ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸਿਆਸੀ ਪਿੜ ਨਿੱਤ ਨਵਾਂ ਰੰਗ ਬਦਲ ਰਿਹਾ ਹੈ। ਰਿਪਬਲਿਕਨ ਪਾਰਟੀ ਵੱਲੋਂ ਮੁੱਖ ਦਾਅਵੇਦਾਰ ਡੋਨਲਡ ਟਰੰਪ ਦੀ ਕਹਾਣੀ ਤਾਂ ਹੈ ਹੀ ਨਿਰਾਲੀ, ਪਰ ਡੈਮੋਕਰੈਟਿਕ ਪਾਰਟੀ ਵੱਲੋਂ ਅਹਿਮ ਦਾਅਵੇਦਾਰ ਵਰਮੌਂਟ ਦੇ ਸੈਨੇਟਰ ਬਰਨੀ ਸੈਂਡਰਜ਼ ਦਾ ਜੋ ਵਰਤਾਰਾ ਤੇ ਕ੍ਰਿਸ਼ਮਾ ਸਾਹਮਣੇ ਆਇਆ ਹੈ, ਉਹ ਕਈ ਦਹਾਕਿਆਂ ਬਾਅਦ ਦੇਖਣ ਨੂੰ ਮਿਲਿਆ ਹੈ।
ਨਾਮਜ਼ਦਗੀਆਂ ਦੇ ਇਨ੍ਹਾਂ ਸਮਾਗਮਾਂ ਦੀ ਕਵਰੇਜ ਕਰਨ ਵਾਲੇ ਸਭ ਪੱਤਰਕਾਰਾਂ ਦੀ ਇਹ ਇਕ ਰਾਏ ਹੈ ਕਿ ਜੇ ਕਿਤੇ ਡੋਨਲਡ ਟਰੰਪ ਸੀਨ ‘ਤੇ ਨਾ ਹੁੰਦਾ ਤਾਂ ਅਮਰੀਕਾ ਵਿਚ ਇਸ ਸਾਲ ਦੀ ਸਭ ਤੋਂ ਵੱਡੀ ਸਟੋਰੀ, ਬਰਨੀ ਸੈਂਡਰਜ਼ ਦੀ ਹੀ ਹੋਣੀ ਸੀ। ਹੁਣ ਤੱਕ ਆਮ ਰਾਏ ਇਹੀ ਸੀ ਕਿ ਡੈਮੋਕਰੈਟਿਕ ਪਾਰਟੀ ਵੱਲੋਂ ਮੁੱਖ ਦਾਅਵੇਦਾਰ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਹੀ ਹੈ, ਪਰ ਮਾਰਚ ਮਹੀਨੇ ਦੀ ਸਮਾਪਤੀ ਤੱਕ ਚੋਣ ਪਿੜ ਕੁਝ ਹੋਰ ਸੁਨੇਹਾ ਵੀ ਦੇ ਰਿਹਾ ਹੈ ਅਤੇ ਡੈਲੀਗੇਟ ਹਾਸਲ ਕਰਨ ਦੇ ਮਾਮਲੇ ਵਿਚ ਕਾਫੀ ਪਿੱਛੇ ਹੋਣ ਦੇ ਬਾਵਜੂਦ, ਬਰਨੀ ਸੈਂਡਰਜ਼ ਨੇ ਹਿਲਰੀ ਕਲਿੰਟਨ ਦੀ ਨਾਮਜ਼ਦਗੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸੁਪਰ ਡੈਲੀਗੇਟਸ ਦੀ ਮਦਦ ਨਾਲ ਸੰਭਵ ਹੈ ਕਿ ਹਿਲਰੀ ਕਲਿੰਟਨ ਪਾਰਟੀ ਨਾਮਜ਼ਦਗੀ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇ, ਪਰ ਜਿਹੜਾ ‘ਸਿਆਸੀ ਇਨਕਲਾਬ’ ਬਰਨੀ ਸੈਂਡਰਜ਼ ਦੀ ਨਾਮਜ਼ਦਗੀ ਮੁਹਿੰਮ ਦੌਰਾਨ ਸਾਹਮਣੇ ਆਇਆ ਹੈ, ਉਸ ਨੇ ਸਭ ਸਿਆਸੀ ਦਰਸ਼ਕਾਂ ਅਤੇ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਸਭ ਇਹੀ ਚਰਚਾ ਕਰਨ ਵਿਚ ਰੁੱਝੇ ਹਨ ਕਿ 20ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਕੋਈ ਬਰਨੀ ਸੈਂਡਰਜ਼, ਇਉਂ ਸਿਆਸੀ ਪਿੜ ਵਿਚ ਪੈਂਠ ਵੀ ਪਾ ਸਕਦਾ ਹੈ? ਬਰਨੀ ਸੈਂਡਰਜ਼ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ‘ਸਿਆਸੀ ਇਨਕਲਾਬ’ ਦੇ ਸੱਦੇ ਨਾਲ ਕੀਤੀ ਸੀ। ਉਸ ਨੇ ਸਪਸ਼ਟ ਕਿਹਾ ਸੀ ਕਿ ਧਨਾਢਾਂ ਨੇ ਮੁਲਕ ਦਾ ਸਿਆਸੀ ਸਿਸਟਮ ਅਗਵਾ ਕਰ ਲਿਆ ਹੈ, ਹੁਣ ਨਵੀਂ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਉਸ ਦੇ ਇਸ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਜਿਉਂ-ਜਿਉਂ ਨਾਮਜ਼ਦਗੀ ਮੁਹਿੰਮ ਅਗਾਂਹ ਵਧਦੀ ਗਈ, ਬਰਨੀ ਸੈਂਡਰਜ਼ ਜੋ ਖੁਦ ਨੂੰ ਜਮਹੂਰੀ ਸਮਾਜਵਾਦੀ ਆਖਦਾ ਹੈ, ਉਸ ਦੇ ‘ਸਿਆਸੀ ਇਨਕਲਾਬ’ ਦਾ ਸੁਨੇਹਾ ਵੀ ਮੌਲਦਾ ਰਿਹਾ। ਉਸ ਨੇ ਜਦੋਂ ਲੋਕਾਂ ਨੂੰ ਜਚਾਇਆ ਕਿ ਜਮਹੂਰੀ ਸਿਸਟਮ ਧਨਾਢਾਂ ਲਈ ਨਹੀਂ ਸੀ ਬਣਿਆ, ਤਾਂ ਉਸ ਦੇ ਕਾਫਲੇ ਵਿਚ ਲੋਕ, ਖਾਸ ਕਰ ਕੇ ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ਵਿਚ ਜੁੜਦੇ ਗਏ।
ਵਾਸ਼ਿੰਗਟਨ, ਅਲਾਸਕਾ ਅਤੇ ਹਵਾਈ ਦੇ ਚੋਣ ਪਿੜ ਵਿਚ ਜਿਸ ਤਰ੍ਹਾਂ ਉਸ ਨੇ ਹਿਲਰੀ ਕਲਿੰਟਨ ਨੂੰ ਲਤਾੜਿਆ ਹੈ, ਚੋਣ ਮਾਹਿਰ ਇਹ ਕਹਿਣ ਲੱਗ ਪਏ ਹਨ ਕਿ ਹੁਣ ਡੈਮੋਕਰੇਟਿਕ ਪਾਰਟੀ ਦੇ ਸੁਪਰ ਡੈਲੀਗੇਟਸ ਲਈ ਸੰਕਟ ਵਧਣ ਵਾਲਾ ਹੈ। ਤਕਰੀਬਨ ਸਾਰੇ ਸੁਪਰ ਡੈਲੀਗੇਟ ਇਸ ਵੇਲੇ ਹਿਲਰੀ ਕਲਿੰਟਨ ਦੇ ਪੱਖ ਵਿਚ ਖੜ੍ਹੇ ਹਨ, ਪਰ ਜੇ ਬਰਨੀ ਸੈਂਡਰਜ਼ ਨੇ ਆਪਣੀ ਜੇਤੂ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖੀ ਤਾਂ ਇਨ੍ਹਾਂ ਸੁਪਰ ਡੈਲੀਗੇਟਸ ਨੂੰ ਕੁਝ ਸੋਚਣਾ ਪੈ ਸਕਦਾ ਹੈ। ਹਾਲ ਹੀ ਦੇ ਸਰਵੇਖਣ ਵਿਚ ਹਿਲਰੀ ਕਲਿੰਟਨ ਦੀ ਕੌਮੀ ਹਮਾਇਤ 53 ਫੀਸਦੀ ਤੋਂ ਟੁੱਟ ਕੇ 49 ‘ਤੇ ਆ ਗਈ ਹੈ ਅਤੇ ਬਰਨੀ ਸੈਂਡਰਜ਼ 41 ਫੀਸਦੀ ਤੋਂ 43 ਤੱਕ ਪੁੱਜ ਗਿਆ ਹੈ। ਇਹੀ ਨਹੀਂ ਈ-ਮੇਲ ਮਾਮਲੇ ਕਾਰਨ ਹਿਲਰੀ ਕਲਿੰਟਨ ਦੀ ਨੈਗੇਟਿਵ ਰੇਟਿੰਗ ਵਧ ਰਹੀ ਹੈ। ਇਕ ਹੋਰ ਸਰਵੇਖਣ ਸੂਹ ਦਿੰਦਾ ਹੈ ਕਿ ਬਰਨੀ ਸੈਂਡਰਜ਼ ਕਿਸੇ ਵੀ ਰਿਪਬਲਿਕਨ ਉਮੀਦਵਾਰ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੈ। ਪ੍ਰਸਿੱਧ ਅਮਰੀਕੀ ਵਿਦਵਾਨ ਨੌਮ ਚੌਮਸਕੀ ਇਸ ਪ੍ਰਸੰਗ ਵਿਚ ਬਰਨੀ ਸੈਂਡਰਜ਼ ਨੂੰ ‘ਬੇਸੀਕਲੀ ਨਿਊ ਡੀਲਰ’ ਆਖਦਾ ਹੈ। ਅਮਰੀਕਾ ਵਿਚ ‘ਨਿਊ ਡੀਲ’ ਦਾ ਆਪਣਾ ਇਤਿਹਾਸ ਹੈ। ਉਦੋਂ ਅਮਰੀਕਾ ਦੀ ਕਮਾਨ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਕੋਲ ਸੀ ਅਤੇ ਉਨ੍ਹਾਂ 1933 ਵਿਚ ‘ਨਿਊ ਡੀਲ’ ਤਹਿਤ ਘਰੇਲੂ ਪ੍ਰੋਗਰਾਮਾਂ ਦੀ ਲੜੀ ਚਲਾਈ ਸੀ ਜੋ 1938 ਤੱਕ ਜਾਰੀ ਰਹੀ। ਇਹ ਪ੍ਰੋਗਰਾਮ ਅਸਲ ਵਿਚ ਮਹਾਂ ਮੰਦਵਾੜੇ ਦੇ ਟਾਕਰੇ ਲਈ ਸਨ ਅਤੇ ਉਦੋਂ ਮਾਹਿਰਾਂ ਨੇ ਇਸ ‘ਨਿਊ ਡੀਲ’ ਦੀ ਵਿਆਖਿਆ ‘ਥਰੀ ਆਰਜ’-ਰਿਲੀਫ, ਰਿਕਵਰੀ ਅਤੇ ਰਿਫਾਰਮ (ਤਿੰਨ ਆਰ) ਨਾਲ ਕੀਤੀ ਸੀ: ਰਿਲੀਫ, ਭਾਵ ਬੇਰੁਜ਼ਗਾਰਾਂ ਤੇ ਗਰੀਬਾਂ ਲਈ ਰਾਹਤ; ਰਿਕਵਰੀ ਆਰਥਿਕਤਾ ਦੇ ਮਾਮਲੇ ਵਿਚ ਮੁੜ ਤਾਬੇ ਆਉਣ ਦੀ ਸੀ ਅਤੇ ਰਿਫਾਰਮ, ਮਹਾਂ ਮੰਦਵਾੜਾ ਠੱਲ੍ਹਣ ਲਈ ਚਾਰਾਜੋਈ ਸੀ। ਸਿਆਸੀ ਤੇ ਆਰਥਿਕ ਮਾਹਿਰ ਹੁਣ ਦੋਹਾਂ ਸਮਿਆਂ ਦੇ ਹਾਲਾਤ ਨੂੰ ਆਪਸ ਵਿਚ ਜੋੜ ਕੇ ਇਸ ਦੀ ਵਿਆਖਿਆ ਕਰ ਰਹੇ ਹਨ ਅਤੇ ਇਹ ਵਿਆਖਿਆ ਬਰਨੀ ਸੈਂਡਰਜ਼ ਕਰ ਕੇ ਹੀ ਸੰਭਵ ਹੋਈ ਹੈ। ਇਸ ਮੁਕਾਮ ਤੱਕ ਪੁੱਜਣ ਲਈ ਬਰਨੀ ਦਾ ਰਾਹ ਸੁਖਾਲਾ ਨਹੀਂ ਰਿਹਾ। ਇਕ ਤਾਂ ਉਸ ਦੇ ਮੁਕਾਬਲੇ ਵਿਚ ਡਟੀ ਹਿਲਰੀ ਕਲਿੰਟਨ ਦਾ ਉਂਜ ਹੀ ਜ਼ੋਰ ਬਹੁਤ ਸੀ, ਦੂਜੇ ਜਿਸ ਤਰ੍ਹਾਂ ਦੇ ਖਿਆਲ ਲੈ ਕੇ ਉਹ ਅਗਾਂਹ ਵਧ ਰਿਹਾ ਸੀ, ਪਹਿਲਾਂ-ਪਹਿਲ ਮੀਡੀਆ ਤੇ ਕੁਝ ਹੋਰ ਧਿਰਾਂ ਇਸ ਨੂੰ ਸਵੀਕਾਰ ਨਹੀਂ ਸੀ ਕਰ ਸਕੀਆਂ। ਇਸੇ ਕਰ ਕੇ ਸੰਸਾਰ ਪ੍ਰਸਿੱਧ ਰਸਾਲੇ ‘ਟਾਈਮ’ ਦਾ ਪਾਠਕਾਂ ਦੇ ਹੁੰਗਾਰੇ ਵਾਲਾ ਸਰਵੇਖਣ ਜਿੱਤਣ ਦੇ ਬਾਵਜੂਦ, ਇਸ ਦੇ ਸੰਪਾਦਕੀ ਬੋਰਡ ਵਾਲਾ ਇਨਾਮ ਬਰਨੀ ਨੂੰ ਦੇਣ ਤੋਂ ਹੱਥ ਪਿਛਾਂਹ ਖਿੱਚ ਲਿਆ ਗਿਆ ਸੀ। ਅਜਿਹੇ ਹਾਲਾਤ ਦੇ ਬਾਵਜੂਦ ਜੇ ਬਰਨੀ ਸੈਂਡਰਜ਼ ਆਪਣੀ ਨਾਮਜ਼ਦਗੀ ਮੁਹਿੰਮ ਨੂੰ ਇਥੋਂ ਤੱਕ ਲੈ ਆਇਆ ਹੈ ਤਾਂ ਅਮਰੀਕਣਾਂ ਦੇ ਮੂਡ ਦੀ ਕੁਝ ਤਾਂ ਸੂਹ ਮਿਲਦੀ ਹੀ ਹੈ। ਆਪਣੇ ਸੰਬੋਧਨਾਂ ਵਿਚ ਉਹ ਆਪਣੇ ਸਮਾਜਵਾਦੀ ਵਿਚਾਰ ਬਹੁਤ ਸਪਸ਼ਟ ਰੂਪ ਵਿਚ ਰੱਖਦਾ ਆ ਰਿਹਾ ਹੈ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਜੇ ਕਿਤੇ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੀ ਹਮਾਇਤ ਹਾਸਲ ਕਰਨ ਵਿਚ ਸਫਲ ਹੋ ਜਾਂਦਾ ਤਾਂ ਕਹਾਣੀ ਹੋਰ ਹੋਣੀ ਸੀ। ਡੈਮੋਕਰੇਟਿਕ ਪਾਰਟੀ ਦੀ ਨਾਮਜ਼ਦਗੀ ਦੇ ਮਾਮਲੇ ਵਿਚ ਭਾਵੇਂ ਅਜੇ ਤੱਕ ਪਲੜਾ ਹਿਲਰੀ ਕਲਿੰਟਨ ਦਾ ਹੀ ਭਾਰੀ ਜਾਪ ਰਿਹਾ ਹੈ, ਪਰ ਬਰਨੀ ਸੈਂਡਰਜ਼ ਨੇ ਦਰਸਾ ਦਿੱਤਾ ਹੈ ਕਿ ਅਮਰੀਕਾ ਵਿਚ ‘ਸਿਆਸੀ ਇਨਕਲਾਬ’ ਦਾ ਨਆਰਾ ਲਾਉਣ ਦੀ ਜੁਰਅਤ ਕੀਤੀ ਜਾ ਸਕਦੀ ਹੈ। ਇਹੀ ਉਸ ਦੀ ਅਸਲ ਜਿੱਤ ਹੈ।