ਛਲ-ਕਪਟ ਦੇ ਨਾਲ ਹੀ ਸਫ਼ਲ ਹੁੰਦਾ, ‘ਸੱਤਾ ਮਿਸ਼ਨ’ ਸਿਆਸਤੀ ਹਾਣੀਆਂ ਦਾ।
ਭਾਵੁਕ ਹੁੰਦਿਆਂ ਮਗਰ ਤੁਰ ਪੈਣ ਲੋਕੀ, ‘ਭਾਣਾ ਵਰਤਦਾ’ ਨੀਤੀਆਂ ਕਾਣੀਆਂ ਦਾ।
ਆਇਆ ਚੋਣ ਮਾਹੌਲ ਗਰਮਾਉਣ ਖਾਤਰ, ਕੱਢਦੇ ਹੱਲ ਨਾ ਉਲਝੀਆਂ ਤਾਣੀਆਂ ਦਾ।
ਚੇਤਨ ਧਿਰਾਂ ਨੂੰ ਔਝੜੇ ਰਾਹ ਪਾ ਕੇ, ਵਧਦਾ ਹੌਸਲਾ ਲੁੱਚੀਆਂ ਢਾਣੀਆਂ ਦਾ।
ਪਤਾ ਵਿਰਲਿਆਂ ਤਾਂਈਂ ਹੀ ਲਗਦਾ ਐ, ਪਾਈਆਂ ਪਾਣੀ ਦੇ ਵਿਚ ਮਧਾਣੀਆਂ ਦਾ।
ਕਬਜ਼ਾ ਕੁਰਸੀ ‘ਤੇ ਰੱਖਣ ਲਈ ਖੇਡਿਆ ਹੈ, ਪੱਤਾ ਫਿਰ ਮੱਕਾਰਾਂ ਨੇ ਪਾਣੀਆਂ ਦਾ।