‘ਵਿਕਾਸ ਪੁਰਸ਼’ ਨਰੇਂਦਰ ਮੋਦੀ ਦੀ ਸਰਕਾਰ ਬਣਿਆਂ ਪੂਰੇ ਦੋ ਸਾਲ ਅਜੇ ਮਈ ਵਿਚ ਹੋਣੇ ਹਨ, ਪਰ ਇਸ ਸਮੇਂ ਦੌਰਾਨ ਆਰæਐਸ਼ਐਸ਼ ਨੇ ਆਪਣੀ ਹਿੰਦੂਤਵੀ ਵਿਚਾਰਧਾਰਾ ਦਾ ਧਮੱਚੜ ਪੂਰਾ ਚੁੱਕਿਆ ਹੋਇਆ ਹੈ। ਵੱਖ-ਵੱਖ ਸੰਸਥਾਵਾਂ ਤੇ ਖੇਤਰਾਂ, ਖਾਸ ਕਰ ਕੇ ਸਿੱਖਿਆ ਦੇ ਖੇਤਰਾਂ, ਦੇ ਨਾਲ-ਨਾਲ ਸੂਬਿਆਂ ਦੇ ਰਾਜਪਾਲ ਤੱਕ ਵਿਚ ਆਰæਐਸ਼ਐਸ਼ ਪੱਖੀ ਬੰਦਿਆਂ ਦੀਆਂ ਨਿਯੁਕਤੀਆਂ ਧੜਾ-ਧੜ ਕੀਤੀ ਗਈਆਂ ਹਨ।
ਪਹਿਲਾਂ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਅਤੇ ਫਿਰ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਜੋ ਭੂਮਿਕਾ ਆਰæਐਸ਼ਐਸ਼ ਨੇ ਨਿਭਾਈ, ਉਹ ਹੁਣ ਕਿਸੇ ਤੋਂ ਲੁਕੀ ਹੋਈ ਨਹੀਂ ਅਤੇ ਨਾ ਹੀ ਇਸ ਜਥੇਬੰਦੀ ਦੇ ਅਸਲ ਏਜੰਡੇ ਬਾਰੇ ਹੁਣ ਕਿਸੇ ਨੂੰ ਵੀ ਕੋਈ ਭੁਲੇਖਾ ਹੈ। ਕੱਲ੍ਹ ਤੱਕ ਜਿਹੜੀ ਸਰਗਰਮੀ ਇਹ ਜਥੇਬੰਦੀ ਅਤੇ ਇਸ ਦੀਆਂ ਜੋਟੀਦਾਰ ਜਥੇਬੰਦੀਆਂ ਝਿਜਕ ਨਾਲ ਕਰਦੀਆਂ ਸਨ, ਉਹ ਹੁਣ ਸ਼ੱਰੇਆਮ ਕੀਤਾ ਜਾ ਰਿਹਾ ਹੈ। ਪਹਿਲਾਂ-ਪਹਿਲਾਂ ਇਹ ਕਨਸੋਅ ਮਿਲੀ ਸੀ ਕਿ ਕੁਝ ਮਸਲਿਆਂ ਬਾਰੇ ਆਰæਐਸ਼ਐਸ਼ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਅੰਦਰੂਨੀ ਤਣਾਅ ਚੱਲ ਰਿਹਾ ਹੈ, ਪਰ ਆਰæਐਸ਼ਐਸ਼ ਦੇ ਰਾਸ਼ਟਰਵਾਦ ਅਤੇ ਮੋਦੀ ਦੇ ਅਖੌਤੀ ਵਿਕਾਸ ਵਾਲੇ ਮਾਮਲਿਆਂ ‘ਤੇ ਦੋਹਾਂ ਧਿਰਾਂ ਦੀ ਸੁਰ ਮਿਲੀ ਹੋਈ ਹੈ। ਰਾਸ਼ਟਰਵਾਦ ਦੇ ਮਸਲੇ ‘ਤੇ ਆਰæਐਸ਼ਐਸ਼ ਪੱਖੀ ਜਥੇਬੰਦੀਆਂ, ਖਾਸ ਕਰ ਕੇ ਇਸ ਦਾ ਵਿਦਿਆਰਥੀ ਵਿੰਗ- ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ), ਚਾਰ ਕਦਮ ਅਗਾਂਹ ਵਧ ਕੇ ਸਰਗਰਮੀ ਕਰ ਰਿਹਾ ਹੈ। ਹੈਦਰਾਬਾਦ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਵਿਚ ਜੋ ਕੁਝ ਵੀ ਹੋਇਆ, ਉਸ ਪਿਛੇ ਅਸਲ ਤਾਕਤ ਇਹ ਵਿਦਿਆਰਥੀ ਪ੍ਰੀਸ਼ਦ ਹੀ ਹੈ। ਇਸ ਮਾਮਲੇ ਬਾਰੇ ਮੋਦੀ ਨੇ ਕੰਨਾਂ ਵਿਚ ਰੂੰ ਦਿੱਤਾ ਹੋਇਆ ਹੈ ਅਤੇ ਅੱਖਾਂ ਵੀ ਬੰਦ ਕੀਤੀਆਂ ਹੋਈਆਂ ਹਨ। ਇਸੇ ਤਰ੍ਹਾਂ ਮੋਦੀ ‘ਵਿਕਾਸ’ ਦੇ ਨਾਂ ‘ਤੇ ਬਹੁ-ਕੌਮੀ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਦੀ ਧਨ-ਦੌਲਤ ਲੁਟਾ ਰਹੇ ਹਨ। ਕੱਲ੍ਹ ਤੱਕ ਸਵਦੇਸ਼ੀ ਦਾ ਰਾਗ ਅਲਾਪਣ ਵਾਲੀ ਆਰæਐਸ਼ਐਸ਼ ਨਾਲ ਜੁੜੀਆਂ ਸਭ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਇਸ ਬਾਰੇ ਆਪੋ-ਆਪਣੇ ਮੂੰਹ ਸੀਤੇ ਹੋਏ ਹਨ। ਜ਼ਾਹਿਰ ਹੈ ਕਿ ਮੋਦੀ ਅਤੇ ਆਰæਐਸ਼ਐਸ਼ ਹੁਣ ਇਕ-ਦੂਜੇ ਦੇ ਕੰਮ-ਕਾਰ ਵਿਚ ਦਖਲ ਨਹੀਂ ਦੇ ਰਹੇ। ਇਸ ਦਾ ਕੁਝ ਕੁ ਵਿਰੋਧ ਤਾਂ ਹੋ ਰਿਹਾ ਹੈ ਜਿਹੜਾ ਤਿੱਖਾ ਵੀ ਜਾਪਦਾ ਹੈ, ਪਰ ਸਮੁੱਚੀ ਵਿਰੋਧੀ ਧਿਰ ਫਿਲਹਾਲ ਚਾਰੇ ਖਾਨੇ ਚਿੱਤ ਹੈ। ਨਾ ਸੰਸਦ ਦੇ ਅੰਦਰ ਅਤੇ ਨਾ ਹੀ ਸੰਸਦ ਦੇ ਬਾਹਰ, ਇਹ ਲੜਾਈ ਦਾ ਉਹ ਠੁੱਕ ਨਹੀਂ ਬੰਨ੍ਹ ਸਕੀ, ਜਿਸ ਦੀ ਤਵੱਕੋ ਕੀਤੀ ਜਾ ਰਹੀ ਸੀ।
ਸਿਆਸੀ ਵਿਸ਼ਲੇਸ਼ਕਾਂ ਦਾ ਇਹ ਵਿਸ਼ਲੇਸ਼ਣ ਹੁਣ ਸੱਚ ਸਾਬਤ ਹੋ ਰਿਹਾ ਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲਾ ਰਾਹ, ਅਸਲ ਵਿਚ ਕਾਂਗਰਸ ਨੇ ਖੋਲ੍ਹਿਆ। ਕਾਂਗਰਸ ਦੇ ਦਸ ਸਾਲਾਂ ਦੇ ਰਾਜ ਦੌਰਾਨ ਕੁਪ੍ਰਬੰਧ ਅਤੇ ਭ੍ਰਿਸ਼ਟਾਚਾਰ ਇਸ ਕਦਰ ਹਾਵੀ ਹੋ ਗਿਆ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਕਾਂਗਰਸ ਦੀ ਥਾਂ ਨਵੀਂ ਧਿਰ ਦੇ ਹੱਕ ਵਿਚ ਵੋਟਾਂ ਪਾਈਆਂ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਹ ਧਿਰ ਭਾਰਤੀ ਜਨਤਾ ਪਾਰਟੀ ਹੋਵੇਗੀ। ਇਸ ਪਾਰਟੀ ਨੂੰ ਖੁਦ, ਬਹੁਮਤ ਮਿਲਣ ਦਾ ਸੁਫਨਾ ਤੱਕ ਨਹੀਂ ਸੀ ਆਇਆ। ਹਾਂ, ਇੰਨਾ ਜ਼ਰੂਰ ਸੀ ਕਿ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਇਹ ਸਭ ਤੋਂ ਵੱਧ ਸੀਟਾਂ ਜਿੱਤ ਸਕਦੀ ਹੈ। ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਸਭ ਦੰਗ ਰਹਿ ਗਏ। ਸਭ ਦੀਆਂ ਗਿਣਤੀਆਂ-ਮਿਣਤੀਆਂ ਉਲਟ-ਪੁਲਟ ਗਈਆਂ ਸਨ। ਇਸ ਦਾ ਮੁੱਖ ਕਾਰਨ ਇਹੀ ਸੀ ਕਿ ਕਾਂਗਰਸ ਅਤੇ ਹੋਰ ਵਿਰੋਧੀ ਧਿਰ ਦੀ ਕਮਜ਼ੋਰੀ ਦਾ ਸਾਰਾ ਲਾਭ ਭਾਰਤੀ ਜਨਤਾ ਪਾਰਟੀ ਦੇ ਪੱਲੇ ਵਿਚ ਪਿਆ ਸੀ। ਹੁਣ ਵੀ ਹਾਲਾਤ ਕੋਈ ਵੱਖਰੇ ਨਹੀਂ। ਰਣਨੀਤੀ ਦੇ ਪੱਖ ਤੋਂ ਸਮੁੱਚੀ ਵਿਰੋਧੀ ਧਿਰ ਦਾ ਦਿਵਾਲੀਆਪਣ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਵਿਵਾਦ ਦੌਰਾਨ ਉਭਰ ਕੇ ਸਾਹਮਣੇ ਆਏ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਦੀ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਨਾਲ ਜ਼ਾਹਿਰ ਹੋ ਗਿਆ ਹੈ। ਹੁਣ ਤੱਕ ਰਾਸ਼ਟਰਵਾਦ ਦੇ ਮੁੱਦੇ ‘ਤੇ ਜਿੰਨੀ ਠੋਸ ਲੜਾਈ ਆਰæਐਸ਼ਐਸ਼ ਜਾਂ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਹੈ, ਉਹ ਖੱਬੇ ਪੱਖੀਆਂ ਨੇ ਹੀ ਦਿੱਤੀ ਹੈ। ਹੁਣ ਜਦੋਂ ਸਰਕਾਰ ਵਿਚ ਸ਼ਾਮਲ ਹਿੰਦੂਤਵੀ ਧਿਰਾਂ ਸਿਰ ਤੱਕ ਚੜ੍ਹ ਆਈਆਂ ਹਨ ਤਾਂ ਇਨ੍ਹਾਂ ਖਿਲਾਫ ਸਮੁੱਚਾ ਫਰੰਟ ਖੋਲ੍ਹਣ ਦੀ ਥਾਂ, ਰਵਾਇਤੀ ਖੱਬੀਆਂ ਧਿਰਾਂ ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਹੀ ਸੋਚ ਰਹੀਆਂ ਹਨ। ਸੂਹ ਹੈ ਕਿ ਰਵਾਇਤੀ ਖੱਬੀਆਂ ਪਾਰਟੀਆਂ ਕਨ੍ਹੱਈਆ ਕੁਮਾਰ ਨੂੰ ਇਨ੍ਹਾਂ ਸੂਬਿਆਂ ਅੰਦਰ ਸਟਾਰ ਚੋਣ ਪ੍ਰਚਾਰਕ ਬਣਾਉਣ ਦੀ ਕਵਾਇਦ ਕਰ ਰਹੀਆਂ ਹਨ। ਉਂਜ ਵੀ ਕਨੱ੍ਹਈਆ ਕੁਮਾਰ ਵਾਲੀ ਸਾਰੀ ਲੜਾਈ ਇਸ ਪੈਂਤੜੇ ਤੋਂ ਲੜੀ ਗਈ ਕਿ ਉਸ ਨੇ ਤਾਂ ਦੇਸ਼ ਵਿਰੋਧੀ ਨਾਹਰੇ ਲਾਏ ਹੀ ਨਹੀਂ। ਇਸ ਦੀ ਥਾਂ ਲੜਾਈ ਦਾ ਇਹ ਠੁੱਕ ਬਣ ਸਕਦਾ ਸੀ ਕਿ ਵਿਦਿਆਰਥੀਆਂ ਖਿਲਾਫ ਲਾਏ ਦੇਸ਼ ਧ੍ਰੋਹ ਦੇ ਦੋਸ਼ ਉਕਾ ਹੀ ਗਲਤ ਹਨ। ਮੁਲਕ ਦੇ ਉਘੇ ਕਾਨੂੰਨੀ ਮਾਹਿਰਾਂ ਦੀ ਤਾਂ ਪਹਿਲੇ ਦਿਨ ਤੋਂ ਇਹ ਰਾਏ ਆ ਗਈ ਸੀ ਕਿ ਇਨ੍ਹਾਂ ਵਿਦਿਆਰਥੀਆਂ ਖਿਲਾਫ ਦੇਸ਼ ਧ੍ਰੋਹ ਦੇ ਦੋਸ਼ ਬਣਦੇ ਹੀ ਨਹੀਂ। ਇਨ੍ਹਾਂ ਦੋਸ਼ਾਂ ਤਹਿਤ ਫੜੇ ਗਏ ਸਾਰੇ ਵਿਦਿਆਰਥੀ ਅਤੇ ਪ੍ਰੋਫੈਸਰ ਐਸ਼ਏæਆਰæ ਗਿਲਾਨੀ ਜ਼ਮਾਨਤ ਉਤੇ ਬਾਹਰ ਵੀ ਆ ਗਏ ਹਨ। ਅਸਲ ਵਿਚ ਇਹੀ ਉਹ ਕਮਜ਼ੋਰ ਰਣਨੀਤੀ ਹੈ ਜਿਸ ਕਰ ਕੇ ਹਿੰਦੂਤਵਵਾਦੀ ਜਥੇਬੰਦੀਆਂ ਅੱਜ ਹਰ ਵਿਰੋਧੀ ਨੂੰ ਦੇਸ਼ ਧ੍ਰੋਹੀ ਆਖਣ ਤੱਕ ਚਲੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਇਨ੍ਹਾਂ ਨੇ ‘ਆਪਣੇ’ ਰਾਸ਼ਟਰਵਾਦ ਦਾ ਹੁਣ ਪੂਰਾ ਠੁੱਕ ਬੰਨ੍ਹ ਲਿਆ ਹੈ, ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਖਾਸ ਬਣਾ ਲਿਆ ਹੈ। ਇਹ ਹਮਲਾ ਹੁਣ ਸਿਆਸੀ ਖੇਤਰ ਵਿਚੋਂ ਨਿਕਲ ਕੇ ਸਮਾਜਕ ਅਤੇ ਸਭਿਆਚਾਰਕ ਖੇਤਰ ਤੱਕ ਅੱਪੜ ਰਿਹਾ ਹੈ। ਵਕਤ ਨੇ ਦਰਸਾ ਦਿੱਤਾ ਹੈ ਕਿ ਇਸ ਹਿੰਦੂਤਵੀ ਹਮਲੇ ਨੂੰ ਅਸਲ ਵਿਚ ਲਲਕਾਰਨ ਵਾਲਾ ਜੁਝਾਰੂਪਣ, ਕਾਂਗਰਸ ਅਤੇ ਰਵਾਇਤੀ ਖੱਬੇ ਪੱਖੀ ਪਾਰਟੀਆਂ ਵਿਚ ਨਹੀਂ। ਆਰæਐਸ਼ਐਸ਼ ਦੇ ਰਾਸ਼ਟਰਵਾਦ ਅਤੇ ਰਾਜਨੀਤੀ ਦੇ ਐਨ ਬਰਾਬਰ ਠੁੱਕ ਬੰਨ੍ਹਣ ਵਾਲੇ ਹੀ ਭਾਰਤੀ ਸਿਆਸਤ ਅੰਦਰ ਕੋਈ ਨਵਾਂ ਆਗਾਜ਼ ਕਰ ਸਕਣਗੇ।