ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਨੂੰ ਸਿੱਖ ਧਰਮ ਦਾ ਪਹਿਲਾ ਥਿਆਲੋਜੀਅਨ ਅਰਥਾਤ ਧਰਮ-ਸ਼ਾਸਤਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਦੀਆਂ ਲਿਖਤਾਂ ਵਿਚ ਉਨ੍ਹਾਂ ਦੇ ‘ਕਬਿੱਤ ਸਵਯੀਏ’ ਅਤੇ ‘ਵਾਰਾਂ’ ਸ਼ਾਮਲ ਹਨ। ਉਨ੍ਹਾਂ ਦੀਆਂ ਇਹ ਦੋਵੇਂ ਲਿਖਤਾਂ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਨਾਲ ਸਬੰਧਤ ਹਨ। ਉਨ੍ਹਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਹੋਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਵਾਰਾਂ ਵਿਚ ਉਨ੍ਹਾਂ ਨੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਬਹੁਤ ਹੀ ਸਰਲ ਸ਼ਬਦਾਂ ਵਿਚ ਕੀਤੀ ਹੋਈ ਹੈ।
ਆਮ ਮਨੁੱਖ ਨੂੰ ਗੁਰਮਤਿ ਦੇ ਤੱਤ-ਸਾਰ ਦੀ ਸੋਝੀ ਕਰਾਉਣ ਲਈ ਮਨੁੱਖੀ ਜੀਵਨ ਦੇ ਰੋਜ਼ਾਨਾ ਵਰਤਾਰੇ ਵਿਚੋਂ ਲੋੜ ਅਨੁਸਾਰ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਮਿਲਦੀ ਹੈ। ਪੰਚਮ ਪਾਤਿਸ਼ਾਹ ਆਪਣੀ ਬਾਣੀ ਵਿਚ ਮਨੁੱਖ ਦੇ ਜਨਮ ਦੀ ਉਤਮਤਾ ਨੂੰ ਸਮਝਾਉਂਦਿਆਂ ਕਹਿੰਦੇ ਹਨ, “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” ਭਾਵ ਜੀਵਾਂ ਦੀਆਂ ਤਮਾਮ ਜੂਨਾਂ ਵਿਚੋਂ ਮਨੁੱਖ ਦਾ ਜਨਮ ਹੀ ਐਸਾ ਮੌਕਾ ਪਰਵਰਦਗਾਰ ਵੱਲੋਂ ਮਨੁੱਖ ਨੂੰ ਬਖਸ਼ਿਸ਼ ਕੀਤਾ ਗਿਆ ਹੈ ਜਿਸ ਵਿਚ ਉਹ ਆਪਣੇ ਅੰਦਰ ਬਿਰਾਜਮਾਨ ਉਸ ਪਰਮ-ਜੋਤਿ ਨੂੰ ਜਗਾ ਸਕਦਾ ਹੈ ਅਤੇ ਚੰਗੇ ਕੰਮ ਕਰਕੇ ਖੁਦ ਵੀ ਜੋਤਿ-ਸਰੂਪ ਹੋਣ ਦਾ ਅਨੁਭਵ ਕਰ ਸਕਦਾ ਹੈ। ਇਸੇ ਸਿਧਾਂਤ ਨੂੰ ਭਾਈ ਗੁਰਦਾਸ ਪਹਿਲੀ ਵਾਰ ਦੀ ਤੀਜੀ ਪਉੜੀ ਵਿਚ ਬਹੁਤ ਹੀ ਸਰਲ ਬੋਲੀ ਵਿਚ ਸਮਝਾਉਂਦੇ ਹਨ। ਦਰਅਸਲ ਭਾਈ ਗੁਰਦਾਸ ਇਨ੍ਹਾਂ ਪਹਿਲੀਆਂ ਪਉੜੀਆਂ ‘ਚ ਗੁਰੂ ਨਾਨਕ ਦੇ ਇਸ ਸੰਸਾਰ ਵਿਚ ਜਨਮ ਲੈਣ ਤੋਂ ਪਹਿਲਾਂ ਦੇ ਜਗਤ ‘ਚ ਖਾਸ ਕਰਕੇ ਹਿੰਦੁਸਤਾਨ ‘ਚ ਧਾਰਮਕ, ਸਮਾਜਕ ਤੇ ਰਾਜਨੀਤਕ ਵਰਤਾਰੇ ਦਾ ਅਤੇ ਪ੍ਰਚਲਿਤ ਵਿਚਾਰਾਂ ਦਾ ਜ਼ਿਕਰ ਕਰ ਰਹੇ ਹਨ। ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਕਿਸਮ ਦੇ ਵਰਤਾਰੇ ਦੀ ਭਾਈ ਸਾਹਿਬ ਗੱਲ ਕਰ ਰਹੇ ਹਨ, ਅੱਜ ਵੀ ਹਿੰਦੁਸਤਾਨ ਵਿਚ ਉਹੋ ਕੁਝ ਵਾਪਰ ਰਿਹਾ ਹੈ ਜਿਸ ਦਾ ਰੂਪ ਉਸ ਸਮੇਂ ਨਾਲੋਂ ਵੀ ਭਿਆਨਕ ਹੈ। ਇਸ ਵਰਤਾਰੇ ਲਈ ਉਹ ਹੀ ਧਾਰਮਕ ਕਹੀਆਂ ਜਾਣ ਵਾਲੀਆਂ ਤਾਕਤਾਂ ਜਿੰਮੇਵਾਰ ਹਨ, ਜਿਸ ਕਿਸਮ ਦੀਆਂ ਉਦੋਂ ਸਨ। ਅੱਜ ਵੀ ਉਸੇ ਕਿਸਮ ਦਾ ਮਾਹੌਲ ਆਮ ਲੁਕਾਈ ਦੇ ਸਾਹਮਣੇ ਹੈ ਜਿਸ ਨੂੰ ਵਿਉਂਤਬਧ ਤਰੀਕੇ ਨਾਲ ਸਮਾਜ ‘ਤੇ ਹਾਵੀ ਕੀਤਾ ਜਾ ਰਿਹਾ ਹੈ।
ਹਿੰਦੁਸਤਾਨੀ ਧਰਮ ਸ਼ਾਸਤਰਾਂ ਵਿਚ ਧਰਤੀ ‘ਤੇ ਜੀਵਾਂ ਦੀਆਂ ਚੌਰਾਸੀ ਲੱਖ ਜੂਨਾਂ ਮੰਨੀਆਂ ਗਈਆਂ ਹਨ। ਭਾਈ ਗੁਰਦਾਸ ਇਸ ਪਉੜੀ ਵਿਚ ਮਨੁੱਖ ਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਇਨ੍ਹਾਂ ਚੌਰਾਸੀ ਲੱਖ ਜੂਨਾਂ ‘ਚ ਮਨੁੱਖ ਦੀ ਜੂਨ ਜਾਂ ਜਨਮ ਸਭ ਤੋਂ ਉਤਮ ਹੈ, ਮਨੁੱਖੀ ਸਰੀਰ ਵਿਚ ਸੰਸਾਰ ‘ਤੇ ਆਉਣਾ ਵੱਡੇ ਭਾਗਾਂ ਵਾਲੀ ਗੱਲ ਹੈ। ਅੱਗੇ ਇਸ ਦੇ ਕਾਰਨ ਵੀ ਦੱਸੇ ਹਨ ਕਿ ਕਿਉਂ ਉਤਮ ਹੈ। ਉਸ ਪਰਵਰਦਗਾਰ ਨੇ ਇਸ ਸੰਸਾਰ ਨੂੰ ਦੇਖਣ ਲਈ ਮਨੁੱਖ ਨੂੰ ਦੋ ਅੱਖਾਂ ਦਿੱਤੀਆਂ ਹਨ (ਉਹ ਚੰਗਾ ਦੇਖੇ), ਸੁਣਨ ਲਈ ਕੰਨ ਦਿੱਤੇ ਹਨ (ਸ਼ੁਭ ਗੱਲਾਂ ਸੁਣੇ) ਅਤੇ ਚੰਗੇ ਸਨੇਹ ਵਾਲੇ ਬੋਲ ਬੋਲਣ ਲਈ ਮੁੱਖ ਦਿੱਤਾ ਹੈ ਅਰਥਾਤ ਸਭ ਨਾਲ ਸ਼ੁਭ ਅਤੇ ਮਿੱਠਾ ਬੋਲੇ।
ਗੁਰੂ ਨਾਨਕ ਨੇ ਸਿੱਖ ਧਰਮ ਦੀ ਨੀਂਹ ਤਿੰਨ ਮੋਟੇ ਅਸੂਲਾਂ ‘ਤੇ ਰੱਖੀ- ਇਮਾਨਦਾਰੀ ਨਾਲ ਹੱਥੀਂ ਕਿਰਤ ਕਮਾਈ ਕਰਨਾ, ਇਸ ਨੂੰ ਲੋੜਵੰਦਾਂ ਨਾਲ ਵੰਡ ਕੇ ਛਕਣਾ ਅਤੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨਾ। ਇਸੇ ਮੂਲ ਸਿਧਾਂਤ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਦੱਸਦੇ ਹਨ ਕਿ ਇਹ ਮਨੁੱਖਾ ਜਨਮ ਹੀ ਹੈ ਜਿਸ ਵਿਚ ਹੱਥਾਂ ਨਾਲ ਸੁੱਚੀ ਕਮਾਈ ਕਰਨੀ ਹੈ। ਅਕਾਲ ਪੁਰਖ ਨੇ ਕੰਮ ਕਰਨ ਲਈ ਹੱਥ ਦਿੱਤੇ ਹਨ ਅਤੇ ਪੈਰਾਂ ‘ਤੇ ਚੱਲ ਕੇ ਸਤਿ ਸੰਗਤਿ ਵਿਚ ਜਾਣਾ ਹੈ। ਮਨੁੱਖ ਲਈ ਕਿਸ ਕਿਸਮ ਦੇ ਕਰਮ ਕਰਨ ਦਾ ਆਦੇਸ਼ ਕੀਤਾ ਹੈ? ਇਹ ਸੁਭਾਗ ਮਨੁੱਖ ਨੂੰ ਹੀ ਮਿਲਿਆ ਹੈ ਕਿ ਉਸ ਨੇ ਧਰਮ ਭਾਵ ਇਮਾਨਦਾਰੀ ਦੀ ਸੁੱਚੀ ਕਿਰਤ ਕਰਨੀ ਹੈ ਅਤੇ ਇਸ ਤਰ੍ਹਾਂ ਆਪ ਵੀ ਧਰਮ ਦੀ ਖੱਟੀ-ਕਮਾਈ ਖਾਣੀ ਹੈ ਤੇ ਲੋੜਵੰਦਾਂ ਨੂੰ ਵੀ ਵੰਡ ਕੇ ਖੁਆਉਣੀ ਹੈ।
ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਆਪਣੀ ਜ਼ਿੰਦਗੀ ਨੂੰ ਅਰਥ-ਭਰਪੂਰ ਬਣਾਉਂਦਾ ਹੈ, ਆਪਣਾ ਜਨਮ ਸਫਲ ਕਰ ਲੈਂਦਾ ਹੈ; ਆਪ ਬਾਣੀ ਪੜ੍ਹਦਾ ਹੈ ਅਤੇ ਦੂਸਰਿਆਂ ਨੂੰ ਬਾਣੀ ਦਾ ਮਹੱਤਵ ਸਮਝਾਉਂਦਾ ਹੈ। ਆਪਣੇ ਸਤਿਸੰਗੀ ਭਾਈਆਂ ਨੂੰ ਸੰਤੁਸ਼ਟ ਕਰਦਾ ਹੈ ਅਤੇ ਉਨ੍ਹਾਂ ਦੇ ਚਰਨਾਂ ਦੀ ਛੂਹ ਦਾ ਪਾਣੀ ਪੀਂਦਾ ਹੈ ਅਰਥਾਤ ਬਹੁਤ ਹਲੀਮੀ ਵਿਚ ਜੀਵਨ ਬਤੀਤ ਕਰਦਾ ਹੈ। ਚਰਨ ਛੂਹਣਾ ਹਲੀਮੀ ਦਾ ਪ੍ਰਤੀਕ ਹੈ। ਭਾਈ ਗੁਰਦਾਸ ਇਸੇ ਮੁਹਾਵਰੇ ਦੀ ਵਰਤੋਂ ਕਰਦਿਆਂ ਕਹਿੰਦੇ ਹਨ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਵਿਅਕਤੀ ਕਦੇ ਵੀ ਹਲੀਮੀ ਦਾ ਪੱਲਾ ਨਹੀਂ ਛੱਡਦਾ। ਇਹ ਕਲਿਯੁਗ ਵਿਚ ਮਨੁੱਖਤਾ ਦਾ ਸਭ ਤੋਂ ਵੱਡਾ ਗੁਣ ਹੈ। ਇਸ ਤਰ੍ਹਾਂ ਇਸ ਦੁਰਲੱਭ ਮਨੁੱਖੀ ਜਨਮ ਨੂੰ ਪ੍ਰਾਪਤ ਕਰਕੇ ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਆਪ ਵੀ ਸੰਸਾਰ-ਸਾਗਰ ਤੋਂ ਪਾਰ ਹੋ ਜਾਂਦਾ ਹੈ ਅਤੇ ਦੂਸਰਿਆਂ ਦੀ ਪਾਰ ਲੰਘਣ ਵਿਚ ਸਹਾਇਤਾ ਕਰਦਾ ਹੈ,
ਚਉਰਾਸੀਹ ਲਖ ਜੋਨਿ ਵਿਚਿ
ਉਤਮੁ ਜਨਮੁ ਸੁ ਮਾਣਸਿ ਦੇਹੀ।
ਅਖੀ ਵੇਖਣੁ ਕਰਨਿ ਸੁਣਿ
ਮੁਖਿ ਸੁਭਿ ਬੋਲਣਿ ਬਚਨ ਸਨੇਹੀ।
ਹਥੀ ਕਾਰ ਕਮਾਵਣੀ
ਪੈਰੀ ਚਲਿ ਸਤਿਸੰਗਿ ਮਿਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ
ਖਟਿ ਖਵਾਲਣੁ ਕਾਰਿ ਕਰੇਹੀ।
ਗੁਰਮੁਖਿ ਜਨਮੁ ਸਕਾਰਥਾ
ਗੁਰਬਾਣੀ ਪੜ੍ਹਿ ਸਮਝਿ ਸੁਣੇਹੀ।
ਗੁਰਭਾਈ ਸੰਤੁਸਟਿ ਕਰਿ
ਚਰਣਾਮ੍ਰਿਤੁ ਲੈ ਮੁਖਿ ਪਿਵੇਹੀ।
ਪੈਰੀ ਪਵਣੁ ਨ ਛੋਡੀਐ
ਕਲੀ ਕਾਲਿ ਰਹਰਾਸਿ ਕਰੇਹੀ।
ਆਪਿ ਤਰੇ ਗੁਰ ਸਿਖ ਤਰੇਹੀ॥੩॥
ਅਗਲੀ ਪਉੜੀ ਵਿਚ ਇਸ ਸੰਸਾਰ ਦੀ ਉਤਪਤੀ ਅਤੇ ਇਸ ਦੀ ਰਚਨਾ ਕਰਨ ਦੇ ਕਾਰਨ ਦਾ ਜ਼ਿਕਰ ਕੀਤਾ ਹੈ। ਉਸ ਅਕਾਲ ਪੁਰਖ ਨੇ ਆਪਣੇ ਇੱਕ ਵਚਨ ਨਾਲ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਰਚ ਦਿੱਤੀ, ਸਮੁੱਚੇ ਬ੍ਰਹਿਮੰਡ ਦਾ ਪਸਾਰ ਕਰ ਦਿੱਤਾ। ਉਸ ਨੇ ਪੰਜ ਤੱਤਾਂ ਤੋਂ ਤਿੰਨਾਂ ਭਵਨਾਂ (ਲੋਕ, ਪ੍ਰਲੋਕ ਅਤੇ ਪਾਤਾਲ) ਦੀ ਰਚਨਾ ਕਰਕੇ ਆਪ ਉਹ ਆਪਣੀ ਕੀਤੀ ਰਚਨਾ ਦੇ ਕਣ ਕਣ ਵਿਚ ਸਮਾ ਗਿਆ। ਉਹ ਕਾਦਰ ਜਿਸ ਨੇ ਕੁਦਰਤ ਦੀ ਬੇਅੰਤ ਰਚਨਾ ਕਰਕੇ ਆਪਣੇ ਆਪ ਦਾ ਪਸਾਰ ਕੀਤਾ ਹੈ, ਨੂੰ ਕੋਈ ਵੀ ਦੇਖ ਨਹੀਂ ਸਕਿਆ। ਉਸ ਕਾਦਰ ਨੇ ਕੁਦਰਤ ਦੇ ਅਪਾਰ, ਅਣਗਿਣਤ ਰੂਪਾਂ ਦੀ ਰਚਨਾ ਕੀਤੀ ਤੇ ਕਣ ਵਿਚ ਕਰੋੜਾਂ ਬ੍ਰਹਿਮੰਡ ਸਮਾ ਰੱਖੇ ਹਨ।
ਹਿੰਦੂ ਵਿਸ਼ਵਾਸ ਅਨੁਸਾਰ ਅਵਤਾਰਾਂ ਦੀ ਗੱਲ ਕਰਦਿਆਂ ਦੱਸਿਆ ਗਿਆ ਹੈ ਕਿ ਇੱਕ ਇੱਕ ਬ੍ਰਹਿਮੰਡ ਵਿਚ ਦਸ ਦਸ ਅਵਤਾਰਾਂ ਦੇ ਰੂਪ ਦੀ ਰਚਨਾ ਕੀਤੀ। ਕਈ ਵੇਦਾਂ ਅਤੇ ਵੇਦਾਂ ਦੀ ਰਚਨਾ ਕਰਨ ਵਾਲੇ ਵਿਆਸ ਰਿਸ਼ੀਆਂ ਦੀ ਰਚਨਾ ਕੀਤੀ, ਕਈ ਕਤੇਬਾਂ ਜਿਵੇਂ ਕੁਰਾਨ ਆਦਿ, ਹਜ਼ਰਤ ਮੁਹੰਮਦ ਅਤੇ ਉਸ ਦੇ ਖਲੀਫਿਆਂ ਦੀ ਰਚਨਾ ਕੀਤੀ। ਇਸ ਤਰ੍ਹਾਂ ਆਪਣੀ ਇੱਕ ਅਸਚਰਜ ਕੁਦਰਤ ਤੋਂ ਉਸ ਨੇ ਬੇਅੰਤ ਪਸਾਰ ਕੀਤਾ, ਅਨੇਕਾਂ ਬ੍ਰਹਿਮੰਡ ਰਚੇ। ਭਾਵ ਉਸ ਦੀ ਰਚਨਾ ਅਸੀਮ ਹੈ, ਬੇਅੰਤ ਹੈ,
ਓਅੰਕਾਰੁ ਆਕਾਰੁ ਕਰਿ ਏਕ
ਕਵਾਉ ਪਸਾਉ ਪਸਾਰਾ।
ਪੰਜ ਤਤ ਪਰਵਾਣੁ ਕਰਿ
ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ।
ਕਾਦਰੁ ਕਿਨੇ ਨ ਲਖਿਆ
ਕੁਦਰਤਿ ਸਾਜਿ ਕੀਆ ਅਵਤਾਰਾ।
ਇਕ ਦੂ ਕੁਦਰਤਿ ਲਖ ਕਰਿ
ਲਖ ਬਿਅੰਤ ਅਸੰਖ ਅਪਾਰਾ।
ਰੋਮਿ ਰੋਮਿ ਵਿਚਿ ਰਖਿਓਨਿ
ਕਰਿ ਬ੍ਰਹਮੰਡਿ ਕਰੋੜਿ ਸੁਮਾਰਾ।
ਇਕਸਿ ਇਕਸਿ ਬ੍ਰਹਮੰਡਿ ਵਿਚ
ਦਸਿ ਦਸਿ ਕਰਿ ਅਵਤਾਰ ਉਤਾਰਾ।
ਕੇਤੇ ਬੇਦਿ ਬਿਆਸ ਕਰਿ
ਕਈ ਕਤੇਬ ਮੁਹੰਮਦ ਯਾਰਾ।
ਕੁਦਰਤਿ ਇਕੁ ਏਤਾ ਪਾਸਾਰਾ॥੪॥
ਹਿੰਦੂ ਮਿਥਿਹਾਸ ਅਨੁਸਾਰ ਸਮੇਂ ਦੀ ਵੰਡ ਚਾਰ ਯੁਗਾਂ ਵਿਚ ਕੀਤੀ ਹੋਈ ਹੈ ਅਤੇ ਹਰ ਯੁਗ ਦੇ ਆਪੋ ਆਪਣੇ ਅਵਤਾਰ ਅਤੇ ਵੇਦ-ਗ੍ਰੰਥ ਆਦਿ ਮੰਨੇ ਗਏ ਹਨ। ਇਸੇ ਦਾ ਜ਼ਿਕਰ ਭਾਈ ਸਾਹਿਬ ਅਗਲੀਆਂ ਪਉੜੀਆਂ ਵਿਚ ਕਰਦੇ ਹਨ। ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਹਰ ਪਉੜੀ ਦੀ ਆਖਰੀ ਤੁਕ ਵਿਚ ਭਾਈ ਸਾਹਿਬ ਆਪਣੇ ਵੱਲੋਂ ਕੱਢਿਆ ਨਿਚੋੜ ਪੇਸ਼ ਕਰਦੇ ਹਨ ਜੋ ਗੁਰਮਤਿ ਆਸ਼ੇ ਦਾ ਅਨੁਸਾਰੀ ਹੁੰਦਾ ਹੈ। ਭਾਈ ਗੁਰਦਾਸ ਅਨੁਸਾਰ ਚਾਰ ਯੁਗਾਂ- ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ ਦੀ ਸਥਾਪਨਾ ਕੀਤੀ ਗਈ। ਇਸ ਤਰ੍ਹਾਂ ਸਮਾਜ ਨੂੰ ਚਾਰ ਵਰਨਾਂ ਜਾਂ ਜਾਤਾਂ ਵਿਚ ਵੰਡਿਆ ਗਿਆ ਅਤੇ ਚਾਰੇ ਜਾਤਾਂ ਦੇ ਆਪੋ ਆਪਣੇ ਯੁਗ ਦੇ ਰਾਜੇ ਸਥਾਪਤ ਕੀਤੇ ਗਏ। ਸਮਾਜ ਦੀ ਵੰਡ ਚਾਰ ਵਰਣਾਂ- ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿਚ ਕਰਕੇ ਕ੍ਰਮਵਾਰ ਹਰ ਯੁਗ ਦਾ ਰਾਜਾ ਹਰ ਵਰਣ ਨੂੰ ਸਥਾਪਤ ਕਰ ਦਿੱਤਾ ਗਿਆ।
ਹਿੰਦੂ ਮਿਥਿਹਾਸ ਅਨੁਸਾਰ ਸਤਿਯੁਗ ਵਿਚ ਵਿਸ਼ਨੂੰ ਹੰਸ ਦਾ ਅਵਤਾਰ ਧਾਰ ਕੇ ਆਇਆ ਅਤੇ ਉਸ ਨੇ ਮਿਥਿਹਾਸ ਦੀਆਂ ਸਮੱਸਿਆਵਾਂ ਦੀ ਚਰਚਾ ਕੀਤੀ। ਇਸ ਯੁਗ ‘ਚ ਕਿਸੇ ਦੂਜੇ ਤੋਂ ਬਿਨਾਂ ਸਿਰਫ ਇੱਕ ਬ੍ਰਹਮ ਦਾ ਵਿਚਾਰ ਕੀਤਾ ਗਿਆ ਅਤੇ ਉਸੇ ‘ਤੇ ਇਕਾਗਰਤਾ ਕਾਇਮ ਕੀਤੀ ਗਈ। ਮਾਇਆ ਤੋਂ ਬੇਪਰਵਾਹ ਹੋ ਕੇ ਲੋਕ ਸਿਰਫ ਇੱਕ ਬ੍ਰਹਮ ਦਾ ਹੀ ਧਿਆਨ ਧਰਦੇ ਸਨ। ਲੋਕ ਤਪੱਸਿਆ ਕਰਨ ਜੰਗਲਾਂ ਵਿਚ ਜਾਂਦੇ ਅਤੇ ਕੰਦ-ਮੂਲ ਖਾ ਕੇ ਆਪਣਾ ਗੁਜ਼ਾਰਾ ਕਰਦੇ। ਭਾਵੇਂ ਲੱਖਾਂ ਵਰ੍ਹਿਆਂ ਦੀ ਲੰਬੀ ਉਮਰ ਭੋਗਦੇ ਪਰ ਕਿਸੇ ਨੂੰ ਵੀ ਮਹਿਲ ਮਾੜੀਆਂ ਜਾਂ ਮੰਦਿਰ ਉਸਾਰਨ ਦਾ ਖਿਆਲ ਤੱਕ ਨਹੀਂ ਸੀ ਆਉਂਦਾ। ਇੱਕ ਪਾਸੇ ਜੀਵਨ ਸਮਾਪਤ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਜੀਵਨ-ਪ੍ਰਵਾਹ ਉਵੇਂ ਜਾਰੀ ਸੀ। ਭਾਵ ਹਿੰਦੂ ਮਿਥਿਹਾਸ ਅਨੁਸਾਰ ਸਤਿਯੁਗ ਦਾ ਸਮਾਂ ਬਹੁਤ ਵਧੀਆ ਸਮਾਂ ਮੰਨਿਆ ਜਾਂਦਾ ਹੈ ਜਿਸ ਵਿਚ ਸਿਰਫ ਇੱਕ ਬ੍ਰਹਮ ਦਾ ਹੀ ਧਿਆਨ ਧਰਿਆ ਜਾਂਦਾ ਸੀ। ਲੋਕ ਮਾਇਆ ਤੋਂ ਨਿਰਲੇਪ ਬ੍ਰਹਮ-ਵਿਚਾਰ ਵਿਚ ਲੀਨ ਸਨ। ਲੋਕਾਂ ਦਾ ਜੀਵਨ ਸਾਦਾ ਸੀ ਜੋ ਜੰਗਲਾਂ ‘ਚ ਜਾ ਕੇ ਤਪੱਸਿਆ ਕਰਦੇ ਅਤੇ ਕੁਦਰਤੀ ਫਲ-ਸਬਜ਼ੀਆਂ ਆਦਿ ਖਾ ਕੇ ਗੁਜ਼ਾਰਾ ਕਰਦੇ ਸਨ। ਕਿਸੇ ਨੂੰ ਮਹਿਲ-ਮੰਦਰਿ ਉਸਾਰਨ ਦਾ ਧਿਆਨ ਨਹੀਂ ਸੀ। ਲੋਕਾਂ ਦਾ ਜੀਵਨ ਸਾਦਾ ਤੇ ਉਮਰ ਲੰਬੀ ਸੀ,
ਚਾਰਿ ਜੁਗਿ ਕਰਿ ਥਾਪਨਾ
ਸਤਿਜੁਗੁ ਤ੍ਰੇਤਾ ਦੁਆਪਰ ਸਾਜੇ।
ਚਉਥਾ ਕਲਿਜੁਗੁ ਥਾਪਿਆ
ਚਾਰਿ ਵਰਨਿ ਚਾਰੋਂ ਕੇ ਰਾਜੇ।
ਬ੍ਰਹਮਣਿ ਛਤ੍ਰੀ ਵੈਸਿ ਸੂਦ੍ਰਿ
ਜੁਗੁ ਜੁਗੁ ਏਕੋ ਵਰਨ ਬਿਰਾਜੇ।
ਸਤਿਜੁਗਿ ਹੰਸੁ ਅਉਤਾਰੁ
ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ।
ਏਕੋ ਬ੍ਰਹਮੁ ਵਖਾਣੀਐ
ਮੋਹ ਮਾਇਆ ਤੇ ਬੇਮੁਹਤਾਜੇ।
ਕਰਨਿ ਤਪਸਿਆ ਬਨਿ ਵਿਖੈ
ਵਖਤੁ ਗੁਜਾਰਨਿ ਪਿੰਨੀ ਸਾਗੇ।
ਲਖਿ ਵਰ੍ਹਿਆਂ ਦੀ ਆਰਜਾ
ਕੋਠੇ ਕੋਟਿ ਨ ਮੰਦਰਿ ਸਾਜੇ।
ਇਕ ਬਿਨਸੈ ਇਕ ਅਸਥਿਰੁ ਗਾਜੇ॥੫॥
ਹਰ ਇੱਕ ਯੁਗ ਦੇ ਅਵਤਾਰ ਅਤੇ ਧਾਰਮਕ ਫਰਜ਼ਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਦੱਸਦੇ ਹਨ ਕਿ ਤ੍ਰੇਤੇ ਯੁਗ ‘ਚ (ਹਿੰਦੂ ਮਿਥਿਹਾਸ ਅਨੁਸਾਰ) ਸੂਰਜ-ਬੰਸੀ ਖੱਤਰੀ ਰਾਮ ਚੰਦਰ ਬਹੁਤ ਵੱਡਾ ਅਵਤਾਰ ਹੋਇਆ। ਇਸ ਯੁੱਗ ਵਿਚ ਮਨੁੱਖ ਦੀ ਉਮਰ ਨੌਂ ਹਿੱਸੇ ਘੱਟ ਗਈ ਅਤੇ ਇਸ ਯੁਗ ਵਿਚ ਮਾਇਆ, ਮੋਹ ਅਤੇ ਅਹੰਕਾਰ ਬਹੁਤ ਵਧ ਗਏ ਭਾਵ ਲੋਕਾਂ ਦੀ ਪਰਵਿਰਤੀ ਸਤਿਯੁਗ ਨਾਲੋਂ ਬਹੁਤ ਬਦਲ ਗਈ। ਦੁਆਪਰਿ ਵਿਚ ਯਾਦਵ ਕੁਲ ਅੰਦਰ ਕ੍ਰਿਸ਼ਨ ਦਾ ਅਵਤਾਰ ਹੋਇਆ ਅਤੇ ਹਰ ਆਉਣ ਵਾਲੇ ਯੁਗ ਵਿਚ ਮਨੁੱਖ ਦੀ ਉਮਰ ਘਟਦੀ ਗਈ ਅਤੇ ਮਨੁੱਖ ਵਿਚੋਂ ਚੰਗੇ ਗੁਣ ਘੱਟ ਹੁੰਦੇ ਚਲੇ ਗਏ। ਰਿਗ ਵੇਦ ‘ਚ ਬ੍ਰਾਹਮਣ ਦੇ ਵਿਹਾਰ ਤੇ ਕੀਤੇ ਜਾਣ ਵਾਲੇ ਚੰਗੇ ਕਰਮਾਂ ਦਾ ਵਿਚਾਰ ਪੂਰਬ ਵੱਲ ਮੂੰਹ ਕਰਕੇ ਕੀਤਾ ਜਾਂਦਾ। ਖੱਤਰੀਆਂ ਨੇ ਯਜੁਰ ਵੇਦ ਦੀ ਸਥਾਪਨਾ ਕੀਤੀ ਅਤੇ ਦੱਖਣ ਵੱਲ ਮੂੰਹ ਕਰਕੇ ਦਾਨ ਆਦਿ ਕਰਮ ਕੀਤੇ ਜਾਣ ਲੱਗੇ। ਵੈਸ਼ ਤੋਂ ਸਾਮ ਵੇਦ ਦੀ ਸਥਾਪਨਾ ਕੀਤੀ ਗਈ ਅਤੇ ਪੱਛਮ ਵੱਲ ਮੂੰਹ ਕਰਕੇ ਸੀਸ ਨਿਵਾਇਆ ਜਾਂਦਾ। ਇਸੇ ਤਰ੍ਹਾਂ ਸਾਰੇ ਯੁਗਾਂ ਦੇ ਰੰਗ ਵੀ ਵੱਖਰੇ ਮੰਨੇ ਗਏ ਹਨ। ਰਿਗ ਵੇਦ ਲਈ ਨੀਲੇ, ਯਜੁਰ ਲਈ ਪੀਲੇ ਅਤੇ ਸਾਮ ਵੇਦ ਦੇ ਉਚਾਰਨ ਸਮੇਂ ਚਿੱਟੇ ਵਸਤਰ ਧਾਰਨ ਕਰਨ ਦੀ ਪਰੰਪਰਾ ਸਥਾਪਤ ਹੋ ਗਈ। ਇਸ ਤਰ੍ਹਾਂ ਤਿੰਨਾਂ ਯੁਗਾਂ ਦੇ ਫਰਜ਼ ਭਾਵ ਧਰਮ ਨਿਸਚਿਤ ਕਰ ਦਿੱਤੇ ਗਏ,
ਤ੍ਰੇਤੇ ਛਤ੍ਰੀ ਰੂਪ ਧਰਿ
ਸੂਰਜ ਬੰਸੀ ਵਡਿ ਅਵਤਾਰਾ।
ਨਉ ਹਿਸੇ ਗਈ ਆਰਜਾ
ਮਾਇਆ ਮੋਹੁ ਅਹੰਕਾਰੁ ਪਸਾਰਾ।
ਦੁਆਪੁਰਿ ਜਾਦਵ ਵੰਸ ਕਰਿ
ਜੁਗਿ ਜੁਗਿ ਅਉਧ ਘਟੈ ਆਚਾਰਾ।
ਰਿਗ ਬੇਦ ਮਹਿ ਬ੍ਰਹਮ ਕ੍ਰਿਤਿ
ਪੂਰਬ ਮੁਖਿ ਸੁਭ ਕਰਮ ਬਿਚਾਰਾ।
ਖਤ੍ਰੀ ਥਾਪੇ ਜੁਜਰੁ ਵੇਦਿ
ਦਖਣ ਮੁਖਿ ਬਹੁ ਦਾਨ ਦਾਤਾਰਾ।
ਵੈਸੋਂ ਥਾਪਿਆ ਸਿਆਮ ਵੇਦੁ
ਪਛਮੁ ਮੁਖਿ ਕਰਿ ਸੀਸੁ ਨਿਵਾਰਾ।
ਰਿਗਿ ਨੀਲੰਬਰਿ ਜੁਜਰਪੀਤ
ਸਵੇਤੰਬਰਿ ਕਰਿ ਸਿਆਮ ਸੁਧਾਰਾ।
ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ॥੬॥
ਚੌਥਾ ਜੁਗ ਕਲਿਜੁਗ ਸਥਾਪਤ ਕੀਤਾ ਗਿਆ ਜਿਸ ਵਿਚ ਲੋਕਾਂ ਦੀ ਪਰਵਿਰਤੀ ਘਟੀਆ ਹੋ ਗਈ। ਰਿਗ ਵੇਦ, ਯਜੁਰ ਅਤੇ ਸਾਮ ਵੇਦ ਵਿਚ ਦੱਸੇ ਹੋਏ ਕਰਮ ਕਰਨ ਤੋਂ ਲੋਕ ਮਨ ਵਿਚ ਸੰਕੋਚ ਕਰਨ ਲੱਗ ਪਏ। ਸਾਰਾ ਜਗਤ ਮਾਇਆ ਦੇ ਮੋਹ ਦੀ ਜਕੜ ਵਿਚ ਆ ਗਿਆ ਅਤੇ ਕਲਿਯੁਗ ਨੇ ਸਭ ਅੰਦਰ ਭਰਮ ਪੈਦਾ ਕਰ ਦਿੱਤਾ। ਲੋਕਾਂ ਵਿਚ ਨਫਰਤ ਤੇ ਈਰਖਾ ਪੈਦਾ ਹੋ ਗਈ ਅਤੇ ਲੋਕ ਹਉਮੈ ਅੰਦਰ ਜਲਨ ਲੱਗ ਪਏ। ਕੋਈ ਵੀ ਹੁਣ ਕਿਸੇ ਦੀ ਪੂਜਾ ਨਹੀਂ ਸੀ ਕਰਦਾ ਅਤੇ ਲੋਕਾਂ ਨੂੰ ਆਪ ਤੋਂ ਛੋਟੇ ਜਾਂ ਵੱਡੇ ਦੀ ਇੱਜ਼ਤ ਕਰਨਾ ਭੁੱਲ ਗਿਆ ਸੀ। ਉਸ ਛੁਰੀ ਵਰਗੇ ਯੁਗ ਵਿਚ ਰਾਜੇ ਜ਼ਾਲਿਮ ਹੋ ਗਏ ਤੇ ਉਨ੍ਹਾਂ ਦੇ ਅਹਿਲਕਾਰ ਕਸਾਈ ਬਣ ਗਏ। ਤਿੰਨਾਂ ਯੁਗਾਂ ਦਾ ਇਨਸਾਫ ਪਿੱਛੇ ਰਹਿ ਗਿਆ ਅਤੇ ਹੁਣ ਇਸ ਯੁਗ ਵਿਚ ਜੇ ਕੋਈ ਕੁਝ ਦੇ ਦਿੰਦਾ ਸੀ (ਭਾਵ ਇਨਸਾਫ ਰਿਸ਼ਵਤ ਰਾਹੀਂ ਖਰੀਦਿਆ ਜਾਣ ਲੱਗਾ) ਤਾਂ ਇਨਸਾਫ ਪ੍ਰਾਪਤ ਕਰ ਲੈਂਦਾ ਸੀ। ਸਾਰੇ ਲੋਕਾਂ ਕਰਮ-ਭ੍ਰਿਸ਼ਟ ਹੋ ਗਏ,
ਕਲਿਜੁਗੁ ਚਉਥਾ ਥਾਪਿਆ
ਸੂਦ੍ਰ ਬਿਰਤਿ ਜਗ ਮਹਿ ਵਰਤਾਈ।
ਕਰਮ ਸੁਰਗਿ ਜੁਜਰ ਸਿਆਮ ਕੇ
ਕਰੇ ਜਗਤੁ ਰਿਦਿ ਬਹੁ ਸੁਕਚਾਈ।
ਮਾਇਆ ਮੋਹੀ ਮੇਦਨੀ
ਕਲਿ ਕਲਿਵਾਲੀ ਸਭਿ ਭਰਮਾਈ।
ਉਠੀ ਗਿਲਾਨਿ ਜਗਤ੍ਰਿ
ਵਿਚਿ ਹਉਮੈ ਅੰਦਰਿ ਜਲੈ ਲੁਕਾਈ।
ਕੋਇ ਨ ਕਿਸੈ ਪੂਜਦਾ
ਊਚ ਨੀਚ ਸਭਿ ਗਤਿ ਬਿਸਰਾਈ।
ਭਏ ਬਿਅਦਲੀ ਪਾਤਸਾਹ
ਕਲਿ ਕਾਤੀ ਉਮਰਾਇ ਕਸਾਈ।
ਰਹਿਆ ਤਪਾਵਸੁ ਤ੍ਰਿਹੁ ਜੁਗੀ
ਚਉਥੇ ਜੁਗਿ ਜੋ ਦੇਇ ਸੁ ਪਾਈ।
ਕਰਮ ਭ੍ਰਿਸਟਿ ਸਭਿ ਭਈ ਲੋਕਾਈ॥੭॥
ਇਸ ਤਰ੍ਹਾਂ ਭਾਈ ਗੁਰਦਾਸ ਨੇ, ਯੁਗਾਂ ਬਾਰੇ ਜੋ ਪ੍ਰਚਲਿਤ ਧਾਰਨਾਵਾਂ ਹਨ, ਦਾ ਜ਼ਿਕਰ ਕਰਦਿਆਂ ਬਹੁਤ ਹੀ ਸੰਖੇਪ ਸ਼ਬਦਾਂ ਵਿਚ ਹਰ ਯੁਗ ਦੇ ਧਰਮ, ਵੇਦ ਅਤੇ ਉਨ੍ਹਾਂ ਅਨੁਸਾਰ ਲੋਕਾਂ ਦੀਆਂ ਪਰਵਿਰਤੀਆਂ ਦਾ ਜ਼ਿਕਰ ਕੀਤਾ ਹੈ।