ਦੁੱਲਾ ਕਦੇ ਨਾ ਮਰਸੀ…

ਧਰਮ ਸਿੰਘ ਗੋਰਾਇਆ
ਫੋਨ: 301-653-7029
ਦੁੱਲਾ ਭੱਟੀ। ਪਿੰਡੀ ਭੱਟੀਆਂ ਬਾਰ ਦਾ ਵਸਨੀਕ। ਰਾਜਪੂਤ ਕਬੀਲੇ ਦਾ ਜਵਾਂ ਮਰਦ। ਕਰੀਬ 700 ਸਾਲ ਪਹਿਲਾਂ ਜੈਸਲਮੇਰ (ਰਾਜਸਥਾਨ) ਤੋਂ ਹਿਜਰਤ ਕਰ ਕੇ ਉਸ ਦੇ ਕਬੀਲੇ ਨੇ ਬਾਰ ਦੇ ਇਲਾਕੇ ਵਿਚ ਡੇਰੇ ਆ ਲਾਏ। ਆਪਣੀਆਂ ਜੰਗੀ ਖਸਲਤਾਂ ਕਰ ਕੇ ਹੌਲੀ-ਹੌਲੀ ਇਨ੍ਹਾਂ ਨੇ ਬਾਰ ਦੇ ਪਿੰਡੀ ਭੱਟੀਆਂ ਦੇ ਇਲਾਕੇ ਵਿਚ ਆਪਣੀ ਰਿਆਸਤ ਕਾਇਮ ਕਰ ਲਈ। ਸਖਤ ਮਿਹਨਤ ਨਾਲ ਫਸਲਾਂ ਦਾ ਝਾੜ ਵਧਾਇਆ ਤੇ ਚਾਰਗਾਹਾਂ ਖੁੱਲ੍ਹੀਆਂ ਕੀਤੀਆਂ। ਮੁਗਲ ਹਾਕਮੀ ਦਰੋਗੇ ਜ਼ਮੀਨ ਦਾ ਲਗਾਨ ਲੈਣ ਆਉਂਦੇ, ਉਨ੍ਹਾਂ ਨੂੰ ਖਾਲੀ ਹੱਥ ਭਜਾ ਦਿੰਦੇ। ਲਾਹੌਰ ਦਰਬਾਰ ਅਤੇ ਭੱਟੀਆਂ ਵਿਚਾਲੇ ਦੁਸ਼ਮਣੀ ਪੈਦਾ ਹੋ ਗਈ।

ਦੁੱਲਾ ਭੱਟੀ ਦਾ ਦਾਦਾ ਬਿਜਲੀ ਖਾਨ ਇਲਾਕੇ ਦਾ ਖੁਦਮੁਖਤਾਰ ਸੀ। ਉਹ ਆਪਣੇ ਗੱਭਰੂਆਂ ਦੀ ਟੁਕੜੀ ਨਾਲ ਮੁਗਲਾਂ ਨਾਲ ਝੜਪਾਂ ਲੈਂਦਾ ਤੇ ਹਲਵਾਹਕਾਂ ਨੂੰ ਲਗਾਨ ਨਾ ਤਾਰਨ ਦਾ ਫਰਮਾਨ ਕਰਦਾ। ਬਾਗੀ ਜੁ ਹੋ ਚੁੱਕਾ ਸੀ। ਫੜ ਲਿਆ ਗਿਆ, ਤੇ ਫਾਂਸੀ ਚਾੜ੍ਹ ਦਿੱਤਾ ਗਿਆ। ਇਸ ਦਾ ਪੁੱਤਰ ਫਰੀਦ ਖਾਨ ਆਪਣੇ ਪਿਉ ਦੇ ਨਕਸ਼-ਏ-ਕਦਮ ‘ਤੇ ਚੱਲਦਾ ਉਵੇਂ ਹੀ ਕਰਦਾ। ਇਸ ਨੂੰ ਵੀ ਫੜ ਲਿਆ ਗਿਆ, ਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਅੰਦਰ ਫਾਂਸੀ ਚਾੜ੍ਹ ਦਿੱਤਾ।
ਦੁੱਲਾ ਝਨਾਂ ਦੇ ਕਿਨਾਰੇ ਚੂਚਕ ਦੇ ਨੇੜੇ ਪਿੰਡ ਬਦਰ ਵਿਚ 1547 ਨੂੰ ਪੈਦਾ ਹੋਇਆ। ਕੁਝ ਵਕਤ ਲਈ ਪਿੰਡੀ ਭੱਟੀਆਂ ਦੇ ਇਲਾਕੇ ਅੰਦਰ ਚੁੱਪ ਵਰਤ ਗਈ, ਜਿਵੇਂ ਹਵਾ ਹੀ ਰੁਕ ਗਈ ਹੋਵੇ। ਅਜੇ ਦੁੱਲਾ, ਦੁੱਲਾ ਸੀ, ਬਚਪਨ ਸੀ। ਜਵਾਨ ਹੋਇਆ ਤਾਂ ਆਪਣੇ ਹਮਜੋਲੀਆਂ ਦੀਆਂ ਢਾਣੀਆਂ ਬਣਾ ਕੇ ਗੁਰੀਲਾ ਤੇ ਛਾਪਾਮਾਰ ਹਰਕਤਾਂ ਕਰਨ ਲੱਗਾ, ਜਿਵੇਂ ਉਹ ਆਉਣ ਵਾਲੇ ਭਿਆਨਕ ਵਕਤ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੋਵੇ। ਪਿੰਡੀ ਭੱਟੀਆਂ ਦੇ ਜੰਗਲੀ ਰਾਹਾਂ ਵਿਚ ਦੁੱਲੇ ਦੇ ਹਮਜੋਲੀ ਪਹਿਰੇਦਾਰੀ ਕਰਦੇ, ਸ਼ਿਕਾਰ ਖੇਡਦੇ, ਪਸ਼ੂ ਚਾਰਦੇ ਤੇ ਸ਼ਿਕਾਰ ਕਰਦੇ। ਹਾਕਮ ਧਿਰ ਦੇ ਸੁਦਾਗਰਾਂ, ਜਿਹੜੇ ਲਾਹੌਰ ਤੋਂ ਕਾਬਲ ਕੰਧਾਰ ਤੇ ਇਰਾਨ ਨੂੰ ਜਾਂਦੇ, ਜਾਂ ਵਾਪਸ ਆਉਂਦੇ, ਦਾ ਸਾਮਾਨ ਲੁੱਟ ਲੈਂਦੇ। ਚੰਗੀ ਨਸਲ ਦੇ ਘੋੜੇ ਆਪਣੇ ਕੋਲ ਰੱਖ ਕੇ ਬਾਕੀ ਸਮਾਨ ਗਰੀਬ ਪੇਂਡੂ ਲੋਕਾਂ ਵਿਚ ਤਕਸੀਮ ਕਰ ਦਿੰਦੇ। ਭੱਟੀਆਂ ਵਿਚ ਲੁਹਾਰ ਅੱਗ ਦੀਆਂ ਲਾਟਾਂ ਨਾਲ ਨੇਜੇ, ਭਾਲੇ, ਤਲਵਾਰਾਂ, ਬਰਛੇ, ਢਾਲਾਂ ਤਿਆਰ ਕਰਦੇ। ਬੰਦੂਕਾਂ ਦੇ ਭੰਡਾਰ ਇਕੱਠੇ ਹੋਣ ਲੱਗੇ। ਲਾਹੌਰ ਨੂੰ ਖਬਰ ਮਿਲੀ ਤਾਂ ਸ਼ਾਹੀ ਕਿਲ੍ਹਾ ਹਿੱਲਣ ਲੱਗਾ। ਉਸ ਨੂੰ ਫਿਰ ਕੋਈ ਲਲਕਾਰਨ ਵਾਲਾ ਜੰਮ ਪਿਆ ਸੀ। ਜਿਵੇਂ ਕੋਈ ਕਹਿ ਰਿਹਾ ਹੋਵੇ:
ਮੈਂ ਭੰਨਾਂ ਦਿੱਲੀ ਦੇ ਕਿੰਗਰੇ
ਕਰ ਦਿਆਂ ਲਾਹੌਰ ਤਬਾਹ।
ਦਿੱਲੀ ਤੇ ਲਾਹੌਰ, ਇਕੋ ਸਿੱਕੇ ਦੇ ਦੋ ਪਾਸੇ। ਹਾਕਮਸ਼ਾਹੀ ਦੇ ਨਿਵਾਸ। ਜ਼ੁਲਮੋ-ਸਿਤਮ ਦੇ ਪ੍ਰਤੀਕ। ਅੰਨ੍ਹੀ ਤਾਕਤ ਦਾ ਨਸ਼ਾ। ਹੱਕ-ਸੱਚ ਲਈ ਉਠੀ ਹਰ ਆਵਾਜ਼ ਖਤਮ ਕਰਨ ਦੀਆਂ ਅਦਾਲਤਾਂ। ਇਨ੍ਹਾਂ ਸ਼ਹਿਰਾਂ ਦਾ ਵਰਤਾਰਾ ਉਦੋਂ ਵੀ ਉਹੀ ਸੀ, ਜਦ ਅਜੇ ਦੁੱਲਾ ਨਹੀਂ ਸੀ ਜੰਮਿਆ, ਤੇ ਅੱਜ ਵੀ ਉਹੀ ਹੈ। ਝੂਠ-ਸੱਚ ਵਿਚਾਲੇ ਸੰਘਰਸ਼ ਪਹਿਲਾਂ ਵੀ ਸੀ, ਅੱਜ ਵੀ ਨਿਰੰਤਰ ਚੱਲ ਰਿਹਾ ਹੈ ਤੇ ਹਮੇਸ਼ਾ ਚੱਲਦਾ ਰਹੇਗਾ। ਚਾਹੇ ਬਾਰ ਵਾਲਾ ਦੁੱਲਾ ਭੱਟੀ ਨਾ ਸਹੀ, ਪਰ ਹੋਰ ਦੁੱਲੇ ਵਕਤ ਬੇ-ਵਕਤ ਹਾਕਮਾਂ ਨੂੰ ਲਲਕਾਰਦੇ ਰਹਿਣਗੇ। ਇਨ੍ਹਾਂ ਦੁੱਲਿਆਂ ਵਿਚ ਹਰ ਉਹ ਸਪੂਤ ਆਉਂਦਾ ਹੈ ਜਿਸ ਨੇ ਹੱਕਾਂ ਦੀ ਆਵਾਜ਼ ਉਠਾਈ, ਆਜ਼ਾਦੀ ਲਈ ਲੜਿਆ। ਚਾਹੇ ਉਹ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉਲ੍ਹਾ ਖਾਨ ਹੋਵੇ, ਤੇ ਜਾਂ ਫਿਰ ਮੈਕਸੀਕੋ ਦਾ ਸਪਾਂਤਾ ਜਾਂ ਪਾਚੋ ਵਿਲਾ, ਤੇ ਜਾਂ ਫਿਰ ਅੱਜ ਦਾ ਕਨ੍ਹੱਈਆ ਹੋਵੇ।
ਫਿਰ ਦੁੱਲੇ ਨਾਲ ਵੀ ਉਹੀ ਹੋਇਆ ਜੋ ਕਿਸੇ ਬਾਗੀ ਨਾਲ ਹੁੰਦਾ ਹੈ। ਅਣਗਿਣਤ ਬੇਮਿਸਾਲ ਲੜਾਈਆਂ ਬਾਅਦ ਧੋਖੇ ਨਾਲ ਦੁੱਲੇ ਨੂੰ ਫੜ ਲਿਆ ਗਿਆ ਅਤੇ ਲਾਹੌਰ ਅਕਬਰ ਅੱਗੇ ਸ਼ਾਹੀ ਦਰਬਾਰ ਵਿਚ ਲਿਆਂਦਾ ਗਿਆ। ਦੁੱਲੇ ਭੱਟੀ ਨੂੰ ਸਾਜ਼ਿਸ਼ੀ ਤਰੀਕੇ ਨਾਲ ਛੋਟੇ ਦਰਵਾਜ਼ੇ ਰਾਹੀਂ ਅਕਬਰ ਅੱਗੇ ਪੇਸ਼ ਕੀਤਾ ਗਿਆ, ਪਰ ਪੰਜਾਬ ਦਾ ਇਹ ਜਾਂਬਾਜ਼ ਸੂਰਮਾ ਦਰਵਾਜ਼ੇ ਅੰਦਰ ਪਹਿਲਾਂ ਆਪਣੀ ਨੋਕਦਾਰ ਜੁੱਤੀ ਪੇਸ਼ ਕਰਦਾ ਹੈ। ਮੰਡੀ ਦਾ ਵਿਕਾਊ ਮਾਲ ਨਹੀਂ ਸੀ ਉਹ। ਉਹ ਤਾਂ ਸਦੀਆਂ ਤੋਂ ਜ਼ਾਲਮਸ਼ਾਹੀ ਨੂੰ ਨੋਕਦਾਰ ਜੁੱਤੀ ਦਿਖਾ ਰਿਹਾ ਸੀ।
ਦੁੱਲੇ ਨੂੰ ਫਾਂਸੀ ਦਾ ਹੁਕਮ ਹੋਇਆ। 26 ਮਾਰਚ 1599 ਨੂੰ ਮਿਆਣੀ ਸਾਹਿਬ ਦੇ ਕਬਰਿਸਤਾਨ ‘ਤੇ ਜਦ ਦੁੱਲੇ ਨੂੰ ਫਾਂਸੀ ਦਿੱਤੀ ਜਾਣੀ ਸੀ, ਤਾਂ ਆਪਣੇ ਹੀ ਰੰਗ ਵਿਚ ਰੰਗੇ ਮਸਤ ਮੌਲਾ ਸ਼ਾਹ ਹੁਸੈਨ ਨੇ ਆਣ ਦਸਤਕ ਦਿੱਤੀ। ਕੋਤਵਾਲ ਮਲਕ ਅਲੀ ਅਤੇ ਸ਼ਾਹ ਹੁਸੈਨ ਦਰਮਿਆਨ ਬੋਲ-ਕਬੋਲ ਹੋਏ, ਤਾਂ ਮਲਕ ਨੇ ਬੜੀ ਭੱਦੀ ਬੋਲੀ ਬੋਲੀ। ਸ਼ਾਹ ਹੁਸੈਨ ਕਹਿਣ ਲੱਗਾ, ਕੋਤਵਾਲ ਤੂੰ ਵੀ ਆਪਣੇ ਮਰਨ ਦੀ ਤਿਆਰੀ ਕਰ ਲੈ। ਦੁੱਲੇ ਨੂੰ ਦੁਨੀਆਂ ਯਾਦ ਰੱਖੇਗੀ, ਪਰ ਤੇਰੇ ਨਾਂ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ। ਦੁੱਲੇ ਦੀ ਫਾਂਸੀ ਤੋਂ ਬਾਅਦ ਕੋਤਵਾਲ ਅਕਬਰ ਨੂੰ ਦਰਬਾਰ ਵਿਚ ਆ ਕੇ ਦੱਸਦਾ ਹੈ ਕਿ ਉਸ ਨੇ ਕਿੰਝ ਦੁੱਲੇ ਨੂੰ ਫਾਂਸੀ ਦਿੱਤੀ। ਅਕਬਰ ਨੇ ਕਿਹਾ ਕਿ ਉਥੇ ਹੋਰ ਕੀ ਹੋਇਆ ਸੀ, ਤਾਂ ਕੋਤਵਾਲ ਨੇ ਸ਼ਾਹ ਹੁਸੈਨ ਬਾਰੇ ਕਿਹਾ ਕਿ ਜਹਾਂ ਪਨਾਹ! ਉਹ ਤੁਹਾਡੇ ਉਪਰ ਤੋਹਮਤਾਂ ਪਿਆ ਲਾਉਂਦਾ ਸੀ, ਪਰ ਅਕਬਰ ਨੂੰ ਪਹਿਲਾਂ ਹੀ ਆਪਣੇ ਸੂਹੀਆਂ ਤੋਂ ਪੂਰੀ ਖਬਰ ਮਿਲ ਚੁੱਕੀ ਸੀ। ਕੋਤਵਾਲ ਮਲਕ ਅਲੀ ਨੂੰ ਵੀ ਉਸੇ ਸ਼ਾਮ ਨੂੰ ਮਾਰ ਦਿੱਤਾ ਗਿਆ। ਮਿਆਣੀ ਦੇ ਕਬਰਿਸਤਾਨ ਵਿਚ ਜਿਥੇ ਦੁੱਲੇ ਦੀ ਕਬਰ ਹੈ, ਉਥੇ ਮਲਕ ਅਲੀ ਦੀ ਵੀ ਕਬਰ ਮੌਜੂਦ ਹੈ।
ਸ਼ਾਹ ਹੁਸੈਨ ਦੁੱਲੇ ਦੀ ਸ਼ੁਰੂ ਤੋਂ ਹੀ ਤਰਫ਼ਦਾਰੀ ਕਰਦਾ ਰਿਹਾ ਸੀ। ਦੁੱਲੇ ਦੀ ਫਾਂਸੀ ਵਕਤ ਸ਼ਾਹ ਹੁਸੈਨ ਨੇ ਦੁੱਲੇ ਨੂੰ ਕੁਝ ਇੰਝ ਕਿਹਾ ਜੋ ਸ਼ਾਹ ਹੁਸੈਨ ਦੀਆਂ ਲਿਖਤਾਂ ਵਿਚ ਦਰਜ ਹੈ:
ਯਾ ਦਿਲਬਰ ਯਾ ਮਰ ਕੇ ਪਿਆਰਾ
ਦੁੱਲੇ ਦੇ ਲਾਲ ਲਬਾ ਦੇ ਲਾਰੇ
ਸੂਲੀ ਪਰ ਚੜ੍ਹ ਲੈ ਹੁਲਾਰੇ
ਆਨ ਮਿਲਾਸੀ ਦਿਲਬਰ ਯਾਰਾ
ਯਾ ਦਿਲਬਰ ਯਾ ਸਰ ਕਰ ਪਿਆਰਾ।
ਤੇ ਇਸ ਦੀ ਗਵਾਹੀ ਤਾਰੀਕ-ਏ-ਚਿਸ਼ਤੀ ਦੇ ਲਿਖਾਰੀ ਨੂਰ ਅਹਿਮਦ ਚਿਸ਼ਤੀ ਨੇ ‘ਤਹਿਕੀਕ-ਉਲ ਫੁਕਰਾਂ’ ਵਿਚ ਦਿੱਤੀ ਹੈ।
ਦੁੱਲੇ ਸਦਾ ਹੀ ਹਾਕਮਾਂ ਨੂੰ ਲਲਕਾਰਦੇ ਅਤੇ ਜ਼ੁਲਮ ਖਿਲਾਫ ਲੜਦੇ ਰਹਿਣਗੇ। ਉਹ ਲੜਦੇ ਰਹਿਣਗੇ ਉਨ੍ਹਾਂ ਸੋਚਾਂ ਦੇ ਖਿਲਾਫ ਜੋ ਨਿੱਤ ਨਵੇਂ ਦੰਗੇ ਕਰਵਾਉਣ ਲਈ ਲੋਕਾਂ ਨੂੰ ਧਰਮ, ਜਾਤ-ਪਾਤ, ਬੋਲੀ ਆਦਿ ਦੇ ਆਧਾਰ ‘ਤੇ ਲੜਾ ਰਹੇ ਹਨ, ਪਰ ਦੁੱਲੇ ਕਦੇ ਖਤਮ ਨਹੀਂ ਹੋਣਗੇ!