ਬਠਿੰਡਾ: ਕੇਂਦਰ ਸਰਕਾਰ ਵੱਲੋਂ ਖੇਤਰੀ ਹਵਾਈ ਸੰਪਰਕ ਨੀਤੀ ਬਣਾਏ ਜਾਣ ਨਾਲ ਪੰਜਾਬ ਸਰਕਾਰ ਨੂੰ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਬੱਝੀ ਹੈ, ਪਰ ਇਸ ਵਾਸਤੇ ਹਵਾਈ ਕੰਪਨੀਆਂ ਨੂੰ ਰਿਆਇਤਾਂ ਦੇ ਗੱਫੇ ਦੇਣੇ ਪੈਣਗੇ। ਕੇਂਦਰ ਸਰਕਾਰ ਦੀ ਇਸ ਨੀਤੀ ਦਾ ਉਦੇਸ਼ ਦੇਸ਼ ਦੇ ਸੁੰਨੇ ਪਏ ਹਵਾਈ ਅੱਡਿਆਂ ਉਤੇ ਰੌਣਕ ਭਰਨਾ ਹੈ, ਪਰ ਇਹ ਨੀਤੀ ਸੂਬਾ ਸਰਕਾਰਾਂ ਦੇ ਖ਼ਜ਼ਾਨਿਆਂ ‘ਤੇ ਭਾਰੀ ਪਵੇਗੀ।
ਮਿਲੀ ਜਾਣਕਾਰੀ ਅਨੁਸਾਰ ਨਵੀਂ ਕੇਂਦਰੀ ਨੀਤੀ ਅਨੁਸਾਰ ਪੰਜਾਬ ਸਰਕਾਰ ਨੂੰ ਹਵਾਈ ਕੰਪਨੀਆਂ ਨੂੰ ਏਅਰ ਟਰਬਾਈਨ ਫਿਊਲ ਵਿਚ ਇਕ ਫੀਸਦੀ ਤੋਂ ਵੀ ਘੱਟ ਵੈਟ ਲਾਉਣਾ ਪਵੇਗਾ। ਸੂਬਾ ਸਰਕਾਰ ਇਹ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਹਵਾਈ ਅੱਡੇ ‘ਤੇ ਸੁਰੱਖਿਆ ਅਤੇ ਫਾਇਰ ਇੰਤਜ਼ਾਮਾਂ ਦਾ ਸਾਰਾ ਖਰਚਾ ਸੂਬਾ ਸਰਕਾਰ ਨੂੰ ਚੁੱਕਣਾ ਪਵੇਗਾ। ਇਸੇ ਤਰ੍ਹਾਂ ਬਿਜਲੀ-ਪਾਣੀ ਤੇ ਹੋਰ ਸਹੂਲਤਾਂ ਰਿਆਇਤੀ ਦਰਾਂ ‘ਤੇ ਦੇਣੀਆਂ ਪੈਣਗੀਆਂ। ਜਹਾਜ਼ਾਂ ਨੂੰ ਪੂਰੇ ਯਾਤਰੀ ਨਾ ਮਿਲਣ ਦੀ ਸੂਰਤ ਵਿਚ ਪੈਣ ਵਾਲੇ ਘਾਟੇ ਦੀ ਪੂਰਤੀ ਲਈ 20 ਫੀਸਦੀ ਖਰਚਾ ਸੂਬਾ ਸਰਕਾਰ ਨੂੰ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਹਵਾਈ ਕੰਪਨੀਆਂ ਨੂੰ ਲੈਂਡਿੰਗ ਤੇ ਪਾਰਕਿੰਗ ਚਾਰਜਜ਼ ਤੇ ਏਅਰ ਕੰਟਰੋਲ ਸੇਵਾਵਾਂ ਦੇ ਚਾਰਜਜ਼ ਤੋਂ ਵੀ ਛੋਟ ਦੇਣੀ ਪਵੇਗੀ।
ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਪੰਜਾਬ ਸਰਕਾਰ ਨੂੰ ਦੱਸਿਆ ਹੈ ਕਿ ਹਵਾਈ ਕੰਪਨੀਆਂ ਕੋਲੋਂ ਆਰਡਰ ਮੁਤਾਬਕ ਜੋ ਜਹਾਜ਼ ਡਲਿਵਰ ਹੋ ਰਹੇ ਹਨ, ਨੂੰ ਉਡਾਣਾਂ ‘ਤੇ ਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨਵੀਂ ਕੇਂਦਰੀ ਨੀਤੀ ਤਹਿਤ ਖਰਚਾ ਚੁੱਕਣ ਨੂੰ ਤਿਆਰ ਹੈ। ਸੂਬਾ ਸਰਕਾਰ ਆਗਾਮੀ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਸ਼ਵਾਜੀਤ ਖੰਨਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਨਵੀਂ ਖੇਤਰੀ ਸੰਪਰਕ ਨੀਤੀ ਤਹਿਤ ਹੁਕਮ ਉਡੀਕ ਰਹੇ ਹਨ ਜਿਸ ਤਹਿਤ ਬਠਿੰਡਾ ਦਾ ਹਵਾਈ ਅੱਡਾ ਚਾਲੂ ਕੀਤਾ ਜਾਵੇਗਾ। ਨਵੀਂ ਨੀਤੀ ਪੰਜਾਬ ਲਈ ਲਾਹੇ ਵਾਲੀ ਰਹੇਗੀ ਅਤੇ ਮੁਢਲੇ ਪੜਾਅ ‘ਤੇ ਛੋਟੇ ਜਹਾਜ਼ ਚਲਾਉਣ ਦੀ ਯੋਜਨਾ ਹੈ।
_____________________________________
ਹੁਣ ਤੱਕ ਕੇਂਦਰ ਦੀ ਅਣਦੇਖੀ ਦਾ ਹੋਣਾ ਪਿਆ ਸ਼ਿਕਾਰ
ਚੰਡੀਗੜ੍ਹ: ਬਠਿੰਡਾ ਦਾ ਹਵਾਈ ਅੱਡਾ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ 30 ਅਕਤੂਬਰ 2012 ਨੂੰ ਮੁਕੰਮਲ ਹੋ ਗਿਆ ਸੀ। ਕੇਂਦਰ ਸਰਕਾਰ ਨੇ ਬਠਿੰਡਾ ਦੇ ਹਵਾਈ ਅੱਡੇ ਨੂੰ ਅਣਗੌਲਿਆ ਕਰੀ ਰੱਖਿਆ। ਮਾਲਵਾ ਖਿੱਤੇ ਦਾ ਇਹ ਇਕਲੌਤਾ ਪ੍ਰੋਜੈਕਟ ਹੈ ਜੋ ਉਦਘਾਟਨ ਲਈ ਤਿਆਰ ਬਰ ਤਿਆਰ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਇਸ ਹਵਾਈ ਅੱਡੇ ‘ਤੇ ਤਕਰੀਬਨ 40 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਹਵਾਈ ਅੱਡੇ ਲਈ ਪਿੰਡ ਵਿਰਕ ਕਲਾਂ ਦੀ 37 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਹਵਾਈ ਅੱਡੇ ਤੋਂ ਸਪਾਈਸਜੈੱਟ ਅਤੇ ਇੰਡੀਗੋ ਨੂੰ ਉਡਾਣਾਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ, ਪਰ ਹਵਾਈ ਕੰਪਨੀਆਂ ਨੇ ਇਥੋਂ ਜਹਾਜ਼ ਉਡਾਉਣ ਵਿਚ ਰੁਚੀ ਨਹੀਂ ਦਿਖਾਈ। ਹੁਣ ਨਵੀਂ ਖੇਤਰੀ ਸੰਪਰਕ ਪਾਲਿਸੀ ਹੀ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦਾ ਇਕਲੌਤਾ ਹੱਲ ਬਚਿਆ ਹੈ।