ਪਾਇਤਲੋਸੋ ਤੇ ਸਤਵਰਗ

ਬਲਜੀਤ ਬਾਸੀ
ਅੱਜ ਮੈਂ ਜੋ ਵਾਰਤਾ ਸੁਣਾਉਣ ਜਾ ਰਿਹਾ ਹਾਂ, ਉਸ ਦਾ ਸਬੰਧ ਮੱਧ ਇਟਲੀ ਦੇ ਇਕ ਛੋਟੇ ਜਿਹੇ ਕਸਬੇ ਕੋਪੈਰੋ ਨਾਲ ਹੈ। ਕੁਝ ਦਿਨ ਪਹਿਲਾਂ ਇਥੋਂ ਦੇ ਇਕ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਉਸ ਵੇਲੇ ਦੰਗ ਰਹਿ ਗਈ ਜਦ ਉਸ ਨੇ ਦੇਖਿਆ ਕਿ ਉਸ ਦੇ ਛੋਟੇ ਜਿਹੇ ਵਿਦਿਆਰਥੀ ਮੈਟੀਓ ਨੇ ਘਰ ਦਿੱਤੇ ਕੰਮ ਵਿਚ ਇਕ ਅਜਿਹੇ ਨਵੇਂ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਉਸ ਨੇ ਨਾ ਕਦੇ ਸੁਣਿਆ ਸੀ ਤੇ ਨਾ ਪੜ੍ਹਿਆ ਸੀ। ਪਰ ਮਜ਼ੇ ਦੀ ਗੱਲ ਇਹ ਹੈ ਕਿ ਅਧਿਆਪਕਾ ਨੂੰ ਲੱਗਾ ਕਿ ਇਹ ਸ਼ਬਦ ਗਲਤ ਵੀ ਨਹੀਂ ਹੋ ਸਕਦਾ। ਛੋਟੀ ਉਮਰ ਦੇ ਬੱਚੇ ਭਾਸ਼ਾ ਦੇ ਮਾਮਲੇ ਵਿਚ ਆਮ ਤੌਰ ‘ਤੇ ਗੜਬੜੀਆਂ ਕਰਦੇ ਹਨ, ਗਲਤ ਸ਼ਬਦ ਲਿਖਦੇ ਤੇ ਬੋਲਦੇ ਹਨ, ਅਕਸਰ ਇਹ ਉਨ੍ਹਾਂ ਦੇ ਸਿੱਖਣ ਦੇ ਦਿਨ ਹਨ। ਅਸਲ ਵਿਚ ਇਸ ਉਮਰ ਵਿਚ ਬੱਚੇ ਦਾ ਦਿਮਾਗ ਬਹੁਤ ਤੇਜ਼ ਚਲਦਾ ਹੈ ਤੇ ਉਹ ਬੇਹੱਦ ਸਿਰਜਣਾਤਮਕ ਹੁੰਦੇ ਹਨ।

ਮੈਟੀਓ ਨੇ ਆਪਣੇ ਪੜ੍ਹਾਈ ਵਾਲੇ ਕੰਮ ਵਿਚ ਕਿਸੇ ਫੁੱਲ ਦੀਆਂ ਵਿਸ਼ੇਸ਼ਤਾਈਆਂ ਬਿਆਨ ਕਰਨੀਆਂ ਸਨ। ਉਹ ਦੱਸਣਾ ਚਾਹੁੰਦਾ ਸੀ ਕਿ ਇਸ ਫੁੱਲ ਦੀਆਂ ਬਹੁਤ ਸਾਰੀਆਂ ਪੰਖੜੀਆਂ ਹੁੰਦੀਆਂ ਹਨ। ਫੁੱਲ ਦੇ ਇਸ ਗੁਣ ਲਈ ਉਸ ਨੇ ਵਿਸ਼ੇਸ਼ਣ ਵਰਤਿਆ ‘ਪਾਇਤਲੋਸੋ’ ਜਿਸ ਨੂੰ ਅਸੀਂ ਪੰਜਾਬੀ ਵਿਚ ਪੰਖੜੀਆਂ ਭਰਪੂਰ ਕਹਿ ਸਕਦੇ ਹਾਂ। ਇਤਾਲਵੀ ਭਾਸ਼ਾ ਦੇ ਕਿਸੇ ਕੋਸ਼ ਵਿਚ ਇਹ ਸ਼ਬਦ ਦਰਜ ਨਹੀਂ ਹੈ ਤੇ ਨਾ ਹੀ ਬੋਲਣ ਵਿਚ ਆਉਂਦਾ ਹੈ ਪਰ ਇਸ ਭਾਸ਼ਾ ਦੇ ਸ਼ਬਦ-ਨਿਰਮਾਣ ਨਿਯਮਾਂ ਅਤੇ ਵਿਆਕਰਣ ਅਨੁਸਾਰ ‘ਪਾਇਤਲੋ’ (ਫeਟਅਲੋ) ਦੇ ਨਾਲ ਪਿਛੇਤਰ ‘ਓਸ’ੋ (-ੋਸੋ) ਲਾ ਕੇ ਵਿਸ਼ੇਸ਼ਣ ਬਣਾਉਣ ਵਿਚ ਕੋਈ ਵਿਆਕਰਣ ਦੀ ਉਲੰਘਣਾ ਨਹੀਂ ਲਗਦੀ। ਇਥੇ ਇਹ ਦੱਸ ਦੇਈਏ ਕਿ ਇਤਾਲਵੀ ਸ਼ਬਦ ਪਾਇਤਲੋ ਅੰਗਰੇਜ਼ੀ ਵਾਲਾ ਪੈਟਲ (ਫeਟਅਲ) ਹੀ ਹੈ ਤੇ ਇਸ ਦਾ ਸੁਜਾਤੀ ਵੀ। ਪੰਜਾਬੀ ਵਿਚ ਇਸ ਦੀ ਬਰਾਬਰੀ ਰੱਖਦਾ ਸ਼ਬਦ ਹੈ, ਪੰਖੜੀ। ਇਸੇ ਤਰ੍ਹਾਂ ਪਿਛੇਤਰ (-ੋਸੋ) ਵੀ ਅੰਗਰੇਜ਼ੀ ੁਸ ਦਾ ਹੀ ਰੁਪਾਂਤਰ ਅਤੇ ਸੁਜਾਤੀ ਹੈ। ਮਿਸਾਲ ਵਜੋਂ ਫੋਮਪ ਤੋਂ ਫੋਮਪੁਸ। ਹੋਰ ਤਾਂ ਹੋਰ ਅੰਗਰੇਜ਼ੀ ਵਿਚ ਤਾਂ ਬਾਕਾਇਦਾ ਫeਟਅਲੁਸ ਸ਼ਬਦ ਮੌਜੂਦ ਹੈ ਜੋ ਅਠਾਰਵੀਂ ਸਦੀ ਤੋਂ ਦਰਜ ਹੋਇਆ ਮਿਲਦਾ ਹੈ। ਇਤਾਲਵੀ ਅਤੇ ਅੰਗਰੇਜ਼ੀ ਦੋਵੇਂ ਪਿਛੇਤਰ ਲਾਤੀਨੀ -ੋਸੁਸ ਤੋਂ ਵਿਕਸਤ ਹੋਏ ਹਨ।
ਅਸੀਂ ਇਸ ਮੁੱਦੇ ਨੂੰ ਥੋੜਾ ਪੰਜਾਬੀ ਪ੍ਰਸੰਗ ਵਿਚ ਰੱਖ ਕੇ ਸਮਝੀਏ। ਇਹ ਗੱਲ ਕੁਝ ਇਸ ਤਰ੍ਹਾਂ ਹੈ ਜਿਵੇਂ ਗੇਂਦੇ ਜਿਹੇ ਕਿਸੇ ਬਹੁਤ ਸਾਰੀਆਂ ਪੰਖੜੀਆਂ ਵਾਲੇ ਫੁੱਲ ਨੂੰ ਕੋਈ ਬੱਚਾ ‘ਪੰਖੜੀਆਂ ਭਰਪੂਰ’ ਬਿਆਨੇ। ਪਰ ਪੰਜਾਬੀ ਦਾ ਬਣਾਇਆ ਇਹ ਸ਼ਬਦ ਬਹੁਤਾ ਮੂੰਹ ਚੜ੍ਹਨ ਵਾਲਾ ਤੇ ਕੀਲੇ-ਠੋਕਵਾਂ ਨਹੀਂ। ਹਾਂ, ਪੰਖੜੀਦਾਰ ਨਾਲ ਸ਼ਾਇਦ ਕੁਝ ਗੱਲ ਬਣ ਜਾਵੇ ਪਰ ਪੰਖੜੀਦਾਰ ਦਾ ਅਰਥ ਸਿਰਫ ਪੰਖੜੀਆਂ ਵਾਲਾ ਹੀ ਹੋਵੇਗਾ (ਜੋ ਕਿ ਹਰ ਫੁੱਲ ਹੀ ਹੁੰਦਾ ਹੈ) ਨਾ ਕਿ ਬਹੁਤੀਆਂ ਪੰਖੜੀਆਂ ਵਾਲਾ।
ਖੈਰ! ਮੈਟੀਓ ਦੀ ਅਧਿਆਪਕਾ ਔਰੋਰਾ ਸੋਚੀਂ ਪੈ ਗਈ, ‘ਸ਼ਾਇਦ ਅੱਠ ਸਾਲ ਦੇ ਜੁਆਕ ਨੇ ਕਿਤੇ ਨਵਾਂ ਸ਼ਬਦ ਘੜ ਲਿਆ ਹੈ?’ ਅਧਿਆਪਕਾ ਨੇ ਮੈਟੀਓ ਤੋਂ ਇਤਾਲਵੀ ਭਾਸ਼ਾ ਦੀ ਨਜ਼ਰਸਾਨੀ ਕਰਦੀ ਸਰਵਉਚ ਭਾਸ਼ਾ ਅਕਾਦਮੀ ਨੂੰ ਇਸ ਸਬੰਧੀ ਆਪਣੀ ਰਾਏ ਦੇਣ ਲਈ ਚਿੱਠੀ ਲਿਖਵਾਈ। ਅਕਾਦਮੀ ਤੋਂ ਬੱਚੇ ਨੂੰ ਮਿਲੇ ਹੌਸਲਾ ਅਫਜ਼ਾਈ ਵਾਲੇ ਜਵਾਬ ਤੋਂ ਸਾਰਾ ਸਟਾਫ ਹੈਰਾਨ ਰਹਿ ਗਿਆ। ਅਕਾਦਮੀ ਦੀ ਇਕ ਚੋਟੀ ਦੀ ਮਾਹਰ ਨੇ ਜਵਾਬੀ ਮੋੜ ਵਿਚ ਲਿਖਿਆ, “ਤੇਰਾ ਬਣਾਇਆ ਸ਼ਬਦ ਏਨਾ ਸੁਘੜ ਹੈ ਕਿ ਇਸ ਦੀ ਇਤਾਲਵੀ ਭਾਸ਼ਾ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਇਹ ਬਹੁਤ ਹੀ ਸੁੰਦਰ ਅਤੇ ਸਪੱਸ਼ਟ ਵੀ ਹੈ।” ਪਰ ਅਕਾਦਮੀ ਨੇ ਨਾਲ ਹੀ ਇਹ ਗੱਲ ਵੀ ਕੀਤੀ ਕਿ ਕੋਈ ਸ਼ਬਦ ਕਿਸੇ ਭਾਸ਼ਾ ਦੀ ਸ਼ਬਦਾਵਲੀ ਦਾ ਹਿੱਸਾ ਤਾਂ ਹੀ ਬਣ ਸਕਦਾ ਹੈ ਜੇ ਬਹੁਤ ਸਾਰੇ ਲੋਕ ਇਸ ਦਾ ਅਰਥ ਸਮਝਦੇ ਹੋਏੇ ਇਸ ਦੀ ਵਰਤੋਂ ਕਰਦੇ ਹੋਣ। ਅਕਸਰ ਹਰ ਨਵਾਂ ਸ਼ਬਦ ਕਿਸੇ ਇਕ ਵਿਅਕਤੀ ਨੇ ਹੀ ਘੜਿਆ ਹੁੰਦਾ ਹੈ ਜਿਸ ਨੂੰ ਹੋਰ ਲੋਕ ਇਸ ਕਦਰ ਚੁੱਕ ਲੈਂਦੇ ਹਨ ਕਿ ਉਹ ਫਿਰ ਆਮ ਹੀ ਬਣ ਜਾਂਦਾ ਹੈ। ਅਕਾਦਮੀ ਨੇ ਚਿੱਠੀ ਵਿਚ ਹੋਰ ਲਿਖਿਆ, “ਜੇ ਤੁਸੀਂ ਇਸ ਸ਼ਬਦ ਨੂੰ ਏਨਾ ਫੈਲਾ ਸਕੋ ਕਿ ਹਰ ਕੋਈ ਕਹਿਣ ਲੱਗ ਪਵੇ, “ਕਿਆ ਪਾਇਤਲੋਸੋ ਫੁੱਲ ਹੈ ਇਹ, ਤਾਂ ਇਹ ਸ਼ਬਦ ਇਤਲਾਵੀ ਭਾਸ਼ਾ ਦਾ ਬਾਕਾਇਦਾ ਪ੍ਰਮਾਣੀਕ ਸ਼ਬਦ ਬਣ ਜਾਵੇਗਾ।”
ਮੈਟੀਓ ਦੀ ਅਧਿਆਪਕਾ ਅਕਾਦਮੀ ਦੇ ਇਸ ਜਵਾਬ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਨੇ ਆਪਣੀ ਫੇਸਬੁੱਕ ‘ਤੇ ਲਿਖਿਆ, “ਇਹ ਤਾਂ ਇਤਾਲਵੀ ਭਾਸ਼ਾ ਦੇ ਹਜ਼ਾਰ ਸਬਕਾਂ ਦੇ ਬਰਾਬਰ ਹੈ।” ਤੇ ਨਾਲ ਹੀ ਫੇਸਬੁੱਕ ‘ਤੇ ਇਸ ਚਿੱਠੀ ਨੂੰ ਸ਼ੇਅਰ ਕੀਤਾ। ਨਤੀਜਨ ਜੋ ਹੋਇਆ, ਉਸ ਨੇ ਸ਼ਾਇਦ ਸੋਚਿਆ ਵੀ ਨਾ ਹੋਵੇਗਾ। ‘ਪਾਇਤਲੋਸੋ’ ਨੂੰ ਘਰ ਘਰ ਦਾ ਸ਼ਬਦ ਬਣਾਉਣ ਲਈ ਇਸ ਸੰਦੇਸ਼ ਨੂੰ 80,000 ਲੋਕਾਂ ਨੇ ਸ਼ੇਅਰ ਕੀਤਾ। ਟਵਿਟਰ ਵਿਚ ਇਹ ਸ਼ਬਦ 40,000 ਵਾਰੀ ਵਰਤਿਆ ਗਿਆ। ਇਟਲੀ ਵਿਚ ਇਹ ਸ਼ਬਦ ਆਮ ਚਰਚਾ ਦਾ ਵਿਸ਼ਾ ਬਣ ਗਿਆ। ਸ਼ਬਦ ਨੂੰ ਪ੍ਰਚਲਿਤ ਕਰਨ ਲਈ ਅਕਾਦਮੀ ਨੇ ਵੀ ਆਪਣਾ ਜ਼ੋਰ ਲਾਇਆ ਤੇ ਵਾਰ ਵਾਰ ਇਸ ਨੂੰ ਟਵੀਟ ਕੀਤਾ। ਇਤਾਲਵੀ ਭਾਸ਼ਾ ਦੀ ਚੋਟੀ ਦੀ ਡਿਕਸ਼ਨਰੀ ਛਾਪਣ ਵਾਲੇ ਪ੍ਰਕਾਸ਼ਕ ਨੇ ਕਿਹਾ ਕਿ ਉਹ ਡਿਕਸ਼ਨਰੀ ਦੇ ਅਗਲੇ ਐਡੀਸ਼ਨ ਵਿਚ ਇਸ ਸ਼ਬਦ ਨੂੰ ਦਰਜ ਕਰਨਗੇ। ਹੋਰ ਤਾਂ ਹੋਰ ਇਟਲੀ ਦੇ ਪ੍ਰਧਾਨ ਮੰਤਰੀ ਨੇ ਇਸ ਅੱਠ ਸਾਲਾ ਸ਼ਬਦ-ਘਾੜੇ ਨੂੰ ਇਸ ਸ਼ਾਬਦਿਕ ਪ੍ਰਾਪਤੀ ਲਈ ਵਧਾਈ ਦਿੱਤੀ। ਸੋਸ਼ਲ ਮੀਡੀਆ ਦੇ ਬਲਬੂਤੇ ‘ਪਾਇਤਲੋਸੋ’ ਇਤਾਲਵੀ ਭਾਸ਼ਾ ਦਾ ਮੰਨਿਆ-ਪ੍ਰਮੰਨਿਆ ਸ਼ਬਦ ਬਣ ਗਿਆ ਹੈ।
ਇਸ ਘਟਨਾ ਨੇ ਕੁਝ ਪ੍ਰਸ਼ਨ ਵੀ ਖੜੇ ਕੀਤੇ ਹਨ। ਕੇਵਲ ਭਾਵੁਕ ਹੋ ਕੇ ਇਕ ਛੋਟੇ ਬੱਚੇ ਦੀ ਹੌਸਲਾ ਅਫਜ਼ਾਈ ਲਈ ਇਕ ਬਨਾਉਟੀ ਢੰਗ ਨਾਲ ਸ਼ਬਦ ਪ੍ਰਚਲਿਤ ਕਰਨ ਦਾ ਅਡੰਬਰ ਰਚਣਾ, ਕਿਥੋਂ ਤੱਕ ਜਾਇਜ਼ ਹੈ? ਇਹ ਤਾਂ ਨਹੀਂ ਕਿ ਛੇਤੀ ਪਿਛੋਂ ਲੋਕ ਇਸ ਸ਼ਬਦ ਨੂੰ ਭੁੱਲ ਹੀ ਜਾਣ? ਨਾਲੇ ਕੀ ਕਿਸੇ ਸ਼ਬਦ ਦੇ ਪ੍ਰਮਾਣੀਕ ਹੋਣ ਦੀ ਕਸਵੱਟੀ ਇਹੋ ਹੈ ਕਿ ਉਹ ਡਿਕਸ਼ਨਰੀ ਵਿਚ ਮੌਜੂਦ ਹੋਣਾ ਚਾਹੀਦਾ ਹੈ? ਪ੍ਰਸੰਗਵੱਸ ਦੱਸ ਦੇਈਏ ਕਿ ਇਤਾਲਵੀ ਭਾਸ਼ਾ ਸ਼ਬਦ ਘੜਨ ਦੇ ਮਾਮਲੇ ਵਿਚ ਬਹੁਤ ਰੂੜੀਵਾਦੀ ਹੈ। ਲਿਖਤਾਂ ਵਿਚ ਆਮ ਤੌਰ ‘ਤੇ ਡਿਕਸ਼ਨਰੀ ਵਿਚ ਦਰਜ ਸ਼ਬਦ ਹੀ ਵਰਤੇ ਜਾਂਦੇ ਹਨ। ਸ਼ਾਇਦ ਇਸ ਲਈ ਕਿ ਇਸ ਭਾਸ਼ਾ ਦੀਆਂ ਬੇਸ਼ੁਮਾਰ ਉਪਭਾਸ਼ਾਵਾਂ ਹਨ। ਬੇਹਤਰੀਨ ਕੋਸ਼ ਕਿਸੇ ਸ਼ਬਦ ਨੂੰ ਐਵੇਂ ਨਹੀਂ ਦਰਜ ਕਰਦੇ। ਕੋਸ਼ਕਾਰ ਕਿਸੇ ਨਵੇਂ ਸ਼ਬਦ ਦੇ ਪ੍ਰਚਲਨ ਉਤੇ ਨਿਗ੍ਹਾ ਰੱਖਦੇ ਹਨ। ਜੇ ਇਕ ਹੱਦ ਤੱਕ ਪ੍ਰਚਲਿਤ ਹੋ ਜਾਵੇ ਤਾਂ ਹੀ ਇਸ ਨੂੰ ਕੋਸ਼ ਵਿਚ ਥਾਂ ਮਿਲਦੀ ਹੈ। ਕਈ ਸ਼ਬਦ ਤਾਂ ਫੈਸ਼ਨ ਦੀ ਤਰ੍ਹਾਂ ਕੁਝ ਅਰਸੇ ਵਿਚ ਹੀ ਦਮ ਤੋੜ ਜਾਂਦੇ ਹਨ। ਪਿਛੇ ਜਿਹੇ ਹੀ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਕੋਸ਼ਾਂ ਵਿਚ ਸੈਲਫੀ ਸ਼ਬਦ ਦਰਜ ਕੀਤਾ ਗਿਆ ਹੈ।
ਪੰਜਾਬੀਆਂ ਨੇ ਇੰਗਲੈਂਡ ਦੇ ਪੱਬਾਂ ਵਿਚ ਕਈ ਸਾਲ ਭੰਗੜੇ ਦਾ ਖੂਬ ਧਮੱਚੜ ਪਾਇਆ। ਹੌਲੀ ਹੌਲੀ ਅੰਗਰੇਜ਼ ਵੀ ਅਜਿਹੇ ਪੱਬਾਂ ਵਿਚ ਜਾ ਕੇ ਭੰਗੜਾ ਪਾਉਣ ਲੱਗ ਪਏ। ਫਲਸਰੂਪ ਭੰਗੜਾ ਸ਼ਬਦ ਅੰਗਰੇਜ਼ਾਂ ਦੇ ਵੀ ਮੂੰਹ ਚੜ੍ਹ ਗਿਆ। ਆਖਰ ਅੰਗਰੇਜ਼ੀ ਦੇ ਚੋਟੀ ਦੇ ਕੋਸ਼ਾਂ ਵਿਚ ਇਹ ਸ਼ਬਦ ਸ਼ੋਭਾ ਦੇਣ ਲੱਗ ਪਿਆ ਪਰ ਕੁਝ ਬਦਲੇ ਹੋਏ ਅਰਥਾਂ ਵਿਚ। ਪਹਿਲਾਂ ਪਹਿਲਾਂ ਇਸ ਨੂੰ ਇਕ ਭeਅਟ (ਤਾਲ) ਦੇ ਤੌਰ ‘ਤੇ ਸਮਝਿਆ ਗਿਆ। ਖਾਸ ਤੌਰ ‘ਤੇ ‘ਭੰਗੜਾ ਬੀਟ’ ਸ਼ਬਦ ਜੁੱਟ ਵਿਚ ਇਹ ਸ਼ਬਦ ਵਰਤਿਆ ਆਮ ਮਿਲਦਾ ਹੈ। ਅੱਜ ਵੀ ਇਕ ਕੋਸ਼ ਅਨੁਸਾਰ ਭੰਗੜਾ ‘ਇਕ ਲੋਕਪ੍ਰਿਅ ਸੰਗੀਤ ਹੈ ਜਿਸ ਵਿਚ ਪੰਜਾਬੀ ਲੋਕ-ਰਵਾਇਤਾਂ ਅਤੇ ਪੱਛਮੀ ਪੌਪ ਸੰਗੀਤ ਦਾ ਮਿਸ਼ਰਣ ਹੈ।’ ਪਰ ਹੁਣ ‘ਲੋਕਪ੍ਰਿਅ ਸੰਗੀਤ’ ਦੀ ਜਗ੍ਹਾ ‘ਲੋਕਪ੍ਰਿਅ ਸੰਗੀਤ ਨਾਚ’ ਬਿਆਨਿਆ ਜਾਣ ਲੱਗ ਪਿਆ ਹੈ ਜੋ ‘ਇੰਗਲੈਂਡ ਵਿਚ ਸ਼ੁਰੂ ਹੋਇਆ।’
ਹੁਣ ਤੱਕ ਦੀ ਮੇਰੀ ਜਾਣਕਾਰੀ ਅਨੁਸਾਰ ਇਤਾਲਵੀ ਪਾਇਤਲੋ ਜਾਂ ਅੰਗਰੇਜ਼ੀ ਪੈਟਲ ਪੰਜਾਬੀ ਦੇ ਕਿਸੇ ਸ਼ਬਦ ਦੇ ਸੁਜਾਤੀ ਨਹੀਂ ਹਨ ਭਾਵੇਂ ਕਿ ਧੁਨੀ ਪੱਖੋਂ ਇਹ ਪੰਜਾਬੀ ‘ਪੱਤੀ’ ਨਾਲ ਮਿਲਦੇ-ਜੁਲਦੇ ਹਨ। ਪੱਤੀ ਦੀ ਗੱਲ ਹੋਈ ਤਾਂ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪੈਟਲ ਜਾਂ ਪੰਖੜੀ ਲਈ ਪੱਤੀ ਜਾਂ ਫੁੱਲ-ਪੱਤੀ ਸ਼ਬਦ ਵੀ ਚਲਦਾ ਹੈ। ਅਰਬੀ ਵਿਚ ਇਕ ਸ਼ਬਦ ਹੈ, ਵਰਕ ਜਿਸ ਦਾ ਅਰਥ ਹੁੰਦਾ ਹੈ, ਕਾਗਜ਼ ਜਾਂ ਦਰਖਤ ਦਾ ਪੱਤਾ। ਮਠਿਆਈ ‘ਤੇ ਲਾਇਆ ਜਾਂਦਾ ਸੋਨੇ ਜਾਂ ਚਾਂਦੀ ਦਾ ਮਹੀਨ ਪੱਤਰਾ ਵੀ ਵਰਕ ਕਹਾਉਂਦਾ ਹੈ ਜੋ ਪੰਜਾਬੀ ਵਿਚ ਵੀ ਖੂਬ ਪ੍ਰਚਲਿਤ ਹੈ। ਇਸੇ ਤੋਂ ਵਰਕਾ ਬਣਿਆ ਹੈ ਜੋ ਕਿਤਾਬ ਆਦਿ ਦਾ ਪੱਤਰਾ ਹੁੰਦਾ ਹੈ। ਇਸ ਤੋਂ ਬਣੇ ਫਾਰਸੀ ਸ਼ਬਦ ਦਾ ਰੂਪ ਹੈ ‘ਬਰਗ’ ਜਿਸ ਦਾ ਅਰਥ ਹੈ ਪੱਤਾ ਜਾਂ ਪੱਤੀ। ਇਸ ਤੋਂ ਬਣਿਆ ਫਾਰਸੀ ਸ਼ਬਦ ‘ਸਦ-ਬਰਗ’ ਭਰਵੇਂ ਗੁਲਾਬ ਦੇ ਫੁੱਲ ਦਾ ਨਾਂ ਹੈ। ਪੰਜਾਬੀ ਵਿਚ ਇਸ ਦਾ ਰੂਪ ਹੈ ‘ਸਤਵਰਗ’ ਪਰ ਸਾਡੀ ਭਾਸ਼ਾ ਵਿਚ ਇਹ ਸ਼ਬਦ ਗੇਂਦੇ ਦੇ ਫੁੱਲ ਲਈ ਰੂੜ੍ਹ ਹੋਇਆ। ਸਦ-ਬਰਗ ਦੇ ਮੁਢਲੇ ਅਰਥ ਸਮਝੀਏ। ਫਾਰਸੀ ‘ਸਦ’ ਦਾ ਅਰਥ ਹੁੰਦਾ ਹੈ, ਸੌ। ਸਦੀ ਸ਼ਬਦ ਇਸੇ ਤੋਂ ਬਣਿਆ। ਇਸ ਦਾ ਸੰਸਕ੍ਰਿਤ ਸੁਜਾਤੀ ਸ਼ਬਦ ਹੈ ‘ਸ਼ਤ’ (ਸ਼ਤਾਬਦੀ) ਬਰਗ ਜਾਂ ਵਰਗ ਦਾ ਅਰਥ ਅਸੀਂ ਜਾਣ ਹੀ ਲਿਆ, ਪੱਤਾ ਜਾਂ ਪੱਤੀ। ਸੋ ਸਦ-ਬਰਗ/ਸਦਵਰਗ ਦਾ ਸ਼ਾਬਦਿਕ ਅਰਥ ਬਣਿਆ ‘ਸੌ ਪੱਤੀਆ ਫੁੱਲ’ ਅਰਥਾਤ ਬਹੁਤ ਸਾਰੀਆਂ ਪੱਤੀਆਂ ਜਾਂ ਪੰਖੜੀਆਂ ਵਾਲਾ ਫੁੱਲ।
ਸ਼ਾਇਦ ਕੁਝ ਲੋਕਾਂ ਨੂੰ ਪਤਾ ਹੋਵੇ ਕਿ ਸਤਵਰਗ ਜਾਂ ਗੇਂਦੇ ਨੂੰ ਹਜ਼ਾਰਾ ਵੀ ਆਖਦੇ ਹਨ। ਇਹ ਸ਼ਬਦ ਵੀ ਫਾਰਸੀ ਹਜ਼ਾਰ (1000) ਤੋਂ ਬਣਿਆ ਹੈ ਤੇ ਇਥੇ ਸੰਕੇਤ ਹੈ, ਫੁੱਲ ਦੀਆਂ ਹਜ਼ਾਰ ਅਰਥਾਤ ਬਹੁਤ ਸਾਰੀਆਂ ਪੱਤੀਆਂ ਵੱਲ। ਉਂਜ ਫਾਰਸੀ ਵਿਚ ਹਜ਼ਾਰਾ ਭਰਵੇਂ ਪੋਸਤ ਦੇ ਫੁੱਲ ਨੂੰ ਆਖਦੇ ਹਨ। ਹੈ ਨਾ ਇਹ ਫੁੱਲ ਪਾਇਤਲੋਸੋ ਜਾਂ ਪੈਟਲਸ! ਕਈ ਵਾਰੀ ਦੋ ਦੁਰਾਡੀਆਂ ਤੇ ਭਿੰਨ ਭਾਸ਼ਾਵਾਂ ਦੇ ਇਕੋ ਜਿਹੇ ਅਰਥ ਰੱਖਦੇ ਸ਼ਬਦਾਂ ਵਿਚਕਾਰ ਨਿਰੁਕਤਕ ਸਾਂਝ ਨਹੀਂ ਹੁੰਦੀ ਪਰ ਭਾਵ-ਵਿਕਾਸ ਦੀ ਸਾਂਝ ਹੋ ਸਕਦੀ ਹੈ।