ਬ੍ਰੱਸਲਜ਼ ਹਮਲਾ: ਦਹਿਸ਼ਤ ਦੇ ਨਿਸ਼ਾਨ ਅਜੇ ਵੀ ਬਾਕੀ

ਬ੍ਰੱਸਲਜ਼: ਬ੍ਰੱਸਲਜ਼ ਵਿਚ ਬੀਤੇ ਦਿਨੀਂ ਹੋਏ ਤਿੰਨ ਬੰਬ ਧਮਾਕਿਆਂ ਦੀ ਦਹਿਸ਼ਤ ਅਜੇ ਵੀ ਬਰਕਰਾਰ ਹੈ। ਪੁਲਿਸ ਨੇ ਭਾਵੇਂ ਹਮਲੇ ਪਿੱਛੋਂ ਵੱਡੀ ਗਿਣਤੀ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਪਰ ਮੁੜ ਅਜਿਹੇ ਧਮਾਕਿਆਂ ਦੀਆਂ ਅਫਵਾਹਾਂ ਜ਼ੋਰਾਂ ‘ਤੇ ਹਨ। ਯਾਦ ਰਹੇ ਕਿ ਧਮਾਕਿਆਂ ਵਿਚ 31 ਵਿਅਕਤੀ ਮਾਰੇ ਗਏ ਸਨ ਜਦ ਕਿ 300 ਫੱਟੜ ਹੋ ਗਏ ਸਨ।

ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਇਸ ਦੌਰਾਨ ਹਮਲਿਆਂ ਸਬੰਧੀ ਖੁਫੀਆ ਨਾਕਾਮੀ ਕਾਰਨ ਆਲੋਚਨਾ ਝੱਲ ਰਹੇ ਬੈਲਜੀਅਮ ਦੇ ਮੰਤਰੀਆਂ ਨੇ ਅਸਤੀਫ਼ਿਆਂ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਨੇ ਬ੍ਰੱਸਲਜ਼ ਵਿਚ ਅਤਿਵਾਦੀ ਹਮਲੇ ਦੌਰਾਨ ਉਸ ਦੇ ਦੋ ਨਾਗਰਿਕਾਂ ਮਰਨ ਦੀ ਪੁਸ਼ਟੀ ਕੀਤੀ ਹੈ।
ਦੂਜੇ ਪਾਸੇ ਧਮਾਕਿਆਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਆਪਣੇ ਸਕੇ ਸਬੰਧੀਆਂ ਦੀਆਂ ਲਾਸ਼ਾਂ ਨਾ ਮਿਲਣ ਕਾਰਨ ਦੁਖੀ ਹਨ, ਕਿਉਂਕਿ ਫੋਰੈਂਸਿਕ ਮਾਹਰਾਂ ਨੇ ਕਿਹਾ ਹੈ ਕਿ ਲਾਸ਼ਾਂ ਦੀ ਸ਼ਨਾਖ਼ਤ ਕਰਨ ਵਿਚ ਕਈ ਹਫਤੇ ਲੱਗ ਸਕਦੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਬੈਲਜੀਅਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਇਥੇ ਪੁੱਜੇ ਸਨ ਤੇ ਉਨ੍ਹਾਂ ਨੇ ਹਮਲਾਵਰਾਂ ਦੇ ਬਚ ਨਿਕਲਣ ਦੀ ਕਾਫੀ ਆਲੋਚਨਾ ਕੀਤੀ। ਪਤਾ ਲੱਗਿਆ ਹੈ ਕਿ ਬ੍ਰੱਸਲਜ਼ ਵਿਚ ਹੋਏ ਹਮਲੇ ਵਿਚ ਸ਼ਾਮਲ ਸਕੇ ਭਰਾ ਇਬਰਾਹੀਮ ਤੇ ਖ਼ਾਲਿਦ ਅਲ ਬਕਾਉਈ ਅਮਰੀਕਾ ਦੀ ਅਤਿਵਾਦੀ ਕੌਮਾਂਤਰੀ ਸੂਚੀ ਵਿਚ ਸਨ।
ਬ੍ਰੱਸਲਜ਼ ਤੋਂ 242 ਭਾਰਤੀਆਂ ਤੇ ਅਮਲੇ ਦੇ 28 ਮੈਂਬਰਾਂ ਨੂੰ ਲੈ ਕੇ ਜੈੱਟ ਏਅਰਵੇਜ਼ ਦਾ ਇਕ ਹਵਾਈ ਜਹਾਜ਼ ਇਥੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਰਿਆ। ਇਹ ਹਵਾਈ ਜਹਾਜ਼ ਐਮਸਟਰਡਮ ਤੋਂ ਇਥੇ ਪੁੱਜਿਆ। ਹਵਾਈ ਕੰਪਨੀ ਨੇ ਸੜਕ ਰਾਹੀਂ ਬ੍ਰੱਸਲਜ਼ ਤੋਂ ਐਮਸਟਰਡਮ ਤੱਕ ਯਾਤਰੀਆਂ ਨੂੰ ਲਿਜਾਇਆ ਗਿਆ ਤੇ ਉਥੋਂ ਹਵਾਈ ਜਹਾਜ਼ ਰਾਹੀਂ ਭਾਰਤ ਰਵਾਨਾ ਹੋਏ। ਇਸ ਦੌਰਾਨ ਦਿੱਲੀ, ਮੁੰਬਈ, ਬੰਗਲੌਰ, ਹੈਦਰਾਬਾਦ, ਕੋਲਕਾਤਾ, ਚੇਨਈ ਤੇ ਅਹਿਮਦਾਬਾਦ ਦੇ ਹਵਾਈ ਅੱਡਿਆਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।
____________________________________
ਆਈæਐਸ਼ ਦੇ ਟਾਕਰੇ ਲਈ ਮੁਸਲਿਮਾਂ ਦਾ ਸਾਥ ਮੰਗਿਆ
ਵਾਸ਼ਿੰਗਟਨ: ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਲੜਨ ਲਈ ਅਮਰੀਕੀ ਮੁਸਲਮਾਨ ਬਹੁਤ ਅਹਿਮ ਸਹਿਯੋਗੀ ਹਨ ਤੇ ਮੁਸਲਿਮ ਭਾਈਚਾਰੇ ਦੇ ਅਹਿਮ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਤਿਵਾਦੀ ਸੰਗਠਨ ਆਈæਐਸ਼ ਦੇ ਕੱਟੜ ਤੇ ਹਿੰਸਕ ਪ੍ਰਚਾਰ ਦੇ ਖਾਤਮੇ ਲਈ ਤੇ ਨੌਜਵਾਨ ਮੁਸਲਮਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਉਨ੍ਹਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ।
ਅਮਰੀਕੀ ਮੁਸਲਮਾਨਾਂ ਨੂੰ ਦੇਸ਼ ਦਾ ਅਹਿਮ ਅੰਗ ਕਰਾਰ ਦਿੰਦਿਆਂ ਓਬਾਮਾ ਨੇ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਡੋਨਲਡ ਤੇ ਕਰੂਜ਼ ਦੇ ਮੁਸਲਮਾਨ ਵਿਰੋਧੀ ਵਿਚਾਰਾਂ ਦੀ ਤਿੱਖੀ ਆਲੋਚਨਾ ਕੀਤੀ।
____________________________________
ਆਈæਐਸ਼ ਦਹਿਸ਼ਤੀਆਂ ਦੇ ਨਿਸ਼ਾਨੇ ਉਤੇ ਯੂਰਪ
ਪੈਰਿਸ: ਬੈਲਜੀਅਮ ਦੇ ਬ੍ਰੱਸਲਜ਼ ਸ਼ਹਿਰ ਵਿਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਯੂਰਪ ਦੇ ਕਈ ਹੋਰ ਸ਼ਹਿਰ ਵੀ ਅਤਿਵਾਦੀ ਜਥੇਬੰਦੀ ਆਈæਐਸ ਦੇ ਨਿਸ਼ਾਨੇ ਉਤੇ ਹੈ। ਖ਼ੁਫੀਆ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਆਈæਐਸ਼ ਦੇ ਦਹਿਸ਼ਤਗਰਦ ਹਮਲਾ ਕਰਨ ਦੀ ਫਿਰਾਕ ਵਿਚ ਹਨ। ਫੋਕਸ ਨਿਊਜ ਨੇ ਖ਼ੁਫੀਆ ਏਜੰਸੀਆਂ ਦੇ ਹਵਾਲੇ ਨਾਲ ਆਖਿਆ ਹੈ ਕਿ ਆਈæਐਸ਼ ਦੇ 400 ਦੇ ਕਰੀਬ ਟਰੇਨਿੰਗ ਪ੍ਰਾਪਤ ਦਹਿਸ਼ਤਗਰਦ ਵੱਖ-ਵੱਖ ਯੂਰਪੀ ਦੇਸ਼ਾਂ ਵਿਚ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਯੂਰਪੀਅਨ ਤੇ ਇਰਾਕੀ ਖੁਫੀਆਂ ਏਜੰਸੀਆਂ ਅਨੁਸਾਰ ਯੂਰਪ ਉਤੇ ਹਮਲੇ ਲਈ ਇਸਲਾਮਿਕ ਸਟੇਟ ਦੇ 400 ਤੋਂ ਵੱਧ ਦਹਿਸ਼ਤਗਰਦਾਂ ਨੂੰ ਸੀਰੀਆ ਅਤੇ ਇਰਾਕ ਵਿਚ ਖਾਸ ਟਰੇਨਿੰਗ ਦਿੱਤੀ ਗਈ ਹੈ। ਆਈæਐਸ਼ ਵਾਰ-ਵਾਰ ਇਸ ਗੱਲ ਦਾ ਦਾਅਵਾ ਕਰ ਰਿਹਾ ਹੈ ਕਿ ਇਰਾਕ ਤੇ ਸੀਰੀਆ ਤੋਂ ਬਾਅਦ ਉਨ੍ਹਾਂ ਦਾ ਅਗਲਾ ਨਿਸ਼ਾਨਾ ਯੂਰਪ ਹੈ। ਬੈਲਜੀਅਮ ਪੁਲਿਸ ਨੇ 18 ਮਾਰਚ ਨੂੰ ਆਈæਐਸ਼ ਦੇ ਦਹਿਸ਼ਤਗਰਦ ਤੇ ਪੈਰਿਸ ਹਮਲੇ ਦੇ ਦੋਸ਼ੀ ਸਾਲੇਹ ਅਬਦੇਸਲਾਮ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਆਈæਐਸ਼ ਨੇ ਬ੍ਰੱਸਲਜ਼ ਸ਼ਹਿਰ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਉੱਤੇ ਤਿੰਨ ਧਮਾਕੇ ਕਰ ਦਿੱਤੇ ਸਨ।