ ਸਾਫ਼ ਸ਼ਬਦਾਂ ਵਿਚ ਕੀਤੀ ਹੈ। ਉਹ ਮਗਨਰੇਗਾ ਦੇ ਬੁਨਿਆਦੀ ਵਿਚਾਰ ਨੂੰ ਪੇਸ਼ ਕਰਨ ਅਤੇ ਬਾਅਦ ਵਿਚ ਇਸ ਦੀ ਸਮੁੱਚੀ ਵਿਉਂਤਬੰਦੀ ਕਰਨ ਵਿਚ ਸ਼ਾਮਲ ਰਿਹਾ ਹੈ। ਉਹ ਅਮਨਪਸੰਦ ਵਿਦਵਾਨ ਹੈ ਜੋ ਹਥਿਆਰਬੰਦ ਸੰਘਰਸ਼ ਦੇ ਖ਼ਿਲਾਫ਼ ਹੈ, ਪਰ ਸਮਾਜਿਕ ਇਨਸਾਫ਼ ਲਈ ਅਤੇ ਨਾਇਨਸਾਫ਼ੀ ਦੇ ਖ਼ਿਲਾਫ਼ ਹਰ ਸੰਘਰਸ਼ ਦੀ ਹਮਾਇਤ ਕਰਨ ਦਾ ਦਾਅਵਾ ਕਰਦਾ ਹੈ।
ਬੇਲਾ ਭਾਟੀਆ ਟਾਟਾ ਸਕੂਲ ਆਫ਼ ਸੋਸ਼ਲ ਸਾਇੰਸਜ਼ ਤੋਂ ਪੜ੍ਹੀ ਹੋਈ ਹੈ ਅਤੇ ਮੇਧਾ ਪਾਟੇਕਰ ਦੀ ਕਰੀਬੀ ਸਾਥੀ ਰਹੀ ਹੈ। ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ‘ਕੇਂਦਰੀ ਬਿਹਾਰ ਵਿਚ ਨਕਸਲਵਾਦ’ ਦੇ ਵਿਸ਼ੇ ਉਤੇ ਪੀਐੱਚæਡੀæ ਕੀਤੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਬਸਤਰ ਇਲਾਕੇ ਦੇ ਆਦੀਵਾਸੀਆਂ ਅਤੇ ਕਬਾਇਲੀਆਂ ਨਾਲ ਕੰਮ ਕਰਦੀ ਹੈ। ਉਹ ਇਸ ਇਲਾਕੇ ਦੇ ਮਸਲਿਆਂ ਉਤੇ ਲਗਾਤਾਰ ਲਿਖਦੀ-ਬੋਲਦੀ ਰਹੀ ਹੈ। ਤੇਲੰਗਾਨਾ ਦੀ ਨਕਸਲਵਾਦੀ ਲਹਿਰ ਅਤੇ ਛਤੀਸਗੜ੍ਹ ਦੀ ਸਰਕਾਰੀ ਸਰਪ੍ਰਸਤੀ ਵਾਲੀ ਹਥਿਆਰਬੰਦ ਮੁਹਿੰਮ ਸਲਵਾ ਜੂਡਮ ਦਾ ਉਸ ਨੇ ਉਸ ਇਲਾਕੇ ਵਿਚ ਰਹਿ ਕੇ ਅਧਿਐਨ ਕੀਤਾ ਹੈ। ਉਸ ਦੇ ਕੰਮ ਦਾ ਬੁਨਿਆਦੀ ਸੁਆਲ ਇੱਕੋ ਹੈ ਕਿ ਜਮਹੂਰੀ ਮੁਲਕ ਵਿਚ ਲੋਕ ਹਥਿਆਰਬੰਦ ਸੰਘਰਸ਼ ਕਰਨ ਲਈ ਮਜਬੂਰ ਕਿਉਂ ਹੁੰਦੇ ਹਨ? ਉਹ ਗਿਆਰਵੀਂ ਪੰਜ ਸਾਲਾ ਯੋਜਨਾ ਬਣਾਉਣ ਵਾਲੇ ਮਾਹਰਾਂ ਵਿਚ ਸ਼ਾਮਲ ਰਹੀ ਹੈ। ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਉਸੇ ਮਾਹਰ ਕਮੇਟੀ ਵਿਚ ਸ਼ਾਮਿਲ ਰਿਹਾ ਹੈ। ਬੇਲਾ ਜਗਦਲਪੁਰ ਸ਼ਹਿਰ ਦੇ ਬਾਹਰ ਪਾਰਪਾ ਪਿੰਡ ਵਿਚ ਰਹਿੰਦੀ ਹੈ। ਬੇਲਾ ਭਾਟੀਆ ਅਤੇ ਜੀਨ ਡ੍ਰੀਜ਼ ਜੀਵਨ ਸਾਥੀ ਹਨ।
ਨਵੰਬਰ 2015 ਵਿਚ ਬੇਲਾ ਭਾਟੀਆ ਨੇ ਬੀਜਾਪੁਰ ਜ਼ਿਲ੍ਹੇ ਵਿਚ ਕੁਝ ਕਬਾਇਲੀ ਔਰਤਾਂ ਨਾਲ ਬਲਾਤਕਾਰ ਅਤੇ ਕਾਮੁਕ ਹਿੰਸਾ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਵਿਚ ਮਦਦ ਕੀਤੀ ਸੀ। ਇਹ ਸ਼ਿਕਾਇਤ ਸੁਰੱਖਿਆ ਬਲਾਂ ਦੇ ਖ਼ਿਲਾਫ਼ ਹੈ। ਉਸ ਸ਼ਿਕਾਇਤ ਤੋਂ ਬਾਅਦ ਕੋਈ ਗ੍ਰਿਫ਼ਤਾਰੀ ਨਹੀਂ ਹੋਈ, ਪਰ ਬੇਲਾ ਭਾਟੀਆ ਉਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਵਿਚ ਸਮਾਜਿਕ ਏਕਤਾ ਮੰਚ ਨਾਲ ਜੁੜੀ ਜਥੇਬੰਦੀ ਮਹਿਲਾ ਏਕਤਾ ਮੰਚ ਨੇ ਬੇਲਾ ਭਾਟੀਆ ਦੇ ਘਰ ਦੇ ਬਾਹਰ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿਚ ‘ਬੇਲਾ ਭਾਟੀਆ ਮੁਰਦਾਬਾਦ’ ਅਤੇ ‘ਬੇਲਾ ਭਾਟੀਆ ਬਸਤਰ ਛੋੜੋ’ ਦੇ ਨਾਅਰੇ ਲਗਾਏ ਗਏ। ਇਸ ਤੋਂ ਇਲਾਵਾ ਉਸ ਇਲਾਕੇ ਵਿਚ ਹੱਥ-ਪਰਚੀ ਵੰਡੀ ਗਈ ਜਿਸ ਵਿਚ ਬੇਲਾ ਭਾਟੀਆ ਨੂੰ ਨਕਸਲਵਾਦੀਆਂ ਦੀ ਹਮਾਇਤੀ ਕਰਾਰ ਦਿੱਤਾ ਗਿਆ ਅਤੇ ਜੀਨ ਡੀ੍ਰਜ਼ ਨੂੰ ‘ਵਿਦੇਸ਼ੀ ਦਲਾਲ’ ਗਰਦਾਨਿਆ ਗਿਆ। ਇਸ ਦੇ ਨਾਲ ਇਨ੍ਹਾਂ ਦੋਵਾਂ ਨੂੰ ਮੁਲਕ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਿਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਗਿਆ।
ਬੇਲਾ ਭਾਟੀਆ ਨੇ ਇਸ ਤੋਂ ਬਾਅਦ ਆਪਣੇ ਕੰਮ ਅਤੇ ਉਸ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਬਾਬਤ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਦਰਜ ਹੈ, “ਸੱਚ ਨੂੰ ਬੇਪਰਦ ਕਰਨਾ, ਔਖੇ ਸੁਆਲ ਪੁੱਛਣਾ, ਲੋਕਾਂ ਨੂੰ ਲਾਮਬੰਦ ਕਰਨਾ, ਉਨ੍ਹਾਂ ਨੂੰ ਚੁੱਪ ਦੀ ਚਾਦਰ ਚਾਕ ਕਰਨ ਲਈ ਪ੍ਰੇਰਨਾ ਦੇਣਾ ਅਤੇ ਜਮਹੂਰੀ ਹਦੂਦ ਅੰਦਰ ਸੰਘਰਸ਼ ਸਾਡਾ ਹੱਕ ਹੈ। ਕੋਈ ਵੀ ਸਿਹਤਮੰਦ ਜਮਹੂਰੀਅਤ ਆਪਣੇ ਸ਼ਹਿਰੀਆਂ ਤੋਂ ਇਹ ਹੱਕ ਨਹੀਂ ਖੋਹ ਸਕਦੀ। ਇਸੇ ਅਸੂਲ ਤਹਿਤ ਬੀਜਾਪੁਰ ਜ਼ਿਲ੍ਹੇ ਵਿਚ ਅਕਤੂਬਰ 2015 ਦੌਰਾਨ ਹੋਏ ਸਮੂਹਿਕ ਬਲਾਤਕਾਰ ਅਤੇ ਸੁਕਮਾ ਜ਼ਿਲ੍ਹੇ ਵਿਚ ਪਿਛਲੇ ਸਾਲ ਜਨਵਰੀ ਦੌਰਾਨ ਹੋਈ ਕਾਮੁਕ ਹਿੰਸਾ ਨੂੰ ਬੇਪਰਦ ਕਰਨਾ ਸਾਡਾ ਫ਼ਰਜ਼ ਸੀ। ਅਸੀਂ ਦੂਜੇ ਸੂਬਿਆਂ ਦੀ ਔਰਤ ਕਾਰਕੁਨਾਂ ਨਾਲ ਮਿਲ ਕੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ। ਪੀੜਤਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਸਾਹਮਣੇ ਪੇਸ਼ ਕਰ ਕੇ ਬਿਆਨ ਦਰਜ ਕਰਵਾਏ ਗਏ ਅਤੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਨ ਲਈ ਮਨਾਇਆ ਗਿਆ। ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਵਧੀਕੀਆਂ ਨੂੰ ਅੰਜਾਮ ਦੇਣ ਵਿਚ ਪੁਲਿਸ ਅਤੇ ਨੀਮ ਫ਼ੌਜੀ ਬਲ ਸ਼ਾਮਿਲ ਸਨ। ਸਰਵ ਆਦਿਵਾਸੀ ਸਮਾਜ, ਆਦਿਵਾਸੀ ਮਹਾਂਸਭਾ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਰਗੀਆਂ ਸਮਾਜਿਕ ਅਤੇ ਸਿਆਸੀ ਧਿਰਾਂ ਆਪਣੇ ਪੱਧਰ ਉਤੇ ਜਾਂਚ ਕਰ ਕੇ ਇਸੇ ਨਤੀਜੇ ਉਤੇ ਪੁੱਜੀਆਂ ਹਨ।”
ਬੇਲਾ ਭਾਟੀਆ ਦੀ ਚਿੱਠੀ ਦਾ ਇਹ ਹਿੱਸਾ ਸਮਾਜਿਕ ਏਕਤਾ ਮੰਚ ਦੇ ਪਿਛੋਕੜ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ। ਇਹ ਸਰਕਾਰੀ ਸਰਪ੍ਰਸਤੀ ਵਿਚ ਨਕਸਲਵਾਦੀ ਵਿਰੋਧ ਕਰਦੀ ਜਥੇਬੰਦੀ ਹੈ। ਇਸ ਦੀਆਂ ਅੱਗੇ ਜਥੇਬੰਦੀਆਂ ਹਨ ਜਿਨ੍ਹਾਂ ਵਿਚ ਮਹਿਲਾ ਏਕਤਾ ਮੰਚ ਸ਼ਾਮਿਲ ਹੈ ਜਿਸ ਨੇ ਬੇਲਾ ਭਾਟੀਆ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੈ। ਇਸ ਜਥੇਬੰਦੀ ਦੇ ਬੇਲਾ ਭਾਟੀਆ ਦੇ ਖ਼ਿਲਾਫ਼ ਨਾਅਰੇ ਇੱਕ ਪਾਸੇ ਬਸਤਰ ਜਾਂ ਨਕਸਲਵਾਦੀ ਇਲਾਕੇ ਦੇ ਹਾਲਾਤ ਬਿਆਨ ਕਰਦੇ ਹਨ; ਦੂਜੇ ਪਾਸੇ ਦੀਆਂ ਸਮੁੱਚੇ ਮੁਲਕ ਵਿਚ ਚੱਲਦੀ ਭਾਜਪਾਈ ਜਥੇਬੰਦੀਆਂ ਦੀ ਪ੍ਰਚਾਰ ਮੁਹਿੰਮ ਨਾਲ ਜੁੜਦੇ ਹਨ। ਨਕਸਲਵਾਦੀ ਇਲਾਕਿਆਂ ਵਿਚ ਚੱਲ ਰਹੀਆਂ ਪੁਲਿਸ-ਨੀਮ ਫ਼ੌਜੀ ਮੁਹਿੰਮਾਂ ਨੂੰ ਲੋਕਾਂ ਤੋਂ ਓਹਲੇ ਰੱਖਣ ਲਈ ਪੱਤਰਕਾਰਾਂ, ਵਿਦਵਾਨਾਂ, ਸਮਾਜਿਕ ਕਾਰਕੁਨਾਂ ਅਤੇ ਮਨੁੱਖੀ-ਸ਼ਹਿਰੀ-ਜਮਹੂਰੀ ਹਕੂਕ ਜਥੇਬੰਦੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇੱਕ ਪਾਸੇ ਡਰਾਉਣ ਅਤੇ ਧਮਕਾਉਣ ਦੇ ਤਰੀਕੇ ਹਨ; ਦੂਜੇ ਪਾਸੇ ਬਦਨਾਮ ਕਰਨ ਦਾ ਹੱਥਕੰਡਾ ਹੈ। ਜੀਨ ਡ੍ਰੀਜ਼ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ, “ਬਸਤਰ ਵਰਗੇ ਇਲਾਕੇ ਵਿਚ ਕਿਸੇ ਉਤੇ ਨਕਸਲਵਾਦੀ ਹੋਣ ਦਾ ਇਲਜ਼ਾਮ ਲਗਾਉਣ ਦਾ ਮਤਲਬ ਹੀ ਉਸ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੈ।”
ਬੇਲਾ ਭਾਟੀਆ ਦਾ ਨਿਸ਼ਾਨੇ ਉਤੇ ਆਉਣਾ ਲੰਮੀ ਲੜੀ ਦੀ ਕੜੀ ਹੈ। ਫਰਵਰੀ ਵਿਚ ਸਕਰੋਲ ਵੈੱਬਸਾਈਟ ਨਾਲ ਕੰਮ ਕਰਦੀ ਮਾਲਿਨੀ ਸੁਬਰਾਮਨੀਅਮ ਨੂੰ ਧਮਕਾ ਕੇ ਬਸਤਰ ਖ਼ਿੱਤੇ ਵਿਚੋਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਸੀ। ਹਿੰਦੀ ਪੱਤਰਕਾਰ ਪ੍ਰਭਾਤ ਸਿੰਘ ਅਤੇ ਦੀਪਕ ਜੈਸਵਾਲ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਸੋਨੀ ਸੋਰੀ ਉਤੇ ਰਸਾਇਣਕ ਹਮਲਾ ਹੋਇਆ ਹੈ। ਪਿਛਲੇ ਸਾਲ ਬਸਤਰ ਇਲਾਕੇ ਦੇ ਪੱਤਰਕਾਰ ਸੁਮਾਰੂ ਨਾਗ ਨੂੰ ਜੁਲਾਈ ਅਤੇ ਸੰਤੋਸ਼ ਯਾਦਵ ਨੂੰ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਹੌਲ ਵਿਚ ਬੇਲਾ ਭਾਟੀਆ ਦੀ ਸ਼ਨਾਖ਼ਤ ਨਾਲ ਮੁਲਕ ਦੀ ਏਕਤਾ ਨੂੰ ਖ਼ਤਰਾ, ਵਿਦੇਸ਼ੀ ਸਾਜ਼ਿਸ਼ ਅਤੇ ਨਕਸਲਵਾਦ ਜੋੜ ਦਿੱਤਾ ਗਿਆ ਹੈ। ਦਰਅਸਲ ਇਹੋ ਮੌਜੂਦਾ ਸਰਕਾਰ, ਨਿਜ਼ਾਮ ਅਤੇ ਨਾਗਪੁਰ ਦਾ ਮੰਤਰ ਹੈ।
ਇਸੇ ਤਰਜ਼ ਦੇ ਨਾਅਰੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਅਧਿਆਪਕ ਨਿਵੇਦਿਤਾ ਮੈਨਨ ਖ਼ਿਲਾਫ਼ ਲਗਾਉਂਦੀ ਸੀ। ਇਸੇ ਤਰ੍ਹਾਂ ਦੇ ਇਲਜ਼ਾਮ ਨਾਲ ਹਰ ਤਰ੍ਹਾਂ ਦੇ ਵਿਦਿਆਰਥੀ ਅਤੇ ਆਵਾਮੀ ਸੰਘਰਸ਼ਾਂ ਨੂੰ ਬਦਨਾਮ ਕਰਨਾ ਸਰਕਾਰ ਅਤੇ ਭਾਜਪਾਈ ਜਥੇਬੰਦੀਆਂ ਦੀ ਸਾਂਝੀ ਜੁਗਤ ਹੈ। ਏਕਤਾ-ਅਖੰਡਤਾ ਨੂੰ ਖ਼ਤਰਾ, ਦੇਸ਼ ਧਰੋਹ, ਹਿੰਦੂ ਵਿਰੋਧੀ, ਅਤਿਵਾਦ, ਜਹਾਦ, ਨਕਸਲਵਾਦ, ਮਾਓਵਾਦ ਅਤੇ ਇਸਲਾਮ ਵਰਗੀਆਂ ਧਾਰਨਾਵਾਂ ਦੇ ਜਮ੍ਹਾਂਜੋੜ ਨਾਲ ਹਰ ਸੁਆਲ ਨੂੰ ਦਰਕਿਨਾਰ ਕਰਨਾ ਕੱਟੜਵਾਦੀ ਸਿਆਸਤ ਦਾ ਇੱਕ ਪਾਸਾ ਹੈ; ਦੂਜਾ ਪਾਸਾ ਦੇਸ਼ ਭਗਤੀ ਦਾ ਇਮਤਿਹਾਨ ਦੇਣ ਲਈ ਤੈਅ ਕੀਤੇ ਨਾਅਰੇ ਹਨ। ਰਾਸ਼ਟਰੀ ਸਵੈਮਸੇਵਕ ਸੰਘ ਦੀ ਸਰਪ੍ਰਸਤੀ ਵਿਚ ਹੋਏ ਇਕ ਸਮਾਗਮ ਦੌਰਾਨ ਰਾਮਦੇਵ ਨੇ ਰੋਹਤਕ ਵਿਚ ਕਿਹਾ ਹੈ, “ਅਸੀਂ ਇਸ ਮੁਲਕ ਦੇ ਕਾਨੂੰਨ ਅਤੇ ਸੰਵਿਧਾਨ ਦਾ ਸਨਮਾਨ ਕਰਦੇ ਹਾਂ, ਨਹੀਂ ਤਾਂ ਕੋਈ ਭਾਰਤ ਮਾਤਾ ਦਾ ਅਪਮਾਨ ਕਰੇ; ਇੱਕ ਨਹੀਂ, ਅਸੀਂ ਹਜ਼ਾਰਾਂ-ਲੱਖਾਂ ਦੇ ਸਿਰ ਕਲਮ ਕਰਨ ਦੀ ਸਮਰੱਥਾ ਰੱਖਦੇ ਹਾਂ।” ਇਹ ਰਾਮਦੇਵ ਯੋਗ ਸਿਖਾਉਂਦਾ ਹੈ। ਮੌਜੂਦਾ ਸਰਕਾਰ ਦੌਰਾਨ ਇਸ ਦਾ ਕਾਰੋਬਾਰ ਬੇਇੰਤਹਾ ਰਫ਼ਤਾਰ ਨਾਲ ਫੈਲਿਆ ਹੈ ਅਤੇ ਹਰਿਆਣਾ ਸਰਕਾਰ ਦਾ ਬਰਾਂਡ ਐਂਬੈਸਡਰ ਹੈ। ਰਾਮਦੇਵ ਤੋਂ ਮਹਿਲਾ ਏਕਤਾ ਮੰਚ, ਯੋਗੀ ਅਦਿੱਤਿਆ ਨਾਥ ਤੋਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ, ਰਾਜਨਾਥ ਸਿੰਘ ਤੋਂ ਫ਼ੌਜ ਦੇ ਉਲਾਰ ਕਰਨੈਲ-ਜਰਨੈਲ, ਸਾਕਸ਼ੀ ਮਹਾਰਾਜ ਤੋਂ ਦੀਨਾਨਾਥ ਬੱਤਰਾ ਤੱਕ ਇੱਕ ਵੱਡਾ ਪਨ੍ਹਾਂ ਹੈ ਜੋ ਇਸ ਵੇਲੇ ਦੇਸ਼ ਭਗਤ ਹੋਣ ਦੇ ਮਾਅਨੇ ਤੈਅ ਕਰ ਰਿਹਾ ਹੈ ਅਤੇ ਆਪਣੇ ਵਿਰੋਧੀਆਂ (ਦੇਸ਼ ਧਰੋਹੀਆਂ) ਨਾਲ ਕੁਝ ਵੀ ਕਰਨ ਦੇ ਸਮਰੱਥ ਹੈ। ਜੀਨ ਡ੍ਰੀਜ਼ ਆਪਣੀ ਚਿੱਠੀ ਵਿਚ ਲਿਖਦਾ ਹੈ ਕਿ ਬੇਲਾ ਭਾਟੀਆ ਖ਼ਿਲਾਫ਼ ਵੰਡੀ ਗਈ ‘ਹੱਥ-ਪਰਚੀ ਵਿਚ ਮੈਨੂੰ ਵਿਦੇਸ਼ੀ ਦਲਾਲ ਲਿਖਿਆ ਗਿਆ ਹੈ। ਦਰਅਸਲ ਮੈਂ ਭਾਰਤੀ ਸ਼ਹਿਰੀ ਹਾਂ ਅਤੇ ਇਹ ਹੱਥ-ਪਰਚੀ ਵੰਡਣ ਵਾਲਿਆਂ ਵਿਚੋਂ ਜ਼ਿਆਦਾਤਰ ਨਾਲੋਂ ਮੈਂ ਇਸ ਮੁਲਕ ਵਿਚ ਵੱਧ ਸਮਾਂ ਗੁਜ਼ਾਰਿਆ ਹੈ। ਮੈਂ ਇਸ ਮੁਲਕ ਨੂੰ ਪਿਆਰ ਕਰਦਾ ਹੈ ਅਤੇ ਮੇਰਾ ਦੋਸਤਾਂ ਦਾ ਘੇਰਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲਿਆ ਹੋਇਆ ਹੈ। ਮੈਂ ਆਪਣੇ 37 ਸਾਲਾਂ ਦੇ ਭਾਰਤ-ਵਾਸ ਦੌਰਾਨ ਕੱਲ੍ਹ ਤੋਂ ਪਹਿਲਾਂ ਕਦੇ ਇੰਨਾ ਵੈਰ ਨਹੀਂ ਵੇਖਿਆ।’ ਜੀਨ ਡ੍ਰੀਜ਼ ਨਾਲ ਹਰ ਉਹ ਜੀਅ ਸਹਿਮਤ ਹੋ ਸਕਦਾ ਹੈ ਜੋ ਮੌਜੂਦਾ ਨਿਜ਼ਾਮ ਤੋਂ ਕੋਈ ਸੁਆਲ ਪੁੱਛਣਾ ਚਾਹੁੰਦਾ ਹੈ।