ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਜ਼ਿਕਰ ਕੀਤਾ ਸੀ ਕਿ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਦੀਆਂ ਮੁਢਲੀਆਂ ਪਉੜੀਆਂ ਵਿਚ ਗੁਰੂ ਨਾਨਕ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿਚ ਪ੍ਰਚਲਿਤ ਵਿਚਾਰਾਂ ਅਤੇ ਹਾਲਾਤ ਦਾ ਜ਼ਿਕਰ ਕਰਦੇ ਹਨ। ਹਰ ਪਉੜੀ ਦੀ ਅਖੀਰਲੀ ਪੰਕਤੀ ਵਿਚ ਉਹ ਆਪਣਾ ਵਿਚਾਰ ਜਾਂ ਨਿਚੋੜ ਪੇਸ਼ ਕਰਦੇ ਹਨ। ਸਿਰਲੇਖ ਵਾਲੀ ਪੰਕਤੀ ਪਹਿਲੀ ਵਾਰ ਦੀ ਅੱਠਵੀਂ ਪਉੜੀ ਦੀ ਅਖੀਰਲੀ ਪੰਕਤੀ ਹੈ ਜਿਸ ਵਿਚ ਉਹ ਨਤੀਜਾ ਇਹ ਕੱਢਦੇ ਹਨ ਕਿ ਹਿੰਦੂ ਧਰਮ ਦੇ ਛੇ ਸ਼ਾਸਤਰ ਆਪਣੀ ਆਸਥਾ ਵੇਦਾਂ ਵਿਚ ਪਰਗਟ ਕਰਦੇ ਹਨ ਅਰਥਾਤ ਅੰਤਮ ਪ੍ਰਮਾਣ ਵੇਦਾਂ ਨੂੰ ਮੰਨਦੇ ਹਨ ਪਰ ਇਸ ਦੇ ਬਾਵਜੂਦ, ਇੱਕ ਸੋਮਾ ਹੋਣ ‘ਤੇ ਵੀ ਹਰ ਇੱਕ ਸ਼ਾਸਤਰ ਦਾ ਆਪੋ ਆਪਣਾ ਦਰਸ਼ਨ, ਆਪੋ ਆਪਣੀ ਵਿਚਾਰਧਾਰਾ ਹੈ।
ਭਾਈ ਗੁਰਦਾਸ ਦੱਸਦੇ ਹਨ ਕਿ ਚਾਰੇ ਵੇਦਾਂ ਵਿਚ ਦਿੱਤੇ ਹੋਏ ਧਰਮ ਅਰਥਾਤ ਮਨੁੱਖ ਲਈ ਦੱਸੇ ਹੋਏ ਫਰਜ਼ ਹਨ, ਜਿਨ੍ਹਾਂ ‘ਤੇ ਵਿਚਾਰ ਕਰਕੇ ਰਿਸ਼ੀਆਂ ਨੇ ਛੇ ਸ਼ਾਸਤਰ ਬਣਾਏ (ਨਿਆਂ, ਮੀਮਾਂਸਾ, ਵੇਦਾਂਤ, ਸਾਂਖ ਸ਼ਾਸਤਰ, ਵੈਸ਼ੇਸ਼ਕ ਅਤੇ ਯੋਗ ਸ਼ਾਸਤਰ)। ਬ੍ਰਹਮਾ (ਹਿੰਦੂ ਸ਼ਾਸਤਰਾਂ ਅਨੁਸਾਰ ਉਤਪਤੀ ਦਾ ਦੇਵਤਾ ਜਿਸ ਨੂੰ ਹਰ ਰਚਨਾ ਕਾਲ ਸਮੇਂ ਵੇਦ ਸੌਂਪੇ ਜਾਂਦੇ ਹਨ) ਅਤੇ ਹੋਰ ਦੇਵਤਿਆਂ, ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ ਆਦਿ ਵਲੋਂ ਜੋ ਕੁਝ ਲੋਕਾਂ ਨੂੰ ਦੱਸਿਆ ਜਾਂਦਾ, ਉਹ ਹੀ ਲੋਕ ਉਚਾਰਦੇ ਜਾਂ ਗਾਉਂਦੇ ਹਨ।
ਭਾਈ ਗੁਰਦਾਸ ਦੱਸਦੇ ਹਨ ਕਿ ਅਨੇਕਾਂ ਲੋਕ ਪੜ੍ਹਦੇ ਅਤੇ ਵਿਚਾਰਦੇ ਹਨ ਪਰ ਲੱਖਾਂ-ਕਰੋੜਾਂ ਵਿਚੋਂ ਕੋਈ ਵਿਰਲਾ ਹੀ ਗਤਿ ਨੂੰ ਜਾਣ ਸਕਦਾ ਹੈ ਅਰਥਾਤ ਕੋਈ ਕੋਈ ਹੀ ਸਮਝਦਾ ਹੈ ਕਿ ਅਸਲੀਅਤ ਕੀ ਹੈ। ਮਨ ਵਿਚ ਇਹ ਅਸਚਰਜਤਾ ਪੈਦਾ ਹੁੰਦੀ ਹੈ ਕਿ ਪੜ੍ਹਨ ਨਾਲ, ਵਿਚਾਰਨ ਨਾਲ ਵੀ ਇਹ ਭੇਦ ਸਮਝ ਕਿਉਂ ਨਹੀਂ ਆਉਂਦਾ ਕਿ ਵੇਦਾਂ ਵਿਚ ਹਰ ਇੱਕ ਯੁੱਗ ਦਾ ਇੱਕੋ ਵਰਨ ਅਰਥਾਤ ਇੱਕੋ ਰੰਗ (ਜਾਤ) ਦੱਸਿਆ ਹੈ (ਜਿਸ ਦਾ ਜ਼ਿਕਰ ਭਾਈ ਸਾਹਿਬ ਦੇ ਹਵਾਲੇ ਨਾਲ ਪਿਛਲੇ ਲੇਖ ਵਿਚ ਕੀਤਾ ਹੈ) ਫਿਰ ਕਲਿਯੁਗ ਵਿਚ ਕਿਉਂ ਬਹੁਤੇ ਵਰਨ (ਜਾਤਾਂ) ਦੱਸੇ ਹਨ। ਤਿੰਨਾਂ ਯੁਗਾਂ ਵਿਚ ਦੱਸਿਆ ਹੋਇਆ ਧਰਮ (ਫਰਜ਼) ਲੋਕਾਂ ਨੇ ਛੱਡ ਦਿੱਤਾ ਹੈ, ਇਸ ਬਾਰੇ ਸਭ ਪੜ੍ਹਦੇ ਅਤੇ ਸੁਣਦੇ ਹਨ ਫਿਰ ਵੀ ਉਨ੍ਹਾਂ ਦੇ ਮਨ ਵਿਚੋਂ ਭੁਲੇਖਾ ਅਤੇ ਭਰਮ ਦੂਰ ਨਹੀਂ ਹੁੰਦਾ। ਜੋ ਕੁਝ ਚਾਰੇ ਵੇਦਾਂ ਵਿਚ ਪ੍ਰਭਾਸ਼ਿਤ ਕੀਤਾ ਗਿਆ ਹੈ, ਛੇ ਸ਼ਾਸਤਰਾਂ ਵਿਚ ਵੀ ਉਸੇ ਦੀ ਵਿਆਖਿਆ ਕੀਤੀ ਹੋਈ ਮਿਲਦੀ ਹੈ। ਇਸ ਤਰ੍ਹਾਂ ਵੇਦਾਂ ਨੂੰ ਪੜ੍ਹ-ਸੁਣ ਕੇ ਸ਼ਾਸਤਰਾਂ ਨੇ ਆਪਣਾ ਆਪਣਾ ਨਜ਼ਰੀਆ ਪੇਸ਼ ਕਰ ਦਿੱਤਾ ਅਤੇ ਆਪੋ ਆਪਣੇ ਮੱਤ ਦੀ ਵਿਆਖਿਆ ਕੀਤੀ:
ਚਹੁੰ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ।
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ।
ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ।
ਇਹਿ ਅਚਰਜੁ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਪਾਵੈ।
ਜੁਗ ਜੁਗ ਏਕੋ ਵਰਨ ਹੈ ਕਲਿਜੁਗ ਕਿਉ ਬਹੁਤੇ ਦਿਖਲਾਵੈ।
ਜੰਦ੍ਰੇ ਵਜੇ ਤ੍ਰਿਹੁ ਜੁਗੀ ਕਥਿ ਪੜ੍ਹਿ ਰਹੈ ਭਰਮੁ ਨਹਿ ਜਾਵੈ।
ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤ੍ਰਿ ਸੰਗਿ ਸਾਖਿ ਸੁਣਾਵੈ।
ਆਪੋ ਆਪਣੇ ਮਤਿ ਸਭਿ ਗਾਵੈ।
ਵੈਦਿਕ ਦਰਸ਼ਨ ਪਰੰਪਰਾ ਵਿਚ ਛੇ ਦਰਸ਼ਨ ਬਹੁਤ ਪ੍ਰਸਿੱਧ ਹੋਏ ਹਨ। ਇਨ੍ਹਾਂ ਦਰਸ਼ਨਾਂ ਵਿਚ ਪਿੱਛੋਂ ਭਾਵੇਂ ਹੋਰ ਰਿਖੀਆਂ ਨੇ ਵੀ ਆਪਣੀਆਂ ਰਚਨਾਵਾਂ ਸ਼ਾਮਲ ਕਰਕੇ ਵਾਧਾ ਕੀਤਾ ਪਰ ਮੂਲ ਰੂਪ ਵਿਚ ਇਨ੍ਹਾਂ ਦਰਸ਼ਨਾਂ ਨੂੰ ਇਨ੍ਹਾਂ ਦੇ ਬਾਨੀ ਰਿਖੀਆਂ ਦੇ ਨਾਂਵਾਂ ਨਾਲ ਹੀ ਜਾਣਿਆ ਜਾਂਦਾ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਵੀ ਕੀਤਾ ਹੈ; ਮਹਾਂਰਿਖੀ ਗੌਤਮ ਦਾ ਨਿਆਇ ਸ਼ਾਸਤਰ, ਕਣਾਦ ਦਾ ਵੈਸ਼ੇਸ਼ਕ, ਕਪਿਲ ਰਿਖੀ ਦਾ ਸਾਂਖ, ਪਾਤੰਜਲੀ ਦੁਆਰਾ ਰਚਿਤ ਯੋਗ ਸ਼ਾਸਤਰ, ਜੈਮਿਨੀ ਰਿਖੀ ਦਾ ਪੂਰਬ-ਮੀਮਾਂਸਾ ਅਤੇ ਵਾਦਰਾਇਣ ਦਾ ਉਤਰ-ਮੀਮਾਂਸਾ ਜਾਂ ਵੇਦਾਂਤ ਸ਼ਾਸਤਰ। ਇਨ੍ਹਾਂ ਸਾਰੇ ਸ਼ਾਸਤਰਾਂ ਨੂੰ ਵੈਦਿਕ ਦਰਸ਼ਨ ਕਿਹਾ ਜਾਂਦਾ ਹੈ ਕਿਉਂਕਿ ਇਹ ਵੇਦਾਂ ਨੂੰ ਪ੍ਰਮਾਣ ਮੰਨਦੇ ਹਨ। ਵੇਦਾਂ ਦੀ ਪ੍ਰਮਾਣਿਕਤਾ ਨੂੰ ਮੰਨਣ ਕਰਕੇ ਇਨ੍ਹਾਂ ਛੇ ਸ਼ਾਸਤਰਾਂ ਨੂੰ ਆਸਤਿਕ ਵੀ ਕਿਹਾ ਜਾਂਦਾ ਹੈ ਅਤੇ ਜੋ ਦਰਸ਼ਨ ਵੇਦਾਂ ਵਿਚ ਆਸਥਾ ਨਹੀਂ ਰੱਖਦੇ ਜਿਵੇਂ ਬੁੱਧ ਦਰਸ਼ਨ, ਜੈਨ ਅਤੇ ਚਾਰਵਾਕ ਆਦਿ ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਕਿਸੇ ਦਰਸ਼ਨ ਦਾ ਆਸਤਿਕ ਜਾਂ ਨਾਸਤਿਕ ਹੋਣਾ ਪਰਮਾਤਮਾ ਦੀ ਹੋਂਦ ਨੂੰ ਮੰਨਣ ਜਾਂ ਨਾ ਮੰਨਣ ਨਾਲ ਸਬੰਧਤ ਨਾ ਹੋ ਕੇ ਵੇਦਾਂ ਦੀ ਪ੍ਰਮਾਣਿਕਤਾ ਨੂੰ ਮੰਨਣ ਜਾਂ ਨਾ ਮੰਨਣ ਨਾਲ ਹੈ।
ਅਗਲੀਆਂ ਪਉੜੀਆਂ ਵਿਚ ਛੇ ਦਰਸ਼ਨਾਂ ਦਾ ਚਾਰ ਵੇਦਾਂ ਨਾਲ ਸਬੰਧ ਦੱਸਿਆ ਹੈ ਕਿ ਕਿਹੜੇ ਵੇਦ ਨਾਲ ਕਿਸ ਸ਼ਾਸਤਰ ਦਾ ਸਬੰਧ ਹੈ। ਸਭ ਤੋਂ ਪਹਿਲਾਂ ਨੌਵੀਂ ਪਉੜੀ ਵਿਚ ਗੌਤਮ ਰਿਸ਼ੀ ਦੁਆਰਾ ਰਚਿਤ ਨਿਆਇ ਸ਼ਾਸਤਰ ਦਾ ਜ਼ਿਕਰ ਕੀਤਾ ਹੈ ਅਤੇ ਉਸ ਦਾ ਸਬੰਧ ਰਿਗ ਵੇਦ ਨਾਲ ਦੱਸਿਆ ਹੈ। ਪਰੰਪਰਾ ਅਨੁਸਾਰ ਹਰ ਇੱਕ ਵੇਦ ਦੇ ਚਾਰ ਭਾਗ ਹਨ: ਵੇਦ ਸੰਹਿਤਾ ਅਰਥਾਤ ਵੇਦਾਂ ਦਾ ਮੰਤਰ ਭਾਗ, ਬ੍ਰਹਾਮਣਕ ਗ੍ਰੰਥ, ਆਰਣਿਯਕ ਗ੍ਰੰਥ ਅਤੇ ਉਪਨਿਸ਼ਦ। ਵੇਦ ਸੰਹਿਤਾ ਵੇਦਾਂ ਦਾ ਮੰਤਰ ਭਾਗ ਹਨ ਜਿਸ ਵਿਚ ਦੇਵਤਿਆਂ ਨਾਲ ਸਬੰਧਤ ਮੰਤਰ, ਰੀਤਾਂ-ਰਸਮਾਂ ਅਤੇ ਪੂਜਾ ਵਿਧੀਆਂ ਸ਼ਾਮਲ ਹਨ। ਦੂਸਰਾ ਭਾਗ ਬ੍ਰਾਹਮਣ ਗ੍ਰੰਥ ਹਨ ਜਿਨ੍ਹਾਂ ਵਿਚ ਗਲਪ-ਰੂਪ ਵਿਚ ਮੰਤਰਾਂ, ਪੂਜਾ, ਯੱਗ ਵਿਧਾਨ, ਰੀਤਾਂ ਅਤੇ ਰਸਮਾਂ ਦੀ ਵਿਸਥਾਰ ਵਿਚ ਕੀਤੀ ਹੋਈ ਵਿਆਖਿਆ ਸ਼ਾਮਲ ਹੈ। ਵੇਦਾਂ ਦਾ ਤੀਸਰਾ ਭਾਗ ਆਰਣਿਯਕ ਗ੍ਰੰਥ ਹਨ ਜਿਨ੍ਹਾਂ ਦੀ ਰਚਨਾ ਵਾਣ-ਪ੍ਰਸਤ ਆਸ਼ਰਮ ਸਮੇਂ ਜੰਗਲਾਂ ਵਿਚ ਤਪੱਸਵੀਆਂ ਵੱਲੋਂ ਕੀਤੀ ਹੋਈ ਮੰਨੀ ਜਾਂਦੀ ਹੈ। ਜੰਗਲ ਦੇ ਏਕਾਂਤ ਵਾਸ ਵਿਚ ਸੀਮਤ ਸਾਧਨ ਹੋਣ ਕਰਕੇ ਉਹ ਧਾਰਮਕ ਰੀਤਾਂ-ਰਸਮਾਂ ਜਿਵੇਂ ਹੋਮ-ਯੱਗ ਆਦਿ ਨੂੰ ਪੂਰਨ ਰੂਪ ਵਿਚ ਨਹੀਂ ਸੀ ਕਰ ਸਕਦੇ। ਇਸ ਲਈ ਇਨ੍ਹਾਂ ਨੂੰ ਚਿੰਨ੍ਹਾਤਮਕ ਰੂਪ ਵਿਚ ਨਿਭਾਉਣ ਲਈ ਆਰਣਿਯਕ ਗ੍ਰੰਥਾਂ ਦੀ ਰਚਨਾ ਕੀਤੀ ਗਈ।
ਉਪਨਿਸ਼ਦ, ਵੇਦਾਂ ਦਾ ਅੰਤਿਮ ਭਾਗ ਹਨ, ਇਸ ਲਈ ਇਨ੍ਹਾਂ ਨੂੰ ਵੇਦਾਂਤ ਵੀ ਕਿਹਾ ਜਾਂਦਾ ਹੈ। ਇਹ ਵੇਦਾਂ ਦਾ ਦਰਸ਼ਨ ਭਾਗ ਹਨ ਅਰਥਾਤ ਇਹ ਫਿਲਾਸਫੀ ਅਤੇ ਅਧਿਆਤਮਕਤਾ ਨਾਲ ਸਬੰਧਤ ਹਨ। ਹਰ ਇੱਕ ਵੇਦ ਦੇ ਆਪਣੇ ਸੰਹਿਤਾ ਅਰਥਾਤ ਮੰਤਰ ਭਾਗ, ਆਪਣੇ ਬ੍ਰਾਹਮਣ ਗ੍ਰੰਥ, ਆਰਣਿਯਕ ਗ੍ਰੰਥ ਅਤੇ ਆਪਣੇ ਉਪਨਿਸ਼ਦ ਹਨ। ਵੇਦਾਂ ਦਾ ਦਾਰਸ਼ਨਿਕ ਪੱਖ ਉਪਨਿਸ਼ਦਾਂ ਵਿਚ ਮਿਲਦਾ ਹੈ। ਉਪਨਿਸ਼ਦਾਂ ਦੀ ਗਿਣਤੀ ਬਹੁਤ ਹੈ ਪਰ ਪ੍ਰਮੁੱਖ ਉਪਨਿਸ਼ਦ ਚੌਵੀ ਦੇ ਕਰੀਬ ਮੰਨੇ ਗਏ ਹਨ। ਰਿਗ ਵੇਦ ਨਾਲ ਸਬੰਧਤ ਪ੍ਰਮੁੱਖ ਉਪਨਿਸ਼ਦ ਕੌਸ਼ੀਤਕੀ ਅਤੇ ਐਤਰੀਯ ਉਪਨਿਸ਼ਦ ਹਨ। ਰਿਗ ਵੇਦ ਦਾ ਦਰਸ਼ਨ ਜਾਂ ਫਲਸਫਾ ਇਨ੍ਹਾਂ ਦੋਵਾਂ ਉਪਨਿਸ਼ਦਾਂ ਵਿਚ ਪ੍ਰਾਪਤ ਹੈ।
ਭਾਈ ਗੁਰਦਾਸ ਦਾ ਕਥਨ ਹੈ ਕਿ ਗੌਤਮ ਰਿਖੀ ਨੇ ਰਿਗ ਵੇਦ ਦੇ ਸਿਧਾਂਤਾਂ ਨੂੰ ਘੋਖ ਕੇ ਨਿਆਇ ਸ਼ਾਸਤਰ ਦੀ ਰਚਨਾ ਕੀਤੀ। ਭਾਈ ਗੁਰਦਾਸ ਦਾ ਇਹ ਕਥਨ ਬਹੁਤ ਹੱਦ ਤੱਕ ਦਰੁਸਤ ਹੈ। ਉਹ ਸੰਸਕ੍ਰਿਤ ਦੇ ਬਹੁਤ ਅੱਛੇ ਵਿਦਵਾਨ ਵੀ ਸਨ। ਕਮਾਲ ਦੀ ਗੱਲ ਇਹ ਹੈ ਕਿ ਭਾਈ ਗੁਰਦਾਸ ਤੋਂ ਪਹਿਲਾਂ, ਜਿਵੇਂ ਉਪਰ ਜ਼ਿਕਰ ਆਇਆ ਹੈ, ਵੇਦਾਂ ਦੇ ਵੱਖ ਵੱਖ ਗ੍ਰੰਥਾਂ ਦਾ ਉਲੇਖ ਕੀਤਾ ਤਾਂ ਮਿਲਦਾ ਹੈ ਪਰ ਕਿਸ ਸ਼ਾਸਤਰ ਦਾ ਕਿਸ ਵੇਦ ਨਾਲ ਸਬੰਧ ਹੈ, ਇਸ ਦਾ ਜ਼ਿਕਰ ਕਿਧਰੇ ਨਹੀਂ ਮਿਲਦਾ। ਜੇ ਬਾਰੀਕੀ ਨਾਲ ਘੋਖਿਆ ਜਾਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਨਿਆਇ ਸ਼ਾਸਤਰ ਦੇ ਬੀਜ ਸਾਨੂੰ ਰਿਗ ਵੇਦ ਦੇ ਅੰਤਿਮ ਭਾਗ ਕੌਸ਼ੀਤਕੀ ਉਪਨਿਸ਼ਦ ਤੇ ਐਤਰੀਯ ਉਪਨਿਸ਼ਦ ਵਿਚ ਮਿਲਦੇ ਹਨ; ਬੇਸ਼ੱਕ ਉਨ੍ਹਾਂ ਦੀ ਵਿਆਖਿਆ ਗੌਤਮ ਰਿਖੀ ਨੇ ਆਪਣੇ ਢੰਗ ਨਾਲ ਕੀਤੀ ਹੈ। ਭਾਈ ਗੁਰਦਾਸ ਇਸ ਕਥਨ ਨਾਲ ਸਹਿਮਤ ਹਨ ਕਿ ਛੇ ਸ਼ਾਸਤਰਾਂ ਦੇ ਰਚਨ ਵਾਲੇ ਰਿਖੀਆਂ ਨੇ ਵੇਦਾਂ ਦੇ ਸਿਧਾਂਤਾਂ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਪੇਸ਼ ਕੀਤਾ।
ਨਿਆਇ ਸ਼ਾਸਤਰ ਦਾ ਅਰਥ ਹੈ ਧਰਮ-ਸ਼ਾਸਤਰਾਂ ਅਤੇ ਇੰਦਰੀਆਂ ਦੁਆਰਾ ਪ੍ਰਾਪਤ ਗਿਆਨ ਦੀ ਸਮੱਗਰੀ ਦੀ ਤਾਰਕਿਕ ਛਾਣਬੀਣ ਕਰਨਾ। ਨਿਆਇਕਾਂ ਅਨੁਸਾਰ ਉਹ ਸਭ ਸਤਿ ਹੈ ਜੋ ਤਰਕ ਦੀ ਕਸੌਟੀ ‘ਤੇ ਪੂਰਾ ਉਤਰ ਸਕਦਾ ਹੈ। ਵਾਤਸਾਇਨ ਰਿਖੀ ਅਤੇ ਉਧੋਤਕਰ ਦਾ ਵਿਚਾਰ ਹੈ ਕਿ ਜੇ ਨਿਆਇ ਦਰਸ਼ਨ ਕੇਵਲ ਜੀਵ-ਆਤਮਾ ਅਤੇ ਉਸ ਦੀ ਮੁਕਤੀ ਦਾ ਹੀ ਬਿਆਨ ਕਰਦਾ ਤਾਂ ਉਪਨਿਸ਼ਦਾਂ ਅਤੇ ਨਿਆਇ-ਸ਼ਾਸਤਰ ਵਿਚ ਕੋਈ ਫਰਕ ਨਹੀਂ ਸੀ ਹੋਣਾ, ਕਿਉਂਕਿ ਉਪਨਿਸ਼ਦ ਵੀ ਇਨ੍ਹਾਂ ਸਮੱਸਿਆਵਾਂ ਦਾ ਹੀ ਵਿਵੇਚਨ ਕਰਦੇ ਹਨ। ਨਿਆਇ ਸ਼ਾਸਤਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਧਿਆਤਮਕ ਸਮੱਸਿਆਵਾਂ ਦਾ ਵਿਵੇਚਨ ਤਾਰਕਿਕ ਨਜ਼ਰੀਏ ਤੋਂ ਕਰਦਾ ਹੈ।
ਭਾਈ ਗੁਰਦਾਸ ਦਾ ਕਥਨ ਹੈ ਕਿ ਗੌਤਮ ਰਿਖੀ ਦੇ ਨਿਆਇ ਸ਼ਾਸਤਰ ਅਨੁਸਾਰ ਜਗਤ ਦੀ ਸਾਰੀ ਕਾਰ ਪਰਮਾਤਮਾ ਦੇ ਅਖਤਿਆਰ ਵਿਚ ਹੈ, ਸਭ ਕੁਝ ਨਿਯੰਤੇ (ਪਰਮਾਤਮਾ) ਦੀ ਆਗਿਆ ਵਿਚ ਵਾਪਰ ਰਿਹਾ ਹੈ। ਹੋਰ ਕੋਈ ਦੂਸਰੀ ਸ਼ਕਤੀ ਉਸ ਦੇ ਕੰਮਾਂ ਵਿਚ ਦਖਲ ਨਹੀਂ ਦੇ ਸਕਦੀ। ਨਿਆਇ ਸ਼ਾਸਤਰ ਵਿਚ ਕਿਹਾ ਗਿਆ ਹੈ ਕਿ ਈਸ਼ਵਰ ਕਰਮ-ਫਲ ਦਾ ਦਾਤਾ ਹੈ। ਫਲ ਦੀ ਪ੍ਰਾਪਤੀ ਲਈ ਯਤਨਸ਼ੀਲ ਜੀਵ ਉਤੇ ਈਸ਼ਵਰ ਕਿਰਪਾ ਕਰਦਾ ਹੈ। ਜੇ ਉਸ ਦੀ ਨਜ਼ਰ ਹੋ ਜਾਵੇ ਤਾਂ ਫਲ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਨਹੀਂ। ਈਸ਼ਵਰ ਵਿਚ ਅੱਠ ਸਿੱਧੀਆਂ ਹਨ। ਉਹ ਕਰਨ ਅਤੇ ਨਾ-ਕਰਨ ਦੇ ਸਮਰੱਥ ਹੈ ਭਾਵ ਉਹ ਸਭ ਕੁਝ ਕਰਨ-ਕਰਾਵਣਹਾਰ ਹੈ। ਉਹ ਸ੍ਰਿਸ਼ਟੀ ਨੂੰ ਗਤੀ ਦਿੰਦਾ ਹੈ ਅਤੇ ਜਗਤ ਦਾ ਨਿਰਮਾਣ ਕਰਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬ੍ਰਹਿਮੰਡ ਦੀ ਸਾਰੀ ਕਾਰ ਪਰਮਾਤਮਾ ਦੇ ਵਸ ਵਿਚ ਹੈ। ਪਰਮਾਤਮਾ ਦੁਨੀਆਂ ਦੇ ਆਦਿ ਵਿਚ ਵੀ ਹੈ, ਅੰਤ ਵਿਚ ਵੀ ਹੈ ਪਰ ਉਹ ਦੁਨੀਆਂ ਤੋਂ ਨਿਆਰਾ ਹੈ। ਉਹ ਆਪਣੀ ਰਚਨਾ ਆਪ ਹੀ ਹੈ। ਉਹ ਕਣ ਕਣ ਵਿਚ ਸਮਾਇਆ ਹੋਇਆ ਹੈ ਪਰ ਉਹ ਨਿਰੰਜਨ ਹੈ, ਆਪਣੀ ਰਚਨਾ ਦੇ ਅਸਰਾਂ ਤੋਂ ਨਿਰਲੇਪ। ਪਰਮਾਤਮਾ ਨੇ ਕੁਦਰਤ ਦੀ ਰਚਨਾ ਵਿਚ ਮਾਇਆ-ਰੂਪੀ ਭਰਮ ਦਾ ਪੜਦਾ ਪਾਇਆ ਹੋਇਆ ਹੈ ਜਿਸ ਕਾਰਨ ਉਹ ਨਜ਼ਰ ਨਹੀਂ ਆਉਂਦਾ।
ਭਾਈ ਗੁਰਦਾਸ ਨੇ ਬ੍ਰਹਮ ਅਤੇ ਮਾਇਆ ਸਬੰਧੀ ਜੋ ਇਹ ਵਿਆਖਿਆ ਨਿਆਇ ਸ਼ਾਸਤਰ ਅਨੁਸਾਰ ਕੀਤੀ ਹੈ, ਇਹ ਸਿੱਧੇ ਰੂਪ ਵਿਚ ਨਿਆਇ ਦਾ ਵਿਚਾਰ ਤਾਂ ਨਹੀਂ ਆਖੀ ਜਾ ਸਕਦੀ ਪਰ ਇਸ ਨੂੰ ਵੇਦਾਂਤ ਦੀ ਵਿਆਖਿਆ ਆਖ ਲੈਣਾ ਅਤਿ-ਕਥਨੀ ਨਹੀਂ ਹੋਵੇਗੀ। ਬ੍ਰਹਮ ਅਤੇ ਮਾਇਆ ਸਬੰਧੀ ਇਹ ਵਿਚਾਰ ਸਾਨੂੰ ਵੇਦਾਂਤ ਵਿਚ ਮਿਲਦੇ ਹਨ। ਇਸੇ ਤਰ੍ਹਾਂ ਭਾਈ ਸਾਹਿਬ ਦੀ ਨਿਆਇ ਸ਼ਾਸਤਰ ਦੀ ਵਿਆਖਿਆ ਅਨੁਸਾਰ ਕਿ ਬ੍ਰਹਮ ਨੇ ਆਪਣੇ ਆਪ ਨੂੰ ਹੀ ਸ੍ਰਿਸ਼ਟੀ ਦੀ ਰਚਨਾ ਅੰਦਰ ਪਾਇਆ ਹੋਇਆ ਹੈ। ਸਾਨੂੰ ਨਿਆਇ ਸ਼ਾਸਤਰ ਵਿਚ ਸਿੱਧੇ ਰੂਪ ਵਿਚ ਤਾਂ ਨਹੀਂ ਮਿਲਦਾ ਪਰ ਨਿਆਇ ਸ਼ਾਸਤਰ ਅਨੁਸਾਰ ਈਸ਼ਵਰ ਸ੍ਰਿਸ਼ਟੀ ਦਾ ਨਮਿਤ ਕਾਰਨ ਜ਼ਰੂਰ ਹੈ। ਈਸ਼ਵਰ ਆਤਮਾ ਵਿਚ ਨਿਵਾਸ ਕਰਦਾ ਹੈ ਪਰ ਉਹ ਆਤਮਾ ਤੋਂ ਉਪਰ ਹੈ। ਜਗਤ ਦਾ ਨਿਰਮਾਣ ਈਸ਼ਵਰ ਆਪਣੇ ਆਪ ਤੋਂ ਹੀ ਕਰਦਾ ਹੈ। ਈਸ਼ਵਰ ਜਗਤ ਦਾ ਪਿਤਾ ਹੈ। ਜਿਸ ਤਰ੍ਹਾਂ ਪਿਤਾ ਪੁੱਤਰ ਵਿਚ ਨਿਵਾਸ ਕਰਦਾ ਹੈ, ਇਸੇ ਤਰ੍ਹਾਂ ਈਸ਼ਵਰ ਜੀਵ-ਆਤਮਾ ਵਿਚ ਨਿਵਾਸ ਕਰਦਾ ਹੈ। ਇਹ ਨਿਆਇਕਾਂ ਦਾ ਮੱਤ ਹੈ।
ਭਾਈ ਗੁਰਦਾਸ ਵੱਲੋਂ ਕੀਤੀ ਨਿਆਇ ਸ਼ਾਸਤਰ ਦੀ ਵਿਆਖਿਆ ਅਨੁਸਾਰ ਉਸ ਕਰਤੇ ਨੂੰ ਕਿਸੇ ਨੇ ਨਹੀਂ ਦੇਖਿਆ। ਲੋਕ ਕੁਦਰਤ ਦੇ ਮਾਇਆਵੀ ਪਸਾਰੇ ਵਿਚ ਹੀ ਮਸਰੂਫ ਹੋਏ ਭੁਲੇਖਿਆਂ ਵਿਚ ਭੁੱਲੇ ਫਿਰਦੇ ਹਨ। ਨਿਆਇਕਾਂ ਅਨੁਸਾਰ ਪਰਮਾਤਮਾ ਨੂੰ ਬੁੱਧੀ-ਗੁਣਾਂ ਰਾਹੀਂ ਦਰਸਾਉਣ ਤੋਂ ਬਿਨਾ ਹੋਰ ਕੋਈ ਢੰਗ ਨਹੀਂ ਹੈ ਜਿਸ ਰਾਹੀਂ ਉਸ ਨੂੰ ਬਿਆਨ ਕੀਤਾ ਜਾ ਸਕੇ। ਈਸ਼ਵਰ ਨਿਰੂਪ ਹੈ ਅਤੇ ਪਰਤੱਖ ਅਨੁਮਾਨ ਅਤੇ ਅਗਮ ਪ੍ਰਮਾਣਾਂ ਤੋਂ ਅਤੀਤ ਹੈ। ਭਾਈ ਗੁਰਦਾਸ ਦੀ ਵਿਆਖਿਆ ਅਨੁਸਾਰ ਬ੍ਰਹਮ ਸੋਹੰ ਹੈ ਜਿਸ ਦਾ ਅਰਥ ਹੈ ਕਿ ਉਹ ਆਪਣੇ ਆਪ ਤੋਂ ਹੈ ਅਤੇ ਸਭ ਵਿਚ ਨਿਵਾਸ ਕਰ ਰਿਹਾ ਹੈ। ਉਪਰ ਦਿੱਤੀ ਨਿਆਇਕਾਂ ਦੀ ਵਿਆਖਿਆ ਅਨੁਸਾਰ ਪਰਮਾਤਮਾ ਅਤੇ ਆਤਮਾ ਦਾ ਉਹੀ ਰਿਸ਼ਤਾ ਹੈ ਜੋ ਪਿਤਾ ਅਤੇ ਪੁੱਤਰ ਦਾ ਹੁੰਦਾ ਹੈ। Ḕਸੋਹੰ ਬ੍ਰਹਮḔ ਦਾ ਸੰਕਲਪ ਕੌਸ਼ੀਤਕੀ ਉਪਨਿਸ਼ਦ ਵਿਚ ਪ੍ਰਾਪਤ ਹੈ ਜਿੱਥੇ ਗੁਰੂ ਅਤੇ ਚੇਲੇ ਵਿਚ ਚੱਲ ਰਹੀ ਵਾਰਤਾ ਵਿਚ ਦੱਸਿਆ ਹੈ, “ਤੂੰ ਤੇ ਮੈਂ ਇੱਕ ਹਾਂ। ਜੋ ਤੂੰ ਹੈਂ, ਉਹੀ ਮੈਂ ਹਾਂ। ਮੈਂ ਕੀ ਹਾਂ? ਤੂੰ ਸਤਿ ਹੈ, ਸਤਿ ਸਭ ਕੁਝ ਹੈ।” ਅਰਥਾਤ ਗੁਰੂ ਤੇ ਚੇਲੇ, ਸਭ ਵਿਚ ਇੱਕ ਆਤਮਾ ਨਿਵਾਸ ਕਰਦਾ ਹੈ। ਉਹ ਆਤਮਾ ਸਤਿ ਹੈ, ਬ੍ਰਹਮ ਹੈ ਜੋ ਸਭ ਤੋਂ ਉਪਰ ਹੈ।
ਭਾਈ ਗੁਰਦਾਸ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਨਿਆਇ ਸ਼ਾਸਤਰ ਵਿਚ ਵੀ ਪਰਮਾਤਮਾ ਬਾਰੇ ਇਹ ਸੰਕਲਪ ਹੈ ਕਿ ਉਹ ਸਰਬਗ ਹੈ, ਸਰਵ-ਵਿਆਪਕ ਹੈ, ਘਟ ਘਟ ਵਿਚ ਵੱਸਦਾ ਹੈ ਪਰ ਭਰਮ ਕਾਰਨ ਨਜ਼ਰ ਨਹੀਂ ਆਉਂਦਾ ਆਦਿ ਸਿਧਾਂਤ ਭਲੀ ਭਾਂਤ ਵਿਦਮਾਨ ਹੈ। ਰਿਗ ਵੇਦ ਵਿਚ ਵੀ ਦੱਸਿਆ ਗਿਆ ਹੈ ਕਿ ਬ੍ਰਹਮ ਸਭਨੀ ਥਾਂਈਂ ਆਪ ਹੀ ਆਪ ਹੈ, ਭਾਵ ਸਭ ਕੁਝ ਉਹ ਆਪ ਹੀ ਆਪ ਹੈ, ਕੋਈ ਦਵੈਤ ਨਹੀਂ। ਨਿਆਇ ਸ਼ਾਸਤਰ ਅਤੇ ਵੇਦ ਨੇ ਦਾਰਸ਼ਨਿਕ ਪੱਖ ਤਾਂ ਦਿੱਤਾ ਹੈ ਪਰ ਉਸ ਇੱਕ ਨੂੰ ਪਾਉਣ ਦਾ ਰਸਤਾ ਕੀ ਹੈ? ਇਸ ਬਾਰੇ ਕੋਈ ਸਿੱਧਾ ਤੇ ਸਪੱਸ਼ਟ ਸੁਝਾਅ ਨਹੀਂ ਦਿੱਤਾ। ਪ੍ਰੰਤੂ ਭਾਈ ਗੁਰਦਾਸ ਜੋ ਕਿ ਬਾਣੀ ਦੀ ਰੌਸ਼ਨੀ ਵਿਚ ਗੱਲ ਕਰਦੇ ਹਨ, ਇਸ ਉਲਝਣ ਵਿਚੋਂ ਨਿਕਲਣ ਦਾ ਰਸਤਾ ਜਗਿਆਸੂ ਨੂੰ ਸੁਝਾ ਕੇ ਆਪਣੇ ਪ੍ਰਗਟਾਅ ਨੂੰ ਹੋਰ ਵੀ ਸ਼ਕਤੀਸ਼ਾਲੀ ਅਤੇ ਕਲਿਆਣਕਾਰੀ ਬਣਾ ਦਿੰਦੇ ਹਨ। ਭਾਈ ਸਾਹਿਬ ਅਨੁਸਾਰ ਇਸ ਸੰਸਾਰਕ ਝੰਜਟ ਨੂੰ ਪਾਰ ਕਰਨ ਦਾ ਰਸਤਾ ਜ਼ਰੂਰੀ ਹੈ ਜਿਸ ਦੀ ਸੋਝੀ ਗੁਰੂ ਬਿਨਾ ਨਹੀਂ ਆ ਸਕਦੀ। ਗੁਰੂ ਹੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਪਰਮਾਤਮਾ ਨੂੰ ਪਾਉਣ ਦਾ ਰਸਤਾ ਪਤਾ ਲਗਦਾ ਹੈ, ਉਸ ਨੂੰ ਪਾ ਸਕੀਦਾ ਹੈ, ਪਛਾਣ ਸਕੀਦਾ ਹੈ, ਉਸ ਤੱਕ ਪਹੁੰਚ ਸਕੀਦਾ ਹੈ; ਅਨੁਭਵ ਕਰਕੇ ਆਪਣੇ ਅੰਤਰ-ਆਤਮੇ ਵਸਾ ਸਕੀਦਾ ਹੈ:
ਗੋਤਮਿ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ।
ਨਿਆਇ ਸਾਸਤ੍ਰਿ ਕੌ ਮਥਿ ਕਰਿ ਸਭਿ ਬਿਧਿ ਕਰਤੇ ਹਤਿ ਜਣਾਈ।
ਸਭ ਕੁਛੁ ਕਰਤੇ ਵਸਿ ਹੈ ਹੋਰਿ ਬਾਤਿ ਵਿਚਿ ਚਲੇ ਨ ਕਾਈ।
ਦੁਹੀ ਸਿਰੀ ਕਰਤਾਰੁ ਹੈ ਆਪਿ ਨਿਆਰਾ ਕਰਿ ਦਿਖਲਾਈ।
ਕਰਤਾ ਕਿਨੈ ਨ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ।
ਸੋਹੰ ਬ੍ਰਹਮੁ ਛਪਾਇ ਕੈ ਪੜਦਾ ਭਰਮੁ ਕਰਤਾਰੁ ਸੁਣਾਈ।
ਰਿਗਿ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਨ ਦੂਜੀ ਰਾਈ।
ਸਤਿਗੁਰ ਬਿਨਾ ਨ ਸੋਝੀ ਪਾਈ॥੯॥
ਭਾਈ ਗੁਰਦਾਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ਸਿੱਖ ਧਰਮ ਦੇ ਸੁਲਝੇ ਹੋਏ ਤੇ ਸਿੱਖਿਅਤ ਪ੍ਰਚਾਰਕ ਸਨ ਅਤੇ ਇਹ ਸੰਭਵ ਨਹੀਂ ਕਿ ਉਨ੍ਹਾਂ ਨੇ ਛੇ ਦਰਸ਼ਨਾਂ ਦਾ ਡੂੰਘਾ ਅਧਿਐਨ ਕੀਤੇ ਬਿਨਾ ਹੀ ਇਨ੍ਹਾਂ ਬਾਰੇ ਆਪਣੇ ਵਿਚਾਰ ਦੇ ਦਿੱਤੇ ਹੋਣ। ਨਿਆਇ ਸ਼ਾਸਤਰ ਦਾ ਵੀ ਜ਼ਰੂਰ ਉਨ੍ਹਾਂ ਨੇ ਡੂੰਘਾ ਅਧਿਐਨ ਕੀਤਾ ਹੋਵੇਗਾ।