ਵਸਲ ਤੇ ਹਿਜਰ ਦਾ ਨਿਆਰਾ ਰੰਗ: ‘ਇਜਾਜ਼ਤ’

ਕੁਲਦੀਪ ਕੌਰ
ਫਿਲਮ ‘ਇਜਾਜ਼ਤ’ ਜਦੋਂ ਰਿਲੀਜ਼ ਹੋਈ ਸੀ ਤਾਂ ਇੱਕ ਵਾਰ ਫਾਰਮੂਲਾ ਆਧਾਰਿਤ ਪ੍ਰੇਮ ਕਹਾਣੀਆਂ ਅਤੇ ਪਿਆਰ ਤਿਕੋਣਾਂ ਬਾਰੇ ਪਟਕਥਾਵਾਂ ਲਿਖਣ ਵਾਲੇ ਦੰਗ ਰਹਿ ਗਏ। ਇਹ ਫਿਲਮ ਵੱਖਰਾ ਹੀ ਤਜਰਬਾ ਸੀ। ਫਿਲਮ ਦੀ ਨਾ ਸਿਰਫ ਕਹਾਣੀ ਵੱਖਰੀ ਸੀ, ਸਗੋਂ ਇਸ ਕਹਾਣੀ ਨੂੰ ਫਿਲਮਾਇਆ ਵੀ ਬੇਹੱਦ ਕਾਵਿਮਈ ਢੰਗ ਨਾਲ ਸੀ।

ਫਿਲਮ ਦੇ ਤਿੰਨੇ ਕਿਰਦਾਰ ਇੱਕ-ਦੂਜੇ ਨਾਲ ਰਹਿੰਦਿਆਂ ਵੀ ਇੱਕ-ਦੂਜੇ ਨਾਲ ਨਹੀਂ ਰਹਿੰਦੇ। ਉਹ ਨਾ ਤਾਂ ਪੂਰੀ ਤਰਾਂ੍ਹ ਮਿਲਦੇ ਹਨ ਤੇ ਨਾ ਹੀ ਪੂਰੀ ਤਰ੍ਹਾਂ ਵਿਛੜਦੇ ਹਨ। ਫਿਲਮ ਵਿਚ ਗੁਲਜ਼ਾਰ ਦੀ ਸ਼ਬਦਾਂ ਵਿਚ ਲਿਖੀ ਕਵਿਤਾ ਨੂੰ ਦ੍ਰਿਸ਼ਾਂ ਵਿਚ ਫਿਲਮਾਇਆ ਗਿਆ ਹੈ। ਫਿਲਮ ਦੇਖਦਿਆਂ ਪਾਣੀ ਦੀਆਂ ਲਟਕਦੀਆਂ ਬੂੰਦਾਂ, ਡਿੱਗਣ ਤੋਂ ਇੱਕਦਮ ਪਹਿਲਾਂ ਟਹਿਣੀਆਂ ਤੇ ਲਟਕਦੇ ਪੱਤੇ , ਘਰਾਂ ਦੇ ਸਾਰੇ ਕਮਰਿਆਂ ਵਿਚ ਵਿਉਂਤਬੱਧ ਢੰਗ ਨਾਲ ਚਿਣੇ ਪੌਦੇ ਅਤੇ ਰਸਤਿਆਂ ਦਾ ਇੱਕ-ਦੂਜੇ ਨੂੰ ਕੱਟਦਿਆਂ ਗੁਜ਼ਰਨਾ; ਇਹ ਸਾਰਾ ਕੁਝ ਵੀ ਕਹਾਣੀ ਦਾ ਕਿਰਦਾਰ ਬਣਦਾ ਹੈ। ਇਸ ਤੋਂ ਇਲਾਵਾ ਫਿਲਮ ਵਿਚ ਕਿਰਦਾਰਾਂ ਦਾ ਜੀਵਨ ਢੰਗ ਵੀ ਲੀਹ ਨਾਲੋਂ ਹਟਵਾਂ ਹੈ।
ਫਿਲਮ ਦੀ ਕਹਾਣੀ ਅਨੁਸਾਰ ਮਹਿੰਦਰ (ਨਸੀਰੂਦੀਨ ਸ਼ਾਹ) ਰੇਲਵੇ ਪਲੇਟਫਾਰਮ ‘ਤੇ ਰਾਤ ਗੁਜ਼ਾਰਨ ਲਈ ਰੁਕਦਾ ਹੈ। ਉਥੇ ਵੇਟਿੰਗ ਰੂਮ ਵਿਚ ਉਸ ਦੀ ਮੁਲਾਕਾਤ ਸੁਧਾ (ਰੇਖਾ) ਨਾਲ ਹੁੰਦੀ ਹੈ। ਸੁਧਾ ਉਸ ਦੀ ਪਤਨੀ ਰਹਿ ਚੁੱਕੀ ਹੈ। ਉਹ ਦੋਵੇਂ ਹੈਰਾਨ-ਪ੍ਰੇਸ਼ਾਨ ਹੋ ਜਾਂਦੇ ਹਨ। ਫਿਰ ਹੌਲੀ-ਹੌਲੀ ਉਹ ਆਪਣੇ ਅਤੀਤ ਦੀਆਂ ਪਰਤਾਂ ਫਰੋਲਣੀਆਂ ਸ਼ੁਰੂ ਕਰਦੇ ਹਨ। ਦਰਸ਼ਕਾਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸੁਧਾ ਨੇ ਇਹ ਜਾਣਦਿਆਂ ਵੀ ਮਹਿੰਦਰ ਨਾਲ ਵਿਆਹ ਕਰਵਾਇਆ ਸੀ ਕਿ ਉਹ ਪਹਿਲਾ ਹੀ ਮਾਇਆ (ਅਨੁਰਾਧਾ ਪਟੇਲ) ਨਾਲ ਰਹਿ ਰਿਹਾ ਹੈ ਤੇ ਸੁਧਾ ਨੂੰ ਵੀ ਉਹ ਸਾਰਾ ਕੁਝ ਦੱਸ ਚੁੱਕਾ ਹੈ। ਉਹ ਸੁਧਾ ਨਾਲ ਵਿਆਹ ਤੋਂ ਪਹਿਲਾ ਮਾਇਆ ਨੂੰ ਲੱਭਣ ਵੀ ਜਾਂਦਾ ਹੈ, ਪਰ ਮਾਇਆ ਦੀ ਆਦਤ ਹੈ ਕਿ ਉਹ ਹਫਤਿਆਂ ਤੇ ਮਹੀਨਿਆਂ ਬੱਧੀ ਘਰੋਂ ਗਾਇਬ ਹੋ ਜਾਂਦੀ ਹੈ। ਉਸ ਨੂੰ ਇੱਦਾਂ ਹੀ ਜਿਉਣ ਦੀ ਆਦਤ ਹੈ ਅਤੇ ਮਹਿੰਦਰ ਉਸ ਦੀ ਇਸੇ ਆਜ਼ਾਦ-ਖਿਆਲੀ ਕਾਰਨ ਉਸ ਨੂੰ ਪਸੰਦ ਕਰਦਾ ਹੈ, ਪਰ ਇਸੇ ਆਜ਼ਾਦ-ਖਿਆਲੀ ਕਾਰਨ ਉਸ ਦੇ ਮਨ ਵਿਚ ਮਾਇਆ ਦੇ ਫੈਸਲਿਆਂ ਬਾਰੇ ਅਨਿਸ਼ਚਤਤਾ ਅਤੇ ਬੇਭਰੋਸਗੀ ਲਗਾਤਾਰ ਬਣੀ ਰਹਿੰਦੀ ਹੈ। ਉਸ ਨੂੰ ਇਹ ਵੀ ਪੂਰੀ ਤਰਾਂ੍ਹ ਸਪਸ਼ਟ ਨਹੀਂ ਕਿ ਮਾਇਆ ਉਸ ਨੂੰ ਪਿਆਰ ਕਰਦੀ ਹੈ ਜਾਂ ਨਹੀਂ? ਇਸੇ ਕਸ਼ਮਕਸ਼ ਵਿਚ ਉਹ ਸੁਧਾ ਨਾਲ ਵਿਆਹ ਕਰਵਾ ਲੈਂਦਾ ਹੈ। ਸੁਧਾ ਸੁਲਝੀ ਹੋਈ ਕੁੜੀ ਹੈ ਜਿਸ ਨੂੰ ਲੱਗਦਾ ਹੈ ਕਿ ਮਾਇਆ, ਮਹਿੰਦਰ ਦਾ ਬੀਤਿਆ ਕੱਲ੍ਹ ਹੈ, ਤੇ ਉਹ ਉਸ ਦਾ ਅੱਜ ਹੈ, ਪਰ ਹਾਲਾਤ ਉਦੋਂ ਅਣਕਿਆਸਿਆ ਮੋੜ ਲੈ ਲੈਂਦੇ ਹਨ ਜਦੋਂ ਮਹਿੰਦਰ ਕੱਲ੍ਹ ਤੇ ਅੱਜ ਵਿਚਕਾਰ ਸਫਰ ਜਾਰੀ ਰੱਖਦਾ ਹੈ। ਮਾਇਆ ਨੂੰ ਉਸ ਦੇ ਵਿਆਹ ਨਾਲ ਧੱਕਾ ਤਾਂ ਲੱਗਦਾ ਹੈ, ਪਰ ਉਸ ਦਾ ਕਵੀ ਮਨ ਇਸ ਨੂੰ ਵੀ ਕਿਸੇ ਨਵ-ਸਿਰਜਕ ਵਿਚਾਰ ਦੇ ਤੌਰ ‘ਤੇ ਲੈਂਦਾ ਹੈ। ਉਧਰ ਸੁਧਾ ਨੂੰ ਲੱਗਦਾ ਹੈ ਕਿ ਮਾਇਆ ਦੀ ਛੋਹ ਘਰ ਦੀ ਹਰ ਸ਼ੈਅ ਵਿਚ ਵਸੀ ਹੋਈ ਹੈ ਤੇ ਚਾਹ ਕੇ ਵੀ ਉਹ ਇਸ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦੀ। ਮਾਇਆ ਆਪਣੀਆਂ ਕਲਪਨਾਵਾਂ ਅਤੇ ਸੋਚਾਂ ਦੇ ਸੰਸਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਕਈ ਤਰ੍ਹਾਂ ਨਾਲ ਯਤਨ ਕਰਦੀ ਹੈ। ਮਹਿੰਦਰ ਨੂੰ ਭਾਵਨਾਤਮਿਕ ਤੌਰ ‘ਤੇ ਬਲੈਕਮੇਲ ਕਰਨ ਲਈ ਉਹ ਨੀਂਦ ਦੀਆਂ ਗੋਲੀਆਂ ਖਾ ਕੇ ਮਰਨ ਦੀ ਕੋਸ਼ਿਸ਼ ਕਰਦੀ ਹੈ। ਨਤੀਜੇ ਵਜੋਂ ਮਹਿੰਦਰ ਨੂੰ ਉਸ ਕੋਲ ਹਸਪਤਾਲ ਜਾਣਾ ਪੈਂਦਾ ਹੈ ਤੇ ਸੁਧਾ ਇਸ ਤੋਂ ਅਣਜਾਣ ਮਹਿੰਦਰ ਦੇ ਗਾਇਬ ਹੋਣ ਤੋਂ ਨਾਰਾਜ਼ ਘਰ ਛੱਡ ਦਿੰਦੀ ਹੈ। ਮਹਿੰਦਰ ਨੂੰ ਇਸ ਸਾਰੇ ਹਾਲਾਤ ਕਾਰਨ ਦਿਲ ਦਾ ਦੌਰਾ ਪੈ ਜਾਂਦਾ ਹੈ। ਉਸ ਦੀ ਦੇਖਭਾਲ ਮਾਇਆ ਦੇ ਸਿਰ ਆ ਜਾਂਦੀ ਹੈ। ਇਸ ਸਾਰੇ ਘਟਨਾਕ੍ਰਮ ਤੋਂ ਪੰਜ ਸਾਲ ਬਾਅਦ ਮਹਿੰਦਰ ਤੇ ਸੁਧਾ ਦੀ ਮੁਲਾਕਾਤ ਰੇਲਵੇ ਦੇ ਵੇਟਿੰਗ ਰੂਮ ਵਿਚ ਹੁੰਦੀ ਹੈ। ਸੁਧਾ ਨੂੰ ਇਥੇ ਹੀ ਮਾਇਆ ਦੀ ਮੌਤ ਬਾਰੇ ਪਤਾ ਲੱਗਦਾ ਹੈ। ਉਸ ਨੂੰ ਘਰ ਛੱਡਣ ਦੇ ਆਪਣੇ ਕਾਹਲੇ ਫੈਸਲੇ ‘ਤੇ ਅਫਸੋਸ ਵੀ ਹੁੰਦਾ ਹੈ।
ਗੁਲਜ਼ਾਰ ਨੇ ਬੇਸ਼ੱਕ ਪਿਆਰ ਦੇ ਇਸ ਤਿਕੋਣ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਫਿਲਮਾਇਆ ਹੈ, ਪਰ ਇਸ ਫਿਲਮ ਨੇ ਰਿਸ਼ਤਿਆਂ ਦੇ ਦਾਇਰਿਆਂ ਬਾਰੇ ਕਈ ਮਹੱਤਵਪੂਰਨ ਸਵਾਲ ਖੜ੍ਹੇ ਕੀਤੇ। ਆਲੋਚਕਾਂ ਨੇ ਇਸ ਫਿਲਮ ਵਿਚਲੇ ਮਾਇਆ ਦੇ ਕਿਰਦਾਰ ਨੂੰ ਸਮੇਂ ਤੋਂ ਅੱਗੇ ਦਾ ਕਿਰਦਾਰ ਦੱਸਿਆ, ਪਰ ਨਾਲ ਹੀ ਇਸ ਫਿਲਮ ਨੂੰ ਮਰਦ ਕਿਰਦਾਰ ਦੇ ਦੋਗਲੇਪਣ ਨੂੰ ਜਾਇਜ਼ ਠਹਿਰਾਉਂਦੀ ਦੱਸਿਆ ਗਿਆ। ਫਿਲਮ ਦੀ ਇਸ ਪੱਖ ਤੋਂ ਵੀ ਆਲੋਚਨਾ ਹੋਈ ਕਿ ਸੁਧਾ ਦੀ ‘ਸ਼ਹਾਦਤ’ ਦੀ ਥਾਂ ਕਹਾਣੀ ਨੂੰ ਕੋਈ ਹੋਰ ਮੋੜ ਨਹੀਂ ਸੀ ਦਿੱਤਾ ਜਾ ਸਕਦਾ!
ਇਸ ਫਿਲਮ ਦੇ ਗਾਣਿਆਂ ਨੂੰ ਸਮਝੇ ਬਿਨਾਂ ਫਿਲਮ ਵਿਚ ਹਵਾ ਵਾਂਗ ਮੌਜੂਦ ਗੁਲਜ਼ਾਰ ਦੀ ਕਵਿਤਾ ਨੂੰ ਨਹੀਂ ਸਮਝਿਆ ਜਾ ਸਕਦਾ। ਫਿਲਮ ਦਾ ਗਾਣਾ ‘ਮੇਰਾ ਕੁਝ ਸਾਮਾਨ ਤੁਮਹਾਰੇ ਪਾਸ ਹੈ’ ਭਾਰਤੀ ਫਿਲਮ ਸੰਗੀਤ ਵਿਚ ਕਲਾਸਿਕ ਦਾ ਦਰਜਾ ਰੱਖਦਾ ਹੈ।