ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸਾਊਥ ਸੈਕਰਾਮੈਂਟੋ ਦੀ ਡੀæਐਮæਵੀæ ਵਿਚ ਮੈਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਪਿਛਿਓਂ ਕਿਸੇ ਨੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ, “ਕੁਲਾਰ ਬਾਈ।” ਮੁੜ ਕੇ ਦੇਖਦਿਆਂ ‘ਹਾਂ ਜੀ’ ਕਿਹਾ। ਉਹ ਬੜੇ ਪਿਆਰ ਨਾਲ ਮਿਲਿਆ। ਨਾਲ ਦੀ ਕੁਰਸੀ ‘ਤੇ ਬੈਠਦਿਆਂ ਸਾਰ ਬੋਲਿਆ, “ਬਾਈ! ‘ਪੰਜਾਬ ਟਾਈਮਜ਼’ ਮੇਰੀ ਰੂਹ ਦੀ ਖੁਰਾਕ ਹੈ। ਇਥੇ ਮੇਰੀ ਧੀ ਨੇ ਮੈਨੂੰ ਸੱਦਿਆ ਹੈ ਤੇ ਉਹਨੇ ਹੀ ਇਕ ਦਿਨ ਇਹ ਅਖਬਾਰ ਮੇਰੇ ਹੱਥਾਂ ਵਿਚ ਲਿਆ ਕੇ ਦਿੱਤੀ ਸੀ। ਸਾਲ ਹੋ ਗਿਆ ਹੈ, ਅਖਬਾਰ ਦਾ ਕੋਈ ਲੇਖ ਨਹੀਂ ਛੱਡਦਾ। ਵੱਡੀ ਗੱਲ ਇਹ ਕਿ ਅਖਬਾਰ ਪਾਖੰਡੀ ਤਾਂਤਰਿਕਾਂ ਦੀ ਮਸ਼ਹੂਰੀ ਤੋਂ ਬਚਿਆ ਹੋਇਆ ਹੈ।” ਫਿਰ ਗੱਲਾਂ ਗੱਲਾਂ ਵਿਚ ਉਸ ਨੇ ਆਪਣੀ ਹੱਡਬੀਤੀ ਵੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ:
“ਬਾਈ! ਸਾਡਾ ਸਹੁਰਾ ਇਕੱਲਾ ਭਰਾ ਸੀ। ਫੌਜ ਵਿਚੋਂ ਪੈਨਸ਼ਨ ਲੈ ਕੇ ਆ ਗਿਆ ਸੀ। ਉਸ ਦੇ ਦੋ ਧੀਆਂ ਹੀ ਸਨ। ਵੱਡੀ ਬੀਤੋ ਦਾ ਰਿਸ਼ਤਾ ਮੈਨੂੰ ਪੁੜੈਣ ਵਾਲਿਆਂ ਨੇ ਕਰਵਾ ਦਿੱਤਾ ਤੇ ਛੋਟੀ ਦੇਬੋ ਦਾ ਰਿਸ਼ਤਾ ਲਾਗਲੇ ਪਿੰਡ। ਵਿਆਹ ਦੋਵਾਂ ਦੇ ਇਕੱਠੇ ਹੀ ਕਰ ਦਿੱਤੇ। ਮੈਨੂੰ ਭਰਾਵਾਂ ਵੰਡੇ ਤਿੰਨ ਕਿੱਲੇ ਜ਼ਮੀਨ ਆਉਂਦੀ ਸੀ ਤੇ ਮੇਰੇ ਸਾਂਢੂ ਨੂੰ ਇਕੱਲਾ ਹੋਣ ਕਰ ਕੇ ਨੌਂ ਕਿੱਲੇ। ਮੈਂ ਬਚਪਨ ਤੋਂ ਹੀ ਵੈਸ਼ਨੂੰ ਸੀ ਜਿਸ ਕਰ ਕੇ ਬੀਤੋ ਦੀ ਮੰਗ ‘ਤੇ ਖਰਾ ਉਤਰਿਆ। ਸਾਂਢੂ ਪੂਰਾ ਸ਼ੌਕੀਨ ਤੇ ਖਾਣ-ਪੀਣ ਵਾਲਾ ਸੀ, ਪਰ ਉਸ ਦੇ ਨੌਂ ਕਿੱਲਿਆਂ ਨੇ ਐਬ ਲੁਕੋ ਲਏ ਸਨ। ਸਾਡੇ ਘਰ ਮੁਖ਼ਤਾਰੀ ਵੱਡੇ ਭਰਾ ਤੇ ਬਾਪੂ ਦੀ ਸੀ। ਮੈਂ ਕਬੀਲਦਾਰੀ ਤੋਂ ਬੇਖ਼ਬਰ, ਬੱਸ ਕੰਮ ਵਿਚ ਹੀ ਧਿਆਨ ਦਿੰਦਾ।
ਵਿਆਹ ਤੋਂ ਬਾਅਦ ਸਾਂਢੂ ਸਹੁਰੇ ਪਿੰਡ ਸਕੂਟਰ ‘ਤੇ ਜਾਂਦਾ, ਮੈਂ ਤੇ ਬੀਤੋ ਬੱਸ ਚੜ੍ਹ ਕੇ। ਨਵੇਂ-ਨਵੇਂ ਵਿਆਹੇ ਸੀ ਤਾਂ ਕਈ ਰਾਤਾਂ ਅਸੀਂ ਸਹੁਰੀਂ ਇਕੱਠਿਆਂ ਕੱਟੀਆਂ ਸਨ। ਸਾਂਢੂ ਵਡਿਆਈ ਦੇ ਪੁਲ ਉਸਾਰਦਾ, ਮੈਂ ਰਜਾਈ ਵਿਚ ‘ਕੱਠਾ ਹੋ ਜਾਂਦਾ। ਉਸ ਅੰਦਰ ਨੌਂ ਕਿੱਲਿਆਂ ਦਾ ਟੱਕ ਬੋਲਦਾ, ਤੇ ਮੈਂ ਰੇਤੇ ਵਾਲੀ ਜ਼ਮੀਨ ਵਾਂਗ ਆਪਣੇ ਆਪ ਵਿਚ ਕਿਰਦਾ ਜਾਂਦਾ। ਦੇਬੋ ਵੀ ਸਹੁਰਿਆਂ ਦੇ ਘਰ ਦੀ ਵਡਿਆਈ ਸਣਾਉਂਦੀ ਨਾ ਥੱਕਦੀ। ਸੱਸ ਕਈ ਵਾਰ ਟੋਕਦੀ ਕਿ ਇੰਜ ਨਾ ਕਰਿਆ ਕਰੋ, ਸਭ ਕਰਮਾਂ ਦੀ ਖੇਡ ਹੁੰਦੀ ਹੈ, ਪਰ ਮੇਰੇ ਨਾਲੋਂ ਬੀਤੋ ਆਪਣੀ ਭੈਣ ਦੀਆਂ ਗੱਲਾਂ ਵਿਚ ਆ ਕੇ ਕਹਿੰਦੀ ਹੋਊ ਕਿ ਸਾਡੇ ਕੋਲ ਵੀ ਇੰਨੀ ਜ਼ਮੀਨ ਹੁੰਦੀ!æææ ਬਾਈ! ਹਰ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ। ਵਾਹਿਗੁਰੂ ਦਾ ਸ਼ੁਕਰ ਹੈ ਕਿ ਅਸੀਂ ਉਨ੍ਹਾਂ ਨਾਲੋਂ ਤਾਂ ਚੰਗੇ ਹਾਂ ਜਿਨ੍ਹਾਂ ਕੋਲ ਇਕ ਕਿੱਲਾ ਜ਼ਮੀਨ ਦਾ ਹੈ।”
“ਬਾਈ ਜੀ! ਤੁਹਾਡੇ ਕਹਿਣ ਦਾ ਮਤਲਬ, ਸਾਂਢੂ ਦਾ ਸੁਭਾਅ ਤੁਹਾਡੇ ਨਾਲੋਂ ਬਿਲਕੁਲ ਵੱਖਰਾ ਸੀ।” ਮੈਂ ਕਿਹਾ।
“ਬਾਈ ਅੱਗੇ ਸੁਣæææਫਿਰ ਬੀਤੋ ਹੋਰਾਂ ਦੇ ਮਾਸੀਆਂ, ਮਾਮਿਆਂ ਦੇ ਪੁੱਤਾਂ ਦੇ ਵਿਆਹ ਆਉਂਦੇ ਗਏ। ਮੈਂ ਕੁੜਤਾ ਪਜਾਮਾ ਸਵਾ ਲੈਣਾ ਤੇ ਸਾਂਢੂ ਨੇ ਵਧੀਆ ਕੋਟ ਪੈਂਟ। ਦੇਬੋ ਨੇ ਵੀ ਨਵੇਂ ਫੈਸ਼ਨ ਦੇ ਸੂਟ ਪਾਉਣੇ। ਮੈਨੂੰ ਇਕ ਗੱਲ ਕਰਨੈਲ ਰਾਏਪੁਰੀਆ ਬਾਬੇ ਦੀ ਹਮੇਸ਼ਾ ਯਾਦ ਰਹਿੰਦੀ ਸੀ। ਉਹ ਕਹਿੰਦਾ ਹੁੰਦਾ ਸੀ ਕਿ ਫੁਕਰਪੁਣੇ ਵਿਚ ਆ ਕੇ ਲੋੜੋਂ ਵੱਧ ਖਰਚਾ ਕਰਨਾ ਅਫ਼ੀਮ ਦੇ ਨਸ਼ੇ ਨਾਲੋਂ ਵੀ ਭੈੜਾ ਹੁੰਦਾ ਹੈ, ਇਹ ਇਕ ਦਿਨ ਘਰ ਪੱਟ ਦਿੰਦਾ ਹੈ।
ਖਾਓ ਮਨ ਭਾਉਂਦਾ ਤੇ ਪਹਿਨੋ ਜੱਗ ਭਾਉਂਦਾ। ਸਾਂਢੂ ਜਦੋਂ ਵੀ ਗੱਲ ਕਰਦਾ, ਅੰਤ ਮੇਰੇ ‘ਤੇ ਲਿਆ ਸੁੱਟਦਾ। ਦੋ ਪੈੱਗ ਲਾ ਕੇ ਤਾਂ ਮੰਤਰੀਆਂ ਨੂੰ ਵੀ ਪਿੱਛੇ ਛੱਡ ਦਿੰਦਾ। ਆਪਣੇ ਟਰੈਕਟਰ ਦੀਆਂ ਸਿਫਤਾਂ ਕਰਦਾ ਉਹ ਖੇਤੀ ਦੇ ਸਾਰੇ ਸੰਦ ਗਿਣਾ ਦਿੰਦਾ, ਨਾਲ ਕਹਿ ਦਿੰਦਾ ਕਿ ਮੈਂ ਕਦੇ ਕਿਸੇ ਕੋਲੋਂ ਖੁਰਪਾ ਤੱਕ ਨਹੀਂ ਮੰਗਿਆ। ਮੈਂ ਹਮੇਸ਼ਾ ਇਸ ਗੱਲ ‘ਤੇ ਪੱਕਾ ਸੀ ਕਿ ਵੱਸਦੇ ਘਰਾਂ ਵਿਚ ਭਾਈਚਾਰਕ ਸਾਂਝ ਲੈਣ-ਦੇਣ ਨਾਲ ਹੀ ਵਧਦੀ ਹੈ। ਇਕੱਲਾ ਬੰਦਾ ਵੱਡਾ ਨਹੀਂ ਹੁੰਦਾ, ਸ਼ਰੀਕੇ ਨਾਲ ਹੀ ਟੌਹਰ ਬਣਦੀ ਸੀ।
æææਫਿਰ ਬੀਤੋ ਦੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਜੋ ਦੁਬਈ ਤੋਂ ਗਿਆ ਸੀ। ਉਸ ਨੇ ਨਵੀਂ ਕੋਠੀ ਪਾਈ ਸੀ। ਉਨ੍ਹਾਂ ਸਮਿਆਂ ਵਿਚ ਕੋਠੀ ਕਿਸੇ ਕਿਸੇ ਦੇ ਹੁੰਦੀ ਸੀ। ਸਾਂਢੂ ਨੇ ਕੋਠੀ ਦੇਖ ਕੇ ਨਕਸ਼ਾ ਬਣਾ ਲਿਆ ਤੇ ਕਹਿੰਦਾ, ਇਸ ਦੇ ਨਾਲ ਦੀ ਹੀ ਪਾਊਂ। ਬੱਸ ਫਿਰ ਕੀ ਸੀ, ਸਾਂਢੂ ਨੇ ਪੁਰਾਣਾ ਘਰ ਢਾਹ ਦਿੱਤਾ ਜੋ ਸਾਡੇ ਘਰ ਨਾਲੋਂ ਕਿਤੇ ਵਧੀਆ ਸੀ। ਰੱਖ’ਤਾ ਕੋਠੀ ਦਾ ਨੀਂਹ ਪੱਥਰ। ਮਾਂ ਪਿਉ ਨੇ ਬਥੇਰਾ ਰੋਕਿਆ, ਪਰ ਸਾਂਢੂ ਕਿੱਥੇ ਮੰਨਦਾ! ਕਹਿੰਦੇ ਨੇ, ਰੰਡੀ ਰੰਡ ਤਾਂ ਕੱਟ ਲਵੇ, ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ। ਹਰ ਕੋਈ ਕਹਿ ਦੇਵੇ, ‘ਗਿੰਦਰਾ ਹੁਣ ਨਾ ਕੱਚ ਛੱਡੀਂ, ਵੱਟ ਕੱਢ ਦੇਵੀਂ।’ ਸਾਂਢੂ ਨੂੰ ਕੋਠੀ ਉਸਾਰਨ ਲਈ ਦੋ ਕਿੱਲੇ ਬੈ ਕਰਨੇ ਪਏ। ਦੋ ਕਿੱਲਿਆਂ ਦਾ ਅਫਸੋਸ ਹੋਣਾ ਸੀ, ਜਦ ਨੂੰ ਸਾਂਢੂ ਨੂੰ ਪੁੱਤ ਦੀ ਦਾਤ ਮਿਲ ਗਈ ਤੇ ਸਾਡੇ ਵੱਲ ਧੀ ਆ ਗਈ। ਮੈਨੂੰ ਪਤਾ ਸੀ, ਇਕ ਦਿਨ ਇਸੇ ਧੀ ਨੇ ਘਰ ਦੇ ਭਾਗ ਜਗਾਉਣੇ ਹਨ, ਪਰ ਬੀਤੋ ਰੋ-ਰੋ ਬੁਰਾ ਹਾਲ ਕਰ ਰਹੀ ਸੀ। ਸਾਂਢੂ ਨੇ ਜ਼ਮੀਨ ਦੇ ਬਚਦੇ ਪੈਸਿਆਂ ਵਿਚੋਂ ਚੱਲਦੀ ਮਾਰੂਤੀ ਕਾਰ ਲੈ ਲਈ।
ਮੈਂ ਅਜੇ ਸਕੂਟਰ ‘ਤੇ ਨਹੀਂ ਪਹੁੰਚਿਆ ਸੀ। ਸਾਡੇ ਬਾਪੂ ਨੇ ਕਿਸੇ ਦੇ ਨਾਲ ਲੱਗਦੇ ਦੋ ਕਿੱਲੇ ਗਹਿਣੇ ਲਿਖਾ ਲਏ ਤੇ ਸਾਡੇ ਕੋਲ ਅੱਠ ਕਿੱਲੇ ਹੋ ਗਏ। ਫਿਰ ਨਗਦ ਹੀ, ਚੱਲਦਾ ਜੀਟਰ ਟਰੈਕਟਰ ਲੈ ਲਿਆ। ਕਿੱਲਾ ਸਬਜ਼ੀ ਵਾਸਤੇ ਰੱਖਦੇ, ਤਾਜ਼ੀ ਸਬਜ਼ੀ ਲੁਧਿਆਣੇ ਸਬਜ਼ੀ ਮੰਡੀ ਲੈ ਜਾਂਦੇ। ਸਾਰੇ ਸਾਲ ਦਾ ਘਰ ਦਾ ਖਰਚਾ ਸਬਜ਼ੀ ਨਾਲ ਚੱਲਦਾ ਤੇ ਖੇਤੀ ਵਾਲੀ ਆਮਦਨ ਬਚਾ ਲੈਂਦੇ। ਮੇਰੀ ਭਰਜਾਈ ਤੇ ਬੀਤੋ ਕਹਿੰਦੀਆਂ, ‘ਆਪਾਂ ਵੀ ਕੋਠੀ ਪਾਈਏ।’ ਬਾਪੂ ਝੱਟ ਕਹਿ ਦਿੰਦਾ, ‘ਭਾਈ! ਇਸ ਮਕਾਨ ਦੀਆਂ ਨੀਂਹਾਂ ਨੂੰ ਹੀ ਮਿੱਟੀ ਲਾਈ ਜਾਵੋ। ਇਸ ਦਲਾਨ ਨੇ ਤੁਹਾਨੂੰ ਇਕਮੁੱਠ ਰੱਖਿਆ ਹੋਇਐ। ਜਿਸ ਦਿਨ ਕੋਠੀ ਪਾ ਲਈ, ਰਾਹ ਅੱਡ-ਅੱਡ ਹੋ ਜਾਣੇ। ਆਪਣੇ ਬੱਚੇ ਪਾਲ ਲਵੋ, ਪੜ੍ਹਾ ਲਵੋ; ਫਿਰ ਦੋ ਕੋਠੀਆਂ ਪਾਵਾਂਗੇ।’
ਉਧਰ, ਸਾਂਢੂ ਨੇ ਨਵਾਂ ਫੋਰਡ ਲੈ ਆਂਦਾ। ਕਿਸੇ ਡੇਰੇ ਦੇ ਚਰਨੀਂ ਲੱਗ ਗਿਆ। ਡੇਰੇ ਵਾਲਾ ਬਾਬਾ ਫਿਰ ਸਾਂਢੂ ਨੂੰ ਘਰੇ ਟਿਕਣ ਨਾ ਦੇਵੇ। ਆਖੇ, ਗਿੰਦਰ ਸਿਆਂ! ਭਾਈ ਟਰੈਕਟਰ ਲਿਆਉ ਭਰਤੀ ਪਾਉਣੀ ਹੈ, ਫਲਾਣੇ ਥਾਂ ਜਾਣਾ ਹੈ। ਟਰੈਕਟਰ ਦੀ ਘਸਾਈ ਤੇ ਤੇਲ ਸਾਂਢੂ ਦਾ ਮੱਚਦਾ। ਕੰਮ ਤੋਂ ਗੈਰ-ਹਜ਼ਾਰੀ ਨਾਲ ਕਾਮੇ ਸਹੀ ਕੰਮ ਨਾ ਕਰਦੇ। ਸਾਧ ਦੀ ਸੇਵਾ ਨੇ ਸਾਂਢੂ ਦਾ ਇਕ ਕਿੱਲਾ ਹੋਰ ਬੈ ਕਰਵਾ ਦਿੱਤਾ, ਪਰ ਉਸ ਦੀਆਂ ਫੁਕਰੀਆਂ ਵਿਚ ਕੋਈ ਫਰਕ ਨਾ ਪਿਆ। ਉਹ ਸਗੋਂ ਕਹਿ ਦਿੰਦਾ, ‘ਹੋਰਾਂ ਨਾਲੋਂ ਤਾਂ ਵੱਧ ਜ਼ਮੀਨ ਹੈ ਮੇਰੇ ਕੋਲ।’
ਸਾਂਢੂ ਨੇ ਸਾਰਿਆਂ ਵਿਆਹਾਂ ਵਿਚ ਲੋੜੋਂ ਵੱਧ ਖਰਚਾ ਕੀਤਾ। ਮੇਰੇ ਸੰਗੇ-ਸਰਫੇ ਦਾ ਬੀਤੋ ਨੇ ਕਈ ਵਾਰ ਉਲਾਂਭਾ ਦਿੱਤਾ, ਪਰ ਮੈਂ ਪਿਆਰ ਨਾਲ ਸਮਝਾ ਕੇ ਕੰਮ ਚਲਾ ਲੈਂਦਾ। ਹੁਣ ਪਰਮਾਤਮਾ ਨੇ ਸਾਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ ਸੀ। ਬੀਤੋ ਦੇ ਮੁੱਖ ‘ਤੇ ਰੌਣਕ ਆ ਗਈ। ਕਣਕ ਅਤੇ ਆਲੂਆਂ ਦੀ ਫਸਲ ਨੇ ਚੰਗਾ ਮੁਨਾਫਾ ਦਿੱਤਾ। ਅਸੀਂ ਗਹਿਣੇ ਲਈ ਜ਼ਮੀਨ ਬੈ ਲਿਖਾ ਲਈ। ਬਾਪੂ ਨੇ ਬੜੀ ਖੁਸ਼ੀ ਮਨਾਈ, ਕਿੱਲੋ ਦੁੱਧ ਤੇ ਸਵਾ ਰੁਪਏ ਦੇ ਪਤਾਸੇ ਗੁਰਦੁਆਰੇ ਚਾੜ੍ਹ ਆਇਆ। ਘਰੇ ਜਵਾਕਾਂ ਲਈ ਵੇਸਣ ਦੀ ਬਰਫੀ ਲੈ ਆਇਆ। ਸਾਂਢੂ ਨੇ ਬੜੀਆਂ ਟਿੱਚਰਾਂ ਕੀਤੀਆਂ, ‘ਤੁਸੀਂ ਤਾਂ ਬਈ ਬਹੁਤ ਖਰਚੀਲੇ ਹੋ, ਖੋਏ ਦੀ ਬਰਫੀ ਬਿਨਾਂ ਗੱਲ ਨਹੀਂ ਕਰਦੇ। ਬਾਪੂ ਤੁਹਾਡਾ ਪਾਠ ਹਰ ਸਾਲ ਕਰਵਾਉਂਦੈ।’ ਅਸੀਂ ਸਾਰੇ ਹੱਸ ਕੇ ਚੁੱਪ ਕਰ ਜਾਂਦੇ।
ਫਿਰ ਸਾਂਢੂ ਦੇ ਘਰ ਜਦੋਂ ਦੂਜਾ ਪੁੱਤਰ ਹੋਇਆ, ਉਸ ਨੇ ਅਖੰਡ ਪਾਠ ਕਰਵਾਇਆ। ਸੱਚ ਜਾਣੀਂ, ਵਿਆਹ ਜਿੰਨਾ ਖਰਚਾ ਕੀਤਾ। ਆਏ-ਗਏ ਨੂੰ ਕੱਪੜੇ, ਸ਼ਾਮ ਨੂੰ ਟੈਂਟ ਲਾ ਕੇ ਸ਼ਰਾਬ ਖੁੱਲ੍ਹੀ ਵਰਤਾਈ। ਤੀਵੀਆਂ ਨੇ ਗਿੱਧਾ ਪਾਇਆ, ਸਾਂਢੂ ਮਾਰੇ ਲਲਕਾਰੇ। ਪਿੰਡ ਵਾਲੇ ਕਹਿਣ, ਸਾਲਾ ਸ਼ੁਦਾਈ ਐ, ਡੋਡੇ ਪੀ ਕੇ ਸੁਰਤ ਨਹੀਂ ਰਹਿੰਦੀ ਇਹਨੂੰ। ਮੈਨੂੰ ਪਹਿਲੇ ਦਿਨ ਪਤਾ ਲੱਗ ਗਿਆ ਸੀ ਕਿ ਸਾਂਢੂ ਡੋਡੇ ਪੀਂਦਾ ਹੈ। ਮੈਂ ਦਿਲ ਵਿਚ ਹੀ ਕਿਹਾ, ਹੁਣ ਫਿਰ ਸਾਂਢੂ ਦੀ ਰਹਿੰਦੀ ਜ਼ਮੀਨ ਵੀ ਨਹੀਂ ਬਚਦੀ। ਉਹ ਆਪਣੇ ਲੱਛਣਾਂ ਤੋਂ ਬਾਜ਼ ਨਾ ਆਇਆ। ਤਲਵੰਡੀ ਵਾਲੇ ਆੜ੍ਹਤੀਆਂ ਨਾਲ ਰੌਲਾ ਪੈ ਗਿਆ। ਉਨ੍ਹਾਂ ਨੇ ਢਾਈ ਲੱਖ ਰੁਪਏ ਸਾਂਢੂ ਵੱਲ ਕੱਢ ਦਿੱਤੇ। ਸਾਂਢੂ ਨੇ ਇਕ ਕਿੱਲਾ ਹੋਰ ਬੈ ਕਰ ਦਿੱਤਾ। ਜ਼ਮੀਨ ਖਰੀਦਣ ਵਾਲਿਆਂ ਨੇ ਸਾਂਢੂ ਦੀ ਮੋਟਰ ਵਿਚ ਵੀ ਅੱਧ ਲਿਖਾ ਲਿਆ। ਪਾਣੀ ਦੀਆਂ ਵਾਰੀਆਂ ਵੰਡੀਆਂ ਗਈਆਂ। ਸ਼ਰੀਕਾਂ ਨੇ ਮੋਟਰ ‘ਤੇ ਮੰਜਾ ਡਾਹ ਲਿਆ। ਹੁਣ ਸਾਂਢੂ ਦੀਆਂ ਅੱਖਾਂ ਖੁੱਲ੍ਹਣ ਲੱਗੀਆਂ।
ਸਾਡੇ ਬੱਚੇ ਜਵਾਨ ਹੋ ਗਏ ਸਨ। ਅਸੀਂ ਦੋਵੇਂ ਭਰਾ ਬੱਚਿਆਂ ਨੂੰ ਵਧੀਆ ਸਕੂਲੇ ਪੜ੍ਹਾ ਰਹੇ ਸੀ। ਆਪ ਭਾਵੇਂ ਰੁੱਖੀ-ਮਿੱਸੀ ਖਾਂਦੇ, ਪਰ ਬੱਚਿਆਂ ਨੂੰ ਵਧੀਆ ਰੋਟੀ-ਕੱਪੜਾ ਤੇ ਚੰਗੀ ਸਿੱਖਿਆ ਦਿੰਦੇ। ਭਰਾ ਦੇ ਦੋਵੇਂ ਪੁੱਤ ਤੇ ਮੇਰੇ ਧੀ-ਪੁੱਤ, ਚਾਰੇ ਪੜ੍ਹਨ ਨੂੰ ਪੂਰੇ ਹੁਸ਼ਿਆਰ ਸਨ।
ਸਾਂਢੂ ਦੇ ਦੋਵੇਂ ਪੁੱਤ ਟਰੈਕਟਰ ਦੇ ਸ਼ੌਕੀਨ ਸਨ। ਇਕ ਟਰੈਕਟਰ ਤੋਂ ਉਤਰਦਾ ਤਾਂ ਦੂਜਾ ਜਾ ਚੜ੍ਹਦਾ। ਬਗੈਰ ਮਤਲਬ ਡੀਜ਼ਲ ਫੂਕਦੇ ਰਹਿੰਦੇ। ਸਾਂਢੂ ਦੇ ਐਬਾਂ ਨੇ ਇਕ ਕਿੱਲਾ ਹੋਰ ਖਾ ਲਿਆ ਅਤੇ ਉਹ ਦੋ ਕਿੱਲਿਆਂ ਦਾ ਮਾਲਕ ਰਹਿ ਗਿਆ। ਦੋ ਵਾਰ ਤਾਂ ਸਾਂਝੀ ਮੋਟਰ ਵਾਲਿਆਂ ਨੇ ਟਿਕਾ ਕੇ ਕੁੱਟਿਆ। ਵੀਹ ਸਾਲਾਂ ਵਿਚ ਸਾਂਢੂ ਨੇ ਸੱਤ ਕਿੱਲੇ ਉਜਾੜ ਦਿੱਤੇ ਸਨ ਅਤੇ ਅਸੀਂ ਚਾਰ ਬੈ ਲੈ ਗਏ ਸਨ, ਨਾਲੇ ਸਾਰੇ ਨਿਆਣੇ ਪੜ੍ਹਾ ਲਏ। ਹੁਣ ਨਿਆਣੇ ਵਿਆਹੁਣ ਦਾ ਸਮਾਂ ਆ ਗਿਆ। ਬਾਪੂ ਨੇ ਜੱਸੋਵਾਲੀਏ ਮਿਸਤਰੀ ਨੂੰ ਸੱਦ ਕੇ ਕੋਠੀ ਵਾਂਗ ਘਰ ਬਣਾਉਣ ਦੀ ਇੱਛਾ ਪ੍ਰਗਟਾਈ। ਥੱਲੇ ਚਾਰ ਕਮਰੇ, ਦੋ ਰਸੋਈਆਂ ਤੇ ਉਪਰ ਦੋ ਕਮਰੇ ਤੇ ਮੂਹਰੇ ਬਰਾਂਡੇ ਛੱਤ ਲਏ। ਬਾਹਰੋਂ ਦੇਖਣ ਵਾਲੇ ਨੂੰ ਇਕੋ ਹੀ ਮਕਾਨ ਦਿਸਦਾ। ਇਹ ਸਾਡੇ ਦੋਵਾਂ ਭਰਾਵਾਂ ਦਾ ਸਾਂਝਾ ਮਕਾਨ ਸੀ।
ਥੋੜ੍ਹੇ ਰੁਪਏ ਨਾਲ ਵਧੀਆ ਆਲ੍ਹਣਾ ਬਣਾ ਲਿਆ। ਸਹਿਜ ਪਾਠ ਕਰਵਾ ਕੇ ਨਵੇਂ ਘਰ ਵਿਚ ਸਾਮਾਨ ਰੱਖ ਲਿਆ। ਧੀ ਐਮæਏæ ਕਰਦੀ ਸੀ। ਇਥੋਂ ਮੁੰਡਾ ਗਿਆ ਤੇ ਬਗੈਰ ਦਾਜ-ਦਹੇਜ ਤੋਂ ਵਿਆਹ ਕਰਵਾ ਕੇ ਮੇਰੀ ਧੀ ਨੂੰ ਨਾਲ ਹੀ ਲੈ ਆਇਆ। ਜਿਸ ਦਿਨ ਧੀ ਨੇ ਆਉਣਾ ਸੀ, ਮੇਰਾ ਸਾਂਢੂ ਤੇ ਦੇਬੋ, ਦੋਵੇਂ ਘਰ ਆਏ। ਮੇਰੇ ਭਰਾ ਨੇ ਇਕ ਪੁੱਤ ਕੈਨੇਡਾ ਵਿਆਹ ਲਿਆ। ਮੈਂ ਵੀ ਆਪਣਾ ਪੁੱਤ ਉਥੇ ਹੀ ਸਰਕਾਰੀ ਨੌਕਰੀ ਕਰਦੀ ਕੁੜੀ ਨਾਲ ਵਿਆਹ ਲਿਆ। ਸਾਡੇ ਦੋਵਾਂ ਭਰਾਵਾਂ ਦੇ ਪੁੱਤ ਸਾਡੇ ਨਾਲ ਖੇਤੀ ਕਰਦੇ ਸਨ। ਹੁਣ ਅਸੀਂ ਤਿੰਨ ਕਿੱਲੇ ਸਬਜ਼ੀ ਲਾਉਂਦੇ ਸਾਂ, ਪੂਰੀ ਮਿਹਨਤ ਕਰਦੇ। ਬਾਰਾਂ-ਬਾਰਾਂ ਘੰਟੇ ਖੇਤ ਰਹਿਣਾ ਪੈਂਦਾ।æææ ਬਾਈ ਜੀ! ਪੰਜਾਬ ਨੂੰ ਕੁਝ ਨਹੀਂ ਹੋਇਆ, ਲੋਕਾਂ ਨੇ ਮਿਹਨਤ ਛੱਡ ਦਿੱਤੀ ਹੈ। ਲੋਕ ਸੋਚਦੇ ਨਹੀਂ ਕਿ ਸਾਨੂੰ ਵੱਡੇ ਟਰੈਕਟਰ ਦੀ ਲੋੜ ਹੈ ਜਾਂ ਨਹੀਂ। ਬਗੈਰ ਲੋੜੋਂ ਖਰਚਾ ਕਰ ਜਾਂਦੇ ਹਨ। ਥੋੜ੍ਹਾ ਜਿਹਾ ਪੈਰ ਸੰਭਾਲ ਕੇ ਰੱਖਣ ਤਾਂ ਕਰਜ਼ੇ ਤੋਂ ਬਚਿਆ ਜਾ ਸਕਦਾ ਹੈ।
ਅੱਜ ਉਹੀ ਮੇਰਾ ਸਾਂਢੂ ਕਹਿੰਦਾ, ਸਭ ਕੁਝ ਦਾ ਜ਼ਿੰਮੇਵਾਰ ਉਹ ਖੁਦ ਹੈ। ਮੈਂ ਤੇ ਬੀਤੋ ਜਦੋਂ ਧੀ ਦੇ ਬੁਲਾਵੇ ‘ਤੇ ਅਮਰੀਕਾ ਆਉਣ ਲੱਗੇ ਤਾਂ ਜਹਾਜ਼ ਵਿਚ ਚੂੰਢੀ ਵੱਢ ਕੇ ਕਿਹਾ, ‘ਦੇਖ ਲੈ ਧੀ ਜੰਮੀ ‘ਤੇ ਰੋਈ ਜਾਂਦੀ ਸੀ, ਉਸੇ ਧੀ ਨੇ ਹੀ ਅਮਰੀਕਾ ਦਿਖਾ ਦੇਣਾ ਹੈ।’ ਉਹ ਅਗਿਉਂ ਹੱਸ ਕੇ ਕਹਿੰਦੀ, ‘ਧੀ ਤਾਂ ਮੇਰੀ ਹੀ ਹੈ।’ ਸਾਂਢੂ ਦੇ ਦੋਵੇਂ ਮੁੰਡੇ ਅਜੇ ਵਿਆਹੇ ਨਹੀਂ ਗਏ। ਦੇਬੋ ਕਈ ਵਾਰ ਕਹਿੰਦੀ ਹੈ, ਜੀਜਾ ਮੈਨੂੰ ਵੀ ਤੇਰੇ ਵਰਗਾ ਕੋਈ ਨਿਹੰਗ ਮਿਲ ਜਾਂਦਾ, ਮੈਂ ਵੀ ਅਮਰੀਕਾ ਹੁੰਦੀ।”