ਅੰਦਰ ਬਾਹਰ ਵਿਛਿਆ ਸੱਥਰ

ਕਥਾਕਾਰ ਨੂਰ ਸੰਤੋਖਪੁਰੀ ਨੇ ‘ਅੰਦਰ ਬਾਹਰ ਵਿਛਿਆ ਸੱਥਰ’ ਨਾਂ ਦੀ ਇਸ ਕਹਾਣੀ ਵਿਚ ਔਰਤ ਮਨ ਦੀ ਪਰਿਕਰਮਾ ਕੀਤੀ ਹੈ। ਇਹ ਪਰਿਕਰਮਾ ਕਰਦਿਆਂ ਉਸ ਨੇ ਔਰਤ ਦੀ ਬੇਵਸੀ ਅਤੇ ਬਗਾਵਤ ਦੀ ਗੱਲ ਬੜੇ ਸਹਿਜ ਰੂਪ ਵਿਚ ਕੀਤੀ ਹੀ ਹੈ, ਨਾਲ ਦੀ ਨਾਲ ਔਰਤ ਦਾ ਇਕ ਹੋਰ ਰੂਪ ਵੀ ਉਜਾਗਰ ਕੀਤਾ ਹੈ। ਲੇਖਕ ਨੇ ਵਿਸ਼ੇਸ਼ ਕਬੀਲੇ ਨਾਲ ਸਬੰਧਤ ਭਾਈਚਾਰੇ ਦੀ ਇਹ ਕਥਾ ਕਰਦਿਆਂ

ਸਮੁੱਚੇ ਸਮਾਜਿਕ ਸ਼ੋਸ਼ਣ ਦੀ ਸੋਹਣੀ ਬਾਤ ਪਾਈ ਹੈ। -ਸੰਪਾਦਕ

ਨੂਰ ਸੰਤੋਖਪੁਰੀ
ਫੋਨ: +91-98722-54990
ਨੇਸ਼ੇ ਹੁਣਾਂ ਦੇ ਤੰਗ ਵਿਹੜੇ ਵਿਚ ਵੀ ਸੱਥਰ ਵਿਛਿਆ ਹੋਇਆ ਸੀ ਅਤੇ ਬਾਹਰ ਤੰਗ ਜਿਹੀ ਗਲ਼ੀ ਵਿਚ ਵੀ। ਵਿਹੜੇ ਵਾਲੇ ਸੱਥਰ Ḕਤੇ ਕੁਝ ਜ਼ਨਾਨੀਆਂ ਬੈਠੀਆਂ ਹੋਈਆਂ ਸਨ। ਉਹ ਕਦੇ ਆਪਸ ਵਿਚ ਗੱਲਾਂ ਕਰਨ ਲੱਗ ਪੈਂਦੀਆਂ ਤੇ ਕਦੇ ਹਾਸਾ ਠੱਠਾ। ਉਨ੍ਹਾਂ ਕੋਲ਼ ਉਨ੍ਹਾਂ ਦੇ ਨਿੱਕੇ-ਨਿੱਕੇ ਨਿਆਣੇ ਸੱਥਰ Ḕਤੇ ਹੀ ਸੁੱਤੇ ਪਏ ਸਨ। ਉਮਰ ਦੇ ਕੁਝ ਵੱਡੇ ਨਿਆਣੇ ਅੰਦਰ-ਬਾਹਰ ਘੁੰਮ-ਫਿਰ ਰਹੇ ਸਨ। ਸ਼ਾਇਦ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਸੀ। ਬੈਠੀਆਂ ਜ਼ਨਾਨੀਆਂ ਦੇ ਨੇੜੇ-ਤੇੜੇ ਕੁਝ ਹੋਰ ਜ਼ਨਾਨੀਆਂ ਲੰਮੀਆਂ ਪਈਆਂ ਅੱਧਸੁੱਤੀਆਂ ਜਿਹੀਆਂ ਕਦੇ-ਕਦੇ ਕੋਈ ਮੱਠਾ ਜਿਹਾ ਹੁੰਗਾਰਾ ਭਰ ਦਿੰਦੀਆਂ ਸਨ ਜਾਂ ਹਾਸੇ-ਠੱਠੇ ਵਿਚ ਥੋੜ੍ਹਾ-ਬਹੁਤ ਸ਼ਾਮਲ ਹੋ ਜਾਂਦੀਆਂ।
ਵਿਹੜੇ ਦੀ ਇਕ ਨੁੱਕਰ ਵਿਚ ਭੁੰਜੇ ਚਿੱਟੀ ਚਾਦਰ Ḕਚ ਲਪੇਟੀ ਹੋਈ ਨੇਸ਼ੇ ਦੀ ਲਾਸ਼ ਪਈ ਸੀ। ਲਾਸ਼ ਦੇ ਆਸ-ਪਾਸ ਬਰਫ ਦੇ ਟੋਟੇ ਰੱਖੇ ਹੋਏ ਸਨ। ਬਰਫ ਪਿਘਲ-ਪਿਘਲ ਕੇ ਵਿਹੜਾ ਗਿੱਲਾ ਕਰੀ ਜਾ ਰਹੀ ਸੀ ਤੇ ਪਾਣੀ ਨਾਲ ਸੱਥਰ ਦੇ ਤੱਪੜਾਂ ਦਾ ਕੁਝ ਹਿੱਸਾ ਵੀ ਗਿੱਲਾ ਹੋ ਗਿਆ ਸੀ। ਉਸ ਹਿੱਸੇ Ḕਤੇ ਨਾ ਕੋਈ ਜ਼ਨਾਨੀ ਬੈਠੀ ਸੀ ਤੇ ਨਾ ਹੀ ਕੋਈ ਨਿਆਣਾ ਸੁਆਇਆ ਹੋਇਆ ਸੀ।
ਅੱਧਢੱਠੇ ਜਿਹੇ ਧੁਆਂਖੇ ਵਰਾਂਡੇ ਦੇ ਕੌਲ਼ੇ ਦੇ ਸਿਰੇ Ḕਤੇ ਚੋਰੀ ਕੀਤੀ ਜਾ ਰਹੀ ਬਿਜਲੀ ਨਾਲ ਸੌ ਵਾਟ ਦਾ ਬਲਬ ਜਗ ਰਿਹਾ ਸੀ। ਉਸ ਬਿਜਲੀ ਨਾਲ ਹੀ ਕੁਝ ਫਰਾਟਾ ਪੱਖੇ ਵਿਹੜੇ ਵਿਚ ਵੀ ਤੇ ਬਾਹਰ ਗਲ਼ੀ ਵਿਚ ਵੀ ਪੂਰੀ ਰਫਤਾਰ ਨਾਲ ਚੱਲ ਰਹੇ ਸਨ। ਕੁੰਡੀ ਆਸਰੇ ਹੀ ਇਕ ਬਲਬ ਗਲ਼ੀ ਵਿਚ ਜਗ ਰਿਹਾ ਸੀ। ਬਾਹਰਲਾ ਭੀੜਾ ਜਿਹਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਬੇਚੈਨ ਵਕਤ ਜਿਵੇਂ ਘਰ ਦੇ ਅੰਦਰ-ਬਾਹਰ ਘੁੰਮ-ਫਿਰ ਰਿਹਾ ਹੋਵੇ। ਰਾਤ ਜਿਵੇਂ ਵਿਹੜੇ ਦੀਆਂ ਕੰਧਾਂ ਟੱਪ ਕੇ ਤੁਰ ਜਾਣਾ ਚਾਹੁੰਦੀ ਹੋਵੇ। ਗੁਜ਼ਰ ਜਾਣਾ ਚਾਹੁੰਦੀ ਹੋਵੇ। ਨੇਸ਼ੇ ਦੀ ਪਤਨੀ ਰਾਗੋ ਦੀ ਉਡੀਕ ਕੀਤੀ ਜਾ ਰਹੀ ਸੀ ਜੋ ਇਕ ਰਾਤ ਵਿਹੜੇ ਦੀ ਗਲ਼ੀ ਵੱਲ ਦੀ ਕੰਧ ਟੱਪ ਕੇ ਘਰੋਂ ਚਲੀ ਗਈ ਸੀ।
ਨੇਸ਼ਾ ਤਾਂ ਕੱਲ੍ਹ ਰਾਤ ਦਾ ਹੀ ਪਿਛਲੇ ਕਮਰੇ Ḕਚ ਪਿਆ-ਪਿਆ ਪ੍ਰਾਣ ਤਿਆਗ ਗਿਆ ਸੀ। ਅੱਜ ਦਿਨ ਵੇਲ਼ੇ ਦਸ ਕੁ ਵਜੇ ਭੋਲੂ ਤੋਂ ਛੋਟੇ ਮੁੰਡੇ ਲੱਜੂ ਨੇ ਸਭ ਤੋਂ ਪਹਿਲਾਂ ਵੇਖਿਆ ਕਿ ਉਨ੍ਹਾਂ ਦਾ ਭਾਪਾ ਮਰ ਚੁੱਕਾ ਹੈ। ਉਹਨੇ ਸਾਰਿਆਂ ਨੂੰ ਦੱਸ ਦਿੱਤਾ। ਆਂਢੀ-ਗੁਆਂਢੀ ਇਕੱਠੇ ਹੋ ਗਏ। ਮਰੇ ਪਏ ਨੇਸ਼ੇ ਦੀਆਂ ਆਕੜ ਚੁੱਕੀਆਂ ਲੱਤਾਂ-ਬਾਹਾਂ ਮਸਾਂ ਹੀ ਸਿੱਧੀਆਂ ਕੀਤੀਆਂ ਗਈਆਂ। ਅੱਖਾਂ ਦੀਆਂ ਖੁੱਲ੍ਹੀਆਂ ਪਲਕਾਂ ਬੰਦ ਕੀਤੀਆਂ ਗਈਆਂ। ਫਿਰ ਉਹਦੀ ਲਾਸ਼ ਚਿੱਟੀ ਚਾਦਰ Ḕਚ ਲਪੇਟ ਕੇ ਵਿਹੜੇ ਦੀ ਇਕ ਨੁੱਕਰ Ḕਚ ਭੁੰਜੇ ਰੱਖ ਦਿੱਤੀ ਗਈ।
ਉਮੀਦ ਤਾਂ ਇਹ ਸੀ ਕਿ ਰਾਗੋ ਸ਼ਾਇਦ ਦੁਪਹਿਰ ਤੋਂ ਬਾਅਦ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਪਹੁੰਚ ਜਾਵੇਗੀ ਤੇ ਨੇਸ਼ੇ ਦਾ ਅੱਜ ਹੀ ਦਾਹ-ਸੰਸਕਾਰ ਕਰ ਦਿੱਤਾ ਜਾਵੇਗਾ, ਪਰ ਹੁਣ ਤਾਂ ਅੱਧੀ ਰਾਤ ਦੇ ਕਰੀਬ ਤਕ ਵਕਤ ਅੰਦਰ-ਬਾਹਰ ਘੁੰਮ-ਫਿਰ ਕੇ ਥੱਕ ਚੁੱਕਾ ਸੀ ਤੇ ਰਾਗੋ ਨਹੀਂ ਆਈ ਸੀ। ਹੁਣ ਇਹ ਆਸ ਸੀ ਕਿ ਉਹ ਸੁਬਹ ਸਵੇਰੇ ਪਹੁੰਚ ਜਾਵੇਗੀ। ਉਹਦਾ ਮੋਬਾਈਲ ਫੋਨ ਹੁਣ ਬੰਦ ਹੋ ਚੁੱਕਾ ਸੀ। ਇਸ ਕਾਰਨ ਉਸ ਨਾਲ ਰਾਬਤਾ ਵੀ ਕਾਇਮ ਨਹੀਂ ਸੀ ਹੋ ਰਿਹਾ। ਅੰਦਰ-ਬਾਹਰ ਵਿਛੇ ਸੱਥਰ Ḕਤੇ ਬੈਠੇ ਰਿਸ਼ਤੇਦਾਰ ਤੇ ਆਂਢ-ਗੁਆਂਢ ਦੇ ਲੋਕ ਸੋਚ ਰਹੇ ਸਨ ਕਿ ਰਾਗੋ ਨੂੰ ਨੇਸ਼ੇ ਦੀ ਮੌਤ ਦੀ ਖਬਰ ਤਾਂ ਦੁਪਹਿਰ ਤੋਂ ਪਹਿਲਾਂ ਪੌਣੇ ਗਿਆਰਾਂ ਵਜੇ ਹੀ ਦੇ ਦਿੱਤੀ ਗਈ ਸੀ। ਉਦੋਂ ਉਹਦਾ ਮੋਬਾਈਲ ਫੋਨ ਚਾਲੂ ਸੀ। ਉਹਦੀ ਸਭ ਤੋਂ ਛੋਟੀ ਧੀ ਨੀਨਾ ਨੇ ਖੁਦ ਉਹਦੇ ਨਾਲ ਗੱਲ ਕੀਤੀ ਸੀ। ਲੋਕਾਂ ਦੀ ਘੁਸਰ-ਮੁਸਰ ਸ਼ੱਕ ਪ੍ਰਗਟ ਕਰ ਰਹੀ ਸੀ ਕਿ ਕੀ ਪਤਾ ਰਾਗੋ ਆਵੇ ਜਾਂ ਨਾ ਆਵੇ। ਬਾਹਰ ਗਲ਼ੀ ਵਿਚ ਸੱਥਰ Ḕਤੇ ਆਦਮੀਆਂ ਦਰਮਿਆਨ ਨੇਸ਼ੇ ਦਾ ਵਿਆਹਿਆ ਸਭ ਤੋਂ ਵੱਡਾ ਮੁੰਡਾ ਭੋਲੂ ਬੈਠਾ ਸੋਚ ਰਿਹਾ ਸੀ ਕਿ ਜੇ ਮੇਰੀ ਮਾਂ ਸੁਬਹ ਸਮੇਂ ਸਿਰ ਪਹੁੰਚ ਗਈ ਤਾਂ ਠੀਕ ਏ; ਨਹੀਂ ਤਾਂ ਅਸੀਂ ਆਪਣੇ ਭਾਪੇ ਦਾ ਸਸਕਾਰ ਦੁਪਹਿਰ ਤੋਂ ਪਹਿਲਾਂ-ਪਹਿਲਾਂ ਕਰ ਦੇਣਾ ਏ।
ਭੋਲੂ ਦੀਆਂ ਸਭ ਵਿਆਹੀਆਂ ਭੈਣਾਂ, ਜੀਜੇ ਤੇ ਉਹਦੇ ਆਪਣੇ ਸਾਲ਼ੇ-ਸਾਲ਼ੀਆਂ, ਸਾਂਢੂ ਵਗ਼ੈਰਾ ਪਹੁੰਚ ਹੀ ਚੁੱਕੇ ਸਨ। ਬੱਸ, ਉਡੀਕ ਕੀਤੀ ਜਾ ਰਹੀ ਸੀ ਤਾਂ ਰਾਗੋ ਦੀ। ਵਿਹੜੇ ਦੀਆਂ ਕੰਧਾਂ ਟੱਪ-ਟੱਪ ਕੇ ਜਿਵੇਂ ਰਾਤ ਵੀ ਥੱਕ ਗਈ ਹੋਵੇ। ਹੰਭ ਕੇ ਹਾਰ ਗਈ ਹੋਵੇ। ਰਾਗੋ ਦਾ ਤਾਂ ਕਿਤੇ ਪਰਛਾਵਾਂ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਦੇ ਕਦਮਾਂ ਦੀ ਆਹਟ ਸੁਣਨ ਵਾਸਤੇ ਜਿਵੇਂ ਗਲ਼ੀ ਦੀਆਂ ਇੱਟਾਂ ਬੇਚੈਨ ਹੋ ਰਹੀਆਂ ਸਨ। ਉਹਦੀ ਆਵਾਜ਼ ਸੁਣਨ ਵਾਸਤੇ ਜਿਵੇਂ ਘਰ ਦੀਆਂ ਕੰਧਾਂ ਉਤਾਵਲੀਆਂ ਹੋ ਰਹੀਆਂ ਸਨ। ਤੱਤੜੀ ਰਾਗੋ ਨੇ ਜਿਸ ਨੂੰ ਨੇਸ਼ਾ ਜਿਉਂਦੇ-ਜੀਅ, ਸਗੋਂ ਜੀਵਨ ਦੇ ਆਖਰੀ ਮੋੜ ਤਕ ਨਿਰਮੋਹੀ ਤੇ ਬੇਦਰਦ ਆਖਦਾ ਰਿਹਾ ਸੀ, ਉਸ ਰਾਗੋ ਨੇ ਇਕ ਵਾਰ ਘਰ ਤੋਂ ਜਾਣ ਬਾਅਦ ਮੁੜ ਕਦੇ ਇਸ ਮੁਹੱਲੇ, ਇਲਾਕੇ ਤੇ ਸ਼ਹਿਰ ਵਿਚ ਆਪਣੇ ਕਦਮ ਨਹੀਂ ਰੱਖੇ। ਜ਼ਿੰਦਗੀ ਕਦਮ-ਦਰ-ਕਦਮ ਤੁਰਦੀ ਰਹੀ। ਗੁਜ਼ਰਦੀ ਰਹੀ।
ਜਿਗਰ ਅਤੇ ਗੁਰਦਿਆਂ ਦੀ ਬਿਮਾਰੀ ਕਾਰਨ ਬੇਹੱਦ ਕਮਜ਼ੋਰ ਹੋ ਚੁੱਕਾ ਨੇਸ਼ਾ ਕਈ ਦਿਨਾਂ ਤੋਂ ਪਿਛਲੇ ਕਮਰੇ ਅੰਦਰ ਲੰਮਾ ਪਿਆ ਇਕ ਤਰਫ ਮੌਤ ਨੂੰ ਉਡੀਕ ਰਿਹਾ ਸੀ, ਤੇ ਦੂਸਰੀ ਤਰਫ ਆਪਣੀ ਘਰਵਾਲੀ ਰਾਗੋ ਨੂੰ। ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਸ ਨੇ ਜਿਉਂਦੇ ਨਹੀਂ ਰਹਿਣਾ ਤੇ ਮਰਨ ਤੋਂ ਪਹਿਲਾਂ ਉਹ ਰਾਗੋ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀ। ਆਪਣੀਆਂ ਭੁੱਲਾਂ, ਵਧੀਕੀਆਂ ਦੀ ਉਸ ਕੋਲ਼ੋਂ ਮੁਆਫੀ ਮੰਗਣੀ ਚਾਹੁੰਦਾ ਸੀ। ਹੁਣ ਰੋਟੀ ਉਸ ਕੋਲ਼ੋਂ ਖਾ ਨਹੀਂ ਹੁੰਦੀ ਸੀ। ਜੇ ਕੁਝ ਬੁਰਕੀਆਂ ਖਾ ਵੀ ਲੈਂਦਾ, ਤਾਂ ਪਚਦੀਆਂ ਨਾ। ਉਲਟੀ ਹੋ ਜਾਂਦੀ ਜਾਂ ਢਿੱਡ Ḕਚ ਤਿੱਖੀ ਪੀੜ ਹੋਣ ਲੱਗ ਪੈਂਦੀ। ਪਾਣੀ ਦੇ ਕੁਝ ਘੁੱਟ ਵੀ ਮੁਸ਼ਕਿਲ ਨਾਲ ਸੰਘੋਂ ਹੇਠਾਂ ਲੰਘਦੇ। ਫਲ਼ਾਂ ਦਾ ਥੋੜ੍ਹਾ ਜਿਹਾ ਰਸ ਹੀ ਪੀਂਦਾ। ਬਹੁਤ ਜ਼ਿਆਦਾ ਬੇਚੈਨੀ ਮਹਿਸੂਸ ਕਰਦਾ ਤਾਂ ਭੋਲੂ ਜਾਂ ਉਸ ਦੇ ਕੁਆਰੇ ਤਿੰਨ ਭਰਾ ਨੇਸ਼ੇ ਦੇ ਮੂੰਹ ਵਿਚ ਸ਼ਰਾਬ ਦੀਆਂ ਕੁਝ ਘੁੱਟਾਂ ਪਾ ਦਿੰਦੇ। ਨੇਸ਼ੇ ਦੀ ਨੂੰਹ ਉਹਦੀ ਬਹੁਤ ਘੱਟ ਪਰਵਾਹ ਕਰਦੀ ਸੀ। ਜਦ ਨੇਸ਼ਾ ਤੁਰ-ਫਿਰ ਲੈਂਦਾ ਸੀ, ਉਦੋਂ ਵੀ ਉਸ ਨੂੰ ਸਿੱਧੇ-ਮੂੰਹ ਰੋਟੀ ਖਾਣ ਲਈ ਨਹੀਂ ਦਿੰਦੀ ਸੀ। ਉਹਦੇ ਕੱਪੜੇ ਲੀੜੇ ਵੀ ਨਹੀਂ ਧੋਂਦੀ ਸੀ।
ਨੇਸ਼ੇ ਦੀਆਂ ਧੀਆਂ ਨੂੰ ਇਹੀ ਲੱਗਦਾ ਸੀ ਕਿ ਉਨ੍ਹਾਂ ਦੇ ਪਿਉ ਦੇ ਕੌੜੇ ਤੇ ਅੜਬ ਸੁਭਾਅ ਅਤੇ ਖਰਾਬ ਵਤੀਰੇ ਕਾਰਨ ਹੀ ਉਨ੍ਹਾਂ ਦੀ ਮਾਂ ਘਰ ਤੇ ਉਨ੍ਹਾਂ ਦੇ ਭੈਣਾਂ-ਭਰਾਵਾਂ ਨੂੰ ਛੱਡ ਕੇ ਚਲੀ ਗਈ। ਮੁੜ ਕਦੇ ਵਾਪਸ ਨਹੀਂ ਆਈ। ਹਾਂ, ਮੋਬਾਈਲ ਫੋਨ Ḕਤੇ ਕਦੇ-ਕਦਾਈਂ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਲੈਂਦੀ ਸੀ। ਐਪਰ ਜਦੋਂ ਦੀ ਉਹ ਗਈ, ਉਸ ਨੇ ਨੇਸ਼ੇ ਵੱਲੋਂ ਤਰਲੇ-ਮਿੰਨਤਾਂ ਕਰਨ ਦੇ ਬਾਵਜੂਦ ਉਹਦੇ ਨਾਲ ਫੋਨ Ḕਤੇ ਉਸ ਤੋਂ ਬਾਅਦ ਕੋਈ ਗੱਲ ਨਾ ਕੀਤੀ। ਨੇਸ਼ੇ ਦੀ ਆਵਾਜ਼ ਸੁਣ ਕੇ ਰਾਗੋ ਫੋਨ ਕੱਟ ਦਿੰਦੀ। ਉਹ ਸੋਚਦੀ, ਜਿਸ ਬੰਦੇ ਨਾਲ਼ੋਂ ਰਿਸ਼ਤੇ-ਨਾਤੇ ਦੀ ਡੋਰ ਹੀ ਕੱਟ ਲਈ, ਉਸ ਨਾਲ ਮੇਰਾ ਸਬੰਧ ਹੀ ਕੀ ਰਹਿ ਗਿਆ? ਇਸ ਸ਼ਰਾਬੀ-ਕਬਾਬੀ ਤੇ ਨਿਖੱਟੂ ਬੰਦੇ ਨੇ ਤਾਂ ਮੇਰੀ ਤੇ ਮੇਰੇ ਨਿਆਣਿਆਂ ਦੀ ਜ਼ਿੰਦਗੀ ਨਰਕ ਤੋਂ ਬਦਤਰ ਬਣਾ ਕੇ ਰੱਖ ਦਿੱਤੀ।
ਨੇਸ਼ੇ ਦੇ ਘਰ ਵਸਣ-ਰਹਿਣ ਤਕ ਰਾਗੋ ਨੇ ਗਿਆਰਾਂ ਬੱਚਿਆਂ ਨੂੰ ਜਨਮ ਦਿੱਤਾ। ਉਹ ਜਿਸ ਬਿਰਾਦਰੀ ਤੋਂ ਸਨ, ਉਸ ਬਿਰਾਦਰੀ ਦੇ ਜ਼ਿਆਦਾਤਰ ਲੋਕ ਅਨਪੜ੍ਹ, ਅੰਧਵਿਸ਼ਵਾਸੀ ਅਤੇ ਪੁਰਾਣੇ ਵਿਚਾਰਾਂ, ਰਸਮਾਂ-ਰਿਵਾਜਾਂ ਦੇ ਗ਼ੁਲਾਮ, ਸਿਰੇ ਦੇ ਲਾਪਰਵਾਹ ਤੇ ਗ਼ੈਰ-ਜ਼ਿੰਮੇਵਾਰ ਹੋਣ ਕਾਰਨ, ਸਮੇਂ ਦੇ ਹਾਣੀ ਨਹੀਂ ਬਣ ਸਕੇ। ਪਰਿਵਾਰ ਨਿਯੋਜਨ ਦੀ ਪਰਵਾਹ ਵੀ ਉਹ ਘੱਟ ਹੀ ਕਰਦੇ ਸਨ। ਉਸ ਬਿਰਾਦਰੀ Ḕਚ ਬਾਲ ਵਿਆਹ ਵਰਗੀ ਬੁਰੀ ਰੀਤ ਇੱਕੀਵੀਂ ਸਦੀ ਦਾ ਡੇਢ ਕੁ ਦਹਾਕਾ ਖਤਮ ਹੋਣ ਤਕ ਘਟ ਜ਼ਰੂਰ ਗਈ, ਪਰ ਖਤਮ ਨਹੀਂ ਹੋਈ। ਇਸ ਬਿਰਾਦਰੀ ਦੇ ਬਹੁਤ ਸਾਰੇ ਲੋਕਾਂ ਨੇ ਭਗਵੇਂ ਕੱਪੜੇ ਪਾ ਕੇ ਭੀਖ ਮੰਗਣ ਨੂੰ ਆਪਣਾ ਮੁਖ ਧੰਦਾ ਬਣਾਇਆ ਹੋਇਆ ਹੈ। ਬੱਸ, ਕੁਝ ਕੁ ਔਰਤਾਂ, ਆਦਮੀ ਤੇ ਨੌਜੁਆਨ ਹਨ, ਜਿਹੜੇ ਹੱਥੀਂ ਕਿਰਤ ਕਰ ਕੇ ਰੋਟੀ-ਰੋਜ਼ੀ ਕਮਾਉਣ Ḕਚ ਯਕੀਨ ਰੱਖਦੇ ਹਨ।
ਬੱਚੇ-ਬੱਚੀਆਂ, ਔਰਤਾਂ ਤੇ ਮਰਦਾਂ ਦੇ ਨਾਂ ਬੜੇ ਅਜੀਬੋ-ਗ਼ਰੀਬ। ਜਿਵੇਂ ਚੂਚਾ, ਆਸਰਾ, ਬਿਜਲੀ, ਬਰਫੀ, ਚਿੜੀ, ਗੰਢਾ, ਸਾਰਤੀ, ਬਰਮੀ, ਮੇਸ਼ਾ, ਨੇਸ਼ਾ, ਲਾਟੂ, ਪਾਰਸੂ ਆਦਿ। ਇਹ ਲੋਕ ਖੁਦ ਨੂੰ ‘ਸੁਆਮੀ ਜੀ’ ਅਖਵਾ ਕੇ ਬਹੁਤ ਖੁਸ਼ ਹੁੰਦੇ ਹਨ। ਹੁਣ ਸਮਾਜ ਦੇ ਹੋਰ ਲੋਕਾਂ ਵੱਲ ਵੇਖ-ਵੇਖ ਕੇ ਨਵੇਂ ਜੰਮੇ ਬੱਚਿਆਂ ਦੇ ਨਾਂ ਨਵੇਂ ਦੌਰ ਵਾਲੇ ਨਾਂਵਾਂ ਦੇ ਰੱਖਦੇ ਹਨ ਤੇ ਕੁਝ ਵੱਡੇ ਹੋਣ Ḕਤੇ ਉਨ੍ਹਾਂ ਨੂੰ ਪੜ੍ਹਾਉਣ ਵੀ ਲੱਗ ਪਏ ਹਨ। ਕਈ ਔਰਤਾਂ ਤੇ ਮਰਦ ਸ਼ਰਾਬ ਅਤੇ ਸਿਗਰਟਾਂ-ਬੀੜੀਆਂ ਪੀਣ ਦੇ ਆਦੀ ਹਨ। ਕਈ ਹੋਰ ਭੰਗ, ਗਾਂਜਾ, ਚਰਸ, ਅਫੀਮ, ਪੋਸਤ ਆਦਿ ਦਾ ਵੀ ਨਸ਼ਾ ਕਰਦੇ ਹਨ। ਕੁਝ ਭੀਖ ਮੰਗਣ ਤੋਂ ਇਲਾਵਾ ਚੋਰੀਆਂ ਵੀ ਕਰਦੇ ਹਨ। ਡਾਕੇ ਵੀ ਮਾਰਦੇ ਹਨ। ਝੂਠ ਬੋਲ-ਬੋਲ ਕੇ ਲੋਕਾਂ ਨਾਲ ਠੱਗੀਆਂ ਵੀ ਮਾਰਦੇ ਹਨ। ਹੁਣ ਤਾਂ ਇਹ ਲੋਕ ਕਿਸੇ ਦਾ ਕਤਲ ਕਰਨ ਤੋਂ ਵੀ ਨਹੀਂ ਡਰਦੇ। ਕਦੇ ਕਾਫੀ ਡਰਪੋਕ ਕਿਸਮ ਦੇ ਹੁੰਦੇ ਸਨ। ਪਹਿਲਾਂ ਇਨ੍ਹਾਂ ਲੋਕਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਸੀ। ਤੰਬੂਆਂ, ਝੋਂਪੜੀਆਂ, ਛੰਨਾਂ ਵਿਚ ਰਹਿੰਦੇ ਹੁੰਦੇ ਸਨ। ਹੁਣ ਤਾਂ ਇਨ੍ਹਾਂ Ḕਚੋਂ ਕਈਆਂ ਨੇ ਜਗ੍ਹਾ ਮੁੱਲ ਲੈ ਕੇ ਆਪੋ-ਆਪਣੇ ਪੱਕੇ ਮਕਾਨ ਛੱਤ ਲਏ ਹਨ। ਆਲੀਸ਼ਾਨ ਕੋਠੀਆਂ ਦੇ ਮਾਲਕ ਬਣ ਬੈਠੇ ਹਨ। ਵੱਡੇ-ਵੱਡੇ ਡੇਰੇ ਬਣਾ ਲਏ ਹਨ।
ਰਾਗੋ ਵੱਲੋਂ ਜਨਮ ਦਿੱਤੇ ਗਏ ਗਿਆਰਾਂ ਬੱਚਿਆਂ Ḕਚੋਂ ਤਿੰਨ ਮਰ ਗਏ ਸਨ। ਬਾਕੀ ਚਾਰ ਮੁੰਡੇ ਤੇ ਚਾਰ ਕੁੜੀਆਂ ਸਹੀ ਸਲਾਮਤ ਸਨ। ਨੇਸ਼ਾ ਸ਼ਰਾਬ ਦੇ ਨਸ਼ੇ Ḕਚ ਗੜੁੱਚ ਹੋਇਆ ਰਾਗੋ ਨੂੰ ਡੰਡੇ ਨਾਲ ਕੁੱਟਦਾ ਹੁੰਦਾ ਸੀ, “ਤੇਰੇ ਜੰਮੇ ਸਾਰੇ ਬੱਚੇ ਮੇਰੇ ਨਹੀਂ। ਇਨ੍ਹਾਂ Ḕਚੋਂ ਅੱਧੇ ਹਰਾਮ ਦੇ ਨੇ। ਤੂੰ ਲੁੱਚੀ ਔਰਤ ਏਂ। ਤੂੰ ਘਰੋਂ ਬਾਹਰ ਭਿੱਖਿਆ ਮੰਗਣ ਨਹੀਂ ਜਾਂਦੀ, ਲੁੱਚਪੁਣਾ ਕਰਨ ਜਾਂਦੀ ਏਂ। ਤੈਨੂੰ ਮੇਰੇ ਨਾਲ ਸੌਂ ਕੇ ਸਬਰ ਨਹੀਂ ਆਉਂਦਾæææ ਕੁੱਤੀਏ!”
ਕੁੱਟ ਖਾਂਦੀ ਹੋਈ ਰਾਗੋ ਨੇਸ਼ੇ ਨੂੰ ਮਿਹਣੇ ਦੇਣ ਲੱਗ ਪੈਂਦੀ, “ਤੇਰੀਆਂ ਧੰਦੇਬਾਜ਼ ਤਿੰਨੇ ਭੈਣਾਂ ਲੁੱਚੀਆਂ ਨੇ। ਪੂਰੀਆਂ ਬਦਕਾਰ ਜ਼ਨਾਨੀਆਂ। ਉਹ ਗ਼ੈਰ ਮਰਦਾਂ ਨਾਲ ਖੇਹ ਖਾਂਦੀਆਂ ਨੇ। ਉਨ੍ਹਾਂ ਧੰਦਾ ਕਰ ਕਰ ਕੇ ਵਧੀਆ ਮਕਾਨ ਛੱਤ ਲਏ। ਸਕੂਟਰੀਆਂ ਲੈ ਲਈਆਂ। ਤੇਰੇ ਜੀਜੇ ਤੇਰੇ ਵਰਗੇ ਈ ਨਸ਼ੇੜੀ ਤੇ ਨਿਖੱਟੂ ਨੇ। ਮੈਂ ਆਪਣੇ ਨਿਆਣੇ ਪਾਲ਼ਦੀ ਆਂæææ ਕੁੱਤੀ ਦਿਆ ਜਾਇਆæææ!” ਉਹ ਹੋਰ ਵੀ ਕਈ ਗੰਦੀਆਂ ਮੰਦੀਆਂ ਗਾਲ੍ਹਾਂ ਕੱਢਦੀ। ਇਸ ਬਿਰਾਦਰੀ Ḕਚ ਔਰਤਾਂ-ਮਰਦਾਂ ਦਾ ਆਪਸ Ḕਚ ਲੜਨਾ-ਝਗੜਨਾ, ਗੰਦੀਆਂ ਮੰਦੀਆਂ ਗਾਲ੍ਹਾਂ ਕੱਢਣਾ ਆਮ ਵਰਤਾਰਾ ਏ। ਉਹ ਸ਼ਰਮ-ਹਯਾ, ਸਮਾਜਿਕ ਮਾਣ-ਮਰਯਾਦਾ ਦੀ ਵੀ ਜ਼ਰਾ ਜਿੰਨੀ ਪਰਵਾਹ ਨਹੀਂ ਕਰਦੇ।
ਵਾਰ-ਵਾਰ ਦੀ ਕੁੱਟ-ਮਾਰ ਤੋਂ ਅੱਕੀ ਹੋਈ ਰਾਗੋ ਨੇ ਇਕ ਦਿਨ ਗਲ਼ੀ Ḕਚ ਖੜ੍ਹ ਜ਼ਹਿਰ ਪੀ ਕੇ ਮਰਨ ਦੀ ਕੋਸ਼ਿਸ਼ ਕੀਤੀ, ਪਰ ਗੁਆਂਢ Ḕਚ ਰਹਿੰਦੇ ਇਕ ਨੌਜੁਆਨ ਮੁੰਡੇ ਨੇ ਅਗਾਂਹ ਹੋ ਕੇ ਉਹਦੇ ਹੱਥੋਂ ਜ਼ਹਿਰ ਵਾਲੀ ਸ਼ੀਸ਼ੀ ਖੋਹ ਲਈ ਤੇ ਸਾਰਾ ਜ਼ਹਿਰ ਨਾਲ਼ੀ ਵਿਚ ਰੋੜ੍ਹ ਦਿੱਤਾ। ਨੇਸ਼ਾ ਉਹਨੂੰ ਅਵਾ-ਤਵਾ ਬੋਲਣ ਲੱਗ ਪਿਆ, “ਓਏ, ਤੇਰੀ ਵੀ ਇਹ ਰੰਨ ਲੱਗਦੀ ਏ? ਤੂੰ ਮਰਨ ਕਿਉਂ ਨਹੀਂ ਦਿੱਤਾ ਸਾਲ਼ੀ ਕੁੱਤੀ ਨੂੰ?” ਅੱਗਿਉਂ ਉਹ ਮੁੰਡਾ ਵੀ ਗੁੱਸੇ Ḕਚ ਆ ਗਿਆ, ਪਰ ਉਹਦੇ ਘਰ ਵਾਲੇ ਉਹਨੂੰ ਫੜ ਕੇ ਆਪਣੇ ਘਰ ਲੈ ਗਏ। ਲੜਾਈ ਹੋਣ ਤੋਂ ਬਚਾਅ ਹੋ ਗਿਆ।
ਆਪਣੇ ਪਿਉ ਨੂੰ ਮਾਂ ਨਾਲ ਲੜਾਈ-ਝਗੜਾ ਕਰਦਿਆਂ, ਉਸ ਨਾਲ ਕੁੱਟ-ਮਾਰ ਕਰਦਿਆਂ ਵੇਖ ਕੇ ਨਿੱਕੇ-ਨਿਆਣੇ ਸਹਿਮ ਜਾਂਦੇ। ਰੋਣ ਲੱਗ ਪੈਂਦੇ, ਪਰ ਹੁਣ ਭੋਲੂ ਵੱਡਾ ਹੋ ਚੁੱਕਾ ਸੀ ਤੇ ਇਕ ਦਿਨ ਉਹਨੇ ਨੇਸ਼ੇ ਦੇ ਹੱਥੋਂ ਡੰਡਾ ਖੋਹ ਲਿਆ। ਫਿਰ ਕੜਕ ਕੇ ਬੋਲਿਆ, “ਖਬਰਦਾਰ! ਜੇ ਅੱਜ ਤੋਂ ਬਾਅਦ ਮੇਰੀ ਮਾਂ Ḕਤੇ ਹੱਥ ਚੁੱਕਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ। ਮੇਰੇ ਸਾਲ਼ੇ ਨੂੰ ਮੈਂ ਧਰਤੀ Ḕਚ ਜੀਂਦਾ ਗੱਡ ਦਊਂਗਾ!”
ਨੇਸ਼ਾ ਜੁਆਨ ਹੋ ਚੁੱਕੇ ਪੁੱਤ ਹੱਥੋਂ ਆਪਣੀ ਹੋਈ ਬੇਇੱਜ਼ਤੀ ਸਹਾਰ ਨਾ ਸਕਿਆ ਤੇ ਬੋਲਿਆ, “ਤੈਨੂੰ ਆਪਣੀ ਮਾਂ ਦਾ ਬਹੁਤ ਹੇਜ ਆਉਂਦਾ ਏ। ਹੁਣੇ ਇਸ ਨੂੰ ਲੈ ਕੇ ਮੇਰੇ ਘਰੋਂ ਬਾਹਰ ਹੋ ਜਾæææ ਹਰਾਮਦਿਆ!”
ਭੋਲੂ ਤਾਂ ਘਰ ਛੱਡ ਕੇ ਨਾ ਗਿਆ, ਲੇਕਿਨ ਕੁਝ ਦਿਨਾਂ ਬਾਅਦ ਇਕ ਗਹਿਰੀ ਕਾਲ਼ੀ ਰਾਤ ਦੇ ਵਕਤ ਸਾਰਿਆਂ ਨੂੰ ਸੁੱਤੇ ਛੱਡ ਵਿਹੜੇ ਦੀ ਗਲ਼ੀ ਵੱਲ ਦੀ ਕੰਧ ਟੱਪ ਕੇ ਰਾਗੋ ਜ਼ਰੂਰ ਚਲੀ ਗਈ। ਨੇਸ਼ਾ ਹਰ ਰਾਤ ਆਪਣੇ ਮੰਜੇ Ḕਤੇ ਸੌਣ ਤੋਂ ਪਹਿਲਾਂ ਬਾਹਰਲੇ ਦਰਵਾਜ਼ੇ ਨੂੰ ਅੰਦਰੋਂ ਕੁੰਡਾ-ਜਿੰਦਰਾ ਮਾਰ ਦਿੰਦਾ ਸੀ ਤੇ ਕੁੰਜੀ ਆਪਣੇ ਸਰਹਾਣੇ ਥੱਲੇ ਰੱਖ ਲੈਂਦਾ ਸੀ।
ਘਰ ਛੱਡ ਕੇ ਰਾਗੋ ਅਜਿਹੀ ਗਈ ਕਿ ਦੁਬਾਰਾ ਉਹਨੇ ਨੇਸ਼ੇ ਦੇ ਘਰ ਵਿਚ ਪੈਰ ਨਾ ਪਾਇਆ। ਇਸ ਬਿਰਾਦਰੀ ਦੇ ਲੋਕ ਕਾਨੂੰਨੀ ਤੌਰ Ḕਤੇ ਤਲਾਕ ਲੈਣ ਜਾਂ ਦੇਣ ਦੀ ਖਾਸ ਪਰਵਾਹ ਨਹੀਂ ਕਰਦੇ। ਬੱਸ, ਤੋੜ-ਵਿਛੋੜਾ ਕੀਤਾ ਤਾਂ ਮੰਨ ਵੀ ਲਿਆ। ਇਨ੍ਹਾਂ ਲੋਕਾਂ Ḕਚ ਪੁਰਾਣੇ ਸਮੇਂ ਤੋਂ ਹੀ ‘ਲਿਵ-ਇਨ ਰਿਲੇਸ਼ਨਸ਼ਿਪ’ ਦੀ ਆਪਣੀ ਹੀ ਪਰੰਪਰਾ ਚੱਲੀ ਆ ਰਹੀ ਹੈ। ਜਦੋਂ ਰਾਗੋ ਨੇਸ਼ੇ ਦਾ ਘਰ ਛੱਡ ਕੇ ਗਈ, ਤਾਂ ਉਦੋਂ ਉਹਦੀ ਉਮਰ ਚਾਲ਼ੀ ਵਰ੍ਹਿਆਂ ਦੀ ਤੇ ਨੇਸ਼ੇ ਦੀ ਪੰਜਾਹ ਕੁ ਵਰ੍ਹਿਆਂ ਦੀ ਸੀ। ਉਹ ਆਪਣੇ ਇਸ ਸ਼ਹਿਰ ਤੋਂ ਸਵਾ ਕੁ ਸੌ ਕਿਲੋਮੀਟਰ ਦੂਰ ਕਿਸੇ ਹੋਰ ਸ਼ਹਿਰ ਦੇ ਹੋਰ ਬਿਰਾਦਰੀ ਦੇ ਹੱਬੀ ਨਾਂ ਦੇ ਅੱਧਖੜ ਉਮਰ ਦੇ ਆਦਮੀ ਦੇ ਘਰ ‘ਬੈਠ’ ਗਈ, ਯਾਨਿ ਵਸ ਗਈ।
ਰਾਗੋ ਦੀ ਬਿਰਾਦਰੀ ਦੇ ਕਈ ਲੋਕ ਆਪੋ ਆਪਣੀਆਂ ਕਾਰਾਂ, ਜੀਪਾਂ ਆਦਿ ਵਿਚ ਸਵਾਰ ਹੋ ਕੇ ਤੇ ਭਗਵੇਂ ਚੋਲ਼ੇ ਪਾ ਕੇ ਦੂਰ-ਦੁਰਾਡੇ ਦੇ ਇਲਾਕਿਆਂ Ḕਚ ਦਾਨ ਬਨਾਮ ਭੀਖ ਮੰਗਣ ਵੀ ਚਲੇ ਜਾਂਦੇ ਹਨ। ਇਹੋ ਜਿਹੇ ਲੰਮੇ ਸਫਰ ਨੂੰ ਉਹ ‘ਫੇਰੀ ਲਾਉਣਾ’ ਆਖਦੇ ਹਨ। ਇਹੋ ਜਿਹੀ ਫੇਰੀ ਮੌਕੇ ਨੇਸ਼ੇ ਦੇ ਇਕ ਨੇੜੇ ਦੇ ਰਿਸ਼ਤੇਦਾਰ ਨੇ ਰਾਗੋ ਨੂੰ ਪਛਾਣ ਕੇ ਬੁਲਾ ਲਿਆ ਤੇ ਉਸ ਨੂੰ ਵਾਪਸ ਘਰ ਚੱਲਣ ਲਈ ਕਿਹਾ, ਪਰ ਰਾਗੋ ਨਹੀਂ ਮੰਨੀ। ਉਸ ਨੇ ਅੱਖਾਂ ਵਿਚ ਅੱਥਰੂ ਤੇ ਆਵਾਜ਼ Ḕਚ ਦਰਦ ਭਰ ਕੇ ਕਿਹਾ, “ਨਾ ਭਾਅ, ਮੈਂ ਹੁਣ ਉਥੇ ਨਹੀਂ ਜਾਣਾ। ਜਿੱਥੇ ਹਾਂ, ਠੀਕ ਹਾਂ! ਮੇਰਾ ਨਵਾਂ ਪਤੀ ਮੈਨੂੰ ਬਹੁਤ ਪਿਆਰ ਕਰਦੈ। ਮੇਰੀ ਬਹੁਤ ਇੱਜ਼ਤ ਕਰਦੈ। ਨੇਸ਼ੇ ਦੇ ਘਰੇ ਰਹਿ ਕੇ ਨਾ ਮੈਨੂੰ ਪਿਆਰ ਮਿਲਿਆ ਤੇ ਨਾ ਹੀ ਇੱਜ਼ਤ ਮਿਲੀ। ਭਾਅ, ਮੈਨੂੰ ਆਪਣੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਏ। ਬਹੁਤ ਮੋਹ ਆਉਂਦਾ ਏ, ਪਰ ਮੈਂ ਕਰਾਂ ਕੀ? ਤੂੰ ਮੇਰੇ ਮੁਬੈਲ ਫੋਨ ਦਾ ਨੰਬਰ ਲੈ ਜਾ, ਤੇ ਮੇਰੇ ਬੱਚਿਆਂ ਨੂੰ ਆਖੀਂ ਕਿ ਮੇਰੇ ਨਾਲ ਗੱਲਬਾਤ ਕਰ ਲਿਆ ਕਰਨ। ਮੈਨੂੰ ਆਪਣੇ ਜਾਇਆਂ ਦੀ ਸੁੱਖ-ਸਾਂਦ, ਰਾਜ਼ੀ-ਖੁਸ਼ੀ ਦਾ ਪਤਾ ਲੱਗਦਾ ਰਹੂ।”
ਨੇਸ਼ੇ ਅਤੇ ਉਹਦੇ ਸ਼ਰੀਕੇ ਦੇ ਲੋਕਾਂ ਵੱਲੋਂ ਰਾਗੋ ਨੂੰ ਵਾਪਸ ਲਿਆਉਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਉਸ ਨੇ ਤਾਂ ਨੇਸ਼ੇ ਨਾਲ ਕੋਈ ਗੱਲ ਕਰਨ ਤੋਂ ਹੀ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ, “ਇਹ ਮੇਰੇ ਵੱਲੋਂ ਮਰ ਗਿਆ, ਮੈਂ ਇਹਦੇ ਵੱਲੋਂ ਮਰ ਗਈ।” ਰਾਗੋ ਵੱਲੋਂ ਵਾਪਸ ਨਾ ਮੁੜਨ ਦੀ ਜ਼ਿੱਦ ਕਾਰਨ ਭੋਲੂ ਉਹਦੇ ਨਾਲ ਖਾਸਾ ਨਾਰਾਜ਼ ਹੋ ਗਿਆ। ਬਾਕੀ ਬੱਚੇ ਨਾਸਮਝ, ਅਣਭੋਲ ਹੀ ਸਨ।
ਹੁਣ ਨੇਸ਼ਾ ਡਾਢਾ ਪਛਤਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਰਾਗੋ ਭਾਵੇਂ ਜਿਹੋ ਜਿਹੀ ਮਰਜ਼ੀ ਦੀ ਔਰਤ ਏæææ ਆਪਣਾ ਘਰ ਤੇ ਆਪਣੇ ਬੱਚੇ ਤਾਂ ਸੰਭਾਲਦੀ ਸੀ। ਉਨ੍ਹਾਂ ਦੀ ਦੇਖ-ਭਾਲ਼ ਤਾਂ ਕਰਦੀ ਸੀ। ਹੁਣ ਮੈਂ Ḕਕੱਲਾ ਕੀ ਕਰਾਂ? ਪਹਿਲਾਂ ਉਹ ਸ਼ਾਮ ਪਈ ਨੂੰ ਹੀ ਸ਼ਰਾਬ ਪੀਂਦਾ ਹੁੰਦਾ ਸੀ। ਹੁਣ ਉਹ ਹਰ ਸੁਬਹ ਤੇ ਸ਼ਾਮ ਸ਼ਰਾਬ ਪੀਣ ਲੱਗ ਪਿਆ। ਕਦੇ-ਕਦੇ ਦਰਦ ਭਰੇ ਗੀਤ ਗਾਉਣ ਲੱਗ ਪੈਂਦਾ।
ਨੇਸ਼ੇ ਦੀਆਂ ਭੈਣਾਂ ਭਾਵੇਂ ਜਿਹੋ ਜਿਹੀਆਂ ਸਨæææ ਉਨ੍ਹਾਂ ਰਲ਼-ਮਿਲ਼ ਕੇ ਪਹਿਲਾਂ ਭੋਲੂ ਦਾ ਵਿਆਹ ਕੀਤਾ ਤੇ ਫਿਰ ਇਕ-ਇਕ ਕਰ ਕੇ ਭੋਲੂ ਦੀਆਂ ਚਾਰੇ ਭੈਣਾਂ, ਭਾਵ ਆਪਣੀਆਂ ਭਤੀਜੀਆਂ ਦੇ ਵਿਆਹ ਕਰ ਦਿੱਤੇ। ਕੁੜੀਆਂ ਭਰ-ਜੁਆਨ ਨਹੀਂ ਹੋਈਆਂ ਸਨ, ਅਲ੍ਹੜ ਉਮਰ Ḕਚ ਹੀ ਉਨ੍ਹਾਂ ਦੇ ਵਿਆਹ ਕਰ ਦਿੱਤੇ ਗਏ।
æææ ਤੇ ਨੇਸ਼ੇ ਦੀ ਮੌਤ ਉਪਰੰਤ ਘਰ ਦੇ ਅੰਦਰ ਤੇ ਬਾਹਰ ਸੱਥਰ ਵਿਛਿਆ ਪਿਆ ਸੀ। ਰਿਵਾਜ ਮੁਤਾਬਕ ਗਲ਼ੀ Ḕਚ ਵਿਛੇ ਸੱਥਰ ਉਪਰ ਬੈਠੇ ਉਨ੍ਹਾਂ ਦੀ ਬਿਰਾਦਰੀ ਦੇ ਕੁਝ ਆਦਮੀ ਭਜਨ ਤੇ ਹਿੰਦੀ-ਪੰਜਾਬੀ ਦੇ ਰਲ਼ੇ-ਮਿਲ਼ੇ ਗੀਤ ਗਾ ਰਹੇ ਸਨ। ਕੋਈ ਡਫਲੀ ਵਜਾ ਰਿਹਾ ਸੀ ਤੇ ਕੋਈ ਢੋਲਕੀ, ਖੜਤਾਲ਼ਾਂ। ਉਹ ਆਪਣੇ ਕਿਸੇ ਸਕੇ ਸੋਧਰੇ ਦੀ ਮੌਤ Ḕਤੇ ਇੰਝ ਹੀ ਕਰਦੇ ਸਨ। ‘ਪਾਣੀ ਡੋਲ੍ਹਣ’ ਦੀ ਰਸਮ ਤਕ ਦਸ ਦਿਨ ਲਗਾਤਾਰ ਹਰ ਰਾਤ ਗਾਉਣ-ਵਜਾਉਣ ਦਾ ਸਿਲਸਿਲਾ ਸੁਬਹ ਹੋਣ ਤਕ ਚੱਲਦਾ ਰਹਿੰਦਾ ਹੈ। ਵਿਚ-ਵਿਚਾਲ਼ੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਹਨ। ਹਾਸਾ-ਠੱਠਾ ਵੀ। ਉਹ ਇਕ ਦੂਜੇ ਨੂੰ ਟਿੱਚਰਾਂ ਮਖੌਲ ਵੀ ਕਰਦੇ ਰਹਿੰਦੇ ਹਨ। ਮੌਤ ਦੇ ਮਾਤਮ ਦੇ ਨਾਲ-ਨਾਲ ਜਿਵੇਂ ਮੌਤ ਦਾ ਜਸ਼ਨ ਵੀ ਮਨਾਇਆ ਜਾਂਦਾ ਹੋਵੇ। ਅਜੀਬ ਕਿਸਮ ਦੇ ਬੜੇ ਨਿਰਾਲੇ ਨੇ ਇਹ ਲੋਕ।
ਮਾਨੀਆ ਨਾਂ ਦੀ ਔਰਤ ਦਾ ਘਰ ਵਾਲ਼ਾ ਗੋਮੀ ਆਪਣੀ ਡਫਲੀ ਲੈ ਕੇ ਸੱਥਰ Ḕਤੇ ਆਣ ਬੈਠਾ। ਉਹ ਡਫਲੀ ਵਜਾ ਕੇ ਤੇ ਭਜਨ ਆਦਿ ਗਾ ਕੇ ਲੋਕਾਂ ਦੇ ਘਰਾਂ Ḕਚੋਂ ਭੀਖ ਮੰਗਿਆ ਕਰਦਾ ਸੀ। ਉਹ ਡਫਲੀ ਵਜਾਉਂਦਿਆਂ ਵੰਨ-ਸੁਵੰਨੇ ਗੀਤ ਗਾਉਣ ਲੱਗ ਪਿਆ। ਉਹ ਵੀ ਨਿੱਤ ਦਾ ਸ਼ਰਾਬੀ ਬੰਦਾ ਸੀ, ਜੂਆ ਵੀ ਖੇਡਦਾ ਸੀ, ਪਰ ਸੋਜ਼-ਭਰਪੂਰ ਆਵਾਜ਼ ਵਿਚ ਤੇ ਪੂਰੀ ਸੁਰਤਾਲ ਵਿਚ ਗਾਉਂਦਾ ਹੁੰਦਾ ਸੀ। ਅੱਜ ਉਸ ਨੂੰ ਗਾਉਂਦਾ ਸੁਣ ਕੇ ਜਿਵੇਂ ਵਕਤ ਠਹਿਰ ਗਿਆ ਹੋਵੇ ਤੇ ਬੇਚੈਨ ਵਕਤ ਨੇ ਜਿਵੇਂ ਨੇਸ਼ੇ ਦੇ ਘਰ ਦੇ ਅੰਦਰ-ਬਾਹਰ ਘੁੰਮਣਾ-ਫਿਰਨਾ ਬੰਦ ਕਰ ਦਿੱਤਾ ਹੋਵੇ। ਜਿਵੇਂ ਵਕਤ ਵੀ ਸੱਥਰ ਉਪਰ ਚੌਕੜਾ ਮਾਰ ਆਣ ਬੈਠਾ ਹੋਵੇ।
ਗੋਮੀ ਨੇ ਇਕ ਤੋਂ ਬਾਅਦ ਦੂਜਾ, ਤੀਜਾ, ਚੌਥਾæææ ਇਸ ਤਰ੍ਹਾਂ ਕਈ ਗੀਤ ਗਾਏ। ਜਿਵੇਂ ਉਹ ਨੇਸ਼ੇ ਦੀ ਮਾਰਫਤ ਆਪਣਾ ਹੀ ਦਰਦ ਤੇ ਗ਼ਮ ਬਿਆਨ ਕਰ ਰਿਹਾ ਹੋਵੇ, ਗਾ ਰਿਹਾ ਹੋਵੇ, ਕਿਉਂਕਿ ਮਾਨੀਆ ਵੀ ਕੋਈ ਨੇਕ ਔਰਤ ਨਹੀਂ ਸੀ। ਗੋਮੀ ਸ਼ਰਾਬ ਪੀ ਕੇ ਉਸ ਨਾਲ ਲੜਾਈ-ਝਗੜਾ ਕਰਦਾ, ਲੇਕਿਨ ਮਾਨੀਆ Ḕਤੇ ਕੋਈ ਅਸਰ ਨਾ ਹੁੰਦਾ। ਸਿਹਤ ਪੱਖੋਂ ਮਾਨੀਆ ਗੋਮੀ ਨਾਲ਼ੋਂ ਤਕੜੀ ਸੀ। ਜਦੋਂ ਗੋਮੀ ਲੜਾਈ-ਝਗੜਾ, ਕਲੇਸ਼ ਕਰਨ ਤੋਂ ਨਾ ਹਟਦਾ, ਤਾਂ ਉਹ ਗੋਮੀ ਨੂੰ ਥੱਲੇ ਢਾਹ ਕੇ ਘੋਟਣੇ ਨਾਲ ਕੁੱਟਣ ਲੱਗ ਪੈਂਦੀ। ਕੁੱਟ ਖਾਂਦਾ ਗੋਮੀ ਮਾਨੀਆ ਨੂੰ ਮਿਹਣੇ ਦਿੰਦਾ। ਗਾਲ੍ਹਾਂ ਕੱਢਦਾ। ਧੀਆਂ ਅਤੇ ਪੁੱਤਰ ਆਪਣੀ ਮਾਂ ਮਾਨੀਆ ਦਾ ਪੂਰਾ ਸਾਥ ਦਿੰਦੇ ਤੇ ਕਈ ਵਾਰ ਗੋਮੀ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ। ਅੱਧੀ-ਅੱਧੀ ਰਾਤ ਗੋਮੀ ਗਲ਼ੀ Ḕਚ ਖੜ੍ਹਾ ਬੰਦ ਦਰਵਾਜ਼ੇ Ḕਤੇ ਮੁੱਕੇ ਮਾਰ-ਮਾਰ ਕੇ ਦੁਹਾਈ ਪਾਉਂਦਾ ਰਹਿੰਦਾ, “ਓਏ, ਪਾਪੀਓ! ਬੂਹਾ ਖੋਲ੍ਹ ਦਿਓ! ਮੈਨੂੰ ਅੰਦਰ ਆਣ ਦਿਓ! ਤੁਹਾਡੇ ਕੀੜੇ ਪੈਣ। ਬੂਹਾ ਖੋਲ੍ਹੋ। ਦੱਸੋ, ਮੈਂ ਅੱਧੀ ਰਾਤ ਨੂੰ ਕਿੱਥੇ ਜਾਵਾਂ? ਓ, ਕਮੀਨਿਓਂ, ਕੁੱਤਿਓ! ਬੂਹਾ ਖੋਲ੍ਹ ਦਿਓæææ ਓæææ ਓ!” ਉਹਦੀ ਆਵਾਜ਼ ਬੰਦ ਦਰਵਾਜ਼ੇ ਨਾਲ ਟਕਰਾਉਂਦੀ ਰਹਿੰਦੀ ਤੇ ਉਹ ਬੇਦਮ ਜਿਹਾ ਹੋ ਜਾਂਦਾ। ਜਦੋਂ ਘਰ ਦਾ ਬੰਦ ਦਰਵਾਜ਼ਾ ਨਾ ਹੀ ਖੁੱਲ੍ਹਦਾ ਤਾਂ ਉਦੋਂ ਖਪਿਆ ਤੇ ਖਿਝਿਆ ਗੋਮੀ ਆਪਣੇ ਘਰ ਦੇ ਬਾਹਰ ਗਲ਼ੀ Ḕਚ ਭੁੰਜੇ ਲੰਮਾ ਪੈ ਜਾਂਦਾ, ਜਾਂ ਫਿਰ ਇਧਰ-ਉਧਰ ਘੁੰਮ-ਫਿਰ ਕੇ ਰਾਤ ਲੰਘਾਉਂਦਾ। ਸੁਬਹ ਦਰਵਾਜ਼ਾ ਖੁੱਲ੍ਹਣ Ḕਤੇ ਉਹ ਆਪਣੇ ਘਰ ਦੇ ਅੰਦਰ ਚਲਾ ਜਾਂਦਾ।
ਇਹੋ ਜਿਹਾ ਸਖਤ ਸਲੂਕ ਹੋਣ ਦੇ ਬਾਵਜੂਦ ਗੋਮੀ ਆਪਣਾ ਘਰ ਛੱਡ ਕੇ ਕਿਤੇ ਹੋਰ ਜਾ ਨਹੀਂ ਸਕਿਆ। ਉਸ ਨੇ ਆਪਣੀ ਜ਼ਿੰਦਗੀ ਦੀਆਂ ਬੇਸ਼ੁਮਾਰ ਠੰਢੀਆਂ-ਸੀਤ ਤੇ ਹੁੱਸੜ-ਭਰੀਆਂ ਰਾਤਾਂ ਇੰਝ ਹੀ ਗੁਜ਼ਾਰੀਆਂ।
æææ ਤੇ ਹੁਣ ਸੱਥਰ Ḕਤੇ ਬੈਠਾ ਗੋਮੀ ਡਫਲੀ ਵਜਾ-ਵਜਾ ਕੇ ਗਾ ਰਿਹਾ ਸੀ, “ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀæææ ਹੋ ਵਾਜਾਂ ਮਾਰੀਆਂæææ।” ਇਸ ਤੋਂ ਬਾਅਦ ਉਸ ਨੇ ਇਕ ਹੋਰ ਗੀਤ ਸ਼ੁਰੂ ਕਰ ਦਿੱਤਾ, “ਹਮ ਤੁਮਹੇਂ ਚਾਹਤੇ ਹੈਂ ਐਸੇ। ਮਰਨੇ ਵਾਲਾ ਕੋਈæææ ਈæææ ਈæææ ਜ਼ਿੰਦਗੀ ਚਾਹਤਾ ਹੋ ਜੈਸੇ।” ਫਿਰ ਉਹ ਜਿਵੇਂ ਵਜਦ ਵਿਚ ਆ ਗਿਆ ਹੋਵੇ, “ਵਫਾ ਜਿਨ ਸੇ ਕੀ, ਬੇਵਫਾ ਹੋ ਗਏ। ਵੋਹ ਵਾਅਦੇ ਮੁਹੱਬਤ ਕੇ ਕਿਆ ਹੋ ਗਏ?” ਫਿਰ ਉਹਨੇ ਇਕ ਹੋਰ ਗੀਤ ਦਾ ਸਿੱਧਾ ਅੰਤਰਾ ਹੀ ਛੋਹ ਲਿਆ, “ਆ ਕੇ ਜ਼ਰਾ ਦੇਖ ਤੋ, ਤੇਰੀ ਖਾਤਰ ਹਮ ਕਿਸ ਤਰਹ ਸੇ ਜੀਏ? ਆਂਸੂਓਂ ਕੇ ਧਾਗੇ ਸੇ ਸੀਤੇ ਰਹੇ ਹਮ, ਜੋ ਜ਼ਖਮ ਤੁਮ ਨੇ ਦੀਏ। ਹਮ ਸੇ ਹੈ ਜ਼ਿੰਦਾ, ਹਮੀਂ ਸੇ ਹੈ ਤੇਰੀ ਮਹਿਫਿਲ ਜਵਾਂ। ਜਬ ਹਮ ਨਾ ਹੋਂਗੇ, ਤੋ ਰੋ-ਰੋ ਕੇ ਦੁਨੀਆਂ ਢੂੰਡੇਗੀ ਹਮਾਰੇ ਨਿਸ਼ਾਂ।”
ਉਸ ਨੂੰ ਅਜਿਹੇ ਗੀਤ ਗਾਉਂਦਿਆਂ ਸੁਣ ਕੇ ਸੱਥਰ Ḕਤੇ ਬੈਠੇ ਬਾਕੀ ਬੰਦੇ ਹੱਸਣ ਲੱਗ ਪਏ ਤੇ ਉਸ ਨੂੰ ਗੁੱਝੀਆਂ ਰਮਜ਼ਾਂ ਮਾਰਨ ਲੱਗ ਪਏ। ਗੁੱਝੇ-ਗੁੱਝੇ ਮਖੌਲ ਕਰਨ ਲੱਗ ਪਏ। ਗੋਮੀ ਨੇ ਸਾਰਿਆਂ ਦੀ ਨਜ਼ਰ ਬਚਾ ਕੇ ਆਪਣੇ ਕੁੜਤੇ ਦੀਆਂ ਬਾਹਵਾਂ ਨਾਲ ਅੱਖਾਂ Ḕਚ ਆਏ ਅੱਥਰੂ ਪੂੰਝੇ ਤੇ ਫਿਰ ਗਾਉਣ ਲੱਗ ਪਿਆ, “ਨਾ ਧੁੱਪ ਰਹਿਣੀ ਨਾ ਛਾਂ ਬੰਦਿਆ। ਨਾ ਪਿਉ ਰਹਿਣਾ ਨਾ ਮਾਂ ਬੰਦਿਆ। ਹਰ ਸ਼ੈਅ ਨੇ ਆਖਰ ਮੁੱਕ ਜਾਣਾ। ਬੱਸ, ਰਹਿਣਾ ਰੱਬ ਦਾ ਨਾਂ ਬੰਦਿਆæææ ਆæææ ਆ!”
ਬਾਕੀ ਸੱਥਰੀ ਲੋਕ ਸੁਣਦੇ ਰਹੇ ਤੇ ਗੋਮੀ ਸਾਰੀ ਰਾਤ ਗਾਉਂਦਾ ਰਿਹਾ। ਉਸ ਨੇ ਉਸ ਰਾਤ ਹੋਰ ਕਿਸੇ ਨੂੰ ਕੁਝ ਗਾਉਣ ਦਾ ਮੌਕਾ ਹੀ ਨਾ ਦਿੱਤਾ। ਇਕ ਸੱਥਰ ਨੇਸ਼ੇ ਹੁਣਾਂ ਦੇ ਘਰ ਦੇ ਅੰਦਰ-ਬਾਹਰ ਵਿਛਿਆ ਪਿਆ ਸੀ ਅਤੇ ਦੂਜਾ ਸੱਥਰ ਗੋਮੀ ਦੇ ਸਮੁੱਚੇ ਵਜੂਦ ਉਪਰ ਵਿਛਿਆ ਪਿਆ ਸੀ।
ਰਾਤ ਨੇਸ਼ੇ ਹੁਣਾਂ ਦੇ ਘਰ ਦੇ ਵਿਹੜੇ ਦੀਆਂ ਕੰਧਾਂ ਟੱਪ ਕੇ ਤੇ ਗਲ਼ੀ Ḕਚੋਂ ਲੰਘਦੀ ਹੋਈ ਪੂਰੇ ਸ਼ਹਿਰ ਦਾ ਚੱਕਰ ਕੱਟ ਵਿਦਾ ਹੋ ਗਈ। ਬੱਸ, ਉਦੋਂ ਹੀ ਸੁਬਹ ਦੇ ਵਕਤ ਰਾਗੋ ਨੇ ਆਪਣੇ ਪੁਰਾਣੇ ਸ਼ਹਿਰ, ਪੁਰਾਣੇ ਘਰ ਅੰਦਰ ਪੈਰ ਟਿਕਾਇਆ। ਉਸ ਨੇ ਆਪਣੇ ਦੂਜੇ ਪਤੀ ਹੱਬੀ ਤੋਂ ਪੈਦਾ ਹੋਏ ਸੱਤਾਂ ਕੁ ਮਹੀਨਿਆਂ ਦੇ ਮੁੰਡੇ ਨੂੰ ਕੁੱਛੜ ਚੁੱਕਿਆ ਹੋਇਆ ਸੀ। ਹੱਬੀ ਉਹਦੇ ਨਾਲ਼ ਨਹੀਂ ਆਇਆ। ਉਹ ਰਾਗੋ ਨੂੰ ਵੀ ਨਹੀਂ ਆਉਣ ਦੇ ਰਿਹਾ ਸੀ। ਹੱਬੀ ਨੇ ਰਾਗੋ ਕੋਲ਼ੋਂ ਮੁੜ ਉਹਦੇ ਕੋਲ਼ ਵਾਪਸ ਪਰਤਣ ਦਾ ਭਰੋਸਾ ਲੈ ਕੇ ਉਸ ਨੂੰ ਆਉਣ ਦਿੱਤਾ, ਪਰ ਉਸ ਨੇ ਉਹਦੇ ਕੋਲ਼ੋਂ ਉਹਦਾ ਮੋਬਾਈਲ ਫੋਨ ਤੇ ਗਹਿਣਿਆਂ ਵਾਲਾ ਡੱਬਾ ਲੈ ਕੇ ਆਪਣੇ ਕੋਲ਼ ਰੱਖ ਲਿਆ।
ਰਾਗੋ ਦੇ ਬਾਰ੍ਹਵੇਂ ਬੱਚੇ ਬਾਰੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ, ਉਹ ਤਾਂ ਹੈਰਾਨ ਨਾ ਹੋਏ। ਐਪਰ ਬਾਕੀ ਵੇਖਣ ਵਾਲੇ ਡਾਢੇ ਹੈਰਾਨ ਹੋਏ। ਭੋਲੂ ਦੀ ਵਹੁਟੀ ਕੇਸ਼ਵੀ ਸੋਹਣੀ-ਸੁਨੱਖੀ, ਪਰ ਪੱਕੀ ਉਮਰ ਦੀ ਹੋ ਚੁੱਕੀ ਆਪਣੀ ਸੱਸ ਦੇ ਪਹਿਲੀ ਵਾਰ ਰੂ-ਬ-ਰੂ ਹੋਈ। ਕੇਸ਼ਵੀ ਨੇ ਵੀ ਗੋਦੀ Ḕਚ ਆਪਣਾ ਬਾਲ ਚੁੱਕਿਆ ਹੋਇਆ ਸੀ। ਇਕ ਪਾਸੇ ਡੌਰ-ਭੌਰ ਖੜ੍ਹੇ ਭੋਲੂ ਨੂੰ ਬਾਲ ਫੜਾ ਕੇ ਕੇਸ਼ਵੀ ਨੇ ਅਗਾਂਹ ਹੋ ਕੇ ਰਾਗੋ ਦੇ ਪੈਰੀਂ ਹੱਥ ਲਾਏ।
ਰਾਗੋ ਝੱਟ ਸਮਝ ਗਈ ਕਿ ਇਹ ਮੇਰੀ ਨੂੰਹ ਹੈ। ਉਸ ਨੇ ਕੇਸ਼ਵੀ ਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਤੇ ਭੋਲੂ ਨੂੰ ਕਿਹਾ, “ਪੁੱਤ, ਆਪਣੀ ਵਹੁਟੀ ਨੂੰ ਫੁੱਲਾਂ ਵਾਂਗ ਰੱਖੀਂ। ਔਰਤ ਦਾ ਮਨ ਬਹੁਤ ਕੋਮਲ ਹੁੰਦਾ ਏ।” ਭੋਲੂ ਚੁੱਪ ਰਿਹਾ ਤੇ ਉਹਦੇ ਬਾਕੀ ਭੈਣਾਂ-ਭਰਾਵਾਂ ਨੇ ਆਪਣੀ ਮਾਂ ਦੁਆਲੇ ਝੁਰਮਟ ਜਿਹਾ ਬਣਾ ਕੇ ਉਚੀ-ਉਚੀ ਰੋਣਾ ਸ਼ੁਰੂ ਕਰ ਦਿੱਤਾ। ਰਾਗੋ ਵੀ ਉਚੀ-ਉਚੀ ਰੋਣ ਲੱਗ ਪਈ। ਉਹਦਾ ਮਨ ਆਪਣੇ ਬੱਚਿਆਂ ਦੇ ਹੇਰਵੇ ਕਾਰਨ ਭਰਿਆ ਪਿਆ ਸੀ। ਆਪਣੇ ਬੱਚਿਆਂ ਨੂੰ ਦਿਲਾਸਾ ਦੇਣ ਬਾਅਦ ਰਾਗੋ ਨੇ ਆਪਣੇ ਸਿਰ Ḕਤੇ ਲਈ ਚਿੱਟੀ ਚੁੰਨੀ ਨੂੰ ਮੋਏ ਨੇਸ਼ੇ ਦੇ ਪੈਰਾਂ ਕੋਲ਼ ਰੱਖ ਕੇ ਮੱਥਾ ਟੇਕਿਆ ਤੇ ਫਿਰ ਹੌਲ਼ੀ ਜਿਹੀ ਆਖਿਆ, “ਸੱਜਣਾ, ਤੈਨੂੰ ਤੇਰੇ ਸਾਰੇ ਗੁਨਾਹ ਮਾਫ। ਮੇਰੀਆਂ ਭੁੱਲਾਂ-ਚੁੱਕਾਂ ਮਾਫ ਕਰੀਂ!”
ਨੇਸ਼ੇ ਦੇ ਦਾਹ-ਸੰਸਕਾਰ ਤੋਂ ਬਾਅਦ ਬੱਸ, ਕੁਝ ਘੜੀਆਂ ਹੀ ਰਾਗੋ ਆਪਣੇ ਪੁਰਾਣੇ ਘਰ Ḕਚ ਰੁਕੀ। ਫਿਰ ਆਪਣੀ ਸਭ ਤੋਂ ਵੱਡੀ ਧੀ ਬਿੰਦੀਆ ਨੂੰ ਨੇਸ਼ੇ ਦੇ ਭੋਗ Ḕਤੇ ਖਰਚ ਕਰਨ ਲਈ ਕਾਫੀ ਸਾਰੇ ਰੁਪਏ ਦੇ ਕੇ ਹੱਬੀ ਦਾ ਮੁੰਡਾ ਕੁੱਛੜ ਚੁੱਕੀ ਆਪਣੇ ਨਵੇਂ ਘਰ, ਨਵੇਂ ਟਿਕਾਣੇ ਵੱਲ ਰਵਾਨਾ ਹੋ ਗਈ। ਕਈਆਂ ਵੱਲੋਂ ਰੋਕਣ ਦੇ ਬਾਵਜੂਦ ਉਹ ਨਾ ਰੁਕੀ।
ਗਲ਼ੀ ਦੇ ਮੋੜ Ḕਤੇ ਜਾ ਕੇ ਉਸ ਨੇ ਮੁੜ ਕੇ ਆਪਣੇ ਉਸ ਪੁਰਾਣੇ ਘਰ ਵੱਲ ਜ਼ਰੂਰ ਵੇਖਿਆ ਜਿਸ ਘਰ ਵਿਚ ਉਹ ਕਾਫੀ ਸਾਲ ਪਹਿਲਾਂ ਨੇਸ਼ੇ ਨੇ ਸਿਹਰਾ ਬੰਨ੍ਹ ਵਿਆਹ ਕੇ ਲਿਆਂਦੀ ਸੀ।