‘ਆਪ’ ਦੇ ਡਿਨਰ ‘ਤੇ ਭਾਰੂ ਪਿਆ ਕਾਂਗਰਸ ਦਾ ਲੰਗਰ

ਸੰਗਰੂਰ: ਆਮ ਆਦਮੀ ਪਾਰਟੀ ਵੱਲੋਂ ਕਰਵਾਏ ਪੰਜ ਹਜ਼ਾਰੀ ਡਿਨਰ ਦੇ ਮੁਕਾਬਲੇ ਕਾਂਗਰਸ ਦੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਵੱਲੋਂ ਲਗਾਇਆ ਮੁਫਤ ਲੰਗਰ ਭਾਰੂ ਪੈਂਦਾ ਦਿਖਾਈ ਦਿੱਤਾ। ‘ਆਪ’ ਵੱਲੋਂ ਪੰਜ ਹਜ਼ਾਰ ਰੁਪਏ ਪ੍ਰਤੀ ਮੈਂਬਰ ਤੈਅ ਕੀਤੇ ਡਿਨਰ ਵਿਚ ਲੋਕ ਸਭਾ ਹਲਕਾ ਸੰਗਰੂਰ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਟਿਕਟ ਦੇ ਚਾਹਵਾਨ ਪੁੱਜੇ ਹੋਏ ਸਨ, ਪਰ ‘ਆਪ’ ਦਾ ਉਹ ਟਕਸਾਲੀ ਬਿਗ੍ਰੇਡ ਇਸ ਡਿਨਰ ਡਿਪਲੋਮੇਸੀ ਵਾਲੀ ਥਾਂ ‘ਤੇ ਕਿਧਰੇ ਵੀ ਦਿਖਾਈ ਨਹੀਂ ਦਿੱਤਾ ਜਿਸ ਸਦਕਾ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਜ਼ਬਰਦਸਤ ਜਿੱਤ ਦਰਜ ਕਰਵਾਈ ਸੀ।

‘ਆਪ’ ਦੇ ਰਾਤਰੀ ਭੋਜ ਵਿਚ ਲਗਜ਼ਰੀ ਕਾਰਾਂ ਵਿਚੋਂ ਉਤਰਦੇ ਸਨਅਤਕਾਰ, ਵਪਾਰੀ ਇਸ ਗੱਲ ਦਾ ਵੀ ਝਲਕਾਰਾ ਪੇਸ਼ ਕਰ ਰਹੇ ਸਨ ਕਿ ਸ਼ਾਇਦ ਇਹ ਭੋਜ ਸਿਰਫ ਧਨ ਕੁਬੇਰਾਂ ਵੱਲੋਂ ਆਪਣੀ ਕਿਸੇ ਬਿਜ਼ਨਸ ਡੀਲ ਦੇ ਮੰਤਵ ਤਹਿਤ ਹੀ ਕੀਤਾ ਗਿਆ ਹੈ। ਹੈਰਾਨੀਜਨਕ ਪਹਿਲੂ ਇਹ ਵੀ ਰਿਹਾ ਹੈ ਕਿ ਲਗਜ਼ਰੀ ਕਾਰਾਂ ਵਿਚੋਂ ਉਤਰਦੇ ਸੇਠਾਂ ਨੂੰ ਤਾਂ ਭੋਜ ਦੇ ਚਟਕਾਰੇ ਲੈਣ ਦੀ ਇਜਾਜ਼ਤ ਸੀ, ਪਰ ਉਨ੍ਹਾਂ ਦੀ ਕਾਰਾਂ ਦੇ ਡਰਾਈਵਰ ਦੂਰੋਂ ਹੀ ਭਾਂਤ ਭਾਂਤ ਦੇ ਵਿਅੰਜਨਾ ਦੀ ਖ਼ੁਸ਼ਬੂਆਂ ਲੈਣ ਲਈ ਮਜਬੂਰ ਸਨ। ਇਥੋਂ ਤੱਕ ਕਿ ਮਲੇਰਕੋਟਲਾ ਤੋਂ ਟਿਕਟ ਦੇ ਦਾਅਵੇਦਾਰ ਇਕ ਮੁਸਲਿਮ ਆਗੂ ਨੇ ਜਦ ਇਕ ਪ੍ਰਬੰਧਕ ਨੂੰ ਆਪਣੇ ਡਰਾਈਵਰਾਂ ਤੇ ਹੋਰ ਸਾਥੀਆਂ ਦੇ ਖਾਣੇ ਸਬੰਧੀ ਪੁੱਛਿਆ ਤਾਂ ਪ੍ਰਬੰਧਕ ਨੇ ਇਸ਼ਾਰਾ ਕੁਝ ਦੂਰੀ ਉਪਰ ਲੱਗੇ ਕਾਂਗਰਸ ਦੇ ਲੰਗਰ ਵੱਲ ਕਰ ਦਿੱਤਾ।
ਪੂਰੀ ਤਰ੍ਹਾਂ ਪੱਛਮੀ ਰੰਗ ਵਿਚ ਰੰਗੇ ਇਸ ਭੋਜ ਵਿਚ ਸੂਤਰਾਂ ਅਨੁਸਾਰ ਹਲਕਾ ਪੱਧਰ ਉਪਰ ਟਿਕਟ ਦੇ ਚਾਹਵਾਨਾਂ ਨੂੰ ਇਕੱਠਾ ਫੰਡ ਲਗਾਇਆ ਗਿਆ ਸੀ ਅਤੇ ਚਾਹਵਾਨ ਉਮੀਦਵਾਰਾਂ ਜੋ ਅਜੇ ਕੱਲ੍ਹ ਤੱਕ ਵਿਰੋਧੀ ਛੱਤਰੀਆਂ ‘ਤੇ ਮੰਡਰਾਉਂਦੇ ਰਹੇ ਹਨ, ਨੇ ਆਪਣੇ ਖਾਸਮ-ਖਾਸਾਂ ਨੂੰ ਇਸ ਖਾਣੇ ਉਪਰ ਲਿਆਂਦਾ ਹੋਇਆ ਸੀ। ਰਾਤਰੀ ਭੋਜ ਦੇ ਮੁੱਖ ਆਗੂ ਲੋਕ ਸਭਾ ਮੈਂਬਰ ਭਗਵੰਤ ਮਾਨ ਨਾਲ ਜਦ ਰਾਤਰੀ ਭੋਜ ਉਪਰ ਆਮ ਆਦਮੀ ਦੀ ਬਜਾਇ ਧਨਵਾਨ ਸੇਠਾਂ ਦੀ ਭਰਮਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਲਈ ਉਹ ਵਿਅਕਤੀ ਆਮ ਹੈ ਜਿਹੜਾ ਬਾਲਾਇਦਾ ਟੈਕਸ ਦਿੰਦਾ ਹੈ ਅਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਕੋਲ ਮਰਸਡੀਜ਼ ਜਿਹੀ ਲਗਜ਼ਰੀ ਕਾਰ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਨਹੀਂ ਕਿ ਸਿਰਫ ਗਰੀਬ ਹੀ ਆਮ ਆਦਮੀ ਹੋਵੇ। ਮਾਨ ਨੇ ਕਿਹਾ ਕਿ ਪੰਜਾਬ ਵਿਚ ਇਹ ਰੁਝਾਨ ਨਵਾਂ ਹੈ, ਪਰ ਦਿੱਲੀ ਵਰਗੇ ਮਹਾਨਗਰਾਂ ਵਿਚ ਅਜਿਹੀ ਡਿਨਰ ਡਿਪਲੋਮੇਸੀ ਆਮ ਗੱਲ ਹੈ। ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਲੋਕ ਆਸਾਨੀ ਨਾਲ ਇਹ ਡਿਨਰ ਫੰਡ ਦੇ ਰਹੇ ਹਨ। ਕਿਸੇ ਜ਼ੋਨ ਵਿਚ ਪੰਦਰਾਂ ਲੱਖ ਆ ਰਿਹਾ ਹੈ ਅਤੇ ਕਿਧਰੋਂ 20 ਲੱਖ ਤੱਕ ਫੰਡ ਮਿਲ ਰਿਹਾ ਹੈ। ਛੋਟੇਪੁਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਵੀ ਅੰਗਰੇਜ਼ਾਂ ਨੂੰ ਕੱਢਣ ਲਈ ਵੱਡੇ ਲੋਕਾਂ ਦਾ ਸਹਾਰਾ ਲਿਆ ਸੀ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਫੰਡ ਦਾ ਪੂਰਾ ਹਿਸਾਬ ਰੱਖਿਆ ਜਾਵੇਗਾ ਤੇ ਇਸ ਦਾ ਇਸਤੇਮਾਲ ਪਾਰਟੀ ਦੀ ਭਲਾਈ ਅਤੇ ਵਿਕਾਸ ਲਈ ਹੀ ਕੀਤਾ ਜਾਵੇਗਾ। ‘ਆਪ’ ਦੇ ਡਿਨਰ ਤੋਂ ਕੁਝ ਕੁ ਕਰਮਾਂ ਦੀ ਵਿੱਥ ‘ਤੇ ਕਾਂਗਰਸ ਪਾਰਟੀ ਦੇ ਲਗਾਏ ਲੰਗਰ ਵਿਚ ਤਕਰੀਬਨ ਦੋ ਘੰਟੇ ਖਾਸੀ ਭੀੜ ਜੁੜੀ ਦਿਖਾਈ ਦਿੱਤੀ। ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੀ ਅਗਵਾਈ ਹੇਠ ਲੱਗੇ ਇਸ ਲੰਗਰ ਵਿਚ ਸਿਬੀਆ ਨੇ ਲੋਕਾਂ ਨੂੰ ਆਪਣੇ ਹੱਥੀ ਲੰਗਰ ਵਰਤਾਇਆ। ਛੁੱਟੀ ਤੇ ਹੋਲੀ ਦਾ ਦਿਨ ਹੋਣ ਕਾਰਨ ਇਸ ਸੜਕ ‘ਤੇ ਪੈਂਦੇ ਭੱਠਿਆਂ ਦੀ ਪਰਵਾਸੀ ਲੇਬਰ ਤੋਂ ਇਲਾਵਾ ਨਜ਼ਦੀਕੀ ਬਸਤੀਆਂ ਅਤੇ ਪਿੰਡਾਂ ਵਿਚੋਂ ਆਈ ਗਰੀਬ ਜਨਤਾ ਨੇ ਪੰਗਤ ਵਿਚ ਬੈਠਕ ਕੇ ਲੰਗਰ ਛਕਿਆ।