ਸੁਰ ਮੇਟੇ ਸਰਹੱਦਾਂ

ਜਗਜੀਤ ਸਿੰਘ ਸੇਖੋਂ
ਮੁੰਬਈ ਵਿਚ ਸ਼ਿਵ ਸੈਨਾ ਵੱਲੋਂ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਡੱਕਣ ਤੋਂ ਬਾਅਦ ਭਾਵੇਂ ਇਕ ਵਾਰ ਇਹ ਪ੍ਰੋਗਰਾਮ ਰੱਦ ਕਰ ਦਿਤਾ ਗਿਆ ਸੀ, ਪਰ ਸੰਜੀਦਾ ਲੋਕਾਂ ਨੇ ਗੁਲਾਮ ਅਲੀ ਅਤੇ ਕਲਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਉਸ ਨੂੰ ਆਪੋ-ਆਪਣੇ ਸੂਬਿਆਂ ਵਿਚ ਸੁਰਾਂ ਦੀ ਛਹਿਬਰ ਲਗਾਉਣ ਦਾ ਸੱਦਾ ਦਿੱਤਾ।

ਉਸ ਤੋਂ ਬਾਅਦ ਗੁਲਾਮ ਅਲੀ ਨੇ ਪੱਛਮੀ ਬੰਗਾਲ ਤੇ ਕੇਰਲ ਵਿਚ ਬਾਕਾਇਦਾ ਪ੍ਰੋਗਰਾਮ ਕੀਤੇ ਅਤੇ ਨਵੀਂ ਦਿੱਲੀ ਵਿਚ ਵੀ ਗੇੜਾ ਮਾਰਿਆ। ਇਹ ਵੱਖਰੀ ਗੱਲ ਹੈ ਕਿ ਗੁਲਾਮ ਅਲੀ ਨੂੰ ਮਿਲ ਕੇ ਟਵਿੱਟਰ ਉਤੇ ਸਾਂਝ ਦੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮਾਮਲੇ ਬਾਰੇ ਇਕ ਲਫ਼ਜ਼ ਵੀ ਮੂੰਹੋਂ ਨਹੀਂ ਕੱਢਿਆ।
ਅਸਲ ਵਿਚ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਤਿੱਖਾ ਸਿਆਸੀ ਭੇੜ ਚੱਲ ਰਿਹਾ ਹੈ ਅਤੇ ਇਹ ਪਾਰਟੀਆਂ ਇਕ-ਦੂਜੀ ਨੂੰ ਪਛਾੜਨ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਅਜਿਹੇ ਵੇਲੇ ਸ਼ਿਵ ਸੈਨਾ ਆਪਣਾ ਕੱਟੜ ਚਿਹਰਾ ਅਕਸਰ ਦਿਖਾਉਂਦੀ ਹੈ।
ਹੁਣ ਗੁਲਾਮ ਅਲੀ ਇਕ ਵਾਰ ਫਿਰ ਹਾਜ਼ਰ ਹੈ। ਇਸ ਵਾਰ ਉਹ 4 ਅਪਰੈਲ ਨੂੰ ਨਵੀਂ ਦਿੱਲੀ ਵਿਚ ਹੋ ਰਹੇ ਸਮਾਗਮ ਵਿਚ ਸ਼ਿਰਕਤ ਕਰ ਰਹੇ ਹਨ। ਇਹ ਸਮਾਗਮ ਸੁਹੇਬ ਇਲਿਆਸੀ ਦੀ ਫਿਲਮ ‘ਘਰ ਵਾਪਸੀ’ ਦੇ ਸੰਗੀਤ ਰਿਲੀਜ਼ ਨਾਲ ਸਬੰਧਤ ਹੈ। ਅਸਲ ਵਿਚ ਇਹ ਸਮਾਗਮ ਪਿਛਲੇ ਮਹੀਨੇ ਮੁੰਬਈ ਵਿਚ ਕੀਤਾ ਜਾਣਾ ਸੀ, ਪਰ ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ ਨੇ ਇਸ ਪ੍ਰੋਗਰਾਮ ਦੀ ਸੁਰੱਖਿਆ ਦਾ ਜ਼ਿੰਮਾ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਸੁਹੇਬ ਇਲਿਆਸੀ ਨੇ ਇਸ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਤਾਹਨੇ ਵੀ ਮਾਰੇ, ਪਰ ਦਾਲ ਗਲੀ ਨਹੀਂ। ਸਿੱਟੇ ਵਜੋਂ ਉਸ ਨੂੰ ਇਹ ਪ੍ਰੋਗਰਾਮ ਦਿੱਲੀ ਤਬਦੀਲ ਕਰਨਾ ਪਿਆ। ਦਿੱਲੀ ਦੇ ਸਮਾਗਮ ਬਾਰੇ ਸੁਹੇਬ ਇਲਿਆਸੀ ਨੇ ਕਿਹਾ, “ਸ਼ਿਵ ਸੈਨਾ ਦਾ ਸੰਜੇ ਰੌਤ ਬੜ੍ਹਕਾਂ ਮਾਰ ਰਿਹਾ ਹੈ ਕਿ ਉਹ ਭਾਰਤ ਦੀ ਧਰਤੀ ਉਤੇ ਗੁਲਾਮ ਅਲੀ ਦਾ ਪ੍ਰੋਗਰਾਮ ਹੋਣ ਨਹੀਂ ਦੇਣਗੇ। ਸ਼ਿਵ ਸੈਨਾ ਦਾ ਮੁੰਬਈ ਵਿਚ ਖਾਸਾ ਜ਼ੋਰ ਹੈ। ਇਸੇ ਲਈ ਸਾਨੂੰ ਪ੍ਰੋਗਰਾਮ ਦਿੱਲੀ ਵਿਖੇ ਕਰਨ ਲਈ ਸੋਚਣਾ ਪਿਆ। ਦਿੱਲੀ ਵਿਚ ਵੀ ਭਾਵੇਂ ਸ਼ਿਵ ਸੈਨਿਕਾਂ ਦਾ ਅਸਰ ਦਿਸ ਰਿਹਾ ਹੈ, ਪਰ ਦਿੱਲੀ ਪੁਲਿਸ ਨੇ ਸੁਰੱਖਿਆ ਦਾ ਵਾਅਦਾ ਕੀਤਾ ਹੈ।”
ਸੁਹੇਬ ਇਲਿਆਸੀ ਦਾ ਕਹਿਣਾ ਹੈ ਕਿ ਗੁਲਾਮ ਅਲੀ ਮਿਸਾਲੀ ਕਲਾਕਾਰ ਹੈ, ਉਸ ਦਾ ਸਬੰਧ ਸਿਰਫ਼ ਪਾਕਿਸਤਾਨ ਨਾਲ ਨਹੀਂ, ਸਮੁੱਚੇ ਸੰਸਾਰ ਦੀ ਕਲਾ ਨਾਲ ਹੈ। ਅਜਿਹੇ ਸ਼ਖਸ ਨੂੰ ਸੌੜੀ ਸਿਆਸਤ ਵਿਚ ਘੜੀਸਣਾ ਉਕਾ ਹੀ ਜਾਇਜ਼ ਨਹੀਂ ਹੈ। ਆਪਣੀ ਫਿਲਮ ‘ਘਰ ਵਾਪਸੀ’ ਬਾਰੇ ਸੁਹੇਬ ਇਲਿਆਸੀ ਦਾ ਕਹਿਣਾ ਹੈ ਕਿ ਇਸ ਫਿਲਮ ਬਾਰੇ ਵੀ ਲਗਾਤਾਰ ਦੁਰ-ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਫਿਲਮ ਅਸਲ ਵਿਚ ਸਾਂਝ ਦਾ ਸੁਨੇਹਾ ਦਿੰਦੀ ਹੈ। ਭਾਰਤ ਵਿਸ਼ਾਲ ਮੁਲਕ ਹੈ ਜਿਸ ਵਿਚ ਵੱਖ-ਵੱਖ ਧਰਮਾਂ, ਜਾਤਾਂ ਤੇ ਕੌਮਾਂ ਦੇ ਲੋਕ ਵਸਦੇ ਹਨ। ਸਭ ਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ।
‘ਘਰ ਵਾਪਸੀ’ ਵਿਚ ਫਰੀਦਾ ਜਲਾਲ, ਜ਼ਰੀਨਾ ਵਹਾਬ, ਅਲੋਕ ਨਾਥ, ਰੀਮਾ ਲਾਗੂ, ਦੀਪਕ ਤਿਜੌਰੀ, ਸ੍ਰਿਸ਼ਟੀ ਗੌਤਮ ਅਤੇ ਹਰਸ਼ ਨਾਗਰ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।
__________________________________________
ਪਲੇਠੀ ਫਿਲਮੀ ਪੁਲਾਂਘ
ਸੁਹੇਬ ਇਲਿਆਸੀ ਦੀ ਫਿਲਮ ‘ਘਰ ਵਾਪਸੀ’ ਜੋ ਛੇਤੀ ਹੀ ਰਿਲੀਜ਼ ਕੀਤੀ ਜਾ ਰਹੀ ਹੈ, ਵਿਚ ਗਜ਼ਲ ਗਾਇਕ ਗੁਲਾਮ ਅਲੀ ਨੇ ਪਹਿਲੀ ਵਾਰ ਅਦਾਕਾਰੀ ਕੀਤੀ ਹੈ। ਇਸ ਫਿਲਮ ਵਿਚ ਗੁਲਾਮ ਅਲੀ ਨੇ ਗਜ਼ਲ ਗਾਈ ਹੈ। ਇਹ ਰਚਨਾ ਦੇਸ਼ ਭਗਤੀ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਉਨ੍ਹਾਂ ਉਤੇ ਕੁਝ ਹੋਰ ਦ੍ਰਿਸ਼ ਵੀ ਇਸ ਫਿਲਮ ਵਿਚ ਫਿਲਮਾਏ ਗਏ ਹਨ। ਇਲਿਆਸੀ ਮੁਤਾਬਕ ਫਿਲਮ ਦੇ ਵਿਸ਼ੇ ਦਾ ਠੁੱਕ ਬੰਨ੍ਹਣ ਲਈ ਗੁਲਾਮ ਅਲੀ ਦਾ ਕੰਮ ਜ਼ਰੂਰੀ ਸੀ।