ਜ਼ੀਨਤ ਦੀ ਲਾਹੌਰੀ ਮੁਹੱਬਤ

ਰੌਸ਼ਨੀ ਖੇਤਲ
ਬੀਤੇ ਵੇਲਿਆਂ ਦੀ ਖੂਬਸੂਰਤ ਅਦਾਕਾਰਾ ਜ਼ੀਨਤ ਅਮਾਨ ਲਾਹੌਰ ਪਹੁੰਚੀ ਤਾਂ ਉਹ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਦੇਖ ਕੇ ਦੰਗ ਹੀ ਰਹਿ ਗਈ ਅਤੇ ਉਸ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ: “ਕਿੰਨਾ ਸੋਹਣਾ ਸ਼ਹਿਰ ਹੈ ਅਤੇ ਕਿੰਨੇ ਸੋਹਣੇ ਹਨ ਇਸ ਸ਼ਹਿਰ ਦੇ ਲੋਕ। ਕਾਸ਼! ਮੈਂ ਲਾਹੌਰ ਪਹਿਲਾਂ ਆਈ ਹੁੰਦੀ।” ਕੋਲ ਖੜ੍ਹੇ ਲੋਕਾਂ ਨੂੰ ਜ਼ੀਨਤ ਅਮਾਨ ਦੇ ਇਹ ਅਲਫ਼ਾਜ਼ ਨਿਰੀ ਕਵਿਤਾ ਲੱਗੇ।

ਲੋਕਾਂ ਨਾਲ ਗੱਲਾਂ ਕਰਦਿਆਂ ਉਸ ਨੇ ਦੱਸਿਆ ਕਿ ਭਾਰਤੀ ਫਿਲਮ ਇੰਡਸਟਰੀ ਵਿਚ ਪੇਸ਼ਾਵਰ ਦੇ ਬਥੇਰੇ ਲੋਕ ਛਾਏ ਰਹੇ ਹਨ ਅਤੇ ਸੁਣਿਆ ਹੈ ਕਿ ਮੁਲਕ ਦੀ ਵੰਡ ਤੋਂ ਪਹਿਲਾਂ ਲਾਹੌਰ ਫਿਲਮਾਂ ਅਤੇ ਕਲਾ ਦਾ ਗੜ੍ਹ ਹੁੰਦਾ ਸੀ!
ਯਾਦ ਰਹੇ ਕਿ ਜ਼ੀਨਤ ਅਮਾਨ ਦਾ ਜਨਮ ਵੰਡ ਤੋਂ ਚਾਰ ਸਾਲ ਬਾਅਦ 19 ਨਵੰਬਰ 1951 ਨੂੰ ਮੁੰਬਈ ਵਿਚ ਹੋਇਆ ਸੀ। ਉਸ ਨੇ ਆਪਣੀ ਪੜ੍ਹਾਈ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਚ ਮੁਕੰਮਲ ਕੀਤੀ ਅਤੇ 19 ਵਰ੍ਹਿਆਂ ਦੀ ਉਮਰ ਵਿਚ ਉਹ 1970 ਵਿਚ ਮਿਸ ਏਸ਼ੀਆ ਪੈਸਿਫਿਕ ਬਣ ਗਈ ਸੀ।
ਇਸ ਤੋਂ ਬਾਅਦ ਉਸ ਦਾ ਫਿਲਮ ਕਰੀਅਰ ਆਰੰਭ ਹੋਇਆ। 1971 ਵਿਚ ਉਸ ਨੇ ਦੋ ਫਿਲਮਾਂ ਕੀਤੀਆਂ- ‘ਹਲਚਲ’ ਅਤੇ ‘ਹੰਗਾਮਾ’। ਫਿਲਮ ਹਲਚਲ ਉਘੇ ਫਿਲਮਸਾਜ਼ ਓæਪੀ ਰਲਹਨ ਨੇ ਬਣਾਈ ਸੀ ਅਤੇ ‘ਹੰਗਾਮਾ’ ਵਿਚ ਉਸ ਦਾ ਹੀਰੋ ਕਿਸ਼ੋਰ ਕੁਮਰ ਸੀ; ਪਰ ਇਹ ਦੋਵੇਂ ਫਿਲਮਾਂ ਚੱਲੀਆਂ ਹੀ ਨਹੀਂ ਅਤੇ ਉਹ ਵਾਪਸ ਆਪਣੀ ਮਾਂ ਕੋਲ ਜਰਮਨੀ ਚਲੀ ਗਈ। ਮਗਰੋਂ ਉਸੇ ਹੀ ਸਾਲ ਦੇਵ ਅਨੰਦ ਨੇ ਆਪਣੀ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਲਈ ਉਸ ਨਾਲ ਸੰਪਰਕ ਕੀਤਾ। ਇਸ ਫਿਲਮ ਵਿਚ ਜ਼ੀਨਤ ਅਮਾਨ ਦੇ ਕਿਰਦਾਰ ਦੀ ਖੂਬ ਪ੍ਰਸ਼ੰਸਾ ਹੋਈ ਅਤੇ ਫਿਲਮੀ ਦੁਨੀਆਂ ਵਿਚ ਉਸ ਦੀ ਗੱਡੀ ਚੱਲ ਨਿਕਲੀ। ਇਸ ਤੋਂ ਬਾਅਦ ਤਾਂ ਉਸ ਨੇ ਫਿਲਮ ਦੁਨੀਆਂ ਨੂੰ ਬੜੀਆਂ ਹਿੱਟ ਫਿਲਮਾਂ ਦਿੱਤੀਆਂ ਅਤੇ ਉਹ ਲਗਭਗ ਦੋ ਦਹਾਕੇ ਫਿਲਮ ਇੰਡਸਟਰੀ ਵਿਚ ਛਾਈ ਰਹੀ।
ਹੁਣ ਜਦੋਂ ਜ਼ੀਨਤ ਅਮਾਨ ਪਾਕਿਸਤਾਨ ਪੁੱਜੀ ਤਾਂ ਉਸ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਨ੍ਹਾਂ ਵਿਚੋਂ ਇਕ ਸਵਾਲ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨਾਲ ਸਬੰਧਤ ਸੀ। ਕੋਈ ਵੇਲਾ ਸੀ ਜਦੋਂ ਜ਼ੀਨਤ ਅਮਾਨ ਅਤੇ ਇਮਰਾਨ ਖਾਨ ਦੇ ਰੋਮਾਂਸ ਦੀਆਂ ਖਬਰਾਂ ਉਡੀਆਂ ਸਨ। ਇਸ ਬਾਰੇ ਜ਼ੀਨਤ ਅਮਾਨ ਨੇ ਬਹੁਤ ਤਹੱਮਲ ਨਾਲ ਜਵਾਬ ਦਿੱਤਾ। ਉਨ੍ਹਾਂ ਸਵਾਲ ਪੁੱਛਣ ਵਾਲੇ ਨੂੰ ਕਿਹਾ- “ਬੀਤੇ ਵੇਲਿਆਂ ਦੀਆਂ ਗੱਲਾਂ ਹੁਣ ਕੀ ਫਰੋਲਣੀਆਂ ਹੋਈਆਂ! ਹੁਣ ਸਾਡੇ ਬੱਚੇ ਵੱਡੇ ਹੋ ਗਏ ਹਨ।” ਇਹ ਆਖ ਕੇ ਉਸ ਨੇ ਇਸ ਸਵਾਲ ਬਾਰੇ ਕੁਝ ਵੀ ਸੰਕੇਤ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਗੱਲਬਾਤ ਦਾ ਜ਼ੀਨਤ ਨੇ ਸਪਸ਼ਟ ਕਿਹਾ ਕਿ ਪਿਆਰ ਦੀ ਕੋਈ ਪ੍ਰੀਭਾਸ਼ਾ ਨਹੀਂ ਬੰਨ੍ਹੀ ਜਾ ਸਕਦੀ, ਨਾ ਹੀ ਇਸ ਨੂੰ ਕੈਦ ਕੀਤਾ ਜਾ ਸਕਦਾ ਹੈ। ਅਸਲ ਵਿਚ ਸਮਾਂ ਹੀ ਪਿਆਰ ਦੀ ਪ੍ਰੀਭਾਸ਼ਾ ਬੰਨ੍ਹ ਰਿਹਾ ਹੁੰਦਾ ਹੈ ਅਤੇ ਸਾਰੇ ਉਸ ਹਿਸਾਬ ਨਾਲ ਕਦਮ ਵਧਾ ਰਹੇ ਹੁੰਦੇ ਹਾਂ।