ਕਾਨਾ ਸਿੰਘ ਕਹਿੰਦੀ ਭਾਵੇਂ ਇਹੀ ਹੈ ਕਿ ਉਸ ਨੂੰ ਮੁੰਬਈ ਦਾ ਕੋਈ ਹੇਰਵਾ ਨਹੀਂ, ਪਰ ਇਹ ਲੇਖ ਉਸ ਦੇ ਇਸ ਦਾਅਵੇ ਬਾਰੇ ਆਖਰਕਾਰ ਚੁਗਲੀ ਕਰ ਜਾਂਦਾ ਹੈ। ਉਹ ਹੌਲੀ-ਹੌਲੀ ਮੁਹਾਲੀ ਵਿਚ ਆਪਣੇ ਨਵੇਂ ਵਸੇਬੇ ਦੇ ਆਸ-ਪਾਸ ਵਾਲੀਆਂ ਵਸਤਾਂ ਅਤੇ ਵਿਹਾਰ ਨੂੰ ‘ਆਪਣੀ’ ਬੰਬਈ (ਮੁੰਬਈ) ਨਾਲ ਮੇਲੀ ਜਾਂਦੀ ਹੈ। ਇਥੋਂ ਤੱਕ ਕਿ ਬੰਬਈ (ਮੁੰਬਈ) ਦੇ ਸ਼ਬਦ-ਜੋੜਾਂ ਵਿਚੋਂ ਹੀ ਉਹ ਇਸ ਲੇਖ ਦਾ ਸਿਰਲੇਖ ਕੱਢ ਲੈਂਦੀ ਹੈ।
ਮੁਹਾਲੀ ਅਤੇ ਮੁੰਬਈ ਦਾ ਇਹ ‘ਮੁਕਾਬਲਾ’ ਦਿਲਚਸਪ ਤਾਂ ਹੈ ਹੀ, ਪਾਠਕ ਅੰਦਰ ਕਰੂੰਬਲਾਂ ਫੁੱਟਣ ਵਰਗੀ ਕੋਈ ਪ੍ਰਕਿਰਿਆ ਪੈਦਾ ਕਰਦਾ ਜਾਪਣ ਲੱਗਦਾ ਹੈ। -ਸੰਪਾਦਕ
ਕਾਨਾ ਸਿੰਘ
ਫੋਨ:+91-95019-44944
ਮੁੰਬਈ ਦੇ ਪੰਝੀ ਸਾਲਾ ਜੀਵਨ ਦੌਰਾਨ ਡਾਢਾ ਹੀ ਉਦਰੇਵਾਂ ਸੀ ਮਾਂ ਬੋਲੀ ਦਾ। ਪੂਰਬੀ ਸਾਤਾਂਕਰੂਜ਼ ਦੀ ਸਾਰੀ ਵਾਕੋਲਾ ਬਸਤੀ ਵਿਚ ਮਸਾਂ ਪੰਜ-ਸੱਤ ਘਰ ਹੀ ਪੰਜਾਬੀਆਂ ਦੇ ਸਨ ਅਤੇ ਸਾਡੀ ਆਪਣੀ ‘ਸੰਤ ਸੁਦਾਮਾ ਕੋਆਪਰੇਟਿਵ ਹਾਊਸਿੰਗ ਸੁਸਾਇਟੀ’ ਦੀਆਂ ਦੋਹਾਂ ਬਿਲਡਿੰਗਾਂ ਦੇ ਬਾਈ ਘਰਾਂ ਵਿਚ ਸਾਡੇ ਸਿਵਾ ਸਿਰਫ ਨਰੂਲਾ ਭਾਅ ਜੀ ਪੰਜਾਬੀ ਸਨ ਤੇ ਉਹ ਵੀ ਅੱਧ-ਪਚੱਧੇ ਹੀ। ਸੁਧਾ ਉਨ੍ਹਾਂ ਦੀ ਪਤਨੀ, ਗੁਜਰਾਤੀ ਮਾਂ ਅਤੇ ਮਰਾਠੀ ਪਿਓ ਦੀ ਔਲਾਦ ਸੀ। ਉਹ ਆਪਸ ਵਿਚ ਹਿੰਦੀ ਵਿਚ ਹੀ ਗੱਲਬਾਤ ਕਰਦੇ ਸਨ। ਬਾਈ ਘਰਾਂ ਵਿਚ ਸਿੰਧੀ, ਕੱਛੀ, ਗੁਜਰਾਤੀ, ਮਰਾਠੀ, ਬਿਹਾਰੀ, ਦੱਖਣ-ਭਾਰਤੀ, ਕ੍ਰਿਸਤਾਨ, ਸੱਯਦ, ਆਗਾਖਾਨੀ, ਬੋਹਰੀ, ਕੋਂਕਨੀ- ਸਾਰਾ ਹਿੰਦੁਸਤਾਨ ਹੀ ਤਾਂ ਰਹਿੰਦਾ ਸੀ।
ਅੰਗਰੇਜ਼ੀ, ਹਿੰਦੀ, ਸਿੰਧੀ, ਗੁਜਰਾਤੀ ਤੇ ਮਰਾਠੀ ਬੋਲੀਆਂ ਦਾ ਮਿਲਗੋਭਾ ਬੋਲ-ਬੋਲ ਜਦੋਂ ਮੈਂ ਡਾਢੀ ਉਕਤਾ ਜਾਂਦੀ ਤਾਂ ਨਰੂਲਾ ਭਾਅ ਜੀ ਨੂੰ ਆਵਾਜ਼ ਮਾਰ ਲੈਂਦੀ ਤੇ ਕਦੇ ਉਹ ਵੀ ਆ ਜਾਂਦੇ ਆਪੇ ਹੀ ਜੀਭਾਂ ਦੀ ਉਲੀ ਲਾਹੁਣ ਨੂੰ। ਫਰਨ-ਫਰਨ ਪੰਜਾਬੀ ਬੋਲ ਕੇ ਕਲੇਜੇ ਠੰਢ ਪੈ ਜਾਂਦੀ।
ਸਾਡਾ ਫਲੈਟ ਸੁਸਾਇਟੀ ਦੀ ਏæ ਬਿਲਡਿੰਗ ਦੇ ਐਨ ਖੱਬੇ ਪਾਸੇ ਅਤੇ ਬੀæ ਬਿਲਡਿੰਗ ਦੇ ਬਿਲਕੁਲ ਸਾਹਮਣੇ ਪੈਂਦਾ ਸੀ। ਆਪਣੀ ਖੱਬੀ ਗੈਲਰੀ ਦੀ ਹੀ ਮੈਂ ਰਸੋਈ ਬਣਾ ਲਈ ਸੀ। ਗੈਲਰੀ ਦੇ ਮੂਹਰੇ ਖੁੱਲ੍ਹੇ ਮੈਦਾਨ ਵਿਚ ਗੱਡੀਆਂ ਦੀ ਪਾਰਕਿੰਗ ਹੁੰਦੀ ਸੀ। ਹਰ ਘਰ ਵਿਚ ਆਈ ਟੈਕਸੀ ਉਥੇ ਹੀ ਆ ਕੇ ਰੁਕਦੀ ਸੀ, ਐਨ ਮੇਰੀ ਰਸੋਈ ਦੇ ਸਾਹਮਣੇ।
ਟੈਕਸੀ ਦਾ ਡਰਾਈਵਰ ਜੇ ਸਰਦਾਰ ਹੁੰਦਾ ਤਾਂ ਰੂਹ ਖਿੜ ਜਾਂਦੀ। ਬਾਗੋਬਾਗ।
“ਆਓ ਵੀਰ ਜੀ, ਇਕ ਕੱਪ ਚਾਹ ਦਾ।” ਜੇ ਬੇਨਤੀ ਪਰਵਾਨ ਹੋ ਜਾਂਦੀ ਤਾਂ ਲਗਦਾ, ਕੇਹਾ ਸੁਭਾਗਾ ਦਿਨ ਚੜ੍ਹਿਆ ਏ।
ਜੇ ਕਿਸੇ ਵੀ ਲੋਕਲ ਸਟੇਸ਼ਨ ਦੇ ਬਾਹਰੋਂ ਟੈਕਸੀ ਫੜਨੀ ਹੁੰਦੀ ਤਾਂ ਨੰਬਰਵਾਰ ਲੱਗੀਆਂ ਟੈਕਸੀਆਂ ਨੂੰ ਛੱਡ ਕੇ ਕਿਸੇ ਪੱਗਬੱਧ ਟੈਕਸੀਚਾਲਕ ਭਰਾ ਨੂੰ ਸੈਨਤ ਕਰ ਕੇ ਰੋਕ ਲੈਣਾ। ਇਹੋ ਤਾਂ ਨਿਸ਼ਾਨੀ ਹੁੰਦੀ ਸੀ ਪੰਜਾਬੀ ਭਰਾ ਦੀ।
ਜੇ ਕਦੇ ਉਦਰੇਵਾਂ ਬਹੁਤ ਤੰਗ ਕਰਦਾ ਤਾਂ ਅਸੀਂ ਜਾ ਵੜਦੇ ਪੰਜਾਬੀ ਬਸਤੀ, ਸਾਇਨ-ਕੋਹਲੀਵਾੜੇ ਵਿਚ। ਸਨੇਹੀਆਂ ਮਿੱਤਰਾਂ ਨਾਲ ਮਿਲ ਮਿਲਾ ਕੇ, ਜੀਭਾਂ ਦੀ ਉਲੀ ਲਾਹ ਕੇ ਜਾ ਚੜ੍ਹਦੇ ਰੌਸ਼ਨ ਦੀ ਹੱਟੀ ‘ਤੇ ਜੋ ਸਾਰੇ ਮੁੰਬਈ ਦੇ ਪੰਜਾਬੀਆਂ ਦਾ ਉਦੋਂ ਇਕ-ਮਾਤਰ ਸੌਦਾ-ਹੱਟ ਸੀ। ਪਾਪੜ ਵੜੀਆਂ, ਢਿੰਗਰੀ ਗੁੱਛੀਆਂ ਤੇ ਸੂਜੀ-ਸੇਵੀਆਂ ਤੋਂ ਇਲਾਵਾ ਮੋਟਾ ਪੀਠਿਆ ਪੰਜਾਬੀ ਆਟਾ ਸਣੇ ਮਹੀਨੇ ਭਰ ਦਾ ਰਾਸ਼ਨ ਖਰੀਦ ਲੈਂਦੇ। ਕੋਹਲੀਵਾੜੇ ਵਿਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਛੀ-ਮੀਟ, ਖਰਾਵੜੇ, ਬੰਟੇ ਵਾਲੀਆਂ ਬੋਤਲਾਂ, ਗੋਭੀ ਦੇ ਪਕੌੜਿਆਂ ਦਾ ਰੱਜ ਕਰਕੇ ਲਗਦਾ ਪੰਜਾਬ ਜਾਂ ਦਿੱਲੀ ਦੇ ਕਰੋਲਬਾਗ ਤੋਂ ਹੋ ਆਏ ਹਾਂ।
ਜਗ੍ਹਾ ਜਗ੍ਹਾ ਉਚੇ ਥੜ੍ਹਿਆਂ ਜਾਂ ਪਿੱਪਲ ਹੇਠਾਂ ਬਿਰਾਜੇ ਤਾਸ਼ ਖੇਡਦੇ ਤੇ ਠਹਾਕੇ ਮਾਰਦੇ, ਧੋਤੇ-ਖੁੱਲ੍ਹੇ ਕੇਸ ਤੇ ਖੁੱਲ੍ਹੀਆਂ ਦਾੜ੍ਹੀਆਂ ਵਾਲਿਆਂ ਦੇ ਨਜ਼ਾਰੇ ਵੇਖ ਕੇ ਰੂਹ ਸਰਸ਼ਾਰ ਹੋ ਜਾਂਦੀ।
ਬਹੁਤੀ ਧਾਰਮਿਕ ਅਤੇ ਰਹੁ-ਰੀਤਾਂ ਦੀ ਪੈਰੋਕਾਰ ਤਾਂ ਮੈਂ ਕਦੇ ਵੀ ਨਹੀਂ ਰਹੀ, ਪਰ ਐਤਵਾਰ ਨੂੰ ਖਾਰ ਬਸਤੀ ਦੇ ਸਿੰਘ ਸਭਾ ਗੁਰਦੁਆਰੇ ਜ਼ਰੂਰ ਜਾਣਾ ਅਤੇ ਗੁਰਪੁਰਬਾਂ ਉਪਰ ਦਾਦਰ ਦੇ ਮਹਾਨ ਪੰਡਾਲ ਵਿਚ ਵੀ ਜ਼ਰੂਰ ਸ਼ਾਮਲ ਹੋਣਾ। ਵਰ੍ਹੇ ਛਿਮਾਹੀ ਉਥੇ ਹੀ ਤਾਂ ਮੇਲ ਹੁੰਦਾ ਸੀ ਜਾਣੂਆਂ ਤੇ ਸਾਕ ਸਬੰਧੀਆਂ ਨਾਲ। ਲੰਗਰ ਦੀ ਭੀੜ ਵਿਚ ਧੱਕੇ-ਮੁੱਕੇ ਖਾ ਕੇ, ਢਹਿ ਉਠ, ਫਿੱਸ-ਚਿਥ ਅਤੇ ਲੀੜੇ ਪੜਵਾ ਕੇ ਵਤਨਾਂ ਦੀ ਫੇਰੀ ਦਾ ਝੱਸ ਪੂਰਾ ਕਰ ਲੈਂਦੀ।
ਚੁਰਾਸੀ ਦੇ ਦੰਗਿਆਂ ਨੇ ਹਾਲਾਤ ਬਦਲ ਦਿੱਤੇ। ਮੁੰਬਈ ਨੂੰ ਅਲਵਿਦਾ ਕਹਿ ਕੇ ਮੁਹਾਲੀ ਵੱਸਣਾ ਪਿਆ। ਆਤੰਕ ਨਾਲ ਸਹਿਮਿਆ ਹੋਇਆ ਹਰ ਕੋਈ। ਊਬੜ-ਖਾਬੜ ਗਲੀਆਂ, ਸੜਕਾਂ। ਕਰਫਿਊ-ਹਨੇਰੇ ਤੇ ਮੌਤ ਵਰਗੀ ਚੁੱਪ। ਦੂਰ-ਦੂਰ ਤੱਕ ਕੋਈ ਫੋਨ ਦਾ ਵਸੀਲਾ ਨਾ। ਨਾਲੋ-ਨਾਲ ਕੋਠੀਆਂ ਵਿਚ ਬੇਲਾਗ ਤੇ ਅੱਕੇ-ਥੱਕੇ ਲੋਕ। ਸੁੰਨੀਆਂ ਗਲੀਆਂ ਵਿਚ ਮਸਾਂ ਹੀ ਕੋਈ ਬਾਲਕ ਦਿਸਦਾ। ਗਰਮੀਆਂ ਵਿਚ ਅੰਤਾਂ ਦੀ ਗਰਮੀ ਅਤੇ ਸਰਦੀਆਂ ਵਿਚ ਅਤਿ ਦੀ ਸਰਦੀ ਕਾਰਨ ਜਾਂ ਆਤੰਕ ਦੇ ਸਾਏ ਕਰਕੇ ਹਰ ਕੋਈ ਘਰ ਦੇ ਅੰਦਰ ਦੁਬਕਿਆ ਹੋਇਆ। ਘਰ ਤਾਂ ਦਿਸਦੇ ਪਰ ਬੰਦੇ ਨਾਂਹ ਦੇ ਬਰਾਬਰ। ਕਿੱਥੇ ਮੁੰਬਈ ਤੇ ਕਿੱਥੇ ਮੁਹਾਲੀ। ਨਾ ਕੋਈ ਆਪਣਾ ਸਾਕ-ਸਬੰਧੀ ਤੇ ਨਾ ਕੋਈ ਜਾਣ-ਪਛਾਣ। ਨਿਰਾ ਪਰਦੇਸ।
ਕੁਝ ਦਿਨਾਂ ਵਿਚ ਆਪਣੇ ਘਰ ਦੇ ਸਾਹਮਣੇ ਵਾਲੀ ਕੋਠੀ ਦੇ ਕਿਰਾਏਦਾਰਾਂ ਨਾਲ ਵਾਕਫੀਅਤ ਹੋ ਗਈ। ਉਹ ਭੈਣ-ਭਰਾ ਪਿੱਛੋਂ ਤਾਂ ਮੁਕਤਸਰ ਦੇ ਬਰਾੜ ਸਨ, ਪਰ ਦਿੱਲੀ ਤੇ ਕਲਕੱਤੇ ਦੇ ਬੋਰਡਿੰਗਾਂ ਵਿਚ ਰਹਿਣ, ਪੜ੍ਹਨ ਕਾਰਨ ਉਨ੍ਹਾਂ ਨੂੰ ਅੰਗਰੇਜ਼ੀ ਬੋਲਣ ਦੀ ਹੀ ਮੁਹਾਰਤ ਸੀ। ਉਨ੍ਹਾਂ ਨਾਲ ਘੰਟਿਆਂ ਬੱਧੀ ਬਹਿਣਾ ਅਤੇ ਕੱਕਰ ਰਾਤਾਂ ਦੀ ਮੂਸਲਾਧਾਰ ਬਾਰਸ਼ ਵਿਚ ਇਕੱਠੇ ਸਕੂਟਰਾਂ ‘ਤੇ ਸਵਾਰ ਹੋ ਕੇ ਸਤਾਰਾਂ ਸੈਕਟਰ ਦੇ ਕੌਫੀ ਹਾਊਸ ਵਿਚ ਜਾ, ਬਹਿ ਕੇ ਕੌਫੀ ਦੀਆਂ ਘੁੱਟਾਂ ਨਾਲ ਅਸਾਂ ਆਪਣੀਆਂ ਮਹਾਂਨਗਰੀਆ ਯਾਦਾਂ ਸਾਂਝੀਆਂ ਕਰਨੀਆਂ। ਜਿੱਥੇ ਮੁੰਬਈ ਵਿਚ ਪੰਜਾਬੀ ਦੇ ਉਦਰੇਵੇਂ ਕਾਰਨ ਕੋਹਲੀਵਾੜੇ ਅਤੇ ਭਗਤ ਸਿੰਘ ਕਲੋਨੀ ਜਾਂ ਸ਼ੇਰੇ-ਪੰਜਾਬ ਬਸਤੀ ਵਿਚ ਜਾ ਕੇ ਤ੍ਰਿਪਤੀ ਹੁੰਦੀ ਸੀ, ਉਥੇ ਇਨ੍ਹਾਂ ਭੈਣ-ਭਰਾ ਨਾਲ ਮਿਲ-ਬਹਿ ਕੇ ਤੇ ਫਰਨ-ਫਰਨ ਅੰਗਰੇਜ਼ੀ ਬੋਲ ਕੇ ਲਗਦਾ ਜਿਵੇਂ ਮੁੰਬਈ ਦੇ ਗੁਆਂਢੀ ਮਿੱਤਰਾਂ, ਡਿਸੂਜ਼ੇ, ਰਿਬੈਲੋ ਤੇ ਪਰੇਰਿਆਂ ਨਾਲ ਰਲ ਬੈਠੀ ਹੋਵਾਂ।
ਮੁਹਾਲੀ ਦੇ ਮੂਲ ਵਸਨੀਕਾਂ ਦੀ ਪੰਜਾਬੀ ਵੀ ਮੈਨੂੰ ਆਪਣੀ ਮਾਦਰੀ ਜ਼ੁਬਾਨ ਨਾ ਲਗਦੀ। ਰੇਡੀਓ ਅਤੇ ਟੀæਵੀæ ਤੋਂ ਪ੍ਰਸਾਰਿਤ ਹੁੰਦੇ ਮਲਵਈ ਲਹਿਜ਼ੇ ਵਾਲੇ ਗੀਤ ਘਟ-ਵੱਧ ਹੀ ਮੇਰੇ ਪੱਲੇ ਪੈਂਦੇ। ਇਸ ਦੇ ਉਲਟ ਪਾਕਿਸਤਾਨੀ ਕੈਸੇਟਾਂ ਅਤੇ ਪ੍ਰੋਗਰਾਮਾਂ ਦੀ ਪੰਜਾਬੀ ਬੋਲੀ ਮੈਨੂੰ ਵਧੇਰੇ ਆਪਣੀ ਲਗਦੀ।
ਇਕ ਵੇਰਾਂ ਅਸੀਂ ਮਾਂ-ਪੁੱਤ ਮੁਹਾਲੀ ਦੇ ਪੰਜ ਫੇਜ਼ ਦੇ ਬਾਜ਼ਾਰ ਵਿਚੋਂ ਲੰਘ ਰਹੇ ਸਾਂ ਕਿ ਪਿੱਛੋਂ ਕਿਸੇ ਮਰਾਠੀ ਬੰਦੇ ਦੇ ਬੋਲ ਕੰਨੀ ਪਏ:
‘ਮੀ ਸਾਂਗੇਤਲਾ ਨਾ ਤੁਲਾ, ਮਾਲਾ ਮਾਇਤੀ ਨਾਹੀਂ।’
ਹੈਂ! ਮਰਾਠੀ ਬੋਲਣ ਵਾਲੇ ਤੇ ਉਹ ਵੀ ਇੱਥੇ, ਮੁਹਾਲੀ ਵਿਚ?
ਉਹ ਵੀ ਮਾਂ-ਪੁੱਤ ਹੀ ਜਾਪਦੇ ਸਨ।
“ਤੁਸੀਂ ਮੁੰਬਈ ਤੋਂ ਆਏ ਹੋ?” ਮੈਂ ਪੁੱਛਣੋਂ ਨਾ ਰਹਿ ਸਕੀ।
“ਨਹੀਂ, ਅਸੀਂ ਪੁਣੇ ਦੇ ਹਾਂ।” ਉਨ੍ਹਾਂ ਦਾ ਜੁਆਬ ਸੀ।
“ਅਸੀਂ ਬੰਬਈ ਦੇ ਹਾਂ। ਸਾਡੇ ਘਰ ਚਲੋ। ਇੱਕ ਕੱਪ ਚਾਹ ਦਾ ਰਲ ਪੀਵੀਏ। ਮੈਂ ਮਸਾਲਾ ਚਾਹ ਬਣਾਵਾਂਗੀ। ਬਿਲਕੁਲ ਬੰਬਈਆਂ ਚਾਹ। ਅਸੀਂ ਤਰਸ ਗਏ ਹਾਂ ਮਰਾਠੀ ਸੁਣਨ ਨੂੰ।” ਉਹ ਮਰਾਠੀ ਬੋਲੀ ਜਿਹੜੀ ਮੁੰਬਈ ਵਿਚ ਮੇਰੇ ਕੰਨਾਂ ਨੂੰ ਖਰ੍ਹਵੀ ਲਗਦੀ ਸੀ ਤੇ ਜਿਸ ਦੇ ਸਾਹਵੇਂ ਗੁਜਰਾਤੀ ਬੋਲੀ ਸੁਹਲ ਤੇ ਸਰਲ, ਅੱਜ ਮੈਂ ਉਸੇ ਮਰਾਠੀ ਬੋਲੀ ਲਈ ਭਾਵੁਕ ਹੋਈ ਪਈ ਸਾਂ।
ਮੁੰਬਈ ਸਥਿਤ ਸਾਡੀ ਰਿਹਾਇਸ਼ ਦੇ ਪਿਛਵਾੜੇ ਨਿਮਨ ਵਰਗ ਦੀ ਪ੍ਰਤੀਰਕਸ਼ਾ ਨਗਰ ਨਾਮੀ ਬਸਤੀ ਸੀ। ਵਿਆਹ-ਸ਼ਾਦੀ ਜਾਂ ਜਨਮ ਦਿਨ ਵਰਗੇ ਕਿਸੇ ਵੀ ਖੁਸ਼ੀ ਦੇ ਮੌਕੇ ਪ੍ਰਤੀਰਕਸ਼ਾ ਨਗਰ ਵਿਚ ਲਾਊਡ ਸਪੀਕਰ ਗੂੰਜਣ ਲਗਦਾ। ਕਰਕਸ਼ ਨਾਦ ਨਾਲ ਮਰਾਠੀ ਗੀਤ ਮੇਰੇ ਕੰਨ ਪਾੜਦੇ। ਸ਼ੋਰ ਮੈਨੂੰ ਅਸਹਿ ਲਗਦਾ ਤੇ ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਮੈਂ ਘਰੋਂ ਬਾਹਰ ਚਲੀ ਜਾਂਦੀ ਕਿਸੇ ਵੱਲ, ਕਿਸੇ ਵੀ ਪੱਜ ਸਾਰੇ ਦਿਨ ਲਈ।
ਅੱਜ ਮੈਂ ਉਸੇ ਮਰਾਠੀ ਨੂੰ ਸੁਣਨ ਲਈ ਤਰਸੀ ਪਈ ਸਾਂ।
ਅਸੀਂ ਚਾਰੇ ਘਰ ਆਏ। ਰਲ ਕੇ ਚਾਹ ਪੀਤੀ। ਰੱਜ ਕੇ ਗੱਲਾਂ ਕੀਤੀਆਂ। ਉਹ ਮਰਾਠੀ ਮਾਂ-ਪੁੱਤ ਵੀ ਬੜੇ ਖੁਸ਼ ਸਨ ਹਮਵਤਨੀਆਂ ਨੂੰ ਮਿਲ ਕੇ। ਮੈਂ ਮਰਾਠੀ ਪੜ੍ਹ ਸਮਝ ਤਾਂ ਲੈਂਦੀ ਹਾਂ, ਪਰ ਬੋਲਣ ਦੀ ਮੁਹਾਰਤ ਨਹੀਂ ਪਰ ਦੀਪੀ ਬੇਟਾ ਉਨ੍ਹਾਂ ਨਾਲ ਫਰਨ-ਫਰਨ ਬੋਲ ਕੇ ਅਤੇ ਮਰਾਠੀ ਗੀਤ ਗਾ ਕੇ ਪ੍ਰਸੰਨ ਹੋ ਗਿਆ। ਤ੍ਰਿਪਤ ਹੋ ਗਈ ਮੈਂ ਵੀ।
ਮੁੰਬਈ ਵਿਚ ਸੜਕਾਂ-ਬਾਜ਼ਾਰਾਂ ਵਿਚੋਂ ਲੰਘਦਿਆਂ ਮੰਗਤਿਆਂ ਤੋਂ ਡਾਢਾ ਤੰਗ ਹੋਣਾ। ਉਹ ਪੱਲਾ ਛੂਹ-ਫੜ ਕੇ ਮੰਗਦੇ ਅਤੇ ਖਹਿੜਾ ਛੁਡਾਉਣ ਲਈ ਭੰਨ ਘੱਟ ਦੇਣ ਲਈ ਮਜਬੂਰ ਕਰ ਦੇਂਦੇ। ਪੰਜਾਬ ਵਿਚ ਆ ਕੇ ਮੰਗਤਾ ਕੋਈ ਨਜ਼ਰ ਹੀ ਨਾ ਆਵੇ। ਘਰਾਂ ਵਿਚ ਕੰਮ ਕਰਨ ਵਾਲੀਆਂ ਵੀ ਸਾਫ-ਸੁਥਰੀਆਂ ਤੇ ਕਈ ਸਾਈਕਲਾਂ ‘ਤੇ ਸਵਾਰ ਹੋ ਕੇ ਵੀ ਆਉਂਦੀਆਂ ਦਿਸੀਆਂ। ਹੋਰ ਤਾਂ ਹੋਰ ਪਾਲਸ਼-ਰੰਗੇ ਨਹੁੰ ਤੇ ਝਾਂਜਰਦਾਰ ਪੈਰ ਉਨ੍ਹਾਂ ਦੇ। ਮੇਰੇ ਤੇ ਉਨ੍ਹਾਂ ਦੇ ਸੂਟਾਂ ਵਿਚ ਉਨੀ-ਵੀਹ ਦਾ ਹੀ ਫਰਕ। ਹਉਂ ਨੂੰ ਧੱਕਾ ਜਿਹਾ ਲੱਗਿਆ।
ਮੁੰਬਈ ਵਿਚ ਸੱਠਾਂ ਤੋਂ ਉਪਰ ਦੇ ਬੰਦੇ, ਸੇਵਾ ਮੁਕਤ ਹੋ ਕੇ ਗੁਆਂਢੀ ਫਲੈਟਾਂ ਦੇ ਵਾਧਿਆਂ ਜਾਂ ਸੁਸਾਇਟੀ ਦੇ ਦਾਲਾਨ ਦੇ ਬੈਂਚਾਂ ਉਪਰ ਬੈਠੇ ਸਿਗਰਟ-ਬੀੜੀ ਪੀਂਦੇ ਜਾਂ ਪਾਨ ਦੀ ਪੀਕ ਥੁੱਕਦੇ, ਖੰਘਦੇ-ਖੰਘਾਰਦੇ ਹੀ ਨਜ਼ਰ ਆਉਂਦੇ ਸਨ, ਪਰ ਇਥੇ ਆ ਕੇ ਮੈਂ ਸੱਤਰੇ-ਬਹੱਤਰੇ ਬਿਰਧ ਵੀ ਕੱਸੇ-ਕਸਾਏ ਰਿਕਸ਼ੇ ਚਲਾਉਂਦੇ ਵੇਖੇ। ਹੋਰ ਤਾਂ ਹੋਰ ਕਿਧਰੇ-ਕਿਧਰੇ ਨੀਲੇ ਬਾਣੇ ਵਾਲਾ ਕੋਈ ਨਿਹੰਗ ਸਿੰਘ ਵੀ ਦੋਧੀ ਜਾਂ ਰਿਕਸ਼ਾ ਚਾਲਕ ਨਜ਼ਰ ਆਵੇ।
ਪੰਜਾਬੀ ਅਤੇ ਸਿੱਖ ਹੋ ਕੇ ਇਹ ਧੰਦੇ? ਪੰਜਾਬੋਂ ਬਾਹਰ ਵਸਦੇ ਮਹਾਂਨਗਰਾਂ ਤੋਂ ਆਏ ਅਸਾਂ ਪੰਜਾਬੀਆਂ ਲਈ ਇਹ ਅਚੰਭਾ ਸੀ।
ਖੈਰ, ਗੱਲ ਮੰਗਤਿਆਂ ਦੀ ਚੱਲ ਰਹੀ ਸੀ। ਇਕ ਦਿਨ ਸਵੇਰੇ-ਸਵੇਰੇ ਭਿਖਾਰੀ ਜੋੜੇ ਦੇ ਹੋਕਰੇ ਨੇ ਮੈਨੂੰ ਜਗਾ ਦਿੱਤਾ। ਅਪੰਗ ਬੰਦਾ ਰੇੜ੍ਹੀ ਵਿਚ ਬੈਠਾ ਸੀ ਤੇ ਰੇੜ੍ਹੀ ਚਲਾ ਰਹੀ ਅੱਧ ਨੰਗੀ ਔਰਤ ਉਚੀ-ਉਚੀ ਹੇਕ ਲਾ ਕੇ ਭਗਵਾਨ ਦੇ ਨਾਂ ‘ਤੇ ਭੀਖ ਮੰਗ ਰਹੀ ਸੀ। ਕੜਾਕੇ ਦੀ ਠੰਢ। ਉਹ ਚਾਦਰ ਕੰਬਲ ਆਦਿ ਗਰਮ ਕੱਪੜੇ ਮੰਗ ਰਹੇ ਸਨ। ਮੈਂ ਕੋਟ, ਸਵੈਟਰ, ਜੁੱਤੀ ਜੋੜਾ, ਜੋ ਵੀ ਹੋ ਸਕਿਆ, ਕੱਢ ਲਿਆਂਦਾ। ਦੇ ਕੇ ਇੰਜ ਲੱਗੇ ਜਿਵੇਂ ਬੰਬਈਓਂ ਹੋ ਆਈ ਹੋਵਾਂ। ਉਂਜ ਵੀ ਮੰਗਣ ਵਾਲੇ ਨੂੰ ਖਾਲੀ ਹੱਥ ਮੋੜਨਾ ਡਾਢਾ ਔਖਾ ਲਗਦਾ ਹੈ ਮੈਨੂੰ। ਦਾਦੀ ਯਾਦ ਆ ਜਾਂਦੀ ਹੈ। ਉਹ ਕਹਿੰਦੀ ਹੁੰਦੀ ਸੀ, ‘ਜੇ ਕੁਝ ਦੇ ਨਹੀਂ ਸਕਨੇ ਹੋ ਤਾਂ ਕੌੜੇ ਸ਼ਬਦ ਤਾਂ ਨਾ ਬੋਲੋ। ਮੰਗਣਾ ਕੋਈ ਸੌਖਾ ਏ? ਪੂਰੀ ਇੱਜ਼ਤ-ਆਬਰੂ ਤਲੀ ਉਤੇ ਧਰ ਕੇ ਹੀ ਬੰਦਾ ਹੱਥ ਫੈਲਾਨੈ। ਸ਼ੁਕਰ ਕਰੋ ਜੇ ਤੁਸਾਂ ਉਪਰ ਮਾਲਕ ਨੀ ਮਿਹਰ ਹੈ ਤਾਂ। ਦਿਓ ਨਾ ਦਿਓ ਪਰ ਫਟਕਾਰੋ ਤਾਂ ਨਾ।’
ਮੇਰੇ ਬੂਹੇ ‘ਤੇ ਅਕਸਰ ਹੀ ਕੋਈ ਹਰਿਦੁਆਰ ਜਾਂ ਰਿਸ਼ੀਕੇਸ਼ ਵੱਲ ਜਾਂਦਾ ਸਾਧੂ ਫਕੀਰ ਗਰਮੀਆਂ ਵਿਚ ਛਤਰੀ, ਜੁੱਤੇ ਤੇ ਸਰਦੀਆਂ ਵਿਚ ਚਾਦਰ, ਕੰਬਲ ਦੇ ਸੁਆਲ ਨਾਲ ਆ ਖੜੋਂਦਾ ਹੈ। ਕੁਝ ਦੇ ਕੇ ਰੂਹ ਨੂੰ ਸਕੂਨ ਮਿਲਦਾ ਹੈ। ਗੁਆਂਢਣਾਂ ਗਿਲਾ ਵੀ ਕਰਦੀਆਂ ਹਨ ਕਿ ਮੈਂ ਮੰਗਤਿਆਂ ਨੂੰ ਬੁਲਾਵਾ ਦੇਂਦੀ ਹਾਂ, ਪਰ ਕੀ ਮੈਂ ਹੀ ਹਾਂ ਇਸ ਕਰਮ ਦੀ ਸੁਤੰਤਰ ਹਸਤੀ? ਕੀ ਇਹ ਮੇਰੀ ਦਾਦੀ ਨਹੀਂ ਜਿਹੜੀ ਪੱਲੇ ਦੀ ਚੂਲ ਖੋਲ੍ਹ ਕੇ ਕਿਸੇ ਵੀ ਸੁਆਲੀ ਨੂੰ ਖਾਲੀ ਹੱਥ ਨਹੀਂ ਸੀ ਭੇਜਦੀ?
ਕੀ ਇਹ ਮੇਰੀ ਮਾਂ ਨਹੀਂ ਜਿਹੜੀ ਤਪਦੀ ਦੁਪਹਿਰ ਵਿਚ ਤੰਦੂਰ ਤਪਾ ਕੇ ਸਾਰੇ ਮੁਹੱਲੇ ਦੀਆਂ ਤੀਵੀਆਂ ਨੂੰ ਬੁਲਾ ਲੈਂਦੀ ਸੀ ਰੋਟੀਆਂ ਲਾਹੁਣ ਅਤੇ ਦਾਲ-ਸਬਜ਼ੀਆਂ ਤਿਆਰ ਕਰਨ ਲਈ। ਰਾਹ ਗੁਜਰੂਆਂ ਦੇ ਲਾਂਘੇ ਵਿਚ ਹੀ ਸੀ ਸਾਡਾ ਘਰ। ਕਟੜਾ ਪੋਠੋਹਾਰ ਦੇ ਵਪਾਰ ਦਾ ਕੇਂਦਰ ਤੇ ਗੁਜਰਖਾਨ ਦਾ ਦਿਲ। ਕਟੜੇ ਵਾਲੀ ਗਲੀ ਵਿਚ ਹੀ ਸੀ ਸਾਡਾ ਮਕਾਨ। ਬੂਹੇ ਅੱਗਿਓਂ ਲੰਘ ਕੇ ਜਾਂਦੇ ਸਨ ਸੌਦਾਗਰ, ਗੁਜਰਾਂਵਾਲੇ ਵੱਲ ਭਾਂਡਿਆਂ ਦਾ ਵਪਾਰ ਕਰਨ ਅਤੇ ਕਰਾਚੀ-ਅਫਗਾਨਿਸਤਾਨ ਵੱਲੋਂ ਮੇਵੇ ਖਰੀਦਣ। ਸਾਰੇ ਮੁਹੱਲੇ ਦੀਆਂ ਤ੍ਰੀਮਤਾਂ ਰਲ-ਮਿਲ ਲੰਗਰ ਤਿਆਰ ਕਰਦੀਆਂ ਰਾਹ-ਗੁਜਰੂਆਂ ਲਈ ਤੇ ਅਸੀਂ ਬਾਲਕ ‘ਦਾਲਾ ਜੀ, ਪਰਸ਼ਾਦਾ ਜੀ, ਦਿਲਖੁਸ਼ ਜੀ’ ਉਚਾਰਦੇ ਉਮ੍ਹਲ-ਉਮ੍ਹਲ ਕੇ ਵਰਤਾਈ ਜਾਂਦੇ ਹਸਦੇ-ਖੇਡਦੇ।
ਕਟੜੇ ਵਿਚ ਊਠ ਹੀ ਊਠ ਹੁੰਦੇ ਵਪਾਰੀਆਂ ਦੇ ਅਤੇ ਊਠਾਂ ਦੀਆਂ ਲੱਤਾਂ ਹੇਠੋਂ ਬੇਖੌਫ ਦੌੜਦੇ ਅਸੀਂ ਆਰ-ਪਾਰ। ਕਦੀ ਚਾਚੇ ਕਰਤਾਰ ਦੀ ਹੱਟੀ ਤੋਂ ਲੂਣ ਦੀ ਖਿੱਟੀ ਲੈਣ (ਪੋਠੋਹਾਰ ਵਿਚ ਹੀ ਤਾਂ ਹਨ ਲਿਸ਼-ਲਿਸ਼ ਕਰਦੇ ਲੂਣ ਦੀਆਂ ਖਾਣਾਂ ਤੇ ਮੇਰਾ ਚਾਚਾ ਸੀ ਲੂਣ ਦਾ ਥੋਕ ਵਪਾਰੀ) ਤੇ ਕਦੇ ਭਾਪਾ ਜੀ ਦੇ ਮਾਮਾ ਜੀ, ਰਾਮ ਸਿੰਘ ਸੂਰੀ, ਵੱਡੇ ਪੰਸਾਰ ਤੋਂ ਛੁਹਾਰਿਆਂ ਦੀਆਂ ਬੁੱਕਾਂ ਤੇ ਨੇਜਿਆਂ ਸਾਵਗੀਆਂ ਨਾਲ ਝੋਲੀਆਂ ਭਰਨ।
ਗੁਆਂਢਣਾਂ ਕੀ ਜਾਣਨ ਕਿ ਹਰਿਦੁਆਰ, ਰਿਸ਼ੀਕੇਸ਼ ਜਾਂ ਕੁੱਲੂ-ਮੰਡੀ ਵੱਲ ਜਾਂਦੇ ਸੁਆਲੀ ਯਾਤਰੀਆਂ ਨੂੰ ਕੁਝ ਦੇ ਕੇ ਮੈਂ ਕਿੰਨੀ ਤੇ ਕਿੱਥੇ ਕਿੱਥੇ ਪਿੱਛੇ ਜਾ ਪਹੁੰਚਦੀ ਹਾਂ। ਕਿੰਨੀ ਸੌਖੀ ਹੋ ਜਾਂਦੀ ਹੈ ਮੇਰੀ ਮੁੰਬਈ ਤੇ ਪੋਠੋਹਾਰ ਦੀ ਯਾਤਰਾ ਵੀ ਇਨ੍ਹਾਂ ਦੇ ਪੱਜ, ਬਿਨਾਂ ਕਿਸੇ ਕਜੀਏ ਦੇ?
ਜਿਤਨੇ ਕਾਂ ਮੁੰਬਈ ਵਿਚ ਹਨ, ਸ਼ਾਇਦ ਹੀ ਮੁਲਕ ਦੇ ਕਿਸੇ ਹੋਰ ਕੋਨੇ ਵਿਚ ਹੋਣ। ਤ੍ਰੈ-ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਟਾਪੂਨੁਮਾ ਮਹਾਂਨਗਰ। ਸਮੁੰਦਰ ਦੇ ਤਟ ‘ਤੇ ਮੱਛੀਆਂ ਦੇ ਅੰਬਾਰ, ਕੇਕੜੇ, ਗੰਡੋਏ, ਸੜਕਾਂ ਦੇ ਕਿਨਾਰੇ ਸੁਕਣੇ ਪਈਆਂ ਮਛਲੀਆਂ ਤੇ ਝੀਂਗੇ। ਉਪਰੋਂ ਕੂੜੇ-ਕਰਕਟ ਦੇ ਵੀ ਥੇਹਾਂ ਦੇ ਥੇਹ। ਫਿਰ ਭਲਾ ਹੋਰ ਕਿਹੜਾ ਸਵਰਗ ਹੋ ਸਕਦੈ ਕਾਂਵਾਂ ਲਈ। ਡਾਰਾਂ ਦੀਆਂ ਡਾਰਾਂ। ਰੋਟੀ ਦੀ ਇਕ ਗਰਾਹੀ ਰਸੋਈ ਦੀ ਖਿੜਕੀ ‘ਚੋਂ ਉਛਾਲੀ ਨਹੀਂ ਕਿ ਕਾਂ-ਕਾਂ ਕਰਦੇ ਆਪਣੀ ਪੂਰੀ ਬਰਾਦਰੀ ਇਕੱਠੀ ਕਰ ਲੈਂਦੇ। ਕਾਂਵਾਂ ਨੂੰ ਛਿਛੜੇ ਅਰ ਰੋਟੀ ਦੀਆਂ ਗਰਾਹੀਆਂ ਅਰ ਚਿੜੀਆਂ ਕਬੂਤਰਾਂ ਨੂੰ ਬਾਜਰਾ ਪਾਉਣਾ ਉਥੇ ਮੇਰਾ ਰੋਜ਼ ਦਾ ਨੇਮ ਸੀ। ਮੈਨੂੰ ਵੇਖਦਿਆਂ ਹੀ ਦਲਾਨ ਵਿਚ ਕਾਂ-ਕਾਂ, ਚੀਂ-ਚੀਂ ਹੋਣ ਲਗਦੀ। ਗੁਆਂਢੀਆਂ ਲਈ ਵੀ ਬੜਾ ਦਿਲਚਸਪ ਨਜ਼ਾਰਾ ਹੁੰਦਾ ਸੀ।
ਮੁਹਾਲੀ ਆ ਕੇ ਟਾਵੀਂ-ਟਾਵੀਂ ਹੀ ਕਾਂ-ਕਾਂ ਸੁਣਾਈ ਦੇਵੇ ਤੇ ਵਿਰਲਾ-ਵਿਰਲਾ ਹੀ ਕੋਈ ਕਾਂ। ਸਰਦੀਆਂ ਵਿਚ ਤਾਂ ਹੋਰ ਵੀ ਵਿਰਲੇਰਾ।
“ਇਥੇ ਕਾਂ ਨਜ਼ਰ ਨਹੀਂ ਆਉਂਦੇ।” ਮੈਂ ਉਦਾਸ-ਉਦਾਸ ਹਉਕਾ ਭਰਦੀ।
“ਮਾਂ ਇਹ ਸਾਫ-ਸੁਥਰੀ ਧਰਤੀ ਹੈ। ਕਾਂ ਕੀ ਕਰਨ? ਭੁੱਖੇ ਮਰਨ?” ਬੇਟਾ ਕਹਿੰਦਾ।
“æææਪਰ ਚਿੜੀਆਂ ਕਬੂਤਰ ਵੀ ਬੜੇ ਘੱਟ ਨੇ। ਰੋਜ਼ ਸੁਟਦੀ ਹਾਂ ਬਾਜਰਾ ਛੱਜੇ ‘ਤੇ। ਉਹ ਉਂਜ ਦਾ ਉਂਜ ਹੀ ਪਿਆ ਰਹਿੰਦਾ ਹੈ।”
“ਮਾਂ, ਇਨ੍ਹਾਂ ਚਿੜੀਆਂ ਦੇ ਖੇਤ ਨੇ ਝੋਨੇ ਦੇ, ਭਰੇ-ਭਰੇ। ਇਹ ਤੇਰੇ ਮੁੱਠ ਕੁ ਬਾਜਰੇ ਨੂੰ ਕੀ ਪਛਾਨਣ?” ਦੀਪੀ ਕਹਿੰਦਾ।
ਮੈਂ ਹੋਰ ਉਦਾਸ ਹੋ ਜਾਂਦੀ।
ਪਿਛਲੇ ਸਾਲਾਂ ਵਿਚ ਬੜੀ ਤਬਦੀਲੀ ਆ ਗਈ ਹੈ। ਹੁਣ ਮੁਹਾਲੀ ਬੇਰੌਣਕੀ ਬਸਤੀ ਨਹੀਂ ਰਹੀ, ਸਗੋਂ ਘੁੱਗ ਵਸਦਾ ਸ਼ਹਿਰ ਹੈ। ਜ਼ਿਲ੍ਹਾ ਤੇ ਮਹਾਂਨਗਰਈਆ। ਦੁਨੀਆਂ ਦੇ ਨਕਸ਼ੇ ਉਤੇ ਚਮਕਦਾ ਬਿੰਦੂ। ਉਚੀਆਂ ਤੇ ਬਾਹਲੀਆਂ ਪੱਛਮ ਦੇ ਨਕਸ਼ੇ ਉਤੇ ਅਤੇ ਪੱਛਮ ਤੋਂ ਕਮਾਏ ਪੈਸੇ ਨਾਲ ਬਣੀਆਂ ਤਹਿਖਾਨਿਆਂ ਅਰ ਤਰਨਤਾਲਾਂ ਵਾਲੀਆਂ ਤਿਮੰਜ਼ਲੀਆਂ ਇਮਾਰਤਾਂ ਅਤੇ ਫਲੈਟੋ-ਫਲੈਟ ਸੁਸਾਇਟੀਆਂ।
ਸੜਕਾਂ ਬੰਨੇ ਲਗਦੇ ਉਦੋਂ ਦੇ ਨਿੱਕੇ ਨਿੱਕੇ ਬੂਟੇ ਹੁਣ ਕੱਦਾਵਰ ਅਤੇ ਸੰਘਣੇ ਬਿਰਛ ਹੋ ਗਏ ਹਨ। ਘਰ ਘਰ ਅੰਗੂਰਾਂ ਦੀਆਂ ਵੇਲਾਂ, ਅਮਰੂਦਾਂ, ਲੀਚੀਆਂ, ਜਾਮਣਾਂ ਅਤੇ ਅਨਾਰਾਂ ਦੇ ਝੁਜੂ-ਝੂਟ ਬਿਰਖ ਨੇ। ਰੰਗ-ਬਿਰੰਗੇ ਫੁੱਲਾਂ ਲੱਦੇ ਬਗੀਚੇ ਨੇ। ਗਲੀ ਗਲੀ ਵਿਚ ਬਾਗ ਨੇ ਤੇ ਬਾਗ ਬਾਗੋਬਾਗ ਨੇ। ਇਨ੍ਹਾਂ ਬਾਗਾਂ ਵਿਚ ਚਿੜੀਆਂ, ਬੁਲਬੁਲਾਂ, ਘੁੱਗੀਆਂ ਤੇ ਹੋਰ ਵੀ ਦੇਸੀ ਪਰਵਾਸੀ ਰੰਗ-ਬਿਰੰਗੀਆਂ ਪੰਖੇਰਨਾ ਹੁਲਾਰੇ ਲੈਂਦੀਆਂ ਅਤੇ ਟੁਪ-ਟੁਪਦੀਆਂ ਨੇ। ਮੇਰੀ ਅੰਗੂਰਾਂ ਦੀ ਵੇਲ ‘ਤੇ ਹਰ ਸਾਲ ਬੁਲਬੁਲ ਜੋੜਾ ਆਲ੍ਹਣਾ ਪਾਉਂਦਾ ਹੈ। ਆਪਣੇ ਨਿੱਕੇ ਨਿੱਕੇ ਬੋਟਾਂ ਦੀ ਰਾਖੀ ਕਰ ਰਹੇ ਉਹ ਮੈਨੂੰ ਵੇਲ ਕੋਲ ਫਟਕਣ ਨਹੀਂ ਦੇਂਦੇ। ਮੈਂ ਹੱਸ ਪੈਂਦੀ ਹਾਂ।
ਅਗਲੇ ਸੌਣ-ਸੁਫ਼ੇ ਦੇ ਬਾਹਰ ਲੱਗੇ ਕੂਲਰ ਵਿਚ ਮੈਂ ਪਾਣੀ ਦੀ ਨਾਲ ਪਾਈ ਰੱਖਦੀ ਹਾਂ। ਨਿੱਕੀ ਨਿੱਕੀ ਧਾਰ ਨਾਲ ਕੂਲਰ ਨੱਕੋ-ਨੱਕ ਭਰਿਆ ਰਹਿੰਦਾ ਹੈ। ਵਾਧੂ ਪਾਣੀ ਤ੍ਰਿਪ-ਤ੍ਰਿਪ ਬਗੀਚੀ ਵਿਚ ਡਿੱਗਦਾ ਰਹਿੰਦਾ ਹੈ। ਪਾਣੀ ਦੀ ਠੰਢੀ ਠੰਢੀ ਧਾਰ ਵਿਚ ਫੁਦਕ-ਫੁਦਕ ਖੇਡਦੇ, ਨਹਾਂਦੇ, ਖੰਭ ਛੰਡਦੇ ਤੇ ਸੁਆਰਦੇ, ਇਨ੍ਹਾਂ ਪਰਿੰਦਿਆਂ ਦੀ ਚੁਲਬੁਲ-ਚਹਿਚਹਾਟ ਮੈਨੂੰ ਗਦਗਦ ਕਰਦੀ ਰਹਿੰਦੀ ਹੈ।
ਹੁਣ ਮੁਹਾਲੀ ਵਿਚ ਵੀ ਕੂੜੇ ਕਰਕਟ ਨਾਲ ਆਫਰੇ ਹੋਏ ਕੂੜੇਦਾਨਾਂ ਉਪਰ ਅਵਾਰਾ ਕੁੱਤਿਆਂ, ਗਾਂਵਾਂ ਅਤੇ ਕਾਵਾਂ ਦੀਆਂ ਮਹਿਫਲਾਂ ਲੱਗੀਆਂ ਰਹਿੰਦੀਆਂ ਹਨ। ਰੋਜ਼ ਸਵੇਰੇ ਉਠਣ ਸਾਰ ਮੈਂ ਬਾਜਰੇ ਦੀ ਮੁੱਠ ਛੱਜੇ ਉਤੇ ਸੁੱਟਦੀ ਹਾਂ। ਚਿੜੀਆਂ ਕਬੂਤਰਾਂ ਦਾ ਮੇਲਾ ਲੱਗ ਜਾਂਦਾ ਹੈ ਤੇ ਸ਼ੁਰੂ ਹੋ ਜਾਂਦਾ ਹੈ ਉਨ੍ਹਾਂ ਦਾ ਰਾਗ ਵੀ।
ਬੰਬਈਆਂ ਫਲੈਟੀ ਸਭਿਆਚਾਰ ਵਿਚ ਇਕ ਸੁਸਾਇਟੀ ਵਿਚ, ਸੈਂਕੜਿਆਂ ਦੀ ਗਿਣਤੀ ਵਿਚ ਬਾਲਕ ਹੁੰਦੇ ਹਨ। ਹਰ ਉਮਰ, ਹਰ ਖਿੱਤੇ ਅਤੇ ਹਰ ਦਰਜੇ ਦੇ। ਭਾਂਤ-ਭਾਂਤ ਦੀਆਂ ਬੋਲੀਆਂ ਤੇ ਭਾਂਤ-ਭਾਂਤ ਦੇ ਰੰਗ। ਅੰਗਰੇਜ਼ੀ ਅਤੇ ਆਪੋ ਆਪਣੀ ਮਾਤ-ਭਾਸ਼ਾ ਦੇ ਨਾਲ ਨਾਲ ਸੁੱਤੇ ਸਿੱਧ ਹੀ ਬਾਲਕ ਹੋਰ ਪ੍ਰਦੇਸ਼ਿਕ ਭਾਸ਼ਾਵਾਂ ਸਮਝਣ ਤੇ ਬੋਲਣ ਲਗਦੇ ਹਨ। ਸਕੂਲਾਂ ਵਿਚ ਦੋ ਸ਼ਿਫਟਾਂ ਹੁੰਦੀਆਂ ਹਨ। ਸਵੇਰੇ ਸੱਤ ਵਜੇ ਤੋਂ ਬਾਰਾਂ ਵਜੇ ਤੱਕ ਉਚ ਸ਼੍ਰੇਣੀ ਦੀਆਂ ਜਮਾਤਾਂ ਅਤੇ ਇਕ ਵਜੇ ਤੋਂ ਛੇ ਵਜੇ ਤਕ ਪ੍ਰਾਇਮਰੀ ਦੀਆਂ ਸ਼ਾਮੀਂ ਛੇ ਵਜੇ ਤੋਂ ਅੱਠ ਵਜੇ ਤੱਕ ਸਾਰੇ ਘਰਾਂ ਦੇ ਬਾਲਕ ਸੁਸਾਇਟੀਆਂ ਦੇ ਦਲਾਨਾਂ ਵਿਚ ਰਲ-ਮਿਲ ਖੇਡਦੇ, ਸਾਈਕਲਾਂ ਚਲਾਂਦੇ, ਰੱਸੀਆਂ ਟੱਪਦੇ ਅਤੇ ਊਧਮ ਮਚਾਂਦੇ ਹਨ। ਬੈਂਚਾਂ ਉਪਰ ਬੈਠੇ ਉਨ੍ਹਾਂ ਦੇ ਮਾਪੇ ਤੇ ਵੱਡੇ-ਵਡੇਰੇ ਗਲਤਾਨ ਹੋਏ ਤੱਕ-ਤੱਕ ਖੁਸ਼ ਹੁੰਦੇ ਹਨ। ਉਨ੍ਹਾਂ ਸਾਹਵੇਂ ਬੈਠੀਆਂ ਗ੍ਰਹਿਣੀਆਂ, ਵਡੇਰੀਆਂ ਮੇਥੀ ਪਾਲਕ ਕੁਤਰਦੀਆਂ ਜਾਂ ਬੁਣਤੀ ਕਰਦੀਆਂ ਆਪੋ-ਆਪਣੇ ਹਾਣ ਅਤੇ ਸ਼ੌਕ ਮੁਤਾਬਕ ਤਫਰੀਹ ਕਰਦੀਆਂ ਦਿਸਦੀਆਂ ਹਨ। ਹਰ ਸੁਸਾਇਟੀ ਆਪਣੇ ਆਪ ਵਿਚ ਇਕ ਮੁਕੰਮਲ ਮੁਹੱਲਾ ਜਾਂ ਪਿੰਡ ਸ਼ਹਿਰ।
ਅੱਜ ਤੋਂ ਪੰਝੀ ਸਾਲ ਪਹਿਲਾਂ ਦੀ ਮੁਹਾਲੀ ਵਿਚ ਘਰੋਂ ਬਾਹਰ ਬਾਲਕ ਘੱਟ-ਵੱਧ ਹੀ ਨਜ਼ਰ ਆਉਂਦੇ। ਅਤਿਵਾਦ ਦੇ ਸਾਏ ਹੇਠ ਹਰ ਕੋਈ ਘਰੋ-ਘਰ ਇਕੱਲਾ-ਦੁਕੱਲਾ ਹੀ। ਮੈਂ ਵੀ ਅੰਦਰ ਹੀ ਦੁਬਕੀ ਰਹਿੰਦੀ। ਸਹਿਕੀ ਰਹਿੰਦੀ ਬਾਲਕਾਂ ਦੀ ਰੌਣਕ ਨੂੰ। ਗੁਲਾਬ ਬਾਗ ਮੇਰੇ ਘਰ ਤੋਂ ਸੌ ਗਜ਼ ਦੀ ਵਿੱਥ ‘ਤੇ ਪਰ ਭਾਂ-ਭਾਂ ਕਰਦਾ ਲਗਦਾ, ਸਹਿਮ ਦੇ ਸਾਏ ਹੇਠ। ਘਰਾਂ ਦੇ ਬਗੀਚੇ ਵੀ ਖਾਲ-ਮੁਖਾਲੀ। ਬੱਚੇ ਘਰੋ-ਘਰ, ਅੰਦਰਵਾਰ। ਕੀ ਪਤਾ ਕਦੋਂ ਕੀ ਭਾਣਾ ਵਰਤ ਜਾਵੇ।
ਮੇਰੀ ਮਾਂ ਸਦਾ, ਆਪਣੇ ਘਰ ਦੇ ਬਾਹਰ ਵਾਲਾ ਲਾਟੂ ਜਗਾ ਕੇ ਰੱਖਦੀ ਸੀ, ਰਾਹ-ਗੁਜਰੂਆਂ ਲਈ। ਮੈਂ ਵੀ ਇੰਝ ਹੀ ਕਰਾਂ ਇਥੇ, ਪਰ ਗੁਆਂਢੀਆਂ ਨੇ ਸਮਝਾਇਆ ਕਿ ਇਹ ਠੀਕ ਤੇ ਮਹਿਫੂਜ਼ ਨਹੀਂ। ਇਥੇ ਵੱਡੀਆਂ-ਵੱਡੀਆਂ ਕੋਠੀਆਂ ਦੇ ਬਾਹਰ ਵੀ ਘੁੱਪ-ਹਨੇਰਾ। ਬਾਹਰ ਦੀ ਬੱਤੀ ਸਦਾ ਬੰਦ। ਸਹਿਕ ਜਾਂਦੀ ਮੈਂ ਬਾਲਾਂ ਦੀ ਖੇਡ ਅਤੇ ਤੁਤਲਾਹਟ ਲਈ।
ਹੁਣ ਮੁਹਾਲੀ ਵਿਚ ਬਾਲਕਾਂ ਦੀ ਖੂਬ ਰੌਣਕ ਹੈ। ਘਰਾਂ ਵਿਚ, ਗਲੀਆਂ ਵਿਚ, ਬਗੀਚਿਆਂ ਵਿਚ।
ਮੇਰੇ ਦੋ-ਗਲੀਏ ਘਰ ਦਾ ਪਿਛਲਾ ਬੂਹਾ ਸੜਕ ਦੇ ਐਨ ਵਿਚਕਾਰ ਹੈ। ਮਾਂ ਦੇ ਉਚੇ ਥੜ੍ਹੇ ਵਾਲੇ ਘਰ ਵਾਂਗ ਇਹ ਵੀ ਹਰ ਜਾਣੂ-ਮਿੱਤਰ ਦਾ ਠਹਿਰਾਅ ਹੈ। ਸਾਰੇ ਸਕੂਲਾਂ ਦੀਆਂ ਬਾਲ-ਬੱਸਾਂ ਮੇਰੇ ਘਰ ਮੂਹਰੇ ਖੜ੍ਹਦੀਆਂ ਹਨ। ਬੱਚਿਆਂ ਨੂੰ ਵਿਦਾ ਕਰਨ ਆਏ ਮਾਪੇ ਮੇਰੇ ਘਰ ਦੇ ਬਰਾਮਦੇ ਵਿਚ ਖੜ੍ਹਦੇ-ਬੋਲਦੇ ਗੱਲਾਂਦੇ ਹਨ। ਰੰਗ-ਬਰੰਗੀਆਂ ਚੁਸਤ ਵਰਦੀਆਂ ਵਿਚ ਤਿਆਰ-ਬਰ-ਤਿਆਰ ਬਾਲਕ ਸਵੇਰੇ-ਸਵੇਰੇ ਮੈਨੂੰ ਦਰਸ਼ਨ ਦੇਂਦੇ ਤੇ ਗੁੱਡ ਮਾਰਨਿੰਗਾਂ ਬਖਸ਼ਦੇ ਹਨ।
ਮੇਰੇ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਨਾਲ ਹੁੰਦੀ ਹੈ।
ਬਾਗਾਂ ਵਿਚੋਂ ਬਾਗ, ਮੁਹਾਲੀ ਦੇ ਰੋਜ਼ ਗਾਰਡਨ ਵਿਚ ਗਹਿਮਾ-ਗਹਿਮੀ ਰਹਿੰਦੀ ਹੈ, ਸਦਾ ਹੀ। ਸਵੇਰੇ-ਸ਼ਾਮ ਗਰਮੀਆਂ ਵਿਚ ਤੇ ਦਿਨ-ਦੁਪਹਿਰੇ ਸਰਦੀਆਂ ਵਿਚ ਬਜ਼ੁਰਗਾਂ ਦੀਆਂ ਜੁੰਡਲੀਆਂ-ਮੰਡਲੀਆਂ ਟਹਿਲਦੀਆਂ, ਗੋਸ਼ੇ ਕਰਦੀਆਂ, ਰਾਜਸੀ ਤੇ ਧਾਰਮਿਕ ਬੈਠਕਾਂ ਕਰਦੀਆਂ। ਯੋਗਾਸਨ। ਡੰਡ-ਬੈਠਕਾਂ। ਬਾਲਕ ਝੂਲੇ ਝੂਲਦੇ ਤੇ ਘਿਸਣ-ਪਿੰਡੀਆਂ ‘ਤੇ ਚੜ੍ਹ ਚੜ੍ਹ ਫਿਸਲਦੇ। ਬਾਗ ਦੇ ਬਾਹਰ ਦੋਹੀਂ ਪਾਸੀਂ ਛਾਬੇ ਵਾਲੇ, ਛੱਲੀਆਂ ਤੇ ਛੋਲੇ-ਮੂੰਗਫਲੀਆਂ ਵਾਲੇ, ਆਈਸ ਕਰੀਮਾਂ ਤੇ ਕੁਲਫੀਆਂ ਵਾਲੇ, ਪੀਪਨੀਆਂ ਤੇ ਗੁਬਾਰੇ ਵਾਲੇ, ਬੇਰ ਤੇ ਭੇਲ-ਪੂੜੀ ਵਾਲੇ ਬਸ ਵਾਲੇ, ਵਾਲੇ ਤੇ ਵਾਲੇ ਹੀ।
ਹੁਣ ਮੁਹਾਲੀ ਵਿਚ ਨਾ ਕੈਫੇ ਘੱਟ ਨੇ ਤੇ ਨਾ ਹੀ ਸਾਈਬਰ ਕੈਫੇ। ਹੋਟਲ, ਰੈਸਤਰਾਂ ਕਲੱਬ ਅਤੇ ਕਲੱਬਾਂ ਵਿਚੋਂ ਕਲੱਬ, ਕ੍ਰਿਕਟ ਕਲੱਬ। ਘਰ ਘਰ ਕੰਪਿਊਟਰ, ਫੋਨ, ਫੋਨ-ਦਰ-ਫੋਨ ਮੋਬਾਇਲ ਫੋਨ। ਜੇ ਉਦੋਂ ਕਿਸੇ ਵਿਰਲੇ ਕੋਲ ਗੱਡੀ ਸੀ ਤਾਂ ਹੁਣ ਘਰਾਂ ਨਾਲੋਂ ਵੱਧ ਗੱਡੀਆਂ। ਮਾਲਕਾਂ ਦੀਆਂ, ਕਿਰਾਏਦਾਰਾਂ ਦੀਆਂ। ਗਲੀਆਂ ਵਿਚ ਥਾਂ ਨਹੀਂ ਰਹੀ ਗੱਡੀਆਂ ਖੜ੍ਹਾਉਣ ਲਈ। ਫਲੈਟੀ ਸੁਸਾਇਟੀਆਂ ਤਾਂ ਵਧ ਹੀ ਰਹੀਆਂ ਨੇ, ਕੋਠੀਆਂ ਵੀ ਢਹਿ-ਉਸਰ ਕੇ ਫਲੈਟੋ-ਫਲੈਟ ਹੁੰਦੀਆਂ ਜਾ ਰਹੀਆਂ ਨੇ।
ਪਹਿਲਾਂ ਇਥੇ ਘਰੋਗੀ ਕੰਮਾਂ ਦੀਆਂ ਮਦਦਗਾਰ ਇਸਤਰੀਆਂ ਬਹੁਤ ਘਟ ਸਨ। ਅੱਖਾਂ ਸਾਹਮਣਿਓਂ ਸੋਨੇ ਦਾ ਕੜਾ ਚੁੱਕਿਆ ਗਿਆ ਤੇ ਮੈਂ ਚੂੰ ਨਾ ਕੀਤੀ। ਦੜ ਵੱਟ ਲਈ। ਆਂਤੜੀਆਂ ਦੇ ਰੋਗ ਨਾਲ ਪੀੜਿਤ ਸਾਂ। ਜੇ ਉਹ ਕੰਮ ਛੱਡ ਗਈ ਤਾਂ ਕੀ ਕਰਾਂਗੀ। ਫਟ ਜਾਏਗਾ ਅਲਸਰ। ਜਾਨ ਹੈ ਜਹਾਨ ਹੈ। ਮੁੰਬਈ ਵਿਚ ਤਾਂ ਫਲੈਟ ਸੀ ਨਿੱਕਾ ਜਿਹਾ ਤੇ ਇਥੇ ਮੋਕਲਾ ਘਰ। ਦੁਪਾਸੇ ਵਿਹੜੇ ਤੇ ਗਲੀਆਂ। ਕੀਕੂੰ, ਸਾਫ ਕਰਾਂਗੀ।
ਹੁਣ ਇਥੇ ਲੋੜ ਤੋਂ ਵੱਧ ਨੇ ਕੰਮ ਕਰਨ ਵਾਲੀਆਂ। ਉਨ੍ਹਾਂ ਦੀਆਂ ਬਸਤੀਆਂ ਤੇ ਨਗਰਾਂ ਦੇ ਨਗਰ। ਨਹਿਰੂ, ਇੰਦਰਾ ਤੇ ਜਵਾਹਰ ਕਾਲੋਨੀ। ਨਾ ਮਦਦਗਾਰਾਂ ਦਾ ਘਾਟਾ, ਨਾ ਡਰਾਈਵਰਾਂ ਅਤੇ ਨਾ ਹੀ ਰਿਕਸ਼ਾ ਚਾਲਕਾਂ ਦਾ। ਹੁਣ ਉਨ੍ਹਾਂ ਦਾ ਤੇ ਸਾਡੇ ਜੀਵਨ ਪੱਧਰ ਵਿਚ ਵੀ ਥੋੜ੍ਹਾ ਹੀ ਫਰਕ ਹੈ।
ਮੇਰੀ ਮਦਦਗਾਰ ਸੁਮਨ ਦੇ ਘਰ ਵਿਚ ਵਾਸ਼ਿੰਗ ਮਸ਼ੀਨ ਸਮੇਤ ਹੋਰ ਵੀ ਸਾਰਾ ਸਾਜ਼ੋ-ਸਾਮਾਨ ਮੇਰੇ ਬਰਾਬਰ ਦਾ ਹੈ। ਮਾਈਕਰੋਵੇਵ, ਸੀ ਡੀ ਸਿਸਟਮ ਚਲਾਉਣ ਵਿਚ ਉਹ ਹੁਸ਼ਿਆਰ ਹੈ, ਮੇਰੀ ਗੁਰੂ। ਪਿੰਡ ਵਿਚ ਉਸ ਦੀ ਜ਼ਮੀਨ ਹੈ। ਇਥੇ ਆਪਣੀ ਕਾਲੋਨੀ ਵਿਚ ਐਸ਼ਟੀæਡੀæ ਵੀ ਚਲਾਉਂਦੀ ਹੈ ਅਤੇ ਚਾਹ ਪਾਣੀ ਅਰ ਨਾਸ਼ਤੇ ਦਾ ਢਾਬਾ ਵੀ। ਮੇਰਾ ਤੇ ਸੁਮਨ ਦਾ ਰਿਸ਼ਤਾ ਤੇ ਵਿਹਾਰ ਸਹੇਲੀਆਂ ਵਰਗਾ ਹੈ।
ਹੁਣ ਮੈਨੂੰ ਮੁੰਬਈ ਮੁਹਾਲੀ ਵਿਚ ਹੀ ਆਣ ਮਿਲੀ ਹੈ। ਜੱਫਿਆਂ ਦੇ ਜੱਫੇ ਅਤੇ ਗੱਫਿਆਂ ਦੇ ਗੱਫੇ। ਸਮੁੰਦਰ ਵੀ ਮਿਲ ਜਾਂਦਾ ਹੈ, ਚਾਰ-ਪੰਜ ਮੀਲਾਂ ਦੀ ਵਿੱਥ ‘ਤੇ। ਰੋਜ਼, ਸ਼ਨਿਚਰ ਤੇ ਐਤਵਾਰ ਨੂੰ ਹੜ੍ਹ ਹੀ ਤਾਂ ਆਇਆ ਹੁੰਦਾ ਹੈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲੇ ਦੇ ਪਰਿਵਾਰਾਂ ਦਾ ਸੁਖਨਾ ਝੀਲ ਦੇ ਕੰਢੇ। ਉਥੇ ਹੋਰ ਵੀ ਪ੍ਰਾਂਤਕ ਸੈਲਾਨੀਆਂ ਦੇ ਦੀਦਾਰ ਹੋ ਜਾਂਦੇ ਹਨ।
ਸੁਖਨਾ ਅਤੇ ਸੈਕਟਰ ਬਤਾਲੀ ਦੀ ਝੀਲ ਤੋਂ ਇਲਾਵਾ ਹੁਣ ਮੁਹਾਲੀ ਵਿਚ ਵੀ ਝੀਲ ਬਣ ਰਹੀ ਹੈ, ਗਮਾਡਾ ਦੀ ਆਪਣੀ ਝੀਲ। ਇਨ੍ਹਾਂ ਝੀਲਾਂ ਵਿਚ ਵੀ ਤਰ ਰਹੀਆਂ ਤੇ ਹੋਰ ਤਰਨਗੀਆਂ ਬੇੜੀਆਂ, ਬੱਤਖਾਂ ਨਾਲੋ-ਨਾਲ ਖਹਿੰਦੀਆਂ, ਕਲੋਲ ਕਰਦੀਆਂ। ਝੀਲ ‘ਤੇ ਬੈਂਡ-ਵਾਜੇ ਅਤੇ ਢੋਲ-ਢਮੱਕੇ ਦੀ ਧਮਾਲ ਮੈਨੂੰ ਲੈ ਜਾਂਦੀ ਹੈ ਬੰਬਈ ਦੀ ਚੌਪਾਟੀ, ਜੁਹੂ ਅਤੇ ਬੈਂਡ-ਸਟੈਂਡ ਦੇ ਤੱਟ ‘ਤੇ ਅਤੇ ਵਿਖਾ ਦੇਂਦੀ ਹੈ ਨਜ਼ਾਰੇ ਮੱਢ, ਉੜਨ ਤੇ ਐਲੀਫੈਂਟਾ ਅਤੇ ਅਲੀਬਾਗ਼ ਟਾਪੂਆਂ ਦੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਪਥਰੀਲੀ, ਨਿੱਕੀ ਜਿਹੀ ਢਲਾਣ ਵੀ ਯਾਦ ਕਰਾ ਦਿੰਦੀ ਹੈ ਮੁੰਬਈ ਦੇ ਗੁਆਂਢ ਸਥਿਤ ਲੋਨਾਵਲਾ, ਖੰਡਾਲਾ ਅਤੇ ਮਹਾਂਬਲੇਸ਼ਵਰ ਦੀਆਂ ਸ਼ਾਹ ਕਾਲੀਆਂ ਪਰਬਤਗਾਹਾਂ ਦੀ।
ਹੁਣ ਮੈਂ ਮੁੰਬਈ ਜਾਣ-ਰਹਿਣ ਲਈ ਨਹੀਂ ਤੜਫਦੀ। ਹੁਣ ਮੈਂ ਚੰਡੀਗੜ੍ਹ ਅਤੇ ਮੁਹਾਲੀ ਵਿਚ ਸਰਪਟ ਸ਼ੂਕਦੀਆਂ ਅਤੇ ਹਾਰਨੋ-ਹਾਰਨ ਸ਼ੋਰ ਮਚਾਂਦੀਆਂ ਧੂੰਆਂਧਾਰ ਗੱਡੀਆਂ ਅਤੇ ਰੇੜ੍ਹੀ ਮਾਰਕੀਟ ਦੀ ਧੱਕੇ-ਮੁੱਕੀ ਅਰ ਭੀੜ-ਭੜੱਕੇ ਤੋਂ ਡਾਢੀ ਹੁਸੜ ਜਾਂਦੀ ਹਾਂ।
ਹੁਣ ਜੀ ਕਰਦਾ ਹੈ ਕਿ ਡਲਹੌਜ਼ੀ ਜਾਂ ਨੈਨੀਤਾਲ ਚਲੀ ਜਾਵਾਂ। ਏਕਾਂਤ ਮਾਣਾਂ ਪਰ ਕਿੰਨੀ ਕੁ ਦੇਰ ਲਈ ਮਿਲੇਗਾ ਏਕਾਂਤ ਉਥੇ ਵੀ? ਏਕਾਂਤ ਰਿਹਾ ਹੀ ਕਿਥੇ ਹੈ ਤੇ ਕਿੰਨਾ ਕੁ?
ਅੱਜ ਮੁੰਬਈ, ਮੁਹਾਲੀ ਅਤੇ ਚੰਡੀਗੜ੍ਹ ਨੂੰ ਪਿਛੇ ਛੱਡਦੀ ਤੇ ਦੁਲੰਘਦੀ ਪਹੁੰਚ ਰਹੀ ਤੇ ਪਹੁੰਚ ਗਈ ਹੈ ਡਲਹੌਜ਼ੀ, ਨੈਨੀਤਾਲ, ਕੁੱਲੂ-ਮਨਾਲੀ, ਸ਼ਿਮਲਾ ਅਤੇ ਕੁਫਰੀ ਵੀ।
ਹੁਣ ਮੈਂ ਮੁੰਬਈ ਲਈ ਕਿਉਂ ਝੂਰਾਂ? ਇਹ ਕੋਈ ਮੇਰੇ ਚੇਤੇ ਦੀ ‘ਬੰਬਈ’ ਥੋੜ੍ਹੇ ਹੀ ਹੈ। ਇਸ ਦਾ ਤਾਂ ‘ਬੱਬਾ’ ‘ਭੱਬੇ’ ਨੂੰ ਪਾਰ ਕਰ ਕੇ ‘ਮੱਮਾ’ ਹੋ ਗਿਆ ਹੈ ਤੇ ਭੱਬਾ ਕਹਿੰਦੈ ਭੁੱਲ ਜਾ!
ਹੁਣ ਤਾਂ ਸਾਰੇ ਹਿੰਦੁਸਤਾਨ ਵਿਚ ਸਮੁੰਦਰੀ ਤੱਟਾਂ ਤੋਂ ਲੈ ਕੇ ਪਹਾੜਾਂ ਦੀਆਂ ਚੋਟੀਆਂ ਤਕ ਮੁੰਬਈ ਹੀ ਮੁੰਬਈ ਹੈ। ਹੁਣ ਮੈਂ ਕਿੱਥੇ ਜਾਵਾਂ?
ਚੰਨ ‘ਤੇ?
ਮੇਰੇ ਪੁੱਜਣ ਦੀ ਦੇਰ ਹੈ ਕਿ ਚੰਨ ‘ਤੇ ਵੀæææ!
ਅੱਖਾਂ ਬੰਦ ਕਰ ਕੇ ਪ੍ਰਾਣਾਯਾਮ ਕਰਦੀ, ਸਾਹ ‘ਤੇ ਧਿਆਨ ਟਿਕਾਉਂਦੀ ਮੈਂ ਅੰਦਰ ਲਹਿਣ ਦਾ ਯਤਨ ਕਰਦੀ ਹਾਂ, ਥੱਲੇ ਹੋਰ ਥੱਲੇ।
ਅੰਦਰ, ਧੁਰ ਅੰਦਰ।
ਸੁੰਨ-ਸਮਾਧ। ਵਿਸਮਾਦ।
ਹੁਣ ਮੈਨੂੰ ਕੋਈ ਹੇਰਵਾ ਨਹੀਂ।