ਨੌਰੋਜ਼

ਹਰਪਾਲ ਸਿੰਘ ਪੰਨੂ
ਫੋਨ: 91-94642-51454
ਅੱਜ ਕਲ੍ਹ ਇਰਾਨ ਵਿਚ ਨੌਰੋਜ਼ ਤਿਉਹਾਰ ਮਨਾਇਆ ਜਾ ਰਿਹਾ ਹੈ। ਫਾਰਸੀ ਲਫਜ਼ ਨੌਰੋਜ਼ ਦਾ ਮਾਇਨਾ ਹੈ, ਨਵਾਂ ਦਿਨ। ਇਹ ਇਰਾਨੀਆਂ ਦੇ ਨਵੇਂ ਵਰ੍ਹੇ ਦਾ ਤਿਉਹਾਰ ਹੈ, ਨਵੇਂ ਸਾਲ ਦਾ ਪਹਿਲਾ ਦਿਨ। ਮੈਂ ਇਰਾਨ ਵਿਚ ਗਿਆ ਤਾਂ ਇਤਫਾਕਨ ਉਦੋਂ ਇਸ ਤਿਉਹਾਰ ਦੇ ਦਿਨ ਚਲ ਰਹੇ ਸਨ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਇਰਾਨ ਵਿਚ ਚੰਦ ਆਧਾਰਤ ਇਸਲਾਮੀ ਹਿਜਰੀ ਕੈਲੰਡਰ ਨਹੀਂ, ਪਾਰਸੀਆਂ ਦਾ ਸੂਰਜੀ ਕੈਲੰਡਰ ਲਾਗੂ ਹੈ।
ਸੁੰਨੀਆਂ ਦੇ ਮੁਕਾਬਲੇ ਸ਼ੀਆ ਮੁਸਲਮਾਨ ਨਰਮ ਹਨ, ਪੰਜ ਦੀ ਥਾਂ ਤਿੰਨ ਵਾਰ ਨਮਾਜ਼ ਪੜ੍ਹਦੇ ਹਨ। ਔਰਤਾਂ ਬੁਰਕੇ ਨਾਲ ਕੇਵਲ ਸਿਰ ਕੱਜਦੀਆਂ ਹਨ, ਮੂੰਹ ਨਹੀਂ। ਇਰਾਨ ਅੰਦਰ ਸੱਤਵੀਂ ਸਦੀ ਵਿਚ ਇਸਲਾਮ ਆਉਣ ਤੋਂ ਪਹਿਲਾਂ ਇਹ ਦੇਸ਼ ਪਾਰਸੀ ਸੀ।

ਸਾਰੇ ਅਰਬ ਦੇਸਾਂ ਵਿਚ ਥੋੜੀ ਬਹੁਤੀ ਗਿਣਤੀ ਸ਼ੀਆਂ ਲੋਕਾਂ ਦੀ ਹੈ ਪਰ ਇਰਾਨ ਵਿਚ ਬਹੁਗਿਣਤੀ ਹੈ ਤੇ ਇਥੇ ਸ਼ੀਆ ਸਰਕਾਰ ਹੈ ਜਿਸ ਨੂੰ ਆਇਤੁੱਲਾ ਚਲਾਉਂਦੇ ਹਨ। ਆਇਤੁੱਲਾ ਦੇਸ਼ ਦੀ ਧਾਰਮਕ ਉਪਾਧੀ ਹੈ ਜੋ ਸਖਤ ਚੋਣ ਕਰਕੇ ਦਿੱਤੀ ਜਾਂਦੀ ਹੈ।
ਨੌਰੋਜ਼ ਬਸੰਤ ਦੇ ਆਗਮਨ ਦਾ ਤਿਉਹਾਰ ਹੈ। ਤਿੰਨ ਹਜ਼ਾਰ ਸਾਲ ਪਹਿਲਾਂ ਇਸ ਤਿਉਹਾਰ ਨੂੰ ਮਨਾਏ ਜਾਣ ਦੇ ਸਬੂਤ ਮਿਲਦੇ ਹਨ। ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਇਹੋ ਹੈ, ਈਦ ਤੋਂ ਵੀ ਵੱਡਾ। ਤਿਉਹਾਰ ਤੋਂ ਪਹਿਲਾਂ ਘਰਾਂ ਦੀਆਂ ਸਫਾਈਆਂ, ਮੁਰੰਮਤਾਂ, ਰੰਗ-ਰੋਗਨ ਸ਼ੁਰੂ ਹੋ ਜਾਂਦੇ ਹਨ, ਲੋਕ ਨਵੇਂ ਕੱਪੜੇ ਖਰੀਦਦੇ ਹਨ। ਨਵੇਂ ਸਾਲ ਦੀ ਰਸਮ ਦਾ ਨਾਮ ਹੈ, ਹਫਤ ਸੀਨ। ਹਫਤ ਮਾਇਨੇ ਸੱਤ, ਸੀਨ ਸੱਸਾ, ਅਰਥ ਸੱਤ ਸੱਸੇ। ਪੁਰਾਣੇ ਸਮੇਂ ਵਿਚ ਸੱਤ ਫਰਿਸ਼ਤੇ ਸਨ ਪਰ ਹੁਣ ਸਤਨਾਜਾ ਕਹਿ ਦੇਈਏ ਤਾਂ ਠੀਕ ਰਹੇ ਕਿਉਂਕਿ ਖਾਣ ਵਾਲੀਆਂ ਚੀਜ਼ਾਂ ਦੇ ਨਾਮ ਹਨ- ਸੇਬ, ਸਬਜ਼ੀ, ਸਿਰਕਾ, ਸੇਵੀਆਂ, ਸਿੰਜੇਦ (ਬੇਰ), ਸਿੱਕੇ, ਸੀਅਰ (ਲਸਣ)।
ਸਾਲ ਦੇ ਪਹਿਲੇ ਦਿਨ ਥਾਲੀਆਂ ਵਿਚ ਕਣਕ ਬੀਜਦੇ ਹਨ ਜਿਸ ਨੂੰ ਤੇਰਵੇਂ ਦਿਨ ਜਲ ਪ੍ਰਵਾਹ ਕਰ ਦਿੰਦੇ ਹਨ। ਥਾਲੀਆਂ ਨੂੰ ਰਿਬਨਾਂ ਨਾਲ ਸਜਾਇਆ ਜਾਂਦਾ ਹੈ। ਕਟੋਰੇ ਵਿਚ ਪੰਜ ਸੁਨਹਿਰੀ ਮੱਛੀਆਂ ਤੈਰਦੀਆਂ ਰਹਿੰਦੀਆਂ ਹਨ, ਤੇਰ੍ਹਵੇਂ ਦਿਨ ਉਨ੍ਹਾਂ ਨੂੰ ਨਦੀ ਜਾਂ ਤਲਾਬ ਵਿਚ ਛੱਡਿਆ ਜਾਂਦਾ ਹੈ ਪਰ ਹੁਣ ਸ਼ੀਸ਼ੇ ਦੇ ਮਰਤਬਾਨ ਵਿਚ ਪਾ ਕੇ ਘਰ ਵਿਚ ਰੱਖਣ ਦਾ ਰਿਵਾਜ ਚੱਲ ਪਿਆ ਹੈ।
ਖੁੱਲ੍ਹੇ ਥਾਂ ਦਰੀ ਵਿਛਾ ਕੇ ਮੋਮਬੱਤੀ ਬਾਲ ਦਿੰਦੇ ਹਨ, ਆਲੇ ਦੁਆਲੇ ਘਰ ਵਿਚ ਪਏ ਸਾਰੇ ਸ਼ੀਸ਼ੇ ਰੱਖ ਦਿੰਦੇ ਹਨ ਤਾਂ ਇਉਂ ਲਗਦਾ ਹੈ ਜਿਵੇਂ ਧੂਈਂ ਬਲ ਰਹੀ ਹੋਵੇ। ਪੁਰਾਣਿਆਂ ਵੇਲਿਆਂ ਵਿਚ ਧੂਈਂ ਬਾਲੀ ਜਾਂਦੀ ਸੀ। ਪਾਰਸੀ ਧਰਮ ਵਿਚ ਅਗਨੀ ਦੀ ਪੂਜਾ ਹੁੰਦੀ ਹੈ। ਇਸਲਾਮ ਆਉਣ ਕਾਰਨ ਹੁਣ ਅਗਨੀ ਦੀ ਪੂਜਾ ਨਹੀਂ ਕਰਦੇ ਪਰ ਚਿੰਨ੍ਹ ਵਜੋਂ ਯਾਦ ਕਰਦੇ ਹਨ। ਹੁਣ ਮੋਮਬੱਤੀ ਨਾਲ ਕੁਰਾਨ ਰੱਖਣ ਦਾ ਰਿਵਾਜ ਵੀ ਹੋ ਗਿਆ ਹੈ। ਬਹੁਤ ਲੋਕ ਕੁਰਾਨ ਦੀ ਥਾਂ ਹਾਫਿਜ਼ ਦਾ ਦੀਵਾਨ ਰੱਖਦੇ ਹਨ, ਹਾਫਿਜ਼ ਦੇ ਗੀਤ ਗਾਉਂਦੇ ਹਨ। ਕਿਤੇ ਕਿਤੇ ਫਿਰਦੌਸੀ ਦਾ ਸ਼ਾਹਨਾਮਾ ਰੱਖਿਆ ਮਿਲ ਜਾਵੇਗਾ।
ਤੇਰ੍ਹਵੇਂ ਦਿਨ ਲੋਕ ਜੱਫੀ ਪਾ ਕੇ ਆਪਸ ਵਿਚ ਮਿਲਦੇ ਹਨ, ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹਨ। ਇਕ ਦੂਜੇ ਨੂੰ ਤੋਹਫੇ ਦਿੰਦੇ ਹਨ, ਬੱਚਿਆਂ ਨੂੰ ਸਿੱਕੇ ਦਿੰਦੇ ਹਨ। ਕੁਝ ਦਿਨਾਂ ਲਈ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਜਾਂਦੇ ਹਨ। ਪੰਦਰਾਂ ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਮਠਿਆਈਆਂ ਵੰਡਦੇ ਹਨ। ਮਨਪਸੰਦ ਮਿਠਾਈਆਂ ਸ਼ੀਰੇ ਵਿਚ ਮੇਵੇ ਰਲਾ ਕੇ ਬਣਾਈਆਂ ਹੋਈਆਂ ਹੁੰਦੀਆਂ ਹਨ, ਖਜੂਰਾਂ ਹਨ, ਚਾਵਲ-ਮੱਛੀ ਵਧੀਕ ਮਨਭਾਉਂਦਾ ਖਾਣਾ ਹੈ। ਭਾਵੇਂ ਇਲਾਕੇ ਅਨੁਸਾਰ ਖਾਣਿਆਂ ਵਿਚ ਭਿੰਨਤਾ ਹੁੰਦੀ ਹੈ ਪਰ ਸੇਵੀਆਂ ਅਤੇ ਖਜੂਰਾਂ ਸਾਰੇ ਖਾਂਦੇ ਹਨ।
ਤੇਰ੍ਹਵੇਂ ਦਿਨ ਨੂੰ ਸਿਜਦਾ ਬੇਦਾਰ ਕਹਿੰਦੇ ਹਨ ਜਿਸ ਦਿਨ ਇਸ ਤਿਉਹਾਰ ਦੀ ਸਮਾਪਤੀ ਹੁੰਦੀ ਹੈ। ਇਸ ਦਿਨ ਘਰ ਨਹੀਂ ਰਹਿੰਦੇ। ਪਿਕਨਿਕ ਮਨਾਉਣ ਲਈ ਕਿਸੇ ਪਹਾੜੀ, ਨਦੀ ਕਿਨਾਰੇ, ਜੰਗਲ ਜਾਂ ਬਾਗ ਵਿਚ ਚਲੇ ਜਾਂਦੇ ਹਨ। ਕੁਦਰਤ ਦੀ ਗੋਦ ਵਿਚ ਇਹ ਇਕ ਦਿਨ ਬਿਤਾਣਾ ਲਾਜ਼ਮੀ ਹੈ। ਸਭ ਤੋਂ ਵਧੀਕ ਖੁਸ਼ ਬੱਚੇ ਹੁੰਦੇ ਹਨ, ਪੂਰਾ ਦਿਨ ਖੇਡਣ ਨੂੰ ਮਿਲਦਾ ਹੈ। ਇਸ ਦਿਨ ਕੰਮ ਕਰਨ ਨੂੰ ਪਾਪ ਮੰਨਿਆ ਜਾਂਦਾ ਹੈ। ਖੱਮਣੀ ਦੋ ਟਾਹਣੀਆਂ ਦੁਆਲੇ ਵਲੇਟੀ ਜਾਏ ਤਾਂ ਕਹਿੰਦੇ ਹਨ, ਚੰਗਾ ਵਰ ਮਿਲੇਗਾ।
ਆਖਰੀ ਦਿਨ ਜੇ ਮੰਗਲਵਾਰ ਹੈ ਤਾਂ ਬਹੁਤ ਵਧੀਆ, ਨਹੀਂ ਤਾਂ ਤਿਉਹਾਰ ਤੋਂ ਪਹਿਲਾਂ ਜਿਹੜਾ ਮੰਗਲਵਾਰ ਹੋਵੇ, ਸ਼ਾਮ ਨੂੰ ਧੂਈਂ ਬਾਲ ਕੇ ਆਲੇ ਦੁਆਲੇ ਖਲੋ ਕੇ ਗੀਤ ਗਾਉਂਦੇ ਹਨ,
ਸੋਰਖੀ ਇ ਤੋ ਅਜ਼ ਮਾਂ।
ਜ਼ਰਦੀ ਇ ਮਾਂ ਅਜ਼ ਤੋ।
(ਮੈਨੂੰ ਆਪਣਾ ਸੂਹਾ ਰੰਗ ਦੇਹ। ਮੇਰਾ ਪੀਲਾ ਰੰਗ ਮੈਥੋਂ ਵਾਪਸ ਲੈ।)
ਵਧਾਈ ਦੇ ਲਫਜ਼ ਹਨ:
ਨੌ ਰੋਜ਼ ਮੁਬਾਰਕ (ਨਵੇਂ ਸਾਲ ਦੀ ਵਧਾਈ)
ਈਦੇ ਸ਼ੋਮਾ ਮੁਬਾਰਕ (ਨਵੇਂ ਤਿਉਹਾਰ ਦੀ ਵਧਾਈ)
ਨੌਰੋਜ਼ ਪੀਰੂਜ਼ (ਸਾਲ ਸਫਲ ਹੋਵੇ)
ਸਦ ਸਾਲ ਬੇ ਇਨਸ਼ਾ ਅੱਲਾਹ (ਸੌ ਸਾਲ ਖੁਸ਼ੀ ਦੇ ਬੀਤਣ)
ਭਾਰਤੀ ਲੋਕ ਦਸ ਦਿਨ ਪਹਿਲਾਂ ਜੌਂ ਬੀਜਦੇ ਹਨ ਤੇ ਦਸਹਿਰੇ ਦੇ ਦਿਨ ਸਿਰਾਂ ‘ਤੇ ਟੰਗਦੇ ਹਨ। ਇਵੇਂ ਹੀ ਲੋਹੜੀ ਦੀ ਸ਼ਾਮ ਨੂੰ ਧੂਈਂ ਵਿਚ ਤਿਲ ਆਦਿਕ ਭੇਟ ਕਰਦਿਆਂ ਗਾਉਂਦੇ ਹਨ:
ਈਸਰ ਆਏ ਦਲਿਦਰ ਜਾਏ।
ਦਲਿਦਰ ਦੀ ਜੜ੍ਹ ਚੁਲ੍ਹੇ ਪਾਏ।
ਇਰਾਨੀਆਂ ਵਾਸਤੇ ਲਾਲ ਰੰਗ ਤਾਕਤ ਅਤੇ ਪੀਲਾ ਰੰਗ ਕਮਜ਼ੋਰੀ ਦੀ ਨਿਸ਼ਾਨੀ ਹੈ। ਉਹ ਵੀ ਨੌਰੋਜ਼ ਤਿਉਹਾਰ ਵਕਤ ਇਹੋ ਕਾਮਨਾ ਕਰਦੇ ਹਨ ਜੋ ਭਾਰਤੀ ਲੋਹੜੀ ਦੀ ਸ਼ਾਮ ਵਕਤ।