ਜਲੰਧਰ: ਪੰਜਾਬ ਐਂਡ ਸਿੰਧ ਬੈਂਕ ਦੀ ਰੇਰੂ ਬਰਾਂਚ ਵਿਚ ਪਏ ਡਾਕੇ ਦੌਰਾਨ ਲੁਟੇਰਿਆਂ ਨੇ ਪਰਵਾਸੀ ਭਾਰੀਆਂ ਦੇ 40 ਲਾਕਰਾਂ ਵਿਚੋਂ ਕਰੋੜਾਂ ਦੀ ਕੀਮਤ ਦੇ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ ਤੇ ਜਾਇਦਾਦਾਂ ਦੇ ਦਸਤਾਵੇਜ਼ ਲੁੱਟ ਲਏ ਹਨ। ਲੁਟੇਰਿਆਂ ਨੇ ਗੁਰਪੁਰਬ ਦੀ ਛੁੱਟੀ ਵਾਲੇ ਦਿਨ ਬੈਂਕ ਨੂੰ ਨਿਸ਼ਾਨਾ ਬਣਾਇਆ। ਲੁਟੇਰੇ 18 ਤੇ 19 ਜਨਵਰੀ ਦੀ ਰਾਤ ਨੂੰ ਬੈਂਕ ਦੇ ਮੁੱਖ ਸ਼ਟਰ ਦੇ ਤਾਲੇ ਨੂੰ ਗੈਸ ਕਟਰ ਨਾਲ ਕੱਟ ਕੇ ਅੰਦਰ ਦਾਖਲ ਹੋਏ ਫਿਰ ਲੁਟੇਰੇ ਸਟਰਾਂਗ ਰੂਮ ਦੇ ਭਾਰੀ ਦਰਵਾਜ਼ਿਆਂ ਨੂੰ ਲੱਗੇ ਦੋ ਮਜ਼ਬੂਤ ਤਾਲਿਆਂ ਨੂੰ ਵੀ ਗੈਸ ਕਟਰ ਨਾਲ ਕੱਟ ਕੇ ਅੰਦਰ ਵੜੇ ਗਏ। ਉਥੇ ਉਨ੍ਹਾਂ ਨੇ ਪੂਰੀ ਤਸੱਲੀ ਨਾਲ 40 ਦੇ ਕਰੀਬ ਲਾਕਰਾਂ ਦੇ ਤਾਲੇ ਕੱਟੇ।
ਇਨ੍ਹਾਂ ਲਾਕਰਾਂ ਵਿਚੋਂ ਲੁਟੇਰੇ ਸੋਨੇ ਦੇ ਗਹਿਣੇ, ਪੌਂਡ, ਡਾਲਰ, ਯੂਰੋ, ਪਾਸਪੋਰਟ, ਗਰੀਨ ਕਾਰਡ, ਜਾਇਦਾਦਾਂ ਦੇ ਕਾਗਜ਼ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਗਏ। ਇਨ੍ਹਾਂ ਲਾਕਰਾਂ ਵਿਚੋਂ ਜ਼ਿਆਦਾਤਰ ਲਾਕਰ ਐਨਆਰਆਈਜ਼ ਦੇ ਸਨ। ਕਈ ਐਨਆਰਆਈਜ਼ ਨੇ ਤਾਂ ਹੋਰ ਥੋੜ੍ਹੇ ਦਿਨਾਂ ਤੱਕ ਵਾਪਸ ਜਾਣਾ ਸੀ ਪਰ ਉਨ੍ਹਾਂ ਦੇ ਪਾਸਪੋਰਟਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਜਦਕਿ ਬੈਂਕ ਅਧਿਕਾਰੀਆਂ ਨੇ ਦਾਆਵਾ ਕੀਤਾ ਕਿ ਲਾਕਰ ਧਾਰਕਾਂ ਦੇ 21 ਪਾਸਪੋਰਟ ਵਾਪਸ ਵੀ ਕੀਤੇ ਹਨ ਤੇ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ਲਾਕਰ ਕੱਟਣ ਕਾਰਨ ਕਈ ਪਾਸਪੋਰਟ ਸੜ ਵੀ ਗਏ ਹਨ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਬੈਂਕ ਦੇ ਕੈਸ਼ ਨੂੰ ਲੁਟੇਰਿਆਂ ਨੇ ਹੱਥ ਤੱਕ ਨਹੀ ਲਾਇਆ ਸਿਰਫ ਲਾਕਰਾਂ ਨੂੰ ਹੀ ਨਿਸ਼ਾਨਾ ਬਣਾਇਆ।
ਬੈਂਕ ਦੇ ਅੰਦਰਲੇ ਦ੍ਰਿਸ਼ ਨੂੰ ਦੇਖਕੇ ਪਹਿਲੀ ਨਜ਼ਰੇ ਹੀ ਲੱਗ ਰਿਹਾ ਸੀ ਕਿ ਲੁਟੇਰਿਆਂ ਨੂੰ ਬੈਂਕ ਦੀ ਅੰਦਰਲੀ ਹਰ ਸਥਿਤੀ ਬਾਰੇ ਬਾਰੀਕੀ ਨਾਲ ਜਾਣਕਾਰੀ ਸੀ। ਰਾਤ ਸਮੇਂ ਬੈਂਕ ਵਿਚ ਕੋਈ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਸੀ। ਬੈਂਕ ਅੰਦਰ ਕੋਈ ਵੀ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ। ਬੈਂਕ ਦੇ ਸਟਰਾਂਗ ਰੂਮ ਦੇ ਮਜ਼ਬੂਤ ਦਰਵਾਜ਼ੇ ਦੇ ਦੋ ਤਾਲਿਆਂ ਨੂੰ ਬੜੇ ਹੀ ਪੇਸ਼ੇਵਰ ਢੰਗ ਨਾਲ ਗੈਸ ਕਟਰ ਨਾਲ ਕੱਟਿਆ ਗਿਆ ਸੀ।
ਸਟਰਾਂਗ ਰੂਮ ਅੰਦਰ ਪਏ ਬੈਂਕ ਦੇ ਕੈਸ਼ ਵਾਲੀ ਅਲਮਾਰੀ ਨੂੰ ਲੁਟੇਰਿਆਂ ਨੇ ਹੱਥ ਤੱਕ ਨਹੀਂ ਲਾਇਆ। ਬੈਂਕ ਦੀ ਸੁਰੱਖਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਸਨ ਕਿ ਬੈਂਕ ਵਿਚ 1992 ਦੌਰਾਨ ਵੀ ਡਾਕੇ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਸਿਰਫ ਤਾਲੇ ਹੀ ਟੁੱਟੇ ਸਨ ਪਰ ਕੋਈ ਮਾਲੀ ਨੁਕਸਾਨ ਨਹੀਂ ਸੀ ਹੋਇਆ।
Leave a Reply