ਗੁਰਚਰਨ ਸਿੰਘ ਜੈਤੋ
ਫੋਨ: 91-97794-26698
ਦੁਨੀਆਂ ਦੇ ਹਰ ਦੇਸ਼ ਵਿਚ ਦੋ ਭੈੜੀਆਂ ਅਲਾਮਤਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਨ ਤੇ ਲਗਦੈ ਚਲਦੀਆਂ ਰਹਿਣਗੀਆਂ। ਪਹਿਲੀ ਨਸ਼ੇ ਤੇ ਦੂਜੀ ਵੇਸਵਾਗਮਨੀ। ਇਨ੍ਹਾਂ ਦੋਹਾਂ ਅਲਾਮਤਾਂ ਦੇ ਪਿਛੇ ਸਭ ਤੋਂ ਵੱਡਾ ਹੱਥ ਮਰਦਾਂ ਦਾ ਹੈ। ਇਹ ਦੋਵੇਂ ਅਲਾਮਤਾਂ ਸਰਕਾਰਾਂ ਨੂੰ ਚੰਗੀ ਚੋਖੀ ਕਮਾਈ ਵੀ ਕਰਕੇ ਦਿੰਦੀਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਦਾ ਇਨ੍ਹਾਂ ਕੁਕਰਮਾਂ ਵਿਚ ਹਿੱਸਾ ਬਹੁਤ ਥੋੜਾ ਹੈ। ਔਰਤਾਂ ਕਿਧਰੇ ਕਿਧਰੇ ਇਨ੍ਹਾਂ ਦਾ ਵਿਰੋਧ ਵੀ ਕਰਦੀਆਂ ਹਨ। ਇੱਕਠੀਆਂ ਹੋ ਕੇ ਕਿਧਰੋਂ ਉਹ ਠੇਕਾ ਵੀ ਚੁਕਵਾ ਦਿੰਦੀਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਈ ਰਹਿੰਦੈ ਕਿਉਂਕਿ ਸਰਕਾਰਾਂ ਨੂੰ ਸ਼ਰਾਬ ਦੇ ਠੇਕਿਆਂ ਤੋਂ ਚੰਗੀ ਕਮਾਈ ਹੁੰਦੀ ਹੈ। ਪੰਜਾਬ ਵਿਚ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਅਕਾਲੀ-ਭਾਜਪਾ ਦੀ, ਇਹ ਸਿਲਸਿਲਾ ਜਾਰੀ ਰਹਿੰਦੈ। ਅਕਾਲੀ ਪਾਰਟੀ ਦੇ ਬਹੁਤੇ ਲੀਡਰ ਜਥੇਦਾਰ ਅਖਵਾਉਂਦੇ ਨੇ ਅਤੇ ਬਹੁਤਿਆਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ ਪਰ ਕਦੇ ਕਿਸੇ ਨੇ ਸ਼ਰਾਬਬੰਦੀ ਦੇ ਹੱਕ ਵਿਚ ਮੂੰਹ ਨਹੀਂ ਖੋਲ੍ਹਿਆ।
ਸਮਾਜ ਵਿਚ ਭ੍ਰਿਸ਼ਟਾਚਾਰ ਕੈਂਸਰ ਵਾਂਗ ਫੈਲ ਚੁੱਕਿਆ ਹੈ। ਕਾਲੇ ਬੱਦਲਾਂ ਵਿਚ ਚਾਨਣ ਦੀ ਲੀਕ ਵਾਂਗ ਕੁਝ ਘਟਨਾਵਾਂ ਵਾਪਰਦੀਆਂ ਵੀ ਹਨ ਜਿਹੜੀਆਂ ਆਪਣਾ ਅਜਿਹਾ ਅਸਰ ਦਿਖਾ ਜਾਂਦੀਆਂ ਹਨ ਕਿ ਸਰਕਾਰਾਂ ਵੀ ਉਨ੍ਹਾਂ ਦੇ ਸੱਚ ਅਗੇ ਗੋਡੇ ਟੇਕ ਦਿੰਦੀਆਂ ਹਨ। ਦੁਨੀਆਂ ਵਿਚ ਕਦੇ ਕੋਈ ਅਚਾਨਕ ਸਾਧਾਰਨ ਜਿਹੀ ਔਰਤ ਉਠ ਕੇ ਅਜਿਹਾ ਕੰਮ ਕਰਦੀ ਹੈ ਜਿਹੜਾ ਔਰਤਾਂ ਅੰਦਰ ਦਬੀਆਂ ਭਾਵਨਾਵਾਂ ਨੂੰ ਚੰਗਿਆੜੀ ਲਾ ਕੇ ਭਾਂਬੜ ਬਣਾ ਦਿੰਦਾ ਹੈ ਤੇ ਇਹ ਭਾਂਬੜ ਲਹਿਰ ਬਣ ਜਾਂਦੇ ਹਨ।
26 ਜਨਵਰੀ 1901 ਵਾਲੇ ਦਿਨ ਮਿਜ਼ੌਰੀ ਸਟੇਟ ਦੇ ਸ਼ਹਿਰ ਟਪੇਕਾ ਵਿਚ ਲੰਮੀ ਕਾਲੀ ਫਰਾਕ ਵਾਲੀ ਇਕ ਔਰਤ ਹੱਥ ਵਿਚ ਕੁਹਾੜੀ ਲੈ ਕੇ ਤੁਰ ਪਈ। ਉਸ ਨੇ ਆਪਣੇ ਮੂੰਹ ਨੂੰ ਕਾਲੇ ਬਰੀਕ ਜਿਹੇ ਕਪੜੇ ਨਾਲ ਢਕਿਆ ਹੋਇਆ ਸੀ। ਪਰ ਲੋਕਾਂ ਦੀਆਂ ਨਜ਼ਰਾਂ ਨੇ ਉਸ ਨੂੰ ਪਛਾਣ ਲਿਆ ਸੀ। ਉਹ ਕੈਰੀ ਨੇਸ਼ਨ ਨਾਂ ਦੀ ਮਸ਼ਹੂਰ ਔਰਤ ਸੀ ਜਿਸ ਨੇ ਸ਼ਰਾਬਬੰਦੀ ਲਈ ਬੀੜਾ ਚੱਕਿਆ ਹੋਇਆ ਸੀ। ਉਸ ਔਰਤ ਨੇ ਆਪਣੀਆਂ ਸਾਥਣਾਂ ਨਾਲ ਤਿੰਨ ਹਫਤੇ ਉਸ ਸ਼ਹਿਰ ਦੇ ਸ਼ਰਾਬਖਾਨਿਆਂ ਵਿਚ ਤਬਾਹੀ ਮਚਾਈ ਰੱਖੀ। ਉਨ੍ਹਾਂ ਔਰਤਾਂ ਨੇ ਸਾਰੇ ਸ਼ਰਾਬ ਦੇ ਗੈਰਕਾਨੂੰਨੀ ਅੱਡਿਆਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਚੀਕਾਂ ਮਾਰਦੀਆਂ ਭੀੜਾਂ ਦਾ ਵੀ ਸਾਹਮਣਾ ਕਰਨਾ ਪਿਆ, ਸ਼ਰਾਬਖਾਨਿਆਂ ਦੇ ਮਾਲਕਾਂ ਦੀਆਂ ਔਰਤਾਂ ਨੇ ਇੱਕਠੇ ਹੋ ਕੇ ਅੱਗੋਂ ਇਨ੍ਹਾਂ ਔਰਤਾਂ ਨੂੰ ਕੁੱਟਿਆ ਮਾਰਿਆ ਵੀ ਪਰ ਕੈਰੀ ਤੇ ਉਹਦੀਆਂ ਸਾਥਣਾਂ ਨੇ ਵਾਰ ਵਾਰ ਹਮਲੇ ਕੀਤੇ, ਗ੍ਰਿਫਤਾਰ ਹੋਈਆਂ ਤੇ ਜੇਲ੍ਹ ਵੀ ਗਈਆਂ। ਜਿਹੜੀ ਲੜਾਈ ਕੈਰੀ ਨੇ ਟਪੇਕਾ ਸ਼ਹਿਰ ਵਿਚ ਸ਼ੁਰੂ ਕੀਤੀ ਸੀ, ਬੜੀ ਛੇਤੀ ਉਹ ਸਾਰੇ ਸੂਬੇ ਵਿਚ ਫੈਲ ਗਈ ਜਿਸ ਦਾ ਅਸਰ ਕਈ ਸਾਲਾਂ ਤਕ ਜਾਰੀ ਰਿਹਾ।
ਕੈਰੀ ਨੇਸ਼ਨ ਆਮ ਘਰੇਲੂ ਔਰਤਾਂ ਵਰਗੀ ਹੀ ਇਕ ਔਰਤ ਸੀ ਜਿਹੜੀ ਕੈਨਸਸ ਸੂਬੇ ਦੇ ਛੋਟੇ ਜਿਹੇ ਸ਼ਹਿਰ ਮੈਡੀਸਨ-ਲਾਜ ਵਿਚ ਰਹਿੰਦੀ ਸੀ। ਦੇਸ਼ ਦੀਆਂ ਦੂਜੀਆਂ ਔਰਤਾਂ ਵਾਂਗ ਉਹ ਸ਼ਰਾਬਬੰਦੀ ਦੇ ਹੱਕ ਵਿਚ ਸੀ। ਗੁੰਮਨਾਮੀ ਵਿਚੋਂ ਨਿਕਲ ਕੇ ਬੜੀ ਛੇਤੀ ਪ੍ਰਸਿੱਧੀ ਖੱਟ ਲੈਣੀ, ਭਾਵੇਂ ਕੈਰੀ ਲਈ ਬਹੁਤ ਵੱਡੀ ਗੱਲ ਨਹੀਂ ਸੀ ਪਰ ਇਸ ਦੀਆਂ ਜੜ੍ਹਾਂ ਕਿਧਰੇ ਉਹਦੀ ਪਹਿਲੀ ਉਮਰ ਵਿਚ ਹੀ ਲੱਗ ਚੁੱਕੀਆਂ ਸਨ। ਉਹ 1846 ਵਿਚ ਪੈਦਾ ਹੋਈ ਤੇ ਜਦੋਂ ਉਹ ਨੌ ਸਾਲ ਦੀ ਸੀ ਤਾਂ ਉਹਦਾ ਸਾਰਾ ਪਰਿਵਾਰ ਮਿਜ਼ੌਰੀ ਨਾਂ ਦੇ ਸ਼ਹਿਰ ਵਿਚ ਜਾ ਵਸਿਆ। ਉਹ ਉਥੇ ਹੀ ਆਪਣੇ ਪਹਿਲੇ ਪਤੀ ਨੂੰ ਮਿਲੀ ਜੋ ਬਹੁਤੀ ਸ਼ਰਾਬ ਪੀ ਪੀ ਕੇ ਵਿਆਹ ਪਿੱਛੋਂ ਦੋ ਕੁ ਸਾਲਾਂ ਦੇ ਅੰਦਰ ਹੀ ਮਰ ਗਿਆ। ਕੈਰੀ ਨੇ ਆਪਣੀ ਦੁੱਧ ਪੀਂਦੀ ਬੱਚੀ ਤੇ ਆਪਣੇ ਗੁਜ਼ਾਰੇ ਲਈ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 1890 ਵਿਚ ਉਹਨੇ ਦੂਜਾ ਵਿਆਹ ਡੇਵਿਡ ਨੇਸ਼ਨ ਨਾਲ ਕਰਵਾ ਲਿਆ ਤੇ ਉਹ ਕੈਨਸਸ ਸਟੇਟ ਵਿਚ ਜਾ ਕੇ ਰਹਿਣ ਲੱਗ ਪਏ। ਜਦੋਂ ਡੇਵਿਡ ਦੀ ਵਕਾਲਤ ਚੰਗੀ ਚੱਲ ਨਿਕਲੀ ਤਾਂ ਕੈਰੀ ਨੇ ਸਮਾਜੀ ਅਤੇ ਧਾਰਮਕ ਸੇਵਾਵਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸ ਦੇ ਚੰਗੇ ਸੁਭਾਅ ਤੇ ਖੁੱਲ੍ਹਦਿਲੀ ਕਰਕੇ ਲੋਕ ਉਹਨੂੰ ਬੇਬੇ ਨੇਸ਼ਨ ਆਖਣ ਲੱਗ ਪਏ। ਉਂਜ ਵੀ ਉਹ ਬੜੀ ਸਿਆਣੀ, ਧੱਕੜ, ਖੁਸ਼ ਰਹਿਣੀ ਤੇ ਅੱਗੇ ਲੱਗ ਕੇ ਕੰਮ ਕਰਨ ਵਾਲੀ ਔਰਤ ਸੀ। ਉਹਦੇ ਸਾਥੀ ਅਕਸਰ ਉਹਦੇ ਬਾਰੇ ਕਹਿੰਦੇ ਕਿ ਜੇ ਇਹਨੇ ਕੋਈ ਕੰਮ ਕਰਨ ਲਈ ਇਕ ਵਾਰੀ ਫੈਸਲਾ ਕਰ ਲਿਆ ਤਾਂ ਫੇਰ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਉਹਨੂੰ ਰੋਕ ਸਕਦਾ।
1899 ਵਿਚ ਕੈਰੀ ਨੇ ਸ਼ਰਾਬਬੰਦੀ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ। ਉਸ ਨੇ ਆਪਣੀਆਂ ਸਾਥਣਾਂ ਨਾਲ ਮਿਲ ਕੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਆਪਣੇ ਸ਼ਹਿਰ ਦੇ ਸੱਤ ਗੈਰਕਾਨੂੰਨੀ ਅੱਡੇ ਬੰਦ ਕਰਵਾ ਦਿੱਤੇ। ਸਾਲ ਕੁ ਪਿੱਛੋਂ ਤਾਂ ਜਿਵੇਂ ਉਸ ਦਾ ਸਬਰ ਜਵਾਬ ਦੇ ਗਿਆ ਹੋਵੇ, ਉਹਨੇ ਠੇਕੇ ਬੰਦ ਕਰਵਾਉਣ ਦਾ ਕੰਮ ਹੱਲੇ ਕਰਕੇ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਵੀਹ ਮੀਲ ਦੂਰ ਜਾ ਕੇ ਉਥੇ ਪੱਥਰਾਂ ਤੇ ਇੱਟਾਂ-ਵੱਟਿਆਂ ਨਾਲ ਤਿੰਨ ਗੈਰਕਾਨੂੰਨੀ ਸ਼ਰਾਬ ਦੀਆਂ ਦੁਕਾਨਾਂ ਭੰਨ ਸੁੱਟੀਆਂ। ਛੇ ਮਹੀਨੇ ਪਿੱਛੋਂ ਵਿਚਿਟਾ ਸ਼ਹਿਰ ਦੇ ਸਭ ਤੋਂ ਵਧੀਆ ਹੋਟਲ ਦੇ ਸ਼ਰਾਬਖਾਨੇ ‘ਤੇ ਉਹਨੇ ਜਾ ਹਮਲਾ ਕੀਤਾ। ਉਹਨੂੰ ਤਿੰਨ ਹਫਤੇ ਜੇਲ੍ਹ ਵਿਚ ਰਹਿਣਾ ਪਿਆ ਪਰ ਜੇਲ੍ਹ ਵਿਚੋਂ ਬਾਹਰ ਨਿਕਲਦਿਆਂ ਹੀ ਉਹਨੇ ਫੇਰ ਸ਼ਰਾਬਖਾਨਿਆਂ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਹਨੂੰ ਫੇਰ ਗ੍ਰਿਫਤਾਰ ਕਰ ਲਿਆ। ਉਸ ਪਿੱਛੋਂ ਦੂਜੇ ਸ਼ਹਿਰ ਐਂਟਰਪਰਾਈਜ਼ ਤੋਂ ਕਿਸੇ ਸੁਹਿਰਦ ਸ਼ਹਿਰੀ ਦੇ ਸੱਦੇ ‘ਤੇ ਉਹ ਉਥੇ ਪਹੁੰਚ ਗਈ। ਦੋ ਦਿਨ ਉਸ ਸ਼ਹਿਰ ਵਿਚ ਬੜੀ ਭੰਨ ਤੋੜ ਕਰਨ ਤੋਂ ਪਿੱਛੋਂ ਉਹ ਟਪੇਕਾ ਵੱਲ ਤੁਰ ਪਈ।
ਉਹਦੀ ਹਿੰਮਤ ਕਰਕੇ 1880 ਵਿਚ ਕੈਨਸਸ ਦੇਸ਼ ਦੀ ਪਹਿਲੀ ਸਟੇਟ ਸੀ ਜਿਥੇ ਸ਼ਰਾਬਬੰਦੀ ਅਮਲ ਵਿਚ ਲਿਆਂਦੀ ਗਈ। ਕਾਨੂੰਨ ਲਾਗੂ ਹੋਣ ਪਿੱਛੋਂ ਸਾਰੇ ਠੇਕੇ ਬੰਦ ਹੋਣ ਵਿਚ ਕੋਈ ਦਸ ਸਾਲ ਹੋਰ ਲੱਗ ਗਏ। ਕੈਰੀ ਨੂੰ ਵੱਖ ਵੱਖ ਸ਼ਹਿਰਾਂ ਤੋਂ ਸੱਦੇ ਆਉਣ ਲੱਗ ਪਏ। ਲੋਕਾਂ ਵਿਚ ਬਹਿ ਕੇ ਉਹ ਸਿੱਧੀਆਂ ਸਪਸ਼ਟ ਗੱਲਾਂ ਕਰਦੀ, “ਭੈਣੋਂ ਮੇਰੀ ਗੱਲ ਧਿਆਨ ਨਾਲ ਸੁਣਿਓ। ਤੁਹਾਨੂੰ ਨਹੀਂ ਪਤਾ ਕਿ ਸ਼ਰਾਬਖਾਨਿਆਂ ਨੂੰ ਤੋੜਨ ਵੇਲੇ ਕਿੰਨਾ ਸੁਆਦ ਆਉਂਦਾ ਹੈ। ਜੋ ਕੁਝ ਵੀ ਘਰ ਵਿਚੋਂ ਲੱਭੇ, ਲੈ ਆਓ। ਜੇ ਕੁਹਾੜੀ ਤੁਹਾਡੇ ਘਰ ਵਿਚ ਨਹੀਂ ਤਾਂ ਲੱਕੜ ਦੇ ਕੁੱਢਣ, ਕੋਈ ਲੋਹੇ ਦਾ ਸਰੀਆ, ਹੋਰ ਨਹੀਂ ਤਾਂ ਇੱਟਾਂ ਪੱਥਰ ਤਾਂ ਕਿਤੇ ਗਏ ਨਹੀਂ।” ਉਹ ਜਦੋਂ ਵੀ ਸ਼ਰਾਬਖਾਨਿਆਂ ‘ਤੇ ਹਮਲੇ ਕਰਨ ਨਿਕਲਦੀ, ਉਹਦੇ ਹੱਥ ਕੁਹਾੜੀ ਹੁੰਦੀ। ਲੋਕਾਂ ਨੇ ਉਹਨੂੰ ਤੋਹਫੇ ਵਜੋਂ ਕੁਹਾੜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਇਮਾਰਤਾਂ ਬਣਾਉਣ ਵਾਲੇ ਮਿਸਤਰੀ ਨੇ ਉਹਨੂੰ ਦੋ-ਮੂੰਹੀਂ ਕੁਹਾੜੀ ਭੇਟ ਕੀਤੀ, ਜਿਸ ਦੇ ਦੋਹੀਂ ਪਾਸੀਂ ਤਿੱਖੇ ਦੰਦੇ ਸਨ ਜਿਹੜੀ ਇੱਟਾਂ ਪੱਥਰ ਘੜਨ ਦੇ ਕੰਮ ਆਉਂਦੀ ਸੀ। ਕੈਰੀ ਕੁਹਾੜੀਆਂ ਨਾਲ ਦਾਰੂ ਦੇ ਡਰੰਮ ਤੇ ਬੋਤਲਾਂ ਤੋੜਨ ਜਾ ਲਗਦੀ। ਉਹ ਹਨੇਰੀ ਵਾਂਗ ਜਾਂਦੀ ਤੇ ਤੂਫਾਨ ਵਾਂਗ ਤਬਾਹੀ ਮਚਾਉਂਦੀ।
ਚਾਰ ਫਰਵਰੀ ਵਾਲੇ ਦਿਨ ਉਸ ਨਾਲ ਕਾਫੀ ਔਰਤਾਂ ਸਨ ਤੇ ਕੁਝ ਆਦਮੀ ਵੀ ਪਰ ਉਨ੍ਹਾਂ ਦੇ ਅੱਗੇ ਇਕ ਹੋਰ ਵੱਡਾ ਹਜੂਮ ਖੜ੍ਹਾ ਸੀ ਜਿਹੜਾ ਉਨ੍ਹਾਂ ਨੂੰ ਰੋਕਣਾ ਚਾਹੁੰਦਾ ਸੀ। ਕੈਰੀ ਨੇ ਆਪਣਾ ਰੁਖ ਸ਼ਹਿਰ ਦੇ ਸਰਕਾਰੀ ਸ਼ਰਾਬਖਾਨੇ ਵੱਲ ਕੀਤਾ ਤੇ ਉਥੇ ਜਾ ਹਮਲਾ ਕੀਤਾ ਜਿਹੜਾ ਸਾਰੇ ਸ਼ਹਿਰ ਵਿਚ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ। ਉਥੇ ਪੈਸੇ ਰਖਣ ਵਾਲੀਆਂ ਮਸ਼ੀਨਾਂ ਤੇ ਬਾਕੀ ਫਰਨੀਚਰ ਤਬਾਹ ਕਰਕੇ ਰੱਖ ਦਿੱਤਾ ਤੇ ਸ਼ਰਾਬ ਨਾਲ ਭਰੀਆਂ ਬੋਤਲਾਂ ਤੇ ਬੀਅਰ ਦੇ ਡਰੰਮ ਤੋੜ ਸੁੱਟੇ। ਕੈਰੀ ਦੀ ਮਦਦ ‘ਤੇ ਉਮੀਦ ਤੋਂ ਵੱਧ ਲੋਕ ਉਥੇ ਪਹੁੰਚ ਗਏ। ਪੁਲਿਸ ਮੁਖੀ ਨੇ ਸਾਰੇ ਸ਼ਰਾਬਖਾਨੇ ਬੰਦ ਕਰਵਾ ਕੇ ਸ਼ਹਿਰ ਦੇ ਮੋਹਤਬਰ ਆਦਮੀਆਂ ਦੀ ਮੀਟਿੰਗ ਬੁਲਾ ਲਈ ਤਾਂ ਕਿ ਸਮੱਸਿਆ ਦਾ ਕੋਈ ਹੱਲ ਕੱਢਿਆ ਜਾ ਸਕੇ। ਮੀਟਿੰਗ ਲਈ ਉਹ ਦਿਨ ਮੁਕਰਰ ਕੀਤਾ ਗਿਆ ਜਿਸ ਦਿਨ ਕੈਰੀ ਨੇ ਦੂਜੇ ਸ਼ਹਿਰਾਂ ਦੇ ਦੌਰੇ ‘ਤੇ ਜਾਣਾ ਸੀ। ਕੈਰੀ ਦੇ ਉਨ੍ਹਾਂ ਸ਼ਹਿਰਾਂ ਤੋਂ ਹੋ ਕੇ ਵਾਪਸ ਆਉਂਦਿਆਂ ਹੀ ਸ਼ਰਾਬਖਾਨਿਆਂ ‘ਤੇ ਹਮਲੇ ਸ਼ੁਰੂ ਹੋ ਗਏ। ਸ਼ਰਾਬਖਾਨਿਆਂ ਦੇ ਮਾਲਕਾਂ ਨੂੰ ਆਪਣਾ ਕੀਮਤੀ ਸਮਾਨ ਸੰਭਾਲਣ ਦਾ ਥੋੜਾ ਸਮਾਂ ਦੇ ਦਿੱਤਾ ਗਿਆ। ਫੇਰ ਹਮਲੇ ਤੇ ਤਬਾਹੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਔਰਤਾਂ ਗ੍ਰਿਫਤਾਰ ਹੋਈਆਂ। ਪਹਿਲੀਆਂ ਵਿਚ ਕੈਰੀ ਵੀ ਸੀ। ਜੇਲ੍ਹ ਵਿਚੋਂ ਆਉਂਦਿਆਂ ਹੀ ਕੈਰੀ ਨੇ ਚੁਰਾਹਿਆਂ ਵਿਚ ਖੜੋ ਕੇ ਐਲਾਨ ਕੀਤਾ ਕਿ ਜਾਂ ਤਾਂ ਸ਼ਰਾਬਖਾਨੇ ਬੰਦ ਕਰ ਦਿਓ, ਨਹੀਂ ਇਹ ਕੰਮ ਔਰਤਾਂ ਨੂੰ ਕਰਨਾ ਪਵੇਗਾ।
ਕੈਰੀ ਨੇ ਸਰਕਾਰੀ ਅਸੈਂਬਲੀ ਵਿਚ ਜਾ ਕੇ ਆਪਣੀ ਕੁਹਾੜੀ ਉਚੀ ਕਰਕੇ ਭਰੀ ਸਭਾ ਵਿਚ ਕਿਹਾ, “ਤੁਸੀਂ ਮੇਰਾ ਸਾਥ ਨਹੀਂ ਦਿੱਤਾ, ਮੈਨੂੰ ਇੱਟਾਂ ਵੱਟੇ ਚੱਕਣੇ ਪਏ। ਹਟਣਾ ਤਾਂ ਅਸੀਂ ਹੈ ਨਹੀਂ, ਦੱਸੋ ਅੱਗੋਂ ਤੁਹਾਡੇ ਇਰਾਦੇ ਕੀ ਨੇ?”
ਪੰਦਰਾਂ ਸਾਲਾਂ ਵਿਚ ਪਹਿਲੀ ਵਾਰ ਸ਼ਹਿਰ ਦੀ ਸਭਾ ਨੇ ਸ਼ਰਾਬਬੰਦੀ ਲਈ ਕਾਨੂੰਨ ਪਾਸ ਕਰ ਦਿੱਤਾ। ਕਾਨੂੰਨ ਲਾਗੂ ਕਰਨ ਵਿਚ ਭਾਵੇਂ ਪੰਜ ਸਾਲ ਹੋਰ ਲੱਗ ਗਏ ਪਰ ਦੂਜੀ ਵਾਰੀ ਪਾਸ ਹੋਇਆ ਇਹ ਕਾਨੂੰਨ ਪਹਿਲੇ ਨਾਲੋਂ ਕਿਤੇ ਵੱਧ ਸਖਤ ਸੀ। ਕੈਰੀ ਸਾਰੇ ਦੇਸ਼ ਦੇ ਸੂਬਿਆਂ ਵਿਚ ਗਈ। ਉਸ ਪਿੱਛੋਂ ਉਹਨੇ ਸਾਰੇ ਯੂਰਪ ਦਾ ਵੀ ਦੌਰਾ ਕੀਤਾ। ਜਿਥੇ ਵੀ ਉਹ ਜਾਂਦੀ ਲੋਕ ਉਹਨੂੰ ‘ਕੁਹਾੜੀ ਵਾਲੀ ਬੇਬੇ’ ਕਹਿ ਕੇ ਸਤਿਕਾਰਦੇ। ਅਖੀਰ ਆਪਣੀ ਹੀ ਕਿਸਮ ਦਾ ਇਕ ਵਿਲੱਖਣ ਇਤਿਹਾਸ ਰਚਣ ਪਿੱਛੋਂ ਕੈਰੀ 65 ਸਾਲ ਦੀ ਉਮਰ ਵਿਚ ਉਹ ਗੁਜ਼ਰ ਗਈ।
ਪੰਜਾਬ ਨਸ਼ਿਆਂ ਦੀ ਜਕੜ ਵਿਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਜਵਾਨੀਆਂ ਤਬਾਹ ਹੋ ਰਹੀਆਂ ਹਨ। ਪਤਾ ਨਹੀਂ ਕਦੋਂ ਇਥੇ ਕੋਈ ਪੰਜਾਬਣ ਕੈਰੀ ਕੋਈ ਕੁਹਾੜੀ, ਕੋਈ ਸਰੀਆ, ਕੋਈ ਇੱਟ-ਪੱਥਰ ਲੈ ਕੇ ਮੈਦਾਨ ਵਿਚ ਨਿਤਰੂਗੀ? ਇਹ ਉਨ੍ਹਾਂ ਜਵਾਨ ਪੁੱਤਰਾਂ ਦੀਆਂ ਮਾਂਵਾਂ ਨੂੰ, ਭੈਣਾਂ, ਚਾਚੀਆਂ, ਤਾਈਆਂ, ਮਾਸੀਆਂ, ਭੂਆ ਤੇ ਦਾਦੀਆਂ-ਨਾਨੀਆਂ ਨੂੰ ਇਕ ਸੁਨੇਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਹੁਣ ਓਹੀ ਬਚਾ ਸਕਦੀਆਂ ਹਨ। ਨਸ਼ਿਆਂ ਦਾ ਅਸਰ ਬਾਹਰ ਹੀ ਨਹੀਂ, ਘਰਾਂ ਦੇ ਅੰਦਰ ਹੋ ਰਹੀਆਂ ਨਿੱਤ ਦੀਆਂ ਲੜਾਈਆਂ ਨਾਲ ਸਿੱਧਾ ਤੇ ਸਪਸ਼ਟ ਹੈ। ਘਰਾਂ ਅੰਦਰ ਨਸ਼ਿਆਂ ਨੇ ਏਨੀ ਅੱਗ ਲਾ ਛੱਡੀ ਹੈ ਜਿਹੜੀ ਬਾਹਰ ਨਹੀਂ ਦਿਸਦੀ ਪਰ ਪਤਾ ਨਹੀਂ ਕਿੰਨੇ ਕੁ ਘਰ ਅੰਦਰੋਂ ਅੰਦਰ ਸੜ ਚੁੱਕੇ ਹਨ।
Leave a Reply