ਪਾਕਿ ਜਾਂਚ ਟੀਮ ਦੇ ਦੌਰੇ ‘ਤੇ ਸਿਆਸਤ

ਨਵੀਂ ਦਿੱਲੀ: ਇਸ ਸਾਲ ਦੋ ਜਨਵਰੀ ਨੂੰ ਪਠਾਨਕੋਟ ਏਅਰਬੇਸ ਉਤੇ ਹੋਏ ਅਤਿਵਾਦੀ ਹਮਲੇ ਦੀ ਪੜਤਾਲ ਲਈ ਆਈ ਪਾਕਿਸਤਾਨ ਦੀ ਪੰਜ ਮੈਂਬਰੀ ਸਾਂਝੀ ਜਾਂਚ ਟੀਮ (ਜੇæਆਈæਟੀæ) ਦੇ ਦੌਰੇ ‘ਤੇ ਸਿਆਸਤ ਭਖ ਗਈ ਹੈ। ਪਾਕਿਸਤਾਨੀ ਟੀਮ ਨੂੰ ਪਠਾਨਕੋਟ ਏਅਰਬੇਸ ਅੰਦਰ ਜਾਂਚ ਦੀ ਆਗਿਆ ਦੇਣ ਨਾਲ ਸਰਕਾਰ, ਵਿਰੋਧੀਆਂ ਸਮੇਤ ਆਪਣੇ ਭਾਈਵਾਲ ਸ਼ਿਵ ਸੈਨਾ ਦੇ ਨਿਸ਼ਾਨੇ ਉਤੇ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ

ਮੋਦੀ ਸਰਕਾਰ ਨੇ ਗਲਤ ਮਿਸਾਲ ਕਾਇਮ ਕੀਤੀ ਹੈ ਅਤੇ ਹੈਰਾਨੀ ਹੈ ਕਿ ਜਿਸ ਟੀਮ ਵਿਚ ਆਈæਐਸ਼ਆਈæ ਦੇ ਨੁਮਾਇੰਦੇ ਹਨ, ਉਨ੍ਹਾਂ ਨੂੰ ‘ਬਰਿਆਨੀ’ ਪੇਸ਼ ਕੀਤੀ ਗਈ ਹੈ।
ਸ਼ਿਵ ਸੈਨਾ ਆਗੂ ਸੰਜੈ ਰੌਤ ਨੇ ਸਰਕਾਰ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਭਾਰਤ ਨੂੰ ਜਾਂਚ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਦੀ ਲੋੜ ਹੈ ਤੇ ਇਹ ਸਾਰਾ ਘਟਨਾਕ੍ਰਮ ਹਾਸੋਹੀਣਾ ਹੈ। ਪਠਾਨਕੋਟ ਏਅਰਬੇਸ ਦੇ ਬਾਹਰ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਰਕਰ ਪਾਕਿਸਤਾਨ ਟੀਮ ਦੇ ਵਿਰੋਧ ਲਈ ਹੱਥਾਂ ਵਿਚ ਕਾਲੇ ਝੰਡੇ ਫੜ ਕੇ ਖੜ੍ਹੇ ਸਨ। ਉਨ੍ਹਾਂ ਨੇ ਪਾਕਿਸਤਾਨੀ ਵਿਰੋਧੀ ਨਾਅਰੇ ਵੀ ਲਗਾਏ।
‘ਆਪ’ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਕਿਸਤਾਨ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਹਨ ਜੋ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਸਵਾਲ ਕੀਤਾ ਕਿ ਪਠਾਨਕੋਟ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਵਿਚ ਹੀ ਰਚੀ ਗਈ ਸੀ ਅਤੇ ਇਸ ਨੂੰ ਪਾਕਿਸਤਾਨੀ ਅਤਿਵਾਦੀਆਂ ਨੇ ਹੀ ਅੰਜਾਮ ਦਿੱਤਾ ਸੀ। ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਟੀਮ ਨੂੰ ਇਜਾਜ਼ਤ ਦੇਣਾ ਕਿਸ ਤਰ੍ਹਾਂ ਜਾਇਜ਼ ਹੈ। ਵਿਰੋਧ ਕਾਰਨ ਜਾਂਚ ਟੀਮ ਨੂੰ ਏਅਰਬੇਸ ਦੀ ਦੀਵਾਰ ਵਾਲੇ ਪਾਸੇ ਤੋਂ ਅੰਦਰ ਲਿਜਾਇਆ ਗਿਆ ਅਤੇ ਉਥੋਂ ਹੀ ਛੋਟੇ ਜਿਹੇ ਆਰਜ਼ੀ ਤੌਰ ‘ਤੇ ਬਣਾਏ ਗਏ ਗੇਟ ਰਾਹੀਂ ਬਾਹਰ ਕੱਢਿਆ ਗਿਆ।