ਗੁਲਜ਼ਾਰ ਸਿੰਘ ਸੰਧੂ
17 ਮਾਰਚ 2016 ਨੂੰ ਚੰਡੀਗੜ੍ਹ ਵਿਚ ਸਿਡਨੀ ਦੇ ਜੰਮੇ ਜਾਏ ਪੈਟ ਫਾਰਮਰ ਤੇ ਉਸ ਦੀ ਸਾਥਣ ਦੇ ਦਰਸ਼ਨ ਹੋਏ। ਉਹ ਅੰਬਾਲਾ ਸ਼ਹਿਰ ਤੋਂ ਦੌੜ ਕੇ ਜ਼ੀਰਕਪੁਰ ਰਾਹੀਂ ਦੁਪਹਿਰ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਗਿਆ ਸੀ। ਉਸ ਨੇ ਇਹ ਦੌੜ 26 ਜਨਵਰੀ ਵਾਲੇ ਦਿਨ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਸੀ ਜੋ 30 ਮਾਰਚ ਨੂੰ ਕਸ਼ਮੀਰ ਜਾ ਕੇ ਖਤਮ ਹੋਣੀ ਸੀ। ਉਸ ਦੇ ਇਸ ਕਰਤੱਵ ਨੂੰ ਭਾਰਤ ਸਰਕਾਰ ਦੇ ਵਿਦੇਸ਼ ਅਤੇ ਟੂਰਿਜ਼ਮ ਮੰਤਰਾਲੇ ਅਤੇ ਰਸਤੇ ਵਿਚ ਆਉਣ ਵਾਲੀਆਂ ਰਾਜ ਸਰਕਾਰਾਂ (ਤਾਮਿਲਨਾਡੂ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਉਤਰ ਪ੍ਰਦੇਸ਼, ਦਿੱਲੀ, ਹਰਿਆਣਾ ਪੰਜਾਬ ਤੇ ਜੰਮੂ ਕਸ਼ਮੀਰ) ਨੇ ਖਿੜੇ ਮੱਥੇ ਪ੍ਰਵਾਨਗੀ ਦੇ ਰੱਖੀ ਸੀ। ਉਸ ਨੇ ਇਸ ਦੌੜ ਰਾਹੀਂ 60 ਦਿਨਾਂ ਵਿਚ 4600 ਕਿਲੋਮੀਟਰ ਤੈਅ ਕਰਨੇ ਹਨ। ਉਹ ਇਸ ਨੂੰ Ḕਭਾਰਤੀ ਆਤਮਾ ਦੀ ਦੌੜḔ ਕਹਿੰਦਾ ਹੈ।
ਮੁਆਫ ਕਰਨਾ ਇਸ ਨੂੰ Ḕਭਾਰਤ ਮਾਤਾ ਦੀ ਜੈḔ ਵਾਲਿਆਂ ਨਾਲ ਨਾ ਜੋੜ ਲੈਣਾ।
ਪੈਟ ਫਾਰਮਰ ਉਤਰੀ ਧਰੁਵ ਤੋਂ ਦੱਖਣੀ ਧਰੁਵ ਤੱਕ ਦਰਜਨਾਂ ਦੇਸ਼ਾਂ ਵਿਚੋਂ ਦੌੜ ਕੇ ਲੰਘਿਆ ਹੈ। ਉਹ 8 ਸਾਲ ਆਸਟ੍ਰੇਲੀਅਨ ਸੰਸਦ ਦੀ ਮੈਂਬਰੀ ਤੇ ਉਥੋਂ ਦੇ ਐਜੂਕੇਸ਼ਨ, ਸਾਇੰਸ ਤੇ ਟ੍ਰੇਨਿੰਗ ਵਿਭਾਗਾਂ ਦੀ ਸਕੱਤਰੀ ਨਿਭਾਉਂਦਿਆਂ ਦੌੜਾਂ ਲਾਉਣੋਂ ਨਹੀਂ ਹਟਿਆ। ਖੂਬੀ ਇਹ ਕਿ ਬਹੁਤੀ ਥਾਂਈਂ ਉਸ ਦੀ ਗੋਰੀ ਤੇ ਸੁਬਕ ਜਿਹੀ ਪਤਨੀ ਉਸ ਦਾ ਸਾਥ ਦਿੰਦੀ ਹੈ ਜਿਸ ਨੂੰ ਲੋੜ ਪੈਣ ‘ਤੇ ਏਸ ਦੌੜ ਦੀ ਡਾਕੂਮੈਂਟਰੀ ਬਣਾ ਰਿਹਾ ਅਮਲਾ ਲਿਫਟ ਦੇ ਦਿੰਦਾ ਹੈ।
ਪੰਜਾਬ ਦੇ ਫੌਜਾ ਸਿੰਘ ਦੀਆਂ ਦੌੜਾਂ ਤੋਂ ਸਭ ਜਾਣੂ ਹਨ। ਪੈਟ ਨੇ ਆਪਣੀਆਂ ਵੀਹ ਸਾਲ ਦੀਆਂ ਦੌੜਾਂ ਵਿਚ ਲੱਖਾਂ ਡਾਲਰ ਕਮਾਏ ਤੇ ਧਰਮ ਅਰਥ ਕੰਮ ਉਤੇ ਖਰਚ ਕੀਤੇ ਹਨ। ਭਾਰਤੀ ਦੌੜ ਦਾ ਮੰਤਵ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਸ਼ਕਤੀ ਦੇਣਾ ਤੇ ਕੁੜੀਆਂ-ਚਿੜੀਆਂ ਦੀ ਵਿੱਦਿਆ ਪ੍ਰਾਪਤੀ ਵਿਚ ਹੱਥ ਵਟਾਉਣਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਉਸਤਤ ਵਿਚ ਟੈਗੋਰ ਥੀਏਟਰ ਵਾਲੇ ਫੰਕਸ਼ਨ ਸਮੇਂ ਦੋਨੋਂ ਪਤੀ-ਪਤਨੀ ਤਰੋਤਾਜ਼ਾ ਤੇ ਖੁਸ਼ੀਆਂ ਖੇੜੇ ਵੰਡਦੇ ਵਿਖਾਈ ਦਿੱਤੇ। ਪੈਟ ਨੇ ਆਪਣੇ ਭਾਸ਼ਣ ਵਿਚ ਭਾਰਤੀ ਅਨੇਕਤਾ ਵਿਚ ਏਕਤਾ ਦਾ ਆਪਣੇ ਦੇਸ਼ ਦੇ ਸੌ ਸੌ ਕੋਹ ਲੰਮੇ ਰੇਗਿਸਤਾਨਾਂ ਤੇ ਸਾਗਰ ਕੰਢੇ ਉਸਰੇ ਸੁੰਦਰ ਤੇ ਸੁਹਣੇ ਸ਼ਹਿਰਾਂ ਨਾਲ ਟਾਕਰਾ ਕੀਤਾ। ਭਾਰਤ ਵਿਚ ਕਬੀਲਿਆਂ ਦੀ ਵੱਖਰੀ ਪਹਿਚਾਣ ਨੂੰ ਸਲਾਹਿਆ। ਉਸ ਦੀ ਪਤਨੀ ਨਾਲ ਗੱਲ ਹੋਈ ਤਾਂ ਕਹਿਣ ਲੱਗੀ ਕਿ ਇਹ ਤਾਂ ਉਸ ਨੂੰ ਆਪਣੇ ਦੇਸ਼ ਦੀ ਧਰਤੀ ਲੱਗਦੀ ਹੈ, ਖਾਸ ਕਰਕੇ ਸੜਕਾਂ ਦੇ ਕੰਢੇ ਲੱਗੇ ਸਫੈਦੇ ਦੇ ਰੁੱਖ।
ਸਿਡਨੀ ਤੋਂ ਬਹੁੜੀ ਪੈਟ ਫਾਰਮਰ ਜੋੜੀ ਨੇ ਮੈਨੂੰ ਸਿਡਨੀ ਦੇ ਰਹਿਣ ਵਾਲੀ ਉਪਨਿਆਸਕਾਰਾ ਬੈਟੀ ਕਾਲਿਨਜ਼ ਚੇਤੇ ਕਰਵਾ ਦਿੱਤੀ ਹੈ ਜਿਸ ਨੂੰ ਮੈਂ 1970 ਵਿਚ ਅੰਮ੍ਰਿਤਾ ਪ੍ਰੀਤਮ ਦੇ ਘਰ ਮਿਲਿਆ ਸਾਂ। ਉਹ ਤਾਸ਼ਕੰਦ ਵਿਖੇ ਏਸ਼ੀਅਨ ਰਾਈਟਰਜ਼ ਕਾਨਫਰੰਸ ਵਿਚ ਸ਼ਿਰਕਤ ਕਰ ਕੇ ਵਾਪਸ ਜਾ ਰਹੀ ਜਦੋਂ ਉਸ ਨੂੰ ਸੱਦਾ ਮਿਲਿਆ ਸੀ, ਉਦੋਂ ਉਸ ਦੀ ਜੇਬ ਵਿਚ ਅੱਧਾ ਡਾਲਰ ਵੀ ਨਹੀਂ ਸੀ। ਤਿੰਨ ਜਗਤ ਪ੍ਰਸਿੱਧ ਨਾਵਲਾਂ ਦੀ ਇਸ ਲੇਖਿਕਾ ਨੂੰ ਉਸ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ ਪਰ ਉਸ ਦੀ ਆਪਣੀ ਸੌਂਕਣ ਨਾਲ ਏਨੀ ਬਣਦੀ ਸੀ ਕਿ ਸੌਂਕਣ ਨੇ ਉਸ ਦੀਆਂ ਧੀਆਂ ਰੌਬਿਨ ਤੇ ਮਾਰਨੇ ਅਤੇ ਛੋਟੇ ਪੁੱਤਰ ਫਿਲਿੱਪ ਨੂੰ ਸਾਂਭਣ ਦੀ ਜ਼ਿੰਮੇਵਾਰੀ ਲੈਣ ਤੋਂ ਬਿਨਾਂ ਮੰਗ-ਤੁੰਗ ਕੇ 500 ਡਾਲਰ ਜੁਟਾ ਦਿੱਤੇ ਜਿਨ੍ਹਾਂ ਨਾਲ ਉਸ ਨੇ ਅਤਿਅੰਤ ਸਸਤਾ ਸਫਰ ਕੀਤਾ। ਉਹ ਸਮੁੰਦਰੀ ਬੇੜੇ ਰਾਹੀਂ ਆਸਟ੍ਰੇਲੀਆ ਤੋਂ ਸਿੰਘਾਪੁਰ, ਰੇਲ ਗੱਡੀ ਰਾਹੀਂ ਬੈਂਕਾਕ, ਹਵਾਈ ਜਹਾਜ਼ ਉਤੇ ਕਾਠਮੰਡੂ, ਨੇਪਾਲ ਏਅਰਲਾਈਨਜ਼ ਰਾਹੀਂ ਦਿੱਲੀ, ਕਾਤਰੀ ਬੱਸ ਉਤੇ ਅੰਮ੍ਰਿਤਸਰ, ਅਫਗਾਨੀ ਉਡਾਣ ਲੈ ਕੇ ਕਾਬਲ ਅਤੇ ਅਖੀਰ ਏਅਰੋਫਲੋਟ ਰਾਹੀਂ ਤਾਸ਼ਕੰਦ ਪਹੁੰਚੀ ਸੀ। ਤਾਸ਼ਕੰਦ ਜਾਣ ਲਈ ਉਸ ਨੇ ਆਪਣੀ ਹੱਥ ਘੜੀ ਤੇ ਨਵਾਂ ਟਾਈਪ ਰਾਈਟਰ ਵੀ ਵੇਚ ਦਿੱਤਾ ਸੀ। ਵਾਪਸੀ ਸਮੇਂ ਉਹਦੇ ਕੋਲ ਏਨੇ ਪੈਸੇ ਸਨ ਕਿ ਉਸ ਨੇ ਪੁਡੂਚੇਰੀ ਦੇ ਅਨਾਥ ਆਸ਼ਰਮ ਦੀ ਇੱਕ ਕੁੜੀ ਜੈਸਮੀਨ ਨੂੰ ਉਸ ਦੇ ਬਾਲਗ ਹੋਣ ਤੱਕ ਖਰਚਾ ਦਾਨ ਵਿਚ ਦੇ ਦਿੱਤਾ। ਕੈਟੀ ਕਾਲਿਨਜ਼ ਮੇਰੀ ਏਨੀ ਮਿੱਤਰ ਹੋ ਗਈ ਕਿ ਮੇਰੇ ਕੋਲ ਉਸ ਦੀਆਂ ਟਾਈਪ ਕੀਤੀਆਂ ਡੇਢ ਸੌ ਚਿੱਠੀਆਂ ਹਾਲੇ ਵੀ ਹਨ।
ਪੈਟ ਫਾਰਮਰ ਜੋੜੀ ਨਾਲ ਉਸ ਦੀ ਸਮਾਨਤਾ ਦਾਨ ਪੁੰਨ ਵਾਲੀ ਹੈ। ਸਿਡਨੀ ਨਿਵਾਸੀ ਜ਼ਿੰਦਾਬਾਦ।
ਬੰਤ ਸਿੰਘ ਝੱਬਰ ਦੀ ਉਤਮਤਾਈ: ਅੰਗਰੇਜ਼ੀ ਭਾਸ਼ਾ ਦੀ ਪੱਤਰਕਾਰ ਨਿਰੂਪਮਾ ਦੱਤ ਨੇ ਲਾਲ ਸਿੰਘ ਦਿਲ (ਸਮਰਾਲਾ) ਤੇ ਪਾਸ਼ ਵਰਗੇ ਇਨਕਲਾਬੀ ਕਵੀਆਂ ਬਾਰੇ ਲਿਖਣ ਤੋਂ ਪਿਛੋਂ ਹੁਣ ਪਿੰਡ ਝੱਬਰ (ਮਾਨਸਾ) ਦੇ ਬੰਤ ਸਿੰਘ ਦੀ ਜੀਵਨੀ ਲਿਖੀ ਹੈ, ਜਿਸ ਨੂੰ ਉਸ ਨੇ Ḕਬੈਲੇਡ ਆਫ ਬੰਤ ਸਿੰਘḔ ਭਾਵ ਬੰਤ ਸਿੰਘ ਦੀ ਵਾਰ ਦਾ ਨਾਂ ਦਿੱਤਾ ਹੈ। ਬੰਤ ਸਿੰਘ ਉਹ ਯੋਧਾ ਹੈ ਜਿਸ ਨੇ ਆਪਣੀ ਧੀ ਦਾ ਸਮੂਹਿਕ ਬਲਾਤਕਾਰ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਪੇਸ਼ ਕੀਤੀ ਸੋਨਾ ਚਾਂਦੀ ਤੇ ਪੈਸੇ ਠੁਕਰਾ ਕੇ ਜੇਲ੍ਹ ਕੋਠੜੀਆਂ ਵਿਚ ਬੰਦ ਕਰਵਾਇਆ ਤੇ ਫੇਰ ਉਨ੍ਹਾਂ ਦੀਆਂ ਕੁੱਟਾਂ ਦਾ ਮਾਰਿਆ ਗੈਂਗਰੀਨ ਦਾ ਸ਼ਿਕਾਰ ਹੋ ਗਿਆ। ਇਥੋਂ ਤੱਕ ਕਿ ਡਾਕਟਰਾਂ ਨੂੰ ਉਸ ਦੀਆਂ ਦੋਨੋਂ ਬਾਹਾਂ ਤੇ ਇੱਕ ਲੱਤ ਕੱਟਣੀ ਪਈ। ਏਨਾ ਕੁਝ ਬਰਦਾਸ਼ਤ ਕਰਕੇ ਵੀ ਉਹ ਇਨਕਲਾਬ ਦਾ ਪਰਚਮ ਉਚਾ ਰੱਖਣ ਲਈ ਹਾਲੀ ਵੀ ਕ੍ਰਾਂਤੀਕਾਰੀ ਗੀਤ ਉਚੀ ਤੇ ਸੁਰੀਲੀ ਆਵਾਜ਼ ਵਿਚ ਗਾਉਂਦਾ ਨਹੀਂ ਝਿਜਕਦਾ। ਉਸ ਦੇ ਸਨਮਾਨ ਵਿਚ ਰਚਾਏ ਇਕੱਠ ਵਿਚ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਬੈਠਣ ਲਈ ਥਾਂ ਨਾ ਰਹੀ ਤਾਂ ਉਸ ਦੀ ਬੁਲੰਦ ਆਵਾਜ਼ ਦਾ ਰਸ ਸਰੋਤਿਆਂ ਨੇ ਬਾਹਰ ਖਲੋ ਕੇ ਏਨਾ ਮਾਣਿਆ ਕਿ ਚੰਡੀਗੜ੍ਹੀਆਂ ਨੂੰ ਸਦਾ ਯਾਦ ਰਹੇਗਾ।
ਅੰਤਿਕਾ: (ਸ਼ਿਵ ਬਟਾਲਵੀ ਦੀ ਵਿਧਵਾ ਰੁੱਤ ‘ਚੋਂ)
ਮਾਏਂ ਨੀ ਇਸ ਵਿਧਵਾ ਰੁੱਤ ਦਾ ਕੀ ਕਰੀਏ?
ਇਸ ਰੁੱਤੇ ਸਭ ਰੁੱਖ ਨਿਪਤਰੇ ਮਹਿਕ ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ, ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ ਹੋਰ ਵੀ ਲੂਣੇ
ਹਾਏ ਨੀ, ਇਹ ਲੂਣਾ ਜੋਬਨ ਕੀ ਕਰੀਏ?