ਬਾਪ ਦੇ ਅੰਗ-ਸੰਗ

ਪਰਦੇਸੀਂ ਬੈਠੇ ਗੁਰਬਖਸ਼ ਸਿੰਘ ਭੰਡਾਲ ਨੇ ‘ਬਾਪ ਦੇ ਅੰਗ-ਸੰਗ’ ਲੇਖ ਦੇ ਬਹਾਨੇ ਆਪਣੇ ਅੰਦਰਲੇ ਉਸ ਬੰਦੇ ਨਾਲ ਗੱਲਾਂ ਕੀਤੀਆਂ ਹਨ ਜਿਸ ਨੂੰ ਉਹ ਚਿਰ ਪਹਿਲਾਂ ਪਿੱਛੇ ਪੰਜਾਬ ਵਿਚ ਛੱਡ ਆਇਆ ਸੀ। ਇਸੇ ਕਰ ਕੇ ਬਾਪੂ ਦੇ ਹਵਾਲੇ ਨਾਲ ਲਿਖਿਆ ਇਹ ਲੇਖ ਹੇਰਵੇ ਦੀ ਵਾਛੜ ਕਰਦਾ ਚਲਾ ਜਾਂਦਾ ਹੈ।

ਨਿੱਕੀਆਂ ਨਿੱਕੀਆਂ ਗੱਲਾਂ ਦੇ ਵੇਰਵੇ ਜੁੜ ਕੇ ਜਦੋਂ ਬਾਤ ਸਿਰਜਦੇ ਹਨ ਤਾਂ ਜਾਪਦਾ ਹੈ ਜਿਵੇਂ ਸਾਰਾ ਕੁਝ ਤੁਹਾਡੇ ਆਪ ਨਾਲ ਹੋ ਕੇ ਹਟਿਆ ਹੋਵੇ। ਜਾਪਦਾ ਹੈ ਜਿਵੇਂ ਹੁਣੇ ਹੁਣੇ ਕਿਸੇ ਨੇ ਮੋਢੇ ਉਤੇ ਪੋਲਾ ਜਿਹਾ ਹੱਥ ਰੱਖ ਕੇ ਹੌਸਲਾ ਦਿੱਤਾ ਹੋਵੇ। -ਸੰਪਾਦਕ

ਗੁਰਬਖਸ਼ ਸਿੰਘ ਭੰਡਾਲ
ਬਾਪ ਹੁਣ ਨੱਬਿਆਂ ਦੇ ਕਰੀਬ ਹੈ। ਕੋਰਾ ਅਨਪੜ੍ਹ ਹੋਣ ਦੇ ਬਾਵਜੂਦ ਜੀਵਨ ਦਾ ਗੂੜ੍ਹ ਗਿਆਨੀ ਹੈ। ਬਿਲਕੁਲ ਤੰਦਰੁਸਤ। ਕੋਈ ਬਿਮਾਰੀ ਨਹੀਂ। ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ। ਹਰ ਰੋਜ਼ 3 ਮੀਲ ਸਾਈਕਲ ਚਲਾ ਕੇ ਗੁਰਦੁਆਰੇ ਜਾਂਦਾ ਏ। ਬੱਚਿਆਂ ਨੇ ਵਾਹੀ ਦੇ ਕੰਮਾਂ-ਕਾਰਾਂ ਤੋਂ ਵਿਹਲਾ ਤਾਂ ਕਰ ਦਿਤਾ ਏ, ਪਰ ਹੁਣ ਵੀ ਉਸ ਨੂੰ ਫਿਕਰ ਰਹਿੰਦਾ ਹੈ ਭੁੱਖਣਭਾਣੀ ਲਵੇਰੀ ਗਾਂ ਦਾ, ਵੱਤਰ ਤੋਂ ਖੁੰਝ ਰਹੀ ਬਿਜਾਈ ਦਾ, ਫਸਲਾਂ ਦੀ ਸਮੇਂ ਸਿਰ ਗੁਡਾਈ ਦਾ, ਰਾਤ ਨੂੰ ਬਿਜਲੀ ਦੀ ਵਾਰੀ ਦਾ ਜਾਂ ਹਵੇਲੀ ਵਿਚ ਲਾਈ ਸਬਜ਼ੀ ਅਤੇ ਬੂਟਿਆਂ ਦਾ। ਦਰਅਸਲ ਉਮਰ ਦੇ ਕਿਸੇ ਵੀ ਪੜਾਅ ‘ਤੇ ਬਜ਼ੁਰਗ ਪਹੁੰਚ ਜਾਣ, ਉਨ੍ਹਾਂ ਦੇ ਪੁੱਤਰ-ਪੋਤਰੇ ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾ ਰਹੇ ਹੋਣ ਤਾਂ ਵੀ ਉਨ੍ਹਾਂ ਦੇ ਮਨ ਵਿਚ ਧੁੜਕੂ ਰਹਿੰਦਾ ਏ। ਇਸੇ ਕਰ ਕੇ ਉਹ ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕਰਨ ਤੋਂ ਕਦੇ ਵੀ ਨਹੀਂ ਉਕਦੇ। ਨਵੀਂ ਪੀੜ੍ਹੀ ਕਈ ਵਾਰ ਬਜ਼ੁਰਗਾਂ ਦੀ ਦਖਲਅੰਦਾਜ਼ੀ ਦਾ ਬੁਰਾ ਤਾਂ ਮਨਾਉਂਦੀ ਏ ਪਰ ਉਹ ਆਪਣੀ ਜਗ੍ਹਾ ਸੱਚੇ ਹੁੰਦੇ ਨੇ। ਉਨ੍ਹਾਂ ਨੇ ਜੀਵਨ ਰੂਪੀ ਕਿਤਾਬ ਨੂੰ ਹਰਫ-ਬ-ਹਰਫ ਪੜ੍ਹਿਆ ਹੁੰਦਾ ਏ, ਭਾਵੇਂ ਸਾਨੂੰ ਜ਼ਿਆਦਾ ਜਮਾਤਾਂ ਪੜ੍ਹਨ ਅਤੇ ਸਿਆਣਪ ਦਾ ਫਤੂਰ ਹੁੰਦਾ ਹੈ।
ਪਿਛਲੇ ਕੁਝ ਸਮੇਂ ਤੋਂ ਬਾਪ ਨੂੰ ਉਚੀ ਸੁਣਨ ਲੱਗ ਪਿਆ ਏ। ਵਾਅ ਨੂੰ ਗੰਢਾਂ ਦੇਣ ਵਾਲਾ ਬਾਪ ਹੁਣ ਖੂੰਡੀ ਦੇ ਸਹਾਰੇ ਜੀਵਨ ਦੇ ਆਖਰੀ ਸਫਰ ਨੂੰ ਮਾਣ ਰਿਹਾ ਏ। ਝਉਲਾ ਝਉਲਾ ਨਜ਼ਰ ਆਉਣ ਕਾਰਨ ਐਨਕ ਵੀ ਲਾਉਣ ਲੱਗ ਪਿਆ ਏ। ਸਾਈਕਲ ਉਸ ਦੀ ਸ਼ਾਹੀ ਸਵਾਰੀ ਹੈ। ਹੁਣ ਵੀ ਉਹ ਸ਼ਹਿਰ ਨੂੰ ਜਾਣ ਲਈ ਸਾਈਕਲ ਨੂੰ ਤਰਜੀਹ ਦਿੰਦਾ ਹੈ। ਇਥੋਂ ਤੱਕ ਕਿ ਬਹੁਤੀ ਵਾਰ ਸ਼ਹਿਰੋਂ ਸਬਜ਼ੀਆਂ ਦੀ ਪਨੀਰੀ ਲੈ ਕੇ, 30 ਕਿਲੋਮੀਟਰ ਦਾ ਪੈਂਡਾ ਤੈਅ ਕਰ, ਸ਼ਾਮ ਨੂੰ ਪਿੰਡ ਵਾਪਸ ਪਰਤ ਆਉਂਦਾ ਹੈ। ਬਥੇਰਾ ਜ਼ੋਰ ਲਾਈਦੈ ਕਿ ਰਾਤ ਸਾਡੇ ਕੋਲ ਸ਼ਹਿਰ ਰਹਿ ਕੇ, ਸਵੇਰੇ ਚਲੇ ਜਾਣਾ, ਪਰ ਉਨ੍ਹਾਂ ਦਾ ਜੀਅ ਸ਼ਹਿਰ ਕਾਹਤੋਂ ਲੱਗਦਾ ਸੀ। ਵਡੇਰੀ ਉਮਰ ਅਤੇ ਸੜਕੀ ਆਵਾਜਾਈ ਤੋਂ ਡਰ ਤਾਂ ਬਹੁਤ ਲੱਗਦਾ ਏ, ਪਰ ਬਾਪ ਕਾਹਨੂੰ ਕਿਸੇ ਦੀ ਸੁਣਦਾ ਏ। ਉਸ ਨੂੰ ਬੱਸ ਉਡੀਕਣ ਨਾਲੋਂ ਸਾਈਕਲ ਦੀ ਸਵਾਰੀ ਚੰਗੀ ਲੱਗਦੀ ਏ।
ਮੇਰੇ ਵਿਆਹ ਤੱਕ ਚਾਦਰਾ ਲਾਉਣ ਵਾਲਾ ਮੇਰਾ ਬਾਪ, ਹੁਣ ਕੁੜਤਾ ਪਜਾਮਾ ਤਾਂ ਪਾਉਣ ਲੱਗ ਪਿਆ ਏ, ਪਰ ਉਸ ਨੂੰ ਖੇਤਾਂ ਵਿਚ ਗੇੜਾ ਮਾਰਨ ਵੇਲੇ ਹੁਣ ਵੀ ਨੰਗੇ ਪੈਰੀਂ ਤੁਰਨਾ ਚੰਗਾ ਲੱਗਦਾ ਏ। ਸਿਆਲ ਵਿਚ ਵੀ ਕੁੜਤਾ ਪਜਾਮਾ ਪਾ, ਲੋਈ ਦੀ ਪਤਲੀ ਜਿਹੀ ਬੁੱਕਲ ਮਾਰ ਅਤੇ ਕੋਟੀ ਨੂੰ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਅਕਸਰ ਹੀ ਸ਼ਹਿਰ ਪਹੁੰਚ ਜਾਂਦਾ, ਕਿਉਂਕਿ ਉਸ ਦਾ ਮੰਨਣਾ ਏ ‘ਪਾਲਾ ਪਾਪਾਂ ਦਾ ਜਾਂ ਮਾੜਿਆਂ ਸਾਕਾਂ ਦਾ।’ ਚਾਰ ਪੈਡਲ ਮਾਰੋ, ਸਰੀਰ ਨਿੱਘਾ ਹੋ ਜਾਂਦਾ ਏ।
ਚੜ੍ਹਦੀ ਉਮਰੇ ਬਾਪ ਬਹੁਤ ਬੇਅਰਾਮਾ ਹੁੰਦਾ ਸੀ। ਅਕਸਰ ਹੀ ਖੂਹ ਦੀ ਵਾਰੀ ਰਾਤ ਨੂੰ ਲਾ, ਸਵੇਰੇ ਖੇਤਾਂ ‘ਚ ਗੋਡੀ ਵਗੈਰਾ ਕਰਦਾ ਰਹਿੰਦਾ ਸੀ। ਕਬੀਲਦਾਰੀ ਨੂੰ ਪਾਲਦਿਆਂ, ਬੱਚਿਆਂ ਨੂੰ ਪੜ੍ਹਾਉਣਾ, ਡਾਢੇ ਜਿਗਰੇ ਅਤੇ ਹੌਸਲੇ ਵਾਲਾ ਕੰਮ ਸੀ, ਕਿਉਂਕਿ ਘਰ-ਜਾਇਦਾਦ ਦੀ ਵੰਡ ਵੇਲੇ ਬਾਪ ਨੂੰ ਹਰ ਪੱਖੋਂ ਊਣਾ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੇ ਹਿੰਮਤ ਨਾਲ ਜੀਵਨ ਲੋੜਾਂ ਨੂੰ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਬਾਪ ਦੋ ਬੰਦਿਆਂ ਜਿੰਨਾ ਕੰਮ ਖੁਦ ਕਰ ਲੈਂਦਾ ਸੀ ਤਾਂ ਕਿ ਉਸ ਦੇ ਬੱਚੇ ਪੜ੍ਹ ਸਕਣ ਕਿਉਂਕਿ ਉਸ ਦੇ ਮਨ ਵਿਚ ਅਕਸਰ ਇਹ ਝੋਰਾ ਰਹਿੰਦਾ ਸੀ ਕਿ ਉਹ ਪੜ੍ਹ ਨਹੀਂ ਸੀ ਸਕਿਆ ਅਤੇ ਸਾਰੀ ਉਮਰ ਅੰਗੂਠਾ ਛਾਪ ਹੀ ਰਿਹਾ।
ਬਾਪ ਮਿਹਨਤ ਦਾ ਸੁੱਚਾ ਹਰਫ। ਘਾਲਣਾ ਦਾ ਮਾਨਵੀ ਕਰਮ। ਇਮਾਨਦਾਰੀ ਦਾ ਪਾਕ ਧਰਮ। ਅਕੀਦੇ ਦੀ ਪ੍ਰਾਪਤੀ ਦਾ ਪ੍ਰਣ। ਕਿਰਤ ਕਮਾਈ ਦੀ ਸੁੱਚੀ ਇਬਾਦਤ। ਅਸੀਸਾਂ ਦੀ ਆਬਸ਼ਾਰ ਅਤੇ ਜੀਵਨ ਓਟੇ ‘ਤੇ ਜਗਦਾ ਚਿਰਾਗ। ਸਮੁੱਚਾ ਜੀਵਨ ਨਿਰੰਤਰ ਸੰਘਰਸ਼ ਦਾ ਨਾਮਕਰਨ। ਦੀਦਿਆਂ ਵਿਚ ਬੀਤੇ ਪਲਾਂ ਦਾ ਲਿਸ਼ਕਾਰਾ ਅਤੇ ਬੋਲਾਂ ਵਿਚ ਮਾਣਮੱਤੀ ਇਬਾਰਤ।
ਉਸ ਦੀ ਤਵਾਰੀਖੀ ਸੋਚ ਦਾ ਕ੍ਰਿਸ਼ਮਾ ਹੀ ਸੀ ਕਿ ਉਸ ਨੇ ਲੱਗਦੀ ਵਾਹ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਨੇ ਪਾਇਆ ਅਤੇ ਬਾਲ ਮਨ-ਮਸਤਕ ਵਿਚ ਹਰਫ ਤਰੌਂਕਣ ਦੀ ਪੂਰੀ ਵਾਹ ਲਾਈ। ਅਸੀਂ ਉਸ ਦੇ ਸਮਰਪਣ ਅਤੇ ਦੁਆਵਾਂ ਦਾ ਮਿੱਠੜਾ ਫਲ ਖਾ ਰਹੇ ਹਾਂ। ਮੇਰੇ ਬਾਪ ਨੇ ਆਪਣੀਆਂ ਪੋਤਰੀਆਂ ਦੇ ਜਨਮ ‘ਤੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ, ਭਾਵੇਂ ਮੇਰੀ ਮਾਂ ਪੋਤਰੀਆਂ ਕਾਰਨ ਕਈ ਵਾਰ ਬਹੁਤ ਦੁਖੀ ਹੋ ਜਾਂਦੀ ਸੀ। ਬਾਪ ਨੂੰ ਨਾਜ਼ ਹੈ ਕਿ ਉਸ ਦੇ ਲਾਡ ਵਾਲੇ ਨਾਂਵਾਂ ਵਾਲੀਆਂ ਪੋਤਰੀਆਂ ਭਾਈ ਨੂਰਾ ਸਿੰਘ ਅਤੇ ਮੈਰਾ ਸੁੰਹ ਅੱਜ ਕੱਲ੍ਹ ਅਮਰੀਕਾ ਵਿਚ ਡਾਕਟਰ ਹਨ।
ਬਾਪ ਦੀ ਸ਼ਖਸੀਅਤ ਦਾ ਬੱਚਿਆਂ ‘ਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ ਏ। ਸਾਡਾ ਸਭ ਤੋਂ ਪਹਿਲਾਂ ਰੋਲ ਮਾਡਲ ਸਾਡਾ ਬਾਪ ਹੀ ਤਾਂ ਹੁੰਦਾ ਹੈ ਜਿਸ ਕੋਲੋਂ ਅਸੀਂ ਬਹੁਤ ਕੁਝ ਸਹਿਜ-ਸੁਭਾਅ ਅਤੇ ਅਚੇਤ ਰੂਪ ਵਿਚ ਪ੍ਰਾਪਤ ਕਰਦੇ ਹਾਂ। ਆਪਣੇ ਸੁਪਨੇ ਦੀ ਪ੍ਰਾਪਤੀ ਪ੍ਰਤੀ ਸਮਰਪਣ ਅਤੇ ਸਖਤ ਮਿਹਨਤ ਕਰਨ ਜਿਹੇ ਮੀਰੀ ਗੁਣ ਬਾਪ ਨੇ ਸਾਨੂੰ ਵਿਰਸੇ ਵਿਚ ਦਿਤੇ ਹਨ।
ਕਦੇ ਕਦੇ ਪਿਛਲਝਾਤੀ ਮਾਰਦਾ ਹਾਂ ਤਾਂ ਬਾਪ ਦੀ ਮਿਹਨਤ ਸਾਹਵੇਂ ਆਪਣਾ ਆਪ ਬੌਣਾ ਲੱਗਣ ਲੱਗ ਪੈਂਦਾ ਏ। ਅਨਪੜ੍ਹ ਬਾਪ ਨੇ ਆਪਣੇ ਪੁੱਤ ਨੂੰ ਫਿਜ਼ਿਕਸ ਵਿਚ ਪੀਐਚæਡੀæ ਤੱਕ ਪੜ੍ਹਾਇਆ ਅਤੇ ਅਸੀਂ ਪੜ੍ਹੇ ਲਿਖੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਐਵੇਂ ਹੀ ਆਫਰੇ ਫਿਰਦੇ ਹਾਂ। ਮਿਹਨਤੀ ਬਾਪ ਦੱਸਦਾ ਹੁੰਦਾ ਏ ਕਿ ਢਿਲਵਾਂ ਡਿਪੋ ‘ਤੇ ਦਰਿਆ ਤੋਂ ਲੱਕੜਾਂ ਢੋਣ ਜਾਂਦੇ ਹੁੰਦੇ ਸਾਂ ਤਾਂ ਗਿੱਲੀਆਂ ਲੱਕੜਾਂ ਨੂੰ ਗੱਡੇ ‘ਤੇ ਲੱਦਣਾ ਅਤੇ ਲਾਹੁਣਾ ਬਹੁਤ ਜ਼ੋਰ ਦਾ ਕੰਮ ਹੁੰਦਾ ਸੀ। ਤੇਰੇ ਤਾਏ ਨੇ ਪਹਿਲੇ ਦਿਨ ਹੀ ਅਜਿਹੇ ਕੰਮ ਤੋਂ ਹੱਥ ਖੜ੍ਹੇ ਕਰ ਦਿਤੇ ਸਨ, ਤੇ ਮੈਂ ਘਰ ਦੀ ਗਰੀਬੀ ਕੱਟਣ ਲਈ ਕਈ ਮਹੀਨੇ ਗੱਡੇ ‘ਤੇ ਲੱਕੜਾਂ ਢੋਂਦਾ ਰਿਹਾ। ਵੈਸੇ ਵੀ ਬੇਟ ਦੇ ਇਲਾਕੇ ਵਿਚ ਸਿਆਲ ਨੂੰ ਕਣਕ ਵਗੈਰਾ ਹੀ ਹੁੰਦੀ ਸੀ, ਤੇ ਬਰਸਾਤਾਂ ਦੇ ਦਿਨਾਂ ਵਿਚ ਬਿਆਸ ਦਰਿਆ ਵਿਚ ਆਏ ਹੜ੍ਹ, ਫਸਲਾਂ ਬਰਬਾਦ ਕਰ ਦਿੰਦੇ ਸਨ। ਕਈ ਕਈ ਦਿਨ ਤਾਂ ਡੰਗਰਾਂ ਸਮੇਤ ਆਪ ਵੀ ਭੁੱਖਣ-ਭਾਣੇ ਰਹਿਣਾ ਪੈਂਦਾ ਸੀ।
ਹੁਣ ਜਦ ਮੈਂ ਡੰਗੋਰੀ ਦੇ ਆਸਰੇ ਤੁਰਦੇ ਬਾਪ ਨੂੰ ਦੇਖਦਾ ਹਾਂ ਤਾਂ ਮੈਨੂੰ ਯਾਦ ਆਉਂਦਾ ਏ ਕਿ ਬਾਪ ਦਾ ਪਿੰਡ ਦੇ ਗੱਭਿਉਂ ਚੁਬਾਰੇ ‘ਚੋਂ ਲੱਕੜ ਦੀ ਪੌੜੀ ਰਾਹੀਂ, ਕੁਇੰਟਲ ਕੁਇੰਟਲ ਦੀਆਂ 20 ਬੋਰੀਆਂ ਪਿੱਠ ‘ਤੇ ਰੱਖ ਕੇ ਲਾਹੁਣੀਆਂ ਅਤੇ ਫਿਰਨੀ ‘ਤੇ ਖੜ੍ਹੇ ਗੱਡੇ ‘ਤੇ ਲੱਦਣਾ। ਸੱਚੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਦਿਨਾਂ ਵਿਚ ਕਿਰ ਰਹੀ ਛੋਟੀ ਕਿਰਸਾਨੀ ਨੂੰ ਮੋਢਾ ਦੇਣ ਲਈ ਉਹ ਗੱਡਾ ਵਾਹੁੰਦਾ ਸੀ। ਕਦੇ ਕਦਾਈਂ ਤਾਂ ਸਾਰੀ ਰਾਤ ਖਰਾਸ ਨਾਲ ਆਟਾ ਪੀਸ, ਸਵੇਰੇ ਗੱਡਾ ਲੈ ਕੇ ਸ਼ਹਿਰ ਪਹੁੰਚ ਜਾਂਦਾ ਸੀ। ਜੇ ਕਦੇ ਮੈਂ ਬਲਦਾਂ ਨੂੰ ਅਰਾਮ ਦਿਵਾਉਣ ਬਾਰੇ ਕਹਿਣਾ ਤਾਂ ਉਸ ਦਾ ਜਵਾਬ ਹੁੰਦਾ, ਸ਼ਹਿਰ ਵਿਚ ਜਾ ਕੇ ਸਾਰਾ ਦਿਨ ਬਲਦਾਂ ਨੇ ਅਰਾਮ ਹੀ ਤਾਂ ਕਰਨਾ ਹੁੰਦਾ ਏ। ਰਾਤ ਨੂੰ ਗੱਡਾ ਲਦਾਉਣ ਤੋਂ ਬਾਅਦ ਹੀ ਮੇਰੇ ਲਈ ਪੜ੍ਹਨ ਦੀ ਵਾਰੀ ਆਉਂਦੀ ਸੀ। ਬਾਪ ਦੇ ਸਿਰੜ ਅਤੇ ਜ਼ੋਰ ਦਾ ਅੰਦਾਜ਼ਾ ਤਾਂ ਇਸ ਗੱਲੋਂ ਵੀ ਲਾਇਆ ਜਾ ਸਕਦਾ ਏ ਕਿ ਕਈ ਵਾਰ ਕੱਚੇ ਰਾਹ ‘ਤੇ ਚਿੱਕੜ ਵਿਚ ਖੁੱਭੇ ਗੱਡੇ ਨੂੰ ਕੱਢਣ ਲਈ ਮਾੜੇ ਡੰਗਰ ਦੇ ਨਾਲ ਆਪ ਜ਼ੋਰ ਲਾ ਕੇ ਗੱਡੇ ਨੂੰ ਖੁੱਭਣ ਵਿਚੋਂ ਕੱਢਣ ਵਿਚ ਮਦਦ ਕਰਦਿਆਂ ਮੈਂ ਖੁਦ ਦੇਖਿਆ ਹੈ।
ਬਾਪ ਦੇ ਬਹੁਤ ਸਾਰੇ ਰੂਪ ਮੇਰੇ ਚੇਤਿਆਂ ਵਿਚ ਸੱਜਰੇ ਜਾਪਦੇ ਨੇ ਜਿਨ੍ਹਾਂ ਵਿਚੋਂ ਉਸ ਦੀ ਅੜਬਾਈ, ਹਿੰਮਤ ਅਤੇ ਜ਼ਿੰਦਗੀ ਨੂੰ ਸਮੁੱਚੇ ਰੰਗ ਵਿਚ ਮਾਣਨ ਦਾ ਰੂਪ ਝਾਕਦਾ ਏ। ਬਿਆਸ ਦਰਿਆ ‘ਤੇ ਵੱਸੇ ਸਾਡੇ ਪਿੰਡ ਦਾ ਜ਼ਿਆਦਾ ਰਕਬਾ ਮੰਡ ਦਾ ਹੁੰਦਾ ਸੀ ਜਿਸ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ, ਮੰਡ ਵਿਚ ਭੱਠੀ ਲਾ ਕੇ ਦੇਸੀ ਸ਼ਰਾਬ ਕੱਢਣੀ (ਉਸ ਸਮੇਂ ਨਿਜੀ ਵਰਤੋਂ ਲਈ ਦੇਸੀ ਸ਼ਰਾਬ ਕੱਢਣ ਦਾ ਰਿਵਾਜ ਆਮ ਸੀ) ਅਤੇ ਫਿਰ ਪਹਿਲੇ ਤੋੜ ਦੀ ਸ਼ਰਾਬ ਪੀ ਕੇ ਲਲਕਾਰੇ ਮਾਰਨਾ, ਲੜਨਾ-ਝਗੜਨਾ ਅਤੇ ਬੇਸੁੱਧ ਹੋ ਕੇ ਸ਼ਾਮ ਨੂੰ ਘਰ ਆਉਣਾ ਆਦਿ ਆਮ ਵਰਤਾਰਾ ਹੁੰਦਾ ਸੀ। ਮੰਡ ਵਿਚ ਭੀਲ਼ੋਵਾਲ, ਭਲੋਜਲਾ ਆਦਿ ਮਾਝੇ ਦੇ ਪਿੰਡਾਂ ਦੇ ਲੋਕ ਆਮ ਹੀ ਸ਼ਰਾਬ ਕੱਢਿਆ ਕਰਦੇ ਸਨ ਅਤੇ ਕਾਹ-ਕਾਨੇ ਵੱਢਣ ਲਈ ਹਰਜਾਨਾ ਉਗਰਾਹੁੰਦੇ ਹੁੰਦੇ ਸਨ। ‘ਕੇਰਾਂ ਅਸੀਂ ਕਾਹ ਦਾ ਗੱਡਾ ਲੱਦ ਕੇ ਆ ਰਹੇ ਸਾਂ ਤਾਂ ਉਹ ਗੱਡੇ ਅੱਗੇ ਹੋ ਕੇ ਪੈਸੇ ਮੰਗਣ ਲੱਗ ਪਏ। ਮੇਰਾ ਬਾਪ ਗੰਡਾਸੀ ਲੈ ਕੇ ਉਨ੍ਹਾਂ ਨੂੰ ਪੈ ਨਿਕਲਿਆ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਮੰਡ ਵਿਚੋਂ ਸਾਥੋਂ ਹੀ ਹਰਜਾਨਾ ਲੈਣ ਵਾਲੇ। ਮੈਂ ਤਾਂ ਲੜਾਈ ਤੋਂ ਡਰਦਾ ਸਾਂ, ਪਰ ਬਾਪ ਅਜਿਹੇ ਮਾਹੌਲ ਵਿਚ ਜੰਮਿਆ ਪਲਿਆ ਸੀ ਜਿਥੇ ਗਾਲ-ਮੰਦਾ ਕਰਨਾ, ਲੜਾਈ-ਝਗੜਾ, ਸੱਟ-ਫੇਟ ਅਤੇ ਸੁਲਾਹ-ਸਫਾਈ ਜੀਵਨ ਦਾ ਆਮ ਵਰਤਾਰਾ ਸੀ।
ਅਜਿਹੀ ਹੀ ਇਕ ਹੋਰ ਘਟਨਾ ਮੇਰੀਆਂ ਯਾਦਾਂ ਵਿਚ ਘਰ ਕਰੀ ਬੈਠੀ ਏ। 70ਵਿਆਂ ਵਿਚ ਕੁਝ ਵੱਡੇ ਜ਼ਿਮੀਦਾਰ ਟਰੈਕਟਰ ਨਾਲ ਕਣਕ ਕੁਤਰਨ ਵਾਲੀ ਮਸ਼ੀਨ ਲੈ ਕੇ ਹਰ ਕਿਸਾਨ ਦੇ ਖਲਵਾੜੇ ਵਿਚ ਜਾ ਕੇ ਕਣਕ ਕੁਤਰਦੇ ਹੁੰਦੇ ਸਨ ਜਿਥੇ ਸਾਰੇ ਖੇਤਾਂ ਦੀਆਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਲਈਆਂ ਜਾਂਦੀਆਂ ਸਨ। ‘ਕੇਰਾਂ ਭਾਨ ਸਿੰਘ ਵਲੈਤੀਆ ਟਰੈਕਟਰ ਨਾਲ ਕਣਕ ਕੁਤਰ ਰਿਹਾ ਸੀ ਤਾਂ ਕੁਝ ਕਣਕ ਸਿੱਲੀ ਹੋਣ ਕਾਰਨ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗ ਗਿਆ। ਭਾਨ ਸਿੰਘ ਨੇ ਗੁੱਸੇ ‘ਚ ਆ ਕੇ ਟਰੈਕਟਰ ਬੰਦ ਕਰ ਦਿਤਾ ਅਤੇ ਮਸ਼ੀਨ ਪੁੱਟ ਕੇ ਤੁਰਨ ਲੱਗਿਆਂ ਕਹਿਣ ਲੱਗਾ, ਕਣਕ ਦੀ ਕੁਤਰਾਈ ਦੀਆਂ ਬੋਰੀਆਂ ਮੈਨੂੰ ਦਿਓ। ਅੱਧ-ਵਿਚਾਲੇ ਕਣਕ ਦੀ ਕੁਤਰਾਈ ਰਹਿ ਜਾਣ ਤੋਂ ਹਰਖਿਆ ਮੇਰਾ ਬਾਪ ਉਸ ਨੂੰ ਪੈ ਨਿਕਲਿਆ- ‘ਤੂੰ ਸਾਡੀ ਕਣਕ ਵਿਚੇ ਛੱਡ ਕੇ ਜਾ ਰਿਹਾ ਏਂ। ਅਸੀਂ ਤੈਨੂੰ ਕਣਕ ਦੀ ਕੁਤਰਾਈ ਨਹੀਂ ਦੇਣੀ ਅਤੇ ਨਾ ਹੀ ਕਿਸੇ ਬੋਰੀ ਨੂੰ ਹੱਥ ਲਾਉਣ ਦੇਣਾ ਏ। ਵਗ ਜਾ ਇਥੋਂ’। ਭਾਨ ਸਿੰਘ ਨੇ ਬਥੇਰਾ ਰੋਅਬ ਦਿਖਾਇਆ, ਪਰ ਬਾਪ ਦੀ ਜ਼ਿਦ ਅਤੇ ਗੁੱਸੇ ਸਾਹਵੇਂ ਉਸ ਨੂੰ ਖਾਲੀ ਹੱਥ ਹੀ ਪਰਤਣਾ ਪਿਆ।
ਬਾਪ ਨੂੰ ਆਏ-ਗਏ, ਮੰਗ ‘ਤੇ ਜਾਣ ਜਾਂ ਤਿੱਥ-ਤਿਓਹਾਰ ‘ਤੇ ਸ਼ਰਾਬ ਪੀਣ ਦਾ ਸ਼ੌਕ ਸੀ। ਅਜਿਹੇ ਮੌਕਿਆਂ ‘ਤੇ ਉਹ ਜ਼ਿਆਦਾ ਸ਼ਰਾਬ ਪੀ ਕੇ ਕੋਈ ਨਾ ਕੋਈ ਬਿਖੇੜਾ ਜ਼ਰੂਰ ਖੜ੍ਹਾ ਕਰ ਲੈਂਦਾ, ਪਰ 1973-74 ਵਿਚ ਪਤਾ ਨਹੀਂ ਉਸ ਦੇ ਮਨ ਵਿਚ ਕੇਹੀ ਤਬਦੀਲੀ ਆਈ ਕਿ ਉਹ ਸ਼ਰਾਬ ਪੀਣੀ ਅਤੇ ਮਾਸ ਖਾਣਾ ਬਿਲਕੁਲ ਹੀ ਛੱਡ ਗਿਆ। ਮਨ ਦੀ ਕਰੜਾਈ ਦੇਖੋ ਕਿ ਉਸ ਨੇ ਹੁਣ ਤੱਕ ਸ਼ਰਾਬ ਜਾਂ ਮੀਟ ਨੂੰ ਹੱਥ ਨਹੀਂ ਲਾਇਆ। ਇਹ ਮਨ ਦੀ ਕਰੜਾਈ ਅਤੇ ਸਿਰੜ ਦੀ ਪਕਿਆਈ ਹੀ ਹੈ ਜਦ ਕਿ ਅਸੀਂ ਤਾਂ ਮਨ ਦੀ ਚੰਚਲਤਾ ਸਾਹਵੇਂ, ਸਹੁੰਆਂ ਜਾਂ ਵਾਅਦੇ ਤੋੜਨ ਲੱਗਿਆਂ ਬਹਾਨੇ ਘੜਦੇ ਰਹਿੰਦੇ ਹਾਂ। ਅਜਿਹੇ ਪ੍ਰਣ ਕਿਸੇ ਗੁਰੂ, ਪੀਰ ਜਾਂ ਬਾਬੇ ਦੇ ਕਹਿਣ ‘ਤੇ ਨਹੀਂ ਸੀ ਕੀਤਾ ਸਗੋਂ ਇਹ ਉਸ ਦਾ ਖੁਦ ਦਾ ਪ੍ਰਣ ਸੀ। ਬਹੁਤ ਦੇਰ ਬਾਅਦ ਭਾਵੇਂ ਉਹ ਛੋਟੇ ਭਰਾ ਦੇ ਪ੍ਰਭਾਵ ਹੇਠ ਰਾਧਾ ਸੁਆਮੀ ਡੇਰੇ ਜਾਣ ਲੱਗ ਪਿਆ ਸੀ।
ਬਾਪ ਦਾ ਸਭ ਤੋਂ ਵੱਡਾ ਸੁਪਨਾ ਆਪਣੇ ਪਰਿਵਾਰ ਨੂੰ ਕਾਮਯਾਬ ਹੋਇਆ ਦੇਖਣਾ ਸੀ। ਅਜੇ ਕੱਲ੍ਹ ਵਾਂਗ ਤਾਂ ਲੱਗਦਾ ਹੈ ਜਦ ਉਸ ਨੇ ਕਿਸੇ ਡੰਗਰ ਦੇ ਸੌਦੇ ਵਿਚੋਂ ਮੈਨੂੰ ਪੁਰਾਣਾ ਸਾਈਕਲ ਲੈ ਦਿਤਾ ਸੀ ਕਿਉਂਕਿ ਮੈਂ ਪਿੰਡ ਤੋਂ 3-4 ਮੀਲ ਦੂਰ ਧਾਲੀਵਾਲ ਵਿਖੇ 9ਵੀਂ ਵਿਚ ਪੜ੍ਹਨ ਜਾਣਾ ਸੀ। ਉਸ ਨੂੰ ਫਿਕਰ ਸੀ ਕਿ ਬੱਚੇ ਨੂੰ ਆਉਣ ਜਾਣ ਵਿਚ ਸੌਖ ਰਹੇ। ਪੜ੍ਹਾਈ ਪ੍ਰਤੀ ਮੇਰੇ ਬਾਪ ਦਾ ਦ੍ਰਿਸ਼ਟੀਕੋਣ ਮੇਰੇ ਤਾਏ ਨਾਲੋਂ ਵੱਖਰਾ ਸੀ। ਮੇਰਾ ਹਾਣੀ ਤਾਏ ਦਾ ਮੁੰਡਾ ਨੌਵੀਂ ਵਿਚੋਂ ਫੇਲ੍ਹ ਹੋ ਗਿਆ ਤਾਂ ਤਾਏ ਨੇ ਉਸ ਨੂੰ ਪੜ੍ਹਨੋਂ ਹਟਾ ਕੇ ਵਾਹੀ ਕਰਨ ਲਾ ਲਿਆ। ਜਦ ਮੈਨੂੰ ਗਿਆਰਵੀਂ ਵਿਚੋਂ ਫੇਲ੍ਹ ਹੋਣ ਦਾ ਪਤਾ ਲੱਗਾ ਤਾਂ ਮੈਂ ਜੂਨ ਮਹੀਨੇ ਬਾਪ ਨਾਲ ਗੱਡੇ ‘ਤੇ ਰੂੜੀ ਪਵਾ ਰਿਹਾ ਸਾਂ। ਪੁੱਤ ਦੀ ਨਾਕਾਮਯਾਬੀ ਤੋਂ ਨਿਰਾਸ਼ ਬਾਪ ਨੇ ਆਪਣੀ ਅੱਖ ਵਿਚ ਆਏ ਹੰਝੂ ਲੁਕੋ ਕੇ ਕਿਹਾ- ‘ਤੂੰ ਕਿਹੜਾ ਬੁੱਢਾ ਹੋ ਗਿਆ ਏਂ। ਇਸ ਵਾਰ ਵੱਧ ਮਿਹਨਤ ਕਰੀਂ। ਪੜ੍ਹਾਈ ਜਾਰੀ ਰੱਖਣੀ ਹੈ’। ਇਹ ਬਾਪ ਦੀ ਹੱਲਾਸ਼ੇਰੀ ਹੀ ਸੀ ਕਿ ਮੈਂ ਬੀæਐਸਸੀæ ਅਤੇ ਐਮæਐਸਸੀæ ਸਕਾਲਰਸ਼ਿਪ ਲੈ ਕੇ ਪਾਸ ਕੀਤੀਆਂ। ਪੀਐਚæਡੀæ ਸਮੇਂ ਜਦ ਮੈਨੂੰ ਐਗਜ਼ਾਮੀਨਰ ਨੇ ਪੁੱਛਿਆ- ‘ਤੂੰ ਸਰਕਾਰੀ ਕਾਲਜ ਵਿਚ ਪ੍ਰੋਫੈਸਰ eਂੇ, ਤੈਨੂੰ ਕੀ ਲੋੜ ਸੀ ਪੀਐਚæਡੀæ ਕਰਨ ਦੀ? ਇਸ ਦਾ ਮਾਇਕ ਲਾਭ ਤਾਂ ਹੋਣਾ ਨਹੀਂ। ਤੂੰ ਪੰਜ ਸਾਲ ਇਸ ‘ਤੇ ਗਵਾ ਦਿਤੇ। ਟਿਊਸ਼ਨ ਕਰ ਕੇ ਬਹੁਤ ਪੈਸੇ ਕਮਾ ਸਕਦਾ ਸੀ’; ਤਾਂ ਮੇਰਾ ਨਿਮਰਤਾ ਸਹਿਤ ਜਵਾਬ ਸੀ- ‘ਮੇਰੀ ਪੀਐਚæਡੀæ ਬਾਪ ਦੀ ਅੱਖ ਵਿਚ ਤਰਦੇ ਉਸ ਹੰਝੂ ਨੂੰ ਅਕੀਦਤ ਏ ਜਿਹੜਾ ਅੱਜ ਵੀ ਮੈਨੂੰ ਪ੍ਰਤੱਖ ਨਜ਼ਰ ਆਉਂਦਾ ਏ ਜਦ ਮੈਂ ਗਿਆਰਵੀਂ ਵਿਚੋਂ ਫੇਲ੍ਹ ਹੋ ਗਿਆ ਸਾਂ। ਉਸ ਸਮੇਂ ਮੈਂ ਬਾਪ ਦੀ ਅੱਖ ਵਿਚ ਜੰਮ ਗਏ ਹੰਝੂ ਦਾ ਮੁੱਲ ਮੋੜਨ ਦਾ ਅਹਿਦ ਕੀਤਾ ਸੀ। ਇਸ ਡਿਗਰੀ ਲਈ ਮਿਹਨਤ ਅਤੇ ਸਮਾਂ, ਉਸ ਅਹਿਦ ਸਾਹਵੇਂ ਤਾਂ ਤੁੱਛ ਹੈ’।
ਬਾਪ ਦੀ ਇਮਾਨਦਾਰੀ, ਆਪਣੇ ਆਪ ਵਿਚ ਮਿਸਾਲ ਏ ਅਤੇ ਉਸ ਦਾ ਧਰਮ, ਦਿਆਨਤਦਾਰੀ ਨਾਲ ਪ੍ਰਨਾਇਆ ਹੋਇਆ ਏ। ‘ਕੇਰਾਂ ਮੇਰੇ ਸਹੁਰਾ ਸਾਹਿਬ ਹੈਡਮਾਸਟਰ ਗੁਰਚਰਨ ਸਿੰਘ ਮਾਨ ਪਿੰਡ ਆਏ ਹੋਏ ਸਨ। ਉਨ੍ਹਾਂ ਨੇ ਮੇਰੇ ਬਾਪ ਨੂੰ ਕਿਹਾ- “ਤੁਹਾਡੇ ਪਿੰਡ ਦੇ ਕੋਲ ਸਤਿਸੰਗ ਹੋ ਰਿਹਾ ਏ। ਤੁਸੀਂ ਵੀ ਜਾ ਰਹੇ ਹੋ?” ਜਵਾਬ ਸੀ- “ਕਿਸੇ ਦੇ ਚੋਰੀ ਪੱਠੇ ਨਾ ਵੱਢੋ। ਇਹ ਹੀ ਸਭ ਤੋਂ ਵੱਡਾ ਸਤਿਸੰਗ ਹੈ।” ਕਿੰਨਾ ਵੱਡਾ ਸੱਚ! ਕਿਰਸਾਨੀ ਨਾਲ ਜੁੜੀ ਸੱਚਾਈ ਰਾਹੀਂ ਜੀਵਨ-ਜਾਚ ਨੂੰ ਰੂਹ ਵਿਚ ਉਤਾਰਨ ਦਾ ਆਹਲਾ ਤਰੀਕਾ। ਅਜਿਹੀ ਦਾਰਸ਼ਨਿਕਤਾ ਵੱਡੇ ਵਿਦਵਾਨਾਂ ਦੇ ਊਣੇ ਗਿਆਨ ਦੇ ਮੇਚ ਕਿੰਜ ਆਵੇਗੀ?
ਆਪਣੇ ਬੱਚਿਆਂ ਨੂੰ ਉਡਾਰੂ ਬਣਾ, ਉਨ੍ਹਾਂ ਦੇ ਸੁਪਨਿਆਂ ਦੀ ਪ੍ਰਾਪਤੀ ਲਈ ਭਰਪੂਰ ਯੋਗਦਾਨ ਪਾਉਣ ਵਾਲਾ ਬਾਪ ਸਦਾ ਰੱਬ ਦਾ ਸ਼ੁਕਰਗੁਜ਼ਾਰ ਰਹਿੰਦਾ ਹੈ ਭਾਵੇਂ ਹੁਣ ਉਹ ਕਦੇ ਕਦੇ ਜੀਵਨ ਸਾਥਣ ਦੇ ਵਿਛੋੜੇ ਕਾਰਨ ਅੰਦਰੋਂ ਧੁੱਖਣ ਵੀ ਲੱਗ ਪੈਂਦਾ ਏ।
ਮੇਰੇ ਹਰਫਾਂ ਵਿਚ ਬਾਪ ਦਾ ਬਿੰਬ ਅਤੇ ਉਸ ਦੀ ਅਸੀਸ, ਮੈਨੂੰ ਸਵੈ ਨਾਲ ਜੋੜਦੀ, ਅੰਤਰ-ਸੰਵਾਦ ਦੇ ਰਾਹ ਤੋਰਦੀ ਏ ਜਿਸ ਵਿਚੋਂ ਖੁਦ ਦੀ ਪਛਾਣ ਕਰਨ ਵਿਚ ਮਦਦ ਮਿਲਦੀ ਏ। ਇਹ ਖੁਦ ਤੋਂ ਖੁਦ ਤੀਕ ਦਾ ਸਫਰ ਹੀ ਹੈ ਜਿਹੜਾ ਮੇਰਾ ਨਸੀਬ ਬਣ ਕੇ, ਹਰਫਾਂ ਦੀ ਇਬਾਰਤ ਰਾਹੀਂ ਤਹਿਰੀਕ ਦੇ ਵਰਕਿਆਂ ‘ਤੇ ਫੈਲ ਜਾਂਦਾ ਏ ਅਤੇ ਮੈਂ ਇਸ ਹਰਫ-ਅਮਾਨਤ ਨੂੰ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਕੇ ਸੁਰਖਰੂ ਹੋ ਜਾਂਦਾ ਹਾਂ। ਕੁਝ ਕਵਿਤਾਵਾਂ ਵਿਚ ਮੇਰਾ ਬਾਪ, ਮੇਰੇ ਸੰਗ ਤੁਰਦਾ, ਕਲਮ ਦੇ ਸੁੱਚੇ ਹਰਫ ਬਣਦਾ ਏ ਜੋ ਮੇਰੀ ਰੂਹ ਦੇ ਸਭ ਤੋਂ ਨੇੜੇ ਨੇ। ਇਨ੍ਹਾਂ ਕਵਿਤਾਵਾਂ ਵਿਚ ਮੈਂ ਬਾਪ ਦੇ ਕਈ ਰੰਗਾਂ ਨੂੰ ਸਮਾਜਿਕ ਦਰਪਣ ਵਿਚੋਂ ਦੇਖਿਆ ਅਤੇ ਅਜੋਕੇ ਸਮਾਜ ਦੇ ਬਹੁ-ਪਰਤੀ ਰੂਪਾਂ ਨੂੰ ਚਿਤਰਿਆ ਏ।
ਹਰਫਾਂ ਦੀ ਚਰਨ-ਬੰਦਨਾ ‘ਚ ਬਾਪ ਨੂੰ ਪਰਿਭਾਸ਼ਤ ਕਰਦਿਆਂ, ਕਾਵਿਕਤਾ ਆਪ ਮੁਹਾਰੇ ਵਹਿ ਤੁਰੀ:
ਬਾਪ
ਸਿਰਫ ਦੋ ਅੱਖਰਾਂ ਦਾ ਜੋੜ ਨਹੀਂ
ਇਸ ਵਿਚ ਸਮਾਏ ਹੋਏ ਨੇ
ਅਸੀਮ ਅਰਥ, ਸੰਵੇਦਨਾਵਾਂ ਤੇ ਸੁਪਨੇ।

ਬਾਪ
ਤੁਹਾਡੀ ਉਂਗਲ ਹੀ ਨਹੀਂ ਫੜਦਾ
ਤੁਹਾਡੇ ਕਦਮਾਂ ਦੇ ਨਾਵੇਂ ਮੰਜ਼ਲਾਂ ਦੀ ਪੈੜ
ਤੇ ਮੱਥੇ ਵਿਚ ਦਿਸਹੱਦਿਆਂ ਦਾ
ਸਿਰਨਾਵਾਂ ਧਰਦਾ ਏ।

ਬਾਪ
ਕੰਨਹੇੜੀ ‘ਤੇ ਬਿਠਾ ਕੇ ਮੇਲਾ ਹੀ ਨਹੀਂ ਦਿਖਾਉਂਦਾ
ਤੁਹਾਡੇ ਅਵਚੇਤਨ ਵਿਚ ਦੁਨੀਆਂ ਦੇ ਰੰਗ ਤਮਾਸ਼ੇ
ਅਤੇ ਜ਼ਿੰਦਗੀ ਦੇ ਵਿਭਿੰਨ ਰੂਪਾਂ ਦੀ ਤਸ਼ਬੀਹ ਵੀ ਖੁਣ ਦਿੰਦਾ ਏ

ਬਾਪ
ਜਦ ਹੱਲ ਵਾਹੁਣਾ ਸਿਖਾਉਂਦਿਆਂ
ਨਿੱਕੇ ਹੱਥਾਂ ਵਿਚ ਪਰਾਣੀ ਅਤੇ ਪੁਚਕਾਰ ਪਕੜਾਉਂਦਾ ਏ
ਤਾਂ ਸਮਤੋਲ ਤੋਰ ਅਤੇ ਆਤਮਿਕ ਡਰ ਨੂੰ
ਤੁਹਾਡੇ ਜ਼ਿਹਨ ‘ਚ ਸਦੀਵੀ ਉਤਾਰ ਦਿੰਦਾ ਏ।

ਬਾਪ
ਜਦ ਨੰਗੇ ਪੈਰਾਂ ਦੇ ਸਫਰ ਨੂੰ
ਤੁਹਾਡੇ ਲਈ ਫਲ੍ਹੇ ਦੀ ਪਰਿਕਰਮਾ ਬਣਾਉਂਦਾ ਏ।
ਤਾਂ ਕੋਮਲ ਸੋਚ ‘ਚ ਮੁਸ਼ੱਕਤ ਦੀ ਵਗਦੀ ਪੱਛੋਂ
ਸੁਨਹਿਰੀ ਦਾਣਿਆਂ ਦਾ ਬੋਹਲ ਬਣਾਉਂਦੀ ਏ।

ਬਾਪ
ਦੇ ਚੋਂਦੇ ਮੁੜ੍ਹਕੇ ਦੇ ਨਾਵੇਂ
ਜਦ ਜੁਆਕ ਕੱਚੀ ਲੱਸੀ ਦਾ ਜੱਗ ਕਰਦਾ ਏ।
ਤਾਂ ਬੱਚੇ ਦੇ ਮਸਤਕ ‘ਚ
ਮੁੜ੍ਹਕੇ ਚੋਂ ਮੋਤੀਆਂ ਦੀ ਫਸਲ ਉਗਾਉਣ ਦੀ ਜਾਚ ਜਨਮਦੀ ਏ।

ਬਾਪ
ਜਦ ਧੁੱਪ ‘ਚ ਨੰਗੇ ਪੈਰੀਂ ਤੁਰੇ ਜਾਂਦੇ
ਬੱਚੂ ‘ਤੇ ਪਰਨੇ ਦੀ ਛਾਂ ਕਰਦਾ ਏ
ਤਾਂ ਸਫਾਫ ਮਨ ‘ਚ ਛਾਂਵਾਂ ਵੰਡਣ ਦੀ ਬਿਰਤੀ ਉਗਮਦੀ ਏ।

ਬਾਪ
ਜਦ ਕਿਸੇ ਦੇ ਖੇਤੋਂ ਪੱਠੇ ਨਾ ਵੱਢਣ ਦੀ ਨਸੀਹਤ ਕਰਦਾ ਏ।
ਤਾਂ ਇਹ ਕਰਮ-ਯੋਗਤਾ ਦਾ ਪਹਿਲਾ ਪਾਠ ਬਣ ਜਾਂਦਾ ਏ।

ਤੇ
ਬਾਪ ਦੇ ਸੁਪਨਿਆਂ ਨੂੰ ਸੂਹੇ ਫੁੱਲ
ਬਾਪ ਦੀ ਅਕੀਦਤ ਦਾ ਹਾਸਲ ਹੁੰਦੇ ਨੇ।

ਬਾਪ
ਦੋ ਹਰਫਾਂ ਦਾ ਜੋੜ ਨਹੀਂ।
æææ
ਜਦ ਮੇਰਾ ਬਾਪ ਮੈਨੂੰ ਮਿਲਣ ਕਪੂਰਥਲਾ ਆਉਂਦਾ ਤਾਂ ਪੀੜ੍ਹੀਆਂ ਦੇ ਫਰਕ ਵਿਚ ਉਲਝਿਆ ਸਮਾਜਿਕ ਵਰਤਾਰਾ ਮੈਨੂੰ ਬਹੁਤ ਪੀੜਤ ਕਰਦਾ। ਅਜਿਹੇ ਵਰਤਾਰੇ ਦੇ ਨਾਮ ਇਕ ਕਵਿਤਾ ਮੈਂ ਬਾਪ ਨੂੰ ਅਰਪਿਤ ਕੀਤੀ ਸੀ ਜੋ ਮੇਰੀ ਸੰਵੇਦਨਾ ਨੂੰ ਹੁਣ ਵੀ ਝੰਜੋੜ ਜਾਂਦੀ ਏ:

ਮੇਰਾ ਬਾਪ
ਬਹੁਤ ਘੱਟ
ਮੈਨੂੰ ਮਿਲਣ ਸ਼ਹਿਰ ਆਉਂਦਾ ਹੈ।

ਕਦੇ ਕਦੇ ਆਉਣ ਵਾਲਾ ਮੇਰਾ ਬਾਪ
ਬੂਹਾ ਖੋਲ੍ਹਣ ਤੋਂ ਡਰਦਾ
ਬੈੱਲ ਮਾਰ ਕੇ ਉਡੀਕ ਕਰਦਾ ਹੈ
ਕਿ ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲ੍ਹੇਗਾ
ਤੇ ਗੇਟ ਖੁੱਲ੍ਹਣ ‘ਤੇ ਵੀ
ਅੰਦਰ ਲੰਘਣ ਤੋਂ ਝਿਜਕਦਾ ਹੈ
ਘਰ ‘ਚ ਰੱਖੇ ਜਰਮਨ ਸ਼ੈਫਰਡ ਤੋਂ।

ਅੰਦਰ ਲੰਘ ਕੇ
ਮੰਜੇ ‘ਤੇ ਅਲਸਾਉਣ ਵਾਲਾ ਮੇਰਾ ਬਾਪ
ਸੋਫੇ ਵਿਚ ਸੁੰਗੜ ਜਾਂਦਾ ਹੈ
ਅਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ
ਚਾਹ ਦਾ ਕੱਪ ਤੇ ਦੋ ਕੁ ਬਿਸਕੁਟ ਨਿਰਾ ਮਖੌਲ ਜਾਪਦੇ ਨੇ।

ਮੇਰੇ ਬੱਚਿਆਂ ਨੂੰ ਅੱਖਰਦਾ ਹੈ
ਬਾਪ ਦਾ ਖੁਰਦਰੇ ਹੱਥਾਂ ਨਾਲ ਪਲੋਸਣਾ
ਉਹ ਦਾਦੇ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਦੀ ਬਜਾਏ
ਟੀæਵੀæ ਤੇ ਕੰਪਿਊਟਰ ਵਿਚ ਖੁੱਭ ਜਾਂਦੇ ਨੇ
ਤੇ ਬਾਪ ਦੀਆਂ ਬਾਤਾਂ ਮਸੋਸ ਕੇ ਰਹਿ ਜਾਂਦੀਆਂ ਨੇ।

ਮੇਰੇ ਰੁਝੇਵਿਆਂ ਨੇ ਖਾ ਲਿਆ ਹੈ
ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ।

ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਬਾਪ ਨੂੰ
ਜਦ ਖਾਣ ਲਈ ਪੀਜ਼ਾ ਦੇਈਏ
ਤਾਂ ਉਸ ਦੀ ਭੁੱਖ ਮਰ ਜਾਂਦੀ ਹੈ।

ਦਲਾਨ ਵਿਚ
ਸਾਰੇ ਪਰਿਵਾਰ ਦੇ ਮੰਜੇ ਡਾਹ ਕੇ
ਸੌਣ ਵਾਲੇ ਬਾਪ ਨੂੰ
ਬੈੱਡਰੂਮ ਵਿਚ ਨੀਂਦ ਨਹੀਂ ਆਉਂਦੀ।

ਸੂਰਜ ਡੁੱਬਣ ਸਾਰ ਸੌਣ ਵਾਲੇ ਬਾਪ ਦੀ
ਕੱਚੀ ਨੀਂਦ ਉਖੜ ਜਾਂਦੀ ਹੈ
ਜਦ ਅਸੀਂ ਅੱਧੀ ਰਾਤ ਨੂੰ
ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ।

ਉਹ ਸੁੱਤ-ਉਨੀਂਦਰਾ
ਅੰਮ੍ਰਿਤ ਵੇਲੇ ਉਠ
ਨੌਕਰ ਹੱਥੋਂ ਚਾਹ ਦਾ ਕੱਪ ਪੀ
ਸਾਡੇ ਜਾਗਣ ਤੋਂ ਪਹਿਲਾਂ ਪਹਿਲਾਂ
ਪਿੰਡ ਨੂੰ ਵਾਪਸ ਪਰਤ ਜਾਂਦਾ ਹੈ।

ਅਕਸਰ ਹੀ
ਮੇਰਾ ਬਾਪ
ਬਹੁਤ ਘੱਟ
ਮੈਨੂੰ ਮਿਲਣ ਸ਼ਹਿਰ ਆਉਂਦਾ ਹੈ।
ਜਦ ਜੀਵਨ ਦੀ ਢਲਦੀ ਸ਼ਾਮ ‘ਚ ਮੇਰੀ ਮਾਤਾ ਸਦੀਵੀ ਵਿਛੋੜਾ ਦੇ ਗਈ ਤਾਂ ਬਾਪ ਅੰਦਰੋਂ ਟੁੱਟ ਕੇ ਵੀ ਬਾਹਰੋਂ ਸਬੂਤਾ ਹੋਣ ਦਾ ਧਰਮ ਪਾਲਦਾ ਰਿਹਾ। ਇਸ ਧਰਮ ਨੇ ਉਸ ਨੂੰ ਮਾਨਸਿਕ ਤੌਰ ‘ਤੇ ਬਹੁਤ ਕਮਜ਼ੋਰ ਕਰ ਦਿਤਾ ਏ। ਹੁਣ ਅਕਸਰ ਹੀ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦ ਅਸੀਂ ਪਰਦੇਸੋਂ ਫੋਨ ਕਰਦੇ ਹਾਂ ਜਾਂ ਵਤਨ ਜਾ ਕੇ ਵਾਪਸ ਪਰਦੇਸ ਨੂੰ ਤੁਰਨ ਲੱਗਦੇ ਹਾਂ। ਮਾਂ ਦੀ ਮੌਤ ਤੋਂ ਬਾਅਦ ਜਦ ਪਹਿਲੀ ਵਾਰ ਪਿੰਡ ਗਿਆ ਤਾਂ ਨਿੱਕੀ ਜਿਹੀ ਘਟਨਾ ਵੱਡੇ ਅਰਥਾਂ ਦਾ ਸੁਨੇਹਾ, ਮੇਰੀ ਤਲੀ ‘ਤੇ ਧਰ, ਭਾਵੁਕ ਕਵਿਤਾ ਦੀ ਧਰਾਤਲ ਬਣ ਗਈ। ਇਸ ਕਵਿਤਾ ਨੂੰ ਸੁਣ ਕੇ ਨਿਊ ਯਾਰਕ ਵਿਚ ਰਹਿੰਦੇ ਮੁਸਲਮਾਨ ਪੰਜਾਬੀ ਸ਼ਾਇਰ ਭਰਾ ਸੁੰਨ ਹੀ ਹੋ ਗਏ ਸਨ, ਕੀ ਇੰਜ ਵੀ ਅਹਿਸਾਸਾਂ ਨੂੰ ਸਿਰਜਿਆ ਜਾ ਸਕਦਾ ਏ:
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆ ਹਾਂ।

ਘਰ ਦੇ ਸਾਰੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ
ਅਤੇ
ਮੈਂ ਘਰ ‘ਚ ਇਕੱਲਾ
ਸਿਮਰਤੀਆਂ ‘ਚ ਗਵਾਚ ਜਾਂਦਾ ਹਾਂ।
ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ
ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ
ਅਤੇ ਦੇਰ ਨਾਲ ਆਉਣ ‘ਤੇ ਨਿਹੋਰਾ ਦਿੰਦਿਆਂ
ਕਲਾਵੇ ‘ਚ ਲੈ
ਅਸੀਸਾਂ ਦੀ ਝੜੀ ਲਾਉਣ ਦੀਆਂ ਯਾਦਾਂ
ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ
ਅੱਖਾਂ ਨਮ ਕਰ ਜਾਂਦੀਆਂ ਹਨ।

ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ,
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ-
ਮੈਨੂੰ ਪਤਾ ਸੀ
ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ।
ਅੱਜ ਇਕ ਪੱਕਾ ਅੰਬ ਲੱਭਾ ਸੀ
ਲੈ ਫੜ, ਚੂਪ ਲੈ।

ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂæææ
ਮਾਂ ਦੀ ਮੌਤ ਤੋਂ ਬਾਅਦ
ਬਾਪ
ਮਾਂ ਵੀ ਬਣ ਗਿਆ ਹੈ!
ਅੱਜ ਕੱਲ ਪਰਦੇਸ ਰਹਿੰਦਾ ਹਾਂ। ਸਾਲ ਦੋ ਸਾਲ ਬਾਅਦ ਪਿੰਡ ਗੇੜਾ ਲੱਗਦਾ ਏ। ਬਾਪ ਨੂੰ ਅਕਸਰ ਉਡੀਕ ਰਹਿੰਦੀ ਏ। ਆਪਣੀਆਂ ਪੋਤਰੀਆਂ ਨੂੰ ਮਿਲਣ ਜਾਂ ਪਰਿਵਾਰ ਦੀ ਸੁੱਖ ਸਾਂਦ ਦੀ ਤਾਂਘ ਹੁੰਦੀ ਏ। ‘ਕੇਰਾਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਿਆ, ਪਰ ਕਿਸੇ ਮਜਬੂਰੀਵਸ ਆਖਰੀ ਪਲ ਟਾਲਣਾ ਪਿਆ। ਉਸ ਮਾਨਸਿਕ ਟੁੱਟ-ਭੱਜ ਵਿਚ ਮੇਰੇ ਹਰਫ, ਮੇਰੀ ਸੰਵੇਦਨਾ ਅਤੇ ਅੰਤਰ-ਪੀੜ ਨੂੰ ਆਪਣੇ ਵਿਚ ਜੀਰਨ ਦਾ ਹੀਆ ਨਾ ਕਰ ਸਕੇ ਜਿਨ੍ਹਾਂ ਦੇ ਹਵਾਲੇ ਆਪਣੀ ਵੇਦਨਾ ਪ੍ਰਗਟ ਕੀਤੀ:
ਭਰਾ ਦਾ ਫੋਨ ਆਇਆ ਏ
ਬਾਪ ਦੀ ਫਿਕਰਮੰਦੀ ਦੱਸਦਿਆਂ
ਪੁੱਛਦਾ ਏ
ਤੂੰ ਕਦ ਆਉਣਾ ਏ?
ਸੋਚਦਾ ਹਾਂ
ਬਾਪ ਨੂੰ ਆਉਣ ਦਾ ਕਾਹਨੂੰ ਦੱਸਣਾ ਸੀ
ਉਸ ਨੇ ਤਾਂ ਉਂਗਲਾਂ ‘ਤੇ ਗਿਣ ਲਏ ਹੋਣਗੇ ਦਿਨ
ਹਰ ਬੀਤਦਾ ਦਿਨ ਉਸ ਦੀ ਉਡੀਕ ਘਟਾਉਂਦਾ
ਆਸ ਦਾ ਫੁੱਲ ਸੋਚ ‘ਚ ਉਗਾਉਂਦਾ ਹੋਵੇਗਾ

ਮੇਰਾ ਰੁਝੇਵਿਆਂ ਕਾਰਨ
ਜਾਣ ਤੋਂ ਟਾਲਾ ਵੱਟਣਾ,
ਜਿਬਾਹ ਕਰਦਾ ਹੋਵੇਗਾ ਬਾਪ ਦੇ ਚਾਅ
ਤੇ ਹੁਣ ਆਖਰ ਨੂੰ
ਬਾਪ ਦੀਆਂ ਤਿਊੜੀਆਂ ਤੋਂ ਮਾਫੀ ਮੰਗਣ ਲਈ
ਮੈਂ ਪਿੰਡ ਜਾਣ ਦੀ ਕਾਹਲ ਵਿਚ ਹਾਂ।
ਬਾਪ ਸਭ ਤੋਂ ਵੱਡੀ ਦਾਤ। ਅਮੁਲ ਖਜ਼ਾਨਾ। ਸੁਪਨਿਆਂ ਦਾ ਸੁੱਚਾ ਨਾਮਕਰਨ। ਜੜ੍ਹਾਂ ਦੀ ਧਰਾਤਲ। ਵਿਰਾਸਤ ਦਾ ਮਾਣਮੱਤਾ ਹਰਫ। ਪ੍ਰਾਪਤੀਆਂ ਦਾ ਆਧਾਰ। ਚੇਤਿਆਂ ‘ਚ ਵੱਸੇ ਪਿੰਡ ਦੇ ਨਕਸ਼ ਅਤੇ ਖੇਤਾਂ ‘ਚ ਉਭਰਦਾ ਕ੍ਰਿਸ਼ਮਈ ਸਰੂਪ, ਪਰ ਪਰਦੇਸਾਂ ਵਿਚ ਵੱਸਦੇ ਪੁੱਤਰ ਕਿੰਨੇ ਨਿਕਰਮੇ ਹੋ ਗਏ ਨੇ। ਜ਼ਿਆਦਾਤਰ ਪੁੱਤ ਤਾਂ ਬਾਪ ਦੀਆਂ ਅੰਤਮ ਰਸਮਾਂ ਵਿਚ ਸ਼ਰੀਕ ਹੋਣ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਉਹ ਸਿਰਫ ਪਿੰਡ ਜਾਂਦੇ ਨੇ ਬਾਪ ਦੇ ਸਿਵੇ ਦੀ ਉਡ ਰਹੀ ਰਾਖ ਫਰੋਲਣ ਜਾਂ ਫਿਰ ਸਿਵੇ ਦੇ ਖੂੰਜੇ ‘ਚ ਨਿਪੱਤਰੇ ਬਿਰਖ ਦੇ ਗੱਲ ਲੱਗ, ਰੁਦਨ ਸੁਣਾਉਣ ਅਤੇ ਬਾਪ ਦੀਆਂ ਯਾਦਾਂ ਦੀ ਧੂਣੀ ਮਘਾਉਣ।
ਬਾਪ ਆਪਣੇ ਦੋ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਪਿੰਡ ਵਿਚ ਰੰਗੀਂ ਵੱਸਦਾ ਏ, ਪਰ ਮੈਂ ਕਈ ਵਾਰ ਆਪਣੇ ਆਪ ‘ਚ ਗੁਨਾਹਗਾਰ ਬਣ ਬਹਿੰਦਾ ਹਾਂ ਕਿ ਢਲਦੀ ਸ਼ਾਮ ਵੇਲੇ ਬਾਪ ਦੀ ਸੰਗਤ ਅਤੇ ਉਨ੍ਹਾਂ ਦੀ ਸੇਵਾ ਤੋਂ ਵਿਰਵਾ ਹਾਂ। ਅਸੀਂ ਪਰਿਵਾਰਕ ਖਲਜਗਣ ਵਿਚ ਹੀ ਅਜਿਹੇ ਉਲਝੇ ਹਾਂ ਕਿ ਇਸ ਕੁਤਾਹੀ ਤੋਂ ਬਚਣ ਲਈ ਅਕਸਰ ਬਹਾਨੇ ਘੜਦੇ ਰਹਿੰਦੇ ਹਾਂ। ਅਜਿਹਾ ਅਕਸਰ ਮੇਰੇ ਨਾਲ ਵੀ ਵਾਪਰਦਾ ਏ। ਇਉਂ ਲੱਗਦਾ ਹੈ ਕਿ ਅਜਿਹਾ ਪਰਦੇਸ ਵਿਚ ਰਹਿੰਦੇ ਹਰ ਸ਼ਖਸ ਨਾਲ ਹੁੰਦਾ ਹੋਵੇਗਾ ਜਿਸ ਦੀ ਚੇਤਨਾ ਅਜੇ ਤੱਕ ਮਰੀ ਨਹੀਂ, ਜਿਸ ਨੂੰ ਹੁਣ ਵੀ ਆਪਣੇ ਪਿੰਡ, ਘਰ, ਬਾਪ ਜਾਂ ਬਚਪਨੀ ਸੁਪਨੇ ਆਉਂਦੇ ਨੇ ਜਿਨ੍ਹਾਂ ਨਾਲ ਅਸੀਂ ਅਚੇਤ ਰੂਪ ਵਿਚ ਬਹੁਤ ਡੂੰਘੀ ਤਰ੍ਹਾਂ ਜੁੜੇ ਹੋਏ ਹਾਂ।
ਜਿੰਨਾ ਚਿਰ ਬਾਪ ਜਿਉਂਦਾ ਏ, ਪਿੰਡ ਜਾਣਾ ਚੰਗਾ ਲੱਗਦਾ ਏ ਕਿAੁਂਕਿ ਸੰਘਣੀ ਛਾਂ ਨੂੰ ਮਿਲਣ ਦਾ ਮਨ ਵਿਚ ਚਾਅ ਹੁੰਦਾ ਏ। ਕੋਈ ਮੋਹ ਭਿੱਜੀ ਆਸ ਨਾਲ ਸਾਨੂੰ ਵੀ ਉਡੀਕ ਰਿਹਾ ਹੁੰਦਾ ਏ ਜਿਸ ਨੂੰ ਮਿਲ ਕੇ ਸੀਨੇ ‘ਚ ਠੰਢ ਪੈ ਜਾਂਦੀ ਹੈ। ਰਿਸ਼ਤੇ ਤਾਂ ਮਾਪਿਆਂ ਨਾਲ ਹੀ ਹੁੰਦੇ ਨੇ!
ਖੁਦਾ ਕਰੇ! ਬਾਪ ਰੂਪੀ ਅਸੀਸਾਂ ਦਾ ਦਰਿਆ ਸਦਾ ਵਗਦਾ ਰਹੇ।