ਪਿਆਰੇ ਅਮੋਲਕ ਭਾਅ ਜੀ,
ਪੰਜਾਬੀ ਟ੍ਰਿਬਿਊਨ ਬਾਰੇ ਤੁਹਾਡੀਆਂ ਛਪ ਰਹੀਆਂ ਯਾਦਾਂ ਨੇ ਇਸ ਅਖਬਾਰ ਤੇ ਇਸ ਨਾਲ ਜੁੜੇ ਰਹੇ ਸੰਪਾਦਕਾਂ, ਉਪ ਸੰਪਾਦਕਾਂ, ਪੱਤਰਕਾਰਾਂ ਤੇ ਕਈ ਵੱਡੀਆਂ ਘਟਨਾਵਾਂ ਨਾਲ ਜੁੜੀਆਂ ਮੇਰੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ ਹਨ। ਇਹ ਸਾਰੀਆਂ ਯਾਦਾਂ ਤਾਂ ਮੈਂ ਪਾਠਕਾਂ ਨਾਲ ਕਿਸੇ ਹੋਰ ਸਮੇਂ ਜਰੂਰ ਸਾਝੀਆਂ ਕਰਾਂਗਾ। ਅੱਜ ਸਿਰਫ ਪਿਛਲੇ ਦੋ ਤਿੰਨ ਲੇਖਾਂ ਦਾ ਕੇਂਦਰੀ ਧੁਰਾ ਰਹੇ ਗੁਰਦਿਆਲ ਬੱਲ ਬਾਰੇ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਦੇ ਲੇਖ ਵਿਚ ਛਪੇ ਸਿਰਫ ਇੱਕ ਨੁਕਤੇ ਬਾਰੇ ਹੀ ਗੱਲ ਕਰਨੀ ਹੈ।
ਪਰਾਗ ਸਾਹਿਬ ਨੇ ਗੁਰਦਿਆਲ ਬੱਲ ਦੇ ਘਰ ਉਸ ਦੇ ਦੋਸਤਾਂ ਦੇ ਭਰਦੇ ਮੇਲੇ ਦਾ ਜ਼ਿਕਰ ਕਰਦਿਆਂ ਇਥੇ ਵਰਤੀਂਦੇ ਭਾਂਤ ਭਾਂਤ ਦੇ ਨਸ਼ਿਆਂ ਦਾ ਜ਼ਿਕਰ ਵੀ ਕੀਤਾ ਹੈ। ਇਸ ਜ਼ਿਕਰ ਤੋਂ ਕਈ ਪਾਠਕਾਂ ਨੂੰ ਇਹ ਭੁਲੇਖਾ ਪੈ ਸਕਦਾ ਹੈ ਕਿ ਜਿਵੇਂ ਬੱਲ ਦਾ ਇਹ ਘਰ ਨਸ਼ੇੜੀਆਂ ਦਾ ਅੱਡਾ ਰਿਹਾ ਹੋਵੇ। ਇਹ ਠੀਕ ਹੈ ਕਿ ਬੱਲ ਪਾਤਸ਼ਾਹ ਨੂੰ ਦਾਰੂ ਪੀਣ ਤੇ ਪਿਆਉਣ ਦਾ ਸ਼ੌਕ ਹੈ, ਪਰ ਉਸ ਦੀ ਇਸ ਮਹਿਫਲ ਦੌਰਾਨ ਹਮੇਸ਼ਾ ਜ਼ਬਤ, ਸ਼ਾਇਸਤਗੀ ਤੇ ਇੱਕ ਵੱਖਰੀ ਕਿਸਮ ਦੀ ਸ਼ਾਨ ਹੁੰਦੀ ਹੈ। ਇਨ੍ਹਾਂ ਮਹਿਫਲਾਂ ਵਿਚ ਕਈ ਗੰਭੀਰ ਵਿਸ਼ਿਆਂ ਉਤੇ ਮੈਂ ਅਕਸਰ ਬੜੀ ਉਸਾਰੂ ਬਹਿਸ ਹੁੰਦੀ ਵੇਖੀ ਹੈ। ਪੰਜਾਬੀ ਦੀ ਇਸ ਕਹਾਵਤ ਕਿ ‘ਘਿਉ ਮੱਲਾਂ ਨੂੰ ਤੇ ਦਾਰੂ ਗੱਲਾਂ ਨੂੰ’ ਅਨੁਸਾਰ ਬੱਲ ਸਾਹਿਬ ਦਾ ਇਹ ਸ਼ੌਕ ਨਸ਼ੇ ਦੀ ਲੱਗੀ ਹੋਈ ਲਤ ਪੂਰਤੀ ਦੀ ਥਾਂ ਦੋਸਤਾਂ ਦੇ ਮਿਲ ਬੈਠਣ ਅਤੇ ਵਿਚਾਰ-ਵਟਾਂਦਰੇ ਦਾ ਬਹਾਨਾ ਹੀ ਹੁੰਦਾ ਹੈ। ਇਸ ਲਈ ਪਰਾਗ ਸਾਹਿਬ ਦੇ ਇਸ ਜ਼ਿਕਰ ਨੂੰ ਅੱਖਰਾਂ ਦੇ ਸਿੱਧੇ ਤੇ ਸਪਾਟ ਅਰਥਾਂ ਵਿਚ ਲੈਣ ਦੀ ਥਾਂ ਇਸੇ ਭਾਵਨਾ ਤੇ ਉਨ੍ਹਾਂ ਦੇ ਲੇਖ ਦੀ ਸਮੁੱਚੀ ਭਾਵਨਾ ਵਿਚ ਹੀ ਲੈਣਾ ਚਾਹੀਦਾ ਹੈ।
ਉਂਜ ਬੱਲ ਦੇ ਨੇੜਲੇ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਉਸ ਦੀਆਂ ਮਹਿਫਲਾਂ ਵਿਚ ਬਹੁਤ ਹੀ ਜ਼ਹੀਨ ਲੇਖਕ, ਡਾਕਟਰ, ਪੱਤਰਕਾਰ, ਸਾਹਿਤਕਾਰ, ਅਧਿਆਪਕ, ਜਥੇਦਾਰ, ਰਾਜਨੀਤਕ ਕਾਰਕੁੰਨ, ਹੋਣਹਾਰ ਵਿਦਿਆਰਥੀ, ਕਈ ਵਡੇ ਕਮਿਊਨਿਸਟ ਆਗੂ ਅਤੇ ਇਥੋਂ ਤਕ ਕਿ ਕਈ ਵਡੇ ਖਾੜਕੂ ਵੀ ਸ਼ਾਮਲ ਹੁੰਦੇ ਰਹੇ ਹਨ। ਇਹ ਮਹਿਫਲਾਂ ਇੱਕ ਤਰਾਂ ਦੇ ਉਸ ਬਾਗ ਦੀ ਨਿਆਈਂ ਰਹੀਆਂ ਹਨ ਜਿਸ ਵਿਚ ਵੰਨ-ਸਵੰਨੇ ਫੁੱਲ ਆਪਣੀ ਮਹਿਕ ਬਿਖੇਰਦੇ ਹਨ। ਮੈਂ ਖੁਦ ਵੀ ਇਸ ਮੇਲੇ ਦਾ ਕਈ ਸਾਲ ਮੇਲੀ ਰਿਹਾਂ ਹਾਂ ਅਤੇ ਪਟਿਆਲੇ ਤੋਂ ਚੰਡੀਗੜ੍ਹ ਜਾ ਕੇ ਵਸਣ ਤੋਂ ਬਾਅਦ ਵੀ ਇਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਆ ਰਿਹਾ ਹਾਂ। ਇਸ ਮੇਲੇ ਦੇ ਮੇਲੀ ਜੇ ਕਿਸੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਅਧਿਆਪਕ ਡਾæ ਬਲਕਾਰ ਸਿੰਘ, ਡਾæ ਕੇਹਰ ਸਿੰਘ, ਡਾæ ਹਰਪਾਲ ਸਿੰਘ ਪੰਨੂੰ ਤੇ ਡਾæ ਸਰਬਜਿੰਦਰ ਸਿੰਘ ਵਰਗੇ ਵਿਅਕਤੀ ਧਰਮ ਤੇ ਰੂਹਾਨੀਅਤ ਖੇਤਰ ਦੇ ਰਹੱਸਾਂ ਨੂੰ ਸਮਝਣ ਸਮਝਾਉਣ ਦੀ ਚਰਚਾ ਕਰਦੇ ਹੁੰਦੇ ਸਨ ਤੇ ਕਿਸੇ ਦੂਸਰੇ ਦਿਨ ਪ੍ਰੋæ ਹਰਿੰਦਰ ਸਿੰਘ ਮਹਿਬੂਬ, ਡਾæ ਗੁਰਤਰਨ ਸਿੰਘ, ਲਾਲੀ ਬਾਬਾ ਅਤੇ ਰਛਪਾਲ ਸਿੰਘ ਗਿੱਲ ਹੋਰੀਂ ਵਿਸ਼ਵ ਦੀ ਕਵਿਤਾ ਦੇ ਨਵੇਂ ਪੁਰਾਣੇ ਰੁਝਾਨਾਂ ਬਾਰੇ ਸਾਰੀ ਸਾਰੀ ਰਾਤ ਚਰਚਾ ਕਰਦੇ ਰਹਿੰਦੇ। ਕਰਮਜੀਤ ਸਿੰਘ, ਜਸਪਾਲ ਸਿੰਘ, ਦਲਜੀਤ ਸਰਾਂ, ਨਰਿੰਦਰ ਭੁੱਲਰ ਅਤੇ ਖੁਦ ਅਮੋਲਕ ਸਿੰਘ ਸਮੇਤ ਕਿੰਨੇ ਹੀ ਨਾਮਵਾਰ ਪੱਤਰਕਾਰਾਂ ਨੂੰ ਬੱਲ ਦੇ ਘਰ ਵਿਚ ਭਰਦਾ ਇਹ ਮੇਲਾ ਖਿੱਚ ਪਾਉਂਦਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਹੋਏ ਕਿਸੇ ਵੱਡੇ ਸੈਮੀਨਾਰ, ਯੂਥ ਫੈਸਟੀਵਲ ਜਾਂ ਕਿਸੇ ਕਾਨਫਰੰਸ ਦੀ ਸਮਾਪਤੀ ਵਾਲੀ ਰਾਤ ਬੱਲ ਦੇ ਘਰ ਵੀ ਇੱਕ ਸੈਮੀਨਾਰ ਜਾਂ ਕਾਨਫਰੰਸ ਵਿਚ ਸ਼ਾਮਲ ਦੋਸਤਾਂ ਦੀ ਇੱਕ ਹੋਰ ਕਾਨਫਰੰਸ ਹੁੰਦੀ ਜੋ ਕਈ ਵਾਰੀ ਅਸਲ ਕਾਨਫਰੰਸ ਨਾਲੋਂ ਵੱਧ ਸਾਰਥਕ ਹੋ ਨਿਬੜਦੀ।
ਬੱਲ ਦੇ ਘਰ ਵਿਚ ਹੀ ਕਿਸੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋæ ਮਨਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਨੇੜਲੇ ਸਿੱਖ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ ਹਨ। ਬੱਲ ਦੇ ਘਰ ਮਘਦੇ ਧੂਣੇ ਉਤੇ ਹੀ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ, ਪ੍ਰੋæ ਬਾਵਾ ਸਿੰਘ ਤੇ ਅਮਰਜੀਤ ਸਿੰਘ ਗਰੇਵਾਲ ਹੋਰੀਂ ਸਮਕਾਲੀ ਸਿਆਸਤ ਦੇ ਨਾਲ ਨਾਲ ਆਧੁਨਿਕ ਤੇ ਉਤਰ-ਆਧੁਨਿਕ ਵਰਤਾਰਿਆਂ ਬਾਰੇ ਗੰਭੀਰ ਚਰਚਾ ਕਰਦੇ ਮਿਲ ਪੈਂਦੇ ਹਨ। ਪੰਜਾਬੀ ਦੇ ਨਾਮਵਰ ਕਹਾਣੀਕਾਰ ਤੇ ਅਲੋਚਕ ਡਾæ ਬਲਦੇਵ ਸਿੰਘ ਧਾਲੀਵਾਲ, ਡਾæ ਪਿਆਰੇ ਮੋਹਨ, ਪ੍ਰੋæ ਰਾਜੇਸ਼ ਤੇ ਕਾਮਰੇਡ ਨਾਗਰ ਸਮੇਤ ਹੋਰ ਵੀ ਕਈ ਮਾਹਰ ਵਿਅਕਤੀ ਇਨ੍ਹਾਂ ਮਹਿਫਲਾਂ ਦਾ ਸ਼ਿੰਗਾਰ ਬਣਦੇ ਆ ਰਹੇ ਹਨ।
-ਗੁਰਦਰਸ਼ਨ ਸਿੰਘ ਬਾਹੀਆ
98789-50565
Leave a Reply