ਡਾæ ਚਰਨਜੀਤ ਸਿੰਘ ਗੁਮਟਾਲਾ
ਫੋਨ: 937-573-9812
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਇਕ ਬੜਾ ਹਾਸੋਹੀਣਾ ਬਿਆਨ ਦਿੱਤਾ ਸੀ ਕਿ ਸ਼ਰਾਬ ਸਿਹਤ ਲਈ ਕੋਈ ਨੁਕਸਾਨਦਾਇਕ ਨਹੀਂ। ਉਨ੍ਹਾਂ ਦੀ ਇਸ ਸਬੰਧੀ ਦਲੀਲ ਸੀ ਕਿ ਜੇ ਸ਼ਰਾਬ ਮਾੜੀ ਹੋਵੇ ਤਾਂ ਸ਼ਰਾਬ ਦੇ ਕਾਰਖਾਨੇ ਕਿਉਂ ਚਲ ਰਹੇ ਹਨ? ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਕਿਉਂ ਖੋਲੇ ਹਨ? ਭਾਰਤ ਦਾ ਦੁਖਾਂਤ ਇਹੋ ਹੈ ਕਿ ਇੱਥੇ ਮੰਤਰੀਆਂ ਨੂੰ ਅਜਿਹੇ ਵਿਭਾਗ ਦਿੱਤੇ ਜਾਂਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਇਸ ਦੇ ਮੁਕਾਬਲੇ ਅਮਰੀਕਾ ਵਿਚ ਮਹਿਕਮੇ ਦੀ ਜਾਣਕਾਰੀ ਵਾਲੇ ਨੂੰ ਹੀ ਸਬੰਧਤ ਵਿਭਾਗ ਦਾ ਆਮ ਤੌਰ ‘ਤੇ ਮੰਤਰੀ ਬਣਾਇਆ ਜਾਣਾ ਹੈ। ਇਸ ਸਮੇਂ ਅਮਰੀਕਾ ਦੇ ਵਿਦਿਆ ਮੰਤਰੀ ਤੇ ਉਪ ਵਿਦਿਆ ਮੰਤਰੀ ਪੀਐਚæ ਡੀæ ਹਨ ਤੇ ਉਹ ਇਕ ਸਮੇਂ ਸਕੂਲ ਵਿਚ ਅਧਿਆਪਕ ਸਨ।
ਜਿਆਣੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਜਰਾਤ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ‘ਤੇ ਪਾਬੰਦੀ ਹੈ। ਬਿਹਾਰ ਚੋਣਾਂ ਸਮੇਂ ਮਹਿਲਾ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਸਿਆਸੀ ਪਾਰਟੀਆਂ ਗੁਜਰਾਤ ਵਾਂਗ ਸ਼ਰਾਬਬੰਦੀ ਨੂੰ ਵੀ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਨ। ਸਿੱਟੇ ਵਜੋਂ ਹਾਕਮ ਪਾਰਟੀ ਨੇ ਇਸ ਨੂੰ ਸ਼ਾਮਲ ਕੀਤਾ ਤੇ ਹੁਣ ਨਤੀਸ਼ ਕੁਮਾਰ ਨੇ ਇਸ ਚੋਣ ਵਾਅਦੇ ਨੂੰ ਲਾਗੂ ਕਰ ਦਿੱਤਾ ਹੈ ਤੇ ਬਿਹਾਰ ਦੇਸ਼ ਦਾ ਦੂਸਰਾ ਨਸ਼ਾਮੁਕਤ ਸੂਬਾ ਹੈ।
ਪੰਜਾਬ ਦੀ ਬਦਕਿਸਮਤੀ ਹੈ ਕਿ ਅਸੀਂ ਬਾਕੀ ਸੂਬਿਆਂ ਵਾਂਗ ਪਿੰਡ ਪਿੰਡ ਲਾਇਬਰੇਰੀ ਨਹੀਂ ਖੋਲੀ ਤਾਂ ਜੋ ਲੋਕ ਪੜ੍ਹ ਲਿਖ ਕੇ ਸੂਝਵਾਨ ਬਣ ਜਾਣ। ਅਸੀਂ ਪਿੰਡ ਪਿੰਡ ਸ਼ਰਾਬ ਦੇ ਠੇਕੇ ਜ਼ਰੂਰ ਖੋਲ ਕੇ ਪੰਜਾਬ ਨੂੰ ਨਸ਼ੱਈਆਂ ਦਾ ਸੂਬਾ ਬਣਾ ਦਿੱਤਾ ਹੈ। ਭਾਰਤ ਦੇ ਜਿਨ੍ਹਾਂ ਸੂਬਿਆਂ ਵਿਚ ਸ਼ਰਾਬ ਦੇ ਠੇਕੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਦੇ ਪਵਿੱਤਰ ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਨਹੀਂ ਹਨ। ਗੁਆਂਢੀ ਸੂਬਾ ਹਰਿਆਣਾ ਇਸ ਦੀ ਉਦਾਹਰਣ ਹੈ। ਪਰ ਅਸੀਂ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਚਾਰਦੀਵਾਰੀ ਦੇ ਆਲੇ ਦੁਆਲੇ ਸ਼ਰਾਬ ਦੇ ਠੇਕੇ ਇਸ ਤਰ੍ਹਾਂ ਖੋਲੇ ਹਨ, ਜਿਵੇਂ ਸ਼ਰਾਬ ਅੰਮ੍ਰਿਤਸਰੀਆਂ ਦੀ ਮਨਭਾਉਂਦੀ ਖੁਰਾਕ ਹੋਵੇ।
ਪੰਜਾਬ ਦੇ ਨੌਜੁਆਨ ਮਹਿੰਗੇ ਨਸ਼ੇ ਛੱਡ ਕੇ ਸਸਤੀਆਂ ਗੋਲੀਆਂ ਜੋ ਕਿ ਆਮ ਮਿਲਦੀਆਂ ਹਨ, ਦੀ ਵਰਤੋਂ ਕਰਨ ਲੱਗ ਪਏ ਹਨ। ਜਿੱਥੇ ਹੈਰੋਇਨ ਲਈ 1500 ਰੁਪਏ ਤੋਂ 3000 ਰੁਪਏ ਪ੍ਰਤੀ ਗ੍ਰਾਮ ਖਰਚਣੇ ਪੈਂਦੇ ਹਨ, ਉਥੇ ਉਹ ਦਰਦ ਨਿਵਾਰਕ, ਖੰਘ ਦੂਰ ਕਰਨ ਦੀਆਂ ਦਵਾਈਆਂ ਥੋੜ੍ਹੇ ਪੈਸੇ ਖਰਚ ਕੇ ਵਰਤਣ ਲੱਗੇ ਹਨ। ਇਸ ਮਕਸਦ ਲਈ ਵਰਤੀ ਜਾਂਦੀ ਬਪਰੇਨੋਰਫਿਨ ਦੀ ਗੋਲੀ ਕਰੀਬ 7 ਰੁਪਏ ਦੀ ਮਿਲ ਜਾਂਦੀ ਹੈ। ਇਹ ਗੋਲੀ ਤਾਂ ਹੈ ਨਸ਼ਾ ਛੁਡਾਉਣ ਲਈ ਪਰ ਲੋਕ ਇਸ ਦੀ ਦੁਰਵਰਤੋਂ ਕਰਨ ਲੱਗੇ ਹਨ।
ਨਸ਼ਿਆਂ ਨੇ ਇਸ ਸਮੇਂ ਸਾਰੇ ਸੰਸਾਰ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ ਤੇ ਇਸ ਦੀ ਗ੍ਰਿਫ਼ਤ ਵਿਚੋਂ ਨਿਕਲਣ ਲਈ ਸਾਰੀ ਦੁਨੀਆਂ ਵਿਚ ਜਤਨ ਹੋ ਰਹੇ ਹਨ। ਨਸ਼ਿਆਂ ਦਾ ਸਭ ਤੋਂ ਮਾੜਾ ਅਸਰ ਗਰਭਵਤੀ ਔਰਤਾਂ ‘ਤੇ ਪੈਂਦਾ ਹੈ। ਭਾਰਤ ਵਿਚ ਵੀ ਹੁਣ ਆਦਮੀਆਂ ਵੱਲ ਵੇਖ ਕੇ ਇਸਤਰੀਆਂ ਵੀ ਸ਼ਰਾਬ, ਸਿਗਰਟਾਂ, ਸਮੈਕ ਵਗੈਰਾ ਦੀ ਵਰਤੋਂ ਕਰਨ ਲੱਗੀਆਂ ਹਨ, ਜਿਸ ਨੂੰ ਫੌਰੀ ਠੱਲ੍ਹ ਪਾਉਣ ਦੀ ਲੋੜ ਹੈ।
ਜਿਹੜੀਆਂ ਔਰਤਾਂ ਗਰਭਵਤੀ ਹੋਣ ਦੇ ਬਾਵਜੂਦ ਨਸ਼ਿਆਂ ਦੀ ਵਰਤੋਂ ਜਾਰੀ ਰਖਦੀਆਂ ਹਨ, ਉਹ ਨਸ਼ੱਈ ਬੱਚੇ ਪੈਦਾ ਕਰ ਰਹੀਆਂ ਹਨ। ਨਸ਼ੱਈ ਬੱਚਿਆਂ ਨੂੰ ਜੰਮਣ ਤੋਂ ਹੀ ਡਾਕਟਰਾਂ ਨੂੰ ਸਾਂਭ ਸੰਭਾਲ ਲਈ ਜੂਝਣਾ ਪੈਂਦਾ ਹੈ। ਗਰਭਵਤੀ ਔਰਤਾਂ ਵੱਲੋਂ ਦਰਦ ਦੂਰ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਕੋਕੀਨ, ਹਾਈਡਰੋਕੋਡੀਨ, ਮੈਥਾਡੋਨ, ਹਾਈਡਰੋਮਾਰਫੋਨ ਤੋਂ ਇਲਾਵਾ ਸਮੈਕ, ਹੈਰੋਇਨ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਨਸ਼ੱਈ ਬੱਚੇ ਪੈਦਾ ਹੋ ਰਹੇ ਹਨ। ਅਮਰੀਕਾ ਵਿਚ ਹਰ 25 ਮਿੰਟ ਬਾਅਦ ਨਸ਼ੱਈ ਬੱਚਾ ਪੈਦਾ ਹੁੰਦਾ ਹੈ, ਜਿਸ ਨੂੰ ਜੰਮਦਿਆਂ ਹੀ ਨਸ਼ਾ ਦੇਣਾ ਪੈਂਦਾ ਹੈ। ਅਮਰੀਕਾ ਦੇ ਓਹਾਇਓ ਸੂਬੇ ਵਿਚ ਅਜਿਹੇ ਬੱਚਿਆਂ ਦੀ ਗਿਣਤੀ 2004 ਵਿਚ 199 ਸੀ, ਜੋ 2013 ਵਿਚ ਵੱਧ ਕੇ 1691 ਹੋ ਗਈ। ਇਹ ਬੱਚੇ ਜੰਮਦਿਆਂ ਹੀ ਚੀਕ ਚਿਹਾੜਾ ਮਚਾਉਂਦੇ ਹਨ ਤੇ ਤੁਸੀਂ ਇਨ੍ਹਾਂ ਨੂੰ ਚੁੱਪ ਨਹੀਂ ਕਰਾ ਸਕਦੇ। ਇਨ੍ਹਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਜੰਮਣ ਦੇ 2 ਘੰਟੇ ਬਾਅਦ ਇਨ੍ਹਾਂ ਨੂੰ ਕਬਜ਼ ਹੋ ਜਾਂਦੀ ਹੈ, ਸੁਸਤੀ ਪਈ ਰਹਿੰਦੀ ਹੈ। ਜੰਮਦਿਆਂ ਹੀ ਦੁੱਧ ਪਿਆਉਣ ਪਿਛੋਂ ਇਨ੍ਹਾਂ ਦੀ ਤਿੰਨ ਤੋਂ ਚਾਰ ਘੰਟਿਆਂ ਪਿੱਛੋਂ 22 ਨੁਕਤਿਆਂ ਤੋਂ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਦਿਮਾਗੀ ਅਵਸਥਾ, ਮਿਹਦਾ ਤੇ ਅੰਤੜੀਆਂ, ਆਮ ਸਿਹਤ ਆਦਿ ਸ਼ਾਮਲ ਹਨ। ਇਨ੍ਹਾਂ ਬੱਚਿਆਂ ਨੂੰ ਉਲਟੀਆਂ, ਦਸਤ, ਪਾਣੀ ਦੀ ਘਾਟ, ਨਸਾਂ ਬੰਦ ਹੋਣ ਵਰਗੀਆਂ ਅਲਾਮਤਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਚੰਗੀ ਸਾਂਭ ਸੰਭਾਲ ਦੇ ਬਾਵਜੂਦ ਇਨ੍ਹਾਂ ਵਿਚੋਂ 80 ਪ੍ਰਤੀਸ਼ਤ ਨੂੰ ਨੀਂਦ ਲਿਆਉਣ ਤੇ ਦਰਦ ਦੂਰ ਕਰਨ ਵਾਲੀ ਦੁਆਈ ਦੇਣੀ ਪੈਂਦੀ ਹੈ। ਇਹ ਆਮ ਬੱਚਿਆਂ ਦੀ ਤਰ੍ਹਾਂ ਖਲੋ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਨਾਲ ਇਨ੍ਹਾਂ ਨੂੰ ਜੂਝਣਾ ਪੈਂਦਾ ਹੈ। ਨਸ਼ੱਈ ਮਾਂਵਾਂ ਦੇ ਇਹ ਬੱਚੇ ਕਈ ਹਫਤੇ ਪਹਿਲਾਂ ਜਨਮ ਲੈ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਜੰਮਦਿਆਂ ਹੀ ਆਕਸੀਜਨ ਦੇਣੀ ਪੈਂਦੀ ਹੈ ਤੇ ਅਕਸਰ ਘਰ ਵੀ ਆਕਸੀਜਨ ਲਗਾ ਕੇ ਲਿਆਉਣਾ ਪੈਂਦਾ ਹੈ। ਇਨ੍ਹਾਂ ਬੱਚਿਆਂ ਦੀ ਮਰਨ ਦਰ ਆਮ ਬੱਚਿਆਂ ਨਾਲੋਂ ਕਈ ਗੁਣਾ ਵੱਧ ਹੈ।
ਅਮਰੀਕਾ ਇਸ ਸਮੇਂ ਨਸ਼ਿਆਂ ਦੀ ਮਾਰ ਹੇਠ ਹੈ। ਅਮਰੀਕਾ ਦੇ ਨਾਮੀ ਅਖਬਾਰ Ḕਦਾ ਇਕਾਨੋਮਿਸਟḔ ਅਨੁਸਾਰ ਅੱਜ ਤੋਂ 50 ਸਾਲ ਪਹਿਲਾਂ ਹੈਰੋਇਨ ਕੇਵਲ ਪੁਰਸ਼ ਵਰਤਦੇ ਸਨ ਤੇ ਉਹ ਵੀ ਜਵਾਨ। ਉਨ੍ਹਾਂ ਵਿਚ ਵੀ ਕਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਪਰ ਹੁਣ ਇਨ੍ਹਾਂ ਵਿਚ ਅੱਧੀਆਂ ਔਰਤਾਂ ਹਨ। ਪੁਰਸ਼ਾਂ ਵਿਚ 90 ਪ੍ਰਤੀਸ਼ਤ ਗੋਰੇ ਅਮਰੀਕੀ ਹਨ। ਸਾਲ 2007 ਵਿਚ 3 ਲੱਖ 70 ਹਜ਼ਾਰ ਵਿਅਕਤੀ ਹੈਰੋਇਨ ਵਰਤਦੇ ਸਨ। ਇਹ ਗਿਣਤੀ 2013 ਵਿਚ ਵਧ ਕੇ 6 ਲੱਖ 80 ਹਜ਼ਾਰ ਹੋ ਗਈ। ਜਿੱਥੇ ਕੋਕੀਨ ਦੀ ਅਮਰੀਕਾ ਵਿਚ ਵਰਤੋਂ ਵੱਧ ਰਹੀ ਹੈ, ਉਥੇ ਯੂਰਪ ਵਿਚ ਪਿਛਲੇ ਦਹਾਕੇ ਵਿਚ ਇਸ ਦੀ ਵਰਤੋਂ ਇਕ ਤਿਹਾਈ ਘਟੀ ਹੈ। ਅਮਰੀਕਾ ਵਿਚ ਹੈਰੋਇਨ ਦੀ ਮੰਗ ਬੜੀ ਤੇਜ਼ੀ ਨਾਲ ਵੱਧੀ ਹੈ। ਦੁਨੀਆਂ ਵਿਚ ਅਫ਼ੀਮ ਦੀ 80 ਪ੍ਰਤੀਸ਼ਤ ਪੈਦਾਵਾਰ ਅਫਗਾਨਿਸਤਾਨ ਵਿਚ ਹੁੰਦੀ ਹੈ, ਪਰ ਅਮਰੀਕਾ ਵਿਚ ਮੈਕਸੀਕੋ ਤੋਂ ਹੈਰੋਇਨ ਜਾਂਦੀ ਹੈ। ਅਫਗਾਨਿਸਤਾਨ ਤੇ ਮਾਇਨਮਾਰ ਤੋਂ ਬਾਅਦ ਮੈਕਸੀਕੋ ਅਫ਼ੀਮ ਪੈਦਾ ਕਰਨ ਵਾਲਾ ਤੀਸਰਾ ਵੱਡਾ ਦੇਸ਼ ਹੈ।
ਅਮਰੀਕਾ ਹੀ ਨਹੀਂ, ਸਾਰੀ ਦੁਨੀਆਂ ਇਸ ਦੀ ਮਾਰ ਹੇਠ ਹੈ। ਨਸ਼ਾ ਮੁਕਤ ਸਮਾਜ ਹੀ ਚੰਗਾ ਸਮਾਜ ਬਣ ਸਕਦਾ ਹੈ। ਸਮਾਜ ਸੇਵੀ ਸੰਸਥਾਵਾਂ ਇਸ ਦਿਸ਼ਾ ਵਿਚ ਚੰਗਾ ਕੰਮ ਕਰ ਰਹੀਆਂ ਹਨ ਪਰ ਸਰਕਾਰਾਂ ਨੂੰ ਵੀ ਇਸ ਬਾਰੇ ਉਸਾਰੂ ਤੇ ਸਖਤ ਕਦਮ ਚੁਕਣ ਦੀ ਲੋੜ ਹੈ। ਅਫ਼ੀਮ ਦੀ ਪੈਦਾਵਾਰ ਉਨੀ ਹੀ ਕੀਤੀ ਜਾਵੇ ਜਿੰਨੀ ਕਿ ਦਵਾਈਆਂ ਲਈ ਲੋੜੀਂਦੀ ਹੈ। ਨਸ਼ਾ ਪੈਦਾ ਕਰਨ ਵਾਲੀਆਂ ਦਵਾਈਆਂ ਦੀ ਵਿਕਰੀ ਉਪਰ ਵੀ ਕੰਟਰੋਲ ਕਰਨ ਦੀ ਲੋੜ ਹੈ। ਜੇ ਮਾਤਾ-ਪਿਤਾ ਨਸ਼ੇ ਦੀ ਵਰਤੋਂ ਬੰਦ ਕਰ ਦੇਣ ਤਾਂ ਉਨ੍ਹਾਂ ਦੀ ਔਲਾਦ ਵੀ ਜ਼ਰੂਰ ਪ੍ਰਹੇਜ਼ ਕਰੇਗੀ। ਇਸ ਲਈ ਨਸ਼ਿਆਂ ਦੀ ਰੋਕਥਾਮ ਘਰ ਤੋਂ ਹੋਣੀ ਚਾਹੀਦੀ ਹੈ।