ਬਲਜੀਤ ਬਾਸੀ
ਪੰਜਾਬੀ ਵਿਚ ਬਰਖੁਰਦਾਰ ਸ਼ਬਦ ਆਮ ਤੌਰ ‘ਤੇ ਵੱਡੀ ਉਮਰ ਦੇ ਬੰਦੇ ਵਲੋਂ ਛੋਟੀ ਉਮਰ ਵਾਲੇ ਲਈ ਸੰਬੋਧਨ ਵਜੋਂ ਵਰਤਿਆ ਜਾਂਦਾ ਹੈ। ਇਸ ਸ਼ਬਦ ਵਿਚ ਆਸ਼ੀਰਵਾਦ, ਵਾਤਸਲ, ਲਿਹਾਜਦਾਰੀ, ਮਿਹਰਬਾਨੀ, ਪਿਆਰ ਆਦਿ ਦੇ ਭਾਵ ਛੁਪੇ ਹੋਏ ਹਨ। ਕੁਝ ਇਸੇ ਤਰ੍ਹਾਂ ਬੀਬਾ, ਪਿਆਰਾ, ਕਾਕਾ, ਅਜ਼ੀਜ਼, ਭੁਚੰਗੀ ਆਦਿ ਸ਼ਬਦ ਵਰਤੇ ਜਾਂਦੇ ਹਨ। ਇਕ ਕਹਾਣੀ ਦੇ ਇਸ ਸੰਵਾਦ ਤੋਂ ਇਸ ਸ਼ਬਦ ਦੀ ਥਾਹ ਪੈਂਦੀ ਹੈ, “ਫੇਰ ਕੀ? ਉਹਦੇ ਚਰਨ ਫੜੀ ਖੜ੍ਹਾ! ਅਖੇ ਜੀ ਸਾਡੇ ਘਰੇ ਬਰਖੁਰਦਾਰ ਨੇ ਪਧਾਰਨੈ-ਮੈਨੂੰ ਤੇਜੀ ਐ! ਸਾਲ਼ਾ ਨਿਆਣਾ ਜੰਮਣ ਨੂੰ ‘ਬਰਖੁਰਦਾਰ ਪਧਾਰਨਾ’ ਈ ਦੱਸੇ!”
ਬਰਖੁਰਦਾਰ ਸ਼ਬਦ ਕੁਝ ਤਾਅਨੇ ਅਤੇ ਵਿਅੰਗ ਭਾਵ ਨਾਲ ਵੀ ਵਰਤਿਆ ਜਾਂਦਾ ਹੈ। ਵੰਸ਼ਕ ਰਾਜਨੀਤੀ ਦੀ ਪ੍ਰਵਿਰਤੀ ਦੇ ਅਜੋਕੇ ਦੌਰ ਵਿਚ ਬਰਖੁਰਦਾਰਾਂ ਦੀ ਖੂਬ ਚੜ੍ਹਾਈ ਹੈ: ਸੋਨੀਆ ਦਾ ਰਾਹੁਲ, ਪ੍ਰਕਾਸ਼ ਦਾ ਸੁਖਬੀਰ, ਫਾਰੂਕ ਦਾ ਉਮਰ, ਮੁਲਾਇਮ ਦਾ ਅਖਿਲੇਸ, æææ ਕਿਸ ਕਿਸ ਦੇ ਬਰਖੁਰਦਾਰ ਦੀ ਗੱਲ ਕਰੀਏ, ਲਾਲੂ ਨੇ ਤਾਂ ਦੋ ਬਰਖੁਰਦਾਰਾਂ ਨੂੰ ਗੱਦੀ ‘ਤੇ ਵੀ ਬੈਠਾ ਦਿੱਤਾ ਹੈ। ਪੁਸ਼ਟੀ ਲਈ ਇਕ ਕਾਵਿ ਟੋਟੇ ਦੀ ਮਦਦ ਲੈਂਦੇ ਹਾਂ,
ਕੁਰਸੀ ਛੱਡਣ ਲਈ ਨਹੀਂ ਤਿਆਰ ਕੋਈ,
ਰਹਿਣਾ ਚਾਹੁੰਦੇ ਵਿਚ ਸਰਕਾਰ ਮੀਆਂ।
ਬਾਪੂ ਚਾਹੁੰਦਾ ਪ੍ਰਧਾਨਗੀ ਪਾਰਟੀ ਦੀ,
ਚੇਅਰਮੈਨ ਹੋਵੇ ਬਰਖੁਰਦਾਰ ਮੀਆਂ।
ਪੰਜਾਬ ਦੀ ਰਾਜਨੀਤੀ ਦੇ ਪ੍ਰਸੰਗ ਵਿਚ ਬਰਖੁਰਦਾਰ ਦੇ ਹੋਰ ਰੰਗ ਦੇਖੋ, “ਜਾ ਚੜ੍ਹਿਆ ਦੁਸ਼ਮਣਾਂ ਦੇ ਹੱਥੀਂ ਮਨਪ੍ਰੀਤ, ਬਥੇਰਾ ਚਾਚੇ ਸਮਝਾਇਆ, ‘ਬਰਖੁਰਦਾਰਾ, ਐਂਵੇ ਖਰੂਦ ਨਹੀਂ ਕਰੀਦਾ’, ਪਰ ‘ਬਾਲਕ’ ਹੱਠ ਤੋਂ ਨਾ ਹੀ ਹਟਿਆ ਤਾਂ ਐਸੀ ਭਟਕਣੀ ਦਿੱਤੀ ਚਾਚੇ ਨੇ, ਵੋਟਾਂ ਤਾਂ ਪੰਜਾਬ ‘ਚੋਂ ਸੱਚ ਹੱਕ ਦੇ ਨਾਮ ਉਤੇ 7 ਪ੍ਰਤੀਸ਼ਤ ਲੈ ਗਿਆ, ਪਰ ਸੀਟ ਕੋਈ ਨਾ ਹੱਥ ਲੱਗਣ ਦਿੱਤੀ।”
ਪਰ ਬਰਖੁਰਦਾਰ ਪਦ ਦੇ ਅਸਲੀ ਹੱਕਦਾਰ ਕੌਣ ਹਨ? ਬਕੌਲ ਕਰਨੈਲ ਸਿੰਘ ਪਾਰਸ,
ਕਿਸ਼ਨ ਸਿੰਘ ਦੇ ਗ੍ਰਹਿ ਵਿਖੇ, ਤੇ ਭਗਤ ਸਿੰਘ ਸਰਦਾਰ।
ਭਾਰਤ ਮਾਂ ਦਾ ਅਸਲ ਪੁੱਤ, ਤੇ ਜਨਮਿਆ ਬਰਖੁਰਦਾਰ।
ਚਾਚੇ-ਤਾਇਓਂ ਜਿਨ੍ਹਾਂ ਦਾ, ਸੀ ਦੇਸ਼ ਭਗਤ ਪਰਿਵਾਰ।
ਇੱਕ ਦਿਨ ਜਿਸ ਦਾ ਨਾਮ ਸੁਣ, ਤੇ ਕੰਬੂਗੀ ਸਰਕਾਰ।
ਗੁਰੂ ਅਰਜਨ ਦੇਵ ਨੇ ਵੀ ਇਹ ਸ਼ਬਦ ‘ਭਲੇ ਬੱਚੇ’ ਦੇ ਅਰਥਾਂ ਵਿਚ ਵਰਤਿਆ ਹੈ, “ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥” ਅਰਥਾਤ ਇਹ ਸਮਝ ਬਣਾ ਕਿ ਰੱਬ ਇਕ ਹੈ, ਰੱਬ ਦਾ ਨੇਕ ਪੁੱਤਰ ਬਣ, ਤੇਰਾ ਇਹ ਕਰਮ ਹੀ ਸਿੰਙੀ ਵਜਾਉਣ ਦੇ ਤੁੱਲ ਹੈ। ਉਰਦੂ ਦੇ ਜ਼ਮਾਨੇ ਵਿਚ ਤਾਂ ਸਾਡੇ ਬਜ਼ੁਰਗ ਖਤ ਲਿਖਦੇ ਹੋਏ ਆਮ ਹੀ ਇਸ ਤਰ੍ਹਾਂ ਤਮਾਮ ਕਰਦੇ ਸਨ, “ਬਰਖੁਰਦਾਰ ਇਸ ਥੋੜੇ ਲਿਖੇ ਨੂੰ ਬਹੁਤਾ ਸਮਝੀਂ ਔਰ ਅਪਣੀ ਖੈਰੀਅਤ ਤਫਸੀਲ ਨਾਲ ਲਿਖੀਂ।” ਚਲੋ ਉਰਦੂ ਵਿਚੋਂ ਵੀ ਇਕ ਵੰਨਗੀ ਦੇਖਦੇ ਹਾਂ। ਮਿਰਜ਼ਾ ਗਾਲਿਬ ਦੇ ਕਿਸੇ ਜਵਾਹਰ ਸਿੰਘ ਜੌਹਰ ਨਾਮੀਂ ਵਾਕਿਫ ਨੂੰ ਲਿਖੇ ਇਕ ਖਤ ਦੇ ਅਰੰਭਲੇ ਸ਼ਬਦ ਇਸ ਪ੍ਰਕਾਰ ਹਨ,
“ਬਰਖ਼ੁਰਦਾਰ, ਕਾਮਗਾਰ, ਸਆਦਤ-ਇਕਬਾਲ ਨਿਸ਼ਾਨ ਮੁੰਸ਼ੀ ਜਵਾਹਰ ਸਿੰਹ ਜੌਹਰ ਕੋ ਬਲਭਗੜ੍ਹ ਕੀ ਤਹਸੀਲਦਾਰੀ ਮੁਬਾਰਕ ਹੋ। ‘ਪੀਪਲੀ’ ਸੇ ‘ਨੂਹ’ ਆਏ, ‘ਨੂਹ’ ਸੇ ‘ਬਲਭਗੜ੍ਹ’ ਗਏ? ਅਬ ‘ਬਲਭਗੜ੍ਹ’ ਸੇ ਦਿੱਲੀ ਆਓਗੇ, ਇੰਸ਼ਾ ਅੱਲਾ। ਸੁਨੋ ਸਾਹਿਬ, ਹਕੀਮ ਮਿਰਜ਼ਾ ਜਾਨ ਖ਼ਲਫੁਲਸਿਦਕ ਹਕੀਮ ਆਗਾ ਜਾਨ ਸਾਹਿਬ ਕੇ, ਤੁਮ੍ਹਾਰੇ ਇਲਾਕਾ-ਏ-ਤਹਸੀਲਦਾਰੀ ਮੇਂ ਬ-ਸੀਗ਼ਾ-ਏ-ਤਬਾਬਤ ਮੁਲਾਜ਼ਿਮ ਸਰਕਾਰ ਅੰਗ੍ਰੇਜੀ ਹੈਂ। ਇਨਕੇ ਵਾਲਿਦ ਮਾਜਿਦ ਮੇਰੇ ਪਚਾਸ ਬਰਸ ਕੇ ਦੋਸਤ ਹੈਂ। ਉਨਕੋ ਅਪਨੇ ਭਾਈ ਕੇ ਬਰਾਬਰ ਜਾਨਤਾ ਹੂੰ। ਇਸ ਸੂਰਤ ਮੇਂ ਹਕੀਮ ਮਿਰਜਾ ਜਾਨ ਮੇਰੇ ਭਤੀਜੇ ਔਰ ਤੁਮ੍ਹਾਰੇ ਭਾਈ ਹੂਏæææ।”
ਇਕ ਬੁਝਾਰਤ ਹੈ, “ਇੱਕ ਘੋੜਾ, ਤੀਹ ਸਵਾਰ; ਦੇਖਣ ਵਾਲਾ ਬਰਖੁਰਦਾਰ” ਜਿਸ ਦਾ ਜਵਾਬ ਹੈ ‘ਰਹਲ ‘ਤੇ ਸੁਸ਼ੋਭਤ ਕੁਰਾਨ।’ ਰਹਲ ਨੂੰ ਘੋੜਾ ਕਿਹਾ ਗਿਆ ਹੈ ਤੇ ਕੁਰਾਨ ਨੂੰ ਤੀਹ ਸਵਾਰ ਕਿਉਂਕਿ ਇਸ ਦੇ ਤੀਹ ਜੁਜ਼ (ਅਧਿਆਇ) ਹਨ। ਲਗਦੇ ਹੱਥ ਇਕ ਬਾਲ ਕਵਿਤਾ ਵੀ ਚੇਤੇ ਕਰ ਲਈਏ, “ਚਾਚਾ ਤੇਰਾ ਹਫਤ-ਹਜ਼ਾਰੀ, ਬਾਬਾ ਮਨਸਬਦਾਰ; ਅੰਮਾ ਤੇਰੀ ਸਦਾ ਸੁਹਾਗਣ, ਬੱਚੇ ਬਰਖੁਰਦਾਰ।” ਸਾਡੇ ਜ਼ਮਾਨੇ ਵਿਚ ਫਿਲਮੀ ਖਲਨਾਇਕ ਵਜੋਂ ਪ੍ਰਾਣ ਦੀ ਬੜੀ ਗੁੱਡੀ ਸੀ। ਉਸ ਦਾ ਤਾਂ ਤਕੀਆ ਕਲਾਮ ਹੀ ‘ਬਰਖੁਰਦਾਰ’ ਸੀ, ਵਿਲੇਨ ਦੂਜਿਆਂ ਨੂੰ ਕੀ ਸਮਝਦੇ ਹਨ, ਆਪਣੇ ਤੋਂ ਛੋਟੇ ਤੇ ਤੁੱਛ ਹੀ।
ਬਰਖੁਰਦਾਰ ਸ਼ਬਦ ਮੁਸਲਮਾਨਾਂ ਦੇ ਖਾਸ ਨਾਮਾਂ ਵਿਚ ਵੀ ਆਮ ਹੀ ਵਰਤਿਆ ਜਾਂਦਾ ਹੈ। ਪੰਜਾਬੀ ਕਿੱਸਾਕਾਰ ਹਾਫਿਜ਼ ਬਰਖੁਰਦਾਰ ਦਾ ਨਾਂ ਬਥੇਰਿਆਂ ਨੇ ਸੁਣਿਆ ਹੋਵੇਗਾ, ਮੀਆਂ ਮੁਹੰਮਦ ਬਖ਼ਸ਼ ਉਨ੍ਹਾਂ ਬਾਰੇ ਲਿਖਦਾ ਹੈ, “ਹਾਫਿਜ਼ ਬਰਖੁਰਦਾਰ ਮੁਸੱਨਿਫ, ਗੋਰ ਜਿਨ੍ਹਾਂ ਦੀ ਚਿੱਟੀ, ਹਰ ਹਰ ਬੈਂਤ ਉਹਦਾ ਭੀ ਡਿੱਠਾ ਜਿਉਂ ਮਿਸਰੀ ਦੀ ਖਿਟੀ।” (ਚਿੱਟੀ ਤੋਂ ਭਾਵ ਚਿੱਟੀ ਸ਼ੇਖਾਂ ਸਿਆਲਕੋਟ ਤੋਂ ਹੈ)। ਬਰਖੁਰਦਾਰ ਕੁਰਾਨ ਮਜੀਦ ਦਾ ਹਾਫ਼ਿਜ਼ ਸੀ, ਇਸੇ ਲਈ ਉਹ ਹਾਫਿਜ਼ ਬਰਖੁਰਦਾਰ ਕਰਕੇ ਮਸ਼ਹੂਰ ਹੋ ਗਿਆ।
ਭਾਵੇਂ ਬਰਖੁਰਦਾਰ ਤੋਂ ਬਣੇ ਬਰਖੁਰਦਾਰੀ ਦਾ ਅਰਥ ਬਰਖੁਰਦਾਰਪੁਣਾ ਹੈ ਪਰ ਉਰਦੂ ਵਿਚ ਇਸ ਦੇ ਮਾਅਨੇ ਹਨ, ਬਾਲ-ਬੱਚੇ, ਔਲਾਦ, ਸਤੌਲ ਵਾਧਾ। ਇਸ ਤਰ੍ਹਾਂ ‘ਨੇਸਤੀ ਔਰ ਬਰਖੁਰਦਾਰੀ’ ਕਹਾਵਤ ਦਾ ਮਤਲਬ ਹੋਇਆ ਘਰ ‘ਚ ਭੰਗ ਭੁਜਦੀ ਹੋਣ ਦੇ ਬਾਵਜੂਦ ਬੱਚਿਆਂ ਦੀ ਹੇੜ ਹੋਣਾ।
ਉਪਰੋਕਤ ਚਰਚਾ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਵਿਚ ਇਹ ਸ਼ਬਦ ਆਮ ਤੌਰ ‘ਤੇ ਮਾਣਯੋਗ, ਪਿਆਰਯੋਗ ਅਤੇ ਗੱਦੀ ‘ਤੇ ਬੈਠਾਉਣਯੋਗ ਬੱਚਿਆਂ ਦੇ ਅਰਥ ਲਈ ਵੀ ਵਰਤਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਸ ਸ਼ਬਦ ਦੇ ਇਹ ਅਰਥ ਕਿਵੇਂ ਨਿਕਲਦੇ ਹਨ? ਇਸ ਦੀ ਵਿਆਖਿਆ ਕਈ ਤਰ੍ਹਾਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸ਼ਬਦ ਫਾਰਸੀ ਵਲੋਂ ਉਰਦੂ ਅਤੇ ਪੰਜਾਬੀ ਵਿਚ ਆਇਆ ਹੈ। ਡਾæ ਅਮਰਵੰਤ ਸਿੰਘ ਨੇ ਆਪਣੀ ਪੁਸਤਕ ‘ਫਾਰਸੀ-ਅਰਬੀ ਕੋਸ਼ ਤੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਵਿਚ ਇਸ ਸ਼ਬਦ ਦੇ ਅਰਥ ਇਸ ਪ੍ਰਕਾਰ ਕੀਤੇ ਹਨ, ‘ਖੁਸ਼ਹਾਲ, ਸੁਭਾਗਾ, ਉਨਤੀ ਵਾਲਾ, ਖੁਸ਼ਕਿਸਮਤ, ਰੱਜਿਆ-ਪੁੱਜਿਆ, ਫਲਦਾ-ਫੁਲਦਾ, ਪ੍ਰਸੰਨ ਚਿੱਤ, ਬਖ਼ਤਾਵਰ, ਬੇਟਾ, ਜਿਗਰ ਦਾ ਟੋਟਾ, ਲੰਬੀ ਉਮਰ ਹੋਵੇ, ਸਹੀ ਸਲਾਮਤ ਰਹੋ।’ ਕੋਸ਼ ਵਿਚ ਅਰਥ ਵਜੋਂ ਵਰਤੇ ਗਏ ਥੋੜੇ ਜਿਹੇ ਸ਼ਬਦ ਹੀ ਮੈਂ ਗਿਣਾਏ ਹਨ। ਸਾਡੇ ਕੋਸ਼ਾਂ ਵਿਚ ਫਜ਼ੂਲ ਭਰਤੀ ਬਹੁਤ ਕੀਤੀ ਮਿਲਦੀ ਹੈ। ਬੇਲੋੜੀ ਵਿਦਵਤਾ ਦਾ ਦਿਖਾਵਾ ਅਤੇ ਕੋਸ਼ ਨੂੰ ਮੋਟਾ ਕਰਨ ਦਾ ਇਰਾਦਾ ਸਪਸ਼ਟ ਝਲਕਦਾ ਹੈ।
ਉਪਰੋਕਤ ਸ਼ਬਦਾਵਲੀ ਨੇ ਫਾਰਸੀ ਦੇ ਇਕ ਹੋਰ ਕੋਸ਼ ‘ਫਰਹੰਗ-ਏ-ਆਸਫੀਯਾ’ ਦਾ ਹਵਾਲਾ ਦਿੱਤਾ ਹੈ ਜਿਸ ਅਨੁਸਾਰ ਬਰਖੁਰਦਾਰ ਸ਼ਬਦ ਨੂੰ ਤਿੰਨ ਘਟਕਾਂ ਤੋਂ ਬਣਿਆ ਸੰਯੁਕਤ ਸ਼ਬਦ ਬਿਆਨਿਆ ਗਿਆ ਹੈ ਭਾਵ ਬਰ= ਫਾਰਸੀ ਕਿਰਿਆ ਬੁਰਦਨ ਆਗਿਆਵਾਚਕ ਲੈ ਜਾ (ਨੇਕੀ)+ਖੁਰ=ਫਾਰਸੀ ਕਿਰਿਆ ਖੁਰ ਤੋਂ ਆਗਿਆਵਾਚਕ ਅਰਥਾਤ ਖਾ ਜਾ (ਦੁਨੀਆਂ ਦੀ ਨਿਆਮਤ)+ਦਾਰ ਫਾਰਸੀ ਕਿਰਿਆ ਦਾਸਤਨ ਤੋਂ ਆਗਿਆਵਾਚਕ ਅਰਥਾਤ ਰੱਖ ਜਾ (ਵਿਰਸਾ)। ਸੋ ਸਮੁੱਚਾ ਅਰਥ ਹੋਇਆ ਨੇਕੀ ਖਾ ਜਾ। ਬੜੀ ਅਜੀਬ ਜਿਹੀ ਵਿਆਖਿਆ ਹੈ। ਖੁਦ ਡਾਕਟਰ ਅਮਰਵੰਤ ਸਿੰਘ ਨੇ ਇਸ ‘ਤੇ ਸੰਦੇਹ ਜਤਾਉਂਦਿਆਂ ਆਪਣੇ ਵਲੋਂ ਇਹ ਸੁਝਾਅ ਦਿੱਤਾ ਹੈ, “ਮੇਰੇ ਅਨੁਸਾਰ ਇਸ ਸ਼ਬਦ ਦਾ ਮੂਲ ਹੈ ਬਰਖ਼ੁਰਦਨ=ਫਲ ਖਾਣਾ। ਬਰਖੁਰਦਨ ਤੋਂ ਪੂਰਨ ਭੂਤਕਾਲ ਦਾ ਇਕ ਵਚਨ ਅਨਯ ਪੁਰਖ ਹੈ ਬਰਖ਼ੁਰਦ=ਉਸ ਨੇ ਫਲ ਖਾਧਾ। ਬਰਖੁæਰਦ+ਆਰ=ਬਰਖ਼ੁਰਦਾਰ=ਫਲ ਖਾਣ ਵਾਲਾ। ‘ਆਰ’ ਫਾਰਸੀ ਪਿਛੇਤਰ ਹੈ ਜਿਵੇਂ ਖਰੀਦਣ>ਖਰੀਦਣਾ+ਆਰ=ਖਰੀਦਾਰ+ ਖਰੀਦਣ ਵਾਲਾ। ਨਮੂਦਨ=ਪ੍ਰਗਟ ਹੋਣਾ> ਨਮੂਦ+ਆਰ=ਨਮੂਦਾਰ=ਪਰਗਟ ਹੋਣ ਵਾਲਾ।” ਡਾਕਟਰ ਸਾਹਿਬ ‘ਖੁਰਦਨ’ ਸ਼ਬਦ ਦਾ ਅਰਥ ਦੇਣਾ ਭੁਲ ਗਏ ਹਨ। ਇਸ ਫਾਰਸੀ ਸ਼ਬਦ ਦਾ ਅਰਥ ਹੈ, ਖਾਣਾ। ‘ਖੋਰ’ (ਜਿਵੇਂ ਆਦਮਖੋਰ) ਸ਼ਬਦ ਇਸੇ ਤੋਂ ਬਣਿਆ। ਉਂਜ ਸਮੁੱਚੇ ਤੌਰ ‘ਤੇ ਭਾਵੇਂ ਬਰਖੁਰਦਾਰ ਦੀ ਇਹ ਵਿਆਖਿਆ ਦਰੁਸਤ ਜਾਪਦੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਬਰਖੁਰਦਾਰ ਦੇ ‘ਫਲ ਖਾਣ ਵਾਲਾ’ ਵਜੋਂ ਅਰਥਾਪਣ ਦੇ ਭਾਵ ਬੇਟਾ, ਬੀਬਾ, ਜਿਗਰ ਦਾ ਟੋਟਾ ਆਦਿ ਵਜੋਂ ਕਿਵੇਂ ਨਮੂਦਾਰ ਹੁੰਦੇ ਹਨ?
ਪਹਿਲਾਂ ਇਹ ਜਾਣ ਲਈਏ ਕਿ ਫਾਰਸੀ ਸ਼ਬਦ ‘ਬਰ’ ਦੇ ਕਈ ਅਰਥ ਹਨ ਜਿਵੇਂ 1æ ਪੁਰ, ਉਤੇ। ਇਹ ਪੰਜਾਬੀ ‘ਪੁਰ’ ਜਾਂ ‘ਉਪਰ’ ਦਾ ਹੀ ਸੁਜਾਤੀ ਹੈ; 2æ ਸੀਨਾ, ਛਾਤੀ; 3æ ਚੌੜਾਈ, ਪਨਾਂ, ਅਰਜ਼। ‘ਬਰ ਮਿਚਣਾ’ ਮੁਹਾਵਰਾ ਏਥੋਂ ਬਣਿਆ; 3æ ਫਲ। ਬਰ ਸ਼ਬਦ ਦਾ ਇਹ ‘ਫਲ’ ਵਾਲਾ ਅਰਥ ਹੀ ‘ਬਰਖੁਰਦਾਰ’ ਵਿਚ ਢੁਕਦਾ ਹੈ। ਇਸੇ ਤੋਂ ‘ਬਰ ਆਉਣਾ’ ਮੁਹਾਵਰੇ ਦੇ ਅਰਥ ਸਮਝ ਆਉਂਦੇ ਹਨ ਅਰਥਾਤ ਫਲ ਦੀ ਪ੍ਰਾਪਤੀ ਹੋਣੀ, ਬੂਰ ਪੈਣਾ। ਇਸੇ ਤਰ੍ਹਾਂ ਮਿਹਨਤ ਬਰ ਆਉਣੀ, ਮੰਨਤ ਬਰ ਆਉਣੀ। ਬਰ ਸ਼ਬਦ ਬਾਰੇ ਕਿਸੇ ਵੇਲੇ ਅਲੱਗ ਤੌਰ ‘ਤੇ ਲਿਖਿਆ ਜਾਵੇਗਾ।
ਦਰਅਸਲ ‘ਬਰਖੁਰਦ’ ਸ਼ਬਦ ਦੇ ਲਫਜ਼ੀ ਮਾਅਨੇ ਬਣਦੇ ਹਨ, ਫਲ ਖਾਣਾ ਜਾਂ ਫਲ ਦਾ ਅਨੰਦ ਮਾਣਨਾ। ਇਸ ਤੋਂ ਇਸ ਦੇ ਲਾਖਣਿਕ ਅਰਥ ਬਣਦੇ ਹਨ, ਮਿਹਨਤ ਜਾਂ ਜ਼ਿੰਦਗੀ ਦੇ ਫਲ ਖਾਣਾ, ਜ਼ਿੰਦਗੀ ਮਾਣਨਾ, ਫਲਣਾ-ਫੁਲਣਾ, ਖੁਸ਼ਹਾਲ ਹੋਣਾ, ਉਨਤੀ ਕਰਨਾ, ਖਾਹਿਸ਼ਾਂ ਪੂਰੀਆਂ ਹੋਣਾ। ਇਸੇ ਤੋਂ ਅੱਗੇ ਬਰਖੁਰਦਾਰ ਦੇ ਅਰਥ ਬਣਦੇ ਹਨ, ਖੁਸ਼ਹਾਲ, ਸਫਲ, ਖੁਸ਼, ਉਨਤ, ਜ਼ਿੰਦਗੀ ਮਾਣਦਾ। ਧਿਆਨ ਦਿਓ ‘ਸਫਲ’ ਸ਼ਬਦ ਵਿਚ ਵੀ ਫਲ ਦਾ ਦਖਲ ਹੈ। ਸੋ ਜਦ ਕਿਸੇ ਬੱਚੇ ਜਾਂ ਜਵਾਨ ਨੂੰ ਬਰਖੁਰਦਾਰ ਕਿਹਾ ਜਾਂਦਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ‘ਤੂੰ ਫਲ ਖਾਹ’ ਬਲਕਿ ਅਸ਼ੀਰਵਾਦ ਵਜੋਂ ‘ਸਫਲ ਹੋ, ਵਧ ਫੁੱਲ, ਜਵਾਨੀਆਂ ਮਾਣ’ ਆਦਿ ਹੋਵੇਗਾ। ਇਹ ਸ਼ਬਦ ਪਹਿਲਾਂ ਪਹਿਲਾਂ ਆਗਿਆਵਾਚਕ ਬਣਿਆ, ਫਿਰ ਸੰਬੋਧਨੀ ਤੇ ਅੰਤ ਵਿਚ ਬੱਚਾ, ਜਵਾਨ, ਫਰਜ਼ੰਦ ਆਦਿ ਦੇ ਅਰਥਾਂ ਵਿਚ ਨਾਂਵ ਹੀ ਬਣ ਗਿਆ। ਅਜਿਹਾ ਵਿਕਾਸ ਉਰਦੂ ਵਿਚ ਹੀ ਹੋਇਆ, ਇਸ ਲਈ ਉਰਦੂ ਵਿਚ ਹੀ ਇਕ ਦ੍ਰਿਸ਼ਟਾਂਤ ਪੇਸ਼ ਕਰਦੇ ਹਾਂ:
ਬਰਖੁਰਦਾਰ ਯੂਸਫ,
ਕਈ ਦਿਨੋਂ ਬਾਅਦ ਤੁਮਾਰਾ ਖ਼ਤ ਮਿਲਾ।
ਇਸ ਦਾ ਅਨੁਵਾਦ ਇਸ ਤਰ੍ਹਾਂ ਨਹੀਂ ਹੋਵੇਗਾ:
ਫਲ ਖਾਣ ਵਾਲੇ ਯੂਸਫ
ਕਈ ਦਿਨਾਂ ਬਾਅਦ ਤੇਰਾ ਖਤ ਮਿਲਿਆ।
ਬਲਕਿ ਇਸ ਤਰ੍ਹਾਂ ਹੋਵੇਗਾ:
ਯੂਸਫ ਤੂੰ ਸਫਲ ਹੋਵੇਂ (ਜਾਂ ਤੇਰੀ ਸਫਲ ਜ਼ਿੰਦਗੀ ਦੀ ਕਾਮਨਾ)
ਕਈ ਦਿਨਾਂ ਬਾਅਦ ਤੇਰਾ ਖਤ ਮਿਲਿਆ।
ਆਪ ਤੋਂ ਛੋਟਿਆਂ ਨੂੰ ਸੰਬੋਧਨ ਕਰਨ ਲੱਗਿਆਂ ਆਸ਼ੀਰਵਾਦੀ ਸ਼ਬਦ ਬੋਲਣਾ ਸਾਡੀ ਮਰਿਆਦਾ ਹੈ। ਸੋ ਏਹੀ ਸ਼ਬਦ ਬਾਅਦ ਵਿਚ ਬੱਚਾ, ਜਵਾਨ, ਕਾਕਾ, ਬੀਬਾ, ਭੁਚੰਗੀ ਦੇ ਅਰਥਾਂ ਵਜੋਂ ਰੂੜ ਹੋ ਗਿਆ। ਖੈਰ! ਤੋੜਾ ਇਥੇ ਹੈ ਕਿ ਸਾਡੀ ਵੰਸ਼ਮੁਖੀ ਰਾਜਨੀਤੀ ਵਿਚ ਬਰਖੁਰਦਾਰ ਆਪਣੇ ਬਾਪ-ਦਾਦੇ ਦੇ ਕਰਮਾਂ ਦਾ ਫਲ ਖਾਣ ਲੱਗ ਪਏ ਹਨ!