ਡੇਰਿਆਂ ਦੇ ਚਰਨੀਂ ਲੱਗੀ ਪੰਜਾਬ ਦੀ ਸਿਆਸਤ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸੂਬੇ ਵਿਚ ਡੇਰਿਆਂ ਦੀਆਂ ਚੌਂਕੀਆਂ ਭਰਨ ਲਈ ਮੋਰਚੇ ਸਾਂਭ ਲਏ ਹਨ। ਸੂਬੇ ਦੀਆਂ ਰਵਾਇਤੀ ਧਿਰਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਵੀ ਇਸ ਪਾਸੇ ਖਾਸੀ ‘ਸ਼ਰਧਾ’ ਵਿਖਾ ਰਹੀ ਹੈ। ਪਿਛਲੇ ਹਫਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਦੌਰੇ ਮੌਕੇ ਕੁਝ ਡੇਰਿਆਂ ‘ਤੇ ਹਾਜ਼ਰੀ ਭਰਨ ਪਿੱਛੋਂ ਕਾਂਗਰਸ ਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਡੇਰਿਆਂ ਵੱਲ ਰੁਖ਼ ਕਰ ਲਿਆ ਹੈ।

ਸ੍ਰੀ ਕੇਜਰੀਵਾਲ ਤੋਂ ਪਿੱਛੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਡੇਰਾ ਰਾਧਾ ਸੁਆਮੀ (ਬਿਆਸ) ਦਾ ਦੌਰਾ ਕਰਨ ਤੋਂ ਫੌਰੀ ਬਾਅਦ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਡੇਰਾ ਬਿਆਸ ਤੋਂ ਅਸ਼ੀਰਵਾਦ ਲੈਣ ਪੁੱਜ ਗਏ। ਡੇਰਾ ਬਿਆਸ ਭਾਵੇਂ ਸਿਆਸਤ ਤੋਂ ਦੂਰ ਹੈ, ਪਰ ਡੇਰੇ ਦਾ ਵੱਡਾ ਪ੍ਰਭਾਵ ਹੋਣ ਕਾਰਨ ਹਰ ਸਿਆਸੀ ਪਾਰਟੀ ਇਸ ਦਾ ਲਾਹਾ ਲੈਣਾ ਚਾਹੁੰਦੀ ਹੈ। ਸ਼ ਮਜੀਠੀਆ ਦੀ ਪਤਨੀ ਦੀ ਡੇਰਾ ਮੁਖੀ ਨਾਲ ਰਿਸ਼ਤੇਦਾਰੀ ਵੀ ਹੈ। 15 ਮਾਰਚ ਨੂੰ ਕੇਜਰੀਵਾਲ ਨੇ ਇਕ ਦਿਨ ਵਿਚ ਦੁਆਬੇ ਦੇ ਕਈ ਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੀ। ਸਿਆਸੀ ਧਿਰਾਂ ਵੱਲੋਂ ਡੇਰਿਆਂ ਦੀ ਸ਼ਰਨ ਲੈਣਾ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਡੇਰਾ ਸਿਰਸਾ ਨੂੰ ਸਿਆਸੀ ਧਿਰਾਂ ਵੱਧ ਅਹਿਮੀਅਤ ਦਿੰਦੀਆਂ ਸਨ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਡੇਰਾ ਮੁਖੀ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੀ ਮੁਆਫੀ ਪਿੱਛੋਂ ਪੈਦਾ ਹੋਏ ਰੋਹ ਕਾਰਨ ਸਾਰੀਆਂ ਧਿਰਾਂ ਇਸ ਡੇਰੇ ਬਾਰੇ ਚੁੱਪ ਹਨ।
ਅਸਲ ਵਿਚ ਪੰਜਾਬ ਦੀਆਂ ਸਿਆਸੀ ਧਿਰਾਂ ਇਸ ਵਾਰ ਡੇਰਿਆਂ ਦੀ ਵੋਟ ਨੂੰ ਵੱਧ ਅਹਿਮੀਅਤ ਦੇ ਰਹੀਆਂ ਹਨ। ਇਸ ਕੰਮ ਵਿਚ ‘ਆਪ’ ਸਭ ਤੋਂ ਵੱਧ ਸਰਗਰਮੀ ਵਿਖਾ ਰਹੀ ਹੈ। ਕੇਜਰੀਵਾਲ ਪਹਿਲਾਂ ਡੇਰਾ ਬੱਲਾਂ ਵਿਖੇ ਸੰਤ ਨਿਰੰਜਣ ਦਾਸ ਨੂੰ ਵੀ ਮਿਲ ਚੁਕੇ ਹਨ। ਇਸ ਡੇਰੇ ਨਾਲ ਵੱਡੀ ਗਿਣਤੀ ‘ਚ ਰਵਿਦਾਸੀਆ ਭਾਈਚਾਰਾ ਜੁੜਿਆ ਹੋਇਆ ਹੈ। ਗੁਰੂ ਰਵਿਦਾਸ ਜੈਅੰਤੀ ਮੌਕੇ ਵੀ ਕੇਜਰੀਵਾਲ ਵਾਰਾਣਸੀ ਵਿਚ ਸੰਤ ਨਿਰੰਜਣ ਦਾਸ ਨੂੰ ਮਿਲੇ ਸਨ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਦੌਰਾਨ ਸੰਤ ਨਿਰੰਜਣ ਦਾਸ ਨੂੰ ਮੰਦਰ ਅੰਦਰ ਨਹੀਂ ਸੀ ਜਾਣ ਦਿੱਤਾ। ਭਾਜਪਾ ਦੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੀ ਹਾਜ਼ਰੀ ‘ਚ ਵਾਪਰੀ ਇਸ ਘਟਨਾ ਨਾਲ ਦਲਿਤ ਭਾਈਚਾਰਾ ਸਖਤ ਨਰਾਜ਼ ਹੈ ਤੇ ‘ਆਪ’ ਇਸ ਤੋਂ ਚੰਗੀ ਤਰ੍ਹਾਂ ਜਾਣੂ ਹੈ। ਕੇਜਰੀਵਾਲ ਨਿਰਮਲ ਕੁਟੀਆ ਸੀਚੇਵਾਲ ਵਿਖੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਸਿਆਸੀ ਧਿਰਾਂ ਦੀ ਅੱਖ ਇਸ ਵਾਰ ਦਲਿਤ ਵੋਟ ਵੱਲ ਹੈ। ਪੰਜਾਬ ਵਿਚ 32 ਫ਼ੀਸਦੀ ਦਲਿਤ ਵੋਟ ਬੈਂਕ ਹੈ।
ਜਾਪਦਾ ਹੈ ਕਿ ਸ੍ਰੀ ਕੇਜਰੀਵਾਲ ਪੰਜਾਬ ਦੀ ਦਲਿਤ ਆਬਾਦੀ ਦਾ ਪੂਰਾ ਸਰਵੇਖਣ ਕਰਨ ਤੋਂ ਬਾਅਦ ਹੀ ਇਸ ਦੌੜ ਵਿਚ ਪੈਣ ਲਈ ਮਜਬੂਰ ਹੋਏ ਹਨ। ਗੌਰਤਲਬ ਹੈ ਕਿ ਪੰਜਾਬ ਵਿਚ ਦਲਿਤ ਮੁੱਖ ਤੌਰ ‘ਤੇ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ, ਇਕ ਪਾਸੇ ਵਾਲਮੀਕੀ ਤੇ ਮਜ਼੍ਹਬੀ ਸਿੱਖ ਹਨ ਅਤੇ ਦੂਜੇ ਪਾਸੇ ਆਦਿ ਧਰਮੀ ਜਾਂ ਰਵਿਦਾਸੀਆ ਬਰਾਦਰੀ ਹੈ। ਰਵਿਦਾਸੀਆਂ ਦੀ ਗਿਣਤੀ ਬਾਲਮੀਕੀਆਂ ਤੋਂ ਜ਼ਿਆਦਾ ਮੰਨੀ ਜਾਂਦੀ ਹੈ। ਇਥੇ ਇਕ ਹੋਰ ਗੱਲ ਵੀ ਕਾਫੀ ਚਰਚਾ ਵਿਚ ਹੈ ਕਿ ਵਿਆਨਾ ਕਾਂਡ ਜਿਸ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਅਕਾਲੀ ਦਲ ਦੇ ਸਟੈਂਡ ਤੋਂ ਡੇਰਾ ਬੱਲਾਂ ਮੁਖੀ ਨਾਰਾਜ਼ ਦੱਸੇ ਜਾਂਦੇ ਹਨ, ਜਦੋਂ ਕਿ ਇਸੇ ਮਾਮਲੇ ਵਿਚ ਪਰਮਜੀਤ ਸਿੰਘ ਸਰਨਾ ਦੇ ਸਟੈਂਡ ਕਾਰਨ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਖੁਸ਼ ਨਹੀਂ ਦੱਸੇ ਜਾਂਦੇ। ਇਸ ਲਈ ਭਾਵੇਂ ਡੇਰਾ ਸੱਚਖੰਡ ਬੱਲਾਂ ਰਵਾਇਤੀ ਤੌਰ ‘ਤੇ ਕਾਂਗਰਸ ਅਤੇ ਬਸਪਾ ਦਾ ਸਮਰਥਕ ਮੰਨਿਆ ਜਾਂਦਾ ਹੈ, ਪਰ ਆਮ ਆਦਮੀ ਪਾਰਟੀ ਇਸ ਡੇਰੇ ਦਾ ਸਮਰਥਨ ਹਾਸਲ ਕਰਨ ਦੀ ਆਸ ਰੱਖ ਰਹੀ ਹੈ। ਉਧਰ, ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਵੀ ਪੰਜਾਬ ਦੇ ਦਲਿਤਾਂ ਵਿਚ ਆਪਣਾ ਆਧਾਰ ਫਿਰ ਤੋਂ ਵਧਾਉਣ ਦੇ ਯਤਨਾਂ ਵਿਚ ਹੈ। ਇਹੀ ਕਾਰਨ ਹੈ ਕਿ ਉਹ ਵੀ 15 ਮਾਰਚ ਨੂੰ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਪੰਜਾਬ ਪਹੁੰਚੀ ਤੇ ਇਸ ਦਿਨ ਇਕ ਰੈਲੀ ਨੂੰ ਵੀ ਸੰਬੋਧਨ ਕੀਤਾ। ਪੰਜਾਬ ਦੀ ਦਲਿਤ ਵੋਟ ਨੂੰ ਮੁਢਲੇ ਤੌਰ ‘ਤੇ ਕਾਂਗਰਸ ਸਮਰਥਕ ਹੀ ਮੰਨਿਆ ਜਾਂਦਾ ਸੀ, ਪਰ ਪਿਛਲੀਆਂ ਕੁਝ ਚੋਣਾਂ ਵਿਚ ਇਹ ਪ੍ਰਭਾਵ ਕਾਫੀ ਘਟਿਆ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦਲਿਤ ਵੋਟਾਂ ਨੂੰ ਦੁਬਾਰਾ ਆਪਣੇ ਵੱਲ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ।
13 ਫਰਵਰੀ, 2016 ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਮਿਲਣਾ ਇਸ ਕੋਸ਼ਿਸ਼ ਦੇ ਇਕ ਹਿੱਸੇ ਵਜੋਂ ਹੀ ਦੇਖਿਆ ਜਾ ਰਿਹਾ ਹੈ। ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਦਲਿਤ ਵੋਟਾਂ ਲੈਣ ਲਈ ਇਸ ਵਾਰ ਬਸਪਾ ਨਾਲ ਚੋਣ ਸਮਝੌਤਾ ਕਰ ਸਕਦਾ ਹੈ। ਯਾਦ ਰਹੇ ਹੈ ਕਿ ਇਕ ਵਾਰ ਪਹਿਲਾਂ ਵੀ ਬਾਬੂ ਕਾਂਸ਼ੀ ਰਾਮ ਵੇਲੇ ਅਕਾਲੀ ਦਲ ਤੇ ਬਸਪਾ ਮਿਲ ਕੇ ਲੋਕ ਸਭਾ ਚੋਣਾਂ ਲੜ ਚੁੱਕੇ ਹਨ।
ਡੇਰਿਆਂ ਦੀ ਸ਼ਰਨ ਲੈਣ ਦੀ ਦੌੜ ਪੰਜਾਬ ਵਿਚ ਹੀ ਨਹੀਂ, ਪਿਛਲੇ ਦਿਨੀਂ ਕੌਮੀ ਰਾਜਧਾਨੀ ਦਿੱਲੀ ਵਿਚ ਯਮੁਨਾ ਕੰਢੇ ਸ੍ਰੀ ਸ੍ਰੀ ਰਵੀਸ਼ੰਕਰ ਦੀ ਸੰਸਥਾ ‘ਆਰਟ ਆਫ ਲਿਵਿੰਗ’ ਵੱਲੋਂ ਕਰਵਾਏ ਵਿਵਾਦਤ ਸਮਾਗਮ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਜ਼ਰੀ ਭਰ ਕੇ ਇਸ ਦੀ ਮਿਸਾਲ ਦਿੱਤੀ ਸੀ। ਕੌਮੀ ਗਰੀਨ ਟ੍ਰਿਬਿਊਨਲ ਨੇ ਇਸ ਸਮਾਗਮ ਬਦਲੇ ਪੰਜ ਕਰੋੜ ਰੁਪਏ ਜੁਰਮਾਨੇ ਦੀ ਸ਼ਰਤ ਰੱਖੀ ਸੀ, ਪਰ ਸ੍ਰੀ ਸ੍ਰੀ ਰਵੀਸ਼ੰਕਰ ਵੱਲੋਂ ਜੁਰਮਾਨਾ ਭਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਭਾਜਪਾ ਨੇ ਕੁਝ ਵਧੇਰੇ ਹੀ ਦਿਆਲ ਹੁੰਦਿਆਂ ਇਸ ਸਮਾਗਮ ਦੀ ਸਫਲਤਾ ਲਈ ਭਾਰਤੀ ਫੌਜ ਨੂੰ ਵੀ ਇਸ ‘ਬਾਬੇ’ ਦੇ ਸ਼ਰਧਾਲੂਆਂ ਦੇ ਆਉਣ ਲਈ ਯਮੁਨਾ ਉਤੇ ਵਿਸ਼ੇਸ਼ ਪੁਲ ਬਣਾਉਣ ਦੀ ਸੇਵਾ ਸੌਂਪਣ ਤੋਂ ਗੁਰੇਜ਼ ਨਹੀਂ ਕੀਤਾ।
ਮੁਲਕ ਦੀਆਂ ਬਹੁ-ਗਿਣਤੀ ਸਿਆਸੀ ਪਾਰਟੀਆਂ ਦਾ ਅਜਿਹੇ ਸਾਧਾਂ-ਸੰਤਾਂ ਅਤੇ ਬਾਬਿਆਂ ਨਾਲ ਨਜ਼ਦੀਕੀ ਰਿਸ਼ਤਾ ਹੈ। ਇਸ ਦਾ ਕਾਰਨ ਇਨ੍ਹਾਂ ਕੋਲ ਵੱਡੇ ਵੋਟ ਬੈਂਕ ਹੋਣਾ ਹੈ ਅਤੇ ਸਿਆਸੀ ਨੇਤਾ ਇਸ ਲਾਲਚ ਲਈ ਨਾ ਕੇਵਲ ਇਨ੍ਹਾਂ ਦੀਆਂ ਹਰ ਕਿਸਮ ਦੀਆਂ ਆਪਹੁਦਰੀਆਂ ਅਤੇ ਗੈਰਕਾਨੂੰਨੀ ਕਾਰਵਾਈਆਂ ਤੋਂ ਹੀ ਅੱਖਾਂ ਮੀਚਦੇ ਆ ਰਹੇ ਹਨ ਬਲਕਿ ਇਨ੍ਹਾਂ ਦੀ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਸਮੇਂ ਸਮੇਂ ਮਦਦ ਵੀ ਕਰਦੇ ਹਨ। ਸ੍ਰੀ ਸਤਿਆ ਸਾਈਂ ਬਾਬਾ, ਬਾਬਾ ਰਾਮਦੇਵ, ਨਿਤਿਆਨੰਦ, ਆਸਾ ਰਾਮ, ਰਾਮਪਾਲ ਅਤੇ ਸਿਰਸੇ ਵਾਲੇ ਡੇਰਾ ਮੁਖੀ ਸਮੇਤ ਕਈ ਬਾਬੇ ਆਪੋ-ਆਪਣੇ ਕਾਰਨਾਮਿਆਂ ਕਰ ਕੇ ਅਦਾਲਤੀ ਚੱਕਰਾਂ ‘ਚ ਫਸੇ ਹੋਏ ਹਨ, ਪਰ ਇਨ੍ਹਾਂ ਦੀਆਂ ਸਿਆਸੀ ਮੁਲਾਹਜ਼ੇਦਾਰੀਆਂ ਇਨ੍ਹਾਂ ਦੀ ਓਟ ਬਣਦੀਆਂ ਆ ਰਹੀਆਂ ਹਨ।
_____________________________________________
ਦਲ-ਬਦਲੂਆਂ ਨੇ ਉਲਝਾਏ ਸਿਆਸੀ ਸਮੀਕਰਨ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਦਲ-ਬਦਲੂਆਂ ਦਾ ਬੋਲਬਾਲਾ ਹੈ। ਅਕਾਲੀਆਂ ਤੇ ਕਾਂਗਰਸ ਦਾ ਹਰ ਪੰਜ ਸਾਲ ਬਾਅਦ ਸੱਤਾ ਵਿਚ ਅਦਲ-ਬਦਲ ਦਾ ਸਿਲਸਿਲਾ ਹੁਣ ਤਕਰੀਬਨ ਮੱਠਾ ਜਿਹਾ ਹੈ, ਪਰ ਹੁਣ ਪੰਜਾਬ ਵਿਚ ਨਵੀਂ ਪਾਰਟੀ ‘ਆਪ’ ਉੱਠ ਖਲੋਤੀ ਹੈ। ਇਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣਾ ਮਜ਼ਬੂਤ ਆਧਾਰ ਬਣਾ ਲਿਆ ਹੈ। ਪਿਛਲੇ ਕੁਝ ਦਿਨਾਂ ਵਿਚ ਰਵਾਇਤੀ ਪਾਰਟੀਆਂ ਦੇ ਕਈ ਸੀਨੀਅਰ ਆਗੂ ਇਸ ਨਵੀਂ ਪਾਰਟੀ ਨਾਲ ਜੁੜੇ ਹਨ। ਹਾਲੇ ਵੀ ਬਹੁਤ ਸਾਰੇ ਲੀਡਰ ਮੌਕਾ ਵੇਖ ਕੇ ਪਾਲਾ ਬਦਲਣ ਦੀ ਤਿਆਰੀ ਵਿਚ ਹਨ। ਹੰਸ ਰਾਜ ਹੰਸ ਵੱਲੋਂ ਅਕਾਲੀ ਦਲ ਤੋਂ ਮੁੱਖ ਮੋੜ ਕੇ ਕਾਂਗਰਸ ਵਿਚ ਜਾਣ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ‘ਆਪ’ ਵਿਚ ਸ਼ਾਮਲ ਹੋਣ ਨੂੰ ਵੀ ਰਵਾਇਤੀ ਧਿਰਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਬਰਾੜ ‘ਆਪ’ ਦੀ ਸਿਫਤਾਂ ਦੇ ਪੁਲ ਲਗਾਤਾਰ ਬੰਨ੍ਹ ਰਿਹਾ ਹੈ।