ਹਿੰਦੂ ਮੱਤ ਅਨੁਸਾਰ ਸ੍ਰੀ ਰਾਮ ਚੰਦਰ ਨੂੰ ਭਗਵਾਨ ਅਤੇ ਸੀਤਾ ਨੂੰ ਮਾਤਾ ਕਰਕੇ ਜਾਣਿਆ ਜਾਂਦਾ ਹੈ। ਲਛਮਣ, ਜਿਸ ਨੇ ਉਨ੍ਹਾਂ ਦੀ ਸੇਵਾ ਕੀਤੀ, ਉਸ ਦਾ ਵੀ ਬੜਾ ਵੱਡਾ ਨਾਂ ਹੈ। ਸ੍ਰੀ ਰਾਮ ਚੰਦਰ ਅਤੇ ਉਨ੍ਹਾਂ ਨਾਲ ਸੀਤਾ ਤੇ ਲਛਮਣ ਨੇ ਪਿਤਾ ਦੇ ਵਚਨ ਪਾਲਦਿਆਂ 14 ਸਾਲ ਦਾ ਬਣਵਾਸ ਕੱਟਿਆ, ਸਾਰੀ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ
ਪਰ ਲਛਮਣ ਦੀ ਧਰਮਪਤਨੀ ਉਰਮਿਲਾ ਜਿਸ ਨੇ ਇਹ 14 ਸਾਲ ਆਪਣੇ ਘਰ ਰਹਿ ਕੇ ਬਣਵਾਸ ਤੋਂ ਵੀ ਮਾੜੇ ਹਾਲਾਤ ਵਿਚ ਕੱਟੇ, ਉਸ ਦਾ ਨਾਂ ਕਿਸੇ ਨੂੰ ਘੱਟ ਹੀ ਚੇਤੇ ਹੈ। ਇਹੋ ਹੈ ਉਰਮਿਲਾ ਦੀ ਪੀੜਾ ਜਿਸ ਨੂੰ ਕਿਰਪਾਲ ਕੌਰ ਨੇ ਆਪਣੀ ਇਸ ਕਹਾਣੀ ਵਿਚ ਪੇਸ਼ ਕੀਤਾ ਹੈ। -ਸੰਪਾਦਕ
ਕਿਰਪਾਲ ਕੌਰ
ਫੋਨ:815-356-9535
‘ਕੁਝ ਲਿਖਾਂ’ ਸੋਚ ਕੇ ਕਲਮ ਫੜੀ, ਦਿਮਾਗ ਬਿਲਕੁਲ ਖਾਲੀ ਸੀ। ‘ਕੀ ਲਿਖਾਂ’ ਬਾਰੇ ਕੁਝ ਫੁਰਦਾ, ਉਸ ਤੋਂ ਪਹਿਲਾਂ ਉਰਮਿਲਾ ਮੇਰੇ ਸਾਹਮਣੇ ਲਾਲ ਅੱਖਾਂ ਕਰੀ ਖੜ੍ਹੀ ਸੀ। ਮੈਂ ਕਿਹਾ, “ਉਰਮਿਲਾ ਤੂੰ!”
“ਹਾਂ ਮੈਂ ਉਰਮਿਲਾ। ਤੈਨੂੰ ਵੀ ਮੇਰੀ ਪਛਾਣ ਭੁੱਲ ਗਈ।”
“ਨਹੀਂ ਉਰਮਿਲਾ, ਮੈਂ ਤੈਨੂੰ ਪਛਾਣ ਤੇ ਲਿਆæææ ਪਰ ਤੂੰ ਗੁੱਸੇ ਵਿਚ ਕਿਉਂ ਐਂ, ਕੀ ਗੱਲ?” ਮੈਂ ਪੁੱਛਿਆ।
“ਆਪੇ ਸੋਚ”, ਉਰਮਿਲਾ ਬੋਲੀ, “ਯਾਦ ਹੈ ਤੈਨੂੰ, ਜਦ ਤੂੰ ਕਹਿੰਦੀ ਹੁੰਦੀ ਸੀ ਰਾਮਾਇਣ ਵਿਚ ਉਰਮਿਲਾ ਐਸੀ ਪਾਤਰ ਹੈ ਜਿਸ ਨੂੰ ਨਿਆਂ ਨਹੀਂ ਮਿਲਿਆ, ਮੈਂ ਦਿਲਾਵਾਂਗੀ।”
“ਉਰਮਿਲਾ ਯਾਦ ਤਾਂ ਹੈ।” ਮੈਂ ਕਿਹਾ, ਪਰ ਮੇਰਾ ਉਤਸ਼ਾਹ ਢਿੱਲ੍ਹਾ ਸੀ। ਫਿਰ ਉਰਮਿਲਾ ਹੀ ਬੋਲੀ, “ਮੈਨੂੰ ਪਤੈ ਤੂੰ ਜੋ ਕਹਿਣਾ। ਅੱਜ ਕੱਲ੍ਹ ਤੂੰ ਇਹੀ ਉਤਰ ਦਿੰਦੀ ਏਂæææ ਕਾਲੀ ਦਾਸ ਤੇ ਤੁਲਸੀ ਦਾਸ ਜੋ ਨਿਆਂ ਨਹੀਂ ਕਰ ਸਕੇ, ਮੈਂ ਭਲਾ ਕਿਵੇਂ ਦਿਲਾ ਸਕਦੀ ਹਾਂæææ ਮੈਂ ਤਾਂ ਲਿਖਾਰੀਆਂ ਦੀ ਪੰਕਤੀ ਵਿਚ ਹੀ ਨਹੀਂæææ ਮੇਰੇ ਲਿਖਣ ਨਾਲ ਤੇਰਾ ਚਰਿੱਤਰ ਲੋਕਾਂ ਅੱਗੇ ਉਜਾਗਰ ਹੋ ਸਕੇਗਾ?”
ਫਿਰ ਮੈਂ ਕਿਹਾ, “ਉਰਮਿਲਾ, ਮੈਂ ਸੱਚ ਆਖ ਰਹੀ ਹਾਂ, ਸੀਤਾ ਨਾਲੋਂ ਕਿਤੇ ਵੱਧ ਕੁਰਬਾਨੀ ਤਾਂ ਤੇਰੀ ਹੈ।”
ਉਰਮਿਲਾ ਭਰੀ-ਪੀਤੀ ਮੁੜ ਗਈ ਸੀ।
ਤੁਸੀਂ ਜਾਣਦੇ ਹੋ ਕਿ ਨਹੀਂ ਉਰਮਿਲਾ ਨੂੰ? ਮੈਂ ਤੁਹਾਡੀ ਪਛਾਣ ਕਰਵਾ ਦੇਵਾਂ। ਉਰਮਿਲਾ ਲਛਮਣ ਦੀ ਪਤਨੀ, ਰਾਮ ਚੰਦਰ ਦੀ ਭਰਜਾਈ ਤੇ ਰਾਜੇ ਦਸ਼ਰਥ ਦੀ ਨੂੰਹ ਰਾਣੀ। ਰਾਮ ਚੰਦਰ ਨੂੰ ਬਣਵਾਸ ‘ਤੇ ਜਾਣਾ ਪਿਆ, ਉਨ੍ਹਾਂ ਆਪਣੇ ਪਿਤਾ ਦੇ ਬਚਨ ਦੀ ਪੂਰਤੀ ਜੁ ਕਰਨੀ ਸੀ! ਰਘੂਵੰਸ਼ ਦੀ ਰੀਤ ਸੀ ਕਿ ਪ੍ਰਾਣ ਚਲੇ ਜਾਣ, ਪਰ ਪ੍ਰਣ ਨਹੀਂ ਟੁੱਟਣਾ ਚਾਹੀਦਾ। ਲਾਇਕ ਪੁੱਤਰ ਪਿਤਾ ਦੇ ਬਚਨ ਦੀ ਲਾਜ ਰੱਖਦੇ ਹਨ। ਬਣਵਾਸ ‘ਤੇ ਜਾਣ ਨਾਲ ਉਹ ਰਾਜਾ ਰਾਮ ਤੋਂ ਭਗਵਾਨ ਰਾਮ ਬਣ ਗਏ।
ਸੀਤਾ, ਰਾਮ ਚੰਦਰ ਦੀ ਪਤਨੀ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਆਪਣੇ ਪਤੀ ਦੇ ਨਾਲ ਹੀ ਜਾਵਾਂਗੀ। ਰਾਮ ਚੰਦਰ ਨੇ ਵੀ ਉਨ੍ਹਾਂ ਦੀ ਗੱਲ ਮੰਨ ਲਈ। ਦੋਵੇਂ ਇਕੱਠੇ ਰਹਾਂਗੇ ਤਾਂ ਸਮਾਂ ਚੰਗਾ ਲੰਘ ਜਾਵੇਗਾ। ਆਖਰ ਚੌਦਾਂ ਵਰ੍ਹਿਆਂ ਦਾ ਸਮਾਂ ਕਿਹੜਾ ਛੋਟਾ ਹੁੰਦਾ ਹੈ!
ਲਛਮਣ ਜੀ ਕਿਹੜਾ ਘੱਟ ਸਨ। ਉਨ੍ਹਾਂ ਕਿਹਾ, “ਮੈਂ ਤਾਂ ਵੱਡੇ ਭਰਾ ਤੇ ਭਾਬੀ ਦੀ ਸੇਵਾ ਕਰਨੀ ਹੈ। ਮੈਂ ਨਾਲ ਜਾਵਾਂਗਾ। ਜੰਗਲ ਵਿਚ ਜੰਗਲੀ ਜਾਨਵਰ ਵੀ ਹੋਣਗੇ। ਹੋਰ ਬਹੁਤ ਮੁਸ਼ਕਿਲਾਂ ਹੋਣਗੀਆਂ, ਮੈਂ ਨਾਲ ਰਹਾਂਗਾ।” ਉਹ ਜਿੱਦੀ ਸੁਭਾਅ ਵਾਲੇ ਸਨ। ਰਾਮ ਚੰਦਰ ਨੇ ਮਨਜ਼ੂਰੀ ਦੇ ਦਿੱਤੀ। ਉਰਮਿਲਾ ਨੇ ਕਿਹਾ, “ਮੈਂ ਵੀ ਆਪਣੇ ਪਤੀ ਨਾਲ ਜਾਵਾਂਗੀ।” ਲਛਮਣ ਦਾ ਜਵਾਬ ਸੀ, “ਤੂੰ ਬਿਲਕੁਲ ਨਹੀਂ ਜਾ ਸਕਦੀ। ਤੂੰ ਮੇਰੇ ਪਿੱਛੋਂ ਮਾਤਾਵਾਂ ਦੀ ਸੇਵਾ ਵਿਚ ਰਹੇਂਗੀ। ਇਹ ਤੈਨੂੰ ਤੇਰੇ ਪਤੀ ਦਾ ਹੁਕਮ ਹੈ ਜਿਸ ਦਾ ਤੈਨੂੰ ਪਾਲਣ ਕਰਨਾ ਹੋਵੇਗਾ।” ਉਹ ਵਿਚਾਰੀ ਚੁੱਪ ਹੋ ਗਈ।
ਉਹ ਤਿੰਨੇ ਆਪਣੇ ਰਾਜ ਪਰਿਵਾਰ ਵਾਲੇ ਵਸਤਰ ਬਦਲ ਕੇ ਬਣਾਂ ਨੂੰ ਚਲੇ ਗਏ। ਉਰਮਿਲਾ ਨੇ ਵੀ ਆਪਣੇ ਵਸਤਰ ਬਦਲ ਕੇ ਬਣਵਾਸੀਆਂ ਵਾਲੇ ਪਾ ਲਏ। ਮਹਿਲ ਵਿਚ ਹੀ ਬਣਵਾਸੀ ਜੀਵਨ ਸ਼ੁਰੂ ਕਰ ਦਿੱਤਾ। ਮਾਤਾਵਾਂ ਦੀ ਸੇਵਾ ਕਰਦੀ, ਆਪ ਬਹੁਤ ਘੱਟ ਤੇ ਸਾਦਾ ਭੋਜਨ ਖਾਂਦੀ। ਫਰਸ਼ ‘ਤੇ ਸੌਂਦੀ, ਸਾਰੇ ਗਹਿਣੇ ਉਤਾਰ ਦਿੱਤੇ। ਕੋਈ ਸ਼ਿੰਗਾਰ ਨਾ ਕਰਦੀ। ਕੇਵਲ ਸੰਧੂਰ ਤੇ ਬਿੰਦੀ ਲਗਾਉਂਦੀ।
ਅਯੁੱਧਿਆ ਤੋਂ ਚੱਲ ਕੇ ਜਿਥੋਂ ਜੰਗਲੀ ਤੇ ਸੁੰਨਾ ਖੰਡ ਸ਼ੁਰੂ ਹੋਇਆ, ਲਛਮਣ ਨੇ ਰਾਮ ਨੂੰ ਕਿਹਾ, “ਤੁਸੀਂ ਮੇਰੇ ਬੜੇ ਭਰਾ ਹੋ। ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ, ਹੁਣ ਮੈਂ ਤੁਹਾਡੇ ਅੱਗੇ ਹੋ ਕੇ ਤੁਰਾਂਗਾ, ਕਿਉਂਕਿ ਮੈਂ ਰਾਸਤੇ ਦੇ ਕੰਡੇ ਤੇ ਹੋਰ ਰੁਕਾਵਟਾਂ ਦੂਰ ਕਰ ਕੇ ਤੁਹਾਡੇ ਲਈ ਰਾਹ ਸੁਖਾਵਾਂ ਤੇ ਪੱਧਰਾ ਬਣਾਉਂਦਾ ਅੱਗੇ ਚੱਲਾਂਗਾ।” ਰਾਮ ਨੇ ਆਗਿਆ ਦੇ ਦਿੱਤੀ। ਰਾਸਤੇ ਵਿਚ ਜਿਥੇ ਰਾਤ ਆਉਂਦੀ, ਲਛਮਣ ਉਨ੍ਹਾਂ ਦੇ ਆਗਮਨ ਦਾ ਚੰਗਾ ਪ੍ਰਬੰਧ ਕਰ ਦਿੰਦਾ। ਖਾਣ ਲਈ ਜੋ ਜੰਗਲੀ ਫਲ ਮਿਲਦੇ, ਇਕੱਠੇ ਕਰ ਕੇ ਲਿਆ ਦਿੰਦਾ। ਅੰਤ, ਜਿਹੜਾ ਸਥਾਨ ਰਾਮ ਚੰਦਰ ਤੇ ਸੀਤਾ ਨੂੰ ਪਸੰਦ ਆਇਆ, ਉਹ ਧੁਰ ਦੱਖਣ ਵਿਚ ਸੀ। ਬਹੁਤ ਹੀ ਸੁੰਦਰ ਸਥਾਨ, ਭਰੇ ਰੁੱਖ ਜਿਨ੍ਹਾਂ ਨਾਲ ਲਿਪਟੀਆਂ ਫੁੱਲਾਂ ਲੱਦੀਆਂ ਬੇਲਾਂ, ਛੋਟੀਆਂ ਝਾੜੀਆਂ, ਹਰਾ ਘਾਹ ਅਤੇ ਪਾਣੀ ਦੇ ਸਾਫ ਵਹਿਣ। ਇਸ ਤਰ੍ਹਾਂ ਲੱਗਦਾ ਸੀ ਕਿ ਕੁਦਰਤ ਨੇ ਸਾਰੀ ਸੁੰਦਰਤਾ ਇਸ ਧਰਤੀ ਨੂੰ ਬਖਸ਼ੀ ਹੈ।
ਉਸ ਥਾਂ ਲਛਮਣ ਨੇ ਬਹੁਤ ਸੋਹਣੀ ਕੁਟੀਆ ਬਣਾ ਦਿੱਤੀ। ਨਾਰੀਅਲ ਦੇ ਰੁੱਖਾਂ ਦੇ ਸੁੱਕੇ ਪੱਤੇ ਪਾ ਕੇ ਛੱਤ ਪਾ ਲਈ। ਕੁਝ ਦਿਨ ਲਾ ਕੇ ਮਿੱਟੀ ਦਾ ਚਬੂਤਰਾ ਜਿਹਾ ਬਣਾ ਕੇ ਉਸ ਨੂੰ ਲਿਪ-ਪੋਚ ਕੇ ਪਲੰਘ ਬਣਾ ਦਿੱਤਾ। ਉਸ ਉਪਰ ਕੋਮਲ ਪੱਤੇ ਤੇ ਫੁੱਲ, ਵਛਾਈ ਦਾ ਕੰਮ ਕਰਦੇ। ਕੁਝ ਰੁੱਖਾਂ ਦੇ ਬੀਜ ਤੇ ਸ਼ਾਲ ਇਕੱਠੀ ਕਰ ਕੇ ਮਸ਼ਾਲਾਂ ਬਣਾ ਲਈਆਂ, ਰਾਤ ਨੂੰ ਜਲਾ ਲੈਂਦੇ। ਹੋਰ ਵੀ ਹਰ ਸੁੱਖ ਦਾ ਬਦਲ ਤਿਆਰ ਕਰ ਕੇ ਭਰਾ-ਭਰਜਾਈ ਨੂੰ ਜੰਗਲ ਵਿਚ ਮੰਗਲ ਬਣਾ ਦਿੱਤਾ। ਸਾਰਾ ਦਿਨ ਉਹ ਘੁੰਮਦੇ। ਜੰਗਲੀ ਜਾਨਵਰ ਤੇ ਰੰਗ ਬਿਰੰਗੇ ਫੁੱਲ, ਇਹ ਸਾਰੇ ਨਜ਼ਾਰੇ ਮਹਿਲ ਵਿਚ ਕਿਥੇ ਸਨ!
ਮਹਿਲਾਂ ਵਿਚ ਭਰਤ ਰਾਜ ਪ੍ਰਬੰਧ ਵਿਚ ਲੱਗਾ ਸੀ। ਸ਼ਤਰੂਘਨ ਵੀ, ਜੋ ਭਰਾ ਦਾ ਹੁਕਮ ਹੁੰਦਾ, ਉਹ ਕਰਦਾ। ਇਨ੍ਹਾਂ ਦੀਆਂ ਪਤਨੀਆਂ ਵੀ ਸੁੱਖ ਆਰਾਮ ਨਾਲ ਰਹਿੰਦੀਆਂ। ਬਜ਼ੁਰਗਾਂ ਦੀ ਸੇਵਾ ਉਰਮਿਲਾ ਕਰਦੀ, ਪਰ ਉਸ ਦਾ ਹਾਲ ਪੁੱਛਣ ਦਾ ਕਿਸੇ ਕੋਲ ਸਮਾਂ ਨਹੀਂ ਸੀ। ਉਹ ਹਰ ਪਲ ਆਪਣੇ ਪਤੀ ਨੂੰ ਯਾਦ ਕਰਦੀ। ਕਦੀ ਉਸ ਦੀ ਚਿੰਤਾ ਕਰਦੀ, ਨਾਰਾਜ਼ ਹੁੰਦੀ। ਕਦੀ ਰੋਂਦੀ ਤੇ ਕਦੀ ਅਰਦਾਸ ਕਰਦੀ ਕਿ ਉਸ ਦਾ ਪਤੀ ਆਪਣੇ ਭਰਾ ਤੇ ਭਾਬੀ ਦੀ ਸੇਵਾ ਲਈ ਰਾਜ਼ੀ ਖੁਸ਼ੀ ਰਹੇ। ਉਸ ਸਥਾਨ ਨੂੰ ਆਪਣੀਆਂ ਅੰਦਰ ਦੀਆਂ ਅੱਖਾਂ ਅੱਗੇ ਲਿਆਉਂਦੀ ਜਿਥੇ ਉਸ ਦਾ ਪਤੀ ਰਹਿੰਦਾ ਹੋਵੇਗਾ।
ਉਰਮਿਲਾ ਹਵਾਵਾਂ ਤੋਂ ਬਣਵਾਸੀਆਂ ਦਾ ਹਾਲ ਪੁੱਛਦੀ ਤੇ ਆਪਣੇ ਸੁਨੇਹੇ ਦਿੰਦੀ। ਉਡਦੇ ਪੰਛੀਆਂ ਨੂੰ ਕਹਿੰਦੀ, “ਤੁਸੀਂ ਮੇਰੇ ਪਤੀ ਨੂੰ ਦੇਖਿਆ ਹੋਵੇਗਾ, ਕਿਵੇਂ ਰਹਿ ਰਹੇ ਹਨ ਉਹ?”
ਦੱਖਣ ਵੱਲੋਂ ਆਉਂਦੀ ਹਵਾ ਵਿਚੋਂ ਉਸ ਨੂੰ ਹਵਾ ਦੀ ਸਰ-ਸਰਾਹਟ ਦੇ ਨਾਲ-ਨਾਲ ਆਪਣੇ ਪਤੀ ਦੀ ਆਵਾਜ਼ ਸੁਣਦੀ। ਉਹ ਕਹਿੰਦੀ, “ਮੇਰੇ ਪਤੀ ਨੇ ਮੈਨੂੰ ਕੋਈ ਸੰਦੇਸ਼ਾ ਭੇਜਿਆ ਹੈ।” ਉਹ ਵਿਛੋੜੇ ਦੇ ਦੁੱਖ ਨਾਲ ਬੌਰੀ ਹੋਈ ਪਈ ਸੀ। ਸਰੀਰਕ ਪੱਖ ਤੋਂ ਵੀ ਉਹ ਬਹੁਤ ਕਮਜ਼ੋਰ ਹੋ ਗਈ ਸੀ। ਵਿਛੋੜੇ ਦਾ ਸਮਾਂ ਹੀ ਬਹੁਤ ਲੰਮਾ ਸੀ। ਮਾਤਾਵਾਂ ਉਸ ਦੀ ਚਿੰਤਾ ਕਰਦੀਆਂ ਤੇ ਬੈਠੀਆਂ ਵਰ੍ਹੇ ਗਿਣਦੀਆਂ, ਉਰਮਿਲਾ ਨੂੰ ਹੌਸਲਾ ਦਿੰਦੀਆਂ।
ਇਕ ਦਿਨ ਖਬਰ ਮਿਲੀ ਕਿ ਲੰਕਾ ਦਾ ਰਾਜਾ ਸੀਤਾ ਨੂੰ ਛਲ ਨਾਲ ਚੁੱਕ ਕੇ ਲੈ ਗਿਆ ਹੈ। ਸਾਰੀ ਅਯੁੱਧਿਆ ਦੁੱਖ ਵਿਚ ਡੁੱਬ ਗਈ। ਕੀ ਹੋਵੇਗਾ, ਕਿਵੇਂ ਹੋਵੇਗਾ, ਖਬਰਾਂ ਖਬਰੇ ਹਵਾਵਾਂ ਨਾਲ ਆ ਜਾਂਦੀਆਂ! ਰਾਮ ਚੰਦਰ ਬਹੁਤ ਦੁਖੀ ਹਨ। ਉਹ ਰੁੱਖਾਂ ਦੇ ਗਲ ਲੱਗ ਕੇ ਰੋਂਦੇ ਤੇ ਸੀਤਾ ਨੂੰ ਆਵਾਜ਼ਾਂ ਦਿੰਦੇ ਹਨ। ਲਛਮਣ ਲੰਕਾ ਦੇ ਰਾਜੇ ਨਾਲ ਯੁੱਧ ਦੀ ਤਿਆਰੀ ਵਿਚ ਲੱਗ ਗਏ ਹਨ।
ਇਕ ਦਿਨ ਇਕ ਦਾਸੀ ਦੂਜੀ ਨੂੰ ਕਹਿ ਰਹੀ ਸੀ, “ਕਹਿੰਦੇ ਨੇ, ਰਾਮ ਚੰਦਰ ਬਹੁਤ ਦੁਖੀ ਹਨ। ਰੋ-ਰੋ ਵਿਰਲਾਪ ਕਰਦੇ ਹਨ।” ਸੁਣ ਕੇ ਦੂਜੀ ਦਾਸੀ ਬੋਲੀ, “ਜਿਸ ਤਨ ਲੱਗੇ ਉਹੀ ਜਾਣੇ।”
ਫਿਰ ਸੁਖਦਾਈ ਖਬਰ ਆਈ ਕਿ ਬਾਨਰ ਸੈਨਾ ਦੀ ਸਹਾਇਤਾ ਨਾਲ ਲੰਕਾ ਨੂੰ ਭਸਮ ਕਰ ਦਿੱਤਾ ਗਿਆ ਹੈ। ਰਾਵਣ ਮਾਰ ਦਿੱਤਾ ਤੇ ਸੀਤਾ ਜੀ ਮੁੜ ਰਾਮ ਚੰਦਰ ਕੋਲ ਪਹੁੰਚ ਗਏ ਹਨ।
ਹੁਣ ਉਹ ਦਿਹਾੜਾ ਆ ਗਿਆ ਜਿਸ ਦੀ ਸਾਰੇ ਉਡੀਕ ਕਰ ਰਹੇ ਸਨ। ਰਾਮ ਚੰਦਰ ਦਾ ਬਣਵਾਸ ਮੁੱਕ ਗਿਆ। ਉਰਮਿਲਾ ਸੋਚਦੀ, “ਮੇਰੇ ਪਤੀ ਵੀ ਆਪਣੇ ਭਾਈ ਤੇ ਭਾਬੀ ਦੇ ਨਾਲ ਹੀ ਆਉਣਗੇ। ਮੇਰੇ ਪਤੀ ਵੀ ਮੇਰੇ ਵਾਂਗ ਮੈਨੂੰ ਮਿਲਣ ਲਈ ਕਾਹਲੇ ਹੋਣਗੇ। ਸਿੱਧੇ ਮੇਰੇ ਕੋਲ ਪਹੁੰਚਣਗੇ।” ਫਿਰ ਦਿਲ ਨੇ ਕਿਹਾ, “ਨਹੀਂ, ਇਹ ਕਿਵੇਂ ਹੋ ਸਕਦਾ ਹੈ! ਪਹਿਲਾਂ ਮਾਤਾਵਾਂ ਕੋਲ ਜਾ ਕੇ ਉਨ੍ਹਾਂ ਦੇ ਚਰਨ ਛੂਹਣਗੇ। ਮੈਂ ਵੀ ਉਥੇ ਹੀ ਹੋਵਾਂਗੀ।” ਫਿਰ ਅੰਦਰੋਂ ਆਵਾਜ਼ ਆਈ, “ਕੀ ਮੇਰੇ ਪਤੀ ਮੈਨੂੰ ਪਛਾਣ ਲੈਣਗੇ?æææਹਾਂ ਕਿਉਂ ਨਹੀਂ। ਭਾਵੇਂ ਕੁਝ ਹੋ ਜਾਵੇ, ਅਸੀਂ ਕਦੀ ਇਕ ਦੂਜੇ ਨੂੰ ਨਹੀਂ ਭੁੱਲ ਸਕਦੇ!” ਫਿਰ ਸੋਚਦੀ, “ਮੈਂ ਜਾਣਦੀ ਹਾਂ, ਮੈਂ ਬਹੁਤ ਕਮਜ਼ੋਰ ਹੋ ਗਈ ਹਾਂ। ਪੁਸ਼ਾਕ ਵੀ ਇਸ ਤਰ੍ਹਾਂ ਦੀ ਹੈ। ਵਾਲ ਵੀ ਬਹੁਤੇ ਕਾਲੇ ਨਹੀਂ ਰਹੇ। ਫਿਰ ਵੀ ਕੀ ਹੋਇਆ, ਉਰਮਿਲਾ ਦੇ ਤਨ ਦੀ ਰਾਖ ਨੂੰ ਵੀ ਮੇਰੇ ਲਛਮਣ ਪਛਾਣ ਲੈਣਗੇ, ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਵੀ ਮੈਨੂੰ ਇਕੱਲੇ ਵਿਚ ਮਿਲਣਾ ਚਾਹੁਣਗੇ।” ਮਨ ਦੀ ਇਸੇ ਉਧੇੜ-ਬੁਣ ਵਿਚ ਕਈ ਦਿਨ ਲੰਘ ਗਏ, ਅੰਤ ਉਹ ਦਿਨ ਆ ਗਿਆ ਜਿਸ ਦਿਨ ਰਾਮ ਚੰਦਰ ਸੀਤਾ ਤੇ ਲਛਮਣ ਨਾਲ ਅਯੁੱਧਿਆ ਪਹੁੰਚੇ। ਅਯੁੱਧਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਮਹਿਲ ਵੀ ਜਗਮਗਾ ਰਿਹਾ ਸੀ। ਭਰਤ ਤੇ ਸ਼ਤਰੂਘਨ ਬਾਕੀ ਪਰਜਾ ਨਾਲ ਅਯੁੱਧਿਆ ਦੀ ਹੱਦ ਉਤੇ ਸਵਾਗਤ ਲਈ ਗਏ ਹੋਏ ਸਨ।
ਉਰਮਿਲਾ ਨੇ ਨਿੱਤ ਦੇ ਕੰਮ ਅਨੁਸਾਰ ਮਾਤਾਵਾਂ ਦੀ ਸੇਵਾ ਕੀਤੀ, ਪੂਜਾ ਪਾਠ ਕੀਤਾ। ਆਪਣੇ ਕੱਕਸ਼ (ਮਹੱਲ) ਵਿਚ ਜਾ ਕੇ ਆਪਣੀ ਨਿੱਤ ਵਾਲੀ ਖੱਦਰ ਦੀ ਪੁਸ਼ਾਕ ਪਾਈ ਅਤੇ ਫਰਸ਼ ‘ਤੇ ਵਿਛੇ ਆਪਣੇ ਆਸਣ ਉਤੇ ਬੈਠ ਗਈ। ਫਿਰ ਉਠ ਖੜੋਤੀ। ਉਸ ਅੰਦਰ ਬੇਚੈਨੀ ਸੀ। ਕਦੀ ਕਮਰੇ ਦੇ ਅੰਦਰ ਫਿਰਨ ਲੱਗ ਜਾਂਦੀ। ਮੁੜ ਬੈਠ ਜਾਂਦੀ। ਉਹ ਆਪੇ ਨੂੰ ਸੰਭਾਲ ਨਹੀਂ ਸਕਦੀ ਸੀ। ਉਸ ਦੇ ਕੰਨਾਂ ਨੇ ਜੈਕਾਰੇ ਸੁਣੇ, ਰਾਮ ਚੰਦਰ ਦੇ। ਉਸ ਝੱਟ ਉਠ ਕੇ ਆਪਣਾ ਬੂਹਾ ਖੋਲ੍ਹਿਆ ਤੇ ਬਾਹਰ ਨਿਕਲੀ। ਉਸ ਦੇਖਿਆ ਕਿ ਕਾਫੀ ਸਾਰੇ ਲੋਕ ਮਾਤਾਵਾਂ ਦੇ ਕੱਕਸ਼ ਤੋਂ ਬਾਹਰ ਖੜ੍ਹੇ ਹਨ। ਫਿਰ ਸਭ ਉਸ ਅਟਾਰੀ ਵੱਲ ਚੱਲ ਪਏ ਜਿਥੇ ਖੜ੍ਹ ਕੇ ਮਹਾਰਾਜ ਦਸ਼ਰਥ ਜਨਤਾ ਨੂੰ ਦਰਸ਼ਨ ਦਿੰਦੇ ਸਨ।
ਉਰਮਿਲਾ ਜਾਣ ਗਈ ਕਿ ਇਹ ਤਿੰਨੇ ਪਹਿਲਾਂ ਆਪਣੀ ਜਨਤਾ ਨੂੰ ਦਰਸ਼ਨ ਦੇਣਗੇ। ਉਰਮਿਲਾ ਫਿਰ ਅੰਦਰ ਚਲੀ ਗਈ। ਆਪਣੇ ਆਸਣ ਉਤੇ ਬੈਠ ਗਈ। ਪਤਾ ਨਹੀਂ ਲੱਗਿਆ ਕਿ ਉਹ ਕਦੋਂ ਬੇਹੋਸ਼ ਹੋ ਗਈ। ਇਕ ਦਾਸੀ ਨੇ ਦੇਖਿਆ ਤਾਂ ਦੌੜੀ ਵੈਦ ਜੀ ਨੂੰ ਬੁਲਾਉਣ, ਵੈਦ ਵੀ ਜਨਤਾ ਵਿਚ ਖੜ੍ਹੇ ਸਨ। ਉਹਨੇ ਰੌਲਾ ਪਾਇਆ, “ਵੈਦ ਨੂੰ ਬੁਲਾਓ, ਰਾਣੀ ਉਰਮਿਲਾ ਨੂੰ ਮੂਰਛਾ (ਬੇਹੋਸ਼ੀ) ਆ ਗਈ।” ਇਹ ਸੁਣ ਲਛਮਣ ਦੌੜੇ, ਕੋਲ ਆਏ ਤੇ ਉਸ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ, “ਏਹ ਉਰਮਿਲਾ! ਕੀ ਹੋ ਗਿਆ ਇਸ ਨੂੰ?”
ਵੈਦ ਨੇ ਨਬਜ਼ ਦੇਖੀ ਤੇ ਕਿਹਾ, “ਮਹਾਰਾਜ ਲਛਮਣ, ਇਸ ਦਾ ਦਾਰੂ ਮੇਰੇ ਕੋਲ ਨਹੀਂ, ਤੁਹਾਡੇ ਕੋਲ ਹੈ।” ਇਹ ਕਹਿ ਕੇ ਉਹ ਚਲਾ ਗਿਆ। ਲਛਮਣ ਉਸ ਦਾ ਸਿਰ ਆਪਣੀ ਗੋਦ ਵਿਚ ਲੈ ਕੇ ਆਪਣੇ ਆਪ ਨੂੰ ਬੁਰਾ ਕਹਿੰਦੇ ਤੇ ਹੰਝੂ ਕੇਰਦੇ ਰਹੇ। ਕੁਝ ਸਮੇਂ ਮਗਰੋਂ ਉਰਮਿਲਾ ਨੂੰ ਹੋਸ਼ ਆਈ, ਉਸ ਦਾ ਚਿਹਰਾ ਬਿਲਕੁਲ ਗਿੱਲਾ ਸੀ। ਉਸ ਦੇ ਪਤੀ ਦੇ ਨੈਣਾਂ ‘ਚੋਂ ਬੱਦਲ ਵਰ੍ਹਿਆ ਸੀ। ਉਰਮਿਲਾ ਨੇ ਅੱਖਾਂ ਖੋਲ੍ਹੀਆਂ, ਉਸ ਦੀਆਂ ਨਦੀਆਂ ਵੀ ਵਹਿ ਤੁਰੀਆਂ। ਬਹੁਤ ਦੇਰ ਤੱਕ ਇਹ ਸਿਲਸਿਲਾ ਚੱਲਿਆ। ਕੋਈ ਸ਼ਬਦ ਨਹੀਂ ਸੀ। ਚੁੱਪ ਵਿਚ ਹੀ ਵਾਰਤਾਲਾਪ ਹੋ ਰਿਹਾ ਸੀ। ਅੰਤ ਬੱਦਲ ਛਟੇ ਤੇ ਨਦੀਆਂ ਦਾ ਪਾਣੀ ਠੱਲ੍ਹਿਆ। ਲਛਮਣ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਹੇ ਉਰਮਿਲੇ! ਮੈਂ ਖਿਮਾ ਦਾ ਜਾਚਕ ਹਾਂ। ਮੇਰੀਆਂ ਭੁੱਲਾਂ ਬਖਸ਼। ਉਹੀ ਸੁੰਦਰ ਸਜੀ ਉਰਮਿਲਾ ਬਣ ਜਾ। ਮੈਨੂੰ ਤੇਰੀ ਇਸ ਹਾਲਤ ਦਾ ਅਨੁਮਾਨ ਹੁੰਦਾ ਤਾਂ ਕਦੀ ਨਾ ਜਾਂਦਾ।”
ਉਰਮਿਲਾ ਨੇ ਪਤੀ ਦੇ ਜੋੜੇ ਹੋਏ ਹੱਥ ਫੜ ਕੇ ਕਿਹਾ, “ਹੇ ਆਰੀਆ ਪੁੱਤਰ! ਤੁਸੀਂ ਮੇਰੇ ਅੱਗੇ ਹੱਥ ਨਾ ਜੋੜੋ। ਪੱਟ ਦੀਆਂ ਸਾੜੀਆਂ, ਗਹਿਣੇ ਤੇ ਸ਼ਿੰਗਾਰ ਕਰ ਲੈਂਦੀ ਹਾਂ। ਤੁਸੀਂ ਮੈਨੂੰ ਇਕ ਵਸਤ ਦੇ ਦਿਓ।”
ਲਛਮਣ ਨੇ ਕਿਹਾ, “ਹੇ ਦੇਵੀ! ਤੂੰ ਬੋਲ, ਮੈਂ ਹੁਣੇ ਹਾਜ਼ਰ ਕਰ ਦਿੰਦਾ ਹਾਂ।”
“ਹਾਂ ਜੀ, ਬੋਲ ਰਹੀ ਹਾਂæææ ਮੇਰੇ ਬੀਤੇ ਚੌਦਾਂ ਵਰ੍ਹਿਆਂ ਵਿਚੋਂ ਦੋ ਪਲ!”
ਉਹ ਦੋ ਪਲ ਉਰਮਿਲਾ ਨੂੰ ਕੋਈ ਨਹੀਂ ਮੋੜ ਸਕਦਾ। ਜਦ ਉਰਮਿਲਾ ਤਿਤਲੀ ਵਾਂਗ ਬਾਗ ਵਿਚ ਫਿਰਦੀ ਸੀ। ਜਿਧਰ ਦੀ ਲੰਘਦੀ ਸੀ, ਖੁਸ਼ੀ ਤੇ ਹਾਸਾ ਖਿੱਲਰ ਜਾਂਦਾ ਸੀ। ਉਸ ਦੇ ਹਾਰ-ਸ਼ਿੰਗਾਰ ਦੀ ਗੱਲ ਹੀ ਵੱਖਰੀ ਸੀ। ਹੁਣ ਸੁੱਕੇ ਫੁੱਲ ਨੂੰ ਜਿੰਨਾ ਚਾਹੇ ਪਾਣੀ ਦੇਵੋ, ਉਸ ‘ਤੇ ਬਹਾਰ ਨਹੀਂ ਆਉਂਦੀ।
ਇਹੀ ਸੀ ਉਰਮਿਲਾ ਦਾ ਨਿਆਂ ਜੋ ਉਸ ਨੂੰ ਕਿਸੇ ਨੇ ਇਕ ਹਮਦਰਦੀ ਦਾ ਸ਼ਬਦ ਬੋਲ ਕੇ ਵੀ ਨਹੀਂ ਦਿੱਤਾ। ਨਾ ਕਾਲੀਦਾਸ ਤੇ ਨਾ ਤੁਲਸੀ ਦਾਸ ਨੇ। ਉਰਮਿਲਾ ਬਿਨਾ ਕਸੂਰ ਤੋਂ ਅਗਰਬੱਤੀ ਵਾਂਗ ਜਲੀ, ਪਰ ਉਸ ਨੇ ਆਪਣੇ ਜਲਨ ਦੀ ਬੂ ਮਾਤਾਵਾਂ ਨੂੰ ਨਹੀਂ ਆਉਣ ਦਿੱਤੀ ਸਗੋਂ ਉਨ੍ਹਾਂ ਤੱਕ ਸੁਗੰਧ ਹੀ ਭੇਜੀ।