ਅਮਰਜੀਤ ਪਰਾਗ ਦੇ ਲੇਖ ਵਿਚ ਜ਼ਿੰਮੇਵਾਰੀ ਦੀ ਘਾਟ

ਪਿਆਰੇ ਅਮੋਲਕ,
‘ਪੰਜਾਬ ਟਾਈਮਜ਼’ ਦੇ 19 ਜਨਵਰੀ ਦੇ ਅੰਕ ਵਿਚ ਅਮਰਜੀਤ ਸਿੰਘ ਪਰਾਗ ਵੱਲੋਂ ਗੁਰਦਿਆਲ ਬੱਲ ਬਾਰੇ ਲਿਖਿਆ ਰੇਖਾ ਚਿੱਤਰ ਵਰਗਾ ਲੇਖ ਪੜ੍ਹਿਆ। ਪਰਾਗ ਸਾਹਿਬ ਬਹੁਤ ਸਿਆਣੇ ਅਤੇ ਜਿੰਮੇਵਾਰ ਇਨਸਾਨ ਹਨ ਪਰ ਮੈਨੂੰ ਉਨ੍ਹਾਂ ਦੀ ਲਿਖਤ ਪੜ੍ਹ ਕੇ ਬੜੇ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰਦਿਆਲ ਬਾਰੇ ਆਪਣੇ ਦੋਸਤਾਨਾ ਭਾਵ ਪ੍ਰਗਟ ਕਰਨ ਦੇ ਜ਼ੋਸ਼ ਵਿਚ ਉਨ੍ਹਾਂ ਨੇ ਨਾ ਹੀ ਹੋਸ਼ ਦਾ ਸਬੂਤ ਦਿੱਤਾ ਹੈ ਅਤੇ ਨਾ ਹੀ ਲਿਖਤ ਸ਼ਬਦ ਦੀ ਮਰਿਆਦਾ ਪ੍ਰਤੀ ਲੋੜੀਂਦੀ ਜ਼ਿੰਮੇਵਾਰੀ ਹੀ ਨਿਭਾਈ ਹੈ। ਇਹ ਠੀਕ ਹੈ ਅਤੇ ਸਾਰਿਆਂ ਨੂੰ ਪਤਾ ਹੈ ਕਿ ਗੁਰਦਿਆਲ ਦੇ ਅਤੇ ਮੇਰੇ ਜੀਵਨ ਬਾਰੇ ਨਜ਼ਰੀਏ ਅਤੇ ਕਦਰਾਂ ਕੀਮਤਾਂ ਬਾਰੇ ਬੁਨਿਆਦੀ ਫਰਕ ਹਨ। ਪਰ ਘਰ ਉਹ ਗੁਰਦਿਆਲ ਦਾ ਹੀ ਨਹੀਂ, ਮੇਰਾ ਵੀ ਹੈ। ਉਥੇ ਭਾਂਤ ਭਾਂਤ ਦੇ ਨਸ਼ਿਆਂ ਦਾ ਜ਼ਿਕਰ ਕਰਕੇ ਪਰਾਗ ਸਾਹਿਬ ਨੇ ਭਲਾ ਕਿਸ ਕਿਸਮ ਦਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ? ਮੈਨੂੰ ਉਨ੍ਹਾਂ ਦੀ ਇਹ ਗੱਲ ਬਿਲਕੁਲ ਹੀ ਠੀਕ ਨਹੀਂ ਲੱਗੀ। ਸ਼ਾਇਦ ਉਹ ਬੱਲ ਦੀਆਂ ਭਾਂਤ-ਸੁਭਾਂਤੀਆਂ ਮਹਿਫਲਾਂ ਦੀ ਗੱਲ ਕਰਦਿਆਂ ਕੁਝ ਜਿਆਦਾ ਹੀ ਭਾਵੁਕਤਾ ਤੋਂ ਕੰਮ ਲੈ ਗਏ।
ਕੋਈ ਮੇਰੇ ਪਤੀ ਦੀ ਤਾਰੀਫ ਕਰੇ, ਮੈਨੂੰ ਚੰਗਾ ਲੱਗਦਾ ਹੈ ਪਰ ਇਸ ਲੇਖ ਵਿਚ ਆਪਣੀ ਤਾਰੀਫ ਮੈਨੂੰ ਅਟਪਟੀ ਲੱਗੀ ਹੈ ਕਿਉਂਕਿ ਮੈਂ ਜੋ ਕੁੱਝ ਕੀਤਾ, ਉਹ ਆਪਣੇ ਪਰਿਵਾਰ ਤੋਂ ਮਿਲੇ ਸੰਸਕਾਰਾਂ ਕਾਰਨ ਕੀਤਾ। ਮੈਂ ਇੱਕ ਗੁਰਸਿੱਖ ਪਰਿਵਾਰ ਅਤੇ ਗੁਰਮੁਖਿ ਮਾਂ-ਬਾਪ ਦੀ ਗੋਦ ਵਿਚ ਪਲ ਕੇ ਵੱਡੀ ਹੋਈ ਹਾਂ। ਮੈਂ ਉਸ ਪਰਿਵਾਰ ਵਿਚ ਪਰਵਾਨ ਚੜ੍ਹੀ ਜਿਸ ਵਿਚ ਘਰ ਆਏ ਮਹਿਮਾਨ ਨੂੰ ਮੱਥੇ ਵੱਟ ਪਾਉਣਾ ਅਤੇ ਘਰ ਆਏ ਲੋੜਵੰਦ ਨੂੰ ਖਾਲੀ ਹੱਥ ਮੋੜਨਾ ਇੱਕ ਤਰ੍ਹਾਂ ਨਾਲ ਗੁਨਾਹ ਸਮਝਿਆ ਜਾਂਦਾ ਹੈ। ਮਹਿਮਾਨ ਨੁੰ ਖਿੜੇ ਮੱਥੇ ਜੀ ਆਇਆਂ ਕਹਿਣਾ ਅਤੇ ਲੋੜਵੰਦ ਦੀ ਆਪਣੇ ਵਿਤ ਮੁਤਾਬਕ ਲੋੜ ਪੂਰੀ ਕਰਨੀ ਇੱਕ ਗੁਰਸਿੱਖ ਦੇ ਧਰਮ ਵਾਂਗ ਪਾਲਿਆ ਜਾਂਦਾ ਰਿਹਾ ਹੈ। ਇਹ ਸਾਰੇ ਸੰਸਕਾਰ ਮੇਰੀ ਮਾਂ ਆਪਣੇ ਨਾਲ ਪੇਕੇ ਘਰੋਂ ਵੀ ਲੈ ਕੇ ਆਈ ਅਤੇ ਬਾਣੀ ਲੜ ਲੱਗ ਕੇ ਵੀ ਮੇਰੇ ਮਾਂ-ਬਾਪ ਨੇ ਗ੍ਰਹਿਣ ਕੀਤੇ। ਇਨ੍ਹਾਂ ਦੋ ਅਸੂਲਾਂ ਦੀ ਕੁਤਾਹੀ ਜੇ ਅਸੀਂ ਭੈਣ-ਭਰਾਵਾਂ ਤੋਂ ਕਿਤੇ ਹੋ ਜਾਂਦੀ ਸੀ ਤਾਂ ਸਾਨੂੰ ਉਸ ਦੀ ਸਜਾ ਮਾਂ ਦੇ ਗੁੱਸੇ ਦੇ ਰੂਪ ਵਿਚ ਭੁਗਤਣੀ ਪੈਂਦੀ ਸੀ।
ਇਹ ਠੀਕ ਹੈ ਕਿ ਮੇਰੇ ਘਰ ਸਵੇਰ ਦੇ ਛੇ ਵਜੇ ਤੋਂ ਲੈ ਕੇ ਰਾਤ ਦੇ ਨੌਂ ਵਜੇ ਤੱਕ ਬੱਲ ਨੂੰ ਮਿਲਣ ਆਉਣ ਵਾਲਿਆਂ ਦੀ ਆਵਾਜਾਈ ਲੱਗੀ ਰਹਿੰਦੀ। ਜੇ ਕੋਈ ਨਾ ਆਵੇ ਬੱਲ ਸਾਹਿਬ ਫੋਨ ਕਰਕੇ ਬੁਲਾ ਲੈਂਦੇ। ਸ਼ਾਮ ਨੂੰ ਦੋਸਤ ਮਹਿਫਲ ਵੀ ਲਾਉਂਦੇ ਅਤੇ ਦਾਰੂ ਵੀ ਪੀਂਦੇ ਪਰ ਇਹ ਦਾਰੂ ਬੱਲ ਦੇ ਆਪਣੇ ਕਮਰੇ ਅਤੇ ਡਰਾਇੰਗ ਰੂਮ ਤੱਕ ਮਹਿਦੂਦ ਰਹਿੰਦੀ ਰਹੀ ਹੈ।
ਮੈਂ ਆਪਣੇ ਘਰ ਪਰਿਵਾਰ ਦੀ ਪਾਕੀਜ਼ਗੀ ਨੂੰ ਕਾਇਮ ਰੱਖਣ ਦਾ ਸਿਰ ਤੋੜ ਯਤਨ ਕਰਦੀ ਰਹੀ ਹਾਂ। ‘ਧੂਣਾ’ ਬਣ ਗਏ ਘਰਾਂ ਦੀਆਂ ਔਰਤਾਂ ਨੂੰ ਜਿਹੜਾ ਸੰਤਾਪ ਹੰਢਾਉਣਾ ਪੈਂਦਾ ਹੈ ਅਤੇ ਅਜਿਹੇ ‘ਪੈਸ਼ਨ’ (ਬੱਲ ਦੇ ਸ਼ਬਦਾਂ ਵਿਚ) ਦੀ ਜਿਹੜੀ ਕੀਮਤ ਪਰਿਵਾਰ ਨੂੰ ਤਾਰਨੀ ਪੈਂਦੀ ਹੈ, ਕੀ ਇਸ ਦਾ ਦਾਰੂ ਪੀ ਕੇ ਤਰਕ-ਵਿਤਰਕ ਕਰਨ ਵਾਲੇ ਦੋਸਤਾਂ ਨੂੰ ਕਦੇ ਅੰਦਾਜ਼ਾ ਹੋ ਸਕਦਾ ਹੈ? ਇਸ ਦੀ ਕੀਮਤ ਤਾਂ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਇਹ ਤਾਰਨੀ ਪੈਂਦੀ ਹੈ। ‘ਧੂਣਾ’ ਬਣਿਆ ਘਰ ਫਿਰ ਘਰ ਨਹੀਂ ਰਹਿੰਦਾ। ਵਡਿਆ ਕੇ ਝੋਕਣ ਵਾਲੇ ਦੋਸਤਾਂ ਨੇ ਆਪਣੇ ਘਰ ‘ਧੂਣੇ’ ਕਿਉਂ ਨਹੀਂ ਬਣਾਏ? ਕੋਈ ਵੀ ਪੈਸ਼ਨ ਜਦੋਂ ਹੱਦ ਤੋਂ ਵਧ ਜਾਵੇ ਤਾਂ ਉਹ ਮਾਨਸਿਕ ਰੋਗ ਬਣ ਜਾਂਦੀ ਹੈ। ਬੱਲ ਸਾਹਿਬ ਨੂੰ ਕਿਤਾਬਾਂ ਦਾ ਪੈਸ਼ਨ ਵੀ ਰੋਗ ਜਿਹਾ ਹੈ। ਇੱਕ ਵਾਰ ਸਵਰਗੀ ਨਰਿੰਦਰ ਭੁੱਲਰ ਜਦੋਂ ਪਟਿਆਲੇ ਸਾਡੇ ਘਰ ਆਇਆ ਤਾਂ ਉਪਰਲੇ ਕਿਤਾਬਾਂ ਵਾਲੇ ਕਮਰੇ ਵਿਚੋਂ ਹੋ ਕੇ ਮੈਨੂੰ ਕਹਿਣ ਲੱਗਾ, “ਉਪਰ ਆਉ ਤੁਹਾਨੁੰ ਇੱਕ ਕਿਤਾਬ ਦਿਖਾਵਾਂ।” ਅਤੇ ਇੱਕ ਮੋਟੀ ਸਾਰੀ ਲਾਲ ਜਿਲਦ ਵਾਲੀ ਕਿਤਾਬ ਵੱਲ ਇਸ਼ਾਰਾ ਕਰਕੇ ਕਹਿੰਦਾ, “ਇਹ ਕਿਤਾਬ ਦੇਖੀ ਹੈ?” ਮੇਰੇ ਨਾਂਹ ਵਿਚ ਸਿਰ ਹਿਲਾਉਣ ‘ਤੇ ਕਹਿੰਦਾ, “ਇਸ ਦੀ ਕੀਮਤ ਇੱਕ ਹਜ਼ਾਰ ਰੁਪਏ ਹੈ। ਬੱਲ ਨੇ ਇਸ ਦੀਆਂ ਚਾਰ ਕਾਪੀਆਂ ਖਰੀਦੀਆਂ। ਇੱਕ ਮੇਰੇ ਘਰ ਪਈ ਹੈ, ਇੱਕ ਦਲਜੀਤ (ਸਰਾਂ) ਦੇ ਅਤੇ ਇੱਕ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਦੇ ਘਰ।” ਮੇਰਾ ਸਾਰਾ ਘਰ (ਪੰਜ ਸੌ ਗਜ ਦੇ ਪਲਾਟ ਵਿਚ ਬਣੀ ਕੋਠੀ) ਹੇਠਾਂ ਉਤੇ, ਡਰਾਇੰਗ ਰੂਮ, ਸੌਣ ਦੇ ਕਮਰੇ, ਡਾਈਨਿੰਗ ਟੇਬਲ, ਕਪੜਿਆਂ ਵਾਲੀਆਂ ਅਲਮਾਰੀਆਂ ਸਭ ਕੁੱਝ ਕਿਤਾਬਾਂ ਨਾਲ ਭਰਿਆ ਪਿਆ ਹੈ। ਮੈਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ। ਦਸਵੀਂ ਤੱਕ ਪਹੁੰਚਦਿਆਂ ਪੰਜਾਬੀ ਦੇ ਸਾਰੇ ਨਾਮਵਰ ਲੇਖਕ ਪੜ੍ਹ ਲਏ ਸਨ ਅਤੇ ਗੌਰਮਿੰਟ ਕਾਲਜ ਲੁਧਿਆਣੇ ਤੋਂ ਬੀæਏæ ਕਰਦਿਆਂ ਢੇਰ ਸਾਰਾ ਅੰਗਰੇਜ਼ੀ ਸਾਹਿਤ, ਰੂਸੀ ਤੋਂ ਅਨੁਵਾਦਿਤ ਪੰਜਾਬੀ ਸਾਹਿਤ ਪੜ੍ਹ ਲਿਆ ਸੀ। ਪਰ ਜਦੋਂ ਕਿਤਾਬਾਂ ਬੈਠਦਿਆਂ ਉਠਦਿਆਂ ਪੈਰਾਂ ਵਿਚ ਖਿਲਰਨ ਅਤੇ ਸਿਰ ‘ਤੇ ਵੱਜਣ ਲੱਗੀਆਂ ਤਾਂ ਇਹ ਸ਼ੌਕ ਮਰ ਗਿਆ ਅਤੇ ਸਿਰਫ ਤੇ ਸਿਰਫ ਆਪਣੇ ਖੇਤਰ ਤੱਕ ਮਹਿਦੂਦ ਹੋ ਗਿਆ।
ਦੋਸਤਾਂ ਨੂੰ ਇਕੱਠੇ ਹੋ ਕੇ ਬੈਠਣ ਲਈ, ਡੇਰੇ ਜਮਾਉਣ ਲਈ ਬੱਲ ਦਾ ਘਰ ਇੱਕ ਸਰਾਂ ਵਾਂਗ ਮਿਲਿਆ ਹੋਇਆ ਹੈ ਕਿਉਂਕਿ ਕੋਈ ਕੰਮਕਾਜੀ ਔਰਤ ਆਪਣੇ ਘਰ ਨੂੰ ਨਿੱਤ-ਦਿਹਾੜੇ ਦੀ ਸਰਾਂ ਨਹੀਂ ਬਣਨ ਦਿੰਦੀ। ਸਰਾਂ ਵਰਗੀਆਂ ਵਾਪਰੀਆਂ ਕੁੱਝ ਘਟਨਾਵਾਂ ਵਿਚੋਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ। 1992 ਦੀਆਂ ਸਰਦੀਆਂ ਦੇ ਦਿਨ ਮੈਂ ਅਤੇ ਮੇਰਾ ਦਸ ਕੁ ਮਹੀਨੇ ਦਾ ਛੋਟਾ ਬੇਟਾ ਰਾਤ ਦੇ ਅੱਠ ਵਜੇ ਘਰ ਬੈਠੇ ਸਾਂ। ਮੇਰਾ ਵੱਡਾ ਬੇਟਾ ਤੇ ਮੇਰੇ ਕੋਲ ਰਹਿ ਰਿਹਾ ਭਾਣਜਾ ਦੋਰਾਹੇ ਗਏ ਹੋਏ ਸਨ ਅਤੇ ਬੱਲ ਸਾਹਿਬ ਚੰਡੀਗੜ੍ਹ।
ਠੇਕੇਦਾਰ ਜਸਮੇਰ ਸਿੰਘ ਸੰਧੂ (ਭਾਈ ਸੁਖਦੇਵ ਸਿੰਘ ਬੱਬਰ) ਤੇ ਸਾਡੇ ਘਰ ਦੇ ਵਿਚਕਾਰ ਖਾਲੀ ਪਲਾਟ ਸੀ ਜਿਥੇ ਉਸਾਰੀ ਵਿਚ ਵਰਤਣ ਵਾਲੀ ਉਨ੍ਹਾਂ ਦੀ ਮਸ਼ੀਨਰੀ ਖੜ੍ਹੀ ਰਹਿੰਦੀ ਸੀ। ਕਿਸੇ ਦਾ ਅਰਬਨ ਅਸਟੇਟ ਦੀ ਮਾਰਕੀਟ ਦੇ ਪੀæਸੀæਓæ ਤੋਂ ਫੋਨ ਆਇਆ, “ਕੀ ਗੁਰਦਿਆਲ ਬੱਲ ਘਰ ਹੈ? ਮੈਂ ਉਸ ਦਾ ਦੋਸਤ ਬੋਲਦਾ ਹਾਂ। ਮੈਂ ਚੰਡੀਗੜ੍ਹ ਤੋਂ ਆਇਆਂ ਅਤੇ ਘਰ ਆਉਣਾ ਹੈ।” ਮੈਂ ਉਤਰ ਦਿੱਤਾ, “ਉਹ ਚੰਡੀਗੜ੍ਹ ਹੀ ਹਨ। ਤੁਸੀਂ ਉਥੋਂ ਹੀ ਪਤਾ ਕਰ ਲੈਂਦੇ।” ਕਹਿ ਕੇ ਮੈਂ ਫੋਨ ਕੱਟ ਦਿੱਤਾ। ਉਹ ਦਿਨ ਸਾਰੇ ਪੰਜਾਬ ਵਿਚ ਹੀ ਭੈ-ਭੀਤ ਕਰਨ ਵਾਲੇ ਸਨ। ਬੰਦੇ ਨੇ ਫੇਰ ਫੋਨ ਕੀਤਾ, “ਮੈਂ ਤਾਂ ਰਾਤ ਰਹਿਣਾ ਹੈ।” ਮੈਨੂੰ ਗੁੱਸਾ ਚੜ੍ਹਿਆ ਅਤੇ ਮੈਂ ਉਤਰ ਦਿੱਤਾ, “ਮੈਂ ਤੁਹਾਨੂੰ ਨਹੀਂ ਜਾਣਦੀ। ਬੱਲ ਹੋਰੀਂ ਘਰ ਨਹੀਂ। ਮੈਂ ਆਪਣੇ ਬੱਚੇ ਨਾਲ ਘਰ ਇਕੱਲੀ ਹਾਂ। ਜਦੋਂ ਮੈਂ ਜਾਣਦੀ ਨਹੀਂ ਅਤੇ ਨਾ ਹੀ ਕਦੀ ਤੁਹਾਡਾ ਜ਼ਿਕਰ ਸੁਣਿਆ ਹੈ ਤਾਂ ਮੈਂ ਤੁਹਾਨੁੰ ਇਜਾਜ਼ਤ ਨਹੀਂ ਦੇ ਸਕਦੀ। ਤੁਸੀਂ ਦੂਖ ਨਿਵਾਰਨ ਸਾਹਿਬ ਚਲੇ ਜਾਉ। ਮੈਂ ਮੈਨੇਜਰ ਨੂੰ ਫੋਨ ਕਰ ਦਿੰਦੀ ਹਾਂ, ਤੁਹਾਨੂੰ ਕਮਰਾ ਮਿਲ ਜਾਵੇਗਾ।” ਉਹ ਭਾਈ ਅੱਗੋਂ ਬੜੇ ਦਾਅਵੇ ਨਾਲ ਬੋਲਿਆ, “ਮੇਰੀ ਮੁਕਤਸਰ ਦੀ ਬੱਸ ਨਿਕਲ ਗਈ ਹੈ। ਮੈਂ ਇਸ ਵੇਲੇ ਹੋਰ ਕਿਧਰੇ ਨਹੀਂ ਜਾ ਸਕਦਾ। ਮੈਂ ਘਰ ਆ ਰਿਹਾ ਹਾਂ।” ਉਨ੍ਹਾਂ ਦਿਨਾਂ ਵਿਚ ਅਣਜਾਣ ਬੰਦੇ ਦਾ ਘਰ ਆਉਣਾ ਕਿਸੇ ਖਤਰੇ ਨੂੰ ਵੀ ਅੰਜ਼ਾਮ ਦੇ ਸਕਦਾ ਸੀ। ਜਦੋਂ ਉਹ ਆਇਆ, ਮੈਂ ਉਸ ਨੂੰ ਪਰਸ਼ਾਦਾ ਛਕਾਇਆ ਅਤੇ ਛੱਤ ਉਪਰਲੇ ਕਮਰੇ ਵੱਲ ਬਾਹਰੋਂ ਜਾਂਦੀਆਂ ਪੌੜੀਆਂ ਦਾ ਰਸਤਾ ਦਸਿਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਅਗਲੀ ਸਵੇਰ ਛੇ ਵਜੇ ਚਾਹ ਦਾ ਕੱਪ ਪੀ ਕੇ ਉਹ ਚਲਾ ਗਿਆ। ਪਰ ਸਾਰੀ ਰਾਤ ਮੈਂ ਇਸ ਭੈ ਵਿਚ ਆਪਣੇ ਛੋਟੇ ਜਿਹੇ ਬੱਚੇ ਨਾਲ ਜਾਗਦਿਆਂ ਕੱਢੀ ਕਿ ਪਤਾ ਨਹੀਂ ਇਹ ਕੋਈ ਖਾੜਕੂ ਹੈ, ਜਾਂ ਕੌਣ ਹੈ? ਸਭ ਲੋਕ ਕੋਠੀ ਦੀਆਂ ਪੌੜੀਆਂ ਅੰਦਰੋਂ ਰੱਖਦੇ ਹਨ। ਮੈਂ ਜਦੋਂ ਬਾਹਰੋਂ ਪੌੜੀਆਂ ਰਖਾਈਆਂ ਤਾਂ ਮੈਨੂੰ ਕਈਆਂ ਨੇ ਅਜਿਹਾ ਕਰਨ ‘ਤੇ ਪੁੱਛਿਆ। ਮੇਰਾ ਇੱਕੋ ਉਤਰ ਸੀ ਕਿ ਗੁਰਦਿਆਲ ਸਿੰਘ ਦੇ ਰੰਗ-ਬਰੰਗੇ ਜਾਣੂ ਉਸ ਦੀ ਗੈਰਹਾਜ਼ਰੀ ਵਿਚ ਵੀ ਘਰ ਆ ਜਾਂਦੇ ਹਨ। ਜ਼ਰੂਰੀ ਨਹੀਂ ਦੋਸਤ ਵਰ੍ਹਿਆਂ ਤੋਂ ਜਾਣਦੇ ਹੋਣ। ਬੱਸ ਵਿਚ ਪਹਿਲੀ ਵਾਰ ਮਿਲੇ ਕਿਸੇ ਬੰਦੇ ਬਾਰੇ ਵੀ ਉਹ ਕਹਿ ਸਕਦਾ ਹੈ, “ਗੁਰਨਾਮ! ਇਹ ਬਾਈ ਜੀ ਮੇਰੇ ਦੋਸਤ ਨੇ। ਮੈਨੂੰ ਬੱਸ ਵਿਚ ਮਿਲੇ ਸੀ। ਮੈਂ ਕਿਹਾ ਆਉ ਘਰ ਚੱਲਦੇ ਹਾਂ।”
ਖਾੜਕੂਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਬੱਲ ਨੇ ਬੜੀ ਵਾਰ ਆਪਣੀ ਜਾਨ ਜ਼ੋਖਮ ਵਿਚ ਪਾਈ। ਖਾੜਕੂਆਂ, ਉਨ੍ਹਾਂ ਦੇ ਪਰਿਵਾਰਾਂ, ਪੁਲਿਸ ਅਫਸਰਾਂ, ਖਾੜਕੂਆਂ ਨਾਲ ਟੱਕਰ ਲੈਣ ਵਾਲੇ ਕਾਮਰੇਡਾਂ-ਸਭ ਨਾਲ ਮੁਲਾਕਾਤਾਂ ਅਤੇ ਜਾਣਕਾਰੀ ਨਾਲ ਭਰੇ ਰਜਿਸਟਰਾਂ ਨਾਲ ਘਰ ਭਰਿਆ ਪਿਆ ਹੈ, ਕਿਸ ਕੰਮ? ਕਦੋਂ ਇਸ ਨੂੰ ਕੋਈ ਕਿਤਾਬੀ ਰੂਪ ਮਿਲੇਗਾ ਜਾਂ ਇਹ ਕਿਸੇ ਰਿਕਾਰਡ ਦਾ ਹਿੱਸਾ ਬਣ ਸਕੇਗਾ? ਹਿਊਮਨ ਰਾਈਟਸ ਅਤੇ ਪੁਲਿਸ ਵਾਲਿਆਂ ਨੇ ਆਪਣੀ ਜਾਣਕਾਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਵਰਤਿਆ ਹੈ। ਐਮæਕੇæ ਧਰ ਨੇ ਆਪਣੀ ਜਾਣਕਾਰੀ ਨੂੰ ਕੰਮ ਲਾਇਆ ਅਤੇ ‘ਬਿਟਰ ਹਾਰਵੈਸਟ’ ਪੁਸਤਕ (ਪੰਜਾਬੀ ਅਨੁਵਾਦ ‘ਕੌੜੀ ਫਸਲ’) ਲਿਖ ਦਿੱਤੀ। ਬੱਲ ਦੇ ਹੱਥ-ਲਿਖਤ ਰਜਿਸਟਰ ਕਦੀ ਸਿੱਖ ਕੌਮ ਦੇ ਕੰਮ ਆ ਸਕਦੇ ਹਨ, ਕੋਈ ਇਤਿਹਾਸਕਾਰ ਆਪਣੀ ਖੋਜ ਲਈ ਵਰਤ ਸਕਦਾ ਹੈ, ਪਰ ਤਾਂ ਹੀ ਜੇ ਕਿਸੇ ਆਰਕਾਈਵਜ਼ ਵਿਚ ਪਹੁੰਚ ਜਾਣ, ਜੇ ਸਿਉਂਕ ਖਾ ਗਈ, ਫੇਰ? ਇਸੇ ਮਸਲੇ ਨਾਲ ਸਬੰਧਤ ਅਖ਼ਬਾਰਾਂ ਦੀਆਂ ਕਾਤਰਾਂ ਦੀ ਤਿੰਨ ਕੁ ਵਾਰ ਛਾਂਟੀ ਕੀਤੀ ਜਾ ਚੁੱਕੀ ਹੈ ਅਤੇ ਪੰਡਾਂ ਦੇ ਹਿਸਾਬ ਨਾਲ ਕਾਤਰਾਂ ਸੁੱਟੀਆਂ ਹਨ।
ਡਾæ ਕੇਹਰ ਸਿੰਘ ਦੀ ਮੈਂ ਬਹੁਤ ਇੱਜ਼ਤ ਕਰਦੀ ਹਾਂ, ਭਾਵੇਂ ਯੂਨੀਅਨਿਸਟ ਹੋਣ ਕਰਕੇ ਵਿਚਾਰਾਂ ਦੇ ਵਿਰੋਧ ਕਾਰਨ ਔਖੀ ਵੀ ਹੋਈ ਹੋਵਾਂਗੀ ਪਰ ਉਹ ਮੇਰੇ ਕੁਲੀਗ ਹਨ। ਲੋੜ ਤੋਂ ਵੱਧ ਗੱਲ ਕਰਨਾ ਜਾਂ ਕਿਸੇ ਨਾਲ ਫਾਲਤੂ ਮਗਜ਼ ਮਾਰਨਾ ਉਨ੍ਹਾਂ ਦਾ ਸੁਭਾਅ ਨਹੀਂ ਹੈ। ਸਿੱਖ ਚਿੰਤਕ ਅਜਮੇਰ ਸਿੰਘ ਸਾਡੇ ਯੂਨੀਵਰਸਿਟੀ ਵਾਲੇ ਘਰ ਵਿਚ ਮੇਰੇ ਆਪਣੇ ਸਕੇ ਭਰਾ ਦੀ ਤਰ੍ਹਾਂ ਠਹਿਰਦਾ ਰਿਹਾ ਹੈ। ਮੇਰੇ ਭਤੀਜ ਜੁਆਈ ਰਣਜੀਤ ਸਿੰਘ ਦਾ ਬਹੁਤ ਕਰੀਬੀ ਦੋਸਤ ਹੈ। ਰਣਜੀਤ ਸਿੰਘ ਨਾਲ ਰਿਸ਼ਤਾ ਅਜਮੇਰ ਸਿੰਘ ਅਤੇ ਬੱਲ ਦੀ ਦੋਸਤੀ ਕਾਰਨ ਹੀ ਜੁੜਿਆ। ਬੱਲ ਤੇ ਉਸ ਦੀ ਲੜਾਈ ਬਾਰੇ ਮੈਂ ਕੁੱਝ ਨਹੀਂ ਕਹਿਣਾ ਕਿਉਂਕਿ ਇਹ ਉਨ੍ਹਾਂ ਦੋਹਾਂ ਦਾ ਨਿਜੀ ਮਸਲਾ ਹੈ।
ਸਾਡੇ ਘਰ ਵਿਚ ਪਿਛਲੇ 25-30 ਸਾਲਾਂ ਤੋਂ ਪ੍ਰੋæ ਹਰਿੰਦਰ ਸਿੰਘ ਮਹਿਬੂਬ, ਕਰਮਜੀਤ ਸਿੰਘ, ਡਾæ ਬਲਕਾਰ ਸਿੰਘ, ਡਾæ ਕੇਹਰ ਸਿੰਘ, ਪ੍ਰੋæ ਗੁਰਤਰਨ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰੋ ਮਨਜੀਤ ਸਿੰਘ, ਕਿਰਪਾਲ ਸਿੰਘ ਬਡੂੰਗਰ ਵਰਗੇ ਲੋਕ ਆਉਂਦੇ ਜਾਂਦੇ ਹੀ  ਨਹੀਂ ਰਹੇ ਸਗੋਂ ਇਹ ਸਾਰੇ ਘਰ ਦੇ ਮੈਂਬਰਾਂ ਵਾਂਗ ਸਨ। ਮੇਰਾ ਨਹੀਂ ਖਿਆਲ ਮਾਹੌਲ ਜੇਕਰ ਉਸ ਕਿਸਮ ਦਾ ਹੁੰਦਾ ਜਿਸ ਤਰ੍ਹਾਂ ਦਾ ਪ੍ਰਭਾਵ ਪਰਾਗ ਸਾਹਿਬ ਦੀ ਲਿਖਤ ਨੂੰ ਪੜ੍ਹ ਕੇ ਬਣਦਾ ਹੈ ਤਾਂ ਅਜਿਹੇ ਸੱਜਣਾਂ ਦੇ ਉਸ ਘਰ ਨਾਲ ਇਤਨੀ ਨਜ਼ਦੀਕੀ ਤੋਂ ਲਗਾਤਾਰ ਸਬੰਧ ਰਹਿ ਸਕਦੇ ਸਨ?
ਤੂੰ ਆਪ ਜੋ ‘ਪੰਜਾਬੀ ਟ੍ਰਿਬਿਊਨ’ ਦੇ ਦਿਨਾਂ ਦੀਆਂ ਯਾਦਾਂ ਲਿਖੀਆਂ ਹਨ, ਉਨ੍ਹਾਂ ਬਾਰੇ ਵੀ ਮੈਂ ਕੁਝ ਕਹਿਣਾ ਨਹੀਂ ਹੈ।
ਤੇਰੀ ਹਮੇਸ਼ਾ ਸ਼ੁਭਚਿੰਤਕ
-ਗੁਰਨਾਮ ਕੌਰ
ਫੋਨ 905-866-6091

Be the first to comment

Leave a Reply

Your email address will not be published.