ਜਦੋਂ ਦਿਲ ਵੱਡੇ ਤੇ ਬੂਹੇ ਖੁੱਲ੍ਹੇ ਹੁੰਦੇ ਸਨ, ਉਦੋਂ ਦਰਵਾਜ਼ੇ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ, ਫਿਰ Ḕਜੀ ਆਇਆਂ ਨੂੰḔ ਲਿਖ ਕੇ ਤਖਤੀ ਕਿੱਥੇ ਲਾਉਣੀ ਸੀ? ਉਦੋਂ ਵਿਹੜੇ Ḕਚ ਦਿਨ ਚੜ੍ਹੇ ਤੱਕ ਲੱਗੀਆਂ ਮੱਛਰਦਾਨੀਆਂ ਇਤਫਾਕ ਤੇ ਮੁਹੱਬਤ ਦੇ ਤੰਬੂ ਲੱਗਦੇ ਸਨ, ਹੁਣ ਬਿਜਲੀ Ḕਤੇ ਚੱਲਦੇ Ḕਆਲ ਆਊਟḔ ਅਤੇ Ḕਕਛੂਆ ਛਾਪḔ ਦੀਆਂ ਬੱਤੀਆਂ ਜਲਾ ਕੇ ਵੀ ਮੱਛਰ ਬੰਦੇ ਦੇ ਕੰਨ Ḕਚ ਪੁੱਛੀ ਜਾਂਦੇ ਹਨ, Ḕਹੁਣ ਤੂੰ ਕਿਤੇ ਮਲੇਰੀਏ ਤੋਂ ਬਚ ਜਾਊਂ?Ḕ ਇਸੇ ਕਰਕੇ ਸਿਆਸੀ ਲੋਕਾਂ ਵਾਂਗ ਉਹ ਵੀ ਚਿੱਟੇ ਲੀੜੇ ਪਾ ਕੇ Ḕਚਿੱਟਾ ਮੱਛਰḔ ਬਣ ਦਲ ਬਦਲੀ ਫਿਰਦਾ ḔਡੇਂਗੂḔ ਦੇ ਚੋਣ ਨਿਸ਼ਾਨ ਨਾਲ ਪ੍ਰਚਾਰ ਕਰ ਰਿਹਾ ਹੈ।
ਅੱਜ ਦੇ ਯੁੱਗ ਵਿਚ ਧਨ, ਮਨ ਦੀ ਮੌਜ ਨਾਲ ਜੁੜਨ ਹੀ ਨਹੀਂ ਦਿੰਦਾ। ਇਸ ਕਰਕੇ ਕਈ ਸ਼ਰੀਫ ਬੰਦਿਆਂ ਦੀ ਵੀ ਜਦੋਂ ਜੇਬ ਭਾਰੀ ਹੋਈ ਤਾਂ ਉਹ ਪਰਿਵਾਰ ਫੂਕ ਕੇ ਤਨ ਦਾ ਸ਼ਿਕਾਰ ਖੇਡਣ ਲਈ ਨਿਕਲ ਤੁਰਦੇ ਹਨ। ਇਹ ਬੰਦੇ ਆਪਣੇ ਚਿੱਤੋਂ ਤਾਂ ਹੱਥ ਮਿਲਾਉਣ ਦਾ ਯਤਨ ਕਰ ਰਹੇ ਹੁੰਦੇ ਨੇ ਪਰ ਵਕਤ ਇਨ੍ਹਾਂ ਕੋਲੋਂ ਹੱਥ ਵੀ ਖਿੱਚ ਰਿਹਾ ਹੁੰਦਾ ਹੈ ਤੇ ਮੂੰਹ ਵੀ ਦੂਜੇ ਪਾਸੇ ਕਰ ਲੈਂਦਾ ਹੈ। ḔਕੋਠੇḔ Ḕਤੇ ਬੈਠੀ ਔਰਤ ਨੂੰ ਇਕ ਭਲੇਮਾਣਸ ਨੇ ਪੁੱਛਿਆ, Ḕਤੂੰ ਇਹ ਕੀ ਕਰ ਰਹੀ ਏਂ?Ḕ ਉਹ ਤਪੀ ਪਈ ਦੰਦੀਆਂ ਪੀਹ ਕੇ ਬੋਲੀ, Ḕਕੁੱਤੇ ਹੁਣ ਸਿਰਫ ਹੱਡਾ ਰੋੜੀ ਹੀ ਨਹੀਂ ਜਾਂਦੇ, ਰੱਬ ਦਿਆ ਬੰਦਿਆ!Ḕ ਵਿਚਾਰੇ ਨੂੰ ਇਓਂ ਲੱਗਾ ਜਿਵੇਂ ਆਪਣਾ ਹੀ ਹੱਥ ਥੱਪੜ ਬਣ ਕੇ ਆਪਣੇ ਹੀ ਮੂੰਹ ‘ਤੇ ਜਾ ਵੱਜਿਆ ਹੋਵੇ। ਚਲੋ ਪੈਸੇ ਟਕੇ ਦਾ ਲਾਲਚ ਤਾਂ ਬਹੁਤ ਕਰਦੇ ਦੇਖੇ ਨੇ ਪਰ ਕਈ ਐਸੇ ਲੋਭੀ ਟੱਕਰੇ ਜਿਹੜੇ ਵੱਸਣ ਤੋਂ ਪਹਿਲਾਂ ਹੀ ਉਜੜ ਗਏ। ਮਾੜੇ ਇਰਾਦਿਆਂ ਨਾਲ ਚੰਗੇ ਕਾਰਜ ਕਰਨ ਦਾ ਯਤਨ ਸਿਆਣੇ ਲੋਕਾਂ ਦਾ ਹੋ ਹੀ ਨਹੀਂ ਸਕਦਾ। ਕਈਆਂ ਦੇ ਦੰਦ ਤਾਂ ਮੂੰਹ ਵਿਚ ਇਕ ਵੀ ਨਹੀਂ ਰਿਹਾ ਪਰ ਬੇਸ਼ਰਮੀ ਦਾ ਪੀਹਣ ਪੀਹਣੋਂ ਉਹ ਫਿਰ ਵੀ ਨਹੀਂ ਹਟੇ। ਕਈਆਂ ਨੇ ਕਰਤੂਤਾਂ ਤਾਂ ਕਰ ਲਈਆਂ, ਇਸ ਕਰਕੇ ਉਹ ਸੋਚਦੇ ਸਨ ਕਿ Ḕਕਿਹੜਾ ਕਿਸੇ ਨੂੰ ਪਤਾ ਲੱਗਣੈ?Ḕ ਪਰ ਅੱਜ ਕੱਲ ਮੀਡੀਆ ਇਨ੍ਹਾਂ ਨੂੰ ਨਸ਼ਰ ਕਰਨ ਤੇ ਭੰਡਣ ਦੀ ਚੰਗੀ ਭੂਮਿਕਾ ਨਿਭਾਉਣ ਲੱਗ ਪਿਆ ਹੈ। ਕਈਆਂ ਦਾ ਨਾਂ ਤਾਂ ਤਾਰਾ ਸੀ ਪਰ ਚੜ੍ਹਾਉਣ ਚੰਦ ਲੱਗ ਪਏ ਜਿਵੇਂ…!
ਐਸ ਅਸ਼ੋਕ ਭੌਰਾ
ਬੁਢਾਪੇ ਤੋਂ ਪਹਿਲਾਂ ਔਰਤ ਲਈ ਵਿਧਣਾ ਹੋਣਾ ਸੰਤਾਪ ਹੀ ਬਹੁਤ ਵੱਡਾ ਹੁੰਦਾ ਹੈ। ਉਹ ਜਿਊਣਾ ਜਾਣਦੀ ਵੀ ਹੋਵੇ, ਮਜਬੂਰੀਆਂ ਤੇ ਮਰਦ ਦੀਆਂ ਸ਼ੈਤਾਨੀਆਂ ਉਹਦੀ ਚਿੱਟੀ ਚੁੰਨੀ ਦਾ ਲੜ ਖਿਚ ਹੀ ਲੈਂਦੀਆਂ ਹਨ। ਅਕਸਰ ਇਉਂ ਵਾਪਰਦਾ ਵੇਖਿਆ ਹੈ ਕਿ ਜਿਹਦੇ Ḕਤੇ ਦੁੱਖ ਅਤੇ ਸੰਤਾਪ ਲਗਤਾਰ ਹਮਲੇ ਕਰ ਰਹੇ ਹੋਣ ਉਨ੍ਹਾਂ ਦੀ ਜਾਨ ਵੀ ਨਹੀਂ ਨਿਕਲਦੀ ਤੇ ਦੂਜੇ-ਚੌਥੇ ਬਹਿਮਾਤਾ ਵੀ Ḕਕੀ ਹਾਲ ਚਾਲ ਹੈ?Ḕ ਪੁੱਛ ਕੇ ਅੱਗੇ ਤੁਰ ਜਾਂਦੀ ਹੈ। ਕਈ ਪਿੰਡ ਵੇਖਣ ਨੂੰ ਤਾਂ ਘੁੱਗ ਵਸਦੇ ਹੁੰਦੇ ਹਨ ਪਰ ਚੀਕਾਂ ਚੁੱਪ ਕਰਕੇ ਵੱਜ ਰਹੀਆਂ ਹੁੰਦੀਆਂ ਹਨ।
ਕਰੀਬ ਅੱਠ ਸਾਲਾਂ ਪਿੱਛੋਂ ਕਾਂ ਤੋਂ ਬਗਲਾ ਯਾਨਿ ਕੱਚੇ ਤੋਂ ਪੱਕਾ ਹੋ ਕੇ ਅਮਰੀਕਾ ਤੋਂ ਪਰਤੇ ਪੁੱਤਰ ਰਣਜੀਤ ਨੂੰ ਜਦੋਂ ਬਾਪੂ ਤਾਰਾ ਸਿੰਘ ਦਿੱਲੀ ਦੇ ਹਵਾਈ ਅੱਡੇ ਤੋਂ ਲੈ ਕੇ ਤੁਰਿਆ ਤਾਂ ਚਿਹਰੇ ‘ਤੇ ਉਕਰਿਆ ਇਕ ਸਵਾਲ ਖੁਸ਼ੀ ਦੇ ਚਾਵਾਂ ਨਾਲ ਹੱਥੋਪਾਈ ਹੋ ਰਿਹਾ ਸੀ। ਹਾਲਾਂਕਿ ਰਣਜੀਤ ਨੇ ਕਈ ਵਾਰ ਪੁੱਛਿਆ ਵੀ ਸੀ ਕਿ Ḕਡੈਡੀ ਤੂੰ ਕੁਝ ਕਹਿਣਾ ਚਾਹੁੰਨੈ ਕਿ ਪੁੱਛਣਾ?Ḕ ਤਾਰਾ ਸਿੰਘ Ḕਨਹੀਂ ਊਂ ਈ ਮਨ ਬਾਗੋ ਬਾਗ ਹੋਇਆ ਸ਼ੈਦਾਈ ਕਰੀ ਜਾਂਦੈḔ ਕਹਿ ਕੇ ਚੁੱਪ ਹੋ ਜਾਂਦਾ। Ḕਹੁਣ ਕਰਦਾਂ ਗੱਲ, ਹੁਣ ਕਰਦਾਂ ਗੱਲḔ ਸੋਚਦਾ ਉਹ ਅੱਧੀ ਰਾਤ ਨੂੰ ਪੁੱਤਰ ਨੂੰ ਲੈ ਕੇ ਪਿੰਡ ਜਾ ਪੁੱਜਿਆ। ਪਿੰਡ Ḕਚ ਰਣਜੀਤ ਦੇ ਆਉਣ ਦੀ ਕਿਸੇ ਨੂੰ ਵੀ ਬਿੜਕ ਜਾਂ ਭਿਣਕ ਹੀ ਨਹੀਂ ਸੀ। ਦੋਹਾਂ ਦੇ ਅੰਦਰ ਵੜਦਿਆਂ ਲੁੱਡੀਆਂ ਪਾਈਆਂ, ਜਿਵੇਂ ਵਿਆਹ ਤੋਂ ਬਿਨਾਂ ਹੀ ਵਾਜਾ ਵੱਜਣ ਲੱਗ ਪਿਆ ਹੋਵੇ, ਕਿਉਂਕਿ ਘਰ Ḕਚ ਤਾਰਾ ਸਿੰਘ ਤੋਂ ਸਿਵਾ ਕਿਸੇ ਨੂੰ ਪਤਾ ਹੀਂ ਨਹੀਂ ਸੀ ਰਣਜੀਤ ਦੇ ਆਉਣ ਬਾਰੇ।
Ḕਚੱਲ ਸਵੇਰੇ ਗੱਲ ਕਰਾਂਗੇ, ਕਿਹੜਾ ਮੂੰਹ ਨ੍ਹੇਰੇ ਉਠ ਪਵੇਗਾḔ ਸੋਚਦਾ ਤਾਰਾ ਸਿੰਘ ਲੇਟ ਗਿਆ। ਮਨ Ḕਚ ਖਿਆਲ ਉਠਦਾ ਤੇ ਇਹ ਖਿਆਲ ਉਹਨੂੰ ਘੂਰਦਾ ਵੀ, “ਮਨਾ ਬਲਕਾਰ ਸੀ ਤਾਂ ਮੇਰਾ ਯਾਰ…ਦੇਸ਼ ਲਈ ਕੁਰਬਾਨ ਹੋ ਗਿਆ। ਚਾਰ ਪੈਸੇ ਜਿਹੜੇ ਮਿਲੇ ਸਨ, ਉਹ ਮੇਰੇ ਆਖੇ ਪੁੱਤਰ ਬਾਹਰ ਤੋਰਨ Ḕਤੇ ਲਾ ਦਿੱਤੇ ਉਹਦੀ ਘਰਵਾਲੀ ਬੰਸੋ ਨੇæææਕਿਤੇ ਰਣਜੀਤ ਨੂੰ ਸਾਡੇ ਬਾਰੇ ਪਤਾ ਨਾ ਲੱਗ ਜਾਵੇ।” ਅੱਖ ਲੱਗ ਹੀ ਗਈ ਇਹ ਸੋਚਦਿਆਂ ਸੋਚਦਿਆਂ।
ਤਾਰਾ ਸਿੰਘ ਨੇ ਪੀਤੇ ਤਾਂ ਪੰਜ ਸੱਤ ਪੈਗ ਸਨ ਪਰ ਚੜ੍ਹੇ ਨ੍ਹੀਂ।
ਦਿਨ ਚੜ੍ਹਿਆ, ਰਣਜੀਤ ਸੁੱਤਾ ਪਿਆ ਸੀ, ਕਚਹਿਰੀ ਦੀ ਤਾਰੀਖ ਯਾਦ ਆ ਗਈ ਤਾਰਾ ਸਿੰਘ ਨੂੰ। ਫਟਾ ਫਟ ਸਕੂਟਰ ਚੱਕਿਆ, ਤੁਰਨ ਲੱਗੇ ਨੇ ਘਰ ਵਾਲੀ ਨੂੰ ਕਿਹਾ, “ਬਚਨੀਏ ਜੀਤੇ ਨੂੰ ਆਖੀਂ ਅੱਜ ਕਿਸੇ ਦੇ ਘਰ ਨਾ ਜਾਵੇ, ਕੱਲ ਘੁਮਾਵਾਂਗਾ ਪਿੰਡæææ ਅਰਾਮ ਕਰ ਲਵੇ ਅੱਜ।”
ਦਸ ਕੁ ਵਜੇ ਰਣਜੀਤ ਉਠਿਆ, ਮੂੰਹ ਧੋਤਾ ਤੇ ਚਾਹ ਪੀਤੇ ਬਿਨਾਂ ਹੀ ਮਾਂ ਬਚਨੀ ਦੇ ਵਾਜਾਂ ਮਾਰਦਿਆਂ ਵੀ Ḕਮਾਂ ਹੁਣ ਮੈਂ ਨਿਆਣਾ ਨ੍ਹੀਂ ਹੈਗਾḔ ਕਹਿ ਕੇ ਘਰੋਂ ਬਾਹਰ ਨਿਕਲ ਗਿਆ। ਮੂਹਰੇ ਟੱਕਰ ਗਿਆ ਭੋਲੂਆਂ ਦਾ ਭਜਨਾ ਲੰਬੜ।
“ਓ ਬੱਲੇ ਓ ਮੁੰਡਿਆ, ਤੂੰ ਕਦੋਂ ਆਇਆ?” ਕਹਿੰਦਿਆਂ ਭਜਨੇ ਨੇ ਰਣਜੀਤ ਨੂੰ ਘੁੱਟ ਕੇ ਜੱਫੀ ਪਾ ਲਈ। “ਸਹੁਰੀ ਦਿਆ ਦੱਸਿਆ ਈ ਨ੍ਹੀਂ?” ਨਾਲ ਹੀ ਦੂਜਾ ਸੁਆਲ ਕਰḔਤਾ।
“ਤਾਇਆ ਬੱਸ ਏਦਾਂ ਈ ਆ ਗਿਆ ਕਾਹਲੀ Ḕਚ।”
“ਹੋਰ ਸੁਣਾ। ਬਲਜੀਤ ਜੇਲ੍ਹ Ḕਚ ਹੀ ਵਿਚਾਰਾ ਕਿ ਛੱਡḔਤਾ ਅਮਰੀਕਾ ਵਾਲਿਆਂ ਨੇ?”
“ਤਾਇਆ ਬਲਜੀਤ ਕਿਹੜਾ?”
“ਤੇਰੇ ਨਾਲ ਤੋਰਿਆ ਤੀ ਜਿਹੜਾ ਬਲਕਾਰ ਸਿਹੁੰ ਦਾ ਪੁੱਤæææਵਿਚਾਰੀ ਬੰਸੋ ਅੱਧੀ ਨ੍ਹੀਂ ਰਹੀ ਉਹਦੀ ਉਡੀਕ Ḕਚ… ਊਂ ਤੇਰਾ ਪਿਓ ਉਥੇ ਹੀ ਵੜਿਆ ਰਹਿੰਦੈ।”
“ਵੜਿਆ ਰਹਿੰਦੈæææ ਡੈਡੀ ਨੇ ਉਹਨੂੰ ਦੱਸਿਆ ਨ੍ਹੀਂ ਕੁਝ?”
“ਵੜਿਆ ਕਹਿ ਹੋ ਗਿਆæææ ਖਿਆਲ ਬਾਹਲਾ ਰੱਖਦੇ ਬੰਸੋ ਦਾ। ਨਾ ਦੱਸਿਆ ਕੀ ਨ੍ਹੀਂ ਪੁੱਤਰਾ?”
“ਤਾਇਆ ਪਤਾ ਨੀਂ ਥੋਨੂੰ ਬਲਜੀਤ ਦਾ?”
“ਕੀ ਹੋਇਆ ਉਹਨੂੰ?”
“ਉਹ ਤਾਂ ਜਾਂਦਿਆਂ ਰਾਹ Ḕਚ ਹੀ ਮਰ ਗਿਆ ਸੀ। ਡੈਡੀ ਨੂੰ ਮੈਂ ਉਦੋਂ ਹੀ ਦੱਸ ਦਿੱਤਾ ਸੀ, ਉਹਨੇ ਓਹਲਾ ਕਿਉਂ ਰੱਖਿਆ?”
“ਜੀਤਿਆ ਮੁੱਠ ਘੁੱਟ ਲੈ, ਇਕ ਦਮ ਨਾ ਪਟਾਕਾ ਪਾ ਦਈਂ ਕਿਤੇ। ਬੰਸੋ ਬੌਰੀ, ਸ਼ੁਦੈਣ ਹੋ ਜੂ। ਨਾ ਆਏਂ ਦੱਸ ਬਲਜੀਤ ਚੰਗਾ ਭਲਾ ਤੀਗਾæææ ਹੋਇਆ ਕੀ ਤੀæææਦੱਸ ਤਾਂ ਜ਼ਰਾ?”
“ਤਾਇਆ ਢਿੱਲਾ ਮੱਠਾ ਤਾਂ ਉਹ ਐਥੇ ਈ ਰਹਿੰਦਾ ਸੀ। ਜਿੱਦਣ ਅਸੀਂ ਤੁਰੇ, ਉਦਣ ਵੀ ਭੂਆ ਕਰਤਾਰੀ ਦਿਓਂ ਲੈ ਕੇ ਆਂਦਾ। ਦਿੱਲੀ ਤਾਂ ਬੁਖਾਰ ਨੇ ਮੱਤ ਮਾਰੀ ਰੱਖੀ।”
“ਨਾ ਬੁਖਾਰ ਨਾਲ ਮਰ ਗਿਆ?”
“ਤਾਇਆ ਸੁਣ ਤਾਂ ਲੈ। ਲੈ ਗਿਆ ਏਜੰਟ ਸਾਨੂੰ ਦਿੱਲੀਓਂ ਚੜ੍ਹਾ ਕੇ, ਕਦੇ ਕਿਤੇ, ਕਦੇ ਕਿਤੇ। ਕਿਤੇ ਕਾਲਿਆਂ ਦਾ ਮੁਲਕ, ਕਿਤੇ ਫੀਨਿਆਂ ਦਾ। ਅੱਗੇ ਤੁਰ ਕੇ ਅਮਰੀਕਾ ਵੜਨ ਨੂੰ ਛੇ ਰਾਤਾਂ ਲੱਗਣੀਆਂ ਸਨ।”
“ਫੇਰ?”
“ਲੈ ਤਾਇਆ ਤੈਨੂੰ ਸਹੀ ਸਹੀ ਦੱਸਦਾਂ। ਪਤਾ ਤਾਂ ਉਦੋਂ ਮੈਨੂੰ ਵੀ ਨਹੀਂ ਸੀ ਕਿ ਕੀ ਹੋਣਾ, ਅਸੀਂ ਅੱਠ ਜਣੇ ਹੋਟਲ Ḕਚ ਠਹਿਰੇ ਹੋਏ ਸਾਂ।ਅੱਧੀ ਰਾਤ ਨੂੰ ਉਠਾ ਲਿਆ ਸਾਨੂੰ, ਪਈ ਚਲੋ ਅਮਰੀਕਾ ਨੂੰ। ਚਾਅ ਨਾ ਸਾਂਭ ਹੋਵੇ।”
“ਤੂੰ ਜੀਤਿਆ, ਬਲਜੀਤ ਦੀ ਦੱਸ, ਚਿੱਤ ਕਾਹਲਾ ਪਈ ਜਾਂਦੈ।”
“ਤਾਇਆ ਸਾਰਿਆਂ ਨੂੰ ਇਕ ਕਾਰ Ḕਚ ਤੁੰਨ ਕੇ ਬਿਠਾ ਲਿਆ। ਦੋ ਤਿੰਨ ਘੰਟੇ ਲੱਗ ਗਏ ਹੋਣੇ, ਫਿਰ ਜੰਗਲ ਆ ਗਿਆ। ਕਾਰ ਦੀਆਂ ਬੱਤੀਆਂ ਬੰਦ। ਘੰਟਾ ਕੁ ਨ੍ਹੇਰੇ Ḕਚ ਹੀ ਕਾਰ ਦੌੜਦੀ ਰਹੀ। ਮੂਹਰੇ ਗਏ ਤਾਂ ਇਕ ਬੰਦਾ ਖੜਾ Ḕਤੇ ਇਕ ਤੀਵੀਂ। ਗੱਡੀ ਆਲਾ ਛੱਡ ਕੇ ਚਲਾ ਗਿਆ।”
“ਉਹ ਤੀਵੀਂ-ਆਦਮੀ ਕੌਣ ਸਨ?”
“ਡੌਂਕਰ, ਬਾਰਡਰ ਲੰਘਾਉਣ ਵਾਲੇ ਚੋਰੀ। ਅੱਠ ਨੌਂ ਫੁੱਟ ਉਚੀ ਕੰਧ ਟਪਾਈ ਸਾਰਿਆਂ ਤੋਂ। ਬੋਲੀ ਉਹਦੀ ਸਮਝ ਨਾ ਆਵੇ। ਇਸ਼ਾਰਿਆਂ ਨਾਲ ਪੁੱਛਣ ਲੱਗਾ ਕਿ ਪੈਦਲ ਜਾਣਾ ਕਿ ਕਿਸ਼ਤੀ Ḕਚ?æææ ਅਸੀਂ ਤਾਂ ਪੈਦਲ ਹੀ ਹਾਂ ਕਰḔਤੀ।”
“ਚੰਗਾ ਕੀਤਾ! ਕਿਸ਼ਤੀਆਂ ਤਾਂ ਡੁੱਬਦੀਆਂ ਬਹੁਤ ਆ ਜੁਆਨਾæææਫੇਰ।”
“ਤੋਰ ਲਿਆ ਸਾਨੂੰ ਮਗਰ ਮਗਰ। ਬਲਜੀਤ ਵਿਚਾਰਾ ਸੀ ਤਾਂ ਬਿਮਾਰ ਠੁਮਾਰ, ਦਿਨ ਨੂੰ ਲੁਕ ਜਾਣਾ ਰਾਤ ਨੂੰ ਤੁਰਨਾ। ਉਹ ਜੋੜੀ ਤਾਂ ਖਾਣ ਪੀਣ ਦਾ ਪ੍ਰਬੰਧ ਨਾਲ ਲੈ ਕੇ ਗਈ ਸੀ।”
“ਡੌਂਕਰ?”
“ਆਹੋ ਤਾਇਆ! ਫਿਰ ਕਹਿੰਦੇ ਸਖਤੀ ਹੋ ਗe, ਹੁਣ ਨ੍ਹੀ ਚਾਰ ਦਿਨ ਤੁਰਨਾ। ਗਰਮੀ ਲੱਗੇ, ਪੀਣ ਨੂੰ ਘੁੱਟ ਪਾਣੀ ਨਾ ਮਿਲੇ।”
“ਬਾਹਲੇ ਈ ਔਖੇ ਹੋਏ ਫਿਰ ਤਾਂ ਜੁਆਨਾ?”
“ਤਾਇਆ ਪਿਸ਼ਾਬ ਪੀਤਾ ਇਕ ਦੂਜੇ ਦਾ!”
“ਹੈਂ! ਤੁਹਾਡਾ ਬੇੜਾ ਬਹਿ ਜਾਏ, ਪਿਸ਼ਾਬ! ਉਹ ਕਾਹਤੋਂ।”
“ਤਾਇਆ ਪਾਣੀ ਤਾਂ ਘੁੱਟ ਹੈ ਹੀਂ ਨਹੀਂ ਸੀ ਕਿਸੇ ਕੋਲ, ਨਾ ਕਿਤੇ ਉਜਾੜ ਬੀਆਬਾਨ Ḕਚ ਪਾਣੀ ਕਿਤੇ ਨਜ਼ਰੀਂ ਪੈਂਦਾ ਸੀ।æææ ਕੋਈ ਪਿਸ਼ਾਬ ਵੀ ਕਰਦਾ ਨਹੀਂ ਸੀ। ਇਕ ਦੂਜੇ ਲਈ ਸਾਂਭ ਸਾਂਭ ਰੱਖਦੇ ਸਨ। ਜਦੋਂ ਕਿਸੇ ਨੂੰ ਤ੍ਰੇਹ ਲੱਗਦੀ ਤਾਂ ਇਕ ਦੋ ਬੂੰਦਾਂ ਅੰਦਰ ਲੰਘਾ ਲੈਂਦੇ। ਸਾਰੇ ਜੰਗਲ Ḕਚ ਹੀ ਭੁੱਖੇ ਲੁਕੇ ਰਹੇ। ਤਾਇਆ, ਬਈ ਬਲਜੀਤ ਦੀ ਹਾਲਤ ਵਿਗੜ ਗਈ। ਉਹ ਤਾਂ ਕੰਬੇ, ਬੁਖਾਰ ਤੋਬਾ ਤੋਬਾ। ਓਦਣ ਦੀ ਆਖਰੀ ਰਾਤ ਸੀ ਵੜਨ ਦੀ, ਬਲਜੀਤ ਤਾਂ ਪੈਰ ਨਾ ਪੁੱਟੇ।”
“ਜੀਤਿਆ ਫੇਰ?”
“ਡੌਂਕਰ, ਤਾਇਆ ਇਸ਼ਾਰੇ ਨਾਲ ਹੀ ਸਮਝਾ ਗਿਆ ਕਿ ਇਹਨੂੰ ਇੱਥੇ ਹੀ ਰਹਿਣ ਦਿਓ ਬਾਅਦ Ḕਚ ਲੈ ਜਾਵਾਂਗੇ।”
“ਕੱਲਾ ਈ ਛੱਡḔਤਾ ਜੰਗਲ Ḕਚ?”
“ਕੀ ਕਰਦੇ ਤਾਇਆ? ਰੱਬ ਦੀ ਮਰਜ਼ੀ। ਚੰਗੀ ਕਿਸਮਤ ਨੂੰ ਉਦਣ ਤੇਰਵ੍ਹੀਂ ਰਾਤੇ ਅਸੀਂ ਅਮਰੀਕਾ ਜਾ ਹੀ ਵੜੇ।”
ḔḔਤੇ ਬਲਜੀਤ?”
“ਉਹੀ ਤਾਂ ਦੱਸਣ ਲੱਗਾਂæææਮੂਹਰੇ ਲੈਣ ਆਏ ਬੰਦੇ ਨੇ ਡੌਂਕਰ ਤੇ ਉਹਦੇ ਨਾਲ ਦੀ ਨੂੰ ਦੋਹਾਂ ਹੱਥਾਂ ਦੀਆਂ ਚਾਰ ਚਾਰ ਉਂਗਲਾਂ ਖੜੀਆਂ ਕਰਕੇ ਪੁੱਛਿਆ, ਬੰਦੇ ਅੱਠ ਹੋਣੇ ਚਾਹੀਦੇ ਸਨæææਹੈਗੇ ਸੱਤ?”
“ਉਹ ਰਹਿ ਗਿਆ ਉਥੇ ਈ ਬਲਜੀਤ?”
“ਤਾਇਆ, ਉਹ ਡੌਂਕਰ ਉਹਨੂੰ ਪਿਸਤੌਲ ਕੱਢ ਕੇ ਸਮਝਾਉਣ ਲੱਗਾ, Ḕਠਾਹ ਮਾਰ’ਤੀ ਉਹਦੇ ਗੋਲੀ।Ḕ ਇਸ਼ਾਰਿਆਂ Ḕਚ ਦੱਸੇ, ਫਿਰ ਇਹ ਵੀ ਨਾ ਆਉਂਦੇ ਜੇ ਉਹਨੂੰ ਨਾਲ ਖਿੱਚਦੇ।”
“ਤੇਰਾ ਮਤਲਬ ਬਲਜੀਤ ਨੂੰ ਡੌਂਕਰ ਨੇ ਗੋਲੀ ਮਾਰḔਤੀ?”
“ਤਾਇਆ ਇਹੀ ਤਾਂ ਮੈਂ ਡੈਡੀ ਨੂੰ ਜਾਂਦਿਆਂ ਦੱਸ ਦਿੱਤਾ ਸੀ।”
“ਨਾ ਇਹ ਤਾਂ ਬੰਸੋ ਨੂੰ ਕਹਿੰਦਾ ਰਿਹਾ ਤੇਰਾ ਬਲਜੀਤ ਜੇਲ੍ਹ Ḕਚ ਆ, ਉਹਨੂੰ ਅਮਰੀਕਾ ਵਾਲੇ ਜੇਲ੍ਹ Ḕਚ ਮਿਲਣ ਨ੍ਹੀਂ ਦਿੰਦੇ। ਬੱਸ ਸਜ਼ਾ ਪੂਰੀ ਹੋ ਕੇ ਬਾਹਰ ਨਿਕਲਦਿਆਂ ਹੀ ਪੱਕਾ ਹੋਜੂ।”
“ਫਿਰ ਹੁਣ ਤਾਇਆ?”
“ਤਾਰਾ ਸਿਹੁੰ ਕਿਥੇ ਆ?”
“ਉਹ ਕਚਹਿਰੀ ਕੋਈ ਤਰੀਕ ਸੀ, ਉਥੇ ਗਿਆ ਹੋਇਆ।”
“ਸੁੱਝਦਾ ਤਾਂ ਮੈਨੂੰ ਵੀ ਕੁਝ ਨ੍ਹੀਂ? ਕਰੀਏ ਤਾਂ ਕੀ ਕਰੀਏ? ਗੱਲ ਔਖੀ ਹੋ ਜੂæææਬਲਕਾਰ ਦੇਸ਼ ਲਈ ਤੁਰ ਗਿਆ, ਪੈਸਾ ਤਾਰਾ ਸਿਹੁੰ ਨੇ ਏਜੰਟ ਨੂੰ ਦੁਆḔਤਾ ਜਿਹੜਾ ਪੰਦਰਾਂ-ਵੀਹ ਲੱਖ ਮਿਲਿਆ ਤੀæææਤੇ ਪੁੱਤ!”
“ਪਰ ਤਾਇਆ ਹੁਣ ਇਹਦੇ Ḕਚ ਮੇਰਾ ਜਾਂ ਡੈਡੀ ਦਾ ਕੀ ਕਸੂਰ ਹੈ?”
“æææਹੈ ਤਾਂ ਤੇਰੀ ਗੱਲ ਠੀਕ, ਪਰæææ?”
“ਲੈ ਤੇਰੀ ਤਾਈ ਵੀ ਆ ਗਈ, ਇਹਦੇ ਨਾਲ ਕਰਦੈਂ ਗੱਲ?”
“ਤਾਈ ਮੱਥਾ ਟੇਕਦੈਂ।”
“ਜਿਊਂਦਾ ਰਹਿ, ਕਦੋਂ ਆਇਆ ਮੇਰਾ ਪੁੱਤ?”
“ਰਾਤੀਂ। ਚੱਲ ਤਾਈ ਮੈਂ ਸ਼ਾਮੀਂ ਫਿਰ ਗੇੜਾ ਮਾਰੂੰ।”
“ਆਹੋ ਨਾਲੇ ਬੰਸੋ ਨੂੰ ਨ੍ਹੀਂ ਪਤਾ ਹੋਣਾ, ਉਹ ਤਾਂ ਕੱਲ ਦੀ ਪੇਕਿਆਂ ਨੂੰ ਗਈ ਹੋਈ ਐæææ।”
“ਠਾਕਰੀਏ ਬਹਿ ਜਾ ਕਰਦੇ ਆਂ ਗੱਲ।” ਭਜਨੇ ਲੰਬੜ ਨੇ ਉਹਨੂੰ ਅੰਦਰ ਲਿਜਾ ਹੌਲੀ ਹੌਲੀ ਦੱਸੀ ਸਾਰੀ ਗੱਲ।
ਠਾਕਰੀ ਤਾਂ ਹੋ ਗਈ ਕੱਪੜਿਓਂ ਬਾਹਰ, “ਲੈ ਆ ਗਈ ਔਖ ਤਾਰਾ ਸਿਹੁੰ ਦੀæææਬੰਸੋ ਤਾਂ ਅੰਦਰੋਂ ਅੱਗੇ ਈ ਤਪੀ ਪਈ ਐ।”
“ਕੋਈ ਹੋਰ ਗੱਲ ਐ?”
“ਤੂੰ ਲੰਬੜ ਬਣਿਆ ਫਿਰਦੈਂ! ਪਤਾ ਸਾਰਿਆਂ ਨੂੰ ਈ ਹੈ, ਪਿੰਡ ਵਾਲਾ ਕੋਈ ਬੋਲਦਾ ਨ੍ਹੀਂ। ਬੂਹਾ ਢੋਅ ਲੈ, ਦੱਸਦੀ ਆਂ ਤੈਨੂੰ ਤਾਰਾ ਸਿਹੁੰ ਦੀਆਂ ਕਰਤੂਤਾਂæææ ਮੇਰੇ ਨਾਲ ਕਰ ਲੈਂਦੀ ਆ ਸਾਰੀ ਦਿਲ ਦੀ ਗੱਲ ਬੰਸੋæææਆਹ ਸੁਣ ਕੇ ਤਾਂ ਪਿੱਟਣੇ ਪਵਾ ਦਊæææ।”
“ਨਾ ਠਾਕਰੀਏ! ਕੀ ਦੱਸਦੀ ਸੀ ਬੰਸੋ ਤੈਨੂੰ?”
“ਸੁਨੱਖੀ ਤਾਂ ਰੱਜ ਕੇ ਸੀ ਫੌਜੀ ਬਲਕਾਰ ਸਿੰਘ ਦੀ ਬੰਸੋ। ਤੁਰ ਗਿਆ ਵਿਚਾਰਾæææਸੀ ਤਾਂ ਤਾਰਾ ਸਿਹੁੰ ਉਹਦਾ ਯਾਰ ਬਣਿਆ ਫਿਰਦਾæææਅੱਖ ਮਾੜੀ ਰੱਖਦਾ ਸੀ ਬੰਸੋ Ḕਤੇ। ਜਿੱਦਣ ਬਾਰਡਰ ਤੋਂ ਮਾੜੀ ਖਬਰ ਆਈ, ਉਹਦੇ ਮਰਨ ਦੀ, ਇਹ ਕੁੱਤਾ ਖੁਸ਼ ਸੀ ਅੰਦਰੋਂ। ਪੈਸੇ ਚਾਰ ਮਿਲੇ ਸੀ ਵਿਚਾਰੀ ਨੂੰ ਇਹਨੇ ਕੰਜਰ ਨੇ ਬਲਜੀਤ ਨੂੰ ਬਾਹਰ ਭੇਜਣ ਦੇ ਬਹਾਨੇ ਏਜੰਟ ਦੇ ਮੂੰਹ ਤੁੰਨḔਤੇ। ਪਤਾ ਜਿੱਦਣ ਮੁੰਡਾ ਘਰੋਂ ਤੁਰਿਆ, ਕੀ ਕਹਿੰਦਾ ਸੀæææਬੀਬਾ ਬਣਿਆ ਫਿਰਦਾ ਜਿਹੜਾ?”
“ਕੀ ਆਂਦਾ Ḕਤੀ?”
“ਬਲਜੀਤ ਗਿਆ ਸੀ ਆਪਣੀ ਵੱਡੀ ਭੂਆ ਦੇ ਲਹਿਣੇ ਆਲੀ ਕਰਤਾਰੀ ਦੇ। ਇਹ ਉਹਨੂੰ ਜਾ ਕੇ ਕਹਿੰਦਾ, ਹੁਣੇ ਬੁਲਾ, ਕੱਲ ਨੂੰ ਦਿੱਲੀਓਂ ਫਲੈਟ ਆ। ਨਾਲੇ ਦੋ ਹਜ਼ਾਰ ਡਾਲਰ ਚਾਹੀਦੇ ਆ ਕੋਲ਼ææਉਹਨੇ ਬੇਵੱਸ ਨੇ ਤਰਲਾ ਕੀਤਾ ਕਿ ਘਰ ਤਾਂ ਕੌਡੀ ਨ੍ਹੀਂ। ਅੱਗੋਂ ਇਹ ਲੁੱਚਾ, ਕੰਜਰ ਤਾਰਾ ਸਿਹੁੰ ਪਤਾ ਕੀ ਬੋਲਿਆ?”
“ਕੀ?”
“ਕਹਿੰਦਾ, ਉਹ ਤਾਂ ਚੱਲ ਮੈਂ ਔਖਾ ਸੌਖਾ ਹੱਲ ਕਰ ਦਿੰਨੈ, ਤੂੰ ਫਿਰ ਮੇਰਾ ਵੀ ਖਿਆਲ ਰੱਖੀਂ। ਦੰਦਾਂ Ḕਚ ਹੱਸਦਾ ਸੀ ਮੀਸਣਾ।”
“ਬਲਜੀਤ ਨੂੰ ਜੇਲ੍ਹ Ḕਚ ਰਣਜੀਤ ਸੰਭਾਲਦਾ ਆ, ਫਿਕਰ ਨਾ ਕਰ। ਛੇਤੀ ਬਾਹਰ ਆ ਜੂ ਪੱਕਾ ਹੋ ਕੇ। ਉਹ ਅਬਲਾæææਵਿਧਵਾ ਇਹਦਾ ਜ਼ੁਲਮ, ਪਾਪæææ ਤੇ ਸਿਤਮ ਸਹਿੰਦੀ ਰਹੀ।”
“ਹੁਣ ਕਰੀਏ ਕੀ ਫਿਰ? ਪਿੰਡ Ḕਚ ਤਾਂ ਸੱਚੀਂ ਪਰਲੋ ਆ ਜੂ?æææ ਬਾਹਰ ਭਲਾ ਵਾਜਾਂ ਕਾਹਦੀਆਂ ਆਉਂਦੀਆਂ?”
“ਵੇ ਲੰਬੜਦਾਰਾ! ਬਾਹਰ ਨਿਕਲ। ਦੇਖ ਆਹ ਕੀ ਹੋ ਗਿਆ, ਆੜ Ḕਚ ਮੂਧਾ ਪਿਆ ਤਾਰਾ ਸਿਹੁੰæææਲਹੂ ਲੁਹਾਣ। ਬੰਸੋ ਨੂੰ ਪਤਾ ਨ੍ਹੀਂ ਕੀ ਹੋ ਗਿਆ, ਸਿਰ Ḕਚ ਕੁਹਾੜੀ ਮਾਰੀ ਆ ਤੇ ਦਾਤੀ ਨਾਲ ਧੂਹ ਲਈਆਂ ਆਂਦਰਾਂ।”
“ਭੱਜ ਉਹ ਲੰਬੜਦਾਰਾ।” ਠਾਕਰੀ ਅਤੇ ਭਜਨਾ ਵੀ ਦੌੜ ਪਏ।
“ਠਾਕਰੀਏ ਲੱਗਦਾ ਰਣਜੀਤ ਸਿੱਧਾ ਬੰਸੋ ਦੇ ਘਰ ਈ ਚਲਾ ਗਿਆ ਹੋਣੈæææਤਾਂ ਹੀ ਪਏ ਆ ਪਿੱਟਣੇ।”
“ਤੇ ਆਪਣੀ ਹੱਥੀਂ ਲੀਰਾਂ ਲੀਰਾਂ ਕਰ ਰਹੀ ਚੁੰਨੀ ਤਾਰਾ ਸਿਹੁੰ ਦੇ ਮੂੰਹ Ḕਤੇ ਵਗਾਹ ਕੇ ਮਾਰਦਿਆਂ ਬੰਸੋ ਚੀਕਾਂ ਮਾਰ ਰਹੀ ਸੀ, Ḕਮੇਰੀ ਪੱਤ ਲੁੱਟਣ ਵਾਲਿਆ ਮੇਰਾ ਪੁੱਤਰ ਵੀ ਨਿਗਲ ਗਿਐਂ। ਪੈਸਾ ਤਾਂ ਲੁੱਟ ਲਿਆ ਹੀ ਸੀ, ਮੈਂ ਤਨ ਲੁਟਾ ਕੇ ਵੀ ਪੁੱਤ ਦੇ ਅਮਰੀਕਾ ਤੋਂ ਆਉਣ ਦੀ ਉਡੀਕ ਕਰਦੀ ਰਹੀ। ਲੁੱਚਿਆ, ਪੁੱਤ ਦੇ ਸਿਹਰੇ ਬੱਝਦੇ ਤੇਰੇ ਵੀ ਨਸੀਬ ਨਾ ਹੋਣ ਦਊਂ।”
ਪੁਲਿਸ ਦੇ ਸਾਇਰਨ ਵੱਜਣ ਲੱਗ ਪਏ ਸਨ ਪਰ ਬੌਰੀ ਹੋਈ ਬੰਸੋ ਲਾਸ਼ ਪਿੰਡ ਵੱਲ ਨੂੰ ਘੜੀਸਣ ਲੱਗ ਪਈ ਸੀ।
“ਬੰਸੋ ਕਾਹਨੂੰ ਤਾਰਾ ਸਿਹੁੰ ਨੂੰ ਨਿੱਤ ਘਰੇ ਵਾੜੀ ਰੱਖਦੀ ਐ!” ਕਹਿਣ ਵਾਲਾ ਪਿੰਡ ਅੱਜ ਸਮਝ ਗਿਆ ਸੀ ਕਿ ਔਰਤ ਦੀ ਲਾਚਾਰੀ ਤੇ ਬੇਵੱਸੀ ਦਾ ਮੁੱਲ ਮਹਿੰਗੇ ਭਾਅ ਈ ਮੋੜਨਾ ਪੈਂਦੈ।
ਬੇਸ਼ਰਮ ਕਈ ਵਾਰ ਮੰਚ ਤੋਂ ਦੋਸ਼ਾਲਾ ਗਲ Ḕਚ ਪੁਆ ਕੇ ਉਤਰ ਰਹੇ ਹੁੰਦੇ ਹਨ ਪਰ ਲੋਕ Ḕਫਿੱਟ ਲਾਹਣਤḔ ਦਾ ਯਾਦ ਚਿੰਨ੍ਹ ਦੇਣ ਨੂੰ ਕਾਹਲੇ ਪਏ ਹੁੰਦੇ ਹਨ। ਹਾਲਾਤ ਬਦਤਰ ਉਦੋਂ ਹੁੰਦੇ ਨੇ ਜਦੋਂ ਤੁਸੀਂ ਸਾਰਿਆਂ ਨਾਲ ਬੋਲੋਂ ਪਰ ਤੁਹਾਡੇ ਨਾਲ ਕੋਈ ਵੀ ਨਾ ਬੋਲੇ।
-੦-
ਆਹ ਵੇਖ ਸਾਈਆਂ!
ਆਦਤ ਕਈਆਂ ਦੀ ਸੱਚੀਂ ਕਮਾਲ ਹੁੰਦੀ, ਫੇਰ ਜਾਂਦੇ ਸਫਾਈ ਨਾਲ ਹੱਥ ਸਾਈਂਆਂ।
ਵਾਧ ਘਾਟ ਦੀ ਨਹੀਂ ਪਰਵਾਹ ਕਰਦੇ, ਭਾਵੇਂ ਕਿੰਨੀ ਵੀ ਹੋਵੇ ਕੁਪੱਤ ਸਾਈਂਆਂ।
ਲੋਕੀਂ ਸਮਝਦੇ ਸ਼ਾਬਾਸ਼ੀ ਦੇਣ ਲੱਗੇ, ਜ਼ਖਮ ਛਿੱਲ ਕੇ ਪਰ੍ਹੇ ਹੋ ਜਾਂਵਦੇ ਨੇ,
ਹੁੰਦੇ ਓਸ ਭੂਤਰੇ ਸਾਨ੍ਹ ਵਰਗੇ, ਪਾਉਣੀ ਕਠਿਨ ਹੈ ਜਿਸ ਦੇ ਨੱਥ ਸਾਈਂਆਂ।
ਉਤੋਂ ਰੰਗ ਦੇ ਬੜੇ ਨੇ ਸਾਫ ਲੱਗਦੇ, ਨੈਣ ਨਕਸ਼ ਵੀ ਵੇਖਣ ਨੂੰ ਜਚਦੇ ਨੇ,
ਗੱਲ ਕਰਕੇ ਕਾਲਜਾ ਫੂਕ ਸੁੱਟਦੇ, ਇੱਕੋ ਕੰਧ Ḕਤੇ ਪਾਉਂਦੇ ਨੇ ਛੱਤ ਸਾਈਂਆਂ।
ਕਈ ਸੱਠਾਂ ਨੂੰ ਲੰਘੇ ਕਈ ਸੱਤਰਾਂ ਨੂੰ, ਅਕਲ ਕੋਲੋਂ ਦੀ ਲੰਘੀ ਨਾ ਮੂਰਖਾਂ ਦੇ,
ਇਨ੍ਹਾਂ ਬੋਹੜ ਤੇ ਪਿੱਪਲ ਹੀ ਛਾਂਗ ਸੁੱਟੇ, ਕਰ ਛੱਡੀ ਵਿਰਾਨ ਹੀ ਸੱਥ ਸਾਈਂਆਂ।
ਅੱਗੇ ਲੋਕ ਟਟੀਹਰੀ ਨੂੰ ਕੋਸਦੇ ਸੀ, ਐਵੇਂ ਸਿਰ ‘ਤੇ ਚੁੱਕੀ ਹੈ ਅਸਮਾਨ ਫਿਰਦੀ,
ਹੁਣ ਲੋਕ ਭਗਵਾਨ ਨੂੰ ਕੋਸਦੇ ਨੇ, ਤੋੜ ਦਿੱਤੀ ਟਟੀਹਰੀ ਦੀ ਲੱਤ ਸਾਈਂਆਂ।
ਬੰਦੇ ਹਟ ਗਏ ਕਰਨ ਤੋਂ ਰਾਜਨੀਤੀ, ਆਈਆਂ ਚੋਣਾਂ ਤੇ ਵੋਟਾਂ ਦੀ ਧਰੀ ਖਿਚੜੀ,
ਇਹ ਭਗਵਿਆਂ ਨੂੰ ਫਿਰਦੇ ਪੂਜਦੇ ਨੇ, ਚੁੱਕੀ ਸਾਧਾਂ ਨੇ ਜਦੋਂ ਦੀ ਅੱਤ ਸਾਈਂਆਂ।
ਜਦੋਂ ਜੰਗਲ ‘ਚੋਂ ਸ਼ੇਰ ਦਾ ਰਾਜ ਮੁੱਕ ਜੂ, ਗਿੱਦੜ ਪਾਉਣਗੇ ਬੁਲਟ ਪਰੂਫ ਲੀੜੇ,
ḔਭੋਰੇḔ ਕੁੱਤਿਆਂ ਨੇ ਡੇਲੇ ਕੱਢਣੇ ਨੇ, ਜਿੱਦਣ ਰਿੱਛ ਦੇ ਰਹੀ ਨਾ ਜੱਤ ਸਾਈਂਆਂ।