ਡਾæ ਕੁਲਦੀਪ ਸਿੰਘ ਧੀਰ
ਫੋਨ: +91-98722-60550
ਬਸਤੀਵਾਦੀ ਗੁਲਾਮੀ ਦਾ ਸ਼ਿਕਾਰ ਹੋਏ ਪੰਜਾਬ ਦੇ ਨਿੱਕੇ ਜਿਹੇ ਨਗਰ ਦੇ ਜੰਮਪਲ ਕਿਸੇ ਬੰਦੇ ਨੂੰ ਇੰਗਲੈਂਡ ਜਾ ਕੇ ਰਦਰਫੋਰਡ ਤੇ ਨੀਲਜ਼ ਬੋਹਰ ਜਿਹੇ ਨੋਬਲ ਪੁਰਸਕਾਰ ਜੇਤੂ ਵਿਗਿਆਨੀਆਂ ਨਾਲ ਰਲ ਕੇ ਖੋਜ ਕਰਨ ਦਾ ਮਾਣ ਮਿਲੇ ਤਾਂ ਇਹ ਗੱਲ ਆਪਣੇ-ਆਪ ਵਿਚ ਕ੍ਰਿਸ਼ਮਾ ਕਹੀ ਜਾਵੇਗੀ। ਇਹ ਕ੍ਰਿਸ਼ਮਾ ਰੁਚੀ ਰਾਮ ਸਾਹਨੀ ਨੇ ਕੀਤਾ। ਉਸ ਰੁਚੀ ਰਾਮ ਨੇ ਜਿਸ ਦੀ ਸ਼ਖ਼ਸੀਅਤ, ਜ਼ਿੰਦਗੀ, ਜ਼ਿੰਦਗੀ ਜਿਉਣ ਦਾ ਅੰਦਾਜ਼ ਤੇ ਪ੍ਰਾਪਤੀਆਂ ਸਾਰੇ ਕੁਝ ਉਤੇ ਵਿਲੱਖਣਤਾ ਦੀ ਛਾਪ ਸੀ। 1863 ਤੋਂ 1948 ਤਕ ਦੇ ਜੀਵਨ ਦੇ ਪਚਾਸੀ ਵਰ੍ਹਿਆਂ ਵਿਚ ਉਸ ਨੇ ਬਹੁਤ ਕੁਝ ਵੇਖਿਆ, ਭੋਗਿਆ ਅਤੇ ਕੀਤਾ।
ਉਸ ਨੂੰ ਭਾਰਤ ਦੇ ਮੀਟੀਓਰੋਲਾਜੀਕਲ (ਮੌਸਮ) ਵਿਭਾਗ ਦਾ ਪਹਿਲਾ ਭਾਰਤੀ ਅਫ਼ਸਰ ਹੋਣ ਦਾ ਮਾਣ ਹਾਸਲ ਹੈ। ਲੋਕ ਕਿਸੇ ਇੱਕ ਵਿਸ਼ੇ ਦੇ ਪ੍ਰੋਫ਼ੈਸਰ ਹੁੰਦੇ ਹਨ। ਰੁਚੀ ਰਾਮ ਸਾਹਨੀ ਦੋ ਵਿਸ਼ਿਆਂ ਦਾ ਪ੍ਰੋਫ਼ੈਸਰ ਸੀ। ਵਿਸ਼ੇ ਵੀ ਵਿਗਿਆਨ ਦੇ। ਉਹ ਤੀਹ ਸਾਲ ਗੌਰਮਿੰਟ ਕਾਲਜ, ਲਾਹੌਰ ਵਿਚ ਭੌਤਿਕ ਅਤੇ ਰਸਾਇਣ ਵਿਗਿਆਨ ਦਾ ਪ੍ਰੋਫ਼ੈਸਰ ਰਿਹਾ। ਉਹ ਪੰਜਾਬ ਵਿਚ ‘ਦਿ ਟ੍ਰਿਬਿਊਨ’ ਅਖ਼ਬਾਰ ਤੇ ਦਿਆਲ ਸਿੰਘ ਕਾਲਜ ਸਥਾਪਿਤ ਕਰਨ ਵਾਲੇ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਜਿਗਰੀ ਦੋਸਤ ਤੇ ਸਲਾਹਕਾਰ ਸੀ। ਸਰਦਾਰ ਮਜੀਠੀਆ ਨੇ ਦਿਆਲ ਸਿੰਘ ਕਾਲਜ ਬਣਾਇਆ ਤਾਂ ਰੁਚੀ ਰਾਮ ਨੂੰ ਇਸ ਦਾ ਟਰੱਸਟੀ ਬਣਾਉਣ ਦੀ ਵਸੀਅਤ ਕੀਤੀ। 1918 ਤੋਂ 1948 ਤਕ ਪੂਰੇ ਤੀਹ ਸਾਲ ਉਹ ਟ੍ਰਿਬਿਊਨ ਅਖ਼ਬਾਰ ਦਾ ਵੀ ਟਰੱਸਟੀ ਰਿਹਾ। ਪੰਜਾਬ ਤੇ ਪੰਜਾਬੀਅਤ ਨਾਲ ਮੋਹ ਉਸ ਦੇ ਪਹਿਰਾਵੇ ਤੋਂ ਵੀ ਝਲਕਦਾ ਸੀ ਤੇ ਵਿਹਾਰ ਤੋਂ ਵੀ। ਦਾੜ੍ਹੀ ਪਗੜੀ ਵਾਲੀ ਤਸਵੀਰ ਵਿਚ ਹੀ ਉਹ ਪੂਰਾ ਸਰਦਾਰ ਨਹੀਂ ਲੱਗਦਾ, ਸਗੋਂ ਉਸ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੇ ਅੰਗਰੇਜ਼ਾਂ ਦੇ ਭ੍ਰਿਸ਼ਟ ਗੱਠਜੋੜ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਸੰਘਰਸ਼ ਬਾਰੇ 266 ਪੰਨੇ ਦੀ ਅੰਗਰੇਜ਼ੀ ਪੁਸਤਕ ‘ਸਟਰਗਲ ਫਾਰ ਰਿਫਾਰਮ ਇਨ ਸਿੱਖ ਸ਼ਰਾਈਨਜ਼’ ਲਿਖੀ। ਆਪਣੇ ਆਪ ਵਿਚ ਇਹ ਮੁੱਢਲੇ ਸਰੋਤਾਂ ਅਤੇ ਅੱਖੀਂ ਡਿੱਠੇ ਹਾਲਾਤ ਉਤੇ ਸਿਰਜੀ ਇਤਿਹਾਸਕ ਹਵਾਲਾ ਪੁਸਤਕ ਹੈ। ਅੰਗਰੇਜ਼ ਅਫ਼ਸਰਾਂ ਤੇ ਸਿਰਫਿਰੇ ਅੰਗਰੇਜ਼ਾਂ ਨਾਲ ਵਾਹ ਪੈਣ ਸਮੇਂ ਅਣਖੀਲੇ ਪੰਜਾਬੀ ਵਾਂਗ ਉਨ੍ਹਾਂ ਨੂੰ ਸੇਰ ਦਾ ਸਵਾ ਸੇਰ ਹੋ ਕੇ ਟੱਕਰਨ ਦਾ ਉਸ ਦਾ ਅੰਦਾਜ਼ ਵੀ ਕਮਾਲ ਸੀ।
ਇਹੀ ਨਹੀਂ, ਬੜਾ ਕੁਝ ਹੋਰ ਹੈ ਰੁਚੀ ਰਾਮ ਸਾਹਨੀ ਨਾਲ ਜੁੜਿਆ ਹੋਇਆ ਜਿਸ ਬਾਰੇ ਗੱਲ ਕਰਨੀ ਲਾਜ਼ਮੀ ਹੈ। ਰੁਚੀ ਰਾਮ ਦਾ ਜਨਮ ਸਮੇਂ ਦਾ ਨਾਮ ਰੋਚੀ ਰਾਮ ਸੀ ਤੇ ਉਸ ਦਾ ਜਨਮ ਅੱਜ ਪਾਕਿਸਤਾਨ ਦਾ ਹਿੱਸਾ ਬਣ ਚੁੱਕੇ ਡੇਰਾ ਇਸਮਾਈਲ ਖਾਨ ਵਿਚ ਪਿਤਾ ਕਰਮ ਚੰਦ ਤੇ ਮਾਤਾ ਗੁਲਾਬ ਦੇਵੀ ਦੇ ਘਰ 5 ਅਪਰੈਲ 1863 ਨੂੰ ਹੋਇਆ। ਪਿਤਾ 1857 ਦੇ ਗ਼ਦਰ ਤੋਂ ਛੇਤੀ ਪਿੱਛੋਂ ਸਰਗੋਧੇ ਦੇ ਨਗਰ ਭੇਰੇ ਤੋਂ ਇੱਥੇ ਆਣ ਟਿਕਿਆ ਸੀ। ਉਹ ਸ਼ਾਹੂਕਾਰਾ ਕਰਦਾ। ਛੇ ਸਾਲ ਦੇ ਨੂੰ ਫੱਟੀ ਦੇ ਕੇ ਉਸ ਨੂੰ ਪਿੰਡ ਦੇ ਇੱਕ ਮਾਸਟਰ ਵਾਲੇ ਸਕੂਲ ਭੇਜ ਦਿੱਤਾ ਗਿਆ। ਪਿਤਾ ਨੇ ਉਸ ਨੂੰ ਮੁਨੀਮੀ ਤੇ ਹਿਸਾਬ ਕਿਤਾਬ ਵਿਚ ਨਿਪੁੰਨ ਕਰਨ ਲਈ ਆਪ ਵੀ ਬੜੀ ਕੋਸ਼ਿਸ਼ ਕੀਤੀ ਅਤੇ ਉਸ ਦੇ ਮਾਸਟਰ ਨੂੰ ਵੀ ਇਸ ਵਾਸਤੇ ਉਤਸ਼ਾਹਿਤ ਕੀਤਾ। ਛੇ ਕੁ ਮਹੀਨੇ ਵਿਚ ਰੁਚੀ ਰਾਮ ਵੀਹ ਤਕ ਹੀ ਨਹੀਂ ਪੈਂਤੀ ਤਕ ਦੇ ਹਰ ਪਹਾੜੇ ਨੂੰ ਵੀਹ ਤਕ ਜ਼ੁਬਾਨੀ ਸੁਣਾਉਣ ਲੱਗਾ। ਇਸ ਉਪਰੰਤ ਦੋ ਸਾਲ ਉਸ ਨੂੰ ਇੱਕ ਮਾਰਵਾੜੀ ਵਪਾਰੀ ਕੋਲ ਮੁਨੀਮੀ ਦੇ ਮੁੱਢਲੇ ਵਿਹਾਰ ਦੀ ਸਮਝ ਵਾਸਤੇ ਬਿਠਾਇਆ ਗਿਆ। ਫਿਰ ਉਸ ਨੂੰ ਪਿਤਾ ਨੇ ਆਪਣੇ ਨਾਲ ਹੀ ਲਾ ਲਿਆ ਅਤੇ ਦਸ ਸਾਲ ਦੀ ਉਮਰ ਤਕ ਉਹ ਪਿਤਾ ਨਾਲ ਸ਼ਾਹੂਕਾਰੇ ਵਿਚ ਮੁਨੀਮੀ ਕਰਦਾ ਰਿਹਾ।
ਇਨ੍ਹਾਂ ਦਿਨਾਂ ਵਿਚ ਹੀ ਪਿਤਾ ਦਾ ਮਾਲ ਲਿਆਉਂਦੀਆਂ ਬੇੜੀਆਂ ਸਿੰਧ ਦਰਿਆ ਵਿਚ ਡੁੱਬ ਗਈਆਂ। ਉਸ ਦਾ ਵਪਾਰ ਚੌਪਟ ਹੋ ਗਿਆ। ਇਸੇ ਦੇ ਪਰਛਾਵੇਂ ਹੇਠ ਰੁਚੀ ਰਾਮ ਦੀ ਸਕੂਲੀ ਪੜ੍ਹਾਈ ਰਸਮੀ ਰੂਪ ਨਾਲ ਅੱਗੇ ਤੁਰੀ। ਉਸ ਨੂੰ ਚਰਚ ਮਿਸ਼ਨ ਸਕੂਲ ਵਿਚ ਦਾਖਲ ਕਰਵਾਇਆ ਗਿਆ। ਤਿੰਨ ਮੁੰਡਿਆਂ ਦੇ ਈਸਾਈ ਬਣਨ ਨਾਲ ਰੌਲਾ ਪੈ ਗਿਆ। ਧਰਮ ਪ੍ਰਕਾਸ਼ ਨਾਂ ਦਾ ਨਵਾਂ ਸਕੂਲ ਖੁੱਲ੍ਹਿਆ ਤੇ ਰੁਚੀ ਰਾਮ ਨੂੰ ਉਸ ਵਿਚ ਦਾਖਲ ਕਰਵਾਇਆ ਗਿਆ। ਇੱਕ ਸਾਲ ਵਿਚ ਦੋ ਜਮਾਤਾਂ ਕਰਦੇ ਹੋਏ 1878 ਵਿਚ ਉਸ ਨੇ ਛੇ ਜ਼ਿਲ੍ਹਿਆਂ ਦੇ ਸਰਕਲ ਵਿਚੋਂ ਅੱਵਲ ਰਹਿ ਕੇ ਮਿਡਲ ਪਾਸ ਕੀਤੀ। ਉਸ ਨੂੰ ਪੁਰਸਕਾਰ ਦੇ ਨਾਲ-ਨਾਲ ਪੰਝੀ ਰੁਪਏ ਮਾਸਿਕ ਉਤੇ ਨੌਕਰੀ ਦੀ ਪੇਸ਼ਕਸ਼ ਹੋਈ, ਪਰ ਪਿਤਾ ਦੀ ਅਤੇ ਆਪਣੀ ਦੋਵਾਂ ਦੀ ਸਲਾਹ ਅੱਗੇ ਪੜ੍ਹਨ ਦੀ ਬਣੀ।
ਅਗਲੀ ਪੜ੍ਹਾਈ ਲਈ ਛੇ ਰੁਪਏ ਮਾਸਿਕ ਵਜ਼ੀਫ਼ੇ ਉਤੇ ਉਹ ਝੰਗ ਤੇ ਮਘਿਆਣੇ ਵਿਚਕਾਰ ਪੈਂਦੇ ਅਧੀਵਾਲ ਸਕੂਲ ਵਿਚ ਦਾਖਲ ਹੋਇਆ। ਇਸੇ ਸਕੂਲ ਦੇ ਹੈਡਮਾਸਟਰ ਨੇ ਉਸ ਦੇ ਨਾਂ ਰੋਚੀ ਰਾਮ ਨੂੰ ਨਿਰਾਰਥਕ ਦੱਸ ਕੇ ਉਸ ਦਾ ਨਾਂ ਰੁਚੀ ਰਾਮ ਲਿਖਿਆ। ਉਹ ਛੇਤੀ ਹੀ ਬੰਗਾਲੀ ਹੈਡਮਾਸਟਰ ਕਾਸ਼ੀ ਰਾਮ ਚੈਟਰਜੀ ਦਾ ਚਹੇਤਾ ਬਣ ਗਿਆ। ਇੱਕ ਦਿਨ ਘਰੋਂ ਸੁਨੇਹਾ ਮਿਲਿਆ ਕਿ ਪਿਤਾ ਸਖ਼ਤ ਬਿਮਾਰ ਹਨ। ਉਨ੍ਹਾਂ ਦਿਨਾਂ ਵਿਚ ਆਵਾਜਾਈ ਦੇ ਸਾਧਨ ਬਹੁਤ ਮਾੜੇ ਸਨ। ਦੋਸਤਾਂ ਤੋਂ ਪੈਸੇ ਉਧਾਰ ਫੜ ਕੇ ਉਹ ਕਿਸੇ ਤਰ੍ਹਾਂ ਘਰ ਪੁੱਜਾ। ਕਾਹਲੀ ਸੀ। ਇਸ ਲਈ ਉਸ ਨੇ ਜਿਵੇਂ-ਕਿਵੇਂ ਪਹੁੰਚਣ ਦੀ ਕੀਤੀ। ਵਾਪਸੀ ਸਮੇਂ ਉਸ ਨੇ ਸੌ ਮੀਲ ਦਾ ਬਹੁਤਾ ਪੈਂਡਾ ਪੈਦਲ ਹੀ ਤੈਅ ਕੀਤਾ। 1879 ਵਿਚ ਹੀ ਉਸ ਦੇ ਪਿਤਾ ਭੇਰੇ ਆ ਗਏ ਤੇ ਉਥੇ ਹੀ ਗੁਜ਼ਰ ਗਏ। ਘਰ ਮਾਤਾ ਕੋਲ ਪਹਿਲਾਂ ਵਾਂਗ ਹੀ ਸਵਾਰੀ ਕਰ ਕੇ ਗਿਆ, ਪਰ ਵਾਪਸੀ ਫਿਰ ਪੈਦਲ ਕੀਤੀ।
ਹੈਡਮਾਸਟਰ ਕਾਸ਼ੀ ਰਾਮ ਦੀ ਮੌਤ ਉਪਰੰਤ ਰੁਚੀ ਰਾਮ ਲਾਹੌਰ ਪੜ੍ਹਨ ਲੱਗਾ। ਇੱਥੇ ਉਹ ਬ੍ਰਹਮੋ ਸਮਾਜ ਦੇ ਪ੍ਰਭਾਵ ਹੇਠ ਧਾਰਮਿਕ ਪੱਖੋਂ ਬਾਗੀਆਨਾ ਰੁਚੀਆਂ ਦਾ ਮਾਲਕ ਹੋ ਗਿਆ। ਇਸ ਦਾ ਪ੍ਰਗਟਾਵਾ ਕਰਨ ਲਈ ਉਸ ਨੇ ਟੂਣੇ ਦੀ ਸਮੱਗਰੀ ਤੋੜ-ਭੰਨ ਕੇ, ਵਰਤ ਕੇ ਨਾਲ ਦੇ ਸਾਥੀਆਂ ਦਾ ਵਹਿਮ ਦੂਰ ਕੀਤਾ। ਇੰਜ ਹੀ ਇੱਕ ਮਰੇ ਹੋਏ ਬੰਦੇ ਦਾ ਮੰਜਾ ਬਿਸਤਰਾ ਖ਼ਰੀਦ ਕੇ ਉਸ ਨੇ ਇਸ ਨੂੰ ਆਪਣੇ ਹੋਸਟਲ ਵਿਚ ਵਰਤਣ ਦਾ ਅਨੋਖਾ ਕਾਰਨਾਮਾ ਕੀਤਾ। ਆਪਣੇ ਵੱਖਰੇ ਸੁਭਾਅ ਕਾਰਨ ਹੀ ਉਸ ਨੇ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਪੰਜਾਬੀ (ਗੁਰਮੁਖੀ) ਨੂੰ ਚੋਣਵੇਂ ਵਿਸ਼ੇ ਵਜੋਂ ਚੁਣਿਆ। ਇਹੀ ਨਹੀਂ, ਮੌਲਾਨਾ ਹਾਲੀ ਦੀਆਂ ਕਲਾਸਾਂ ਲਾ ਕੇ ਉਰਦੂ ਵਿਚ ਨਿਪੁੰਨਤਾ ਹਾਸਲ ਕੀਤੀ। ਐਫ਼ਏæ ਤੇ ਬੀæਏæ ਵਿਚ ਉਸ ਦਾ ਵਜ਼ੀਫ਼ਾ ਵਧਾ ਕੇ ਕ੍ਰਮਵਾਰ ਤੇਰਾਂ ਅਤੇ ਉਨੱਤੀ ਰੁਪਏ ਕਰ ਦਿੱਤਾ ਗਿਆ। ਐਫ਼ਏæ ਵਿਚ ਉਹ ਯੂਨੀਵਰਸਿਟੀ ਵਿਚੋਂ ਦੋਇਮ ਰਿਹਾ ਅਤੇ ਬੀæਏæ ਵਿਚੋਂ ਅੱਵਲ। ਫਿਰ ਉਸ ਨੇ ਵਿਗਿਆਨ ਦੇ ਵਿਸ਼ੇ ਭੌਤਿਕ ਅਤੇ ਰਸਾਇਣ ਵਿਗਿਆਨ ਲੈ ਕੇ ਐਮæਏæ ਸ਼ੁਰੂ ਕਰ ਦਿੱਤੀ। ਚੇਤੇ ਰਹੇ, ਉਦੋਂ ਵਿਗਿਆਨ ਦੇ ਵਿਸ਼ਿਆਂ ਵਿਚ ਵੀ ਆਰਟਸ ਵਾਂਗ ਹੀ ਐਫ਼ਏæ, ਬੀæਏæ, ਐਮæਏæ ਦੀ ਹੀ ਡਿਗਰੀ ਦਿੱਤੀ ਜਾਂਦੀ ਸੀ। ਇਸ ਸਾਰੇ ਕੁਝ ਦੌਰਾਨ ਰੁਚੀ ਰਾਮ ਗੌਰਮਿੰਟ ਕਾਲਜ ਲਾਹੌਰ ਦਾ ਜ਼ਹੀਨ ਵਿਦਿਆਰਥੀ ਰਿਹਾ ਜਿੱਥੇ ਜੇæਸੀæ ਓਮਾਨ ਪ੍ਰਿੰਸੀਪਲ ਸੀ।
ਰੁਚੀ ਰਾਮ ਅਜੇ ਐਮæਏæ ਕਰ ਰਿਹਾ ਸੀ ਕਿ ਪੰਜਾਬ ਦੇ ਡੀæਪੀæਆਈæ ਡੈਜ਼ਿਲ ਇਬਟਸਨ ਦੇ ਕਹਿਣ ਉਤੇ ਰੁਚੀ ਰਾਮ ਨੂੰ ਭਾਰਤੀ ਮੀਟੀਓਰੋਲਾਜੀਕਲ ਵਿਭਾਗ ਵਿਚ ਅਸਿਸਟੈਂਟ ਰਿਪੋਰਟਰ ਵਜੋਂ ਇਹ ਵਾਅਦਾ ਕਰ ਕੇ ਭੇਜ ਦਿੱਤਾ ਗਿਆ ਕਿ ਉਸ ਨੂੰ ਪ੍ਰਾਈਵੇਟ ਐਮæਏæ ਪੂਰੀ ਕਰਨ ਦੀ ਛੋਟ ਮਿਲੇਗੀ। ਇਉਂ ਉਸ ਨੂੰ ਐਮæਏæ ਪ੍ਰਾਈਵੇਟ ਕਰਨੀ ਪਈ ਜੋ ਉਸ ਨੇ ਨੌਕਰੀ ਕਰਦੇ ਹੋਏ 1885 ਵਿਚ ਪੂਰੀ ਕੀਤੀ। ਨੁਕਸਾਨ ਇਹ ਹੋਇਆ ਕਿ ਉਸ ਦੀ ਥਰਡ ਡਿਵੀਜ਼ਨ ਆਈ ਜਿਸ ਉਤੇ ਉਸ ਅਤੇ ਉਸ ਦੇ ਅਧਿਆਪਕਾਂ/ਪ੍ਰਸ਼ੰਸਕਾਂ ਨੂੰ ਬੜਾ ਦੁੱਖ ਹੋਇਆ। ਇਸ ਦੇ ਬਾਵਜੂਦ ਉਹ ਉਸ ਦੀ ਪ੍ਰਤਿਭਾ ਅੱਗੇ ਸਦਾ ਨਤਮਸਤਕ ਰਹੇ। ਦੋ ਸਾਲ ਰੁਚੀ ਰਾਮ ਸ਼ਿਮਲੇ ਮੌਸਮ ਵਿਭਾਗ ਦੀ ਇਹ ਨੌਕਰੀ ਕਰਦਾ ਰਿਹਾ। ਉਸ ਦਾ ਯੂਰਪੀ ਅਫ਼ਸਰ ਉਸ ਦੀ ਬੜੀ ਇੱਜ਼ਤ ਕਰਦਾ ਸੀ ਤੇ ਉਸ ਨੇ ਉਸ ਦੀ ਸੰਸਾਰ ਪੱਧਰੀ ਮੌਸਮ ਵਿਗਿਆਨੀ ਵਜੋਂ ਨਾਮਣਾ ਖੱਟਣ ਵਿਚ ਹਰ ਪੱਖੋਂ ਮਾਰਗ ਦਰਸ਼ਨ ਅਤੇ ਮਦਦ ਕੀਤੀ। ਰੂਸ, ਅਮਰੀਕਾ ਤੇ ਹੋਰ ਮੁਲਕਾਂ ਵਿਚ ਇਸ ਖੇਤਰ ਦੇ ਨਵੇਂ ਯੰਤਰਾਂ ਤੇ ਕਾਰਜ ਵਿਧੀਆਂ ਬਾਰੇ ਉਹ ਅਕਸਰ ਸਾਹਨੀ ਨੂੰ ਦੱਸਦਾ। 1887 ਵਿਚ ਸਰਕਾਰ ਨੇ ਰੁਚੀ ਰਾਮ ਨੂੰ ਗੌਰਮਿੰਟ ਕਾਲਜ ਲਾਹੌਰ ਵਿਚ ਲੈਕਚਰਾਰ ਬਣਾ ਕੇ ਵਾਪਸ ਬੁਲਾ ਲਿਆ। ਉਸ ਨੂੰ ਰਸਾਇਣ ਤੇ ਭੌਤਿਕ ਵਿਗਿਆਨ ਦੋਵਾਂ ਵਿਸ਼ਿਆਂ ਦਾ ਅਸਿਸਟੈਂਟ ਪ੍ਰੋਫ਼ੈਸਰ ਬਣਾਇਆ ਗਿਆ। ਛੇਤੀ ਹੀ ਪਿੱਛੋਂ ਜੇæਸੀæ ਓਮਾਨ ਦੋ ਸਾਲ ਦੀ ਫਰਲੋ ਲੈ ਕੇ ਇੰਗਲੈਂਡ ਤੁਰ ਗਿਆ ਅਤੇ ਇੰਟਰ ਤੋਂ ਲੈ ਕੇ ਐਮæਏæ ਤਕ ਰਸਾਇਣ ਵਿਗਿਆਨ ਦੀਆਂ ਸਾਰੀਆਂ ਕਲਾਸਾਂ ਦੀ ਜ਼ਿੰਮੇਵਾਰੀ ਸਾਹਨੀ ਸਿਰ ਪੈ ਗਈ।
ਲਾਹੌਰ ਆਏ ਸਾਹਨੀ ਨੂੰ 1888 ਵਿਚ ਪੰਜਾਬ ਵਿਚ ਵਿਗਿਆਨਕ ਸਿੱਖਿਆ ਤੇ ਚੇਤਨਾ ਦੇ ਪਸਾਰ ਲਈ ਕਾਰਜਸ਼ੀਲ ਪੰਜਾਬ ਸਾਇੰਸ ਇੰਸਟੀਚਿਊਟ ਦਾ ਆਨਰੇਰੀ ਸਕੱਤਰ ਥਾਪਿਆ ਗਿਆ। ਸਾਹਨੀ ਨੇ ਇਸ ਵਿਚ ਨਵੀਂ ਰੂਹ ਫੂਕੀ। ਇਸ ਨਾਲ ਵਰਕਸ਼ਾਪ ਜੋੜੀ ਅਤੇ ਇਸ ਵੱਲੋਂ ਪਾਪੂਲਰ ਲੈਕਚਰਾਰ ਲੜੀ ਸ਼ੁਰੂ ਕੀਤੀ। ਉਂਜ, ਇਹ ਸੰਸਥਾ ਉਸ ਦੇ ਸੁਝਾਅ ਉਤੇ ਹੀ 1885 ਵਿਚ ਜੇæਸੀæ ਓਮਾਨ ਨੇ ਬਣਾਈ ਸੀ। ਉਹ ਆਪ ਇਸ ਦਾ ਆਨਰੇਰੀ ਸੈਕਟਰੀ ਸੀ ਤੇ ਰੁਚੀ ਰਾਮ ਜਾਇੰਟ ਸੈਕਟਰੀ।
ਓਮਾਨ ਦੇ ਜਾਣ ਉਪਰੰਤ ਇੰਸਟੀਚਿਊਟ ਦਾ ਮਤਲਬ ਸਿਰਫ਼ ਰੁਚੀ ਰਾਮ ਹੀ ਹੋ ਗਿਆ ਸੀ। ਅਗਲੇ ਦਸ-ਬਾਰਾਂ ਸਾਲ ਉਸ ਨੇ ਵਿਗਿਆਨਕ ਵਿਸ਼ਿਆਂ ਉਤੇ ਲਗਪਗ ਪੰਜ ਸੌ ਪਾਪੂਲਰ ਲੈਕਚਰ ਪੰਜਾਬੀ ਵਿਚ ਕੀਤੇ ਤੇ ਕਰਵਾਏ। ਕਈ ਥਾਂ ਉਨ੍ਹਾਂ ਆਨਾ-ਦੁਆਨੀ ਟਿਕਟ ਲਾ ਕੇ ਵੀ ਲੈਕਚਰ ਕੀਤੇ। ਸਾਹਨੀ ਨੇ ਬਹੁਤੇ ਲੈਕਚਰ ਆਪ ਕੀਤੇ ਅਤੇ ਇਨ੍ਹਾਂ ਵਿਚ ਸਲਾਈਡਾਂ ਰਾਹੀਂ ਆਪਣੇ ਵਿਚਾਰ ਸਪਸ਼ਟ ਕਰਨ ਦੀ ਪਿਰਤ ਪਾਈ। ਇਹ ਲੈਕਚਰ ਤਾਰ, ਸ਼ੀਸ਼ਾ, ਸਾਬਣ, ਪਾਣੀ, ਮਨੁੱਖੀ ਸਰੀਰ, ਖਿਡੌਣੇ, ਇਲੈਕਟਰੋਪਲੇਟਿੰਗ, ਬਿਜਲੀ, ਮੌਸਮ, ਪੰਜਾਬ ਦੇ ਦਰਿਆ, ਸ਼ੁੱਧ-ਅਸ਼ੁੱਧ ਹਵਾ, ਅੱਗ ਦੀ ਲਾਟ, ਬੇਤਾਰ ਤਰੰਗਾਂ, ਮੋਮਬੱਤੀ ਆਦਿ ਕਈ ਵਿਸ਼ਿਆਂ ਉਤੇ ਹੁੰਦੇ। ਅੱਜ ਸੌ ਸਾਲ ਬਾਅਦ ਵੀ ਅਸੀਂ ਪੰਜਾਬੀ ਵਿਚ ਵਿਗਿਆਨ ਨੂੰ ਲੋਕਾਂ ਤਕ ਪਹੁੰਚਾਉਣ ਲਈ ਵਰਤਣ ਦੀ ਜੋਸ਼ੀਲੀ ਮੁਹਿੰਮ ਦੀ ਰੀਸ ਨਹੀਂ ਕਰ ਸਕੇ। ਇਹੀ ਨਹੀਂ, ਉਸ ਨੇ ਸਾਇੰਸ ਇੰਸਟੀਚਿਊਟ ਨਾਲ ਵਰਕਸ਼ਾਪ ਜੋੜ ਕੇ ਸਕੂਲਾਂ-ਕਾਲਜਾਂ ਦੀਆਂ ਲੈਬਾਰਟਰੀਆਂ ਦੇ ਵਿਗਿਆਨਕ ਉਪਕਰਨਾਂ ਦੀ ਮੁਰੰਮਤ ਸ਼ੁਰੂ ਕੀਤੀ। ਇਸ ਦਾ ਦਾਇਰਾ ਵਧਾ ਕੇ ਉਸ ਨੇ ਕਈ ਪ੍ਰਕਾਰ ਦੇ ਵਿਗਿਆਨਕ ਉਪਕਰਨ ਇਸ ਵਰਕਸ਼ਾਪ ਵਿਚ ਬਣਾ ਕੇ ਦੇਸ਼ ਭਰ ਦੀਆਂ ਸੰਸਥਾਵਾਂ ਨੂੰ ਸਸਤੇ ਮੁੱਲ ਉਤੇ ਵੇਚੇ। ਉਸ ਨੇ ਇਹ ਵਰਕਸ਼ਾਪ ਆਪਣੀ ਤਨਖ਼ਾਹ ਵਿਚੋਂ ਬਚਾਏ ਪੰਦਰਾਂ ਸੌ ਰੁਪਏ ਨਾਲ ਸ਼ੁਰੂ ਕੀਤੀ। ਬਾਅਦ ਵਿਚ ਮੁੰਬਈ ਦੀ ਇੱਕ ਕਬਾੜ ਨਿਲਾਮੀ ਵਿਚ ਕੌਡੀਆਂ ਦੇ ਭਾਅ ਵਿਕ ਰਹੇ ਸਾਮਾਨ ਨੂੰ ਖ਼ਰੀਦ ਕੇ ਉਸ ਤੋਂ ਬਚੇ ਤਿੰਨ ਹਜ਼ਾਰ ਰੁਪਏ ਇਸ ਵਿਚ ਲਾਏ। ਹਰ ਮਹੀਨੇ ਤਨਖ਼ਾਹ ਦਾ ਕੁਝ ਹਿੱਸਾ ਤੇ ਸਮਾਂ ਇਸ ਦੇ ਲੇਖੇ ਲਾਇਆ ਅਤੇ ਵਰਕਸ਼ਾਪ ਨੂੰ ਸੌ ਰੁਪਏ ਮਹੀਨਾ ਮੁਨਾਫ਼ਾ ਕਮਾਉਣ ਜੋਗੀ ਬਣਾ ਦਿੱਤਾ। ਉਸ ਨੇ ਬਾਕਾਇਦਾ ਹੋਰ ਮਸ਼ੀਨਾਂ ਲਾਈਆਂ। ਅੱਲਾ ਬਖਸ਼ ਨਾਂ ਦੇ ਅਨੁਭਵੀ ਮਿਸਤਰੀ ਨੂੰ ਰੇਲਵੇ ਵਰਕਸ਼ਾਪ ਦੀ ਨੌਕਰੀ ਛੁਡਾ ਕੇ ਉਸੇ ਤਨਖ਼ਾਹ, ਛੁੱਟੀ, ਪੈਨਸ਼ਨ ਅਤੇ ਬਿਮਾਰੀ ਦੇ ਇਲਾਜ ਦੀ ਹਰ ਸਹੂਲਤ ਦਾ ਲਿਖਤੀ ਇਕਰਾਰਨਾਮਾ ਕਰ ਕੇ ਰੱਖਿਆ। ਵਰ੍ਹਿਆਂਬੱਧੀ ਉਸ ਨੇ ਵਰਕਸ਼ਾਪ ਚਲਾ ਕੇ ਦੇਸ਼ ਭਰ ਵਿਚ ਆਪਣਾ ਸਿੱਕਾ ਮਨਵਾਇਆ। ਦੇਸ਼-ਵਿਦੇਸ਼ ਦੇ ਕਹਿੰਦੇ-ਕਹਾਉਂਦੇ ਉਦਯੋਗਿਕ ਅਦਾਰਿਆਂ ਦੇ ਮੁਕਾਬਲੇ ਸਸਤੀ ਕੀਮਤ ਉਤੇ ਮਾਲ ਵੇਚ ਕੇ ਉਸ ਨੇ ਸਭ ਨੂੰ ਹੈਰਾਨ ਕੀਤਾ। ਅੱਲਾ ਬਖਸ਼ ਦੀ ਅੰਤਿਮ ਉਮਰੇ ਛੇ ਮਹੀਨੇ ਉਸ ਨੂੰ ਬਿਮਾਰੀ ਸਮੇਂ ਬਿਨਾਂ ਕੰਮ ਵੀ ਪੂਰੀ ਤਨਖ਼ਾਹ ਦਿੱਤੀ। ਉਸ ਨੂੰ ਪੈਨਸ਼ਨ ਵੀ ਦਿੱਤੀ ਜੋ ਉਸ ਦੇ ਮਰਨ ਉਪਰੰਤ ਉਸ ਦੀ ਵਿਧਵਾ ਨੂੰ ਵੀ ਉਦੋਂ ਤਕ ਜਾਰੀ ਰੱਖੀ ਜਦ ਤਕ ਕਿ ਉਸ ਨੇ ਪੁਨਰ ਵਿਆਹ ਨਹੀਂ ਕਰ ਲਿਆ। ਇਹ ਸਾਰਾ ਕੁਝ ਉਹ ਓਮਾਨ ਦੇ ਦੇਸ਼ ਪਰਤਣ ਉਪਰੰਤ ਆਪਣੇ ਬਲਬੂਤੇ ਹੀ ਕਰਦਾ ਰਿਹਾ ਕਿਉਂ ਜੋ ਓਮਾਨ ਵਰਕਸ਼ਾਪ ਦੇ ਪ੍ਰਾਜੈਕਟ ਦੇ ਅਜਿਹੇ ਵਿਸਤਾਰ ਲਈ ਸਹਿਮਤ ਨਹੀਂ ਸੀ।
ਰੁਚੀ ਰਾਮ ਦੇ ਪਾਪੂਲਰ ਸਾਇੰਸ ਲੈਕਚਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮੈਕਵਰਥ ਯੰਗ, ਰਿਆਸਤ ਕਪੂਰਥਲਾ ਦੇ ਪ੍ਰਧਾਨ ਮੰਤਰੀ, ਪਟਿਆਲਾ, ਮੰਡੀ ਤੇ ਬਹਾਵਲਪੁਰ ਦੇ ਰਾਜਿਆਂ, ਸਰ ਪ੍ਰਫੁਲ ਚੰਦਰ ਚੈਟਰਜੀ, ਸਰ ਸ਼ਾਦੀ ਲਾਲ, ਸਰ ਖੇਮ ਸਿੰਘ ਬੇਦੀ ਤੇ ਮਦਨ ਗੋਪਾਲ ਬਾਰ-ਐਟ-ਲਾਅ ਜਿਹੇ ਆਪਣੇ ਜ਼ਮਾਨੇ ਦੇ ਸਮਾਜ ਦੇ ਹਰ ਵਰਗ ਦੀ ਸਨਮਾਨਿਤ ਹਸਤੀ ਦੀ ਪ੍ਰਧਾਨਗੀ, ਸ਼ਮੂਲੀਅਤ ਤੇ ਸਰਪ੍ਰਸਤੀ ਹਾਸਲ ਕਰਦੇ ਰਹੇ।
ਦਿਆਲ ਸਿੰਘ ਮਜੀਠੀਆ ਦੀ ਵਸੀਅਤ ਦੇ ਦਸ ਸਾਲ ਲੰਬੇ ਕੇਸ ਵਿਚ ਉਲਝਣ, ਪ੍ਰੋæ ਓਮਾਨ ਦੀ ਸਦਾ ਲਈ ਇੰਗਲੈਂਡ ਵਾਪਸੀ ਅਤੇ ਲਾਹੌਰ ਮੈਡੀਕਲ ਕਾਲਜ ਵੱਲੋਂ ਡਾæ ਸੀæਸੀæ ਕਾਲੇਬ ਦੀ ਪ੍ਰਧਾਨਗੀ ਹੇਠ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਸਾਇੰਟਿਫਿਕ ਨਾਲੇਜ ਬਣਨ ਜਿਹੇ ਕਈ ਕਾਰਨਾਂ ਕਰਕੇ ਰੁਚੀ ਰਾਮ ਸਾਹਨੀ ਨੇ ਪੰਜਾਬ ਸਾਇੰਸ ਇੰਸਟੀਚਿਊਟ ਬੰਦ ਕਰ ਦਿੱਤਾ। ਉਸ ਨੇ 1914 ਵਿਚ ਖੋਜ ਕਾਰਜ ਲਈ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। ਵਾਪਸੀ ਉਪਰੰਤ ਆਪਣੀ ਵਰਕਸ਼ਾਪ ਵਿਚ ਲੈਂਜ਼ਾਂ ਤੇ ਮਾਈਕਰੋਸਕੋਪਾਂ ਦੀ ਤਿਆਰੀ ਦੇ ਸੁਪਨਿਆਂ ਦੀ ਪੂਰਤੀ ਲਈ ਯੋਜਨਾਵਾਂ ਲੈ ਕੇ ਵਰਕਸ਼ਾਪ ਨੂੰ ਅਸਥਾਈ ਰੂਪ ਵਿਚ ਬੰਦ ਕਰ ਕੇ ਯੂਰਪ ਨੂੰ ਤੁਰ ਪਿਆ। ਉਸ ਦੇ ਇੰਜ ਕਰਨ ਪਿੱਛੇ ਉਸ ਦਾ ਇਹ ਰੋਸ ਵੀ ਸੀ ਕਿ ਗੌਰਮਿੰਟ ਕਾਲਜ ਵਿਚ ਅੰਗਰੇਜ਼ ਪ੍ਰੋਫ਼ੈਸਰਾਂ ਵੱਲੋਂ ਦੋ ਵਾਰ ਖਾਲੀ ਹੋਈ ਸੀਨੀਅਰ ਪ੍ਰੋਫ਼ੈਸਰ ਦੀ ਅਸਾਮੀ ਉਤੇ ਉਸ ਦੀ ਥਾਂ ਘੱਟ ਅਨੁਭਵ ਅਤੇ ਯੋਗਤਾ ਵਾਲੇ ਪ੍ਰੋਫ਼ੈਸਰ ਨਿਯੁਕਤ ਕੀਤੇ ਗਏ ਸਨ। ਗਿਆ ਤਾਂ ਉਹ ਛੁੱਟੀ ਲੈ ਕੇ ਸੀ, ਪਰ ਮੁੜ ਕੇ ਉਸ ਨੇ ਛੁੱਟੀ ਉਤੇ ਰਹਿੰਦੇ ਹੋਏ ਹੀ ਸੇਵਾਮੁਕਤੀ ਲੈਣ ਦਾ ਨਿਰਣਾ ਕਰ ਲਿਆ। ਇਸੇ ਕਰਕੇ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਕਲਾਸ ਨੋਟਾਂ ਨੂੰ ਪੁਸਤਕ ਰੂਪ ਵਿਚ ਪਾਠਕਾਂ ਹਵਾਲੇ ਕਰ ਦਿੱਤਾ ਅਤੇ 1918 ਵਿਚ ਪੈਨਸ਼ਨ ਲੈ ਲਈ।
ਯੂਰਪ ਵਿਚ ਰੁਚੀ ਰਾਮ ਸਾਹਨੀ ਨੇ ਸਭ ਤੋਂ ਪਹਿਲਾਂ ਜਰਮਨੀ ਜਾਣ ਦਾ ਮਨ ਬਣਾਇਆ। ਉਸ ਨੇ ਖੋਜ ਲਈ ਲੈਡ ਤੇ ਬਿਸਮਥ ਦੇ ਸਾਲਟ ਚੁਣੇ। ਉਸ ਨੇ ਕਾਰਲਸਰੂਹੇ ਵਿਚ ਕਾਸੀਮੀਰ ਫਾਜਨਜ਼ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ, ਪਰ ਸੰਸਾਰ ਯੁੱਧ ਸ਼ੁਰੂ ਹੋਣ ਕਰਕੇ ਸਭ ਗੜਬੜ ਹੋ ਗਈ। ਸਾਹਨੀ ਨੂੰ ਸਭ ਕੁਝ ਛੱਡ ਕੇ ਭੱਜਣਾ ਪਿਆ। ਉਹ ਕਾਹਲੀ ਨਾਲ ਜਰਮਨੀ ਤੋਂ ਭੱਜਿਆ ਤੇ ਹਾਲੈਂਡ ਜਾ ਪੁੱਜਿਆ। ਉਥੋਂ ਉਹ ਮਾਨਚੈਸਟਰ ਪੁੱਜਾ ਜਿੱਥੇ ਉਸ ਨੂੰ ਰਦਰਫੋਰਡ ਤੇ ਨੀਲਜ਼ ਬੋਹਰ ਨਾਲ ਸਾਲ ਭਰ ਕੰਮ ਕਰਨ ਦੇ ਅਵਸਰ ਮਿਲੇ। ਉਸ ਨੇ ਡਾਕਟਰੇਟ ਲਈ ਉਨ੍ਹਾਂ ਨਾਲ ਹੀ ਖੋਜ ਕਾਰਜ ਕੀਤਾ। ਸੰਸਾਰ ਯੁੱਧ ਕਾਰਨ ਹੀ ਉਸ ਨੂੰ 1917 ਵਿਚ ਮਾਨਚੈਸਟਰ ਤੋਂ ਵੀ ਖੋਜ ਕਾਰਜ ਛੱਡ ਕੇ ਭਾਰਤ ਪਰਤਣਾ ਪਿਆ। ਉਹ ਵਾਪਸ ਆ ਕੇ ਰਸਮੀ ਤੌਰ ‘ਤੇ ਜਾਇਨ ਕਰ ਕੇ 1918 ਵਿਚ ਸੇਵਾਮੁਕਤ ਹੋ ਗਿਆ।
ਪਰਿਵਾਰਕ ਪੱਖ ਤੋਂ ਸੰਤੁਸ਼ਟ ਅਤੇ ਸੁਭਾਅ ਵੱਲੋਂ ਅਣਖੀ ਤੇ ਬਾਗੀ ਰੁਚੀ ਰਾਮ ਨੇ ਸ਼ੁੱਧ ਪੰਜਾਬੀ ਜੀਵਨ ਸ਼ੈਲੀ ਦਾ ਮੁਜ਼ਾਹਰਾ ਕਰਦਿਆਂ ਸੇਵਾਮੁਕਤੀ ਤੋਂ ਬਾਅਦ ਆਪਣਾ ਜੀਵਨ ਸੁਤੰਤਰਤਾ ਸੰਗਰਾਮ, ਸਮਾਜ ਤੇ ਦੇਸ਼ ਸੇਵਾ ਦੀਆਂ ਸਰਗਰਮੀਆਂ ਵਿਚ ਗੁਜ਼ਾਰਿਆ। ਜਲ੍ਹਿਆਂਵਾਲਾ ਬਾਗ਼ ਸਾਕੇ ਪਿਛੋਂ ਕਾਂਗਰਸ ਵੱਲੋਂ ਕਰਵਾਈ ਜਾਂਚ ਦੌਰਾਨ ਉਸ ਨੇ ਮੋਤੀ ਲਾਲ ਨਹਿਰੂ, ਸੀæਆਰæ ਦਾਸ, ਮਦਨ ਮੋਹਨ ਮਾਲਵੀਆ ਤੇ ਹੋਰ ਕਈ ਨੇਤਾਵਾਂ ਨਾਲ ਕੰਮ ਕੀਤਾ। ਮਹਾਂਦੇਵ ਗੋਵਿੰਦ ਰਾਨਾਡੇ ਨਾਲ ਉਸ ਦੇ ਨਿੱਘੇ ਸਬੰਧ ਸਨ। ਰਾਨਾਡੇ ਨੇ ਉਸ ਦੇ ਲੈਕਚਰਾਂ ਦੀ ਕਈ ਵਾਰ ਪ੍ਰਧਾਨਗੀ ਕੀਤੀ।
ਰੁਚੀ ਰਾਮ ਧਾਰਮਿਕ ਸੰਕੀਰਨਤਾ ਤੋਂ ਮੁਕਤ ਸੀ। 1919 ਵਿਚ ਮੁਸਲਿਮ ਭਰਾਵਾਂ ਨੇ ਅੰਗਰੇਜ਼ੀ ਸਰਕਾਰ ਵਿਰੁਧ ਅੰਦੋਲਨ ਚਲਾਇਆ ਤਾਂ ਰੁਚੀ ਰਾਮ ਨੇ ਉਨ੍ਹਾਂ ਦਾ ਸਾਥ ਦਿੰਦਿਆਂ ਆਪਣਾ ਰਾਏ ਸਾਹਿਬ ਦਾ ਖਿਤਾਬ ਸਰਕਾਰ ਨੂੰ ਮੋੜ ਦਿੱਤਾ। ਇੰਜ ਹੀ ਜੂਨ 1922 ਵਿਚ ਸਿੱਖਾਂ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਤਾਂ ਰੁਚੀ ਰਾਮ ਨੇ ਗੋਡੇ-ਗੋਡੇ ਗਾਰ ਵਿਚ ਵੜ ਕੇ ਪ੍ਰੇਮ ਤੇ ਸ਼ਰਧਾ ਨਾਲ ਸਿਰ ਉਤੇ ਗਾਰਾ ਢੋਇਆ। ਉਸ ਨੇ ਸਿੱਖਾਂ ਦੇ ਗੁਰਦੁਆਰਾ ਸੁਧਾਰ ਲਈ ਕੀਤੇ ਸੰਘਰਸ਼ ਦੇ ਕਈ ਸਾਕਿਆਂ ਦੇ ਵੇਰਵੇ ਘਟਨਾ ਸਥਲਾਂ ਉਤੇ ਜਾ ਕੇ ਵੇਖੇ ਅਤੇ ਇਕੱਠੇ ਕੀਤੇ। ਇਸ ਸੰਘਰਸ਼ ਬਾਰੇ ਉਸ ਨੇ 1946 ਵਿਚ 266 ਪੰਨੇ ਦੀ ਪੁਸਤਕ ‘ਸਟਰਗਲ ਫਾਰ ਰਿਫਾਰਮ ਇਨ ਸਿੱਖ ਸ਼ਰਾਈਨਜ਼’ ਲਿਖੀ ਜੋ ਇਤਿਹਾਸ ਦੇ ਖੋਜੀਆਂ ਲਈ ਇੱਕ ਮੁੱਢਲਾ ਸ੍ਰੋਤ ਤੇ ਹਵਾਲਾ ਗ੍ਰੰਥ ਹੈ।
ਸਿੱਖਿਆ ਤੇ ਸਮਾਜਿਕ ਜੀਵਨ ਨਾਲ ਸਬੰਧਿਤ ਉਸ ਦੀ ਸਰਗਰਮੀ ਦੇ ਕੁਝ ਵੇਰਵੇ ਦੇਣੇ ਠੀਕ ਜਾਪਦੇ ਹਨ। ਉਸ ਨੇ 1882 ਵਿਚ ਲਾਰਡ ਰਿਪਨ ਦੇ ਸਥਾਨਕ ਸਵੈ-ਸ਼ਾਸਨ ਪ੍ਰਸਤਾਵ ਖਿਲਾਫ਼ ਹੋਏ ਰੋਸ ਮੁਜ਼ਾਹਰੇ ਵਿਚ ਹਿੱਸਾ ਲਿਆ। 1887 ਵਿਚ ਸਾਹਨੀ ਨੇ ਲਾਹੌਰ ਦੇ ਕੁਝ ਪਤਵੰਤਿਆਂ ਦੀ ਮਦਦ ਨਾਲ ਹਿੰਦੂ ਫੈਮਿਲੀ ਰਿਲੀਫ ਫੰਡ ਕਾਇਮ ਕੀਤਾ ਜਿਸ ਦਾ ਉਦੇਸ਼ ਬੇਵਕਤ ਮਰਨ ਵਾਲੇ ਗ਼ਰੀਬ ਲੋਕਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨਾ ਸੀ। 1885 ਵਿਚ ਏæਓæ ਹਿਊਮ ਨੇ ਕਾਂਗਰਸ ਦੀ ਸਥਾਪਨਾ ਕੀਤੀ ਤਾਂ ਰੁਚੀ ਰਾਮ ਸਰਕਾਰੀ ਨੌਕਰੀ ਦੀਆਂ ਸੀਮਾਵਾਂ ਵਿਚ ਰਹਿੰਦਿਆਂ ਇਸ ਦੇ ਸਮਾਗਮਾਂ ਵਿਚ 1918 ਤਕ ਵਿਜ਼ਿਟਰ ਵਜੋਂ ਸ਼ਾਮਲ ਹੁੰਦਾ ਰਿਹਾ। ਚੁੱਪ-ਚਾਪ ਉਨ੍ਹਾਂ ਦੇ ਪੈਂਫਲਟ ਵੰਡਦਾ ਤੇ ਫੰਡ ਇਕੱਠੇ ਕਰਦਾ। 1918 ਵਿਚ ਸੇਵਾਮੁਕਤ ਹੋਣ ਉਪਰੰਤ ਉਹ ਸ਼ਰੇਆਮ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲੱਗਿਆ।
ਰੁਚੀ ਰਾਮ ਸਾਹਨੀ ਵਿਭਿੰਨ ਖੇਤਰਾਂ ਵਿਚ ਸਰਗਰਮ ਰਿਹਾ। 1934 ਵਿਚ ਉਸ ਨੂੰ ਨੋਬਲ ਪੁਰਸਕਾਰ ਜੇਤੂ ਸੀæਵੀæ ਰਮਨ ਨੇ ਆਪਣੀ ਇੰਡੀਅਨ ਅਕੈਡਮੀ ਆਫ ਸਾਇੰਸਿਜ਼ ਦਾ ਫਾਊਂਡਿੰਗ ਫੈਲੋ ਬਣਨ ਲਈ ਬੰਗਲੌਰ ਬੁਲਾਇਆ। 1948 ਵਿਚ ਤਿੰਨ ਜੂਨ ਨੂੰ ਮੁੰਬਈ ਵਿਚ ਇਹ ਰੰਗਲਾ ਪੰਜਾਬੀ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਰੁਚੀ ਰਾਮ ਸਾਹਨੀ ਦੇ ਜੀਵਨ ਦੀ ਇਕ ਘਟਨਾ ਹੈ ਜੋ ਸ਼ਿਮਲੇ ਦੇ ਰੇਲਵੇ ਪਲੇਟਫਾਰਮ ‘ਤੇ ਵਾਪਰੀ। ਸੰਦੂਕਾਂ, ਬਿਸਤਰਿਆਂ, ਟੋਕਰੀਆਂ ਕੋਲ ਖੜ੍ਹੀ ਯੂਰਪੀ ਮੁਸਾਫ਼ਿਰਾਂ ਦੀ ਭੀੜ। ਅਚਾਨਕ ਰੁਚੀ ਰਾਮ ਕੋਲ ਖੜ੍ਹੇ ਅੰਗਰੇਜ਼ ਨੇ ਉਸ ਨੂੰ ਮੋਢਾ ਮਾਰਿਆ। ਰੁਚੀ ਰਾਮ ਨੇ ਕੂਹਣੀ ਮਾਰ ਕੇ ਜਵਾਬ ਦਿੱਤਾ। ਇਹ ਕ੍ਰਮ ਚਾਰ ਵਾਰ ਚੱਲਿਆ। ਹਰ ਵਾਰ ਪਹਿਲਾਂ ਨਾਲੋਂ ਸਖ਼ਤ। ਇਹ ਖੇਡ ਜਾਰੀ ਰਹੀ। ਮੂੰਹੋਂ ਦੋਵਾਂ ਵਿਚੋਂ ਕਿਸੇ ਨੇ ਇੱਕ ਸ਼ਬਦ ਵੀ ਨਾ ਬੋਲਿਆ। ਰੁਚੀ ਰਾਮ ਇਸ ਤੋਂ ਅਗਾਂਹ ਲਈ ਵੀ ਤਿਆਰ ਸੀ, ਪਰ ਅੰਗਰੇਜ਼ ਨੇ ਆਪ ਹੀ ਇਹ ਮੁਕਾਬਲਾ ਬੰਦ ਕਰ ਦਿੱਤਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਵਾਹ ਕਿਸੇ ਅੜਬ ਪੰਜਾਬੀ ਨਾਲ ਪੈ ਗਿਆ ਹੈ। ਅਗਲੀ ਸਵੇਰ ਉਹ ਸੀਨੀਅਰ ਆਈæਸੀæਐਸ਼ ਅਫ਼ਸਰ ਨਾਲ ਮੇਜ਼ ਉਤੇ ਨਾਸ਼ਤੇ ਲਈ ਬੈਠੇ ਤਾਂ ਇੱਕ ਮੁਸਲਿਮ ਤਾਲੁਕਦਾਰ ਦੀ ਸੋਹਣੀ ਸੁਚੱਜੀ ਸੁਆਣੀ ਨੇ ਉਸ ਨੂੰ ਵੇਖ ਕੇ ਗੱਲ ਛੇੜੀ, “ਸੱਚਮੁੱਚ ਤਬਦੀਲੀ ਆ ਗਈ ਹੈ ਸਾਡੇ ਮੁਲਕ ਵਿਚ।” ਰੁਚੀ ਰਾਮ ਨੇ ਪੁੱਛਿਆ, “ਕੀ ਹੋਇਆ ਹੈ ਰਾਣੀ ਸਾਹਿਬਾ?” ਇਹ ਸੁਣ ਕੇ ਉਸ ਨੇ ਪਲੇਟਫਾਰਮ ਉਤੇ ਘਟਨਾ ਚੱਕਰ ਦਾ ਆਪਣੇ ਬੇਟੇ ਵੱਲੋਂ ਦੱਸਿਆ ਬਿਰਤਾਂਤ ਸੁਣਾ ਦਿੱਤਾ। ਰੁਚੀ ਰਾਮ ਨੇ ਕਿਹਾ, “ਹਾਂ, ਰਾਣੀ ਸਾਹਿਬਾ ਮੁਲਕ ਵਾਸੀਆਂ ਵਿਚ ਆਪਣੇ ਸਵੈ-ਮਾਣ ਦੀ ਰੱਖਿਆ ਦੀ ਹਿੰਮਤ ਤਾਂ ਹੋਣੀ ਹੀ ਚਾਹੀਦੀ ਹੈ।” ਇਹ ਕਹਿ ਕੇ ਉਸ ਨੇ ਪੁੱਛਿਆ, “ਤੁਸੀਂ ਉਸ ਬੰਦੇ ਨੂੰ ਮਿਲਣਾ ਚਾਹੋਗੇ?” ਚੁਸਤ ਨਿਕਲੀ ਉਹ ਬੀਬੀ। “ਕਿਤੇ ਤੁਸੀਂ ਹੀ ਤਾਂ ਨਹੀਂ ਹੋ?” ਉਸ ਨੇ ਮੋੜਵਾਂ ਸਵਾਲ ਕੀਤਾ।
__________________________________
ਅੰਗਰੇਜ਼ ਦੇ ਘਸੁੰਨ ਜੜਿਆ
ਰੁਚੀ ਰਾਮ ਸ਼ਿਮਲੇ ਜਾ ਰਿਹਾ ਸੀ। ਉਨ੍ਹਾਂ ਕਾਲਕਾ ਛੋਟੀ ਗੇਜ ਦੀ ਗੱਡੀ ਵਿਚ ਬੈਠਣਾ ਸੀ। ਰੁਚੀ ਰਾਮ ਨੇ ਖਿੜਕੀ ਵਿਚੋਂ ਖਾਲੀ ਸੀਟ ਮੱਲਣ ਲਈ ਹੈਂਡਬੈਗ ਧਰਿਆ ਤੇ ਬਾਕੀ ਸਾਮਾਨ ਬੁੱਕ ਕਰਵਾਉਣ ਚਲਾ ਗਿਆ। ਪਰਤਿਆ ਤਾਂ ਉਸ ਦਾ ਬੈਗ ਡੱਬੇ ਦੇ ਲਾਂਘੇ ਵਿਚ ਪਿਆ ਸੀ ਅਤੇ ਉਸ ਦੀ ਸੀਟ ਸਮੇਤ ਸਾਰਾ ਡੱਬਾ ਭਰਿਆ ਪਿਆ ਸੀ। ਆਪਣੀ ਸੀਟ ਉਤੇ ਬੈਠੇ ਅੰਗਰੇਜ਼ ਨੂੰ ਉਸ ਨੇ ਨਿਮਰਤਾ ਨਾਲ ਸੀਟ ਛੱਡਣ ਲਈ ਕਿਹਾ, ਕਿਉਂ ਜੋ ਬੈਗ ਰੱਖ ਕੇ ਉਹ ਸਾਮਾਨ ਬੁੱਕ ਕਰਵਾਉਣ ਗਿਆ ਸੀ। ਅੰਗਰੇਜ਼ ਨੇ ਗੁਸਤਾਖੀ ਨਾਲ ਕਿਹਾ, “ਤੂੰ ਕਿਸੇ ਹੋਰ ਡੱਬੇ ਵਿਚ ਜਾ। ਇੱਥੋਂ ਦਫ਼ਾ ਹੋ।” ਸਾਹਨੀ ਨੇ ਕਿਹਾ ਕਿ ਉਹ ਕਿਸੇ ਹੋਰ ਡੱਬੇ ਵਿਚ ਨਹੀਂ ਜਾ ਸਕਦਾ। ਹੁਣ ਦੇਰ ਹੋ ਗਈ ਹੈ। ਕਿਤੇ ਵੀ ਸੀਟ ਨਹੀਂ ਮਿਲਣੀ। ਅੰਗਰੇਜ਼ ਮੁੜ ਬੋਲਿਆ, “ਸਿਰ ਨਾ ਖਾਹ, ਦਫ਼ਾ ਹੋ।” ਸਾਹਨੀ ਨੇ ਸਮਝਾਇਆ, “ਤੂੰ ਸਟੇਸ਼ਨ ਮਾਸਟਰ ਨੂੰ ਮਿਲ ਕੇ ਆਪਣੀ ਸੀਟ ਦਾ ਪ੍ਰਬੰਧ ਕਰ ਤੇ ਇਹ ਸੀਟ ਛੱਡ ਦੇ।” ਇਹ ਸੁਣ ਕੇ ਅੰਗਰੇਜ਼ ਨੇ ਉਸ ਨੂੰ ਮਾਰਨ ਲਈ ਹੱਥ ਚੁੱਕੇ ਅਤੇ ਕਿਹਾ, “ਤੂੰ ਜਾਂਦਾ ਹੈਂ ਜਾਂ ਨਹੀਂ।” ਸਾਹਨੀ ਨੇ ਪੰਜਾਬੀਆਂ ਵਾਲੇ ਰੋਅਬ ਨਾਲ ਆਖਿਆ, “ਵੇਖ, ਜੇ ਤੂੰ ਹੱਥ ਚੁੱਕਿਆ ਤਾਂ ਮੈਂ ਲਿਹਾਜ਼ ਨਹੀਂ ਕਰਨਾ।”
ਇਸ ਦੇ ਬਾਵਜੂਦ ਅੰਗਰੇਜ਼ ਨੇ ਰੁਚੀ ਰਾਮ ਦੇ ਚਪੇੜ ਮਾਰ ਦਿੱਤੀ। ਰੁਚੀ ਰਾਮ ਨੇ ਨਾਲ ਦੀ ਨਾਲ ਪੂਰੇ ਜ਼ੋਰ ਨਾਲ ਉਸ ਨੂੰ ਘਸੁੰਨ ਜੜ ਦਿੱਤਾ। ਨਾਲ ਬੈਠੇ ਸਾਰੇ ਅੰਗਰੇਜ਼ ਹੈਰਾਨੀ ਨਾਲ ਦੇਖਣ ਲੱਗੇ। ਸਾਹਮਣੇ ਬੈਠੀ ਉਸ ਦੀ ਪਤਨੀ ਆਪਣੀ ਛੱਤਰੀ ਚੁੱਕ ਕੇ ਉਸ ਨੂੰ ਮਾਰਨ ਲਈ ਉਠੀ ਤਾਂ ਰੁਚੀ ਰਾਮ ਨੇ ਕਿਹਾ, “ਵੇਖ ਬੀਬੀ, ਜੇ ਤੂੰ ਮੈਨੂੰ ਇੱਕ ਮਾਰੇਂਗੀ ਤਾਂ ਤੇਰੇ ਪਤੀ ਨੂੰ ਦੋ ਮਾਰਾਂਗਾ। ਤੈਨੂੰ ਮੈਂ ਕੁਝ ਨਹੀਂ ਕਹਿਣਾ।” ਪਤਨੀ ਚੀਕ ਕੇ ਪਤੀ ਨੂੰ ਬੋਲੀ, “ਜਾਓ, ਜਾ ਕੇ ਸਟੇਸ਼ਨ ਮਾਸਟਰ ਨੂੰ ਬੁਲਾ ਲਿਆਓ।” ਖ਼ੈਰ, ਸਟੇਸ਼ਨ ਮਾਸਟਰ ਆਇਆ। ਉਸ ਨੇ ਰੁਚੀ ਰਾਮ ਨੂੰ ਸਮਝਾਇਆ, “ਤੁਸੀਂ ਮੇਰੇ ਨਾਲ ਚੱਲੋ। ਮੈਂ ਸੀਟ ਦਿੰਦਾ ਹਾਂ। ਇਹ ਦੋ ਬੰਦੇ ਹਨ। ਮੇਰੇ ਕੋਲ ਇੱਕੋ ਸੀਟ ਹੈ। ਸੀਟ ਦੀ ਗਾਰੰਟੀ ਮੇਰੀ ਹੈ। ਬੈਗ ਫੜਾਓ। ਮੇਰੇ ਨਾਲ ਚਲੋ ਤੇ ਸੀਟ ਉਤੇ ਆਰਾਮ ਨਾਲ ਬੈਠੋ।” ਇਹ ਕਹਿ ਕੇ ਉਸ ਨੇ ਸੈਕੰਡ ਕਲਾਸ ਦੇ ਉਸ ਡੱਬੇ ਵਿਚੋਂ ਉਠਾ ਕੇ ਸਾਹਨੀ ਨੂੰ ਫਸਟ ਕਲਾਸ ਦੇ ਡੱਬੇ ਵਿਚ ਬਿਠਾਇਆ। ਸ਼ਿਮਲੇ ਜਾ ਕੇ ਉਸ ਕੋਲ ਅੰਗਰੇਜ਼ ਪੁਲੀਸ ਸਾਰਜੈਂਟ ਆਇਆ ਅਤੇ ਉਸ ਦਾ ਨਾਂ ਪਤਾ ਪੁੱਛਣ ਲੱਗਿਆ। ਸਾਹਨੀ ਨੇ ਕਿਹਾ, “ਨਾਂ ਪਤਾ ਮੈਂ ਬਾਅਦ ਵਿਚ ਦਿਆਂਗਾ, ਪਹਿਲਾਂ ਜਿਸ ਬੰਦੇ ਨਾਲ ਝਗੜਾ ਹੋਇਆ ਹੈ, ਉਸ ਦਾ ਨਾਂ ਪਤਾ ਅਤੇ ਸਾਹਮਣੀ ਨੁੱਕਰ ਵਾਲੀ ਸੀਟ ਦੇ ਗਵਾਹ ਦਾ ਨਾਂ ਪਤਾ ਲਿਆਓ।” ਸਾਰਜੈਂਟ ਉਸ ਦੀ ਗੱਲ ਸੁਣ ਕੇ ਲੋੜੀਂਦੀ ਜਾਣਕਾਰੀ ਲੈ ਆਇਆ। ਉਸ ਉਪਰੰਤ ਉਸ ਨੂੰ ਕਦੇ ਇਸ ਘਟਨਾ ਬਾਰੇ ਕਿਸੇ ਨੇ ਕੁਝ ਨਾ ਪੁੱਛਿਆ।