ਸ਼੍ਰੋਮਣੀ ਰਾਗੀ ਐਵਾਰਡ ਅਤੇ ਕੌਮੀ ਪੱਧਰ ਦਾ ਸੰਗੀਤ ਨਾਟਕ ਅਕਾਦਮੀ ਐਵਾਰਡ ਹਾਸਲ ਕਰਨ ਵਾਲੇ ਡਾæ ਜਾਗੀਰ ਸਿੰਘ, ਗੁਰਮਤਿ ਸੰਗੀਤ ਨੂੰ ਸਮਰਪਿਤ ਹਨ। ਉਨ੍ਹਾਂ ਗੁਰਮਤਿ ਸੰਗੀਤ ਦੇ ਸਿਧਾਂਤਾਂ ਸਬੰਧੀ ਪੁਸਤਕਾਂ ਲਿਖੀਆਂ ਹਨ ਅਤੇ ਗੁਰਮਤਿ ਸੰਗੀਤ ਦੀ ਸਾਂਭ-ਸੰਭਾਲ ਲਈ ‘ਅੰਮ੍ਰਿਤ ਕੀਰਤਨ ਟਰਸਟ’ ਦੀ ਸਥਾਪਨਾ ਕੀਤੀ।
ਟਰਸਟ ਵੱਲੋਂ ਉਨ੍ਹਾਂ ਦੀ ਸੰਪਾਦਨਾ ਹੇਠ ਮਾਸਿਕ ਪੱਤਰ ‘ਅੰਮ੍ਰਿਤ ਕੀਰਤਨ’ ਛਪਦਾ ਹੈ ਜੋ ਨਿਰੋਲ ਗੁਰਮਤਿ ਸੰਗੀਤ ਨੂੰ ਸਮਰਪਿਤ ਹੈ। ਇਸ ਲੇਖ ਵਿਚ ਉਨ੍ਹਾਂ ਰਾਗੀ ਪਰੰਪਰਾ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ
ਡਾæ ਜਾਗੀਰ ਸਿੰਘ
ਗੁਰਮਤਿ ਸੰਗੀਤ ਨੂੰ ਪ੍ਰਫੁਲਿਤ ਕਰਨ ਲਈ ਜਿਥੇ ਰਬਾਬੀ ਕੀਰਤਨੀਆਂ ਨੇ ਯੋਗਦਾਨ ਪਾਇਆ, ਉਥੇ ਸਿੱਖ ਕੀਰਤਨੀਆਂ ਦਾ ਵੀ ਵੱਡਾ ਯੋਗਦਾਨ ਹੈ। ਗੁਰੂ ਘਰ ਵਿਚ ਕੀਰਤਨ ਕਰਨ ਵਾਲਿਆਂ ਲਈ ਰਬਾਬੀ ਸ਼ਬਦ ਭਾਈ ਮਰਦਾਨਾ ਦੇ ਵੰਸ਼ਜਾਂ ਲਈ ਹੀ ਵਰਤੀਂਦਾ ਜਾਪਦਾ ਹੈ। ਪਹਿਲਾਂ ਕੇਵਲ ਰਬਾਬੀ ਹੀ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਸਨ। ਕੀਰਤਨ, ਭਗਤੀ ਦਾ ਮੁੱਖ ਅੰਗ ਰਿਹਾ ਹੈ। ਇਸ ਲਈ ਕੁਝ ਸਿੱਖ ਵੀ ਕੀਰਤਨ ਕਰਦੇ ਸਨ, ਪਰ ਆਮ ਤੌਰ ‘ਤੇ ਉਹ ਕੀਰਤਨ ਨੂੰ ਕਿੱਤੇ ਦੇ ਰੂਪ ਵਿਚ ਅਪਨਾਉਂਦੇ ਸਨ। ਉਸ ਸਮੇਂ ਦੇ ਸਿੱਖ ਕੀਰਤਨੀਏ ਭਾਈ ਝਾਜੂ ਮੁਕੰਦ ਅਤੇ ਕਿਦਾਰਾ ਸਬੰਧੀ ਭਾਈ ਗੁਰਦਾਸ ਨੇ ਗਿਆਰਵੀਂ ਵਾਰ ਦੀ ਅਠਾਰਵੀਂ ਪਉੜੀ ਵਿਚ ਜ਼ਿਕਰ ਕੀਤਾ ਹੈ:
ਝਾਜੂ ਅਤੇ ਮੁਕੰਦ ਹੈ ਕੀਰਤਨ ਕਰੇ ਹਜੂਰ ਕਿਦਾਰਾ।
ਸਾਧ ਸੰਗਤ ਪਰਗਟੁ ਪਹਾਰਾ।
ਭਗਤ ਰਤਨਾਵਲੀ ਵਿਚ ਇਸ ਪਉੜੀ ਦੀ ਵਿਆਖਿਆ ਇਸ ਤਰ੍ਹਾਂ ਹੈ:
“ਝਾਜੂ, ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਜੀ ਦੇ ਹਜੂਰ ਆਏ।
ਗਰੀਬ ਨਿਵਾਜ ਸਾਡਾ ਉਧਾਰ ਕਿਉਂ ਕਰ ਹੋਵੇਗਾ? ਤਾਂ ਬਚਨ ਹੋਇਆ, ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਿਯੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਜੋਗ ਤਪ ਨਹੀਂ। ਤੁਸੀਂ ਕੀਰਤਨ ਕੀਤਾ ਕਰੋ, ਤਾਂ ਉਹ ਸਦਾ ਨਿਹਕਾਮ ਹੋ ਕੇ ਹਜੂਰ ਕੀਰਤਨ ਕੀਤਾ ਕਰਨ ਅਤੇ ਸਰੀਰ ਦੇ ਨਿਰਵਾਹ ਅਨੁਸਾਰ ਕੋਈ ਸ਼ਰਧਾ ਸੰਯੁਕਤ ਸੇਵਾ ਕਰੇ, ਉਸੇ ਥੀਂ ਗੁਜ਼ਾਰਾ ਕਰਨ।”
ਗੁਰੂ ਸਾਹਿਬ ਆਮ ਸਿੱਖਾਂ ਨੂੰ ਕੀਰਤਨ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਗੁਰੂ ਘਰ ਵਿਚ ਕੀਰਤਨ ਕਰਨ ਲਈ ਸ਼ਰਧਾ ਬਹੁਤ ਜ਼ਰੂਰੀ ਹੈ। ਰਬਾਬੀ ਕੀਰਤਨੀਏ ਜਿਨ੍ਹਾਂ ਦਾ ਕਿੱਤਾ ਹੀ ਗੁਰਬਾਣੀ ਦਾ ਗਾਇਨ ਕਰਨਾ ਸੀ, ਇਹ ਕੀਰਤਨ ਦੀ ਨਿਸ਼ਚਿਤ ਭੇਟਾ ਦੀ ਮੰਗ ਕਰਨ ਲੱਗ ਪਏ। ਜਦੋਂ ਰਬਾਬੀਆਂ ਵਿਚ ਸ਼ਰਧਾ ਦੀ ਅਣਹੋਂਦ ਵੇਖੀ ਤਾਂ ਗੁਰੂ ਸਾਹਿਬ ਨੇ ਸਾਧਾਰਨ ਸਿੱਖਾਂ ਨੂੰ ਖੁਦ ਕੀਰਤਨ ਕਰਨ ਦੀ ਪ੍ਰੇਰਨਾ ਦਿੱਤੀ।
ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਦੇ ਹਨ:
ਸਭਿ ਸੰਗਤ ਇਕਠੀ ਦਈ ਦੀਵਾਨ ਲਗਾਏ॥
ਸਿਖਨ ਕੋ ਆਇਸੁ ਕਈ ਤੁਮ ਰਾਗ ਸੁਨਾਵਹੁ॥
ਗਹਯੋ ਦੁਤਾਰਾ ਸਿਖ ਕਿਹ ਕਿਨ ਗਹੀ ਰਬਾਬੰ॥
ਹੋਇ ਨਿਸ਼ੰਕ ਗਾਵਨਿ ਲਗੇ ਸਬ ਭਏ ਅਜਾਬੰ॥
ਬਚਨ ਮਾਨਿਬੇ ਗੁਰ ਕੋ ਬਿਦਿਆ ਸਭਿ ਪਾਈ॥
ਜਾਨਤ ਅਤੇ ਨ ਰਾਗ ਕੋ ਗਾਵਤਿ ਬਿਸਮਾਈ॥
ਸੁਨ ਸਿੱਖਨ ਕੇ ਰਾਗ ਕੋ ਗੁਰ ਭਏ ਪ੍ਰਸੰਨਾ॥
ਬਰ ਦੀਨੋ ਤੁਮ ਪ੍ਰੇਮ ਜੁਤਿ ਹਮਰੋ ਬਚ ਮੰਨਾ॥
ਅਬਿ ਤੇ ਬਿਦਿਆ ਰਾਗ ਕੀ ਸਿਖਨ ਮਹਿ ਆਈ॥
ਗਾਵਵਿਂ ਸੁਨਿਹਿਂ ਸੁ ਪ੍ਰੀਤ ਧਰਿ ਲੇਂ ਸੁਭ ਗਤਿ ਪਾਈ॥
ਸਮਾਂ ਪਾ ਕੇ ਰਬਾਬੀ ਕੀਰਤਨੀਆਂ ਦੇ ਨਾਲ ਅਨੇਕਾਂ ਸਿੱਖ ਕੀਰਤਨੀਏ ਵੀ ਕੀਰਤਨ ਕਰਦੇ ਰਹੇ। ਇਨ੍ਹਾਂ ਕੀਰਤਨੀਆਂ ਦੀ ਕੀਰਤਨ ਸ਼ੈਲੀ ਰਬਾਬੀ ਕੀਰਤਨੀਆਂ ਤੋਂ ਕੁਝ ਭਿੰਨ ਸੀ। ਜਿਥੇ ਰਬਾਬੀ ਕੀਰਤਨੀਏ ਲੋਕ ਸੰਗੀਤ ਅਤੇ ਕਵਾਲੀਨੁਮਾ ਸ਼ੈਲੀ ਵਰਤਦੇ, ਉਥੇ ਸਿੱਖ ਕੀਰਤਨੀਏ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਨਿਰਦੇਸ਼ਾਂ ਦੀ ਪਾਲਣਾ ਵੱਲ ਵਧੇਰੇ ਧਿਆਨ ਦਿੰਦੇ। ਰਬਾਬੀ ਕੀਰਤਨੀਏ ਕੀਰਤਨ ਦੇ ਕਿਰਿਆਤਮਕ ਵਿਚ ਮਾਹਰ ਸਨ। ਇਨ੍ਹਾਂ ਦੀ ਰੋਜ਼ੀ-ਰੋਟੀ ਵੀ ਕੀਰਤਨ ਨਾਲ ਹੀ ਚਲਦੀ ਸੀ। ਇਸ ਕਰ ਕੇ ਇਨ੍ਹਾਂ ਦਾ ਮੁੱਖ ਧਿਆਨ ਆਮ ਸਰੋਤਿਆਂ ਦੇ ਮਨੋਰੰਜਨ ਵੱਲ ਵਧੇਰੇ ਹੁੰਦਾ ਸੀ, ਪਰ ਸਿੱਖ ਕੀਰਤਨੀਏ ਗੁਰੂ ਸਾਹਿਬ ਦੇ ਨਿਰਦੇਸ਼ਾਂ ਤੇ ਗੁਰਬਾਣੀ ਦੀ ਸ਼ੁੱਧਤਾ ਵੱਲ ਵਧੇਰੇ ਧਿਆਨ ਦਿੰਦੇ ਸਨ। ਰਬਾਬੀ ਤੇ ਸਿੱਖ ਕੀਰਤਨੀਆਂ ਨਾਲ ਸਬੰਧਤ ਕਥਾਵਾਂ ਇਸ ਗੱਲ ਨੂੰ ਵਧੇਰੇ ਉਜਾਗਰ ਕਰਦੀਆਂ ਹਨ। ਰਬਾਬੀ ਬਲਵੰਤ ਦਾ ਗੁਰੂ ਦੀ ਗੋਲਕ ਵਿਚੋਂ ਅੱਧਾ ਹਿੱਸਾ ਮੰਗਣਾ, ਬਾਬਾ ਬੁੱਢਾ ਜੀ ਨੂੰ ਕੀਰਤਨ ਸੁਣਾਉਣ ਤੋਂ ਇਨਕਾਰ ਕਰਨਾ ਅਤੇ ਫਿਰ ਆਪਣੀ ਬੇਟੀ ਦੇ ਵਿਆਹ ਸਮੇਂ ਨਿਸ਼ਚਿਤ ਭੇਟਾ ਦੀ ਮੰਗ ਕਰਨਾ ਆਦਿ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਈ ਵਾਰ ਰਬਾਬੀ ਕੀਰਤਨੀਆਂ ਵਿਚ ਹੰਕਾਰ ਅਤੇ ਲਾਲਚ ਆ ਜਾਂਦਾ ਸੀ, ਪਰ ਇਨ੍ਹਾਂ ਹਵਾਲਿਆਂ ਤੋਂ ਰਬਾਬੀ ਕੀਰਤਨੀਆਂ ਬਾਰੇ ਗੁਰੂ ਸਾਹਿਬਾਨ ਦਾ ਰਵੱਈਆ ਵੀ ਪ੍ਰਗਟ ਹੁੰਦਾ ਹੈ। ਇਸ ਸਮੇਂ ਗੁਰੂ ਘਰ ਵਿਚ ਕੀਰਤਨ ਮਰਿਆਦਾ ਦੀ ਸਿਰਜਣਾ ਵੀ ਸਥਾਪਤ ਹੁੰਦੀ ਨਜ਼ਰ ਆ ਰਹੀ ਸੀ। ਰਬਾਬੀਆਂ ਦਾ ਮੁੜ ਗੁਰੂ ਦੀ ਸ਼ਰਨ ਵਿਚ ਆਉਣਾ ਅਤੇ ਉਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦੇਣਾ, ਗੁਰੂ ਦੇ ਕੀਰਤਨੀਆਂ ਦੇ ਸਤਿਕਾਰ ਦੀ ਉਤਮ ਉਦਾਹਰਣ ਹੈ।
ਸਿੱਖ ਕੀਰਤਨੀਏ ਕੀਰਤਨ ਦੀ ਮਹੱਤਤਾ ਸਮਝਣ ਵੱਲ ਵਧੇਰੇ ਧਿਆਨ ਦਿੰਦੇ ਸਨ। ਜਿਵੇਂ ਭਗਤ ਰਤਨਾਵਲੀ ਦੀ ਸਾਖੀ ਵਿਚ ਜ਼ਿਕਰ ਆਉਂਦਾ ਹੈ:
ਝਾਜੂ ਮੁਕੰਦ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਰਦਾਸ ਕੀਤੀ, ਜੀ ਬਾਣੀ ਦੇ ਪਾਠ ਦਾ ਕਥਾ ਅਤੇ ਕੀਰਤਨ ਦਾ ਭਿੰਨ ਭਿੰਨ ਫਲ ਕਹੀਐ। ਬਚਨ ਹੋਆ ਬਾਣੀ ਦਾ ਪਾਠੁ ਇਹੁ ਹੈ ਜੋ ਆਪਣੇ ਖੂਹੇ ਦੀ ਪੈਲੀ ਪਾਣੀ ਦੇ ਕੇ ਝਬਦੇ ਪਕਾਈਦੀ ਹੈ ਤੇ ਅਨਾਜ ਦਾ ਬੋਹਲ ਘਰ ਲੈ ਆਈਦਾ ਹੈ, ਜੇ ਖੂਹ ਦੀ ਪੈਲੀ ਨਜ਼ਦੀਕ ਹੋਵੇ ਤਾਂ ਉਸ ਨੂੰ ਭੀ ਪਾਣੀ ਪਹੁੰਚ ਸਕਦਾ ਹੈ, ਪਰ ਦੂਰ ਦੀਆਂ ਪੈਲੀਆਂ ਨੂੰ ਨਹੀਂ ਪਹੁੰਚਦਾ।
ਫਿਰ ਕਥਾ ਅਤੇ ਕੀਰਤਨ ਦਾ ਅੰਤਰ ਸਮਝਾਇਆ ਗਿਆ ਹੈ।
ਤੇ ਕੀਰਤਨ ਐਸਾ ਹੈ ਜੈਸੇ ਮੇਘ ਗਰਜ ਕੇ ਬਰਖਾ ਕਰਦਾ ਹੈ ਤਾਂ ਸਭ ਪੈਲੀਆਂ ਹਰੀਆਂ ਹੁੰਦੀਆਂ ਹਨ। ਤੇ ਕਥਾ ਦਾ ਫਲ ਇਹ ਹੈ ਕਿ ਮੇਘ ਜੋ ਠਹਿਰਿਆ ਹੋਇਆ ਨਿਰਵਾਤ ਝਿੰਮ ਝਿੰਮ ਬਰਖਾ ਕਰਦਾ ਹੈ, ਅੱਗੇ ਪੈਲੀਆਂ ਗਾਹੀਆਂ ਹੋਈਆਂ ਸੁਧਾਰੀਆਂ ਹੋਵਨ ਜੋ ਜੋ ਬੂੰਦ ਪਵੇ, ਵਿਚ ਧਰਤੀ ਤੇ ਸਮਾਵਦੀ ਜਾਵੇ, ਤੈਸੇ ਸਮਝਵਾਨ ਸਿੱਖ ਹੁੰਦੇ ਹੈਨ, ਜੋ ਜੋ ਕਥਾ ਕੀਰਤਨ ਕਰਦੇ ਹੈਨ ਤੇ ਵਾਰਤਾ ਸੁਣਦੇ ਹਨ, ਸੋ ਸੋ ਰਿਦੈ ਵਿਚ ਧਾਰਨੀ ਹੁੰਦੀ ਹੈ। ਕਥਾ ਤੇ ਕੀਰਤਨ ਦੋਵੇਂ ਮਿਲੇ ਸੋਭਾ ਪਾਂਵਦੇ ਹਨ।
ਗਿਆਨੀ ਗਿਆਨ ਸਿੰਘ ਅਨੁਸਾਰ ਜਦੋਂ ਰਬਾਬੀਆਂ ਨੇ ਗੁਰੂ ਘਰ ਵਿਚ ਕੀਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਗੁਰੂ ਜੀ ਨੇ ਰਬਾਬੀਆਂ ਰਾਹੀਂ ਵਜਾਏ ਜਾਣ ਵਾਲੇ ਸਾਜ਼ਾਂ ਦਾ ਵੀ ਗੁਰ ਦਰਬਾਰ ਵਿਚ ਵਜਾਉਣਾ ਵਰਜਿਤ ਕਰ ਦਿੱਤਾ। ਹੁਣ ਸਾਰੰਗੀ ਦੀ ਥਾਂ ਸਰੰਦਾ ਅਤੇ ਮਿਰਦੰਗ ਦੀ ਥਾਂ ਜੋੜੀ ਦਾ ਵਾਦਨ ਹੋਣ ਲੱਗ ਪਿਆ। ਸਿੱਖ ਇਤਿਹਾਸ ਵਿਚ ਜਿਥੇ ਰਬਾਬੀ ਕੀਰਤਨੀਆਂ ਦਾ ਜ਼ਿਕਰ ਹੁੰਦਾ ਹੈ, ਉਥੇ ਸਿੱਖ ਕੀਰਤਨੀਆਂ ਦੇ ਹਵਾਲੇ ਵੀ ਪ੍ਰਾਪਤ ਹੁੰਦੇ ਹਨ, ਜਿਵੇਂ ਭਾਈ ਝਾਜੂ, ਭਾਈ ਮੁਕੰਦਾ ਤੇ ਭਾਈ ਕਿਦਾਰਾ ਆਦਿ।
ਗੁਰੂ ਹਰਿਗੋਬਿੰਦ ਸਾਹਿਬ ਦੇ ਕੀਰਤਪੁਰ ਸਾਹਿਬ ਚਲੇ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀਚੰਦ ਦੀ ਔਲਾਦ ਕੋਲ ਆ ਗਿਆ। ਉਸ ਵੇਲੇ ਦੇ ਕੀਰਤਨੀਆਂ ਬਾਰੇ ਇਤਿਹਾਸ ਚੁੱਪ ਹੈ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਬਹਾਦਰ ਦੇ ਸਮੇਂ ਮਾਤਾ ਸੁੰਦਰੀ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਭਾਈ ਮਨੀ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ। ਉਨ੍ਹਾਂ ਨੇ ਮੁੜ ਗੁਰੂ ਮਰਿਆਦਾ ਸਥਾਪਤ ਕੀਤੀ। ਉਨ੍ਹਾਂ ਨਾਲ ਜੱਸਾ ਸਿੰਘ ਆਹਲੂਵਾਲੀਆ ਵੀ ਆਏ ਸਨ ਜਿਹੜੇ ਖੁਦ ਕੀਰਤਨ ਕਰਦੇ ਸਨ। ਸਿੱਖ ਮਿਸਲਾਂ ਦੇ ਸਮੇਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੱਖ-ਵੱਖ ਬੁੰਗਿਆਂ ਦੀ ਉਸਾਰੀ ਹੋਈ। ਇਸ ਸਮੇਂ ਕੁਝ ਕੀਰਤਨੀਆਂ ਦੇ ਨਾਮ ਪ੍ਰਾਪਤ ਹੁੰਦੇ ਹਨ; ਜਿਵੇਂ ਰਾਗੀ ਕਾਹਨ ਸਿੰਘ, ਰਾਗੀ ਚੜ੍ਹਤ ਸਿੰਘ, ਰਾਗੀ ਧਨਪਤ ਸਿੰਘ, ਰਾਗੀ ਅਮਰ ਸਿੰਘ ਆਦਿ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹਰਿਮੰਦਰ ਸਾਹਿਬ ਵਿਖੇ ਜਿਥੇ ਮੁਸਲਮਾਨ ਰਬਾਬੀ ਕੀਰਤਨ ਕਰਦੇ ਸਨ, ਉਥੇ ਸਿੱਖ ਰਾਗੀ ਵੀ ਕੀਰਤਨ ਕਰਦੇ ਸਨ।
ਭਾਈ ਮਨਸਾ ਸਿੰਘ: ਇਸ ਸਮੇਂ ਹਰਿਮੰਦਰ ਸਾਹਿਬ ਦੇ ਪ੍ਰਸਿੱਧ ਰਾਗੀ ਭਾਈ ਮਨਸਾ ਸਿੰਘ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੁਰੂ ਘਰ ਵਿਚ ਕੀਰਤਨ ਕਰਨ ਦੇ ਨਾਲ-ਨਾਲ ਆਪਣਾ ਨਿਜੀ ਜੀਵਨ ਗੁਰਬਾਣੀ ਵਿਚ ਦਰਸਾਏ ਕੀਰਤਨੀਏ ਵਾਂਗ ਜਿਉਂਦੇ ਸਨ। ਗੁਰਬਾਣੀ ਦਾ ਫਰਮਾਨ ਹੈ:
ਭਲੋ ਭਲੋ ਰੇ ਕੀਰਤਨੀਆ
ਰਾਮ ਰਮਾ ਰਾਮਾ ਗੁਨ ਗਾਉ॥
ਛੋਡਿ ਮਾਇਆ ਕੇ ਧੰਧ ਸੁਆਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 885)
ਇਤਿਹਾਸ ਵਿਚ ਵਰਣਨ ਮਿਲਦਾ ਹੈ ਕਿ ਭਾਈ ਮਨਸਾ ਸਿੰਘ ਦੀ ਕਮਜ਼ੋਰ ਮਾਇਕ ਹਾਲਤ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਧਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਬਾਬਾ ਸ਼ਾਮ ਸਿੰਘ: ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਇਕ ਹੋਰ ਪ੍ਰਸਿੱਧ ਰਾਗੀ ਦੇ ਨਾਮ ਦਾ ਵਰਣਨ ਹੈ। ਇਨ੍ਹਾਂ ਨੂੰ ਬਾਬਾ ਸ਼ਾਮ ਸਿੰਘ ਕਿਹਾ ਜਾਂਦਾ ਸੀ। ਬਾਬਾ ਸ਼ਾਮ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਦੇ ਤੀਸਰੇ ਪਹਿਰ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਸਰੰਦੇ ਨਾਲ ਕੀਰਤਨ ਕਰਦੇ ਸਨ। ਆਪ ਨੇ ਇਹ ਸੇਵਾ ਲਗਭਗ ਸੱਤਰ ਸਾਲ ਕੀਤੀ। ਇਨ੍ਹਾਂ ਦਾ ਸਰੰਦਾ ਅਜੇ ਵੀ ਸਿੱਖ ਅਜਾਇਬ ਘਰ ਵਿਚ ਸੁਭਾਇਮਾਨ ਹੈ।
ਗਿਆਨੀ ਗਿਆਨ ਸਿੰਘ ਅਨੁਸਾਰ ਪਹਿਲੇ ਪਹਿਲ ਭਾਈ ਮੱਸਾ ਸਿੰਘ ਰਾਗੀ ਬਹੁਤ ਚਿਰ ਆਸਾ ਦੀ ਵਾਰ ਦੀ ਚੌਕੀ ਕਰਦਾ ਰਿਹਾ ਜਿਸ ਨੇ ਸੰਤਾਨ ਨਾ ਹੋਣ ਕਰ ਕੇ ਆਪਣੇ ਦੋਹਤਰੇ ਭਾਈ ਮਾਨ ਸਿੰਘ ਨੂੰ ਮੁਤਬੰਨਾ ਬਣਾ ਕੇ ਆਪਣੀ ਥਾਂ ਕਾਇਮ ਕੀਤਾ ਜਿਸ ਨੂੰ ਸਾਰੇ ਸਿੱਖਾਂ ਵੱਲੋਂ ਸਿਰੋਪਾ ਮਿਲਣ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿਰੋਪਾ ਤੇ ਕੁਝ ਜਾਗੀਰ ਭੇਟ ਕੀਤੀ। ਉਸ ਦੀ ਸੰਤਾਨ ਕਾਫੀ ਸਮਾਂ ਦਰਬਾਰ ਸਾਹਿਬ ਕੀਰਤਨ ਕਰਦੀ ਰਹੀ ਹੈ। ਗਿਆਨੀ ਗਿਆਨ ਸਿੰਘ ਨੇ ਕੁਝ ਰਾਗੀ ਜਥਿਆਂ ਨੇ ਨਾਂਵਾਂ ਦੀ ਸੂਚੀ ਵੀ ਦਿੱਤੀ ਹੈ:
1æ ਭਾਈ ਚੇਤ ਸਿੰਘ, ਹਜ਼ਾਰਾ ਸਿੰਘ
2æ ਭਾਈ ਮਿਸਰਾ ਸਿੰਘ, ਕਪੂਰ ਸਿੰਘ
3æ ਭਾਈ ਪੈੜਾ ਸਿੰਘ, ਕਿਸ਼ਨ ਸਿੰਘ, ਗੁਰਦਿੱਤ ਸਿੰਘ ਆਦਿ
4æ ਭਾਈ ਰਤਨ ਸਿੰਘ, ਕਰਮ ਸਿੰਘ, ਮੰਗਲ ਸਿੰਘ
5æ ਭਾਈ ਗੰਡਾ ਸਿੰਘ, ਜਮੀਤ ਸਿੰਘ, ਮੰਗਲ ਸਿੰਘ
6æ ਭਾਈ ਆਨੰਦ ਮਾਨ ਸਿੰਘ, ਅਮੀਰ ਸਿੰਘ ਬੇਰੀ ਆਦਿ
7æ ਭਾਈ ਬਿਸ਼ਨ ਸਿੰਘ, ਬੁਧ ਸਿੰਘ
8æ ਭਾਈ ਮੰਗਲ ਸਿੰਘ, ਰਾਮ ਸਿੰਘ ਰਾਗੀਆਂ
ਸੰਗੀਤ ਕਲਾ ਭਾਵੇਂ ਰਬਾਬੀਆਂ ਦੀ ਖਾਨਦਾਨੀ ਕਲਾ ਸੀ ਤੇ ਇਸੇ ਕਰ ਕੇ ਉਹ ਇਸ ਵਿਚ ਮਾਹਰ ਸਨ, ਪਰ ਸਮਾਂ ਪਾ ਕੇ ਸਿੱਖਾਂ ਵਿਚ ਵੀ ਇਸ ਕਲਾ ਵਿਚ ਮੁਹਾਰਤ ਰੱਖਣ ਵਾਲੇ ਸੰਗੀਤਕਾਰ ਬਣ ਗਏ ਸਨ। ਇਨ੍ਹਾਂ ਰਾਗੀਆਂ ਵਿਚੋਂ ਕਈ ਰਾਗੀ ਬਹੁਤ ਵਿਦਵਾਨ ਹੋਏ ਹਨ, ਜਿਵੇਂ ਭਾਈ ਮਿਸਰਾ ਸਿੰਘ ਇਤਨੇ ਵਿਦਵਾਨ ਸਨ ਕਿ ਮਹੰਤ ਗੱਜਾ ਸਿੰਘ ਰਾਹੀਂ ਇਨ੍ਹਾਂ ਦੀ ਸਿਫਤ ਸੁਣ ਕੇ ਮਹਾਰਾਜਾ ਭੁਪਿੰਦਰ ਸਿੰਘ ਨੇ ਇਨ੍ਹਾਂ ਪਾਸੋਂ ਸੰਗੀਤ ਸ਼ਾਸਤਰ ਲਿਖਵਾਉਣ ਲਈ ਕੁਝ ਚਿਰ ਲਈ ਆਪਣੇ ਦਰਬਾਰ ਵਿਚ ਨਿਯੁਕਤ ਕੀਤਾ ਸੀ।
ਅੰਗਰੇਜ਼ ਰਾਜ ਵਿਚ ਸਿੱਖ ਧਾਰਮਿਕ ਸਥਾਨਾਂ ਦਾ ਪ੍ਰਬੰਧ ਆਮ ਤੌਰ ‘ਤੇ ਮਹੰਤਾਂ ਕੋਲ ਸੀ। ਇਸ ਸਮੇਂ ਵੀ ਰਾਗੀ ਤੇ ਰਬਾਬੀ ਇਨ੍ਹਾਂ ਸਥਾਨਾਂ ‘ਤੇ ਕੀਰਤਨ ਕਰਦੇ ਸਨ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਕਈ ਮੁਸਲਮਾਨ ਰਬਾਬੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਉਹ ਪੂਰੀ ਸ਼ਰਧਾ ਨਾਲ ਗੁਰਮਤਿ ਸੰਗੀਤ ਵਿਚ ਯੋਗਦਾਨ ਦਿੰਦੇ ਰਹੇ। ਅਜਿਹੇ ਕੀਰਤਨੀਆਂ ਵਿਚੋਂ ਭਾਈ ਰਣਜੋਧ ਸਿੰਘ ਜੋ ਕੀਰਤਨੀਏ ਭਾਈ ਜਸਵੰਤ ਸਿੰਘ ਅਤੇ ਭਾਈ ਪਾਲ ਸਿੰਘ (ਭਾਈ ਜੱਸਾ ਪਾਲਾ) ਦੇ ਪਿਤਾ ਸਨ, ਭਾਈ ਤਾਨਾ ਸਿੰਘ, ਭਾਈ ਮਿਹਰ ਸਿੰਘ ਤਾਨ, ਭਾਈ ਗੁਰਮੁਖ ਸਿੰਘ, ਭਾਈ ਸਰਮੁਖ ਸਿੰਘ ਫੱਕਰ, ਭਾਈ ਧਰਮ ਸਿੰਘ, ਭਾਈ ਸ਼ਮਸ਼ੇਰ ਸਿੰਘ ਜ਼ਖਮੀ ਆਦਿ ਵਰਣਨਯੋਗ ਹਨ। ਇਨ੍ਹਾਂ ਕੀਰਤਨੀਆਂ ਨੇ ਆਪਣੇ ਬੱਚਿਆਂ ਨੂੰ ਵੀ ਕੀਰਤਨ ਦੀ ਤਾਲੀਮ ਦਿੱਤੀ ਅਤੇ ਸਿੱਖੀ ਸਰੂਪ ਵਿਚ ਕੀਰਤਨ ਕਰਨ ਲਈ ਪ੍ਰੇਰਿਆ। ਇਨ੍ਹਾਂ ਦੀ ਔਲਾਦ ਹੁਣ ਵੀ ਕੀਰਤਨ ਕਰ ਰਹੀ ਹੈ। ਖਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਸੰਨ 1900 ਵਿਚ ਛਪੀ ਡਾਇਰੈਕਟਰੀ ਦੇ ਹਵਾਲੇ ਨਾਲ ਪ੍ਰੋæ ਪਿਆਰਾ ਸਿੰਘ ਪਦਮ ਨੇ ‘ਅੰਮ੍ਰਿਤ ਕੀਰਤਨ’ ਮੈਗਜ਼ੀਨ ਵਿਚ ਸੌ ਸਾਲ ਪੁਰਾਣੇ ਰਬਾਬੀਆਂ ਤੇ ਢਾਡੀਆਂ ਦੀ ਸੂਚੀ ਦੇਣ ਦੇ ਨਾਲ-ਨਾਲ ਰਾਗੀਆਂ ਦੀ ਸੂਚੀ ਵੀ ਦਿੱਤੀ ਹੈ। ਇਸ ਸੂਚੀ ਵਿਚ ਦਰਜ ਕੁਝ ਨਾਮ ਇਸ ਪ੍ਰਕਾਰ ਹਨ:
ਭਾਈ ਗੰਗਾ ਸਿੰਘ, ਭਾਈ ਹਰੀ ਸਿੰਘ, ਭਾਈ ਭਾਗ ਸਿੰਘ, ਭਾਈ ਪਰਤਾਪ ਸਿੰਘ, ਭਾਈ ਪਰਾਗ ਸਿੰਘ, ਭਾਈ ਸੰਪੂਰਨ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਕੇਸਰ ਸਿੰਘ, ਭਾਈ ਗੰਡਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਮੂਲ ਸਿੰਘ, ਭਾਈ ਠਾਕੁਰ ਸਿੰਘ, ਭਾਈ ਹਰਨਾਮ ਸਿੰਘ, ਭਾਈ ਸੁਰਪਤ ਸਿੰਘ, ਭਾਈ ਹਰੀ ਸਿੰਘ, ਭਾਈ ਸਹਿਜ ਸਿੰਘ, ਭਾਈ ਸਾਧੂ ਸਿੰਘ, ਭਾਈ ਗੁਲਾਬ ਸਿੰਘ, ਭਾਈ ਚੜ੍ਹਤ ਸਿੰਘ, ਭਾਈ ਸੁੰਦਰ ਸਿੰਘ, ਭਾਈ ਹਰਿਨਾਮ ਸਿੰਘ, ਭਾਈ ਬਿਹਾਲ ਸਿੰਘ, ਭਾਈ ਨਰੈਣ ਸਿੰਘ, ਭਾਈ ਹਰੀ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਮੀਰ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਫਤੇ ਸਿੰਘ, ਭਾਈ ਖਜ਼ਾਨ ਸਿੰਘ, ਭਾਈ ਨਿਹਾਰ ਸਿੰਘ ਤੇ ਭਾਈ ਹਜ਼ਾਰਾ ਸਿੰਘ ਆਦਿ।
ਸਿੱਖ ਕੀਰਤਨੀਆਂ ਵਿਚੋਂ ਕੁਝ ਕੀਰਤਨੀਏ ਗੁਰਮਤਿ ਸੰਗੀਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਨ੍ਹਾਂ ਨੇ ਆਪਣੇ ਕੀਰਤਨ ਨਾਲ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ:
ਭਾਈ ਸੁੰਦਰ ਸਿੰਘ: ਆਪ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਸਨ। ਆਪ ਦਾ ਕੀਰਤਨ ਇਤਨਾ ਪ੍ਰਭਾਵਸ਼ਾਲੀ ਸੀ ਕਿ ਇਸ ਨੂੰ ਬੰਗਾਲ ਦੇ ਮਹਾਂਕਵੀ ਰਬਿੰਦਰਨਾਥ ਠਾਕੁਰ ਨੇ ਕਲਕੱਤੇ ਲਿਜਾਣ ਦੀ ਇੱਛਾ ਪ੍ਰਗਟਾਈ ਸੀ।
ਮਹੰਤ ਗੱਜਾ ਸਿੰਘ: ਮਹੰਤ ਗੱਜਾ ਸਿੰਘ ਸੰਗੀਤ ਕਲਾ ਵਿਚ ਨਿਪੁੰਨ ਸਨ। ਆਪ ਸਰੰਦਾ ਵਜਾਉਣ ਵਿਚ ਮਾਹਰ ਸਨ। ਆਪ ਮਹਾਰਾਜਾ ਪਟਿਆਲਾ ਦੇ ਦਰਬਾਰੀ ਕੀਰਤਨੀਏ ਵੀ ਰਹੇ। ਆਪ ਨੇ ਭਾਈ ਕਾਹਨ ਸਿੰਘ ਨਾਭਾ ਨੂੰ ਸੰਗੀਤ ਸਿੱਖਿਆ ਦਿੱਤੀ ਅਤੇ ਮਹਾਨ ਕੋਸ਼ ਵਿਚ ਗੁਰਮਤਿ ਸੰਗੀਤ ਸਬੰਧੀ ਐਂਟਰੀਆਂ ਲਿਖਣ ਵਿਚ ਸਹਿਯੋਗ ਦਿੱਤਾ। ਇਸ ਕਾਰਨ ਗੁਰਮਤਿ ਸੰਗੀਤ ਸਬੰਧੀ ਭਰਪੂਰ ਪਰਮਾਣਿਕ ਜਾਣਕਾਰੀ ਉਪਲਬਧ ਹੋ ਰਹੀ ਹੈ। ਆਪ ਦੇ ਮੁਖ ਸ਼ਾਗਿਰਦਾਂ ਵਿਚ ਮਹਾਰਾਜਾ ਭੁਪਿੰਦਰ ਸਿੰਘ, ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਅਤੇ ਦਿਲਰੁਬਾ ਵਾਦਕ ਭਾਈ ਹਰਨਾਮ ਸਿੰਘ ਦਾ ਨਾਮ ਸ਼ਾਮਲ ਹੈ।
ਭਾਈ ਜਵਾਲਾ ਸਿੰਘ: ਭਾਈ ਜਵਾਲਾ ਸਿੰਘ ਗੁਰੂ ਅਰਜਨ ਦੇਵ ਵੱਲੋਂ ਵਰੋਸਾਏ ਹੋਏ ਕੀਰਤਨੀਆਂ ਦੀ ਲੜੀ ਵਿਚੋਂ ਸਨ। ਆਪ ਪਾਸ ਗੁਰੂ ਕਲਾ ਦੀਆਂ ਪੁਰਾਤਨ ਰੀਤਾਂ ਦਾ ਖ਼ਜ਼ਾਨਾ ਸੀ। ਆਪ ਨੇ ਇਨ੍ਹਾਂ ਦੀ ਤਾਲੀਮ ਆਪਣੇ ਪੁੱਤਰਾਂ ਭਾਈ ਗੁਰਬਚਨ ਸਿੰਘ ਅਤੇ ਭਾਈ ਅਵਤਾਰ ਸਿੰਘ ਨੂੰ ਦਿੱਤੀ ਜਿਹੜੇ ਉਮਰ ਭਰ ਇਨ੍ਹਾਂ ਦਾ ਗਾਇਨ ਕਰਦੇ ਰਹੇ। ਇਸ ਦੇ ਨਾਲ ਹੀ ਇਨ੍ਹਾਂ ਨੇ ਇਨ੍ਹਾਂ ਰੀਤਾਂ ਨੂੰ ਲਿਪੀਬੱਧ ਕਰ ਕੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਕਰਵਾਇਆ। ਹੁਣ ਇਹ ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਪੁਸਤਕ ਦੇ ਰੂਪ ਵਿਚ ਉਪਲਬਧ ਹਨ। ਇਨ੍ਹਾਂ ਦੇ ਵੰਸ਼ ਵਿਚੋਂ ਭਾਈ ਕੁਲਤਾਰ ਸਿੰਘ ਕੀਰਤਨ ਕਰ ਰਹੇ ਹਨ ਅਤੇ ਭਾਈ ਜਵਾਲਾ ਸਿੰਘ ਦੀ ਕੀਰਤਨ ਸ਼ੈਲੀ ਨੂੰ ਕਾਇਮ ਰੱਖ ਰਹੇ ਸਨ।
ਭਾਈ ਹੀਰਾ ਸਿੰਘ: ਭਾਈ ਹੀਰਾ ਸਿੰਘ, ਸਿੰਘ ਸਭਾ ਲਹਿਰ ਦੇ ਪ੍ਰਸਿੱਧ ਕੀਰਤਨੀਏ ਹੋਏ ਹਨ। ਆਪ ਨੇ ਕੀਰਤਨ ਕਰਨ ਦੇ ਨਾਲ-ਨਾਲ ਅਨੇਕਾਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ। ਆਪ ਉਮਰ ਭਰ ਗੁਰਮਤਿ ਸੰਗੀਤ ਦੇ ਮਿਆਰੀ ਕੀਰਤਨੀਏ ਵਜੋਂ ਵਿਚਰਦੇ ਰਹੇ ਜਿਸ ਦਾ ਮਨੋਰਥ ਕੇਵਲ ਮਾਇਆ ਕਮਾਉਣਾ ਨਹੀਂ ਸੀ, ਸਗੋਂ ਲੋਕਾਈ ਦਾ ਭਲਾ ਕਰਨਾ ਸੀ।
ਭਾਈ ਸੁਧ ਸਿੰਘ ਪ੍ਰਧਾਨ ਸਿੰਘ: ਭਾਈ ਸੁਧ ਸਿੰਘ ਭਾਈ ਪ੍ਰਧਾਨ ਸਿੰਘ ਪ੍ਰਸਿੱਧ ਟਕਸਾਲੀ ਕੀਰਤਨੀਏ ਸਨ। ਆਪ ਪੁਰਾਤਨ ਰੀਤਾਂ ਵਿਚ ਕੀਰਤਨ ਕਰਦੇ ਰਹੇ। ਆਪ ਦੇ ਜਥੇ ਵਿਚੋਂ ਭਾਈ ਪ੍ਰਧਾਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹਰਭਜਨ ਸਿੰਘ ਰਤਨ ਵੱਲੋਂ ਗਾਇਨ ਕੀਤੀ ਆਸਾ ਦੀ ਵਾਰ ਦੇ ਰਿਕਾਰਡ ਤਿਆਰ ਹੋਏ ਸਨ। ਇਹ ਆਸਾ ਦੀ ਵਾਰ ਦੀ ਗਾਇਨ ਵਿਧੀ ਦਾ ਚੰਗਾ ਨਮੂਨਾ ਹੈ।
ਗਿਆਨੀ ਗਿਆਨ ਸਿੰਘ ਐਬਟਾਬਾਦ: ਗਿਆਨੀ ਗਿਆਨ ਸਿੰਘ ਨਿਸ਼ਕਾਮ ਕੀਰਤਨੀਏ ਸਨ। ਆਪ ਕਿੱਤੇ ਵਜੋਂ ਕੀਰਤਨ ਨਹੀਂ ਸੀ ਕਰਦੇ। ਆਪ ਨੂੰ ਗੁਰਮਤਿ ਦੀ ਸੰਭਾਲ ਦਾ ਖਾਸ ਫਿਕਰ ਸੀ। ਆਪ ਨੇ ਨੌਂ ਪ੍ਰਸਿੱਧ ਰਾਗੀਆਂ ਦੀਆਂ ਰੀਤਾਂ ਸੁਣ ਕੇ ਗਿਆਨੀ ਹਰਦਿੱਤ ਸਿੰਘ ਅਤੇ ਪ੍ਰਿੰਸੀਪਲ ਦਿਆਲ ਸਿੰਘ ਨਾਲ ਮਿਲ ਕੇ ਉਨ੍ਹਾਂ ਦੀਆਂ ਸੁਰ ਲਿਪੀਆਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਗੁਰਬਾਣੀ ਸੰਗੀਤ’ ਨਾਮਕ ਪੁਸਤਕ (ਦੋ ਭਾਗ) ਪ੍ਰਕਾਸ਼ਿਤ ਕੀਤੀ। ਆਪ ਦੀ ਇਹ ਪੁਸਤਕ ਗੁਰਮਤਿ ਸੰਗੀਤ ਸਾਹਿਤ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ।
ਭਾਈ ਪ੍ਰੇਮ ਸਿੰਘ ਰਾਗੀ: ਪਟਿਆਲਾ ਰਿਆਸਤ ਨਾਲ ਸਬੰਧਤ ਭਾਈ ਪ੍ਰੇਮ ਸਿੰਘ ਗੁਰਮਤਿ ਸੰਗੀਤ ਦਾ ਸਿਧਾਂਤਕ ਗਿਆਨ ਰੱਖਣ ਵਾਲੇ ਰਾਗੀ ਸਨ। ਆਪ ਨੇ ‘ਗੁਰਮਤਿ ਰਤਨ (ਸੰਗੀਤ) ਭੰਡਾਰ’ ਨਾਮਕ ਪੁਸਤਕ ਦੀ ਰਚਨਾ ਕੀਤੀ। ਇਸ ਪੁਸਤਕ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਾਣਕਾਰੀ ਦੇਣ ਦੇ ਨਾਲ ਵੱਖ-ਵੱਖ ਰਾਗਾਂ ਦੇ ਵੇਰਵੇ ਅਤੇ ਸੰਗੀਤ ਸਬੰਧੀ ਹੋਰ ਜਾਣਕਾਰੀ ਦਿੱਤੀ ਗਈ ਹੈ।
ਭਾਈ ਸਮੁੰਦ ਸਿੰਘ: ਆਪ ਕਲਾਸੀਕਲ ਅੰਦਾਜ਼ ਵਿਚ ਕੀਰਤਨ ਕਰਦੇ ਸਨ। ਆਪ ਦੇ ਕੀਰਤਨ ਸਦਕਾ ਗੁਰਮਤਿ ਸੰਗੀਤ ਦੇ ਮਿਆਰ ਦੀ ਗੈਰ-ਸਿੱਖ ਸੰਗੀਤਕਾਰਾਂ ਵਿਚ ਵੀ ਚਰਚਾ ਹੁੰਦੀ ਸੀ। ਇਨ੍ਹਾਂ ਦੇ ਸਮੇਂ ਤੱਕ ਰੇਡੀਓ ਅਤੇ ਰਿਕਾਰਡਿੰਗ ਕੰਪਨੀਆਂ ਅਜੇ ਅਰੰਭ ਹੋ ਰਹੀਆਂ ਸਨ। ਇਸ ਕਾਰਨ ਹੁਣ ਕੀਰਤਨ ਦੀ ਸਾਂਭ-ਸੰਭਾਲ ਅਰੰਭ ਹੋ ਗਈ। ਆਪ ਦਾ ਕੀਰਤਨ ਅਜੋਕੇ ਕੀਰਤਨੀਆਂ ਅਤੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਲਈ ਉਦਾਹਰਣ ਹੈ। ਭਾਈ ਸਾਹਿਬ ਦੀ ਕੀਰਤਨ ਸ਼ੈਲੀ ਨੂੰ ਉਨ੍ਹਾਂ ਦੇ ਸ਼ਾਗਿਰਦ ਪ੍ਰੋæ ਪਰਮਜੋਤ ਸਿੰਘ ਨੇ ਆਤਮਸਾਤ ਕੀਤਾ ਹੈ। ਉਨ੍ਹਾਂ ਨੇ 31 ਰਾਗਾਂ ਦੀ ਰਿਕਾਰਡਿੰਗ ਤਿਆਰ ਕਰਨ ਦੇ ਨਾਲ-ਨਾਲ ਨਿਰਧਾਰਤ ਰਾਗਾਂ ‘ਤੇ ਆਧਾਰਿਤ ‘ਸਵਰ ਸਮੁੰਦ’ ਪੁਸਤਕ ਵੀ ਪ੍ਰਕਾਸ਼ਤ ਕੀਤੀ।
ਭਾਈ ਸੰਤਾ ਸਿੰਘ: ਭਾਈ ਸੰਤਾ ਸਿੰਘ ਸੁਰੀਲੀ ਆਵਾਜ਼ ਅਤੇ ਨਿਵੇਕਲੇ ਅੰਦਾਜ਼ ਵਿਚ ਕੀਰਤਨ ਕਰਨ ਵਾਲੇ ਕੀਰਤਨੀਏ ਸਨ। ਆਪ ਉਚੀ ਸੁਰ ਵਿਚ ਬੜਾ ਪ੍ਰਭਾਵਸ਼ਾਲੀ ਕੀਰਤਨ ਕਰਦੇ ਸਨ। ਆਪ ਵੀ ਰੇਡੀਓ ਤੇ ਰਿਕਾਰਡਿੰਗ ਕੰਪਨੀਆਂ ਵਿਚ ਬੜੇ ਮਕਬੂਲ ਸਨ। ਆਪ ਨੇ ਜਿਥੇ ਖੁਦ ਲੰਮਾ ਸਮਾਂ ਸ੍ਰੀ ਹਰਮਿੰਦਰ ਸਾਹਿਬ ਅਤੇ ਬਾਅਦ ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਕੀਰਤਨ ਦੀ ਸੇਵਾ ਕੀਤੀ, ਉਥੇ ਅੱਗਿਉਂ ਆਪਣੇ ਭਰਾਤਾ ਅਤੇ ਆਪਣੀ ਔਲਾਦ ਨੂੰ ਵੀ ਕੀਰਤਨ ਕਰਨ ਦੀ ਪ੍ਰੇਰਨਾ ਦਿੱਤੀ। ਆਪ ਦੇ ਭਰਾਤਾ ਭਾਈ ਸ਼ਮਸ਼ੇਰ ਸਿੰਘ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕੀਰਤਨ ਕਰਦੇ ਰਹੇ ਹਨ। ਆਪ ਦੇ ਭਤੀਜੇ ਭਾਈ ਹਰਜੀਤ ਸਿੰਘ, ਭਾਈ ਹਰਦੀਪ ਸਿੰਘ ਆਦਿ ਹੁਣ ਵੀ ਆਪ ਦੀ ਸ਼ੈਲੀ ਵਿਚ ਕੀਰਤਨ ਕਰਦੇ ਹਨ।
ਭਾਈ ਸੁਰਜਨ ਸਿੰਘ: ਭਾਈ ਸੁਰਜਨ ਸਿੰਘ ਨੇ ਕੀਰਤਨ ਦੇ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਆਪ ਦੀ ਆਵਾਜ਼ ਵਿਚ ਅਜੀਬ ਕਸ਼ਿਸ਼ ਸੀ ਜਿਸ ਸਦਕਾ ਆਪ ਦਾ ਕੀਰਤਨ ਬਿਹਬਲਤਾ ਅਤੇ ਕਰੁਣਾ ਰਸ ਨਾਲ ਭਰਪੂਰ ਸੀ। ਆਪ ਦੀ ਆਵਾਜ਼ ਦਾ ਇਤਨਾ ਪ੍ਰਭਾਵ ਸੀ ਕਿ ਪ੍ਰਸਿੱਧ ਕਲਾਸੀਕਲ ਗਾਇਕ ਪਦਮਸ੍ਰੀ ਸੋਹਣ ਸਿੰਘ ਨੇ ਆਪ ਦਾ ਗਾਇਨ ਸੁਣ ਕੇ ਸੰਗੀਤ ਕਲਾ ਨੂੰ ਅਪਨਾਇਆ। ਆਪ ਵੱਲੋਂ ਗਾਇਨ ਕੀਤੀ ਆਸਾ ਦੀ ਵਾਰ ਦੇ ਰਿਕਾਰਡ ਹੁਣ ਵੀ ਬਹੁਤ ਮਕਬੂਲ ਹਨ।
ਸੰਤ ਸਰਵਣ ਸਿੰਘ ਡੁਮੇਲੀ ਵਾਲੇ: ਸੰਤ ਸਰਵਣ ਸਿੰਘ ਡੁਮੇਲੀ ਵਾਲੇ ਉਚ ਕੋਟੀ ਦੇ ਕੀਰਤਨੀਏ ਹੋਏ ਹਨ। ਆਪ ਗੁਰਮਤਿ ਸੰਗੀਤ ਦੇ ਸਿਧਾਂਤਕ ਅਤੇ ਕਿਰਿਆਤਮਕ ਪੱਖ ਵਿਚ ਮਾਹਰ ਸਨ। ਆਪ ਨੇ ਗੁਰਮਤਿ ਸੰਗੀਤ ਦੇ ਸਿਧਾਂਤ ਬਾਰੇ ਸੁਰ ਸਿਮਰਨ ਲੜੀ ਦੀਆਂ ਛੇ ਪੁਸਤਕਾਂ ਪ੍ਰਕਾਸ਼ਤ ਕਰਵਾ ਕੇ ਗੁਰਮਤਿ ਸੰਗੀਤ ਸਾਹਿਤ ਨੂੰ ਭਰਪੂਰ ਯੋਗਦਾਨ ਦਿੱਤਾ।
ਭਾਈ ਪਿਆਰਾ ਸਿੰਘ: ਭਾਈ ਪਿਆਰਾ ਸਿੰਘ ਲੰਮਾ ਸਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਦੇ ਰਹੇ। ਆਪ ਵੱਲੋਂ ਟਕਸਾਲੀ ਰੀਤਾਂ ਅਨੁਸਾਰ ਕੀਤੇ ਜਾਂਦੇ ਕੀਰਤਨ ਨੂੰ ਸੰਗਤਾਂ ਸਲਾਹੁੰਦੀਆਂ ਸਨ। ਆਪ ਨੇ ਗੁਰਮਤਿ ਸੰਗੀਤ ਦੀ ਸਿਖਲਾਈ ਆਪਣੇ ਭਰਾਤਾ ਭਾਈ ਕਿਰਪਾਲ ਸਿੰਘ ਅਤੇ ਆਪਣੇ ਪੁੱਤਰਾਂ ਭਾਈ ਜਸਵੰਤ ਸਿੰਘ ਅਤੇ ਭਾਈ ਮਨਜੀਤ ਸਿੰਘ ਨੂੰ ਦਿੱਤੀ ਜਿਹੜੇ ਹੁਣ ਤੱਕ ਕੀਰਤਨ ਦੀ ਸੇਵਾ ਕਰ ਰਹੇ ਹਨ।
ਭਾਈ ਜਸਵੰਤ ਸਿੰਘ ਕਲਾਰਾਂ ਵਾਲੇ: ਆਪ ਨੇ ਮਸਤੂਆਣਾ ਟਕਸਾਲ ਅਤੇ ਦੌਧਰਪੁਰ ਦੀ ਟਕਸਾਲ ਵਿਚ ਅਨੇਕਾਂ ਵਿਦਿਆਰਥੀਆਂ ਨੂੰ ਕੀਰਤਨ ਸਿਖਲਾਈ ਦਿੱਤੀ। ਆਪ ਦੇ ਵਿਦਿਆਰਥੀਆਂ ਵਿਚੋਂ ਭਾਈ ਅਮਰੀਕ ਸਿੰਘ, ਭਾਈ ਬਲਦੇਵ ਸਿੰਘ, ਪ੍ਰੀਤਮ ਸਿੰਘ ਆਦਿ ਪ੍ਰਸਿੱਧ ਰਾਗੀ ਹੋਏ ਹਨ। ਆਪ ਨੇ ਗੁਰਮਤਿ ਸੰਗੀਤ ਸਬੰਧੀ ਪੁਸਤਕ ਦੀ ਰਚਨਾ ਕੀਤੀ।
ਭਾਈ ਉੱਤਮ ਸਿੰਘ: ਭਾਈ ਉੱਤਮ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੰਮਾ ਸਮਾਂ ਕੀਰਤਨ ਕਰਦੇ ਰਹੇ ਹਨ। ਆਪ ਨੇ ਕੀਰਤਨ ਦੀ ਤਾਲੀਮ ਆਪਣੇ ਪੁੱਤਰਾਂ ਨੂੰ ਵੀ ਦਿੱਤੀ। ਇਨ੍ਹਾਂ ਵਿਚੋਂ ਡਾਕਟਰ ਜਾਗੀਰ ਸਿੰਘ (ਲੇਖਕ ਖੁਦ) ਕੀਰਤਨ ਵਿਚ ਨਾਮਣਾ ਖੱਟ ਚੁੱਕੇ ਹਨ। ਭਾਈ ਉੱਤਮ ਸਿੰਘ ਦੇ ਦੂਜੇ ਪੁੱਤਰ ਡਾਕਟਰ ਬਚਿੱਤਰ ਸਿੰਘ ਮਿਆਰੀ ਕੀਰਤਨ ਕਰਦੇ ਹਨ। ਆਪ ਆਕਾਸ਼ਵਾਣੀ ਦੇ ਪ੍ਰਵਾਣਿਤ ਕੀਰਤਨੀਏ ਹਨ। ਤੀਜੇ ਪੁੱਤਰ ਡਾਕਟਰ ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਨੂੰ ਅਕਾਦਮਿਕ ਖੇਤਰ ਵਿਚ ਪ੍ਰਚਲਿਤ ਕਰਨ ਲਈ ਭਰਪੂਰ ਯੋਗਦਾਨ ਪਾਇਆ ਹੈ। ਆਪ ਨੇ ਗੁਰਮਤਿ ਸੰਗੀਤ ਸਬੰਧੀ ਅਕਾਦਮਿਕ ਪੱਧਰ ਦਾ ਸਾਹਿਤ ਹੀ ਨਹੀਂ ਰਚਿਆ, ਸਗੋਂ ਗੁਰਮਤਿ ਸੰਗੀਤ ਦੇ ਕਿਰਿਆਤਮਕ ਪੱਖ ਦਾ ਮਿਆਰ ਸਥਾਪਤ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਵਿਚ ਕੀਰਤਨ ਦੀ ਰਿਕਾਰਡਿੰਗ ਵੀ ਤਿਆਰ ਕੀਤੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਅਤੇ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਆਪ ਦਾ ਮਹਾਨ ਕਾਰਜ ਹੈ। ਇਥੇ ਗੁਰਮਤਿ ਸੰਗੀਤ ਦੀ ਸਿੱਖਿਆ ਪੋਸਟ ਗ੍ਰੈਜੂਏਟ ਪੱਧਰ ‘ਤੇ ਦਿੱਤੀ ਜਾ ਰਹੀ ਹੈ। ਅੱਜ ਕੱਲ੍ਹ ਆਪ ਪੰਜਾਬੀ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ।
ਭਾਈ ਬਖਸ਼ੀਸ਼ ਸਿੰਘ: ਭਾਈ ਬਖਸ਼ੀਸ਼ ਸਿੰਘ ਤਰਨ ਤਾਰਨ ਟਕਸਾਲ ਦੇ ਪ੍ਰਸਿੱਧ ਕੀਰਤਨੀਏ ਸਨ। ਆਪ ਕੀਰਤਨ ਕਰਨ ਅਤੇ ਰੀਤਾਂ ਗਾਉਣ ਸਮੇਂ ਗੁਰਬਾਣੀ ਦੇ ਸਪਸ਼ਟ ਉਚਾਰਨ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ। ਆਪ ਕਠਿਨ ਰਾਗਾਂ ਅਤੇ ਤਾਲਾਂ ਵਿਚ ਬੜੇ ਸਹਿਜ ਨਾਲ ਕੀਰਤਨ ਕਰਦੇ ਸਨ। ਆਪ ਦੀ ਆਵਾਜ਼ ਵਿਚ ਵਿਸ਼ੇਸ਼ ਬੁਲੰਦੀ ਅਤੇ ਸੁਰੀਲਾਪਨ ਸੀ। ਆਪ ਦੀਆਂ ਕੀਰਤਨ ਸੇਵਾਵਾਂ ਨੂੰ ਮੁੱਖ ਰਖਦਿਆਂ ਪੰਜਾਬ ਸਰਕਾਰ ਵੱਲੋਂ ਆਪ ਨੂੰ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਗਿਆ ਸੀ।
ਇਨ੍ਹਾਂ ਤੋਂ ਇਲਾਵਾ ਭਾਈ ਬਹਾਦਰ ਸਿੰਘ, ਭਾਈ ਤਖ਼ਤ ਸਿੰਘ, ਭਾਈ ਹਰਚੰਦ ਸਿੰਘ, ਭਾਈ ਚਤਰ ਸਿੰਘ, ਭਾਈ ਮੁਨਸ਼ਾ ਸਿੰਘ, ਭਾਈ ਗੋਪਾਲ ਸਿੰਘ, ਭਾਈ ਚੰਨਣ ਸਿੰਘ ਮਜਬੂਰ, ਭਾਈ ਦਵਿੰਦਰ ਸਿੰਘ ਗੁਰਦਾਸਪੁਰੀ, ਭਾਈ ਧਰਮ ਸਿੰਘ ਜ਼ਖਮੀ, ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਆਦਿ ਕੀਰਤਨੀਏ ਮਿਆਰੀ ਕੀਰਤਨ ਕਰ ਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਯੋਗਦਾਨ ਪਾਉਂਦੇ ਰਹੇ ਹਨ।
ਹੁਣ ਵੀ ਭਾਈ ਬਲਬੀਰ ਸਿੰਘ, ਪ੍ਰੋæ ਕਰਤਾਰ ਸਿੰਘ ਨਿਰਧਾਰਤ ਪਰੰਪਰਾ ਅਨੁਸਾਰ ਕੀਰਤਨ ਕਰ ਕੇ ਗੁਰਮਤਿ ਸੰਗੀਤ ਨੂੰ ਪ੍ਰਫੁਲਿਤ ਕਰ ਰਹੇ ਹਨ।